ਸੰਸਾਰ ਉੱਤੇ ਨਜ਼ਰ
ਸੰਸਾਰ ਉੱਤੇ ਨਜ਼ਰ
ਭਾਰਤ ਦੀ “ਚੁੱਪ-ਚੁਪੀਤੀ ਮੁਸੀਬਤ”
ਦ ਟਾਈਮਜ਼ ਆਫ਼ ਇੰਡੀਆ ਰਿਪੋਰਟ ਕਰਦਾ ਹੈ ਕਿ “ਭਾਰਤ ਵਿਚ ਭਾਵੇਂ ਪਿਛਲੇ ਕੁਝ ਸਾਲਾਂ ਵਿਚ ਲੋਕਾਂ ਦੀ ਸਿਹਤ ਵਧੀ ਹੈ, ਖ਼ੁਰਾਕ ਦੀ ਕਮੀ ਹਾਲੇ ਵੀ ਇਕ ‘ਚੁੱਪ-ਚੁਪੀਤੀ ਮੁਸੀਬਤ’ ਪੇਸ਼ ਕਰ ਰਹੀ ਹੈ।” ਖ਼ੁਰਾਕ ਦੀ ਕਮੀ ਕਰਕੇ ਲੋਕਾਂ ਦੀ ਸਹਿਤ ਖ਼ਰਾਬ ਹੁੰਦੀ ਹੈ ਅਤੇ ਇਸ ਕਰਕੇ ਉਹ ਕੰਮ ਦੇ ਯੋਗ ਨਹੀਂ ਰਹਿੰਦੇ। ਇਨ੍ਹਾਂ ਦੋਹਾਂ ਚੀਜ਼ਾਂ ਕਰਕੇ ਭਾਰਤ ਵਿਚ 23 ਕਰੋੜ ਡਾਲਰਾਂ ਤੋਂ ਜ਼ਿਆਦਾ ਖ਼ਰਚਾ ਕਰਨਾ ਪੈਂਦਾ ਹੈ। ਰਿਪੋਰਟ ਅਨੁਸਾਰ ਚਾਰ ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਵਿੱਚੋਂ 50 ਫੀ ਸਦੀ ਨੂੰ ਪੂਰੀ ਖ਼ੁਰਾਕ ਨਹੀਂ ਮਿਲਦੀ। ਨਵ-ਜੰਮੇ ਬੱਚਿਆਂ ਵਿੱਚੋਂ 30 ਫੀ ਸਦੀ ਬੱਚਿਆਂ “ਦਾ ਭਾਰ ਬਹੁਤ ਹੀ ਘੱਟ ਹੈ,” ਅਤੇ 60 ਫੀ ਸਦੀ ਔਰਤਾਂ ਦੇ ਖ਼ੂਨ ਵਿਚ ਕਮੀ ਹੈ। ਵਰਲਡ ਬੈਂਕ ਵਿਚ ਸਮਾਜਕ ਤਰੱਕੀ ਦੀ ਮੁੱਖ ਮਾਹਰ, ਮੀਰਾ ਚਤਰਜੀ ਨੇ ਕਿਹਾ: “ਖ਼ੁਰਾਕ ਦੀ ਕਮੀ ਲੋਕਾਂ ਅਤੇ ਪਰਿਵਾਰਾਂ ਦਾ ਜੀਉਣਾ ਤਬਾਹ ਕਰਦੀ ਹੈ, ਪਰ ਇਸ ਦੇ ਨਾਲ-ਨਾਲ ਇਹ ਪੜ੍ਹਾਈ-ਲਿਖਾਈ ਉੱਤੇ ਖ਼ਰਚੇ ਗਏ ਪੈਸਿਆਂ ਨੂੰ ਅਤੇ ਸਮਾਜ ਵਿਚ ਕੀਤੀ ਕਿਸੇ ਵੀ ਤਰੱਕੀ ਨੂੰ ਨਕਾਰ ਕਰਦੀ ਜਾਂ ਉਸ ਵਿਚ ਰੁਕਾਵਟ ਪਾਉਂਦੀ ਹੈ।”
‘ਟੈਲੀਵਿਯਨ ਤੋਂ ਬਿਨਾਂ ਨਹੀਂ!’
ਜੇਕਰ ਤੁਹਾਨੂੰ ਇਕ ਸੁੰਨਸਾਨ ਟਾਪੂ ਤੇ ਸਮਾਂ ਕੱਟਣਾ ਪਵੇ, ਤਾਂ ਤੁਸੀਂ ਆਪਣੇ ਨਾਲ ਕੀ ਲਿਜਾਓਗੇ? ਜਰਮਨੀ ਵਿਚ ਇਹ ਸਵਾਲ 2,000 ਨੌਜਵਾਨਾਂ ਨੂੰ ਪੁੱਛਿਆ ਗਿਆ। ਵੈਸਟਫੇਲੀਸ਼ੇ ਰੁੰਡਸ਼ਾਓ ਅਖ਼ਬਾਰ ਰਿਪੋਰਟ ਕਰਦੀ ਹੈ ਕਿ ਬਹੁਤਿਆਂ ਲਈ ਟੀ. ਵੀ. ਅਤੇ ਰੇਡੀਓ ਸਭ ਤੋਂ ਜ਼ਰੂਰੀ ਸੀ, ਅਤੇ ਇਸ ਦੇ ਨਾਲ-ਨਾਲ ਕੈਸਟ। ਦੂਜੇ ਦਰਜੇ ਤੇ ਖਾਣ-ਪੀਣ ਦਾ ਸਮਾਨ ਸੀ, ਅਤੇ ਤੀਜੇ ਤੇ ਪਰਿਵਾਰ ਦੇ ਮੈਂਬਰ ਅਤੇ ਮਿੱਤਰ। ਇਕ 13 ਸਾਲਾਂ ਦਾ ਮੁੰਡਾ ਉਸ ਲਈ ਸਭ ਤੋਂ ਜ਼ਰੂਰੀ ਚੀਜ਼ ਬਾਰੇ ਦੱਸਦਾ ਹੈ: “ਜੇ ਉੱਥੇ ਟੀ. ਵੀ. ਨਾ ਹੋਵੇ ਤਾਂ ਮੈਂ ਮਰ ਜਾਊਂ।” ਇਨ੍ਹਾਂ ਨੌਜਵਾਨਾਂ ਵਿੱਚੋਂ ਸਿਰਫ਼ ਇਕ ਤਿਹਾਈ ਹਿੱਸੇ ਨੇ ਕਿਹਾ ਕਿ ਉਹ ਚਾਕੂ, ਕੁਹਾੜੀ, ਅਤੇ ਆਰੀ ਨਾਲ ਲੈ ਕੇ ਜਾਣਗੇ ਅਤੇ ਸਿਰਫ਼ 0.3 ਫੀ ਸਦੀ ਨੇ ਕਿਹਾ ਕਿ ਉਹ ਬਾਈਬਲ ਨਾਲ ਲੈ ਕੇ ਜਾਣਗੇ। ਸਰਵੇਖਣ ਵਿਚ ਹਿੱਸਾ ਲੈਣ ਵਾਲਿਆਂ ਵਿੱਚੋਂ ਸੱਤ ਸਾਲਾਂ ਦੀ ਇਕ ਕੁੜੀ ਸਭ ਤੋਂ ਛੋਟੀ ਸੀ। ਉਸ ਨੇ ਕਿਹਾ: “ਮੈਂ ਤਾਂ ਸਿਰਫ਼ ਆਪਣੀ ਮਾਂ ਨੂੰ ਨਾਲ ਲੈ ਕੇ ਜਾਵਾਂਗੀ, ਜੇ ਉਹ ਮੇਰੇ ਨਾਲ ਹੋਵੇ ਤਾਂ ਸਭ ਕੁਝ ਠੀਕ ਰਹੇਗਾ।”
ਗਾਉਣਾ ਦਿਲ ਨੂੰ ਖ਼ੁਸ਼ ਕਰਦਾ ਹੈ
ਜਰਮਨ ਅਖ਼ਬਾਰ ਸਟੁਟਗਾਰਟਰ ਨਾਖਰਿਖਟਨ ਦੇ ਅਨੁਸਾਰ ਵਿਗਿਆਨੀਆਂ ਨੂੰ ਪਤਾ ਲੱਗਾ ਹੈ ਕਿ ਗਾਉਣ ਦੇ ਨਾਲ ਦਿਮਾਗ਼ ਉੱਤੇ ਅਜਿਹਾ ਪ੍ਰਭਾਵ ਪੈਂਦਾ ਹੈ ਜੋ ਖ਼ੁਸ਼ੀ ਅਤੇ ਆਰਾਮ ਨੂੰ ਵਧਾਉਂਦਾ ਹੈ। ਖੋਜਕਾਰਾਂ ਦੇ ਅਨੁਸਾਰ, ਗਾਉਣ ਦੇ ਨਾਲ ਦਿਮਾਗ਼ ਵਿਚ “ਜਜ਼ਬਾਤੀ” ਅਸਰ ਪੈਂਦਾ ਹੈ। ਰਿਪੋਰਟ ਅੱਗੇ ਕਹਿੰਦੀ ਹੈ ਕਿ “ਗਾਉਣ ਦੇ ਨਾਲ ਤੁਸੀਂ ਨਾ ਸਿਰਫ਼ ਆਪਣੇ ਜਜ਼ਬਾਤਾਂ ਨੂੰ ਪ੍ਰਗਟ ਕਰਦੇ ਹੋ ਪਰ ਇਹ ਜਜ਼ਬਾਤਾਂ ਨੂੰ ਪੈਦਾ ਵੀ ਕਰਦਾ ਹੋ।” ਸੰਗੀਤ ਦੇ ਉਸਤਾਦ ਨੋਟ ਕਰਦੇ ਹਨ ਕਿ ਅੱਜ-ਕੱਲ੍ਹ ਬਹੁਤ ਸਾਰੇ ਲੋਕ ‘ਗਾਉਣਾ ਪਸੰਦ ਨਹੀਂ ਕਰਦੇ।’ ਜਾਂ ਉਹ ਇਹ ਸੋਚਦੇ ਹਨ ਕਿ ਉਨ੍ਹਾਂ ਦੀ ਆਵਾਜ਼ ਚੰਗੀ ਨਹੀਂ ਹੈ, ਇਸ ਲਈ ਉਹ ਸੰਗੀਤ ਅਤੇ ਗਾਉਣ ਦਾ ਕੰਮ ਸੰਗੀਤਕਾਰਾਂ ਲਈ ਛੱਡਦੇ ਹਨ। ਪਰੰਤੂ ਇਹ ਖੋਜ ਦਿਖਾਉਂਦੀ ਹੈ ਕਿ ਜਦੋਂ ਲੋਕ ਖ਼ੁਦ ਗਾਉਂਦੇ ਹਨ ਉਨ੍ਹਾਂ ਨੂੰ ਫ਼ਾਇਦਾ ਹੁੰਦਾ ਹੈ ।
ਸਫ਼ਰ ਕਰਨ ਦਾ ਸਭ ਤੋਂ ਵਧੀਆ ਤਰੀਕਾ
ਭਾਰਤ ਵਿਚ ਰਿਕਸ਼ਾ ਬਹੁਤ ਸਾਲਾਂ ਤੋਂ ਵਰਤਿਆ ਗਿਆ ਹੈ। ਪਰ ਰਿਕਸ਼ਾ ਇੰਨਾ ਬਦਲਿਆ ਨਹੀਂ ਹੈ। ਆਉਟਲੁਕ ਰਸਾਲੇ ਨੇ ਕਿਹਾ ਕਿ ਇਹ ਹਾਲੇ ਵੀ “ਭਾਰੀ ਲੱਕੜ ਅਤੇ ਲੋਹੇ ਦੇ ਬਣੇ ਹਨ, ਸੀਟਾਂ ਆਰਾਮਦੇਹ ਨਹੀਂ, ਅਤੇ ਇਨ੍ਹਾਂ ਦੇ ਗਿਅਰ ਨਹੀਂ ਹਨ।” ਹਾਲ ਹੀ ਦੇ ਸਾਲਾਂ ਵਿਚ, ਰਿਕਸ਼ਿਆਂ ਦੀ ਕਾਫ਼ੀ ਵਿਰੋਧਤਾ ਕੀਤੀ ਗਈ ਹੈ। ਕਿਉਂ? ਕਿਉਂਕਿ ਰਿਕਸ਼ੇ ਚਲਾਉਣ ਵਾਲੇ ਦਾ ਬਹੁਤ ਜ਼ੋਰ ਲੱਗਦਾ ਹੈ। ਇਹ ਜ਼ਿਆਦਾਤਰ ਸਿਆਣੇ ਆਦਮੀ ਹੁੰਦੇ ਹਨ, ਜਿਨ੍ਹਾਂ ਨੂੰ ਪੂਰੀ ਖ਼ੁਰਾਕ ਨਹੀਂ ਮਿਲਦੀ। ਪਰ ਹੁਣ ਭਾਰਤ ਵਿਚ ਇੰਨਾ ਪ੍ਰਦੂਸ਼ਣ ਹੋਣ ਕਰਕੇ ਰਿਕਸ਼ੇ ਦੀ ਮੁਰੰਮਤ ਕੀਤੀ ਜਾ ਰਹੀ ਹੈ। ਦਿੱਲੀ ਵਿਚ ਇਕ ਕੰਪਨੀ ਨੇ ਰਿਕਸ਼ੇ ਦਾ ਨਵਾਂ ਡੀਜ਼ਾਈਨ ਕੱਢਿਆ ਹੈ ਜੋ ਪੁਰਾਣੇ ਨਾਲੋਂ ਹਲਕਾ ਅਤੇ ਬਿਹਤਰ ਹੈ। ਇਹ ਗਿਅਰਾਂ ਵਾਲਾ ਹੈ ਜਿਸ ਕਰਕੇ ਚਲਾਉਣ ਵਾਲੇ ਦਾ ਇੰਨਾ ਜ਼ੋਰ ਨਹੀਂ ਲੱਗਦਾ। ਚਲਾਉਣ ਵਾਲੇ ਦੀ ਅਤੇ ਸਵਾਰੀ ਦੀਆਂ ਸੀਟਾਂ ਜ਼ਿਆਦਾ ਆਰਾਮਦੇਹ ਹਨ, ਅਤੇ ਹੈਂਡਲਾਂ ਦਾ ਡੀਜ਼ਾਈਨ ਵੀ ਬਦਲਿਆ ਗਿਆ ਹੈ ਤਾਂ ਜੋ ਚਲਾਉਣ ਵਾਲੇ ਦੀਆਂ ਬਾਹਾਂ ਵਿਚ ਦਰਦ ਨਾ ਪਵੇ। ਇਸ ਪ੍ਰਾਜੈਕਟ ਦੇ ਮੋਹਰੀ ਟੀ. ਵਿਨੀਤ ਦੇ ਮੁਤਾਬਕ, “ਇਹ ਅੱਜ-ਕੱਲ੍ਹ ਦੇ ਜ਼ਮਾਨੇ ਲਈ ਠੀਕ ਹੈ ਜਿੱਥੇ ਮਨੁੱਖੀ ਹੱਕਾਂ ਦੀ ਜ਼ਿਆਦਾ ਕਦਰ ਹੈ ਅਤੇ ਪ੍ਰਦੂਸ਼ਣ ਘਟਾਉਣ ਦੇ ਖ਼ਿਆਲ ਆਮ ਹਨ।” ਆਉਟਲੁਕ ਰਸਾਲੇ ਨੇ ਕਿਹਾ: “ਰਿਕਸ਼ਾ ਸ਼ਾਇਦ 21ਵੀਂ ਸਦੀ ਵਿਚ ਸਫ਼ਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਬਣੇ।”