ਇਕ ਛੋਟੇ ਜਿਹੇ ਟਾਪੂ ਤੋਂ ਇਕ ਵੱਡਾ ਸਾਰਾ ਸਬਕ
ਇਕ ਛੋਟੇ ਜਿਹੇ ਟਾਪੂ ਤੋਂ ਇਕ ਵੱਡਾ ਸਾਰਾ ਸਬਕ
ਰਾਪਾ ਨੂਈ ਨਾਂ ਦਾ ਟਾਪੂ ਦੁਨੀਆਂ ਦਾ ਸਭ ਤੋਂ ਦੂਰ-ਦੁਰਾਡਾ ਇਲਾਕਾ ਹੈ। ਇਸ 170 ਵਰਗ ਕਿਲੋਮੀਟਰ ਚੌੜੇ ਜੁਆਲਾਮੁਖੀ ਟਾਪੂ ਉੱਤੇ ਇੰਨੇ ਦਰਖ਼ਤ ਵੀ ਨਹੀਂ ਹਨ। ਪਰ ਫਿਰ ਵੀ ਇਸ ਉੱਤੇ ਲੋਕ ਵੱਸਦੇ ਹਨ। * ਹੁਣ ਇਹ ਸਾਰਾ ਟਾਪੂ ਸਿਰਫ਼ ਪੁਰਾਣਿਆਂ ਜ਼ਮਾਨਿਆਂ ਦੀ ਯਾਦ ਦਿਲਾਉਂਦਾ ਹੈ। ਇਸ ਦਾ ਕਾਰਨ ਇਹ ਹੋ ਸਕਦਾ ਹੈ ਕਿ ਇਸ ਟਾਪੂ ਉੱਤੇ ਪੱਥਰ ਤੋਂ ਬਣਾਏ ਹੋਏ ਮੋਈ ਨਾਂ ਦੇ ਬੁੱਤ ਪਾਏ ਜਾਂਦੇ ਹਨ। ਇਹ ਉੱਥੇ ਇਕ ਸਮੇਂ ਦੇ ਫੁਰਤੀਲੇ ਸਭਿਆਚਾਰ ਦਾ ਸਬੂਤ ਹਨ।
ਸਾਰੇ ਮੋਈ ਬੁੱਤ ਜੁਆਲਾਮੁਖੀ ਪੱਥਰ ਤੋਂ ਘੜੇ ਗਏ ਸਨ। ਕੁਝ ਤਾਂ ਜ਼ਮੀਨ ਵਿਚ ਇੰਨੇ ਦੱਬੇ ਹੋਏ ਹਨ ਕਿ ਉਨ੍ਹਾਂ ਦੇ ਵੱਡੇ-ਵੱਡੇ ਸਿਰ ਹੀ ਨਜ਼ਰ ਆਉਂਦੇ ਹਨ। ਦੂਸਰਿਆਂ ਦੇ ਸਰੀਰਾਂ ਦਾ ਸਿਰਫ਼ ਉਪਰਲਾ ਹਿੱਸਾ ਹੀ ਦਿਖਾਈ ਦਿੰਦਾ ਹੈ ਅਤੇ ਕੁਝ ਮੋਈ ਬੁੱਤਾਂ ਦੇ ਸਿਰਾਂ ਉੱਤੇ ਜੂੜੇ ਦਿਖਾਈ ਦਿੰਦੇ ਹਨ ਜਿਸ ਨੂੰ ਪੁਕੋਓ ਸੱਦਿਆ ਜਾਂਦਾ ਹੈ। ਪਰ ਇਨ੍ਹਾਂ ਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕਾਰੀਗਰਾਂ ਨੇ ਕਿਸੇ ਕਾਰਨ ਆਪਣਾ ਕੰਮ ਅੱਧ-ਪਚੱਧ ਹੀ ਛੱਡ ਦਿੱਤਾ ਸੀ ਅਤੇ ਸੰਧ ਉੱਥੇ ਹੀ ਰਹਿਣ ਦਿੱਤੇ ਸਨ। ਇਹ ਬੁੱਤ ਜ਼ਿਆਦਾਤਰ ਪੱਥਰਖਾਣਾਂ ਵਿਚ ਜਾਂ ਪੁਰਾਣੀਆਂ ਸੜਕਾਂ ਉੱਤੇ ਦੇਖੇ ਜਾਂਦੇ ਹਨ। ਕਈ ਬੁੱਤ ਤਾਂ ਇਕੱਲੇ ਖੜ੍ਹੇ ਹਨ ਅਤੇ ਕਈਆਂ ਦੀਆਂ ਲਾਇਨਾਂ ਲੱਗੀਆਂ ਹੋਈਆਂ ਹਨ। ਕਦੀ-ਕਦੀ ਲਾਈਨਾਂ ਵਿਚ 15-15 ਬੁੱਤ ਵੀ ਖੜ੍ਹੇ ਹਨ ਅਤੇ ਉਨ੍ਹਾਂ ਦੀਆਂ ਪਿੱਠਾਂ ਸਮੁੰਦਰ ਵੱਲ ਹਨ। ਇਸ ਟਾਪੂ ਉੱਤੇ ਆਉਣ ਵਾਲੇ ਸੈਲਾਨੀ ਮੋਈ ਬੁੱਤਾਂ ਨੂੰ ਦੇਖ ਕੇ ਬਹੁਤ ਸਮੇਂ ਤੋਂ ਹੈਰਾਨ ਰਹੇ ਹਨ।
ਪਿਛਲੇ ਕੁਝ ਸਾਲਾਂ ਵਿਚ ਵਿਗਿਆਨੀਆਂ ਨੂੰ ਨਾ ਸਿਰਫ਼ ਮੋਈ ਬੁੱਤਾਂ ਦਾ ਰਾਜ਼ ਪਤਾ ਲੱਗਾ ਹੈ ਪਰ ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਨੂੰ ਬਣਾਉਣ ਵਾਲਾ ਸਮਾਜ ਕਿਉਂ ਖ਼ਤਮ ਹੋ ਗਿਆ ਸੀ। ਇਹ ਜਾਣਕਾਰੀ ਸਿਰਫ਼ ਪੁਰਾਣਾ ਇਤਿਹਾਸ ਹੀ ਨਹੀਂ ਹੈ। ਐਨਸਾਈਕਲੋਪੀਡੀਆ ਬ੍ਰਿਟੈਨਿਕਾ ਦੇ ਅਨੁਸਾਰ, ‘ਇਹ ਅੱਜ ਦੇ ਸੰਸਾਰ ਲਈ ਇਕ ਜ਼ਰੂਰੀ ਸਬਕ ਹੈ।’
ਇਹ ਸਬਕ ਧਰਤੀ ਦੀ ਦੇਖ-ਭਾਲ, ਖ਼ਾਸ ਕਰਕੇ ਉਸ ਦੀਆਂ ਕੁਦਰਤੀ ਚੀਜ਼ਾਂ ਦੀ ਦੇਖ-ਭਾਲ ਕਰਨ ਬਾਰੇ ਹੈ। ਇਹ ਸੱਚ ਹੈ ਕਿ ਧਰਤੀ ਇਕ ਛੋਟੇ ਜਿਹੇ ਟਾਪੂ ਨਾਲੋਂ ਕਿਤੇ ਹੀ ਗੁੰਝਲਦਾਰ ਹੈ। ਪਰ ਫਿਰ ਵੀ ਅਸੀਂ ਰਾਪਾ ਨੂਈ ਟਾਪੂ ਤੋਂ ਕੁਝ ਸਿੱਖ ਸਕਦੇ ਹਾਂ। ਤਾਂ ਫਿਰ, ਆਓ ਆਪਾਂ ਕੁਝ ਸਮੇਂ ਲਈ ਰਾਪਾ ਨੂਈ ਦੇ ਇਤਿਹਾਸ ਦੀਆਂ ਮੁੱਖ ਗੱਲਾਂ ਉੱਤੇ ਗੌਰ ਕਰੀਏ। ਇਹ ਬਿਰਤਾਂਤ ਲਗਭਗ 400 ਸਾ.ਯੁ. ਵਿਚ ਸ਼ੁਰੂ ਹੁੰਦਾ ਹੈ ਜਦੋਂ ਪਹਿਲੇ ਪਰਿਵਾਰ ਬੇੜੀਆਂ ਵਿਚ ਇਸ ਟਾਪੂ ਉੱਤੇ ਰਹਿਣ ਲਈ ਆਏ ਸਨ। ਇਨ੍ਹਾਂ ਨਵਿਆਂ ਵਾਸੀਆਂ ਨੂੰ ਸਿਰਫ਼ ਉੱਡ ਰਹੇ ਸਮੁੰਦਰੀ ਪੰਛੀ ਹੀ ਦੇਖ ਰਹੇ ਸਨ।
ਫਿਰਦੌਸ ਵਰਗਾ ਸੁੰਦਰ ਟਾਪੂ
ਇਸ ਟਾਪੂ ਉੱਤੇ ਬਹੁਤ ਸਾਰੇ ਤਰ੍ਹਾਂ-ਤਰ੍ਹਾਂ ਦੇ ਬੂਟੇ ਨਹੀਂ ਸਨ। ਪਰ ਇਸ ਦੇ ਜੰਗਲਾਂ ਵਿਚ ਕਾਫ਼ੀ ਪਾਮ ਅਤੇ ਹੋਰ ਕਈ ਪ੍ਰਕਾਰ ਦੇ ਦੇਸੀ ਦਰਖ਼ਤ ਸਨ। ਇਸ ਤੋਂ ਇਲਾਵਾ ਉੱਥੇ ਝਾੜੀਆਂ, ਜੜੀ-ਬੂਟੀਆਂ, ਫਰਨ ਅਤੇ ਹੋਰ ਕਿਸਮ ਦੇ ਘਾਹ ਸਨ। ਇਸ ਦੁਰਾਡੇ ਟਾਪੂ ਉੱਤੇ ਘੱਟੋ-ਘੱਟ ਛੇ ਤਰ੍ਹਾਂ ਦੇ ਪੰਛੀ ਰਹਿੰਦੇ ਸਨ ਜਿਨ੍ਹਾਂ ਨੂੰ ਜ਼ਮੀਨ ਉੱਤੇ ਵਸਣ ਵਾਲੇ ਪੰਛੀ ਸੱਦਿਆ ਜਾਂਦਾ ਹੈ। ਇਨ੍ਹਾਂ ਵਿਚ ਉੱਲੂ, ਨੜੀਆਂ, ਅਤੇ ਤੋਤੇ ਵੀ ਸ਼ਾਮਲ ਸਨ। ਡਿਸਕਵਰ ਨਾਂ ਦੇ ਰਸਾਲੇ ਅਨੁਸਾਰ ‘ਪੌਲੀਨੀਸ਼ੀਆ ਅਤੇ ਸ਼ਾਇਦ ਸਾਰੇ ਸ਼ਾਂਤ ਮਹਾਂਸਾਗਰ ਵਿਚ ਸਮੁੰਦਰੀ ਪੰਛੀਆਂ ਦੇ ਵੱਧਣ-ਫੁੱਲਣ ਲਈ ਰਾਪਾ ਨੂਈ ਟਾਪੂ ਹੀ ਸਭ ਤੋਂ ਵੱਡੀ ਜਗ੍ਹਾ ਸੀ।’
ਇਸ ਟਾਪੂ ਤੇ ਆਏ ਹੋਏ ਲੋਕਾਂ ਨੇ ਸ਼ਾਇਦ ਕੁੱਕੜੀਆਂ ਅਤੇ ਖਾਣ ਵਾਲੇ ਚੂਹੇ ਆਪਣੇ ਨਾਲ ਲਿਆਂਦੇ ਸਨ। ਉਨ੍ਹਾਂ ਦੇ ਅਨੁਸਾਰ ਇਹ ਬਹੁਤ ਹੀ ਸੁਆਦਲਾ ਭੋਜਨ ਸੀ। ਉਨ੍ਹਾਂ ਨੇ ਆਪਣੇ ਨਾਲ ਕਚਾਲੂ, ਅਰਬੀ, ਸ਼ਕਰਕੰਦੀ, ਕੇਲੇ, ਅਤੇ ਗੰਨੇ ਵੀ ਲਿਆਂਦੇ, ਜੋ ਮੁੜ-ਮੁੜ ਕੇ ਬੀਜੇ ਜਾ ਸਕਦੇ ਸਨ। ਜ਼ਮੀਨ ਚੰਗੀ ਹੋਣ ਕਰਕੇ ਉਹ ਫ਼ੌਰਨ ਉਸ ਨੂੰ ਖੇਤੀ-ਬਾੜੀ ਲਈ ਪੱਧਰੀ ਕਰਨ ਲੱਗ ਪਏ। ਜਿਉਂ-ਜਿਉਂ ਆਬਾਦੀ ਵਧਦੀ ਗਈ ਉਹ ਹੋਰ ਤੋਂ ਹੋਰ ਜ਼ਮੀਨ ਪੱਧਰੀ ਕਰਦੇ ਗਏ। ਪਰ ਰਾਪਾ ਨੂਈ ਇਕ ਛੋਟਾ ਜਿਹਾ ਟਾਪੂ ਹੈ ਅਤੇ ਜਗ੍ਹਾ ਥੋੜ੍ਹੀ ਹੀ ਸੀ। ਭਾਵੇਂ ਕਿ ਉੱਥੇ ਕਾਫ਼ੀ ਜੰਗਲ ਸਨ ਫਿਰ ਵੀ ਦਰਖ਼ਤ ਘੱਟ ਸਨ।
ਰਾਪਾ ਨੂਈ ਦਾ ਇਤਿਹਾਸ
ਅਸੀਂ ਰਾਪਾ ਨੂਈ ਦੇ ਇਤਿਹਾਸ ਬਾਰੇ ਜੋ ਕੁਝ ਜਾਣ ਸਕਦੇ ਹਾਂ ਉਹ ਤਿੰਨ ਚੀਜ਼ਾਂ ਦੀ ਜਾਂਚ ਕਰਨ ਤੋਂ ਪਤਾ ਚੱਲਦਾ ਹੈ। ਇਹ ਹਨ ਪੋਲਨ (ਪਰਾਗ), ਆਰਕੀਓਲੋਜੀ (ਖੋਦ-ਖੁਦਾਈ), ਅਤੇ ਪੇਲਿਆਨਟੌਲੋਜੀ
(ਪਥਰਾਟ)। ਪੋਲਨ ਦੀ ਖੋਜ ਕਰਨ ਲਈ ਛੱਪੜਾਂ ਅਤੇ ਦਲਦਲਾਂ ਦੇ ਚਿੱਕੜ ਵਿੱਚੋਂ ਉਸ ਦੇ ਸੈਂਪਲ ਲਏ ਜਾਂਦੇ ਹਨ। ਇਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਸੈਂਕੜਿਆਂ ਸਾਲਾਂ ਦੌਰਾਨ ਉੱਥੇ ਕਈ ਕਿਸਮ ਦੇ ਬੂਟੇ ਹੁੰਦੇ ਸਨ। ਚਿੱਕੜ ਵਿਚ ਜਿੰਨਾ ਜ਼ਿਆਦਾ ਡੂੰਘਾ ਪੋਲਨ ਪਾਇਆ ਜਾਂਦਾ ਹੈ ਇਹ ਉੱਨੇ ਹੀ ਪੁਰਾਣੇ ਸਮੇਂ ਬਾਰੇ ਦੱਸਦਾ ਹੈ।ਆਰਕੀਓਲੋਜੀ ਅਤੇ ਪੇਲਿਆਨਟੌਲੋਜੀ ਦੇ ਵਿਗਿਆਨੀ ਘਰਾਂ, ਭਾਂਡਿਆਂ, ਸੰਦਾਂ, ਮੋਈ ਬੁੱਤਾਂ, ਅਤੇ ਭੋਜਨ ਲਈ ਵਰਤੇ ਗਏ ਜਾਨਵਰਾਂ ਦੀਆਂ ਹੱਡੀਆਂ ਵਰਗੀਆਂ ਚੀਜ਼ਾਂ ਦੀ ਜਾਂਚ-ਪੜਤਾਲ ਕਰਦੇ ਹਨ। ਰਾਪਾ ਨੂਈ ਦੇ ਸਾਰੇ ਰਿਕਾਰਡ ਚਿੱਤਰ-ਲਿਪੀ ਵਿਚ ਦਰਜ ਸਨ ਅਤੇ ਇਨ੍ਹਾਂ ਨੂੰ ਪੜ੍ਹਨਾ ਔਖਾ ਹੈ। ਇਸ ਲਈ ਯੂਰਪੀ ਵਾਸੀਆਂ ਦੇ ਪਹੁੰਚਣ ਤੋਂ ਪਹਿਲਾਂ ਉੱਥੇ ਜੋ ਕੁਝ ਹੋਇਆ ਉਸ ਦੇ ਸਮੇਂ ਦਾ ਸਿਰਫ਼ ਅੰਦਾਜ਼ਾ ਹੀ ਲਾਇਆ ਜਾ ਸਕਦਾ ਹੈ, ਅਤੇ ਇਨ੍ਹਾਂ ਅੰਦਾਜ਼ਿਆਂ ਨੂੰ ਸਾਬਤ ਨਹੀਂ ਕੀਤਾ ਜਾ ਸਕਦਾ। ਇਸ ਤੋਂ ਇਲਾਵਾ, ਹੇਠਾਂ ਲਿਖੀਆਂ ਗਈਆਂ ਘਟਨਾਵਾਂ ਵਿੱਚੋਂ ਕੁਝ ਸ਼ਾਇਦ ਇੱਕੋ ਸਮੇਂ ਹੋਈਆਂ ਹੋਣ। ਮੋਟੇ ਅੱਖਰਾਂ ਵਿਚ ਲਿਖੇ ਗਏ ਸਾਲ ਸਾਡੇ ਸਮੇਂ ਦੇ ਹਨ।
400 ਪੌਲੀਨੀਸ਼ੀਆ ਤੋਂ ਕੁਝ 20 ਤੋਂ 50 ਲੋਕ ਇਸ ਟਾਪੂ ਉੱਤੇ ਰਹਿਣ ਆਏ। ਉਹ ਸ਼ਾਇਦ 50 ਫੁੱਟ ਲੰਬੀਆਂ ਪੈਡਲ-ਬੇੜੀਆਂ ਵਿਚ ਆਏ ਸਨ। ਜਾਂ ਹੋ ਸਕਦਾ ਹੈ ਕਿ ਉਹ ਇਸ ਤੋਂ ਵੀ ਲੰਬੀਆਂ ਅਤੇ ਦੂਹਰੀਆਂ ਬੇੜੀਆਂ ਵਿਚ ਆਏ ਹੋਣ ਜਿਨ੍ਹਾਂ ਵਿਚ 8,000 ਕਿਲੋ ਭਾਰ ਰੱਖਿਆ ਜਾ ਸਕਦਾ ਸੀ।
800 ਚਿੱਕੜ ਵਿਚ ਪਾਇਆ ਜਾਣ ਵਾਲਾ ਦਰਖ਼ਤਾਂ ਦਾ ਪੋਲਨ ਘੱਟ ਗਿਆ। ਇਸ ਤੋਂ ਸੰਕੇਤ ਮਿਲਦਾ ਹੈ ਕਿ ਦਰਖ਼ਤ ਵੱਢੇ ਜਾ ਰਹੇ ਸਨ। ਘਾਹ ਦਾ ਪੋਲਨ ਵੱਧ ਰਿਹਾ ਸੀ ਕਿਉਂਕਿ ਦਰਖ਼ਤਾਂ ਦੀ ਥਾਂ ਤੇ ਘਾਹ ਉੱਗਣ ਲੱਗ ਪਿਆ ਸੀ।
900-1300 ਇਸ ਸਮੇਂ ਦੌਰਾਨ ਭੋਜਨ ਵਾਸਤੇ ਪਕੜੇ ਗਏ ਜਾਨਵਰਾਂ ਦੀਆਂ ਹੱਡੀਆਂ ਵਿਚ ਡਾਲਫਿਨ ਮੱਛੀ ਦੀਆਂ ਕਾਫ਼ੀ ਹੱਡੀਆਂ ਮਿਲੀਆਂ। ਖੁੱਲ੍ਹੇ ਸਮੁੰਦਰ ਵਿੱਚੋਂ ਡਾਲਫਿਨ ਲਿਆਉਣ ਲਈ, ਟਾਪੂ ਦੇ ਵਾਸੀਆਂ ਨੇ ਵੱਡੇ ਪਾਮ ਦਰਖ਼ਤਾਂ ਤੋਂ ਬਣਾਈਆਂ ਗਈਆਂ ਵੱਡੀਆਂ-ਵੱਡੀਆਂ ਪੈਡਲ-ਬੇੜੀਆਂ ਨੂੰ ਇਸਤੇਮਾਲ ਕੀਤਾ। ਦਰਖ਼ਤਾਂ ਦੀ ਲੱਕੜ ਤੋਂ ਉਹ ਵੀ ਸਾਜ਼-ਸਾਮਾਨ ਬਣਾਇਆ ਗਿਆ ਸੀ ਜੋ ਮੋਈ ਬੁੱਤਾਂ ਨੂੰ ਇਕ ਤੋਂ ਦੂਜੀ ਜਗ੍ਹਾ ਤਕ ਲੈ ਜਾਣ ਲਈ ਅਤੇ ਖੜੀਆਂ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਸੀ। ਇਸ ਸਮੇਂ ਤਕ ਕਾਫ਼ੀ ਮੋਈ ਬੁੱਤ ਬਣਾਏ ਗਏ। ਵੱਧ ਰਹੀ ਖੇਤੀਬਾੜੀ ਅਤੇ ਬਾਲਣ ਦੀ ਲੋੜ ਕਰਕੇ ਜੰਗਲ ਹੌਲੀ-ਹੌਲੀ ਖ਼ਤਮ ਹੁੰਦਾ ਗਿਆ।
1200-1500 ਇਸ ਸਮੇਂ ਦੌਰਾਨ ਬਹੁਤ ਹੀ ਬੁੱਤ ਬਣਾਏ ਗਏ। ਰਾਪਾ ਨੂਈ ਦੇ ਲੋਕ ਮੋਈ ਬੁੱਤਾਂ ਅਤੇ ਉਨ੍ਹਾਂ ਲਈ ਥੜ੍ਹੇ ਬਣਾਉਣ ਵਿਚ ਬਹੁਤ ਹੀ ਖ਼ਰਚ ਕਰ ਰਹੇ ਸਨ। ਪੁਰਾਣੀਆਂ ਲੱਭਤਾਂ ਦੀ ਇਕ ਵਿਗਿਆਨੀ ਨੇ ਲਿਖਿਆ ਕਿ “ਰਾਪਾ ਨੂਈ ਦੇ ਲੋਕ ਹੋਰ ਤੋਂ ਹੋਰ ਅਤੇ ਵੱਡੀਆਂ ਤੋਂ ਵੱਡੀਆਂ ਮੂਰਤੀਆਂ ਬਣਾਉਣ ਉੱਤੇ ਜ਼ੋਰ ਦੇ ਰਹੇ ਸਨ।” ਉਸ ਨੇ ਅੱਗੇ ਕਿਹਾ: ‘ਕੁਝ 800 ਤੋਂ 1,300 ਸਾਲਾਂ ਦੌਰਾਨ ਲਗਭਗ 1,000 ਮੂਰਤੀਆਂ ਘੜੀਆਂ ਗਈਆਂ ਸਨ ਜਦੋਂ ਆਬਾਦੀ ਬਹੁਤ ਵੱਡੀ ਸੀ, ਉਦੋਂ ਹਰ ਸੱਤ-ਅੱਠ ਬੰਦਿਆਂ ਦੀ ਤੁਲਨਾ ਵਿਚ ਇਕ ਬੁੱਤ ਜ਼ਰੂਰ ਖੜ੍ਹਾ ਸੀ।’
ਇਸ ਤਰ੍ਹਾਂ ਲੱਗਦਾ ਹੈ ਕਿ ਭਾਵੇਂ ਮੋਈ ਬੁੱਤਾਂ ਦੀ ਪੂਜਾ ਨਹੀਂ ਕੀਤੀ ਜਾਂਦੀ ਸੀ, ਉਹ ਮੁਰਦਿਆਂ ਨੂੰ ਦਫ਼ਨਾਉਣ ਅਤੇ ਖੇਤੀ-ਬਾੜੀ ਦੀਆਂ ਰਸਮਾਂ ਵਿਚ ਕਾਫ਼ੀ ਵਰਤੇ ਜਾਂਦੇ ਸਨ। ਲੋਕ ਸ਼ਾਇਦ ਇਹ ਮੰਨਦੇ ਸਨ ਕਿ ਉਨ੍ਹਾਂ ਵਿਚ ਜਿੰਨ-ਭੂਤ ਰਹਿੰਦੇ ਸਨ। ਇਸ
ਤਰ੍ਹਾਂ ਲੱਗਦਾ ਹੈ ਕਿ ਉਹ ਆਪਣੇ ਘੜਨ ਵਾਲੇ ਦੀ ਸ਼ਕਤੀ, ਹੈਸੀਅਤ, ਅਤੇ ਵੰਸ਼ਾਵਲੀ ਨੂੰ ਵੀ ਦਰਸਾਉਂਦੇ ਸਨ।1400-1600 ਟਾਪੂ ਦੀ ਆਬਾਦੀ ਕੁਝ 7,000 ਤੋਂ 9,000 ਤਕ ਵੱਧ ਗਈ। ਰਹਿੰਦੇ-ਖੂੰਹਦੇ ਜੰਗਲ ਖ਼ਤਮ ਹੋ ਗਏ। ਇਸ ਦਾ ਇਕ ਕਾਰਨ ਇਹ ਸੀ ਕਿ ਟਾਪੂ ਤੇ ਰਹਿਣ ਵਾਲੇ ਪੰਛੀ ਖ਼ਤਮ ਹੋ ਗਏ ਸਨ, ਜੋ ਦਰਖ਼ਤਾਂ ਦਾ ਪੋਲਨ ਏਧਰ-ਓਧਰ ਖਿਲਾਰਦੇ ਸਨ ਅਤੇ ਬੀ ਫੈਲਾਉਂਦੇ ਸਨ। ਡਿਸਕਵਰ ਰਸਾਲੇ ਦੇ ਅਨੁਸਾਰ “ਟਾਪੂ ਤੇ ਰਹਿਣ ਵਾਲਾ ਇਕ ਵੀ ਕਿਸਮ ਦਾ ਪੰਛੀ ਨਹੀਂ ਬਚਿਆ, ਉਹ ਸਾਰੇ ਖ਼ਤਮ ਹੋ ਗਏ।” ਸਬੂਤ ਤੋਂ ਪਤਾ ਲੱਗਦਾ ਹੈ ਕਿ ਪਾਮ ਦਰਖ਼ਤ ਦੀਆਂ ਗਿਰੀਆਂ ਖਾ-ਖਾ ਕੇ ਚੂਹਿਆਂ ਨੇ ਵੀ ਜੰਗਲਾਂ ਦੀ ਬਰਬਾਦੀ ਕੀਤੀ।
ਜ਼ਮੀਨ ਹੌਲੀ-ਹੌਲੀ ਖੁਰਨ ਲੱਗ ਪਈ, ਨੈਂਆਂ ਸੁੱਕਣ ਲੱਗ ਪਈਆਂ, ਅਤੇ ਪਾਣੀ ਦੀ ਕਮੀ ਪ੍ਰਗਟ ਹੋਣ ਲੱਗ ਪਈ। ਲਗਭਗ ਸੰਨ 1500 ਤੋਂ ਬਾਅਦ ਦੇ ਕੂੜੇ ਦੀਆਂ ਤਹਿਆਂ ਵਿਚ ਡਾਲਫਿਨ ਦੀਆਂ ਹੱਡੀਆਂ ਦਿੱਸਣੋਂ ਹਟ ਗਈਆਂ, ਕਿਉਂਕਿ ਸ਼ਾਇਦ ਹੁਣ ਵੱਡੇ-ਵੱਡੇ ਦਰਖ਼ਤ ਨਹੀਂ ਰਹੇ ਜਿਨ੍ਹਾਂ ਤੋਂ ਬੇੜੀਆਂ ਬਣਾਈਆਂ ਜਾ ਸਕਦੀਆਂ ਸਨ। ਟਾਪੂ ਨੂੰ ਛੱਡਣ ਦਾ ਹੋਰ ਕੋਈ ਤਰੀਕਾ ਵੀ ਨਾ ਰਿਹਾ। ਸਮੁੰਦਰੀ ਪੰਛੀ ਵੀ ਖ਼ਤਮ ਹੋ ਗਏ ਕਿਉਂਕਿ ਹੁਣ ਲੋਕਾਂ ਦੇ ਖਾਣ ਲਈ ਕੋਈ ਹੋਰ ਚੀਜ਼ ਨਹੀਂ ਰਹੀ। ਭੋਜਨ ਲਈ ਹੁਣ ਲੋਕ ਜ਼ਿਆਦਾ ਕੁੱਕੜੀਆਂ ਖਾਣ ਲੱਗ ਪਏ।
1600-1722 ਦਰਖ਼ਤਾਂ ਦੀ ਕਮੀ, ਜ਼ਮੀਨ ਦੀ ਜ਼ਿਆਦਾ ਵਾਹੀ, ਅਤੇ ਮਿੱਟੀ ਦੀ ਕਮੀ ਕਾਰਨ ਫ਼ਸਲਾਂ ਨਹੀਂ ਪੈਦਾ ਹੋਈਆਂ। ਸਾਰਾ ਟਾਪੂ ਭੁੱਖਮਰੀ ਦੀ ਪਕੜ ਵਿਚ ਆ ਗਿਆ। ਰਾਪਾ ਨੂਈ ਦੇ ਵਾਸੀ ਦੋ ਵਿਰੋਧੀ ਰਾਜ-ਸੰਘਾਂ ਵਿਚ ਵੱਖਰੇ ਹੋ ਗਏ। ਪਹਿਲੀ ਵਾਰ ਸਮਾਜ ਵਿਚ ਗੜਬੜ ਦੀਆਂ ਨਿਸ਼ਾਨੀਆਂ ਦੇਖੀਆਂ ਗਈਆਂ। ਲੋਕ ਸ਼ਾਇਦ ਬੰਦਿਆਂ ਦਾ ਮਾਸ ਵੀ ਖਾਣ ਲੱਗ ਪਏ। ਇਹ ਲੜਾਈਆਂ ਦਾ ਸਮਾਂ ਸੀ। ਲੋਕ ਆਪਣੇ ਬਚਾਅ ਲਈ ਗੁਫਾਵਾਂ ਵਿਚ ਰਹਿਣ ਲੱਗ ਪਏ। ਲਗਭਗ ਸਾਲ 1700 ਤਕ ਇੱਥੇ ਸਿਰਫ਼ 2,000 ਲੋਕ ਬਾਕੀ ਰਹੇ।
1722 ਯਾਕੋਪ ਰੋਕਾਵਈਨ ਨਾਂ ਦਾ ਡੱਚ ਖੋਜਕਾਰ, ਯਾਨੀ ਪਹਿਲਾ ਯੂਰਪੀ ਬੰਦਾ, ਈਸਟਰ ਦੇ ਦਿਨ ਇਸ ਟਾਪੂ ਤੇ ਪਹੁੰਚਿਆ। ਇਸ ਲਈ ਉਸ ਨੇ ਇਸ ਟਾਪੂ ਦਾ ਨਾਂ ਈਸਟਰ ਟਾਪੂ ਰੱਖਿਆ। ਉਸ ਨੇ ਟਾਪੂ ਬਾਰੇ ਆਪਣਾ ਪਹਿਲਾ ਵਿਚਾਰ ਇਸ ਤਰ੍ਹਾਂ ਲਿਖਿਆ: ‘ਦੇਖਣ ਨੂੰ ਇਹ ਟਾਪੂ ਸਿਰਫ਼ ਬੰਜਰ, ਬਹੁਤ ਗ਼ਰੀਬ ਅਤੇ ਵਿਰਾਨ ਹੀ ਹੈ।’
1770 ਇਸ ਸਮੇਂ ਰਾਪਾ ਨੂਈ ਦੇ ਰਹਿੰਦੇ ਵਿਰੋਧੀ ਖ਼ਾਨਦਾਨ ਇਕ ਦੂਜੇ ਦੀਆਂ ਮੂਰਤੀਆਂ ਢਾਹੁਣ ਲੱਗ ਪਏ। ਜਦੋਂ 1774 ਵਿਚ ਬਰਤਾਨਵੀ ਖੋਜਕਾਰ ਕਪਤਾਨ ਜੇਮਜ਼ ਕੁਕ ਇਸ ਟਾਪੂ ਤੇ ਆਇਆ, ਤਾਂ ਉਸ ਨੇ ਕਈ ਢਾਹੇ ਹੋਏ ਬੁੱਤ ਦੇਖੇ।
1804-63 ਬਾਹਰਲੇ ਲੋਕਾਂ ਨਾਲ ਸੰਪਰਕ ਵੱਧ ਗਿਆ। ਸ਼ਾਂਤ ਮਹਾਂਸਾਗਰ ਦੇ ਦੇਸ਼ਾਂ ਵਿਚ ਗ਼ੁਲਾਮੀ ਆਮ ਸੀ ਅਤੇ ਨਾਲੋਂ-ਨਾਲ ਬੀਮਾਰੀਆਂ ਦਾ ਵੀ ਭੈੜਾ ਅਸਰ ਪਿਆ। ਕਿਹਾ ਜਾ ਸਕਦਾ ਹੈ ਕਿ ਰਾਪਾ ਨੂਈ ਲੋਕਾਂ ਦੇ ਰਸਮ-ਰਿਵਾਜ ਇਸ ਸਮੇਂ ਖ਼ਤਮ ਹੋ ਗਏ।
1864 ਇਸ ਸਮੇਂ ਸਾਰੇ ਮੋਈ ਬੁੱਤ ਢਾਹੇ ਗਏ, ਅਤੇ ਕਈਆਂ ਦੇ ਸਿਰ ਜਾਣ-ਬੁੱਝ ਕੇ ਵੱਢੇ ਗਏ।
1872 ਟਾਪੂ ਤੇ ਸਿਰਫ਼ 111 ਦੇਸੀ ਲੋਕ ਰਹਿ ਗਏ।
ਸੰਨ 1888 ਵਿਚ ਰਾਪਾ ਨੂਈ ਟਾਪੂ ਚਿਲੀ ਦੇਸ਼ ਦਾ ਸੂਬਾ ਬਣ ਗਿਆ। ਪਿਛਲੇ ਕੁਝ ਸਾਲਾਂ ਵਿਚ ਰਾਪਾ ਨੂਈ ਦੀ ਰਲੀ-ਮਿਲੀ ਆਬਾਦੀ ਕੁਝ 2,100 ਲੋਕ ਰਹੀ ਹੈ। ਚਿਲੀ ਨੇ ਇਸ ਸਾਰੇ ਟਾਪੂ ਨੂੰ ਇਕ ਇਤਿਹਾਸਕ ਯਾਦਗਾਰ ਸੱਦਿਆ ਹੈ। ਰਾਪਾ ਨੂਈ ਦੀ ਵਿਸ਼ੇਸ਼ਤਾ ਅਤੇ ਇਤਿਹਾਸ ਨੂੰ ਕਾਇਮ ਰੱਖਣ ਲਈ, ਢਾਹੀਆਂ ਗਈਆਂ ਕਈਆਂ ਮੂਰਤੀਆਂ ਨੂੰ ਦੁਬਾਰਾ ਖੜ੍ਹਾ ਕੀਤਾ ਗਿਆ ਹੈ।
ਸਾਡੇ ਸਮੇਂ ਲਈ ਸਬਕ
ਰਾਪਾ ਨੂਈ ਦੇ ਲੋਕਾਂ ਨੇ ਇਹ ਕਿਉਂ ਨਹੀਂ ਪਛਾਣਿਆ ਕਿ ਉਹ ਆਪਣੇ ਟਾਪੂ ਨੂੰ ਬਰਬਾਦ ਕਰ ਰਹੇ ਸਨ? ਇਸ ਹਾਲਤ ਬਾਰੇ ਖੋਜਕਾਰਾਂ ਦੀਆਂ ਹੇਠ ਲਿਖੀਆਂ ਗਈਆਂ ਗੱਲਾਂ ਉੱਤੇ ਗੌਰ ਕਰੋ।
‘ਜੰਗਲ ਰਾਤੋ-ਰਾਤ ਹੀ ਨਹੀਂ ਖ਼ਤਮ ਹੋਏ ਸਨ। ਇਹ ਹੌਲੀ-ਹੌਲੀ, ਕਈਆਂ ਦਹਾਕਿਆਂ ਦੌਰਾਨ ਬਰਬਾਦ ਕੀਤੇ ਗਏ। ਜੇ ਕੋਈ ਵਾਸੀ ਜੰਗਲ ਦੀ ਕਟਾਈ ਦੇ ਖ਼ਤਰਿਆਂ ਬਾਰੇ ਚੇਤਾਵਨੀ ਦੇਣ ਦੀ ਕੋਸ਼ਿਸ਼ ਵੀ ਕਰਦਾ, ਤਾਂ ਉਸ ਦੀ ਗੱਲ ਕਿਸੇ ਦੇ ਕੰਨੀਂ ਨਹੀਂ ਪੈਣੀ ਸੀ, ਨਾ ਖ਼ੁਦਗਰਜ਼ ਮੂਰਤੀਕਾਰਾਂ ਦੇ, ਨਾ ਅਧਿਕਾਰੀਆਂ ਦੇ, ਅਤੇ ਨਾ ਮੁੱਖੀਆਂ ਦੇ।’—ਡਿਸਕਵਰ।
‘ਬੁੱਤ ਬਣਾ ਕੇ ਜਿਸ ਤਰੀਕੇ ਨਾਲ ਉਨ੍ਹਾਂ ਨੇ ਆਪਣੇ ਰੂਹਾਨੀ ਅਤੇ ਰਾਜਨੀਤਿਕ ਵਿਚਾਰ ਪ੍ਰਗਟ ਕੀਤੇ ਉਸ ਦੀ ਉਨ੍ਹਾਂ ਨੂੰ ਕੀਮਤ ਚੁਕਾਉਣੀ ਹੀ ਪਈ। ਇਹ ਕੀਮਤ ਇਹੀ ਸੀ ਕਿ ਉਨ੍ਹਾਂ ਦਾ ਟਾਪੂ ਜੋ ਪਹਿਲਾਂ ਇੰਨਾ ਵਧਦਾ-ਫੁੱਲਦਾ ਸੀ ਹੁਣ ਵਿਰਾਨ ਹੋ ਗਿਆ।’—ਈਸਟਰ ਟਾਪੂ ਪੁਸਤਕ।
‘ਰਾਪਾ ਨੂਈ ਤੋਂ ਅਸੀਂ ਇਹ ਸਿੱਖਦੇ ਹਾਂ ਕਿ ਤਰੱਕੀ ਕਰਨ ਅਤੇ ਵਾਤਾਵਰਣ ਵਿਚ ਹੱਦੋਂ ਵੱਧ ਤਬਦੀਲੀਆਂ ਲਿਆਉਣ ਦੀਆਂ ਕੋਸ਼ਿਸ਼ਾਂ ਸਿਰਫ਼ ਅਮੀਰ ਦੇਸ਼ਾਂ ਵਿਚ ਨਹੀਂ ਦੇਖੀਆਂ ਜਾਂਦੀਆਂ; ਜੋ ਉੱਥੇ ਹੋਇਆ ਉਹ ਮਨੁੱਖਾਂ ਦੇ ਸੁਭਾਅ ਕਾਰਨ ਹੋਇਆ ਸੀ।’—ਨੈਸ਼ਨਲ ਜੀਓਗਰਾਫਿਕ।
ਫ਼ਰਜ਼ ਕਰੋ ਕਿ ਸਾਡੀ ਧਰਤੀ ਪੁਲਾੜ ਵਿਚ ਇਕ ਛੋਟਾ ਜਿਹਾ ਟਾਪੂ ਹੈ। ਤਾਂ ਫਿਰ, ਅੱਜ ਕੀ ਹੋਵੇਗਾ ਜੇ ਇਨਸਾਨ ਆਪਣਾ ਸੁਭਾਅ ਨਾ ਬਦਲਣ? ਕੀ ਹੋਵੇਗਾ ਜੇ ਇਨਸਾਨ ਸਾਡੀ ਧਰਤੀ ਦੇ ਹਾਲਾਤ ਇੰਨੇ ਵਿਗਾੜ ਦੇਣ ਕਿ ਇੱਥੇ ਜੀਉਣਾ ਨਾਮੁਮਕਿੰਨ ਹੋ ਜਾਵੇ? ਇਕ ਲਿਖਾਰੀ ਦੇ ਅਨੁਸਾਰ ਸਾਡੀ ਹਾਲਤ ਰਾਪਾ ਨੂਈ ਨਾਲੋਂ ਕਿਤੇ ਹੀ ਬਿਹਤਰ ਹੈ ਕਿਉਂਕਿ ਸਾਡੇ ਸਾਮ੍ਹਣੇ “ਦੂਸਰਿਆਂ ਸਮਾਜਾਂ ਦੇ ਇਤਿਹਾਸ” ਦੀਆਂ ਚੇਤਾਵਨੀਆਂ ਪੇਸ਼ ਹਨ।
ਫਿਰ ਵੀ, ਇਹ ਸਵਾਲ ਪੁੱਛਿਆ ਜਾ ਸਕਦਾ ਹੈ: ਕੀ ਮਨੁੱਖਜਾਤੀ ਇਸ ਇਤਿਹਾਸ ਤੋਂ ਸਬਕ ਸਿੱਖ ਰਹੀ ਹੈ? ਜੰਗਲਾਂ ਦੀ ਕਟਾਈ ਅਤੇ ਧਰਤੀ ਉੱਤੇ ਕਈਆਂ ਜੀਵਾਂ ਦੀ ਤਬਾਹੀ ਤੋਂ ਪਤਾ ਲੱਗਦਾ ਹੈ ਕਿ ਇਨਸਾਨਾਂ ਨੇ ਕੁਝ ਨਹੀਂ ਸਿੱਖਿਆ। ਅੰਗ੍ਰੇਜ਼ੀ ਵਿਚ ਚਿੱੜੀਆ-ਘਰ ਪੁਸਤਕ ਦੀ ਲਿਖਾਰਨ ਦੇ ਲਿਖਿਆ: “ਇਕ, ਦੋ, ਜਾਂ ਪੰਜਾਹ ਕਿਸਮਾਂ ਦੇ ਜੀਵ ਖ਼ਤਮ ਹੋਣ ਦੇ ਨਤੀਜੇ ਪਹਿਲਾਂ ਕਦੇ ਵੀ ਨਹੀਂ ਦੱਸੇ ਜਾ ਸਕਦੇ। ਜੀਉਂਦੀਆਂ ਚੀਜ਼ਾਂ ਦੀ ਤਬਾਹੀ ਅਜਿਹੀਆਂ ਤਬਦੀਲੀਆਂ ਪੈਦਾ ਕਰ ਰਹੀ ਹੈ ਕਿ ਅਸੀਂ ਇਨ੍ਹਾਂ ਦੇ ਬੁਰੇ ਨਤੀਜੇ ਬਾਅਦ ਵਿਚ ਹੀ ਸਮਝਦੇ ਹਾਂ।”
ਜੇਕਰ ਇਕ ਦੁਸ਼ਟ ਬੰਦਾ ਕਿਸੇ ਹਵਾਈ-ਜਹਾਜ਼ ਦੇ ਰਿਵਟਾਂ ਨੂੰ ਇਕ-ਇਕ ਕਰਕੇ ਲਾਹੁੰਦਾ ਰਹਿੰਦਾ ਹੈ, ਉਹ ਨਹੀਂ ਜਾਣਦਾ ਕਿ ਕਿਸ ਰਿਵਟ ਲਾਉਣ ਨਾਲ ਹਵਾਈ-ਜਹਾਜ਼ ਦਾ ਹਾਦਸਾ ਹੋਵੇਗਾ। ਪਰ ਜਦੋਂ ਕੋਈ ਜ਼ਰੂਰੀ ਰਿਵਟ ਲਾਹਿਆ ਜਾਂਦਾ ਹੈ ਤਾਂ ਉਸ ਜਹਾਜ਼ ਦਾ ਹਾਦਸਾ ਜ਼ਰੂਰ ਹੋ ਕੇ ਰਹੇਗਾ, ਭਾਵੇਂ ਕਿ ਉਸ ਜਹਾਜ਼ ਦੀ ਅਗਲੀ ਉਡਾਨ ਤੇ ਉਸ ਨੂੰ ਕੁਝ ਵੀ ਨਾ ਹੋਵੇ। ਇਸੇ ਤਰ੍ਹਾਂ, ਇਨਸਾਨ ਧਰਤੀ ਦੇ ਜੀਉਂਦੇ “ਰਿਵਟਾਂ” ਨੂੰ ਹਟਾ ਰਹੇ ਹਨ, ਯਾਨੀ 20,000 ਕਿਸਮ ਦੀਆਂ ਜੀਉਂਦੀਆਂ ਚੀਜ਼ਾਂ ਹਰ ਸਾਲ ਖ਼ਤਮ ਕਰ ਰਹੇ ਹਨ ਅਤੇ ਇਹ ਗਿਣਤੀ ਵਧਦੀ ਜਾ ਰਹੀ ਹੈ! ਕੌਣ ਜਾਣਦਾ ਹੈ ਕਿ ਉਹ ਕਦੋਂ ਹੱਦ ਪਾਰ ਕਰ ਜਾਣਗੇ? ਅਤੇ ਜੇ ਇਹ ਜਾਣਕਾਰੀ ਪਹਿਲਾਂ ਹੀ ਮਿਲ ਸਕੇ, ਕੀ ਇਸ ਨਾਲ ਕੋਈ ਫ਼ਰਕ ਪਵੇਗਾ?
ਈਸਟਰ ਟਾਪੂ—ਧਰਤੀ ਦਾ ਟਾਪੂ ਨਾਂ ਦੀ ਅੰਗ੍ਰੇਜ਼ੀ ਪੁਸਤਕ ਨੇ ਇਹ ਦਿਲਚਸਪ ਗੱਲ ਕਹੀ: “[ਰਾਪਾ ਨੂਈ ਉੱਤੇ] ਜਿਸ ਬੰਦੇ ਨੇ ਆਖ਼ਰੀ ਦਰਖ਼ਤ ਕੱਟਿਆ ਸੀ ਉਹ ਦੇਖ ਸਕਦਾ ਸੀ ਕਿ ਇਹ ਆਖ਼ਰੀ ਦਰਖ਼ਤ ਹੈ। ਪਰ ਫਿਰ ਵੀ ਉਸ ਨੇ ਉਸ ਨੂੰ ਕੱਟ ਦਿੱਤਾ।”
“ਸਾਨੂੰ ਆਪਣੀ ਪੂਜਾ ਬਦਲਣੀ ਚਾਹੀਦੀ ਹੈ”
ਇਸੇ ਪੁਸਤਕ ਨੇ ਅੱਗੇ ਕਿਹਾ ਕਿ ‘ਜੇਕਰ ਕੋਈ ਉਮੀਦ ਹੈ, ਤਾਂ ਉਹ ਇਸ ਵਿਚ ਹੈ ਕਿ ਸਾਨੂੰ ਆਪਣਾ ਧਰਮ ਬਦਲਣਾ ਚਾਹੀਦਾ ਹੈ। ਅਸੀਂ ਅਮੀਰੀ, ਵਿਗਿਆਨ ਅਤੇ ਤਕਨਾਲੋਜੀ, ਵਧੀਆ ਤੋਂ ਵਧੀਆ ਜ਼ਿੰਦਗੀ, ਅਤੇ ਮੁਕਾਬਲਿਆਂ ਵਰਗੇ ਸ਼ਕਤੀਸ਼ਾਲੀ ਈਸ਼ਵਰਾਂ ਨੂੰ ਪੂਜਦੇ ਹਾਂ ਅਤੇ ਇਹ ਈਸਟਰ ਟਾਪੂ ਦੀਆਂ ਵੱਡੀਆਂ-ਵੱਡੀਆਂ ਮੂਰਤੀਆਂ ਦੇ ਸਮਾਨ ਹਨ। ਇਸ ਟਾਪੂ ਉੱਤੇ ਹਰ ਪਿੰਡ ਨੇ ਆਪਣੇ ਗੁਆਂਢੀ ਪਿੰਡ ਨਾਲ ਮੁਕਾਬਲਾ ਕੀਤਾ ਸੀ ਕਿ ਕੌਣ ਸਭ ਤੋਂ ਵੱਡੀ ਮੂਰਤੀ ਬਣਾ ਸਕਦਾ ਹੈ। ਉਨ੍ਹਾਂ ਨੇ ਇਨ੍ਹਾਂ ਮੂਰਤੀਆਂ ਘੜਨ, ਇਕ ਜਗ੍ਹਾ ਤੋਂ ਦੂਜੀ ਤਕ ਲਿਜਾਣ ਅਤੇ ਇਨ੍ਹਾਂ ਨੂੰ ਖੜ੍ਹੀਆਂ ਕਰਨ ਵਿਚ ਵਿਅਰਥ ਖ਼ਰਚ ਕੀਤਾ।’
ਇਕ ਵਾਰ ਇਕ ਬੁੱਧੀਮਾਨ ਮਨੁੱਖ ਨੇ ਕਿਹਾ: “ਹੇ ਯਹੋਵਾਹ, ਮੈਂ ਜਾਣਦਾ ਹਾਂ, ਕਿ ਆਦਮੀ ਦਾ ਰਾਹ ਉਹ ਦੇ ਵੱਸ ਵਿੱਚ ਨਹੀਂ ਹੈ, ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।” (ਯਿਰਮਿਯਾਹ 10:23) ਸਿਰਫ਼ ਸਾਡਾ ਕਰਤਾਰ ਹੀ ਸਾਨੂੰ ਦਿਖਾ ਸਕਦਾ ਹੈ ਕਿ ਅਸੀਂ “ਆਪਣੇ ਕਦਮਾਂ ਨੂੰ” ਕਿਸ ਤਰ੍ਹਾਂ ਕਾਇਮ ਕਰ ਸਕਦੇ ਹਾਂ। ਅਤੇ ਸਿਰਫ਼ ਉਹੀ ਹੈ ਜੋ ਸਾਨੂੰ ਸਾਡੀ ਦੁਖੀ ਹਾਲਤ ਵਿੱਚੋਂ ਕੱਢ ਸਕਦਾ ਹੈ। ਉਹ ਆਪਣੇ ਬਚਨ, ਬਾਈਬਲ ਵਿਚ ਇਸ ਤਰ੍ਹਾਂ ਕਰਨ ਦਾ ਵਾਅਦਾ ਕਰਦਾ ਹੈ। ਬਾਈਬਲ ਅਜਿਹੀ ਪੁਸਤਕ ਹੈ ਜਿਸ ਵਿਚ ਪੁਰਾਣੇ ਜ਼ਮਾਨਿਆਂ ਦੀਆਂ ਬੁਰੀਆਂ ਅਤੇ ਚੰਗੀਆਂ ਮਿਸਾਲਾਂ ਹਨ। ਇਨ੍ਹਾਂ ਹਨੇਰੇ ਸਮਿਆਂ ਵਿਚ ਇਹ ਪੁਸਤਕ ਸਾਡੇ “ਰਾਹ ਦਾ ਚਾਨਣ” ਹੋ ਸਕਦੀ ਹੈ।—ਜ਼ਬੂਰ 119:105.
ਅੰਤ ਵਿਚ ਇਹ ਰਾਹ ਆਗਿਆਕਾਰ ਮਨੁੱਖਜਾਤੀ ਨੂੰ ਸੁਖ-ਸ਼ਾਂਤੀ ਦੇ ਇਕ ਸੁੰਦਰ ਫਿਰਦੌਸ ਵਿਚ ਲੈ ਜਾਵੇਗਾ। ਇਹ ਇਕ ਨਵਾਂ ਸੰਸਾਰ ਹੋਵੇਗਾ ਜਿਸ ਵਿਚ ਰਾਪਾ ਨੂਈ ਦਾ ਛੋਟਾ ਜਿਹਾ ਟਾਪੂ ਵੀ ਸ਼ਾਮਲ ਹੋਵੇਗਾ।—2 ਪਤਰਸ 3:13.
[ਫੁਟਨੋਟ]
^ ਪੈਰਾ 2 ਭਾਵੇਂ ਕਿ ਇਸ ਦੇ ਵਾਸੀ ਆਪਣੇ ਟਾਪੂ ਨੂੰ ਅਤੇ ਆਪਣੇ ਆਪ ਨੂੰ ਰਾਪਾ ਨੂਈ ਸੱਦਦੇ ਹਨ, ਆਮ ਕਰਕੇ ਇਸ ਟਾਪੂ ਨੂੰ ਈਸਟਰ ਟਾਪੂ ਅਤੇ ਇਸ ਦੇ ਵਾਸੀਆਂ ਨੂੰ ਈਸਟਰ ਟਾਪੂਵਾਸੀ ਸੱਦਿਆ ਜਾਂਦਾ ਹੈ।
[ਸਫ਼ਾ 23 ਉੱਤੇ ਨਕਸ਼ਾ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਈਸਟਰ ਟਾਪੂ
[ਕ੍ਰੈਡਿਟ ਲਾਈਨ]
Mountain High Maps® Copyright © 1997 Digital Wisdom, Inc.
[ਸਫ਼ਾ 23 ਉੱਤੇ ਤਸਵੀਰ]
“ਲਗਭਗ 1,000 ਮੂਰਤੀਆਂ ਘੜੀਆਂ ਗਈਆਂ ਸਨ”
[ਸਫ਼ਾ 25 ਉੱਤੇ ਤਸਵੀਰਾਂ]
ਦੂਰ-ਦੁਰਾਡੇ ਟਾਪੂਆਂ ਸਮੇਤ ਸਾਰੀ ਧਰਤੀ ਇਕ ਫਿਰਦੌਸ ਬਣ ਜਾਵੇਗੀ