ਕੀ ਮੈਨੂੰ ਰੋਜ਼ ਐਸਪਰੀਨ ਖਾਣੀ ਚਾਹੀਦੀ ਹੈ ਕਿ ਨਹੀਂ?
ਕੀ ਮੈਨੂੰ ਰੋਜ਼ ਐਸਪਰੀਨ ਖਾਣੀ ਚਾਹੀਦੀ ਹੈ ਕਿ ਨਹੀਂ?
ਹੇਠਾਂ ਇਕ ਡਾਕਟਰ ਇਕ ਅਸਲੀ ਘਟਨਾ ਬਾਰੇ ਦੱਸਦਾ ਹੈ ਜੋ ਇਕ ਬਹੁਤ ਹੀ ਆਮ ਸਮੱਸਿਆ ਹੈ।
ਸਿਰਫ਼ ਪਰਿਵਾਰ ਹੀ ਨਹੀਂ ਪਰ ਹੁਣ ਡਾਕਟਰ ਵੀ ਫ਼ਿਕਰ ਕਰਨ ਲੱਗ ਪਿਆ ਸੀ। ਉਸ ਨੇ ਕਿਹਾ ਕਿ “ਜੇ ਉਸ ਦਾ ਖ਼ੂਨ ਵਹਿੰਦਾ ਰਿਹਾ ਤਾਂ ਸ਼ਾਇਦ ਉਸ ਨੂੰ ਖ਼ੂਨ ਦੇਣਾ ਪਵੇਗਾ।”
ਕਈਆਂ ਹਫ਼ਤਿਆਂ ਤੋਂ ਇਸ ਆਦਮੀ ਦੀਆਂ ਆਂਦਰਾਂ ਤੋਂ ਹੌਲੀ-ਹੌਲੀ ਖ਼ੂਨ ਵਹਿ ਰਿਹਾ ਸੀ। ਉਸ ਨੂੰ ਦੱਸਿਆ ਗਿਆ ਕਿ ਇਸ ਦਾ ਕਾਰਨ ਪੇਟ ਦੀ ਸੋਜ ਸੀ। ਇਸ ਮਾਯੂਸ ਡਾਕਟਰ ਨੇ ਮਰੀਜ਼ ਨੂੰ ਇਕ ਵਾਰ ਫਿਰ ਪੁੱਛਿਆ “ਕੀ ਤੁਸੀਂ ਸੱਚ-ਮੁੱਚ ਹੋਰ ਕੋਈ ਵੀ ਦਵਾਈ ਨਹੀਂ ਲੈ ਰਹੇ?”
“ਨਹੀਂ ਕੋਈ ਵੀ ਨਹੀਂ, ਸਿਵਾਇ ਗਠੀਏ ਦੇ ਰੋਗ ਲਈ ਜੜੀ-ਬੂਟੀ ਤੋਂ ਬਣਾਈ ਗਈ ਦਵਾਈ ਜੋ ਮੈਂ ਦੁਕਾਨੋਂ ਖ਼ਰੀਦੀ ਸੀ” ਆਦਮੀ ਨੇ ਕਿਹਾ।
ਉਸ ਦੀ ਗੱਲ ਸੁਣ ਕੇ ਡਾਕਟਰ ਨੇ ਇਕਦਮ ਕਿਹਾ ਕਿ “ਲਿਆਓ ਮੈਨੂੰ ਦੇਖਣ ਦਿਓ।” ਇਹ ਦੇਖਣ ਲਈ ਕਿ ਉਸ ਵਿਚ ਕਿਹੜੀਆਂ ਚੀਜ਼ਾਂ ਮਿਲਾਈਆਂ ਗਈਆਂ ਸਨ ਉਸ ਨੇ ਬੜੇ ਧਿਆਨ ਨਾਲ ਲੇਬਲ ਪੜ੍ਹਿਆ। ਜਿਸ ਚੀਜ਼ ਦੀ ਉਹ ਤਲਾਸ਼ ਕਰ ਰਿਹਾ ਸੀ ਉਹ ਉਸ ਨੂੰ ਲੱਭ ਪਈ। ਐਸੀਟਾਈਲਸੈਲਿਸਿਲਿਕ ਐਸਿਡ, ਯਾਨੀ ਐਸਪਰੀਨ! ਸਮੱਸਿਆ ਦਾ ਹੱਲ ਮਿਲ ਗਿਆ। ਜਦੋਂ ਮਰੀਜ਼ ਨੇ ਉਹ ਦਵਾਈ ਲੈਣੀ ਬੰਦ ਕਰ ਦਿੱਤੀ ਜਿਸ ਵਿਚ ਐਸਪਰੀਨ ਸੀ ਅਤੇ ਇਸ ਦੀ ਬਜਾਇ ਉਸ ਨੂੰ ਤਾਕਤ ਦੇਣ ਵਾਲੀ ਦਵਾਈ ਅਤੇ ਪੇਟ ਦਾ ਇਲਾਜ ਕਰਨ ਲਈ ਦਵਾਈ ਦਿੱਤੀ ਗਈ, ਤਾਂ ਖ਼ੂਨ ਵਹਿਣਾ ਬੰਦ ਹੋ ਗਿਆ। ਅਤੇ ਹੌਲੀ-ਹੌਲੀ ਖ਼ੂਨ ਵਿਚ ਸੈੱਲਾਂ ਦੀ ਗਿਣਤੀ ਵੱਧ ਗਈ।
ਦਵਾਈਆਂ ਕਰਕੇ ਖ਼ੂਨ ਦਾ ਵਹਿਣਾ
ਅੱਜ-ਕੱਲ੍ਹ ਦਵਾਈਆਂ ਕਰਕੇ ਪੇਟ ਅਤੇ ਆਂਦਰਾਂ ਵਿਚ ਖ਼ੂਨ ਦਾ ਵਹਿਣਾ ਬਹੁਤ ਹੀ ਗੰਭੀਰ ਸਮੱਸਿਆ ਹੈ। ਭਾਵੇਂ ਕਿ ਇਹ ਸਮੱਸਿਆ ਕਈਆਂ ਦਵਾਈਆਂ ਤੋਂ ਪੈਦਾ ਹੋ ਸਕਦੀ ਹੈ, ਆਮ ਤੌਰ ਤੇ ਇਹ ਉਨ੍ਹਾਂ ਦਵਾਈਆਂ ਕਰਕੇ ਹੁੰਦੀ ਹੈ ਜੋ ਗਠੀਏ ਦੇ ਰੋਗ ਅਤੇ ਦਰਦ ਲਈ ਲਈਆਂ ਜਾਂਦੀਆਂ ਹਨ। ਇਨ੍ਹਾਂ ਵਿਚ ਉਹ ਦਵਾਈਆਂ ਵੀ ਹਨ ਜੋ ਸਟੀਰਾਇਡ ਤੋਂ ਬਗੈਰ ਸੋਜਾ ਘਟਾਉਣ ਵਾਲੀਆਂ ਦਵਾਈਆਂ ਹਨ (nonsteroidal anti-inflammatory drugs, or NSAIDS)। ਇਨ੍ਹਾਂ ਦੇ ਨਾਂ ਸ਼ਾਇਦ ਦੂਸਰਿਆਂ ਦੇਸ਼ਾਂ ਵਿਚ ਵੱਖਰੇ ਹੋਣ।
ਦਵਾਖ਼ਾਨਿਆਂ ਤੋਂ ਖ਼ਰੀਦੀਆਂ ਕਈਆਂ ਦਵਾਈਆਂ ਵਿਚ ਐਸਪਰੀਨ ਰਲਾਈ ਗਈ ਹੁੰਦੀ ਹੈ। ਹਾਲ ਹੀ ਦਿਆਂ ਸਾਲਾਂ ਵਿਚ ਕਈਆਂ ਦੇਸ਼ਾਂ ਵਿਚ ਐਸਪਰੀਨ ਦੀ ਰੋਜ਼ਾਨਾ ਵਰਤੋਂ ਵੱਧ ਗਈ ਹੈ। ਪਰ, ਇਸ ਤਰ੍ਹਾਂ ਕਿਉਂ ਹੈ?
ਐਸਪਰੀਨ ਲੈਣ ਦੀ ਸਲਾਹ ਕਿਉਂ ਦਿੱਤੀ ਜਾਂਦੀ ਹੈ
ਸਾਲ 1995 ਵਿਚ ਇਕ ਡਾਕਟਰੀ ਸਿਹਤ ਪੱਤਰ ਨੇ ਰਿਪੋਰਟ ਕੀਤੀ ਕਿ “ਐਸਪਰੀਨ ਦੀ ਵਰਤੋਂ ਜਾਨਾਂ ਬਚਾ ਸਕਦੀ ਹੈ।” ਸੰਸਾਰ ਭਰ ਵਿਚ ਕੀਤੇ ਗਏ ਕਈਆਂ ਟੈਸਟਾਂ ਵੱਲ ਦੇਖਦੇ ਹੋਏ ਖੋਜਕਾਰ ਇਸ ਨਤੀਜੇ ਤੇ ਪਹੁੰਚੇ ਹਨ ਕਿ “ਜਿਨ੍ਹਾਂ ਇਨਸਾਨਾਂ ਨੂੰ ਕਦੀ ਦਿਲ ਦਾ ਦੌਰਾ ਜਾਂ ਅਧਰੰਗ ਹੋਇਆ ਹੋਵੇ, ਜਾਂ ਜਿਨ੍ਹਾਂ ਦੀ ਛਾਤੀ ਵਿਚ ਦਰਦ ਹੁੰਦਾ ਹੋਵੇ, ਜਾਂ ਜਿਨ੍ਹਾਂ ਨੇ ਦਿਲ ਦੀਆਂ ਨਾੜੀਆਂ ਦਾ ਓਪਰੇਸ਼ਨ ਕਰਵਾਇਆ ਹੋਵੇ, ਉਨ੍ਹਾਂ ਨੂੰ ਦਿਨ ਵਿਚ ਐਸਪਰੀਨ ਦੀ ਇਕ ਜਾਂ ਡੇਢ ਗੋਲੀ ਖਾਣੀ ਚਾਹੀਦੀ ਹੈ, ਜੇਕਰ ਉਨ੍ਹਾਂ ਨੂੰ ਐਸਪਰੀਨ ਤੋਂ ਕੋਈ ਅਲਰਜੀ ਨਾ ਹੋਵੇ।” *
ਦੂਸਰੇ ਖੋਜਕਾਰ ਦਾਅਵਾ ਕਰਦੇ ਹਨ ਕਿ ਉਨ੍ਹਾਂ ਆਦਮੀਆਂ ਲਈ ਰੋਜ਼ ਐਸਪਰੀਨ ਖਾਣੀ ਲਾਭਦਾਇਕ ਹੋ ਸਕਦੀ ਹੈ ਜਿਨ੍ਹਾਂ ਦੀ ਉਮਰ 50 ਸਾਲਾਂ ਤੋਂ ਜ਼ਿਆਦਾ ਹੈ ਅਤੇ ਜਿਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਹੋਵੇ। ਉਹ ਇਹ ਵੀ ਕਹਿੰਦੇ ਹਨ ਕਿ ਐਸਪਰੀਨ ਉਨ੍ਹਾਂ ਔਰਤਾਂ ਲਈ ਵੀ ਚੰਗੀ ਹੈ ਜਿਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਹੋਵੇ। ਇਸ ਦੇ ਨਾਲ-ਨਾਲ, ਕੁਝ ਟੈੱਸਟ ਸੰਕੇਤ ਕਰਦੇ ਹਨ ਕਿ ਰੋਜ਼ ਐਸਪਰੀਨ ਖਾਣੀ ਸ਼ਾਇਦ ਵੱਡੀ ਆਂਦਰ, ਯਾਨੀ ਕੋਲਨ ਦੇ ਕੈਂਸਰ ਦੇ ਖ਼ਤਰੇ ਨੂੰ ਘਟਾ ਸਕਦੀ ਹੈ। ਅਤੇ ਲੰਬੇ ਸਮੇਂ ਤੋਂ ਜ਼ਿਆਦਾ ਐਸਪਰੀਨ ਲੈਣ ਦੁਆਰਾ ਸ਼ੱਕਰ-ਰੋਗੀਆਂ ਦੇ ਖ਼ੂਨ ਵਿਚ ਸ਼ੱਕਰ ਘਟਾਈ ਜਾ ਸਕਦੀ ਹੈ।
ਪਰ, ਐਸਪਰੀਨ ਤੋਂ ਇਹ ਲਾਭ ਕਿਸ ਤਰ੍ਹਾਂ ਮਿਲਦੇ ਹਨ? ਭਾਵੇਂ ਕਿ ਇਸ ਬਾਰੇ ਹਾਲੇ ਸਭ ਕੁਝ ਨਹੀਂ ਪਤਾ, ਸਬੂਤ ਸੰਕੇਤ ਕਰਦੇ ਹਨ ਕਿ ਐਸਪਰੀਨ ਖ਼ੂਨ ਨੂੰ ਪਤਲਾ ਕਰ ਦਿੰਦੀ ਹੈ ਜਿਸ ਕਰਕੇ ਖ਼ੂਨ ਜੰਮਦਾ ਨਹੀਂ। ਇਸ ਨਾਲ ਦਿਲ ਅਤੇ ਦਿਮਾਗ਼ ਨੂੰ ਜਾਂਦੀਆਂ ਛੋਟੀਆਂ-ਛੋਟੀਆਂ ਖ਼ੂਨ ਦੀਆਂ ਨਾੜੀਆਂ ਵਿਚ ਖ਼ੂਨ ਆਸਾਨੀ ਨਾਲ ਲੰਘ ਸਕਦਾ ਹੈ ਅਤੇ ਇਨ੍ਹਾਂ ਜ਼ਰੂਰੀ ਅੰਗਾਂ ਦਾ ਨੁਕਸਾਨ ਤੋਂ ਬਚਾਅ ਹੁੰਦਾ ਹੈ।
ਜੇਕਰ ਐਸਪਰੀਨ ਦੇ ਇੰਨੇ ਲਾਭ ਹਨ ਤਾਂ ਸਾਰੇ ਲੋਕ ਇਸ ਨੂੰ ਕਿਉਂ ਨਹੀਂ ਲੈਂਦੇ? ਇਕ ਕਾਰਨ ਇਹ ਹੈ ਕਿ ਅਸੀਂ ਹਾਲੇ ਇਸ ਬਾਰੇ ਸਭ ਕੁਝ ਨਹੀਂ ਜਾਣਦੇ। ਹਾਲੇ ਤਾਂ ਇਹ ਵੀ ਨਹੀਂ ਪਤਾ ਕਿ ਕਿੰਨੀ ਕੁ ਐਸਪਰੀਨ ਖਾਣੀ ਚਾਹੀਦੀ ਹੈ। ਕੋਈ ਕਹਿੰਦਾ ਹੈ ਕਿ ਇਕ ਦਿਨ ਛੱਡ ਕੇ ਇਕ ਛੋਟੀ ਗੋਲੀ ਖਾਣੀ ਚਾਹੀਦੀ ਹੈ ਅਤੇ ਕੋਈ ਕਹਿੰਦਾ ਹੈ ਕਿ ਹਰ ਰੋਜ਼ ਇਕ ਗੋਲੀ ਦੋ ਵਾਰ ਖਾਧੀ ਜਾ ਸਕਦੀ ਹੈ। ਕੀ ਔਰਤਾਂ ਨੂੰ ਆਦਮੀਆਂ ਨਾਲੋਂ ਘੱਟ ਜਾਂ ਜ਼ਿਆਦਾ ਐਸਪਰੀਨ ਖਾਣੀ ਚਾਹੀਦੀ ਹੈ? ਡਾਕਟਰ ਇਸ ਬਾਰੇ ਕੁਝ ਪੱਕਾ ਨਹੀਂ ਕਹਿ ਸਕਦੇ। ਭਾਵੇਂ ਕਿ ਆਂਦਰਾਂ ਵਿਚ ਪਹੁੰਚ ਕੇ ਖੁਰਨ ਵਾਲੀ ਐਸਪਰੀਨ ਨੂੰ ਲਾਭਦਾਇਕ ਸਮਝਿਆ ਜਾਂਦਾ ਹੈ, ਖਟਾਸ ਮਿਟਾਉਣ ਲਈ ਐਸਪਰੀਨ ਦੇ ਫ਼ਾਇਦਿਆਂ ਬਾਰੇ ਹਾਲੇ ਵੀ ਬਹਿਸ ਹੋ ਰਹੀ ਹੈ।
ਸਾਵਧਾਨੀ ਵਰਤਣ ਦੇ ਕਾਰਨ
ਐਸਪਰੀਨ ਅਸਲ ਵਿਚ ਜੜੀ-ਬੂਟੀ ਤੋਂ ਬਣਾਈ ਗਈ ਦਵਾਈ ਹੈ। ਅਮਰੀਕੀ ਇੰਡੀਅਨਾਂ ਨੂੰ ਐਸਪਰੀਨ ਬਣਾਉਣ ਵਾਲੀਆਂ ਚੀਜ਼ਾਂ ਬੇਦ ਦੇ ਦਰਖ਼ਤ ਦੇ ਛਿਲਕੇ ਤੋਂ ਮਿਲੀਆਂ ਸਨ। ਲੇਕਿਨ ਭਾਵੇਂ ਐਸਪਰੀਨ ਕੁਦਰਤੀ ਚੀਜ਼ਾਂ ਤੋਂ ਬਣਾਈ ਗਈ ਹੈ ਫਿਰ ਵੀ ਲੋਕਾਂ ਉੱਤੇ ਇਸ ਦੇ ਕਈ ਬੁਰੇ ਪ੍ਰਭਾਵ ਪੈ ਸਕਦੇ ਹਨ। ਐਸਪਰੀਨ ਨਾਲ ਕੁਝ ਲੋਕਾਂ ਦਾ ਖ਼ੂਨ ਵਹਿਣ ਲੱਗ ਪੈਂਦਾ ਹੈ ਅਤੇ ਹੋਰ ਵੀ ਕਈ ਸਮੱਸਿਆਵਾਂ ਖੜ੍ਹੀਆਂ ਹੋ ਸਕਦੀਆਂ ਹਨ। ਕੁਝ ਲੋਕਾਂ ਨੂੰ ਐਸਪਰੀਨ ਤੋਂ ਅਲਰਜੀ ਹੁੰਦੀ ਹੈ। ਤਾਂ ਫਿਰ ਇਹ ਗੱਲ ਸਪੱਸ਼ਟ ਹੈ ਕਿ ਹਰ ਰੋਜ਼ ਐਸਪਰੀਨ ਖਾਣੀ ਸਾਰਿਆਂ ਲਈ ਚੰਗੀ ਨਹੀਂ ਹੈ।
ਲੇਕਿਨ, ਜਿਸ ਵਿਅਕਤੀ ਨੂੰ ਦਿਲ ਦਾ ਦੌਰਾ ਪੈਣ ਜਾਂ ਅਧਰੰਗ ਹੋਣ ਦਾ ਖ਼ਤਰਾ ਹੋਵੇ, ਜਾਂ ਜਿਸ ਨੂੰ ਹੋਰ ਕੋਈ ਗੰਭੀਰ ਬੀਮਾਰੀ ਹੋਵੇ, ਉਹ ਸ਼ਾਇਦ ਹਰ ਰੋਜ਼ ਐਸਪਰੀਨ ਖਾਣ ਦੇ ਖ਼ਤਰਿਆਂ ਅਤੇ ਫ਼ਾਇਦਿਆਂ ਬਾਰੇ ਆਪਣੇ ਡਾਕਟਰ ਨੂੰ ਪੁੱਛਣਾ ਚਾਹੇ। ਮਰੀਜ਼ ਨੂੰ ਇਨ੍ਹਾਂ ਗੱਲਾਂ ਦਾ ਜ਼ਰੂਰ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਉਸ ਦਾ ਖ਼ੂਨ ਨਾ ਵਹਿੰਦਾ ਹੋਵੇ, ਉਸ ਨੂੰ ਐਸਪਰੀਨ ਤੋਂ ਅਲਰਜੀ ਨਾ ਹੋਵੇ, ਅਤੇ ਪੇਟ ਜਾਂ ਆਂਦਰਾਂ ਵਿਚ ਕੋਈ ਦਰਦ ਨਾ ਹੋਵੇ। ਇਸ ਇਲਾਜ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮਰੀਜ਼ ਨੂੰ ਦੂਸਰੀਆਂ ਸਮੱਸਿਆਵਾਂ ਬਾਰੇ ਅਤੇ ਵੱਖੋ-ਵੱਖਰੀਆਂ ਦਵਾਈਆਂ ਇੱਕੋ ਸਮੇਂ ਤੇ ਖਾਣ ਦੇ ਅਸਰ ਬਾਰੇ ਵੀ ਆਪਣੇ ਡਾਕਟਰ ਨਾਲ ਗੱਲ ਕਰਨੀ ਚਾਹੀਦੀ ਹੈ।
ਜਿਵੇਂ ਪਹਿਲਾਂ ਵੀ ਕਿਹਾ ਗਿਆ ਸੀ, ਐਸਪਰੀਨ ਅਤੇ ਐਸਪਰੀਨ ਵਰਗੀਆਂ ਹੋਰ ਦਵਾਈਆਂ ਖਾਣ ਨਾਲ ਖ਼ੂਨ ਦੇ ਵਹਿਣ ਦਾ ਖ਼ਤਰਾ ਹੁੰਦਾ ਹੈ। ਪਹਿਲਾਂ-ਪਹਿਲਾਂ ਸ਼ਾਇਦ ਪਤਾ ਵੀ ਨਾ ਲੱਗੇ ਕਿ ਖ਼ੂਨ ਵਹਿ ਰਿਹਾ ਹੈ ਪਰ ਸਮੇਂ ਦੇ ਬੀਤਣ ਨਾਲ ਜ਼ਿਆਦਾ ਖ਼ੂਨ ਵਹਿਣ ਲੱਗ ਪੈਂਦਾ ਹੈ। ਦੂਸਰੀਆਂ ਦਵਾਈਆਂ ਵੀ ਧਿਆਨ ਨਾਲ ਲੈਣੀਆਂ ਚਾਹੀਦੀਆਂ ਹਨ, ਖ਼ਾਸ ਕਰਕੇ ਉਹ ਦਵਾਈਆਂ ਜੋ ਸੋਜਾ ਜਾਂ ਜਲਨ ਘਟਾਉਣ ਲਈ ਵਰਤੀਆਂ ਜਾਂਦੀਆਂ ਹਨ। ਜੇਕਰ ਤੁਸੀਂ ਅਜਿਹੀ ਕੋਈ ਵੀ ਦਵਾਈ ਖਾ ਰਹੇ ਹੋ ਤਾਂ ਤੁਹਾਨੂੰ ਆਪਣੇ ਡਾਕਟਰ ਨੂੰ ਜ਼ਰੂਰ ਦੱਸਣਾ ਚਾਹੀਦਾ ਹੈ। ਓਪਰੇਸ਼ਨ ਕਰਵਾਉਣ ਤੋਂ ਪਹਿਲਾਂ ਇਨ੍ਹਾਂ ਦਵਾਈਆਂ ਨੂੰ ਬੰਦ ਕਰਨਾ ਅਕਲਮੰਦੀ ਦੀ ਗੱਲ ਹੋਵੇਗੀ। ਅਤੇ ਸਮੇਂ-ਸਮੇਂ ਤੇ ਖ਼ੂਨ ਦੇ ਸੈਲਾਂ ਦੀ ਗਿਣਤੀ ਕਰਵਾਉਣੀ ਵੀ ਸ਼ਾਇਦ ਲਾਭਦਾਇਕ ਸਾਬਤ ਹੋਵੇ।
ਜੇਕਰ ਅਸੀਂ ਆਪਣੇ ਆਪ ਨੂੰ ਆਉਣ ਵਾਲੀਆਂ ਸਮੱਸਿਆਵਾਂ ਤੋਂ ਬਚਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਬਾਈਬਲ ਦੀ ਇਸ ਕਹਾਵਤ ਵੱਲ ਧਿਆਨ ਦੇਣਾ ਚਾਹੀਦਾ ਹੈ: “ਸਿਆਣਾ ਤਾਂ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ, ਪਰ ਭੋਲੇ ਅਗਾਹਾਂ ਵਧ ਕੇ ਕਸ਼ਟ ਭੋਗਦੇ ਹਨ।” (ਕਹਾਉਤਾਂ 22:3) ਦਵਾਈਆਂ ਅਤੇ ਇਲਾਜ ਦੇ ਇਸ ਮਾਮਲੇ ਵਿਚ ਆਓ ਆਪਾਂ ਸਿਆਣੇ ਬਣੀਏ ਤਾਂਕਿ ਸਾਡੀ ਸਿਹਤ ਨੂੰ ਕੋਈ ਨੁਕਸਾਨ ਨਾ ਪਹੁੰਚੇ।
[ਫੁਟਨੋਟ]
^ ਪੈਰਾ 11 ਜਾਗਰੂਕ ਬਣੋ! ਕਿਸੇ ਖ਼ਾਸ ਕਿਸਮ ਦੀ ਦਵਾਈ ਲੈਣ ਦੀ ਸਲਾਹ ਨਹੀਂ ਦਿੰਦਾ।
[ਸਫ਼ੇ 12, 13 ਉੱਤੇ ਡੱਬੀ/ਤਸਵੀਰ]
ਹਰ ਰੋਜ਼ ਐਸਪਰੀਨ ਖਾਣ ਬਾਰੇ ਸ਼ਾਇਦ ਕੌਣ ਸੋਚ ਸਕਦੇ ਹਨ
● ਉਹ ਲੋਕ ਜਿਨ੍ਹਾਂ ਨੂੰ ਦਿਲ ਦੀਆਂ ਨਾੜੀਆਂ ਦਾ ਰੋਗ ਹੋਵੇ ਜਾਂ ਜਿਨ੍ਹਾਂ ਦੇ ਸਿਰ ਨੂੰ ਖ਼ੂਨ ਪਹੁੰਚਾਉਣ ਵਾਲੀਆਂ ਨਾੜੀਆਂ ਪਤਲੀਆਂ ਹੋ ਗਈਆਂ ਹੋਣ (ਇਹ ਨਾੜੀਆਂ ਗਰਦਨ ਰਾਹੀਂ ਸਿਰ ਨੂੰ ਜਾਂਦੀਆਂ ਹਨ)।
● ਉਹ ਲੋਕ ਜਿਨ੍ਹਾਂ ਨੂੰ ਥ੍ਰਾਮਬੋਸਿਸ ਦਾ ਦੌਰਾ ਪਿਆ ਹੋਵੇ (ਇਹ ਦੌਰਾ ਖ਼ੂਨ ਦੇ ਜੰਮਣ ਕਰਕੇ ਪੈਂਦਾ ਹੈ) ਜਾਂ ਜਿਨ੍ਹਾਂ ਨੂੰ ਥੋੜ੍ਹੇ ਚਿਰ ਲਈ ਇਸਕਿਮਿਕ ਦੌਰਾ ਪਿਆ ਹੋਵੇ (ਇਹ ਅਧਰੰਗ ਵਰਗਾ ਦੌਰਾ ਹੁੰਦਾ ਹੈ)।
● ਉਹ ਬੰਦੇ ਜਿਨ੍ਹਾਂ ਦੀ ਉਮਰ 50 ਸਾਲਾਂ ਤੋਂ ਜ਼ਿਆਦਾ ਹੈ ਅਤੇ ਜਿਨ੍ਹਾਂ ਕੋਲ ਦਿਲ ਸੰਬੰਧੀ ਕੋਈ ਬੀਮਾਰੀ ਲੱਗਣ ਦੇ ਅਗਲਿਆਂ ਕਾਰਨਾਂ ਵਿੱਚੋਂ ਇਕ ਜਾਂ ਜ਼ਿਆਦਾ ਕਾਰਨ ਹੋਵੇ: ਸਿਗਰਟ ਪੀਣੀ, ਹਾਈ ਬਲੱਡ ਪ੍ਰੈਸ਼ਰ, ਸ਼ੱਕਰ ਦੀ ਬੀਮਾਰੀ, ਹਾਈ ਕਲੈਸਟਰੋਲ ਲੇਵਲ, ਲੋਹ ਕਲੈਸਟਰੋਲ ਲੇਵਲ, ਬੇਹੱਦ ਮੁਟਾਪਾ, ਬਹੁਤ ਹੀ ਜ਼ਿਆਦਾ ਸ਼ਰਾਬ ਪੀਣੀ, ਪਰਿਵਾਰ ਵਿਚ 55 ਸਾਲਾਂ ਦੀ ਉਮਰ ਤੋਂ ਪਹਿਲਾਂ ਦਿਲ ਦਾ ਦੌਰਾ ਪੈਣ ਜਾਂ ਅਧਰੰਗ ਹੋਣ ਦਾ ਰਿਕਾਰਡ, ਅਤੇ ਹਮੇਸ਼ਾ ਬੈਠੇ ਰਹਿਣਾ।
● ਉਹ ਔਰਤਾਂ ਜਿਨ੍ਹਾਂ ਦੀ ਉਮਰ 50 ਸਾਲਾਂ ਤੋਂ ਜ਼ਿਆਦਾ ਹੈ ਅਤੇ ਜਿਨ੍ਹਾਂ ਦੀ ਸਿਹਤ ਨੂੰ ਉੱਪਰ ਦਿੱਤੇ ਗਏ ਕਾਰਨਾਂ ਵਿੱਚੋਂ ਦੋ ਜਾਂ ਜ਼ਿਆਦਾ ਕਾਰਨਾਂ ਕਰਕੇ ਖ਼ਤਰਾ ਹੋਵੇ।
ਇਸ ਮਾਮਲੇ ਬਾਰੇ ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਤੁਹਾਨੂੰ ਆਪਣੇ ਡਾਕਟਰ ਨਾਲ ਗੱਲ ਕਰਨੀ ਚਾਹੀਦੀ ਹੈ।
[ਕ੍ਰੈਡਿਟ ਲਾਈਨ]
ਸ੍ਰੋਤ: ਸਿਹਤ ਬਾਰੇ ਉਪਭੋਗੀਆਂ ਦੀਆਂ ਰਿਪੋਰਟਾਂ (ਅੰਗ੍ਰੇਜ਼ੀ)