Skip to content

Skip to table of contents

ਟਾਈਆਂ ਦਾ ਬਦਲਦਾ ਫ਼ੈਸ਼ਨ

ਟਾਈਆਂ ਦਾ ਬਦਲਦਾ ਫ਼ੈਸ਼ਨ

ਟਾਈਆਂ ਦਾ ਬਦਲਦਾ ਫ਼ੈਸ਼ਨ

ਸਦੀਆਂ ਤੋਂ ਆਦਮੀ ਆਪਣੇ ਗਲ਼ਾਂ ਨੂੰ ਸਜਾ ਕੇ ਰੱਖਣ ਵਿਚ ਦਿਲਚਸਪੀ ਲੈਂਦੇ ਆਏ ਹਨ। ਮਿਸਾਲ ਲਈ, ਅੱਜ ਤੋਂ 3,700 ਸਾਲ ਪਹਿਲਾਂ, ਮਿਸਰ ਦੇ ਹਾਕਮ ਫਿਰਊਨ ਨੇ ਯੂਸੁਫ਼ ਦੇ ਗਲ਼ੇ ਸੋਨੇ ਦਾ ਇਕ ਕੈਂਠਾ ਪਾਇਆ ਸੀ।​—ਉਤਪਤ 41:42.

ਅੱਜ ਦੁਨੀਆਂ ਦੇ ਕਈਆਂ ਦੇਸ਼ਾਂ ਵਿਚ ਆਦਮੀ ਟਾਈਆਂ ਲਾਉਂਦੇ ਹਨ। ਕਈਆਂ ਦੇ ਮੁਤਾਬਕ, ਸਾਡੇ ਜ਼ਮਾਨੇ ਦੀਆਂ ਟਾਈਆਂ ਦਾ ਮੁਢਲਾ ਰੂਪ 16ਵੀਂ ਸਦੀ ਦੇ ਅਖ਼ੀਰ ਵਿਚ, ਇੰਗਲੈਂਡ ਅਤੇ ਫ਼ਰਾਂਸ ਵਿਚ ਸ਼ੁਰੂ ਹੋਇਆ ਸੀ। ਉਸ ਸਮੇਂ ਆਦਮੀ ਡਬਲੈਟ ਨਾਂ ਦੀ ਜਾਕਟ ਪਹਿਨਦੇ ਹੁੰਦੇ ਸਨ। ਸਜਾਵਟ ਲਈ ਉਹ ਗਰਦਨ ਦੁਆਲੇ ਇਕ ਕਾਲਰ ਪਹਿਨਦੇ ਹੁੰਦੇ ਸਨ ਜਿਸ ਨੂੰ ਰਫ (ਗੁਲੂਬੰਦ) ਸੱਦਿਆ ਜਾਂਦਾ ਸੀ। ਇਹ ਚਿੱਟੇ ਕੱਪੜੇ ਦਾ ਬਣਿਆ ਹੁੰਦਾ ਸੀ ਅਤੇ ਇਸ ਨੂੰ ਮਾਇਆ ਲਾ ਕੇ ਅਕੜਾਇਆ ਜਾਂਦਾ ਸੀ ਤਾਂਕਿ ਗਰਦਨ ਦੁਆਲੇ ਇਸ ਦੀ ਗੋਲ ਸ਼ਕਲ ਬਣੀ ਰਹੇ। ਕਦੀ-ਕਦੀ ਇਹ ਕਾਫ਼ੀ ਇੰਚ ਚੌੜਾ ਹੁੰਦਾ ਸੀ ਅਤੇ ਇਸ ਨਾਲ ਤਕਰੀਬਨ ਪੂਰੀ ਗਰਦਨ ਢਕੀ ਜਾ ਸਕਦੀ ਸੀ।

ਸਮੇਂ ਦੇ ਬੀਤਣ ਨਾਲ, ਰਫ ਪਹਿਨਣ ਦਾ ਫੈਸ਼ਨ ਖ਼ਤਮ ਹੋ ਗਿਆ। ਇਸ ਤੋਂ ਬਾਅਦ ਇਕ ਹੋਰ ਚੀਜ਼ ਮਸ਼ਹੂਰ ਹੋਈ, ਜਿਸ ਨੂੰ ਫੌਲਿੰਗ ਕਾਲਰ (ਲਟਕਦਾ ਕਾਲਰ) ਸੱਦਿਆ ਜਾਂਦਾ ਸੀ। ਇਹ ਇਕ ਚਿੱਟਾ ਕਾਲਰ ਸੀ ਜੋ ਮੋਢਿਆਂ ਤੋਂ ਬਾਹਾਂ ਦੇ ਉਪਰਲੇ ਹਿੱਸੇ ਤਕ ਲਮਕਦਾ ਸੀ। ਇਨ੍ਹਾਂ ਕਾਲਰਾਂ ਨੂੰ ਵੈਨਡਾਇਕ ਵੀ ਸੱਦਿਆ ਜਾਂਦਾ ਸੀ। ਪਿਉਰਿਟਨ ਨਾਂ ਦੇ ਧਾਰਮਿਕ ਪੰਥ ਦੇ ਬੰਦਿਆਂ ਤੋਂ ਇਲਾਵਾ ਕਈ ਹੋਰ ਲੋਕ ਵੀ ਇਸ ਨੂੰ ਪਹਿਨਦੇ ਸਨ।

ਫਿਰ 17ਵੀਂ ਸਦੀ ਵਿਚ ਵੱਡੇ ਕੋਟ ਦੇ ਹੇਠਾਂ ਆਦਮੀ ਇਕ ਅੰਦਰਲਾ ਕੋਟ ਪਹਿਨਣ ਲੱਗੇ ਜਿਸ ਨੂੰ ਵੇਸਟਕੋਟ (ਫਤੂਹੀ) ਕਿਹਾ ਜਾਂਦਾ ਹੈ। ਇਸ ਦੇ ਨਾਲ ਉਹ ਆਪਣੀ ਗਰਦਨ ਦੁਆਲੇ ਇਕ ਸਕਾਰਫ ਜਾਂ ਦੁਪੱਟੇ ਵਰਗਾ ਕੱਪੜਾ ਪਹਿਨਦੇ ਸਨ। ਇਹ ਕੱਪੜਾ ਜਿਸ ਨੂੰ ਕ੍ਰਵਾਟ ਕਿਹਾ ਜਾਂਦਾ ਹੈ, ਗਰਦਨ ਦੇ ਆਲੇ-ਦੁਆਲੇ ਕਈ ਵਾਰ ਲਪੇਟਿਆ ਜਾਂਦਾ ਸੀ ਅਤੇ ਉਸ ਦੇ ਅਖ਼ੀਰਲੇ ਹਿੱਸੇ ਕਮੀਜ਼ ਦੇ ਮੋਹਰੇ ਲਮਕਾਏ ਜਾਂਦੇ ਸਨ। ਤੁਸੀਂ 17ਵੀਂ ਸਦੀ ਦੇ ਅਖ਼ੀਰਲੇ ਸਾਲਾਂ ਦੀਆਂ ਤਸਵੀਰਾਂ ਤੋਂ ਦੇਖ ਸਕਦੇ ਹੋ ਕਿ ਕ੍ਰਵਾਟ ਪਹਿਨਣੇ ਕਾਫ਼ੀ ਫ਼ੈਸ਼ਨਦਾਰ ਸਨ।

ਕ੍ਰਵਾਟ ਬਣਾਉਣ ਲਈ ਮਲਮਲ, ਬਰੀਕ ਸੂਤੀ ਕੱਪੜਾ, ਅਤੇ ਕਦੀ-ਕਦੀ ਲੇਸ ਵਰਤਿਆ ਜਾਂਦਾ ਸੀ। ਲੇਸ ਵਾਲੇ ਕ੍ਰਵਾਟ ਬਹੁਤ ਮਹਿੰਗੇ ਹੁੰਦੇ ਸਨ। ਕਿਹਾ ਜਾਂਦਾ ਹੈ ਕਿ ਜਦੋਂ ਇੰਗਲੈਂਡ ਵਿਚ ਜੇਮਜ਼ ਦੂਜੇ ਨੂੰ ਰਾਜਾ ਬਣਾਇਆ ਗਿਆ ਤਾਂ ਉਸ ਨੇ ਇਸ ਮੌਕੇ ਤੇ ਲੇਸ ਦੇ ਕ੍ਰਵਾਟ ਲਈ 36 ਤੋਂ ਜ਼ਿਆਦਾ ਪੌਂਡ ਦਿੱਤੇ, ਜੋ ਉਸ ਸਮੇਂ ਬਹੁਤ ਪੈਸਾ ਸੀ। ਲੇਸ ਤੋਂ ਬਣੇ ਕੁਝ ਕ੍ਰਵਾਟ ਬਹੁਤ ਵੱਡੇ-ਵੱਡੇ ਹੁੰਦੇ ਸਨ। ਇੰਗਲੈਂਡ ਦੇ ਵੈਸਟਮਿੰਸਟਰ ਐਬੀ ਵਿਚ ਚਾਰਲਜ਼ ਦੂਜੇ ਦੇ ਬੁੱਤ ਉੱਤੇ ਉਸ ਦਾ ਕ੍ਰਵਾਟ 6 ਇੰਚ ਚੌੜਾ ਅਤੇ 34 ਇੰਚ ਲੰਬਾ ਦਿਖਾਇਆ ਗਿਆ ਹੈ।

ਕ੍ਰਵਾਟ ਬੰਨ੍ਹਣ ਲਈ ਕਈ ਤਰ੍ਹਾਂ ਦੀਆਂ ਗੰਢਾਂ ਵਰਤੀਆਂ ਜਾਂਦੀਆਂ ਸਨ। ਇਕ ਸਟਾਈਲ ਵਿਚ ਕ੍ਰਵਾਟ ਨੂੰ ਗਰਦਨ ਦੁਆਲੇ ਲਪੇਟ ਕੇ ਰੇਸ਼ਮੀ ਰਿਬਨ ਨਾਲ ਬੰਨ੍ਹਿਆ ਜਾਂਦਾ ਸੀ। ਫੇਰ ਰਿਬਨ ਦੀ ਗੰਢ ਦਾ ਵੱਡਾ ਸਾਰਾ ਫੁੰਦਾ ਬਣਾ ਕੇ ਠੋਡੀ ਦੇ ਹੇਠਾਂ ਪਹਿਨਿਆ ਜਾਂਦਾ ਸੀ। ਇਸ ਸਟਾਈਲ ਨੂੰ ਸੋਲੀਟੇਰ ਸੱਦਿਆ ਜਾਂਦਾ ਸੀ। ਇਹ ਸਾਡੇ ਜ਼ਮਾਨੇ ਦੀ ਬੋ-ਟਾਈ ਵਰਗੀ ਸੀ। ਕਿਹਾ ਜਾਂਦਾ ਹੈ ਕਿ ਕ੍ਰਵਾਟ ਨੂੰ ਬੰਨ੍ਹਣ ਦੇ ਘੱਟੋ-ਘੱਟ ਸੌ ਤਰੀਕੇ ਸਨ। ਬੋ ਬ੍ਰੱਮਲ ਨਾਂ ਦੇ ਅੰਗ੍ਰੇਜ਼ ਨੇ ਉਸ ਸਮੇਂ ਦੇ ਆਦਮੀਆਂ ਦੇ ਕੱਪੜਿਆਂ ਦੇ ਸਟਾਈਲਾਂ ਤੇ ਕਾਫ਼ੀ ਪ੍ਰਭਾਵ ਪਾਇਆ ਸੀ। ਕਿਹਾ ਜਾਂਦਾ ਹੈ ਕਿ ਉਸ ਨੇ ਇਕ ਦਿਨ ਆਪਣੇ ਕ੍ਰਵਾਟ ਨੂੰ ਠੀਕ ਤਰ੍ਹਾਂ ਬੰਨ੍ਹਦਿਆਂ ਪੂਰੀ ਸਵੇਰ ਲਾ ਦਿੱਤੀ।

ਲਗਭਗ 1860 ਦੇ ਦਹਾਕੇ ਦੌਰਾਨ, ਕ੍ਰਵਾਟ ਜ਼ਿਆਦਾ ਲੰਬਾ ਰੱਖਿਆ ਜਾਣ ਲੱਗ ਪਿਆ, ਅਤੇ ਅੱਜ-ਕੱਲ੍ਹ ਦੀ ਟਾਈ ਵਰਗਾ ਲੱਗਣ ਲੱਗਾ। ਅੰਗ੍ਰੇਜ਼ੀ ਵਿਚ ਇਸ ਨੂੰ ਇਕ ਹੋਰ ਅਜੀਬ ਜਿਹਾ ਨਾਂ ਵੀ ਦਿੱਤਾ ਗਿਆ ਸੀ, ਯਾਨੀ ਫੋਰ-ਇਨ-ਹੈਂਡ, ਕਿਉਂਕਿ ਇਸ ਦੀ ਗੰਢ ਚਾਰ ਘੋੜਿਆਂ ਨੂੰ ਖਿੱਚਣ ਵਾਲੀ ਲਗਾਮ ਵਰਗੀ ਸੀ। ਫਿਰ ਕਾਲਰਾਂ ਵਾਲੀਆਂ ਕਮੀਜ਼ਾਂ ਦਾ ਰਿਵਾਜ ਚੱਲ ਪਿਆ। ਇਸ ਤਰ੍ਹਾਂ ਟਾਈ ਨੂੰ ਠੋਢੀ ਹੇਠ ਗੰਢ ਦੇ ਕੇ ਕਮੀਜ਼ ਦੇ ਮੋਹਰੇ ਲਮਕਾਇਆ ਜਾਂਦਾ ਸੀ। ਇਹ ਸਟਾਈਲ ਹੁਣ ਵੀ ਚੱਲਦਾ ਹੈ। ਇਕ ਹੋਰ ਤਰ੍ਹਾਂ ਦੀ ਟਾਈ, ਯਾਨੀ ਬੋ-ਟਾਈ ਦਾ ਰਿਵਾਜ 1890 ਦੇ ਦਹਾਕੇ ਵਿਚ ਸ਼ੁਰੂ ਹੋਇਆ।

ਅੱਜ ਟਾਈ ਨੂੰ ਆਦਮੀ ਦੇ ਸ਼ਿੰਗਾਰ ਦਾ ਇਕ ਜ਼ਰੂਰੀ ਹਿੱਸਾ ਸਮਝਿਆ ਜਾਂਦਾ ਹੈ। ਕਈ ਲੋਕ ਤਾਂ ਸ਼ਾਇਦ ਕਿਸੇ ਅਜਨਬੀ ਆਦਮੀ ਦੀ ਟਾਈ ਦੇਖ ਕੇ ਹੀ ਉਸ ਬਾਰੇ ਆਪਣੇ ਵਿਚਾਰ ਤੈ ਕਰ ਲੈਂਦੇ ਹਨ। ਇਸ ਲਈ, ਚੰਗਾ ਹੋਵੇਗਾ ਜੇਕਰ ਅਸੀਂ ਸਾਫ਼-ਸੁਥਰੀ ਟਾਈ ਲਾਈਏ, ਅਤੇ ਜਿਸ ਦਾ ਡੀਜ਼ਾਈਨ ਅਤੇ ਰੰਗ ਸਾਡੀ ਕਮੀਜ਼, ਪੈਂਟ, ਅਤੇ ਜਾਕਟ ਨਾਲ ਮਿਲਦਾ-ਜੁਲਦਾ ਹੈ।

ਗੰਢ ਨੂੰ ਵੀ ਚੰਗੀ ਤਰ੍ਹਾਂ ਬੰਨ੍ਹਿਆ ਜਾਣਾ ਚਾਹੀਦਾ ਹੈ। ਸਭ ਤੋਂ ਮਸ਼ਹੂਰ ਗੰਢ ਫੋਰ-ਇਨ-ਹੈਂਡ ਹੈ। (ਸਫ਼ੇ 14 ਉੱਤੇ ਤਸਵੀਰ ਦੇਖੋ।) ਇਹ ਗੰਢ ਸਾਦੀ ਜਿਹੀ ਹੈ ਅਤੇ ਕਈ ਆਦਮੀ ਖ਼ਾਸ ਮੌਕਿਆਂ ਲਈ ਵੀ ਟਾਈ ਨੂੰ ਇਸੇ ਤਰ੍ਹਾਂ ਬੰਨ੍ਹਦੇ ਹਨ। ਇਕ ਹੋਰ ਤਰ੍ਹਾਂ ਦੀ ਗੰਢ ਨੂੰ ਵਿੰਡਸਰ ਗੰਢ ਸੱਦਿਆ ਜਾਂਦਾ ਹੈ, ਜੋ ਥੋੜ੍ਹੀ ਜਿਹੀ ਵੱਡੀ ਹੁੰਦੀ ਹੈ। ਇਸ ਗੰਢ ਦੇ ਹੇਠ ਟਾਈ ਵਿਚ ਇਕ ਛੋਟਾ ਜਿਹਾ ਵਲ਼ ਪਾਇਆ ਜਾਂਦਾ ਹੈ।

ਕਈ ਆਦਮੀ ਟਾਈ ਲਾਉਣੀ ਪਸੰਦ ਨਹੀਂ ਕਰਦੇ। ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਗਲ਼ਾ ਘੁੱਟਿਆ ਜਾ ਰਿਹਾ ਹੈ। ਲੇਕਿਨ, ਕਈਆਂ ਨੇ ਦੇਖਿਆ ਕਿ ਇਹ ਮੁਸ਼ਕਲ ਟਾਈ ਕਰਕੇ ਨਹੀਂ ਪਰ ਕਮੀਜ਼ ਤੰਗ ਹੋਣ ਕਰਕੇ ਹੈ। ਜੇ ਤੁਹਾਡੀ ਟਾਈ ਜ਼ਿਆਦਾ ਕੱਸਵੀਂ ਲੱਗਦੀ ਹੈ ਤਾਂ ਹੋ ਸਕਦਾ ਹੈ ਕਿ ਤੁਹਾਡੀ ਕਮੀਜ਼ ਛੋਟੀ ਹੋਵੇ। ਜਦੋਂ ਸਾਈਜ਼ ਠੀਕ ਹੋਵੇ ਤਾਂ ਤੁਹਾਨੂੰ ਸ਼ਾਇਦ ਅਹਿਸਾਸ ਵੀ ਨਾ ਹੋਵੇ ਕਿ ਤੁਸੀਂ ਟਾਈ ਲਾਈ ਹੋਈ ਹੈ।

ਕਈਆਂ ਦੇਸ਼ਾਂ ਵਿਚ ਬਿਜ਼ਨਿਸ ਅਤੇ ਖ਼ਾਸ ਮੌਕਿਆਂ ਲਈ ਟਾਈ ਲਾਉਣੀ ਜ਼ਰੂਰੀ ਸਮਝੀ ਜਾਂਦੀ ਹੈ। ਇਸ ਲਈ ਕਈ ਮਸੀਹੀ ਭਰਾ ਟਾਈ ਲਾ ਕੇ ਪ੍ਰਚਾਰ ਕਰਨ ਜਾਂਦੇ ਹਨ। ਜੀ ਹਾਂ, ਇਕ ਆਦਮੀ ਦੀ ਗਰਦਨ ਦੇ ਦੁਆਲੇ ਕੱਪੜੇ ਦਾ ਇਕ ਟੁੱਕੜਾ ਕਿਸੇ ਮੌਕੇ ਨੂੰ ਅਤੇ ਉਸ ਦੇ ਪਹਿਨਣ ਵਾਲੇ ਨੂੰ ਵੀ ਆਦਰਯੋਗ ਬਣਾ ਸਕਦਾ ਹੈ।

[ਸਫ਼ਾ 14 ਉੱਤੇ ਡਾਇਆਗ੍ਰਾਮ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਫੋਰ-ਇਨ-ਹੈਂਡ ਗੰਢ ਬੰਨ੍ਹਣੀ *

1 ਪਹਿਲਾਂ ਟਾਈ ਦਾ ਛੋਟਾ ਪਾਸਾ ਲਗਭਗ ਇਕ ਫੁੱਟ ਲੰਬਾ ਛੱਡ ਕੇ ਚੌੜੇ ਪਾਸੇ ਦੇ ਉੱਪਰੋਂ ਫਿਰ ਥੱਲਿਓ ਲੰਘਾਓ।

2 ਚੌੜੇ ਪਾਸੇ ਨੂੰ ਫੇਰ ਤੋਂ ਉੱਪਰ ਦੀ ਲੰਘਾ ਕੇ ਲੁੱਪੀ ਵਿੱਚੋਂ ਖਿੱਚੋ।

3 ਗੰਢ ਨੂੰ ਉਂਗਲੀ ਨਾਲ ਢਿੱਲੀ ਜਿਹੀ ਰੱਖ ਕੇ ਚੌੜੇ ਪਾਸੇ ਨੂੰ ਗੰਢ ਦੀ ਲੁੱਪੀ ਵਿੱਚੋਂ ਖਿੱਚੋ।

4 ਗੰਢ ਨੂੰ ਹੌਲੀ-ਹੌਲੀ ਕੱਸੋ ਤੇ ਛੋਟੇ ਪਾਸੇ ਨੂੰ ਫੜ ਕੇ ਗੰਢ ਨੂੰ ਉੱਪਰ ਨੂੰ ਕਾਲਰ ਤਾਈਂ ਖਿੱਚੋ।

[ਫੁਟਨੋਟ]

^ ਪੈਰਾ 15 ਕਮੀਜ਼ ਅਤੇ ਟਾਈ ਨਾਂ ਦੀ ਅੰਗ੍ਰੇਜ਼ੀ ਪੁਸਤਕ ਤੋਂ।

[ਸਫ਼ਾ 15 ਉੱਤੇ ਤਸਵੀਰਾਂ]

ਸਤਾਰ੍ਹਵੀਂ ਸਦੀ ਤੋਂ ਲੈ ਕੇ ਅੱਜ ਤਕ ਟਾਈਆਂ ਦੇ ਵੱਖ-ਵੱਖ ਸਟਾਈਲ