Skip to content

Skip to table of contents

ਭਾਰਤ ਵਿਚ ਮੱਛੀਆਂ ਫੜਨ ਵਾਲੇ ਚੀਨੀ ਜਾਲ

ਭਾਰਤ ਵਿਚ ਮੱਛੀਆਂ ਫੜਨ ਵਾਲੇ ਚੀਨੀ ਜਾਲ

ਭਾਰਤ ਵਿਚ ਮੱਛੀਆਂ ਫੜਨ ਵਾਲੇ ਚੀਨੀ ਜਾਲ

ਭਾਰਤ ਵਿਚ ਜਾਗਰੂਕ ਬਣੋ! ਦੇ ਪੱਤਰਕਾਰ ਦੁਆਰਾ

ਭਾਰਤ ਦੇ ਦੱਖਣੀ ਸਿਰੇ ਤੋਂ ਕੁਝ 250 ਕਿਲੋਮੀਟਰ ਦੂਰ ਪੱਛਮੀ ਸਰਹੱਦ ਤੇ, ਕੋਚੀ ਨਾਂ ਦਾ ਇਕ ਸ਼ਹਿਰ ਹੈ। ਪਿਛਲੇ ਸਮਿਆਂ ਵਿਚ ਇਸ ਸ਼ਹਿਰ ਨੂੰ ਕੋਚੀਨ ਸੱਦਿਆ ਜਾਂਦਾ ਸੀ। ਸਮੁੰਦਰ ਦੇ ਕੰਢਿਆਂ ਤੇ ਮੱਛੀਆਂ ਫੜਨ ਲਈ ਲੱਕੜੀਆਂ ਨਾਲ ਖਿੱਚੇ ਹੋਏ ਬਹੁਤ ਸਾਰੇ ਚੀਨੀ ਜਾਲ ਹਨ। ਪਰ ਇਹ ਜਾਲ ਉੱਥੇ ਕਿੱਦਾਂ ਪਹੁੰਚੇ ਸਨ?

ਅੱਠਵੀਂ ਸਦੀ ਸਾ.ਯੂ. ਤੋਂ ਲੈ ਕੇ ਚੀਨੀ ਲੋਕ ਇਸ ਇਲਾਕੇ ਵਿਚ ਰਹਿ ਰਹੇ ਸਨ। ਅਤੇ ਇਹ ਕਿਹਾ ਜਾਂਦਾ ਹੈ ਕਿ ਚੀਨੀ ਵਪਾਰੀਆਂ ਨੇ ਕੂਬਲੈ ਖ਼ਾਨ ਦੇ ਦਰਬਾਰ ਤੋਂ ਸਾਲ 1400 ਤੋਂ ਪਹਿਲਾਂ ਅਜਿਹੇ ਜਾਲ ਕੋਚੀਨ ਵਿਚ ਲਿਆਂਦੇ ਸਨ। ਕੋਚੀਨ ਦੇ ਆਲੇ-ਦੁਆਲੇ ਪਾਣੀ ਦੇ ਕਿਨਾਰੇ ਲਾਗੇ ਕਈ ਮੱਛੀਆਂ ਫੜੀਆਂ ਜਾ ਸਕਦੀਆਂ ਹਨ। ਇਸ ਲਈ, ਇਹ ਮੱਛੀਆਂ ਫੜਨ ਵਾਲੇ ਉੱਚੇ ਜਾਲ ਕਈਆਂ ਸਦੀਆਂ ਤੋਂ ਵਰਤੇ ਗਏ ਸਨ। ਪਰ ਫਿਰ ਅਰਬੀ ਲੋਕਾਂ ਨੇ ਚੀਨੀ ਲੋਕਾਂ ਨੂੰ ਦੇਸ਼ੋਂ ਬਾਹਰ ਕੱਢ ਦਿੱਤਾ ਸੀ।

ਚੀਨੀ ਲੋਕਾਂ ਦੇ ਜਾਣ ਤੋਂ ਬਾਅਦ ਇਨ੍ਹਾਂ ਜਾਲਾਂ ਨੂੰ ਵੀ ਲਾਹਿਆ ਗਿਆ ਸੀ। ਪਰ ਫਿਰ 16ਵੀਂ ਸਦੀ ਦੇ ਮੁਢਲਿਆਂ ਸਾਲਾਂ ਵਿਚ ਪੁਰਤਗਾਲੀ ਲੋਕਾਂ ਨੇ ਅਰਬੀ ਲੋਕਾਂ ਨੂੰ ਦੇਸ਼ੋਂ ਬਾਹਰ ਕੱਢ ਦਿੱਤਾ। ਸਪੱਸ਼ਟ ਹੈ ਕਿ ਪੁਰਤਗਾਲੀ ਲੋਕਾਂ ਨੇ ਇਨ੍ਹਾਂ ਜਾਲਾਂ ਨੂੰ ਦੁਬਾਰਾ ਕੋਚੀਨ ਵਿਚ ਲਿਆਂਦਾ। ਇਨ੍ਹਾਂ ਲੋਕਾਂ ਨੇ ਇਹ ਜਾਲ ਮਕਾਓ ਨਾਂ ਦੇ ਇਲਾਕੇ ਤੋਂ ਲਿਆਂਦੇ ਸਨ ਜੋ ਦੱਖਣ-ਪੂਰਬੀ ਚੀਨ ਵਿਚ ਹੈ। ਉਸ ਸਮੇਂ ਤੇ ਮਕਾਓ ਦਾ ਟਾਪੂ ਪੁਰਤਗਾਲੀ ਇਲਾਕਾ ਸੀ।

ਭਾਵੇਂ ਕਿ ਇਹ ਤਰੀਕਾ ਸਦੀਆਂ ਪੁਰਾਣਾ ਹੈ, ਇਹ ਚੀਨੀ ਜਾਲ ਹਾਲੇ ਵੀ ਬਹੁਤ ਕੰਮ ਆਉਂਦੇ ਹਨ ਅਤੇ ਇਨ੍ਹਾਂ ਦੇ ਡੀਜ਼ਾਈਨ ਨੂੰ ਬਹੁਤ ਹੀ ਘੱਟ ਬਦਲਿਆ ਗਿਆ ਹੈ। ਇਨ੍ਹਾਂ ਕਾਰਨ ਅੱਜ ਵੀ ਕਈ ਮਛਿਆਰੇ ਰੋਜ਼ੀ ਕਮਾਉਂਦੇ ਹਨ ਅਤੇ ਹੋਰ ਕਈਆਂ ਲੋਕਾਂ ਨੂੰ ਖਾਣਾ ਮਿਲਦਾ ਹੈ। ਦਰਅਸਲ, ਜਾਲ ਵਿਚ ਫੜੀਆਂ ਗਈਆਂ ਮੱਛੀਆਂ ਦਾ ਇਕ ਪੂਰ, ਪੂਰੇ ਪਿੰਡ ਨੂੰ ਖੁਆ ਸਕਦਾ ਹੈ। ਲੇਕਿਨ, ਬਹੁਤ ਕੰਮ ਆਉਣ ਤੋਂ ਇਲਾਵਾ ਇਹ ਜਾਲ ਬਹੁਤ ਸੁੰਦਰ ਵੀ ਹਨ, ਖ਼ਾਸ ਕਰਕੇ ਜਦੋਂ ਇਨ੍ਹਾਂ ਨੂੰ ਸਵੇਰ ਜਾਂ ਸ਼ਾਮ ਦੇ ਰੰਗ-ਬਰੰਗੇ ਆਕਾਸ਼ ਵਿਚ ਦੇਖਿਆ ਜਾਂਦਾ ਹੈ।

ਇਹ ਕਿਸ ਤਰ੍ਹਾਂ ਚੱਲਦੇ ਹਨ?

ਇਨ੍ਹਾਂ ਵੱਡਿਆਂ ਜਾਲਾਂ ਦਾ ਅਤੇ ਫੜੀਆਂ ਗਈਆਂ ਮੱਛੀਆਂ ਦੇ ਪੂਰ ਦਾ ਭਾਰ ਬਰਾਬਰ ਰੱਖਣ ਲਈ ਵੱਡੇ-ਵੱਡੇ ਪੱਥਰ ਵਰਤੇ ਜਾਂਦੇ ਹਨ। ਜਦੋਂ ਜਾਲ ਵਰਤੇ ਨਹੀਂ ਜਾ ਰਹੇ ਹੁੰਦੇ ਤਾਂ ਉਹ ਪਾਣੀ ਦੇ ਉੱਤੇ ਲਮਕਾਏ ਜਾਂਦੇ ਹਨ। ਮੱਛੀਆਂ ਫੜਨ ਦਾ ਕੰਮ ਸਵੇਰ ਨੂੰ ਹੀ ਸ਼ੁਰੂ ਹੋ ਜਾਂਦਾ ਹੈ ਅਤੇ ਇਹ ਚਾਰ ਜਾਂ ਪੰਜ ਘੰਟੇ ਜਾਰੀ ਰਹਿੰਦਾ ਹੈ। ਇਹ ਜਾਲ ਪਾਣੀ ਵਿਚ ਹੌਲੀ-ਹੌਲੀ ਥੱਲੇ ਕੀਤੇ ਜਾਂਦੇ ਹਨ। ਥੱਲੇ ਨੂੰ ਕਰਨ ਲਈ, ਜਾਂ ਤਾਂ ਮਛਿਆਰੇ ਨੂੰ ਲਗਾਏ ਗਏ ਭਾਰ ਨੂੰ ਬਦਲਣਾ ਪੈਂਦਾ ਹੈ ਜਾਂ ਮਛਿਆਰਿਆਂ ਦੀ ਟੋਲੀ ਦਾ ਆਗੂ ਜਾਲ ਦੀ ਗਭਲੀ ਲੱਕੜੀ ਉੱਤੇ ਤੁਰਦਾ ਹੈ। ਜਾਲ ਨੂੰ ਪਾਣੀ ਹੇਠਾਂ 5 ਤੋਂ 20 ਮਿੰਟਾਂ ਲਈ ਰੱਖਿਆ ਜਾਂਦਾ ਹੈ ਅਤੇ ਫਿਰ ਉਹ ਹੌਲੀ-ਹੌਲੀ ਉੱਪਰ ਨੂੰ ਲਿਆਇਆ ਜਾਂਦਾ ਹੈ। ਉਸ ਵਿਚ ਕਿਨਾਰੇ ਦੇ ਲਾਗੇ ਤਰ ਰਹੀਆਂ ਮੱਛੀਆਂ ਫੜੀਆਂ ਜਾਂਦੀਆਂ ਹਨ। ਕਈਆਂ ਸਾਲਾਂ ਦੇ ਤਜਰਬੇ ਕਾਰਨ ਆਗੂ ਨੂੰ ਪਤਾ ਹੁੰਦਾ ਕਿ ਜਾਲ ਕਿਸ ਵੇਲੇ ਉੱਪਰ ਨੂੰ ਖਿੱਚਿਆ ਜਾਣਾ ਚਾਹੀਦਾ ਹੈ।

ਜਦੋਂ ਆਗੂ ਇਸ਼ਾਰਾ ਕਰਦਾ ਹੈ ਤਾਂ ਟੋਲੀ ਦੇ ਬਾਕੀ ਦੇ ਆਦਮੀ, ਜੋ ਕਿ ਪੰਜ ਜਾਂ ਛੇ ਹੁੰਦੇ ਹਨ, ਭਾਰ ਬਰਾਬਰ ਕਰਨ ਲਈ ਵੱਡੇ ਪੱਥਰਾਂ ਨਾਲ ਬੰਨ੍ਹੀਆਂ ਗਈਆਂ ਰੱਸੀਆਂ ਨੂੰ ਖਿੱਚਦੇ ਹਨ। ਜਿਉਂ-ਜਿਉਂ ਜਾਲ ਉੱਪਰ ਨੂੰ ਖਿੱਚਿਆ ਜਾਂਦਾ ਹੈ ਉਸ ਦੇ ਖੂੰਜੇ ਪਹਿਲਾਂ ਉੱਪਰ ਆਉਂਦੇ ਹਨ। ਇਸ ਤਰ੍ਹਾਂ, ਜਾਲ ਕਟੋਰੇ ਵਾਂਗ ਬਣ ਜਾਂਦਾ ਹੈ ਅਤੇ ਮੱਛੀਆਂ ਉਸ ਦੇ ਅੰਦਰ ਹੁੰਦੀਆਂ ਹਨ। ਮਛਿਆਰੇ ਕਿੰਨੇ ਖ਼ੁਸ਼ ਹੁੰਦੇ ਹਨ! ਬਹੁਤ ਸਾਰੀਆਂ ਮੱਛੀਆਂ ਫੜਨ ਤੋਂ ਬਾਅਦ ਉਹ ਖ਼ੁਸ਼ੀ ਨਾਲ ਇਕ ਦੂਸਰੇ ਨੂੰ ਥਾਪੀਆਂ ਦਿੰਦੇ ਹਨ। ਬਾਅਦ ਵਿਚ ਵਪਾਰੀਆਂ, ਔਰਤਾਂ, ਅਤੇ ਉਸ ਜਗ੍ਹਾ ਤੇ ਆਏ ਸੈਲਾਨੀਆਂ ਨੂੰ ਇਹ ਮੱਛੀਆਂ ਵੇਚੀਆਂ ਜਾਣਗੀਆਂ।

ਸਾਲਾਂ ਦੌਰਾਨ ਚੀਨੀ, ਅਰਬੀ, ਅਤੇ ਪੁਰਤਗਾਲੀ ਲੋਕ ਆਏ-ਗਏ ਹਨ। ਪਰ ਚੀਨੀ ਜਾਲ ਹੁਣ ਵੀ ਕੋਚੀ ਦੇ ਪਾਣੀਆਂ ਵਿਚ ਦੇਖੇ ਜਾ ਸਕਦੇ ਹਨ, ਠੀਕ ਉਸੇ ਤਰ੍ਹਾਂ ਜਿਵੇਂ 600 ਸਾਲ ਪਹਿਲਾਂ ਦੇਖੇ ਜਾਂਦੇ ਸਨ।

[ਸਫ਼ਾ 31 ਉੱਤੇ ਨਕਸ਼ਾ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਕੋਚੀ

[ਕ੍ਰੈਡਿਟ ਲਾਈਨ]

Mountain High Maps® Copyright © 1997 Digital Wisdom, Inc.