ਮੁਸਕਰਾਓ ਇਹ ਤੁਹਾਡੇ ਲਈ ਚੰਗਾ ਹੈ!
ਮੁਸਕਰਾਓ ਇਹ ਤੁਹਾਡੇ ਲਈ ਚੰਗਾ ਹੈ!
ਜਪਾਨ ਵਿਚ ਜਾਗਰੂਕ ਬਣੋ! ਦੇ ਪੱਤਰਕਾਰ ਦੁਆਰਾ
ਇਕ ਅਜਿਹੀ ਚੀਜ਼ ਹੈ ਜੋ ਜੇਕਰ ਅਸਲੀ ਹੋਵੇ ਤਾਂ ਸ਼ੱਕ ਮਿਟਾ ਸਕਦੀ ਹੈ। ਇਹ ਕੁਝ ਹੱਦ ਤਕ ਲੰਬੇ ਸਮੇਂ ਦੇ ਪੱਖਪਾਤ ਨੂੰ ਦੂਰ ਕਰ ਸਕਦੀ ਹੈ। ਇਹ ਅਵਿਸ਼ਵਾਸ ਅਤੇ ਬੇਇਤਬਾਰੀ ਨਾਲ ਭਰੇ ਹੋਏ ਪੱਥਰ ਦਿਲਾਂ ਨੂੰ ਨਰਮ ਕਰ ਸਕਦੀ ਹੈ। ਇਸ ਤੋਂ ਕਈਆਂ ਨੂੰ ਦਿਲਾਸਾ ਅਤੇ ਖ਼ੁਸ਼ੀ ਮਿਲਦੀ ਹੈ। ਇਸ ਦਾ ਸੰਦੇਸ਼ ਹੈ, “ਮੈਂ ਸਮਝਦੀ ਹਾਂ। ਤੁਸੀਂ ਫ਼ਿਕਰ ਨਾ ਕਰੋ।” ਇਸ ਨੂੰ ਦੇਖ ਕੇ ਦੋਸਤੀ ਸ਼ੁਰੂ ਹੁੰਦੀ ਹੈ। ਇਹ ਚੀਜ਼ ਕੀ ਹੈ ਜੋ ਇੰਨਾ ਕੁਝ ਕਰ ਸਕਦੀ ਹੈ? ਇਕ ਮੁਸਕਰਾਹਟ। ਤੁਹਾਡੀ ਮੁਸਕਰਾਹਟ ਵੀ ਇੰਨਾ ਕੁਝ ਕਰ ਸਕਦੀ ਹੈ।
ਪਰ ਮੁਸਕਰਾਹਟ ਹੈ ਕੀ? ਆਮ ਤੌਰ ਤੇ ਸ਼ਬਦ-ਕੋਸ਼ਾਂ ਵਿਚ ਇਸ ਬਾਰੇ ਕਿਹਾ ਗਿਆ ਹੈ ਕਿ ਇਹ ‘ਚਿਹਰੇ ਦਾ ਅਜਿਹਾ ਹਾਵ-ਭਾਵ ਹੈ ਜਿਸ ਵਿਚ ਖ਼ੁਸ਼ ਤਬੀਅਤ, ਮਨਜ਼ੂਰੀ, ਜਾਂ ਖ਼ੁਸ਼ੀ ਪ੍ਰਗਟ ਕਰਨ ਲਈ ਮੂੰਹ ਖਿੜ ਜਾਂਦਾ ਹੈ।’ ਇਸ ਤੋਂ ਸਾਨੂੰ ਸੱਚੀ ਮੁਸਕਰਾਹਟ ਦਾ ਭੇਤ ਮਿਲਦਾ ਹੈ। ਮੁਸਕਰਾਹਟ ਰਾਹੀਂ ਅਸੀਂ ਬਿਨਾਂ ਕੁਝ ਕਹੇ ਆਪਣੇ ਜਜ਼ਬਾਤ ਪ੍ਰਗਟ ਕਰ ਸਕਦੇ ਹਾਂ। ਲੋਕ ਜਾਣ ਸਕਦੇ ਹਨ ਕਿ ਅਸੀਂ ਕਿਵੇਂ ਮਹਿਸੂਸ ਕਰ ਰਹੇ ਹਾਂ। ਇਹ ਸੱਚ ਹੈ ਕਿ ਕਦੀ-ਕਦੀ ਮੁਸਕਰਾਹਟ ਘਿਰਣਾ ਵੀ ਪ੍ਰਗਟ ਕਰ ਸਕਦੀ ਹੈ, ਪਰ ਇਹ ਇਕ ਵੱਖਰੀ ਗੱਲ ਹੈ।
ਕੀ ਮੁਸਕਰਾਉਣ ਜਾਂ ਨਾ ਮੁਸਕਰਾਉਣ ਨਾਲ ਕੋਈ ਫ਼ਰਕ ਪੈਂਦਾ ਹੈ? ਕੀ ਤੁਸੀਂ ਅਜਿਹਾ ਕੋਈ ਮੌਕਾ ਯਾਦ ਕਰ ਸਕਦੇ ਹੋ ਜਦੋਂ ਕਿਸੇ ਦੀ ਮੁਸਕਰਾਹਟ ਤੋਂ ਤੁਹਾਨੂੰ ਤਸੱਲੀ ਮਿਲੀ ਸੀ? ਜਾਂ ਜਦੋਂ ਕਿਸੇ ਦੇ ਨਾ ਮੁਸਕਰਾਉਣ ਦੇ ਕਾਰਨ ਤੁਸੀਂ ਘਬਰਾ ਗਏ ਸੀ ਜਾਂ ਤੁਹਾਨੂੰ ਇਸ ਤਰ੍ਹਾਂ ਲੱਗਾ ਸੀ ਕਿ ਤੁਸੀਂ ਠੁਕਰਾਏ ਜਾ ਰਹੇ ਹੋ? ਜੀ ਹਾਂ, ਮੁਸਕਰਾਉਣ ਨਾਲ ਕਾਫ਼ੀ ਫ਼ਰਕ ਪੈ ਸਕਦਾ ਹੈ। ਇਹ ਸਿਰਫ਼ ਮੁਸਕਰਾਉਣ ਵਾਲੇ ਉੱਤੇ ਹੀ ਅਸਰ ਨਹੀਂ ਪਾਉਂਦਾ ਪਰ ਉਸ ਉੱਤੇ ਵੀ ਜਿਸ ਲਈ ਕੋਈ ਮੁਸਕਰਾ ਰਿਹਾ ਹੈ। ਬਾਈਬਲ ਵਿਚ ਅੱਯੂਬ ਨਾਂ ਦੇ ਮਨੁੱਖ ਨੇ ਆਪਣੇ ਵੈਰੀਆਂ ਬਾਰੇ ਕਿਹਾ: “ਜਦ ਓਹ ਬੇਦਿਲ ਹੁੰਦੇ ਤਾਂ ਮੈਂ ਉਨ੍ਹਾਂ ਉੱਤੇ ਮੁਸਕਰਾਉਂਦਾ, ਅਤੇ ਮੇਰੇ ਮੁੱਖ ਦਾ ਚਾਨਣ ਉਨ੍ਹਾਂ ਨੇ ਕਦੀ ਰੱਦ ਨਾ ਕੀਤਾ।” (ਅੱਯੂਬ 29:24) ਅੱਯੂਬ ਦੇ ਚਿਹਰੇ ਦਾ “ਚਾਨਣ” ਸ਼ਾਇਦ ਉਸ ਦੀ ਖ਼ੁਸ਼ੀ ਦਿਖਾਉਂਦਾ ਸੀ।
ਮੁਸਕਰਾਹਟ ਦੇ ਚੰਗੇ ਅਸਰ ਅੱਜ ਵੀ ਦੇਖੇ ਜਾ ਸਕਦੇ ਹਨ। ਦਿਲੋਂ ਮੁਸਕਰਾਉਣ ਨਾਲ ਤਣਾਅ ਘੱਟ ਸਕਦਾ ਹੈ। ਇਹ ਪ੍ਰੈਸ਼ਰ-ਕੁੱਕਰ ਦੇ ਸੇਫ਼ਟੀ ਵਾਲਵ ਵਰਗਾ ਹੋ ਸਕਦਾ ਹੈ ਜੋ ਭਾਫ਼ ਕੱਢ ਕੇ ਖ਼ਤਰਾ ਦੂਰ ਕਰਦਾ ਹੈ। ਜਦੋਂ ਅਸੀਂ ਤਣਾਅ ਥੱਲੇ ਹੁੰਦੇ ਹਾਂ ਜਾਂ ਨਿਰਾਸ਼ ਹੁੰਦੇ ਹਾਂ, ਤਾਂ ਮੁਸਕਰਾਉਣ ਨਾਲ ਤਣਾਅ ਘੱਟ ਸਕਦਾ ਹੈ ਅਤੇ ਅਸੀਂ ਆਪਣੀ ਨਿਰਾਸ਼ਾ ਦਾ ਸਾਮ੍ਹਣਾ ਕਰ ਸਕਦੇ ਹਾਂ। ਮਿਸਾਲ ਲਈ, ਟੋਮੋਕੋ ਨਾਂ ਦੀ ਲੜਕੀ ਨੇ ਦੇਖਿਆ ਕਿ ਲੋਕ ਉਸ ਵੱਲ ਦੇਖ ਰਹੇ ਸਨ। ਉਸ ਦੇ ਭਾਣੇ ਲੋਕ ਉਸ ਬਾਰੇ ਕੁਝ ਬੁਰਾ-ਭਲਾ ਸੋਚ ਰਹੇ ਸਨ, ਕਿਉਂਕਿ ਜਦੋਂ ਵੀ ਉਨ੍ਹਾਂ ਵਿੱਚੋਂ ਕਿਸੇ ਨਾਲ ਉਸ ਦੀ ਅੱਖ ਮਿਲਦੀ ਸੀ ਤਾਂ ਉਹ ਮੂੰਹ ਫੇਰ ਲੈਂਦੇ ਸਨ। ਟੋਮੋਕੋ ਇਕੱਲੀ ਅਤੇ ਉਦਾਸ ਮਹਿਸੂਸ ਕਰਨ ਲੱਗੀ। ਇਕ ਦਿਨ ਉਸ ਦੀ ਸਹੇਲੀ ਨੇ ਉਸ ਨੂੰ ਕਿਹਾ ਕਿ ਜਦੋਂ ਉਸ ਦੀ ਅੱਖ ਕਿਸੇ ਨਾਲ ਮਿਲੇ ਤਾਂ ਉਹ ਨੂੰ ਉਨ੍ਹਾਂ ਵੱਲ ਮੁਸਕਰਾਉਣਾ ਚਾਹੀਦਾ
ਹੈ। ਟੋਮੋਕੋ ਨੇ ਇਹ ਸਲਾਹ ਦੋ ਹਫ਼ਤਿਆਂ ਲਈ ਅਜ਼ਮਾ ਕੇ ਦੇਖੀ ਅਤੇ ਉਹ ਹੈਰਾਨ ਹੋਈ ਕਿ ਲੋਕਾਂ ਨੇ ਉਸ ਵੱਲ ਵੀ ਮੁਸਕਰਾਇਆ! ਉਸ ਦਾ ਤਣਾਅ ਮਿਟ ਗਿਆ। ਉਸ ਨੇ ਕਿਹਾ ਕਿ “ਹੁਣ ਮੈਂ ਖ਼ੁਸ਼ ਰਹਿੰਦੀ ਹਾਂ।” ਜੀ ਹਾਂ, ਜਦੋਂ ਅਸੀਂ ਮੁਸਕਰਾਉਂਦੇ ਹਾਂ ਤਾਂ ਅਸੀਂ ਦੂਸਰਿਆਂ ਨੂੰ ਮਿਲ ਕੇ ਪਰੇਸ਼ਾਨ ਨਹੀਂ ਹੁੰਦੇ ਅਤੇ ਸਾਡੇ ਲਈ ਦੋਸਤੀ ਦਾ ਹੱਥ ਵਧਾਉਣਾ ਸੌਖਾ ਹੋ ਜਾਂਦਾ ਹੈ।ਤੁਹਾਡੇ ਅਤੇ ਹੋਰਨਾਂ ਉੱਤੇ ਚੰਗਾ ਅਸਰ
ਮੁਸਕਰਾਉਣਾ ਸਾਡੀ ਤਬੀਅਤ ਉੱਤੇ ਅਸਰ ਪਾਉਂਦਾ ਹੈ। ਮੁਸਕਰਾਉਣਾ ਸਾਡੇ ਮਨ ਨੂੰ ਖ਼ੁਸ਼ ਕਰ ਸਕਦਾ ਹੈ। ਇਹ ਸਾਡੀ ਸਿਹਤ ਲਈ ਵੀ ਚੰਗਾ ਹੈ। ਇਕ ਕਹਾਵਤ ਹੈ ਕਿ “ਹੱਸਣਾ ਸਭ ਤੋਂ ਚੰਗੀ ਦਵਾਈ ਹੈ।” ਅਸਲ ਵਿਚ, ਡਾਕਟਰਾਂ ਦਾ ਕਹਿਣਾ ਹੈ ਕਿ ਸਾਡਾ ਮਨ ਸਾਡੀ ਸਿਹਤ ਉੱਤੇ ਕਾਫ਼ੀ ਅਸਰ ਪਾ ਸਕਦਾ ਹੈ। ਕਈਆਂ ਰਿਪੋਰਟਾਂ ਨੇ ਦਿਖਾਇਆ ਹੈ ਕਿ ਲੰਬੇ ਚਿਰ ਦਾ ਤਣਾਅ ਅਤੇ ਸੜੇ ਹੋਏ ਜੀ ਕਰਕੇ ਬੀਮਾਰੀ ਨਾਲ ਲੜਨ ਦੀ ਸਾਡੇ ਸਰੀਰ ਦੀ ਸਮਰਥਾ ਕਮਜ਼ੋਰ ਹੋ ਸਕਦੀ ਹੈ। ਦੂਜੇ ਪਾਸੇ, ਮੁਸਕਰਾਉਣ ਨਾਲ ਅਸੀਂ ਖ਼ੁਸ਼ ਹੁੰਦੇ ਹਾਂ, ਅਤੇ ਹੱਸਦੇ ਰਹਿਣ ਕਰਕੇ ਸਰੀਰ ਦੀ ਬੀਮਾਰੀ ਨਾਲ ਲੜਨ ਦੀ ਸਮਰਥਾ ਹੋਰ ਮਜ਼ਬੂਤ ਹੋ ਜਾਂਦੀ ਹੈ।
ਮੁਸਕਰਾਉਣ ਨਾਲ ਹੋਰਨਾਂ ਉੱਤੇ ਵੀ ਵੱਡਾ ਅਸਰ ਪੈ ਸਕਦਾ ਹੈ। ਫ਼ਰਜ਼ ਕਰੋ ਕਿ ਤੁਹਾਨੂੰ ਕੋਈ ਜਣਾ ਸਲਾਹ ਜਾਂ ਤਾੜਨਾ ਦੇ ਰਿਹਾ ਹੈ। ਤੁਸੀਂ ਸਲਾਹਕਾਰ ਦੇ ਚਿਹਰੇ ਉੱਤੇ ਕੀ ਦੇਖਣਾ ਚਾਹੋਗੇ? ਜੇ ਉਹ ਰੁੱਖਾ ਜਾਂ ਕਠੋਰ ਨਜ਼ਰ ਆਵੇ ਤਾਂ ਕੀ ਤੁਸੀਂ ਇਸ ਤਰ੍ਹਾਂ ਨਹੀਂ ਸੋਚੋਗੇ ਕਿ ਉਹ ਗੁੱਸੇ ਹੈ, ਜਾਂ ਖਿੱਝ ਰਿਹਾ ਹੈ, ਤੁਹਾਨੂੰ ਠੁਕਰਾ ਰਿਹਾ ਹੈ, ਜਾਂ ਤੁਹਾਡੇ ਨਾਲ ਨਫ਼ਰਤ ਕਰ ਰਿਹਾ ਹੈ? ਜਾਂ ਕੀ ਤੁਸੀਂ ਸਲਾਹਕਾਰ ਦੇ ਚਿਹਰੇ ਉੱਤੇ ਇਕ ਅਸਲੀ ਮੁਸਕਰਾਹਟ ਦੇਖਣਾ ਚਾਹੋਗੇ ਜੋ ਤੁਹਾਡੀ ਪਰੇਸ਼ਾਨੀ ਘਟਾਏਗੀ ਅਤੇ ਤੁਹਾਡੇ ਲਈ ਸਲਾਹ ਸਵੀਕਾਰ ਕਰਨੀ ਸੌਖੀ ਬਣਾਏਗੀ? ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਤਣਾਅ ਭਰੀਆਂ ਹਾਲਤਾਂ ਵਿਚ ਮੁਸਕਰਾਉਣਾ ਗ਼ਲਤਫ਼ਹਿਮੀਆਂ ਨੂੰ ਦੂਰ ਕਰਦਾ ਹੈ।
ਚੰਗੀ ਸੋਚਣੀ ਨਾਲ ਮੁਸਕਰਾਉਣਾ ਸੌਖਾ ਬਣਦਾ ਹੈ
ਇਹ ਸੱਚ ਹੈ ਕਿ ਅਸੀਂ ਐਕਟਰ ਨਹੀਂ ਹਾਂ ਜੋ ਜ਼ਰੂਰਤ ਅਨੁਸਾਰ ਮੁਸਕਰਾ ਸਕਦੇ ਹਨ ਅਤੇ ਨਾ ਹੀ ਅਸੀਂ ਇਸ ਤਰ੍ਹਾਂ ਬਣਨਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਾਡੀ ਮੁਸਕਰਾਹਟ ਅਸਲੀ ਹੋਵੇ ਅਤੇ ਓਪਰੀ ਨਹੀਂ। ਸਕੂਲ ਦੀ ਇਕ ਅਧਿਆਪਕਾ, ਜੋ ਗੱਲਬਾਤ ਕਰਨੀ ਸਿਖਾਉਂਦੀ ਹੈ, ਨੇ ਕਿਹਾ: ‘ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਦਿਲੋਂ ਮੁਸਕਰਾਓ, ਨਹੀਂ ਤਾਂ ਤੁਹਾਡੀ ਮੁਸਕਰਾਹਟ ਨਕਲੀ ਲੱਗੇਗੀ।’ ਅਸੀਂ ਦਿਲੋਂ ਕਿਸ ਤਰ੍ਹਾਂ ਮੁਸਕਰਾ ਸਕਦੇ ਹਾਂ? ਇਸ ਵਿਚ ਬਾਈਬਲ ਸਾਡੀ ਮਦਦ ਕਰ ਸਕਦੀ ਹੈ। ਸਾਡੀ ਬੋਲੀ ਬਾਰੇ ਮੱਤੀ 12:34, 35 ਵਿਚ ਲਿਖਿਆ ਗਿਆ ਹੈ: “ਜੋ ਮਨ ਵਿੱਚ ਭਰਿਆ ਹੋਇਆ ਹੈ ਉਹੋ ਮੂੰਹ ਉੱਤੇ ਆਉਂਦਾ ਹੈ। ਭਲਾ ਮਨੁੱਖ ਭਲੇ ਖ਼ਜ਼ਾਨੇ ਵਿੱਚੋਂ ਭਲੀਆਂ ਗੱਲਾਂ ਕੱਢਦਾ ਹੈ ਅਤੇ ਬੁਰਾ ਮਨੁੱਖ ਬੁਰੇ ਖ਼ਜ਼ਾਨੇ ਵਿੱਚੋਂ ਬੁਰੀਆਂ ਗੱਲਾਂ ਕੱਢਦਾ ਹੈ।”
ਯਾਦ ਰੱਖੋ ਕਿ ਬਿਨਾਂ ਕੁਝ ਕਹੇ ਮੁਸਕਰਾਹਟ ਸਾਡੇ ਦਿਲ ਦੀ ਗੱਲ ਪ੍ਰਗਟ ਕਰ ਸਕਦੀ ਹੈ। ਇਸ ਨੂੰ ਮਨ ਵਿਚ ਰੱਖਦੇ ਹੋਏ ਕਿ “ਜੋ ਮਨ ਵਿੱਚ ਭਰਿਆ ਹੋਇਆ ਹੈ ਉਹੋ ਮੂੰਹ ਉੱਤੇ ਆਉਂਦਾ ਹੈ” ਅਤੇ ‘ਭਲੀਆਂ ਗੱਲਾਂ ਭਲੇ ਖ਼ਜਾਨੇ ਵਿੱਚੋਂ’ ਨਿਕਲਦੀਆਂ ਹਨ, ਸਾਨੂੰ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਅਸਲੀ ਮੁਸਕਰਾਹਟ ਸਾਡੀ ਸੋਚਣੀ ਅਤੇ ਸਾਡੇ ਜਜ਼ਬਾਤਾਂ ਜਾਂ ਮੂਡ ਤੋਂ ਪੈਦਾ ਹੁੰਦੀ ਹੈ। ਜੀ ਹਾਂ, ਜੋ ਕੁਝ ਸਾਡੇ ਦਿਲ ਵਿਚ ਹੈ
ਉਹ ਕਦੀ-ਨ-ਕਦੀ ਪ੍ਰਗਟ ਹੋ ਹੀ ਜਾਂਦਾ ਹੈ। ਸਿਰਫ਼ ਸਾਡੇ ਸ਼ਬਦਾਂ ਅਤੇ ਕੰਮਾਂ ਰਾਹੀਂ ਹੀ ਨਹੀਂ, ਪਰ ਇਹ ਸਾਡੇ ਚਿਹਰੇ ਤੋਂ ਵੀ ਪ੍ਰਗਟ ਹੋ ਸਕਦਾ ਹੈ। ਇਸ ਲਈ ਸਾਨੂੰ ਚੰਗੀਆਂ ਗੱਲਾਂ ਉੱਤੇ ਵਿਚਾਰ ਕਰਨਾ ਚਾਹੀਦਾ ਹੈ। ਸਾਡਾ ਚਿਹਰਾ ਬਹੁਤ ਜਲਦੀ ਦੱਸ ਸਕਦਾ ਹੈ ਕਿ ਅਸੀਂ ਦੂਸਰਿਆਂ ਬਾਰੇ ਕੀ ਸੋਚਦੇ ਹਾਂ। ਤਾਂ ਫਿਰ, ਆਓ ਆਪਾਂ ਪਰਿਵਾਰ ਦੇ ਜੀਆਂ, ਗੁਆਂਢੀਆਂ, ਅਤੇ ਦੋਸਤ-ਮਿੱਤਰਾਂ ਦੇ ਚੰਗੇ ਗੁਣਾਂ ਵੱਲ ਧਿਆਨ ਦੇਈਏ। ਇਸ ਤਰ੍ਹਾਂ ਉਨ੍ਹਾਂ ਵੱਲ ਮੁਸਕਰਾਉਣਾ ਹੋਰ ਸੌਖਾ ਹੋ ਜਾਵੇਗਾ। ਸਾਡੀ ਮੁਸਕਰਾਹਟ ਅਸਲੀ ਹੋਵੇਗੀ ਤੇ ਭਲਾਈ, ਦਇਆ, ਅਤੇ ਦਿਆਲਗੀ ਨਾਲ ਭਰੀ ਹੋਈ ਹੋਵੇਗੀ। ਸਾਡੀਆਂ ਅੱਖਾਂ ਚਮਕਣਗੀਆਂ, ਅਤੇ ਲੋਕ ਜਾਣ ਲੈਣਗੇ ਕਿ ਅਸੀਂ ਦਿਲੋਂ ਮੁਸਕਰਾ ਰਹੇ ਹਾਂ।ਪਰ, ਸਾਨੂੰ ਇਹ ਵੀ ਜਾਣਨਾ ਚਾਹੀਦਾ ਹੈ ਕਿ ਲੋਕਾਂ ਦੇ ਵੱਖੋ-ਵੱਖਰੇ ਪਿਛੋਕੜ ਜਾਂ ਮਾਹੌਲ ਕਾਰਨ ਕਈਆਂ ਲਈ ਮੁਸਕਰਾਉਣਾ ਮੁਸ਼ਕਲ ਹੁੰਦਾ ਹੈ। ਭਾਵੇਂ ਕਿ ਉਹ ਆਪਣੇ ਗੁਆਂਢੀਆਂ ਨਾਲ ਖ਼ੁਸ਼ ਹਨ ਉਨ੍ਹਾਂ ਵੱਲ ਮੁਸਕਰਾਉਣਾ ਉਨ੍ਹਾਂ ਦੀ ਆਦਤ ਹੀ ਨਹੀਂ ਹੈ। ਮਿਸਾਲ ਲਈ, ਜਪਾਨ ਦਾ ਰਿਵਾਜ ਹੈ ਕਿ ਇਕ ਮਰਦ ਹਮੇਸ਼ਾ ਸ਼ਾਂਤ ਅਤੇ ਚੁੱਪ ਰਹੇ। ਇਸ ਲਈ ਜਪਾਨ ਦੇ ਕਈਆਂ ਬੰਦਿਆਂ ਨੂੰ ਅਜਨਬੀਆਂ ਵੱਲ ਮੁਸਕਰਾਉਣ ਦੀ ਆਦਤ ਨਹੀਂ ਹੁੰਦੀ। ਇਹ ਸ਼ਾਇਦ ਪੰਜਾਬੀ ਅਤੇ ਦੂਸਰੇ ਸਭਿਆਚਾਰਾਂ ਬਾਰੇ ਵੀ ਸੱਚ ਹੋਵੇ। ਜਾਂ ਹੋ ਸਕਦਾ ਹੈ ਕਿ ਕੁਝ ਲੋਕ ਸ਼ਰਮਾਉਂਦੇ ਹੋਣ ਅਤੇ ਦੂਸਰਿਆਂ ਵੱਲ ਮੁਸਕਰਾਉਣ ਵਿਚ ਉਨ੍ਹਾਂ ਨੂੰ ਸੰਗ ਲੱਗਦੀ ਹੋਵੇ। ਇਸ ਲਈ ਸਾਨੂੰ ਕਿਸੇ ਦੀ ਮੁਸਕਰਾਹਟ ਦੇ ਆਧਾਰ ਤੇ ਉਸ ਦੀ ਚੰਗਿਆਈ ਜਾਂ ਬੁਰਾਈ ਦਾ ਫ਼ੈਸਲਾ ਨਹੀਂ ਕਰਨਾ ਚਾਹੀਦਾ। ਸਾਰਿਆਂ ਲੋਕਾਂ ਦੇ ਵੱਖੋ-ਵੱਖਰੇ ਗੁਣ ਹੁੰਦੇ ਹਨ ਅਤੇ ਨਮਸਕਾਰ ਕਰਨ ਦੇ ਆਪੋ-ਆਪਣੇ ਤਰੀਕੇ ਹੁੰਦੇ ਹਨ।
ਫਿਰ ਵੀ, ਜੇਕਰ ਤੁਹਾਨੂੰ ਦੂਸਰਿਆਂ ਵੱਲ ਮੁਸਕਰਾਉਣਾ ਮੁਸ਼ਕਲ ਲੱਗਦਾ ਹੈ, ਤਾਂ ਕਿਉਂ ਨਾ ਇਸ ਦੀ ਆਦਤ ਪਾਉਣ ਦੀ ਕੋਸ਼ਿਸ਼ ਕਰੋ? ਬਾਈਬਲ ਸਲਾਹ ਦਿੰਦੀ ਹੈ ਕਿ “ਭਲਿਆਈ ਕਰਦਿਆਂ ਅਸੀਂ ਅੱਕ ਨਾਂ ਜਾਈਏ . . . ਅਸੀਂ ਸਭਨਾਂ ਨਾਲ ਭਲਾ ਕਰੀਏ।” (ਗਲਾਤੀਆਂ 6:9, 10) ਲੋਕਾਂ ਦਾ ‘ਭਲਾ ਕਰਨ’ ਦਾ ਇਕ ਤਰੀਕਾ ਇਹ ਹੈ ਕਿ ਅਸੀਂ ਉਨ੍ਹਾਂ ਵੱਲ ਮੁਸਕਰਾਈਏ। ਇਸ ਵਿਚ ਤੁਹਾਡਾ ਕੁਝ ਨਹੀਂ ਜਾਂਦਾ! ਤਾਂ ਫਿਰ, ਜਦੋਂ ਤੁਸੀਂ ਲੋਕਾਂ ਨੂੰ ਮਿਲਦੇ ਹੋ ਮੁਸਕਰਾ ਕੇ ਉਨ੍ਹਾਂ ਨੂੰ ਉਤਸ਼ਾਹ ਦੇਣ ਦੀ ਕੋਸ਼ਿਸ਼ ਕਰੋ। ਉਹ ਇਸ ਦੀ ਬਹੁਤ ਕਦਰ ਕਰਨਗੇ। ਇਸ ਤੋਂ ਇਲਾਵਾ, ਜਿਉਂ-ਜਿਉਂ ਤੁਸੀਂ ਮੁਸਕਰਾਉਣ ਦੀ ਆਦਤ ਪਾਉਂਦੇ ਹੋ, ਮੁਸਕਰਾਉਣਾ ਤੁਹਾਡੇ ਲਈ ਹੋਰ ਸੌਖਾ ਬਣ ਜਾਵੇਗਾ।
[ਸਫ਼ਾ 19 ਉੱਤੇ ਡੱਬੀ]
ਸਾਵਧਾਨ ਰਹਿਣ ਦੇ ਦੋ ਸ਼ਬਦ
ਇਹ ਬੜੀ ਅਫ਼ਸੋਸ ਦੀ ਗੱਲ ਹੈ ਕਿ ਹਰ ਮੁਸਕਰਾਹਟ ਅਸਲੀ ਨਹੀਂ ਹੁੰਦੀ। ਕਈ ਧੋਖੇਬਾਜ਼ ਮਨੁੱਖ ਕਿਸੇ ਨੂੰ ਮੁਸਕਰਾ ਕੇ ਫਸਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਕਈ ਬੇਈਮਾਨੀ ਨਾਲ ਮੁਸਕਰਾ ਕੇ ਸੌਦਾ ਕਰਦੇ ਹਨ। ਉਹ ਜਾਣਦੇ ਹਨ ਕਿ ਮੁਸਕਰਾਹਟ ਦੇਖ ਕੇ ਲੋਕ ਸ਼ੱਕੀ ਅਤੇ ਪਰੇਸ਼ਾਨ ਨਹੀਂ ਹੁੰਦੇ ਹਨ। ਬੁਰੇ ਚਾਲ-ਚਲਣ ਜਾਂ ਗ਼ਲਤ ਇਰਾਦੇ ਰੱਖਣ ਵਾਲੇ ਲੋਕ ਵੀ ਮੁਸਕਰਾਉਣ ਦਾ ਦਿਖਾਵਾ ਕਰਦੇ ਹਨ। ਪਰ ਉਨ੍ਹਾਂ ਦੀ ਮੁਸਕਰਾਹਟ ਨਕਲੀ ਹੁੰਦੀ ਹੈ ਅਤੇ ਉਸ ਵਿਚ ਧੋਖਾ ਹੁੰਦਾ ਹੈ। (ਉਪਦੇਸ਼ਕ ਦੀ ਪੋਥੀ 7:6) ਇਸ ਲਈ, ਭਾਵੇਂ ਅਸੀਂ ਬਿਨਾਂ ਕਿਸੇ ਕਾਰਨ ਸ਼ੱਕੀ ਨਹੀਂ ਹੋਣਾ ਚਾਹੁੰਦੇ, ਸਾਨੂੰ ਸਮਝਣਾ ਚਾਹੀਦਾ ਹੈ ਕਿ ਅਸੀਂ “ਅੰਤ ਦਿਆਂ ਦਿਨਾਂ” ਵਿਚ ਰਹਿ ਰਹੇ ਹਾਂ ਅਤੇ ਇਹ ਭੈੜੇ ਸਮੇਂ ਹਨ। ਸਾਨੂੰ ਯਿਸੂ ਦੀ ਸਲਾਹ ਉੱਤੇ ਚੱਲਣਾ ਚਾਹੀਦਾ ਹੈ: “ਤੁਸੀਂ ਸੱਪਾਂ ਵਰਗੇ ਹੁਸ਼ਿਆਰ ਅਤੇ ਕਬੂਤਰਾਂ ਵਰਗੇ ਭੋਲੇ ਹੋਵੋ।”—2 ਤਿਮੋਥਿਉਸ 3:1; ਮੱਤੀ 10:16.
[ਸਫ਼ਾ 20 ਉੱਤੇ ਤਸਵੀਰ]
ਦੂਸਰਿਆਂ ਨੂੰ ਮਿਲਦੇ ਸਮੇਂ ਮੁਸਕਰਾ ਕੇ ਉਨ੍ਹਾਂ ਨਾਲ ਬੋਲੋ