Skip to content

Skip to table of contents

ਵੱਡੀ ਤਬਾਹੀ ਤੋਂ ਬਚਣਾ

ਵੱਡੀ ਤਬਾਹੀ ਤੋਂ ਬਚਣਾ

ਵੱਡੀ ਤਬਾਹੀ ਤੋਂ ਬਚਣਾ

ਸੰਸਾਰ ਭਰ ਵਿਚ, ਹਰ ਮਿੰਟ ਇਕ ਔਰਤ ਗਰਭ ਜਾਂ ਜਨਮ ਦੇਣ ਦੇ ਕਾਰਨ ਮਰ ਜਾਂਦੀ ਹੈ। ਸੰਯੁਕਤ ਰਾਸ਼ਟਰ-ਸੰਘ ਦੇ ਅਨੁਸਾਰ ਇਹ ਇਕ ‘ਵੱਡੀ ਤਬਾਹੀ ਹੈ।’

ਜ਼ਿਆਦਾ ਮੌਤਾਂ ਖ਼ਾਸ ਕਰਕੇ ਗ਼ਰੀਬ ਦੇਸ਼ਾਂ ਵਿਚ ਹੁੰਦੀਆਂ ਹਨ। ਯੂਰਪ ਵਿਚ 10,000 ਗਰਭਵਤੀ ਔਰਤਾਂ ਵਿੱਚੋਂ ਇਕ ਔਰਤ ਕਿਸੇ-ਨ-ਕਿਸੇ ਕਾਰਨ ਮਰ ਜਾਂਦੀ ਹੈ, ਅਤੇ ਅਮਰੀਕਾ ਵਿਚ ਇਹ ਗਿਣਤੀ 12,500 ਗਰਭਵਤੀ ਔਰਤਾਂ ਵਿੱਚੋਂ ਇਕ ਹੈ। ਪਰ ਲਾਤੀਨੀ ਅਮਰੀਕਾ ਵਿਚ 73 ਗਰਭਵਤੀ ਔਰਤਾਂ ਵਿੱਚੋਂ ਇਕ, ਏਸ਼ੀਆ ਵਿਚ 54 ਔਰਤਾਂ ਵਿੱਚੋਂ ਇਕ, ਅਤੇ ਅਫ਼ਰੀਕਾ ਵਿਚ 21 ਔਰਤਾਂ ਵਿੱਚੋਂ ਇਕ ਦੀ ਮੌਤ ਹੋ ਜਾਂਦੀ ਹੈ। ਇਹ ਕਿੰਨੀ ਅਫ਼ਸੋਸ ਦੀ ਗੱਲ ਹੈ!

ਇਸ ਦਾ ਮਤਲਬ ਹੈ ਕਿ ਹਰ ਸਾਲ ਗਰਭ ਦੇ ਸੰਬੰਧ ਵਿਚ 6,00,000 ਮੌਤਾਂ ਹੁੰਦੀਆਂ ਹਨ। ਇਨ੍ਹਾਂ ਵਿੱਚੋਂ ਕਈ ਮੌਤਾਂ ਰੋਕੀਆਂ ਜਾ ਸਕਦੀਆਂ ਸਨ ਜੇਕਰ ਜਣੇਪੇ ਵੇਲੇ ਕੋਈ ਦਾਈ ਮੌਜੂਦ ਹੁੰਦੀ। ਸੰਯੁਕਤ ਰਾਸ਼ਟਰ-ਸੰਘ ਬਾਲ ਫ਼ੰਡ ਅਤੇ ਵਿਸ਼ਵ ਸਿਹਤ ਸੰਗਠਨ ਇਸ ਗੱਲ ਉੱਤੇ ਜ਼ੋਰ ਦੇ ਰਹੇ ਹਨ ਕਿ ਔਰਤਾਂ (ਅਤੇ ਮਰਦਾਂ) ਨੂੰ ਦਾਈ ਦਾ ਕੰਮ ਕਰਨ ਲਈ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ।

ਉਨ੍ਹਾਂ ਦੇਸ਼ਾਂ ਵਿਚ ਜਿੱਥੇ ਡਾਕਟਰ ਬਹੁਤ ਘੱਟ ਹਨ, ਦਾਈਆਂ ਕਰਕੇ ਕਈਆਂ ਔਰਤਾਂ ਦੀਆਂ ਜਾਨਾਂ ਬਚ ਸਕਦੀਆਂ ਹਨ। ਹਾਲ ਹੀ ਦੇ ਸਮੇਂ ਵਿਚ ਬਾਲ ਫ਼ੰਡ ਦੇ ਇਕ ਡਾਕਟਰ ਨੇ ਅਤੇ ਸਿਹਤ ਸੰਗਠਨ ਦੀ ਸਲਾਹਕਾਰ, ਐਨ ਟੌਮਸਨ ਨੇ ਸੰਯੁਕਤ ਰਾਸ਼ਟਰ-ਸੰਘ ਰੇਡੀਓ ਨੂੰ ਦੱਸਿਆ ਕਿ ਸਿੱਖਿਅਤ ਦਾਈਆਂ ਨੂੰ ਹੋਰ ਅਧਿਕਾਰ ਦੇਣ ਦੇ ਕਈ ਚੰਗੇ ਫ਼ਾਇਦੇ ਹੋ ਰਹੇ ਹਨ। ਉਦਾਹਰਣ ਲਈ, ਉਨ੍ਹਾਂ ਨੇ ਕਿਹਾ ਕਿ ਕਈਆਂ ਅਫ਼ਰੀਕੀ ਦੇਸ਼ਾਂ ਵਿਚ ਗਰਭਵਤੀ ਔਰਤਾਂ ਦੀਆਂ ਮੌਤਾਂ ਉਦੋਂ ਕਾਫ਼ੀ ਘੱਟ ਗਈਆਂ ਜਦੋਂ ਦਾਈਆਂ ਨੂੰ ਜਿਓਰ ਜਾਂ ਔਲ ਕੱਢਣ ਦੀ ਇਜਾਜ਼ਤ ਦਿੱਤੀ ਗਈ ਜੋ ਬੱਚਿਆਂ ਦੇ ਜਨਮ ਤੋਂ ਬਾਅਦ ਆਪ ਨਹੀਂ ਸੁੱਟੀ ਗਈ ਸੀ। ਅਜਿਹੀ ਤਰੱਕੀ ਇੰਡੋਨੇਸ਼ੀਆ ਵਿਚ ਵੀ ਕੀਤੀ ਜਾ ਰਹੀ ਹੈ। ਉੱਥੇ ਦਾ ਟੀਚਾ ਇਹ ਹੈ ਕਿ ਹਰ ਪਿੰਡ ਵਿਚ ਦੋ ਜਣਿਆਂ ਨੂੰ ਦਾਈ ਦਾ ਕੰਮ ਸਿਖਾਇਆ ਜਾਵੇ। ਇਸ ਦੇਸ਼ ਵਿਚ ਹੁਣ ਤਕ 55,000 ਦਾਈਆਂ ਨੂੰ ਸਿਖਲਾਈ ਦੇ ਕੇ ਪਿੰਡਾਂ ਵਿਚ ਭੇਜਿਆ ਗਿਆ ਹੈ।

ਸੰਯੁਕਤ ਰਾਸ਼ਟਰ-ਸੰਘ ਰੇਡੀਓ ਦੇ ਇਕ ਪ੍ਰੋਗ੍ਰਾਮ ਨੇ ਕਿਹਾ ਕਿ “ਅਮੀਰ ਦੇਸ਼ਾਂ ਵਿਚ ਵੀ ਦਾਈਆਂ ਕਾਫ਼ੀ ਕੰਮ ਆ ਰਹੀਆਂ ਹਨ।” ਫਰਾਂਸ, ਨੀਦਰਲੈਂਡਜ਼, ਸਵੀਡਨ, ਅਤੇ ਇੰਗਲੈਂਡ ਵਰਗਿਆਂ ਦੇਸ਼ਾਂ ਵਿਚ ਦਾਈਆਂ ਕਾਫ਼ੀ ਚਿਰ ਤੋਂ ਕੰਮ ਕਰ ਰਹੀਆਂ ਹਨ। ਅਮਰੀਕਾ ਵਿਚ ਇਹ ਕੰਮ ਦੁਬਾਰਾ ਸ਼ੁਰੂ ਕੀਤਾ ਜਾ ਰਿਹਾ ਹੈ। ਐਨ ਟੌਮਸਨ ਆਪ ਇਕ ਸਿੱਖਿਅਤ ਦਾਈ ਹੈ। ਉਸ ਨੇ ਕਿਹਾ ਕਿ ਇਨ੍ਹਾਂ ਦੇਸ਼ਾਂ ਵਿਚ ਦਾਈਆਂ ਦੀ ਕਾਫ਼ੀ ਕਦਰ ਕੀਤੀ ਜਾਂਦੀ ਹੈ ਕਿਉਂਕਿ ਉਹ ਗਰਭਵਤੀ ਔਰਤਾਂ ਦੀ ਨਿੱਜੀ ਅਤੇ ਲਗਾਤਾਰ ਦੇਖ-ਭਾਲ ਕਰਦੀਆਂ ਹਨ। “ਜਨਮ ਦੇਣ ਨੂੰ 24 ਘੰਟਿਆਂ ਤੋਂ ਜ਼ਿਆਦਾ ਸਮਾਂ ਲੱਗ ਸਕਦਾ ਹੈ ਅਤੇ ਡਾਕਟਰਾਂ ਕੋਲ ਇੰਨਾ ਸਮਾਂ ਨਹੀਂ ਹੁੰਦਾ ਕਿ ਉਹ 24 ਘੰਟੇ ਬੈਠੇ ਇੰਤਜ਼ਾਰ ਕਰਦੇ ਰਹਿਣ।” ਪਰ ਉਸ ਨੇ ਅੱਗੇ ਕਿਹਾ ਕਿ ਸਹੀ-ਸਲਾਮਤ ਬੱਚਾ ਪੈਦਾ ਕਰਨ ਲਈ ਇਕ ਜ਼ਰੂਰੀ ਗੱਲ ਇਹ ਹੈ ਕਿ “ਅਜਿਹਾ ਕੋਈ ਜਣਾ ਮੌਜੂਦ ਹੋਵੇ ਜੋ ਹਮਦਰਦ ਅਤੇ ਗਿਆਨਵਾਨ ਹੁੰਦਾ ਹੈ ਅਤੇ ਜੋ ਔਰਤ ਨੂੰ ਤਸੱਲੀ ਦੇ ਸਕਦਾ ਹੈ।”

ਇਸ ਰੇਡੀਓ ਪ੍ਰੋਗ੍ਰਾਮ ਨੇ ਇਸ ਗੱਲ ਵੱਲ ਧਿਆਨ ਖਿੱਚਿਆ ਕਿ “ਹਰ ਸਾਲ 6 ਕਰੋੜ ਜਨਮ ਹੁੰਦੇ ਹਨ ਜਿਨ੍ਹਾਂ ਵਿਚ ਔਰਤ ਦੀ ਦੇਖ-ਭਾਲ ਕਰਨ ਵਾਲਾ ਜਾਂ ਸਿਰਫ਼ ਪਰਿਵਾਰ ਦਾ ਕੋਈ ਜੀਅ ਹੁੰਦਾ ਹੈ, ਜਾਂ ਕੋਈ ਸਹਾਇਕ ਜਿਸ ਨੂੰ ਕੋਈ ਸਿੱਖਿਆ ਨਹੀਂ ਮਿਲੀ ਹੁੰਦੀ, ਜਾਂ ਫਿਰ ਕੋਈ ਵੀ ਨਹੀਂ ਹੁੰਦਾ।” ਸੰਯੁਕਤ ਰਾਸ਼ਟਰ-ਸੰਘ ਇਸ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਨੇ 1998 ਦੇ ਵਿਸ਼ਵ ਸਿਹਤ ਦਿਨ ਦਾ ਵਿਸ਼ਾ “ਸੁਰੱਖਿਅਤ ਮਾਂਪੁਣਾ” ਰੱਖਿਆ। ਇਕ ਡਾਕਟਰ ਨੇ ਕਿਹਾ “ਅਸੀਂ ਜਾਣਦੇ ਹਾਂ ਕਿ ਇਹ ਅਗਲੇ 2 ਜਾਂ 3 ਸਾਲਾਂ ਵਿਚ ਪੂਰਾ ਨਹੀਂ ਹੋਵੇਗਾ।” ਪਰ ਉਨ੍ਹਾਂ ਦਾ ਟੀਚਾ ਇਹ ਹੈ ਕਿ “ਜਣੇਪੇ ਵੇਲੇ ਹਰ ਔਰਤ ਕੋਲ ਸਿੱਖਿਅਤ ਦਾਈ ਹੋਵੇ।”

[ਸਫ਼ਾ 21 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

UN/J. Isaac