ਸੰਸਾਰ ਉੱਤੇ ਨਜ਼ਰ
ਸੰਸਾਰ ਉੱਤੇ ਨਜ਼ਰ
ਮਨੁੱਖਾਂ ਦੁਆਰਾ ਲਿਆਂਦੇ ਕਾਲ
ਯੂ. ਐੱਨ. ਦੀ ਖ਼ੁਰਾਕ ਅਤੇ ਖੇਤੀਬਾੜੀ ਦੀ ਸੰਸਥਾ (ਐੱਫ. ਏ. ਓ.) ਨੇ ਰਿਪੋਰਟ ਕੀਤਾ ਕਿ “ਦੇਸ਼ ਵਿਚ ਲੜਾਈਆਂ ਅਤੇ ਮਾਲੀ ਸੰਕਟਾਂ ਵਰਗੀਆਂ ਇਨਸਾਨਾਂ ਦੁਆਰਾ ਲਿਆਈਆਂ ਗਈਆਂ ਬਿਪਤਾਵਾਂ, ਖ਼ੁਰਾਕ ਦੀ ਕਮੀ ਉੱਤੇ ਕੁਦਰਤੀ ਆਫ਼ਤਾਂ ਨਾਲੋਂ ਜ਼ਿਆਦਾ ਅਸਰ ਪਾਉਂਦੀਆਂ ਹਨ।” ਐੱਫ. ਏ. ਓ. ਦੇ ਅਸਿਸਟੰਟ ਡਾਇਰੈਕਟਰ-ਜਨਰਲ, ਡਾਕਟਰ ਹਾਰਟਵਿਕ ਡ ਹਾਨ ਨੇ ਕਿਹਾ: “1984 ਵਿਚ ਸਿਰਫ਼ 10 ਫੀ ਸਦੀ ਕਾਲ ਇਨਸਾਨ ਦੇ ਜ਼ਿੰਮੇ ਲਾਏ ਜਾ ਸਕਦੇ ਸਨ। ਪਰ ਹੁਣ ਇਸ ਦੀ ਗਿਣਤੀ 50 ਫੀ ਸਦੀ ਨਾਲੋਂ ਜ਼ਿਆਦਾ ਹੈ।” ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ 35 ਦੇਸ਼ਾਂ ਤੋਂ 5,20,00,000 ਲੋਕਾਂ ਨੂੰ ਢਿੱਡ ਭਰ ਕੇ ਰੋਟੀ ਖਾਣ ਨੂੰ ਨਹੀਂ ਮਿਲਦੀ। ਇਸ ਰਿਪੋਰਟ ਨੇ ਅੱਗੇ ਕਿਹਾ: “ਅਫ਼ਰੀਕਾ ਵਿਚ 1984 ਦੇ ਸੋਕੇ ਵਿਚ ਜਿੰਨੇ ਲੋਕ ਭੁੱਖੇ ਸੌਂ ਰਹੇ ਸਨ ਇਸ ਨਾਲੋਂ ਹੁਣ ਕਿਤੇ ਜ਼ਿਆਦਾ ਹਨ।”
ਕੱਚੇ ਪੁੰਗਰੇ ਦਾਣੇ ਖਾਣ ਦਾ ਖ਼ਤਰਾ
ਖਾਣੇ ਰਾਹੀਂ ਫੈਲਦੀਆਂ ਬੀਮਾਰੀਆਂ ਵਿਚ ਵਾਧਾ ਹੋਣ ਕਰਕੇ ਯੂ. ਐੱਸ. ਖ਼ੁਰਾਕ ਅਤੇ ਅਮਲ ਪ੍ਰਬੰਧ (ਐੱਫ. ਡੀ. ਏ.) ਨੇ ਲੋਕਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਦਾਲ ਦੇ ਪੁੰਗਰੇ ਹੋਏ ਕੱਚੇ ਦਾਣੇ ਨਹੀਂ ਖਾਣੇ ਚਾਹੀਦੇ। ਇਹ ਰਿਪੋਰਟ ਐੱਫ. ਡੀ. ਏ. ਕੰਸਿਊਮਰ ਰਸਾਲੇ ਵਿਚ ਛਪੀ ਸੀ। ਕਈ ਲੋਕ ਭਾਂਤ-ਭਾਂਤ ਦੀਆਂ ਦਾਲਾਂ ਦੇ ਪੁੰਗਰੇ ਹੋਏ ਦਾਣੇ ਖਾਣੇ ਪਸੰਦ ਕਰਦੇ ਹਨ। ਪਰ ਨਿਊਯਾਰਕ ਟਾਈਮਜ਼ ਅਖ਼ਬਾਰ ਦੇ ਮੁਤਾਬਕ, ਕਈਆਂ ਦੇਸ਼ਾਂ ਵਿਚ ਇਨ੍ਹਾਂ ਦੇ ਕਰਕੇ ਜੀਵਾਣੂਆਂ ਨਾਲ ਇੰਨਫੈਕਸ਼ਨ ਹੋਣ ਦੀਆਂ ਰਿਪੋਰਟਾਂ ਆਈਆਂ ਹਨ। ਖ਼ਾਸ ਕਰਕੇ ਛੋਟੇ ਬੱਚਿਆਂ ਅਤੇ ਬਜ਼ੁਰਗ ਲੋਕਾਂ ਨੂੰ ਖ਼ਤਰਾ ਹੈ, ਅਤੇ ਜਿਨ੍ਹਾਂ ਦਾ ਇਮਯੂਨ ਸਿਸਟਮ ਠੀਕ ਤਰ੍ਹਾਂ ਨਹੀਂ ਚੱਲਦਾ। ਰਿਸਰਚ ਕਰਨ ਵਾਲਿਆਂ ਨੇ ਜੀਵਾਣੂਆਂ ਨੂੰ ਰੋਕਣ ਲਈ ਕਈ ਤਰੀਕੇ ਅਜ਼ਮਾਏ ਹਨ, ਜਿਵੇਂ ਕਿ ਪੁੰਗਰੇ ਹੋਏ ਦਾਣਿਆਂ ਨੂੰ ਦਵਾਈਆਂ ਨਾਲ ਧੋਣਾ, ਪਰ ਕੋਈ ਵੀ ਤਰੀਕਾ ਪੂਰੀ ਤਰ੍ਹਾਂ ਅਸਰਦਾਰ ਨਹੀਂ ਸਾਬਤ ਹੋਇਆ। ਉਨ੍ਹਾਂ ਨੇ ਸਮਝਾਇਆ ਕੇ “ਦਾਣਿਆਂ ਦੇ ਪੁੰਗਰਨ ਵੇਲੇ ਜੋ ਨਮੀ ਅਤੇ ਗਰਮੀ ਜ਼ਰੂਰੀ ਹੈ ਉਸ ਕਰਕੇ ਇਹ ਜੀਵਾਣੂ ਵਧਦੇ ਹਨ।”
ਪੈਡਲ ਮਾਰਨਾ
ਰੌਏਟਰਜ਼ ਦੀ ਇਕ ਰਿਪੋਰਟ ਨੇ ਕਿਹਾ ਕਿ “ਸਫ਼ਰ ਕਰਦੇ ਹੋਏ ਤਾਕਤ ਬਚਾਉਣ ਵਾਲੀ ਸਭ ਤੋਂ ਵਧੀਆ ਚੀਜ਼ ਸ਼ਾਇਦ ਸਾਈਕਲ ਹੈ—ਸਿਰਫ਼ ਇਸ ਲਈ ਨਹੀਂ ਕਿ ਇਸ ਨੂੰ ਪੈਡਲ ਮਾਰ ਕੇ ਚਲਾਇਆ ਜਾਂਦਾ ਹੈ ਪਰ ਇਸ ਲਈ ਵੀ ਕਿ ਇਸ ਦੇ ਡੀਜ਼ਾਈਨ ਕਰਕੇ ਘੱਟ ਜ਼ੋਰ ਲਾਉਣਾ ਪੈਂਦਾ ਹੈ।” ਅਮਰੀਕਾ ਵਿਚ ਬਾਲਟੀਮੋਰ ਦੀ ਜਾਨਜ਼ ਹੌਪਕਿਨਜ਼ ਯੂਨੀਵਰਸਿਟੀ ਵਿਖੇ ਇੰਜੀਨੀਅਰਾਂ ਨੇ ਕੰਪਿਊਟਰ ਦੁਆਰਾ ਚਲਾਏ ਗਏ ਸਾਈਕਲ ਦੇ ਚੇਨ ਸਿਸਟਮ ਨੂੰ ਇਨਫਰਾ-ਰੈੱਡ ਕੈਮਰੇ ਦੁਆਰਾ ਦੇਖਿਆ। ਉਨ੍ਹਾਂ ਨੇ ਨੋਟ ਕੀਤਾ ਕਿ ਚੇਨ ਦੇ ਚੱਲਣ ਨਾਲ ਬਹੁਤ ਘੱਟ ਗਰਮੀ ਪੈਦਾ ਹੋਈ। ਰਿਪੋਰਟ ਨੇ ਕਿਹਾ ਕਿ “ਇੰਜਿਨੀਅਰ ਬਹੁਤ ਹੈਰਾਨ ਹੋਏ ਕਿ ਚੇਨ ਸਿਸਟਮ 98.6 ਫੀ ਸਦੀ ਤਾਕਤ ਇਸਤੇਮਾਲ ਕਰਦਾ ਹੈ। ਇਸ ਦਾ ਮਤਲਬ ਹੈ ਕਿ ਮੋਹਰਲੇ ਦੰਦੇ ਨੂੰ ਘੁੰਮਾਉਣ ਵਿਚ ਜਿੰਨੀ ਵੀ ਤਾਕਤ ਵਰਤੀ ਜਾਂਦੀ ਹੈ ਉਸ ਵਿੱਚੋਂ 2 ਫੀ ਸਦੀ ਤੋਂ ਘੱਟ ਤਾਕਤ ਗਰਮੀ ਵਿਚ ਗੁਆਈ ਜਾਂਦੀ ਹੈ। ਸਾਈਕਲ ਨੂੰ ਵੱਖ-ਵੱਖ ਹਾਲਾਤਾਂ ਵਿਚ ਚਲਾਇਆ ਗਿਆ ਸੀ ਪਰ ਫਿਰ ਵੀ ਇਸ ਨੇ 81 ਫੀ ਸਦੀ ਨਾਲੋਂ ਘੱਟ ਤਾਕਤ ਨਹੀਂ ਇਸਤੇਮਾਲ ਕੀਤੀ।” ਇਸ ਅਧਿਐਨ ਦੀ ਅਗਵਾਈ ਕਰਨ ਵਾਲੇ ਜੇਮਜ਼ ਸਪਾਈਸਰ ਨੇ ਕਿਹਾ: “ਇਸ ਗੱਲ ਨੇ ਮੈਨੂੰ ਬੜਾ ਹੈਰਾਨ ਕੀਤਾ ਕਿਉਂਕਿ ਚੇਨ ਸਿਸਟਮ ਦੀ ਬਣਤਰ 100 ਸਾਲਾਂ ਵਿਚ ਇੰਨੀ ਨਹੀਂ ਬਦਲੀ।”
ਖ਼ਤਰਨਾਕ ਖ਼ੁਰਾਕ
ਕੁਝ ਸਮਾਂ ਪਹਿਲਾਂ ਪੱਛਮੀ ਭਾਰਤ ਵਿਚ ਕੱਛ ਜ਼ਿਲ੍ਹੇ ਦੇ ਇਕ ਪਸ਼ੂ-ਡਾਕਟਰ, ਡਾਕਟਰ ਜਡੇਜਾ, ਨੇ ਇਕ ਬੀਮਾਰ ਗਾਂ ਦੇ ਪੇਟ ਵਿੱਚੋਂ 45 ਕਿਲੋ ਪਲਾਸਟਿਕ ਬੈਗ ਕੱਢੇ। ਇਹ ਰਿਪੋਰਟ ਭਾਰਤ ਵਿਚ ਕੇਰਲਾ ਦੇ ਇਕ ਰਸਾਲੇ, ਦ ਵੀਕ ਵਿਚ ਛਾਪੀ ਗਈ ਸੀ। ਬੈਗਾਂ ਤੋਂ ਇਲਾਵਾ ਡਾਕਟਰ ਨੂੰ ਪੇਟ ਵਿਚ ਕੱਪੜਾ, ਨਾਰੀਅਲ ਦੀਆਂ ਛਿਲਕਾਂ, ਇਕ ਤਾਰ, ਅਤੇ ਇਕ ਪੇਚ ਵੀ ਲੱਭਿਆ। ਭਾਰਤ ਵਿਚ ਆਵਾਰਾ ਫਿਰਦੀਆਂ ਗਾਈਂਆਂ ਜ਼ਿਆਦਾਤਰ ਕੂੜਾ ਹੀ ਖਾਂਦੀਆਂ ਹਨ, ਅਤੇ ਪਲਾਸਟਿਕ ਬੈਗ ਉਨ੍ਹਾਂ ਲਈ ਖ਼ਤਰਨਾਕ ਹਨ। ਜਦੋਂ ਘਰ ਰੱਖੀਆਂ ਗਈਆਂ ਗਾਂਈਂਆਂ ਚਰਨ ਲਈ ਇਕ ਥਾਂ ਤੋਂ ਦੂਜੀ ਥਾਂ ਨੂੰ ਜਾਂਦੀਆਂ ਹਨ ਤਾਂ ਉਹ ਵੀ ਕਾਫ਼ੀ ਕੂੜਾ ਖਾ ਲੈਂਦੀਆਂ ਹਨ। ਡਾਕਟਰ ਜਡੇਜਾ ਨੇ ਕਿਹਾ ਕਿ ਮੂੰਹ-ਖੁਰ ਰੋਗ ਤੋਂ ਇਲਾਵਾ ਪਲਾਸਟਿਕ ਦੀਆਂ ਚੀਜ਼ਾਂ ਖਾਣੀਆਂ ਗਾਂਈਂਆਂ ਲਈ ਸਭ ਤੋਂ ਵੱਡੀ ਸਮੱਸਿਆ ਹੈ। ਇਹ ਚੀਜ਼ਾਂ ਹਜ਼ਮ ਨਹੀਂ ਹੁੰਦੀਆਂ ਅਤੇ ਪੇਟ ਵਿਚ ਰੁਕਾਵਟ ਬਣ ਜਾਂਦੀਆਂ ਹਨ ਜਿਸ ਕਰਕੇ ਗਾਂ ਉਗਾਲੀ ਨਹੀਂ ਕਰ ਸਕਦੀ। ਅਜਿਹੀਆਂ ਗਾਂਈਂਆਂ ਮਰਨ ਲਈ ਛੱਡੀਆਂ ਜਾਂਦੀਆਂ ਹਨ। ਡਾ. ਜਡੇਜਾ ਨੂੰ ਇਸ ਸਮੱਸਿਆ ਬਾਰੇ ਮੋਚੀਆਂ ਕੋਲੋਂ ਪਤਾ ਲੱਗਾ। ਉਨ੍ਹਾਂ ਨੂੰ ਮਰੀਆਂ ਹੋਈਆਂ ਗਾਂਈਂਆਂ ਦੀ ਚਮੜੀ ਲਾਉਂਦੇ ਹੋਏ ਉਨ੍ਹਾਂ ਦੇ ਪੇਟਾਂ ਵਿਚ ਢੇਰ ਸਾਰੇ ਪਲਾਸਟਿਕ ਬੈਗ ਮਿਲੇ।
ਗੰਦ ਫੈਲਾਉਣ ਵਾਲੀਆਂ ਮੂਰਤੀਆਂ
ਕਿਸੇ ਤਿਉਹਾਰ ਤੋਂ ਬਾਅਦ ਮੂਰਤੀਆਂ ਨੂੰ ਪਾਣੀ ਵਿਚ ਸੁੱਟਣਾ ਹਿੰਦੂਆਂ ਦਾ ਇਕ ਆਮ ਰਿਵਾਜ ਹੈ। ਪਹਿਲਾਂ ਜਦੋਂ ਮੂਰਤੀਆਂ ਨੂੰ ਫੁੱਲ-ਬੂਟਿਆਂ ਤੋਂ ਬਣੇ ਰੰਗ ਨਾਲ ਰੰਗਿਆ ਜਾਂਦਾ ਸੀ, ਤਾਂ ਇਹ ਵਾਤਾਵਰਣ ਲਈ ਕੋਈ ਖ਼ਤਰਾ ਨਹੀਂ ਸੀ। ਪਰ ਹੁਣ ਕਈ ਕਾਰੀਗਰ ਮੂਰਤੀਆਂ ਨੂੰ ਰੰਗਣ ਲਈ ਅਜਿਹਾ ਪੇਂਟ ਇਸਤੇਮਾਲ ਕਰਦੇ ਹਨ ਜਿਸ ਵਿਚ ਲੋਹਾ ਅਤੇ ਕੈਂਸਰ ਵਧਾਉਣ ਵਾਲੇ ਪਦਾਰਥ ਹਨ। ਇਸ ਲਈ ਭਾਰਤ ਦਿਆਂ ਕਈਆਂ ਇਲਾਕਿਆਂ ਵਿਚ ਪਾਣੀ ਕਾਫ਼ੀ ਗੰਦਾ ਹੋ ਗਿਆ ਹੈ ਕਿਉਂਕਿ ਲੋਕ ਹਜ਼ਾਰਾਂ ਹੀ ਮੂਰਤੀਆਂ ਨਦੀਆਂ ਅਤੇ ਝੀਲਾਂ ਵਿਚ ਸੁੱਟਦੇ ਹਨ। ਪਾਣੀ ਦੀ ਗੰਦਗੀ ਘਟਾਉਣ ਲਈ ਇਕ ਸ਼ਹਿਰ ਦੇ ਵਾਸੀਆਂ ਨੇ ਸੈਂਕੜਿਆਂ ਹੀ ਮੂਰਤੀਆਂ ਨੂੰ ਇਕ ਖੇਤ ਵਿਚ ਲਿਜਾ ਕੇ ਉਨ੍ਹਾਂ ਦੇ ਟੋਟੇ-ਟੋਟੇ ਕਰ ਦਿੱਤੇ। ਡਾਊਨ ਟੂ ਅਰਥ ਨਾਂ ਦੇ ਰਸਾਲੇ ਨੇ ਸੁਝਾਅ ਦਿੱਤਾ ਕਿ ਪੂਰੇ ਭਾਰਤ ਵਿਚ ਇਸ ਤਰ੍ਹਾਂ ਕੀਤਾ ਜਾਵੇ ਅਤੇ ਕਿ ਕਾਰੀਗਰ ਬਣਾਵਟੀ ਪੇਂਟ ਦੀ ਬਜਾਇ ਪਹਿਲਾਂ ਵਾਲੇ ਰੰਗ ਇਸਤੇਮਾਲ ਕਰਨ। ਰਸਾਲੇ ਨੇ ਅੱਗੇ ਕਿਹਾ ਕਿ “ਜੇ ਉਹ ਇਸ ਤਰ੍ਹਾਂ ਨਹੀਂ ਕਰਦੇ ਤਾਂ ਜਿਨ੍ਹਾਂ ਨਦੀਆਂ ਦੀ ਹਿੰਦੂ ਪੂਜਾ ਕਰਦੇ ਹਨ ਉਹ ਸ਼ਾਇਦ ਉਨ੍ਹਾਂ ਦੀਆਂ ਮੂਰਤੀਆਂ ਦੁਆਰਾ ਹੀ ਜ਼ਹਿਰੀਲੀਆਂ ਬਣਾਈਆਂ ਜਾਣ।”
ਜਦੋਂ ਮਾਪੇ ਪਰਵਾਹ ਕਰਦੇ ਹਨ
ਦ ਟੋਰੌਂਟੋ ਸਟਾਰ ਅਖ਼ਬਾਰ ਨੇ ਕਿਹਾ ਕਿ “ਵਿਗਿਆਨੀ ਹੁਣ ਕਹਿੰਦੇ ਹਨ ਕਿ ਬੱਚਾ ਇਸੇ ਕਰਕੇ ਕਾਮਯਾਬ ਹੋਵੇਗਾ ਜੇ ਮਾਪੇ ਉਸ ਦੀ ਸਿੱਖਿਆ ਬਾਰੇ ਪਰਵਾਹ ਕਰਨ ਤੇ ਇਸ ਬਾਰੇ ਕੁਝ ਕਰ ਕੇ ਦਿਖਾਉਣ ਵੀ।” ਕੈਨੇਡਾ ਵਿਚ ਦੋ ਸੰਸਥਾਵਾਂ ਨੇ ਸਰਵੇ ਕਰਨ ਲਈ 23,000 ਬੱਚਿਆਂ ਦੀ ਤਰੱਕੀ ਅਤੇ ਸਿਹਤ ਉੱਤੇ ਧਿਆਨ ਲਗਾਇਆ ਸੀ। ਇਹ ਸਰਵੇਖਣ 1994 ਤੋਂ ਸ਼ੁਰੂ ਹੋਇਆ ਅਤੇ ਬੱਚੇ 4 ਤੋਂ 11 ਸਾਲਾਂ ਦੀ ਉਮਰ ਦੇ ਸਨ। ਇਕ ਗੱਲ ਜ਼ਾਹਰ ਹੋਈ ਹੈ ਕਿ ਕੈਨੇਡਾ ਵਿਚ, ਖ਼ਾਸ ਕਰਕੇ ਮੁਢਲੇ ਸਾਲਾਂ ਵਿਚ, ਜ਼ਿਆਦਾਤਰ ਮਾਪੇ ਆਪਣੇ ਬੱਚਿਆਂ ਦੀ ਪੜ੍ਹਾਈ-ਲਿਖਾਈ ਵਿਚ ਦਿਲਚਸਪੀ ਲੈਂਦੇ ਹਨ। ਰਿਪੋਰਟ ਅਨੁਸਾਰ “10 ਅਤੇ 11 ਸਾਲਾਂ ਦੀ ਉਮਰ ਦੇ ਬੱਚਿਆਂ ਵਿੱਚੋਂ 95 ਫੀ ਸਦੀ ਕਹਿੰਦੇ ਹਨ ਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਸਕੂਲੇ ਤਰੱਕੀ ਕਰਨ ਲਈ ਹਮੇਸ਼ਾ ਜਾਂ ਅਕਸਰ ਉਤਸ਼ਾਹ ਦਿੰਦੇ ਹਨ” ਅਤੇ 87 ਫੀ ਸਦੀ ਮਾਪੇ “ਪਹਿਲੀਆਂ ਤਿੰਨ ਜਮਾਤਾਂ ਵਿਚ ਆਪਣੇ ਬੱਚਿਆਂ ਨਾਲ ਬੈਠ ਕੇ ਹਰ ਰੋਜ਼ ਪੜ੍ਹਦੇ ਹਨ।” ਮੇਰੀ ਗੋਰਡਨ, ਜੋ ਟੋਰੌਂਟੋ ਜ਼ਿਲ੍ਹੇ ਦੇ ਸਕੂਲ ਬੋਰਡ ਵਿਚ ਮਾਪਿਆਂ ਦੀ ਮਦਦ ਕਰਨ ਦੇ ਪ੍ਰੋਗ੍ਰਾਮ ਚਲਾਉਂਦੀ ਹੈ, ਨੇ ਕਿਹਾ: “ਅਸੀਂ ਹੁਣ ਜਾਣਦੇ ਹਾਂ ਕਿ ਚੰਗੇ ਮਾਪੇ ਬਣਨ ਲਈ ਤੁਹਾਨੂੰ ਨਾ ਤਾਂ ਅਮੀਰ ਹੋਣਾ ਪੈਂਦਾ ਹੈ ਅਤੇ ਨਾ ਹੀ ਪੜ੍ਹੇ-ਲਿਖੇ। ਤੁਹਾਨੂੰ ਆਪਣੇ ਬੱਚਿਆਂ ਲਈ ਸਿਰਫ਼ ਸਮਾਂ ਕੱਢਣ, ਉਨ੍ਹਾਂ ਬਾਰੇ ਸਚੇਤ ਰਹਿਣ, ਅਤੇ ਉਨ੍ਹਾਂ ਵਿਚ ਦਿਲਚਸਪੀ ਦਿਖਾਉਣ ਦੀ ਲੋੜ ਹੈ।” ਉਸ ਨੇ ਅੱਗੇ ਕਿਹਾ ਕਿ “ਅਜਿਹਾ ਪਿਆਰ-ਭਰਿਆ ਰਿਸ਼ਤਾ ਬੱਚਿਆਂ ਦੇ ਦਿਮਾਗ਼ਾਂ ਤੇ ਅਸਰ ਪਾਉਂਦਾ ਹੈ ਅਤੇ ਇਹ ਸਭ ਤੋਂ ਪਹਿਲਾਂ ਘਰ ਦੇ ਮਾਹੌਲ ਵਿਚ ਸ਼ੁਰੂ ਹੁੰਦਾ ਹੈ।”
ਪਾਲਤੂ ਜਾਨਵਰਾਂ ਨਾਲ ਸਾਵਧਾਨੀ ਵਰਤੋ
ਫਰਾਂਸ ਦੇ ਅਖ਼ਬਾਰ ਲ ਮੌਂਡ ਦੇ ਮੁਤਾਬਕ, ਉੱਥੇ 52 ਫੀ ਸਦੀ ਘਰਾਂ ਵਿਚ ਲੋਕੀਂ ਪਾਲਤੂ ਜਾਨਵਰ ਰੱਖਦੇ ਹਨ। ਇਸ ਲਈ ਫਰਾਂਸ ਵਿਚ ਮੇਜ਼ੋਨ-ਆਲਫੋਰ ਵਿਖੇ ਜਾਨਵਰਾਂ ਦਿਆਂ ਰੋਗਾਂ ਸੰਬੰਧੀ ਕੰਮ ਕਰਨ ਵਾਲੇ ਕੁਝ ਡਾਕਟਰਾਂ ਦੇ ਗਰੁੱਪ ਨੇ ਇਕ ਅਧਿਐਨ ਕੀਤਾ। ਉਨ੍ਹਾਂ ਨੂੰ ਇਹ ਪਤਾ ਲੱਗਾ ਕੇ ਫਰਾਂਸ ਦੀਆਂ 84,00,000 ਬਿੱਲੀਆਂ ਅਤੇ 79,00,000 ਕੁੱਤਿਆਂ ਨੂੰ ਉੱਲੀ ਲੱਗੀ ਹੋਈ ਹੈ ਜਾਂ ਉਨ੍ਹਾਂ ਦੇ ਅੰਦਰ ਕੀੜੇ ਹਨ। ਇਸ ਲਈ ਉਹ ਆਪਣੇ ਮਾਲਕਾਂ ਨੂੰ ਬੀਮਾਰ ਕਰਦੇ ਹਨ। ਉਨ੍ਹਾਂ ਦਿਆਂ ਮਾਲਕਾਂ ਦੀਆਂ ਆਂਦਰਾਂ ਵਿਚ ਧੱਦਰ, ਗੋਲ ਕੀੜਾ, ਚਮੜੀ ਤੇ ਖਾਰਸ਼, ਅੰਦਰਲੇ ਅੰਗਾਂ ਵਿਚ ਜਾਂ ਸਰੀਰ ਦੇ ਟਿਸ਼ੂਆਂ ਵਿਚ ਜੀਵਾਣੂ ਨਜ਼ਰ ਆਏ ਹਨ। ਇਹ ਅਖ਼ੀਰਲੀਆਂ ਬੀਮਾਰੀਆਂ ਗਰਭਪਾਤ ਕਰ ਸਕਦੀਆਂ ਹਨ ਜਾਂ ਅਣਜੰਮੇ ਬੱਚੇ ਦਾ ਨੁਕਸਾਨ ਕਰ ਸਕਦੀਆਂ ਹਨ। ਰਿਪੋਰਟ ਨੇ ਪਾਲਤੂ ਜਾਨਵਰਾਂ ਦੇ ਕਾਰਨ ਹੋ ਰਹੀਆਂ ਅਲਰਜੀਆਂ ਬਾਰੇ ਦੱਸਿਆ ਅਤੇ ਇਹ ਵੀ ਦੱਸਿਆ ਕਿ ਫਰਾਂਸ ਵਿਚ ਲਗਭਗ 1,00,000 ਲੋਕ ਕੁੱਤੇ ਦੇ ਦੰਦੀ ਵੱਢਣ ਕਰਕੇ ਇਨਫੈਕਟ ਹੁੰਦੇ ਹਨ।
ਬਾਈਬਲ ਦਾ ਹੋਰ ਬੋਲੀਆਂ ਵਿਚ ਤਰਜਮਾ
“ਬਾਈਬਲ ਅਜੇ ਵੀ ਦੁਨੀਆਂ ਦੀ ਸਭ ਤੋਂ ਜ਼ਿਆਦਾ ਅਨੁਵਾਦ ਕੀਤੀ ਗਈ ਪੁਸਤਕ ਹੈ,” ਮੈੱਕਸੀਕਨ ਅਖ਼ਬਾਰ ਐਕਸੈੱਲਸੀਅਰ ਨੇ ਕਿਹਾ। ਜਰਮਨ ਬਾਈਬਲ ਸੋਸਾਇਟੀ ਦੇ ਅਨੁਸਾਰ, 1999 ਵਿਚ ਬਾਈਬਲ ਦਾ 21 ਹੋਰ ਬੋਲੀਆਂ ਵਿਚ ਅਨੁਵਾਦ ਕੀਤਾ ਗਿਆ ਸੀ, ਅਤੇ ਇਹ ਹੁਣ ਪੂਰੀ ਜਾਂ ਹਿੱਸਿਆਂ ਵਿਚ ਘੱਟੋ-ਘੱਟ 2,233 ਬੋਲੀਆਂ ਵਿਚ ਮਿਲ ਸਕਦੀ ਹੈ। ਇਨ੍ਹਾਂ ਵਿੱਚੋਂ “ਪੂਰੇ ਪੁਰਾਣੇ ਅਤੇ ਨਵੇਂ ਨੇਮ ਦਾ ਅਨੁਵਾਦ 371 ਬੋਲੀਆਂ ਵਿਚ ਕੀਤਾ ਜਾ ਚੁੱਕਾ ਹੈ, ਜੋ 1998 ਨਾਲੋਂ 5 ਜ਼ਿਆਦਾ ਬੋਲੀਆਂ ਹਨ।” ਇਹ ਸਾਰੀਆਂ ਬੋਲੀਆਂ ਕਿੱਥੋਂ ਦੀਆਂ ਹਨ? ਉਸ ਅਖ਼ਬਾਰ ਨੇ ਕਿਹਾ: “ਜ਼ਿਆਦਾਤਰ ਤਰਜਮੇ ਇਨ੍ਹਾਂ ਦੇਸ਼ਾਂ ਤੋਂ ਮਿਲਦੇ ਹਨ: ਅਫ਼ਰੀਕਾ ਤੋਂ 627, ਏਸ਼ੀਆ ਤੋਂ 553, ਆਸਟ੍ਰੇਲੀਆ/ਸ਼ਾਂਤ-ਮਹਾਂਸਾਗਰ ਤੋਂ 396, ਲਾਤੀਨੀ ਅਮਰੀਕਾ/ਕੈਰੀਬੀਅਨ ਤੋਂ 384, ਯੂਰਪ ਤੋਂ 197, ਅਤੇ ਅਮਰੀਕਾ ਤੋਂ 73.” ਲੇਕਿਨ “ਬਾਈਬਲ ਦਾ ਅਨੁਵਾਦ ਦੁਨੀਆਂ ਦੀਆਂ ਸਾਰੀਆਂ ਬੋਲੀਆਂ ਵਿੱਚੋਂ ਅੱਧੀਆਂ ਵਿਚ ਵੀ ਨਹੀਂ ਕੀਤਾ ਗਿਆ।” ਕਿਉਂ ਨਹੀਂ? ਕਿਉਂਕਿ ਇਨ੍ਹਾਂ ਬੋਲੀਆਂ ਵਿਚ ਬੋਲਣ ਵਾਲੇ ਬਹੁਤ ਘੱਟ ਲੋਕ ਹਨ, ਅਤੇ ਇਨ੍ਹਾਂ ਵਿਚ ਬਾਈਬਲ ਦਾ ਤਰਜਮਾ ਕਰਨਾ ਕੋਈ ਸੌਖਾ ਕੰਮ ਨਹੀਂ ਹੈ। ਇਸ ਦੇ ਨਾਲ-ਨਾਲ ਕਈ ਲੋਕ ਦੋ-ਦੋ ਬੋਲੀਆਂ ਬੋਲ ਸਕਦੇ ਹਨ, ਅਤੇ ਜੇ ਬਾਈਬਲ ਉਨ੍ਹਾਂ ਦੀ ਇਕ ਭਾਸ਼ਾ ਵਿਚ ਨਹੀਂ ਛਪੀ ਤਾਂ ਉਹ ਦੂਜੀ ਭਾਸ਼ਾ ਵਿਚ ਇਸ ਨੂੰ ਪੜ੍ਹ ਸਕਦੇ ਹਨ।