Skip to content

Skip to table of contents

ਇਸ ਨੇ ਉਹ ਦੀ ਜਾਨ ਬਚਾਈ

ਇਸ ਨੇ ਉਹ ਦੀ ਜਾਨ ਬਚਾਈ

ਇਸ ਨੇ ਉਹ ਦੀ ਜਾਨ ਬਚਾਈ

“ਜਾਗਰੂਕ ਬਣੋ!” ਦੇ 22 ਦਸੰਬਰ 1999 (ਅੰਗ੍ਰੇਜ਼ੀ) ਅੰਕ ਦੇ ਪਹਿਲਿਆਂ ਲੇਖਾਂ ਵਿਚ “ਲੋਕਾਂ ਨੂੰ ਅਗਵਾ ਕਰਨ ਦੀ ਸੰਸਾਰਕ ਸਮੱਸਿਆ” ਬਾਰੇ ਗੱਲ ਕੀਤੀ ਗਈ ਸੀ। ਇਨ੍ਹਾਂ ਲੇਖਾਂ ਦੀ ਪ੍ਰਸ਼ੰਸਾ ਵਿਚ ਵਿਲਿਅਮ ਲੂਈ ਟੇਰੇਲ ਨਾਂ ਦੇ ਇਕ ਬੰਦੇ ਨੇ ਕਿਹਾ ਕਿ “ਜਾਗਰੂਕ ਬਣੋ!” ਦੇ ਇਸ ਅੰਕ ਨੇ ਉਸ ਦੀ ਜਾਨ ਬਚਾਉਣ ਵਿਚ ਮਦਦ ਕੀਤੀ।

ਜੋਸਫ਼ ਸੀ. ਪਾਲਸ਼ਿੰਸਕੀ ਜੂਨੀਅਰ ਨੇ ਸ਼ੁੱਕਰਵਾਰ 10 ਮਾਰਚ 2000 ਦੀ ਸਵੇਰ ਨੂੰ ਦੱਸ ਕੁ ਵਜੇ ਟੇਰੇਲ ਨੂੰ ਉਸ ਦੇ ਘਰੋਂ ਬੰਦੂਕ ਦੀ ਨੋਕ ਤੇ ਅਗਵਾ ਕਰ ਲਿਆ ਸੀ। ਟੇਰੇਲ ਕਹਿੰਦਾ ਹੈ ਕਿ ਇਸ ਅਜ਼ਮਾਇਸ਼ ਦੌਰਾਨ ਉਹ ਜਾਗਰੂਕ ਬਣੋ! ਦੇ ਉਸ ਲੇਖ ਨੂੰ ਯਾਦ ਕਰਦਾ ਰਿਹਾ ਜਿਸ ਵਿਚ ਮਾਹਰਾਂ ਨੇ ਸਲਾਹ ਦਿੱਤੀ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਜੇ ਸਾਨੂੰ ਅਗਵਾ ਕੀਤਾ ਜਾਵੇ। ਉਸ ਲੇਖ ਦੀ ਸਲਾਹ ਇਹ ਸੀ:

“ਸਹਿਯੋਗੀ ਬਣੋ; ਜ਼ਿੱਦ ਨਾ ਕਰੋ। ਜਿਹੜੇ ਲੋਕ ਅਗਵਾ ਕਰਨ ਵਾਲੇ ਦਾ ਵਿਰੋਧ ਕਰਦੇ ਹਨ ਉਨ੍ਹਾਂ ਨਾਲ ਅਕਸਰ ਜ਼ਿਆਦਾ ਕਠੋਰਤਾ ਵਰਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਜਾਨੋਂ ਮਾਰਨ ਜਾਂ ਮਾਰ-ਕੁਟਾਈ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ।

“ਘਬਰਾਓ ਨਾ ਅਤੇ ਡਰੋ ਨਾ। ਯਾਦ ਰੱਖੋ ਕਿ ਅਗਵਾ ਕੀਤੇ ਗਏ ਜ਼ਿਆਦਾਤਰ ਵਿਅਕਤੀ ਬਚ ਜਾਂਦੇ ਹਨ।”

“ਜੇ ਮੁਮਕਿਨ ਹੋਵੇ ਤਾਂ ਅਗਵਾ ਕਰਨ ਵਾਲੇ ਨਾਲ ਕੋਈ ਗੱਲਬਾਤ ਸ਼ੁਰੂ ਕਰਨ ਦੀ ਕੋਸ਼ਿਸ਼ ਕਰੋ। ਜੇ ਤੁਹਾਡੇ ਆਪਸ ਵਿਚ ਥੋੜ੍ਹੀ-ਬਹੁਤੀ ਜਾਣ-ਪਛਾਣ ਹੋ ਜਾਵੇ ਤਾਂ ਸੰਭਵ ਹੈ ਕਿ ਉਹ ਤੁਹਾਨੂੰ ਜ਼ਖ਼ਮੀ ਨਹੀਂ ਕਰਨਗੇ ਅਤੇ ਨਾ ਹੀ ਜਾਨੋਂ ਮਾਰਨਗੇ।

“ਉਨ੍ਹਾਂ ਨੂੰ [ਅਗਵਾ ਕਰਨ ਵਾਲਿਆਂ ਨੂੰ] ਆਪਣੀਆਂ ਜ਼ਰੂਰਤਾਂ ਬਾਰੇ ਦੱਸੋ।”

“ਆਪਸ ਵਿਚ ਕੋਈ ਗੱਲਬਾਤ ਜਾਰੀ ਰੱਖਣੀ ਅਗਵਾ ਕੀਤੇ ਗਏ ਵਿਅਕਤੀ ਲਈ ਸੁਰੱਖਿਆ ਦਾ ਕਾਰਨ ਬਣ ਸਕਦਾ ਹੈ, ਜਿਵੇਂ ਕਿ ਅਪਰਾਧੀਆਂ ਦੀ ਚਾਲ-ਢਾਲ ਨਾਂ ਦੀ ਇਕ ਅੰਗ੍ਰੇਜ਼ੀ ਕਿਤਾਬ ਦੱਸਦੀ ਹੈ: ‘ਜਿੰਨਾ ਜ਼ਿਆਦਾ ਅਗਵਾ ਕਰਨ ਵਾਲਾ ਅਤੇ ਸ਼ਿਕਾਰ ਇਕ ਦੂਸਰੇ ਦੇ ਵਾਕਫ਼ ਬਣਦੇ ਹਨ, ਉੱਨਾ ਹੀ ਜ਼ਿਆਦਾ ਉਹ ਇਕ ਦੂਸਰੇ ਨੂੰ ਬਰਦਾਸ਼ਤ ਕਰਨ ਲੱਗ ਪੈਂਦੇ ਹਨ। ਅਤੇ ਇਸ ਕਾਰਨ ਇਹ ਸੰਭਵ ਹੈ ਕਿ ਥੋੜ੍ਹੇ ਸਮੇਂ ਬਾਅਦ ਅਪਰਾਧੀ ਅਗਵਾ ਕੀਤੇ ਗਏ ਵਿਅਕਤੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਏਗਾ।’”

ਵਿਲਿਅਮ ਟੇਰੇਲ 53 ਸਾਲਾਂ ਦਾ ਹੈ ਅਤੇ ਯਹੋਵਾਹ ਦਾ ਇਕ ਗਵਾਹ ਹੈ। ਜਦੋਂ ਉਸ ਨੂੰ 14 ਘੰਟਿਆਂ ਲਈ ਬੰਦੂਕ ਦੀ ਨੋਕ ਤੇ ਕੈਦ ਕੀਤਾ ਗਿਆ ਸੀ, ਉਸ ਨੇ ਇਸ ਰਸਾਲੇ ਦੀ ਸਲਾਹ ਨੂੰ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਸੀ। ਟੇਰੇਲ ਦਾ ਘਰ ਇੰਟਰਸਟੇਟ ਹਾਈਵੇ 95 ਦੇ ਲਾਗੇ ਖੇਤੀਬਾੜੀ ਵਾਲੇ ਇਲਾਕੇ ਵਿਚ ਹੈ। ਉਸ ਦੀ ਅਜ਼ਮਾਇਸ਼ ਉਦੋਂ ਸ਼ੁਰੂ ਹੋਈ ਜਦੋਂ ਪਾਲਸ਼ਿੰਸਕੀ ਦੀ ਚੁਰਾਈ ਗਈ ਕਾਰ ਦਾ ਪਟਰੋਲ ਖ਼ਤਮ ਹੋ ਗਿਆ ਅਤੇ ਉਸ ਨੇ ਟੇਰੇਲ ਦੇ ਘਰ ਦਾ ਦਰਵਾਜ਼ਾ ਖਟਖਟਾਇਆ।

ਟੇਰੇਲ ਨੇ ਇਸ ਅਜਨਬੀ ਦੀ ਗੱਲ ਸੁਣਨ ਤੋਂ ਬਾਅਦ ਕਿਹਾ ਕਿ ਉਹ ਉਸ ਦੀ ਮਦਦ ਕਰੇਗਾ। ਪਾਲਸ਼ਿੰਸਕੀ ਨੇ ਪਾਣੀ ਦਾ ਇਕ ਗਲਾਸ ਮੰਗਿਆ ਅਤੇ ਕਿਹਾ ਕਿ ਉਸ ਨੂੰ ਬਾਲਟੀਮੋਰ, ਮੈਰੀਲੈਂਡ ਤਕ ਜਾਣ ਵਿਚ ਮਦਦ ਚਾਹੀਦੀ ਸੀ। ਟੇਰੇਲ ਨੇ ਉਸ ਨੂੰ ਕਿਹਾ ਕਿ ਉਹ ਉਸ ਲਈ ਬੰਦੋਬਸਤ ਕਰ ਦੇਵੇਗਾ ਕਿ ਕੋਈ ਉਸ ਨੂੰ ਵਰਜੀਨੀਆ ਵਿਚ ਫਰੈਡਰਿਕਸਬਰਗ ਸ਼ਹਿਰ ਤਕ ਲੈ ਜਾਵੇ, ਜਿੱਥੇ ਉਹ ਬੱਸ ਫੜ ਕੇ ਆਪਣੇ ਟਿਕਾਣੇ ਤੇ ਪਹੁੰਚ ਸਕਦਾ ਸੀ। ਜਦੋਂ ਟੇਰੇਲ ਇਸ ਅਜਨਬੀ ਲਈ ਪਾਣੀ ਦਾ ਗਲਾਸ ਲੈ ਕੇ ਵਾਪਸ ਆਇਆ ਤਾਂ ਪਾਲਸ਼ਿੰਸਕੀ ਨੇ ਟੇਰੇਲ ਨੂੰ ਇਕ ਬੰਦੂਕ ਦਿਖਾਈ ਅਤੇ ਕਿਹਾ ਕਿ ਉਹ ਉਸ ਨੂੰ ਆਪਣੀ ਕਾਰ ਵਿਚ ਉਸ ਦੇ ਟਿਕਾਣੇ ਤੇ ਪਹੁੰਚਾਵੇ।

ਸਲਾਹ ਲਾਗੂ ਕਰਨੀ

ਕਾਰ ਵਿਚ ਇੰਟਰਸਟੇਟ 95 ਦੀ ਸੜਕ ਉੱਤੇ ਜਾਂਦੇ ਹੋਏ, ਟੇਰੇਲ ਨੇ ਪਾਲਸ਼ਿੰਸਕੀ ਦੇ ਕਹਿਣੇ ਅਨੁਸਾਰ ਕਾਰ ਚਲਾਈ, ਯਾਨੀ ਉਸ ਨੇ ਕਾਰ ਬਹੁਤ ਹੀ ਤੇਜ਼ ਨਹੀਂ ਅਤੇ ਅਜਿਹੇ ਤਰੀਕੇ ਵਿਚ ਚਲਾਈ ਤਾਂਕਿ ਕਿਸੇ ਦਾ ਧਿਆਨ ਉਨ੍ਹਾਂ ਵੱਲ ਨਾ ਖਿੱਚਿਆ ਜਾਵੇ। ਸ਼ਾਂਤ ਰਹਿ ਕੇ ਟੇਰੇਲ ਨੇ 31 ਸਾਲਾਂ ਦੇ ਪਾਲਸ਼ਿੰਸਕੀ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ। ਟੇਰੇਲ ਨੇ ਉਸ ਬੰਦੇ ਵਿਚ ਅਤੇ ਉਨ੍ਹਾਂ ਹਾਲਾਤਾਂ ਵਿਚ ਸੱਚੀ ਦਿਲਚਸਪੀ ਦਿਖਾਈ ਜਿਸ ਕਾਰਨ ਉਨ੍ਹਾਂ ਦੀ ਮੁਲਾਕਾਤ ਹੋਈ। ਪਾਲਸ਼ਿੰਸਕੀ ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਉਹ ਆਪਣੀ ਪ੍ਰੇਮਿਕਾ ਟ੍ਰੇਸੀ ਨੂੰ ਮਿਲਣ ਗਿਆ ਸੀ ਜਿਸ ਨੇ ਉਸ ਨੂੰ ਠੁਕਰਾ ਦਿੱਤਾ ਸੀ। ਉਹ ਟ੍ਰੇਸੀ ਨੂੰ ਆਪਣੇ ਨਾਲ ਲਿਜਾਣਾ ਚਾਹੁੰਦਾ ਸੀ। ਪਰ ਟ੍ਰੇਸੀ ਦੇ ਦੋ ਦੋਸਤਾਂ ਅਤੇ ਇਕ ਗੁਆਂਢੀ ਨੇ ਪਾਲਸ਼ਿੰਸਕੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਲਈ ਉਸ ਨੇ ਉਨ੍ਹਾਂ ਦਾ ਖ਼ੂਨ ਕਰ ਦਿੱਤਾ। ਪਰ ਟ੍ਰੇਸੀ ਬਾਅਦ ਵਿਚ ਛੁੱਟ ਗਈ।

ਅਗਲੀ ਸ਼ਾਮ, ਜਦੋਂ ਪਾਲਸ਼ਿੰਸਕੀ ਇਕ ਕਾਰ ਚੁਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਤਾਂ ਉਸ ਦੀ ਇਕ ਗੋਲੀ ਦੋ ਸਾਲਾਂ ਦੇ ਇਕ ਮੁੰਡੇ ਦੇ ਲੱਗੀ ਜਿਸ ਦਾ ਜਬਾੜ੍ਹਾ ਟੁੱਟ ਗਿਆ। ਇਕ ਹੋਰ ਗੋਲੀ ਇਕ ਕਾਰ ਵਿਚ ਜਾ ਲੱਗੀ ਜਿਸ ਨੂੰ ਜੈਨੀਫਰ ਲਿਨ ਮਕਡੋਨਲ ਚਲਾ ਰਹੀ ਸੀ। ਅਫ਼ਸੋਸ ਦੀ ਗੱਲ ਹੈ ਕਿ ਉਸ ਦੀ ਮੌਤ ਹੋ ਗਈ, ਅਤੇ ਇਕ ਹੋਰ ਗੋਲੀ ਕਾਰ ਦੀ ਛੋਟੀ ਸੀਟ ਵਿਚ ਲੱਗੀ ਜਿਸ ਵਿਚ ਉਹ ਆਪਣੇ ਇਕ ਸਾਲ ਦੇ ਬੱਚੇ ਨੂੰ ਬਿਠਾਉਂਦੀ ਹੁੰਦੀ ਸੀ। ਜੈਨੀਫਰ ਅਤੇ ਉਸ ਦਾ ਪਤੀ ਟੌਮਸ, ਯਹੋਵਾਹ ਦੇ ਗਵਾਹਾਂ ਦੇ ਕਿੰਗਡਮ ਹਾਲ ਨੂੰ ਜਾ ਰਹੇ ਸਨ, ਜਿੱਥੇ ਉਨ੍ਹਾਂ ਦੋਹਾਂ ਨੇ ਮੀਟਿੰਗ ਵਿਚ ਹਿੱਸਾ ਲੈਣਾ ਸੀ। ਉਸ ਸ਼ਾਮ ਉਨ੍ਹਾਂ ਦਾ ਬੱਚਾ ਉਨ੍ਹਾਂ ਦੇ ਨਾਲ ਨਹੀਂ ਸੀ। ਜੈਨੀਫਰ ਦੀ ਮਾਂ ਸੇਰਾ ਫ਼ਰਾਂਸਿਸ ਨੇ ਕਿਹਾ ਕਿ ‘ਸਿਰਫ਼ ਉਸੇ ਸ਼ਾਮ ਉਹ ਪਹਿਲੀ ਵਾਰ ਬੱਚੇ ਨੂੰ ਘਰ ਛੱਡ ਕੇ ਗਏ ਸਨ। ਨਹੀਂ ਤਾਂ ਅਸੀਂ ਘਰ ਦੇ ਦੋ ਜੀਆਂ ਦਾ ਅਫ਼ਸੁਸ ਕਰਦੇ।’

ਜਿਉਂ-ਜਿਉਂ ਟੇਰੇਲ ਨੇ ਹੌਲੀ-ਹੌਲੀ ਪਾਲਸ਼ਿੰਸਕੀ ਨਾਲ ਗੱਲਬਾਤ ਜਾਰੀ ਰੱਖੀ, ਪਾਲਸ਼ਿੰਸਕੀ ਨੇ ਕਿਹਾ ਕਿ ਉਸ ਦਾ ਇਹ ਇਰਾਦਾ ਕਦੀ ਨਹੀਂ ਸੀ ਕਿ ਉਹ ਕਿਸੇ ਨੂੰ ਦੁੱਖ ਪਹੁੰਚਾਏ ਅਤੇ ਉਹ ਟ੍ਰੇਸੀ ਨਾਲ ਬਹੁਤ ਪਿਆਰ ਕਰਦਾ ਸੀ ਅਤੇ ਉਸ ਨੂੰ ਚਾਹੁੰਦਾ ਸੀ। ਟੇਰੇਲ ਅੱਗੇ ਦੱਸਦਾ ਹੈ ਕਿ “ਮੈਂ ਉਹ ਨੂੰ ਸਮਝਾਇਆ ਕਿ ਉਹ ਉਨ੍ਹਾਂ ਗੱਲਾਂ ਨੂੰ ਬਦਲ ਨਹੀਂ ਸਕਦਾ ਜੋ ਹੋ ਚੁੱਕੀਆਂ ਹਨ ਪਰ ਜੋ ਹੋਣ ਵਾਲਾ ਹੈ ਉਹ ਉਸ ਨੂੰ ਬਦਲ ਸਕਦਾ ਹੈ। ਮੈਂ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕਰ ਦੇਵੇ। ਮੈਂ ਕਿਹਾ ਕਿ ਮੈਂ ਉਸ ਨੂੰ ਜੇਲ੍ਹ ਵਿਚ ਮਿਲਣ ਲਈ ਆਵਾਂਗਾ ਅਤੇ ਉਸ ਨਾਲ ਬਾਈਬਲ ਸਟੱਡੀ ਕਰਾਂਗਾ।” ਬਾਅਦ ਵਿਚ ਰਿਪੋਰਟਾਂ ਤੋਂ ਪਤਾ ਚਲਿਆ ਕਿ 1987 ਵਿਚ ਹਾਈ ਸਕੂਲ ਤੋਂ ਨਿਕਲਣ ਤੋਂ ਬਾਅਦ ਪਾਲਸ਼ਿੰਸਕੀ ਨੇ 10 ਮਹੀਨਿਆਂ ਤੋਂ ਇਲਾਵਾ ਬਾਕੀ ਦਾ ਸਾਰਾ ਸਮਾਂ ਜੇਲ੍ਹ ਵਿਚ, ਦਿਮਾਗ਼ੀ-ਸਿਹਤ ਦੀਆਂ ਸੰਸਥਾਵਾਂ ਵਿਚ ਜਾਂ ਪੁਲਸ ਦੀ ਨਿਗਰਾਨੀ ਹੇਠਾਂ ਕੱਟਿਆ।

ਟੇਰੇਲ ਨੇ ਬਹੁਤ ਸਮੇਂ ਤੋਂ ਇਕ ਮਸੀਹੀ ਕਲੀਸਿਯਾ ਦੇ ਬਜ਼ੁਰਗ ਵਜੋਂ ਸੇਵਾ ਕੀਤੀ ਹੈ। ਇਸ ਲਈ ਉਸ ਨੇ ਆਪਣਾ ਤਜਰਬਾ ਇਸਤੇਮਾਲ ਕੀਤਾ ਅਤੇ ਬਾਈਬਲ ਦੀਆਂ ਸੱਚੀਆਂ ਮਿਸਾਲਾਂ ਵਰਤ ਕੇ ਇਸ ਬੀਮਾਰ ਨੌਜਵਾਨ ਨਾਲ ਬੇਨਤੀ ਕੀਤੀ। ਮਿਸਾਲ ਲਈ, ਟੇਰੇਲ ਨੇ ਉਸ ਨੂੰ ਇਸਰਾਏਲ ਦੇ ਰਾਜੇ ਦਾਊਦ ਬਾਰੇ ਦੱਸਿਆ। ਉਹ ਇਕ ਚੰਗਾ ਬੰਦਾ ਸੀ ਪਰ ਉਹ ਆਪਣੀ ਫ਼ੌਜ ਦੇ ਇਕ ਸਿਪਾਹੀ ਊਰਿੱਯਾਹ ਦੀ ਪਤਨੀ ਦੇ ਮਗਰ ਲੱਗ ਪਿਆ ਸੀ। ਜਦੋਂ ਉਹ ਦਾਊਦ ਦੇ ਬੱਚੇ ਦੀ ਮਾਂ ਬਣਨ ਵਾਲੀ ਸੀ ਤਾਂ ਦਾਊਦ ਨੇ ਮਤਾ ਪਕਾਇਆ ਕਿ ਊਰਿੱਯਾਹ ਲੜਾਈ ਵਿਚ ਮਰਵਾਇਆ ਜਾਵੇ। ਜਦੋਂ ਦਾਊਦ ਦੇ ਪਾਪਾਂ ਦਾ ਭੇਤ ਖੋਲ੍ਹਿਆ ਗਿਆ ਤਾਂ ਉਸ ਨੇ ਦਿਲੋਂ ਪਛਤਾਵਾ ਕੀਤਾ ਅਤੇ ਪਰਮੇਸ਼ੁਰ ਦੀ ਕਿਰਪਾ ਮੁੜ ਕੇ ਹਾਸਲ ਕੀਤੀ।​—2 ਸਮੂਏਲ 11:2–12:14.

ਟੇਰੇਲ ਨੇ ਇਸ ਆਦਮੀ ਨਾਲ ਇਕ ਦੋਸਤੀ ਕਾਇਮ ਕਰ ਲਈ ਅਤੇ ਉਸ ਨੂੰ ਉਹ ਦੇ ਛੋਟੇ ਨਾਂ ਜੋਬੀ ਤੋਂ ਸੱਦਣ ਲੱਗ ਪਿਆ। ਜਦ ਉਹ ਇਕ ਦੁਕਾਨ ਦੇ ਬਾਹਰ ਰੁਕੇ, ਪਾਲਸ਼ਿੰਸਕੀ ਨੇ ਟੇਰੇਲ ਨੂੰ ਖਾਣਾ ਅਤੇ ਇਕ ਨਿੱਕਾ ਚੁੱਕਵਾਂ ਟੈਲੀਵਿਯਨ ਖ਼ਰੀਦਣ ਲਈ ਅੰਦਰ ਭੇਜਿਆ। ਉਹ ਨੇ ਉਸ ਨੂੰ ਕਿਹਾ ਕਿ ਜੇ ਉਸ ਨੇ ਕੋਈ ਚਲਾਕੀ ਕਰਨ ਦੀ ਕੋਸ਼ਿਸ਼ ਕੀਤੀ ਜਾਂ ਕਿਸੇ ਤੋਂ ਮਦਦ ਮੰਗੇਗਾ ਤਾਂ ਉਹ ਹੋਰ ਲੋਕਾਂ ਨੂੰ ਵੀ ਜਾਨੋਂ ਮਾਰ ਦੇਵੇਗਾ। ਇਸ ਅਪਰਾਧੀ ਦੀ ਬੁਰੀ ਹਾਲਤ ਨੂੰ ਦੇਖ ਕੇ ਟੇਰੇਲ ਨੇ ਉਸ ਦੀ ਗੱਲ ਮੰਨ ਲਈ। ਆਖ਼ਰਕਾਰ, 11 ਵਜੇ ਦੀਆਂ ਖ਼ਬਰਾਂ ਤੇ ਆਪਣੇ ਅਪਰਾਧਾਂ ਦਾ ਪ੍ਰੋਗ੍ਰਾਮ ਦੇਖ ਕੇ ਪਾਲਸ਼ਿੰਸਕੀ ਨੇ ਟੇਰੇਲ ਨੂੰ ਜੱਫੀ ਪਾਈ ਅਤੇ ਚੁੱਪ-ਚਾਪ ਬਾਲਟੀਮੋਰ ਸ਼ਹਿਰ ਦੀ ਬਾਹਰਲੀ ਬਸਤੀ ਵਿਚ ਫਰਾਰ ਹੋ ਗਿਆ।

ਇਕ ਕੁ ਹਫ਼ਤੇ ਬਾਅਦ, ਪਾਲਸ਼ਿੰਸਕੀ ਇਕ ਘਰ ਵਿਚ ਫੜਿਆ ਗਿਆ ਜਿੱਥੇ ਉਸ ਨੇ ਲੋਕਾਂ ਨੂੰ ਕੈਦ ਕੀਤਾ ਹੋਇਆ ਸੀ। ਜਦੋਂ ਪਾਲਸ਼ਿੰਸਕੀ ਨੇ ਟੇਰੇਲ ਬਾਰੇ ਗੱਲ ਕੀਤੀ ਤਾਂ ਪੁਲਸ ਨੇ ਟੇਰੇਲ ਨੂੰ ਸੱਦਿਆ ਤਾਂਕਿ ਉਹ ਉਸ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਕਰ ਸਕੇ। ਅਫ਼ਸੋਸ ਦੀ ਗੱਲ ਹੈ ਕਿ ਉਸ ਨਾਲ ਕੋਈ ਵੀ ਗੱਲਬਾਤ ਕਰਨ ਦਾ ਫ਼ਾਇਦਾ ਨਹੀਂ ਹੋਇਆ। ਮਾਰਚ 22 ਤੇ ਪੁਲਸ ਨੂੰ ਘਰ ਵਿਚ ਜ਼ਬਰਦਸਤੀ ਵੜਨਾ ਪਿਆ ਅਤੇ ਪਾਲਸ਼ਿੰਸਕੀ ਮਾਰਿਆ ਗਿਆ। ਕਿਸੇ ਹੋਰ ਨੂੰ ਸੱਟ ਨਹੀਂ ਲੱਗੀ।

ਬਾਅਦ ਵਿਚ ਟੇਰੇਲ ਨੇ ਜਾਗਰੂਕ ਬਣੋ! ਦੇ ਉਸ ਰਸਾਲੇ ਦੀਆਂ ਕੁਝ 600 ਕਾਪੀਆਂ ਪ੍ਰਾਪਤ ਕੀਤੀਆਂ ਜਿਸ ਕਾਰਨ ਉਹ ਕਹਿੰਦਾ ਹੈ ਕਿ ਉਸ ਦੀ ਜਾਨ ਬਚੀ। ਉਸ ਨੇ ਸੈਂਕੜੇ ਰਸਾਲੇ ਦੂਸਰਿਆਂ ਨੂੰ ਵੰਡੇ ਹਨ। ਟੇਰੇਲ ਇਸ ਗੱਲ ਦਾ ਸ਼ੁਕਰ ਕਰਦਾ ਹੈ ਕਿ ਉਸ ਨੇ ਪਹਿਲਾਂ ਤੋਂ ਜਾਗਰੂਕ ਬਣੋ! ਦੀ ਬਹੁਮੁੱਲੀ ਜਾਣਕਾਰੀ ਨੂੰ ਪੜ੍ਹਨ ਦੀ ਆਦਤ ਬਣਾਈ ਹੋਈ ਸੀ ਅਤੇ ਸਾਡੇ ਖ਼ਿਆਲ ਵਿਚ ਤੁਹਾਨੂੰ ਵੀ ਇਸ ਨੂੰ ਪੜ੍ਹ ਕੇ ਲਾਭ ਹੋਵੇਗਾ।

[ਸਫ਼ਾ 12 ਉੱਤੇ ਤਸਵੀਰ]

ਵਿਲਿਅਮ ਟੇਰੇਲ