Skip to content

Skip to table of contents

ਜੀਵਨ ਸੰਬੰਧੀ ਸਿੱਖਿਆ

ਜੀਵਨ ਸੰਬੰਧੀ ਸਿੱਖਿਆ

ਜੀਵਨ ਸੰਬੰਧੀ ਸਿੱਖਿਆ

“ਜੀਉਣ ਦੇ ਤੌਰ-ਤਰੀਕੇ ਬਾਰੇ ਬਾਈਬਲ ਸਭ ਤੋਂ ਵਧੀਆ ਸਲਾਹ ਦਿੰਦੀ ਹੈ।”​—ਟੋਮਸ ਟਿਪਲੇਡੀ, 1924.

ਇਹ ਕਹਿਣਾ ਕੋਈ ਬੇਤੁਕੀ ਗੱਲ ਨਹੀਂ ਹੋਵੇਗੀ ਕਿ ਬਾਈਬਲ ਦੀ ਸਿੱਖਿਆ ਜ਼ਿੰਦਗੀਆਂ ਨੂੰ ਬਦਲ ਸਕਦੀ ਹੈ। ਜੋ ਲੋਕ ਪਹਿਲਾਂ ਨਾਉਮੀਦ ਤੇ ਮਾਯੂਸ ਸਨ, ਬਾਈਬਲ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਮਕਸਦ ਤੇ ਉਮੀਦ ਨਾਲ ਭਰ ਦਿੱਤਾ ਹੈ। ਨਮੀਬੀਆ ਦੇਸ਼ ਤੋਂ ਇਕ ਇਕੱਲੀ ਮਾਂ ਨੇ ਯਹੋਵਾਹ ਦੇ ਗਵਾਹਾਂ ਦੀ ਦੱਖਣੀ ਅਫ਼ਰੀਕਾ ਦੀ ਸ਼ਾਖ਼ਾ ਨੂੰ ਲਿਖਿਆ:

“ਮੇਰੀ ਉਮਰ 29 ਸਾਲਾਂ ਦੀ ਹੈ ਤੇ ਮੈਂ ਨੌਜਵਾਨਾਂ ਦੇ ਸਵਾਲ​—ਵਿਵਹਾਰਕ ਜਵਾਬ (ਅੰਗ੍ਰੇਜ਼ੀ) ਕਿਤਾਬ ਸਿਰਫ਼ ਦੋ ਦਿਨਾਂ ਵਿਚ ਹੀ ਪੜ੍ਹ ਲਈ। ਇਸ ਕਿਤਾਬ ਨੇ ਮੇਰੇ ਦਿਲ ਦੀਆਂ ਗਹਿਰਾਈਆਂ ਨੂੰ ਛੋਹ ਲਿਆ ਕਿਉਂਕਿ ਮੈਂ ਬਹੁਤ ਇਕੱਲੀ ਮਹਿਸੂਸ ਕਰਦੀ ਹਾਂ। ਮੇਰੇ ਬੁਆਏ-ਫ੍ਰੈਂਡ ਦੇ ਕਾਰ ਹਾਦਸੇ ਵਿਚ ਮਰਨ ਕਰਕੇ ਮੈਂ ਤੇ ਮੇਰੇ ਦੋ ਬੱਚੇ ਬੇਸਹਾਰਾ ਹੋ ਗਏ। ਹੁਣ ਸਾਨੂੰ ਬੜੇ ਦੁੱਖ ਝੱਲਣੇ ਪੈ ਰਹੇ ਹਨ। ਪਹਿਲਾਂ ਕਈ ਵਾਰੀ ਮੈਂ ਸੋਚਦੀ ਹੁੰਦੀ ਸਾਂ ਕਿ ਚੰਗਾ ਹੋਵੇਗਾ ਜੇ ਮੈਂ ਪਹਿਲਾਂ ਆਪਣੇ ਬੱਚਿਆਂ ਨੂੰ ਮਾਰ ਦੇਵਾਂ ਤੇ ਫਿਰ ਮੈਂ ਖ਼ੁਦ ਮਰ ਜਾਵਾਂ। ਪਰ ਇਸ ਕਿਤਾਬ ਨੂੰ ਪੜ੍ਹ ਕੇ ਮੈਂ ਹੁਣ ਆਪਣਾ ਇਰਾਦਾ ਬਦਲ ਲਿਆ ਹੈ। ਕਿਰਪਾ ਕਰ ਕੇ ਮੁਫ਼ਤ ਬਾਈਬਲ ਸਟੱਡੀ ਕਰਾਉਣ ਦੁਆਰਾ ਮੇਰੀ ਮਦਦ ਕਰੋ।”

ਬਾਈਬਲ ਇਕ ਅਜਿਹੀ ਸੇਧ ਦੇਣ ਵਾਲੀ ਕਿਤਾਬ ਹੈ ਜੋ ਜ਼ਿੰਦਗੀ ਦੇ ਹਰ ਪਹਿਲੂ ਵਿਚ, ਜਿਵੇਂ ਪਰਿਵਾਰ ਵਿਚ, ਸਹਿਕਰਮੀਆਂ ਨਾਲ ਤੇ ਸਮਾਜ ਵਿਚ ਦੂਜੇ ਲੋਕਾਂ ਨਾਲ ਆਪਸੀ ਰਿਸ਼ਤਿਆਂ ਵਿਚ ਕਾਮਯਾਬ ਹੋਣ ਲਈ ਲੋਕਾਂ ਦੀ ਮਦਦ ਕਰ ਸਕਦੀ ਹੈ। (ਜ਼ਬੂਰ 19:7; 2 ਤਿਮੋਥਿਉਸ 3:16) ਬਾਈਬਲ ਚੰਗੇ ਕੰਮ ਕਰਨ ਤੇ ਬੁਰੇ ਕੰਮ ਛੱਡਣ ਲਈ ਚੰਗੀ ਅਗਵਾਈ ਦਿੰਦੀ ਹੈ। ਇਹ ਜ਼ਿੰਦਗੀ ਬਾਰੇ ਵਧੀਆ ਸਲਾਹ ਦਿੰਦੀ ਹੈ। ਜਦੋਂ ਤੁਸੀਂ ਇਸ ਨੂੰ ਪੜ੍ਹੋਗੇ, ਤਾਂ ਤੁਸੀਂ ਦੇਖੋਗੇ ਕਿ ਇਹ ਅਸਲੀ ਲੋਕਾਂ ਦੀਆਂ ਜੀਵਨੀਆਂ ਨਾਲ ਭਰੀ ਹੋਈ ਕਿਤਾਬ ਹੈ। ਤੁਸੀਂ ਦੇਖੋਗੇ ਕਿ ਕਿਹੜੀ ਗੱਲ ਕਰਕੇ ਕੁਝ ਲੋਕਾਂ ਨੇ ਖ਼ੁਸ਼ੀਆਂ ਅਤੇ ਸੰਤੋਖ ਭਰੀਆਂ ਜ਼ਿੰਦਗੀਆਂ ਬਿਤਾਈਆਂ ਤੇ ਕਿਹੜੀ ਗੱਲ ਕਾਰਨ ਦੂਸਰਿਆਂ ਦੀਆਂ ਜ਼ਿੰਦਗੀਆਂ ਦੁੱਖਾਂ ਤੇ ਨਿਰਾਸ਼ਾ ਭਰੀਆਂ ਸਨ। ਇਨ੍ਹਾਂ ਬਿਰਤਾਂਤਾਂ ਤੋਂ ਤੁਹਾਨੂੰ ਪਤਾ ਲੱਗੇਗਾ ਕਿ ਕਿਹੜੀਆਂ ਗੱਲਾਂ ਫ਼ਾਇਦੇਮੰਦ ਹਨ ਤੇ ਕਿਹੜੀਆਂ ਨਹੀਂ।

ਮੌਜੂਦਾ ਜ਼ਿੰਦਗੀ ਵਿਚ ਕੰਮ ਆਉਣ ਵਾਲੀ ਸਿੱਖਿਆ

ਬਾਈਬਲ ਖਰੀ ਬੁੱਧ ਦੀ ਅਹਿਮੀਅਤ ਉੱਤੇ ਜ਼ੋਰ ਦਿੰਦੀ ਹੈ। ਇਹ ਕਹਿੰਦੀ ਹੈ: “ਬੁੱਧ ਦਾ ਮੁੱਢ ਇਹ ਹੈ ਭਈ ਬੁੱਧ ਨੂੰ ਪ੍ਰਾਪਤ ਕਰ।” (ਕਹਾਉਤਾਂ 4:7) ਬਾਈਬਲ ਇਹ ਵੀ ਮੰਨਦੀ ਹੈ ਕਿ ਇਨਸਾਨਾਂ ਕੋਲ ਬੁੱਧ ਦੀ ਘਾਟ ਹੈ, ਇਸ ਲਈ ਇਹ ਸਲਾਹ ਦਿੰਦੀ ਹੈ: “ਜੇ ਤੁਹਾਡੇ ਵਿੱਚੋਂ ਕਿਸੇ ਨੂੰ ਬੁੱਧ ਦਾ ਘਾਟਾ ਹੋਵੇ ਤਾਂ ਉਹ ਪਰਮੇਸ਼ੁਰ ਕੋਲੋਂ ਮੰਗੇ ਜਿਹੜਾ ਸਭਨਾਂ ਨੂੰ ਖੁਲ੍ਹੇ ਦਿਲ . . . ਨਾਲ ਦਿੰਦਾ ਹੈ।”​—ਯਾਕੂਬ 1:5.

ਸਾਡਾ ਸ੍ਰਿਸ਼ਟੀਕਰਤਾ ਯਹੋਵਾਹ ਪਰਮੇਸ਼ੁਰ ਕਿੱਦਾਂ ਖੁੱਲ੍ਹੇ ਦਿਲ ਨਾਲ ਬੁੱਧ ਦਿੰਦਾ ਹੈ? ਆਪਣੇ ਬਚਨ ਬਾਈਬਲ ਦੁਆਰਾ ਜਿਸ ਨੂੰ ਪੜ੍ਹਨ ਦੀ ਉਹ ਸਾਨੂੰ ਹੱਲਾਸ਼ੇਰੀ ਦਿੰਦਾ ਹੈ। ਪਰਮੇਸ਼ੁਰ ਬੇਨਤੀ ਕਰਦਾ ਹੈ: “ਹੇ ਮੇਰੇ ਪੁੱਤ੍ਰ, ਜੇ ਤੂੰ ਮੇਰੇ ਆਖੇ ਲੱਗੇਂ, ਅਤੇ ਮੇਰੇ ਹੁਕਮਾਂ ਨੂੰ ਆਪਣੇ ਕੋਲ ਸਾਂਭ ਰੱਖੇਂ, ਭਈ ਬੁੱਧ ਵੱਲ ਕੰਨ ਲਾਵੇਂ, . . . ਤਾਂ ਤੂੰ ਯਹੋਵਾਹ ਦੇ ਭੈ ਨੂੰ ਸਮਝੇਂਗਾ, ਅਤੇ ਪਰਮੇਸ਼ੁਰ ਦੇ ਗਿਆਨ ਨੂੰ ਪ੍ਰਾਪਤ ਕਰੇਂਗਾ, ਕਿਉਂ ਜੋ ਬੁੱਧ ਯਹੋਵਾਹ ਹੀ ਦਿੰਦਾ ਹੈ।” (ਕਹਾਉਤਾਂ 2:1, 2, 5, 6) ਜਦੋਂ ਅਸੀਂ ਬਾਈਬਲ ਵਿਚ ਪਾਈ ਜਾਂਦੀ ਸਲਾਹ ਤੇ ਚੱਲਦੇ ਹਾਂ ਅਤੇ ਦੇਖਦੇ ਹਾਂ ਕਿ ਇਹ ਕਿੰਨੀ ਫ਼ਾਇਦੇਮੰਦ ਹੈ, ਤਾਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਇਹ ਵਾਕਈ ਪਰਮੇਸ਼ੁਰੀ ਬੁੱਧ ਦਾ ਸਬੂਤ ਹੈ।

ਮਿਸਾਲ ਵਜੋਂ, ਗ਼ਰੀਬੀ ਦਾ ਸਾਮ੍ਹਣਾ ਕਰਨ ਦੀ ਹੀ ਗੱਲ ਲੈ ਲਓ। ਬਾਈਬਲ ਮਿਹਨਤ ਕਰਨ ਦੀ ਸਲਾਹ ਦਿੰਦੀ ਹੈ ਅਤੇ ਪੈਸਾ ਬਰਬਾਦ ਕਰਨ ਵਾਲੀਆਂ ਭੈੜੀਆਂ ਆਦਤਾਂ ਖ਼ਿਲਾਫ਼ ਚੇਤਾਵਨੀ ਦਿੰਦੀ ਹੈ। ਇਸ ਤਰ੍ਹਾਂ ਅਜਿਹੀਆਂ ਬੁਰੀਆਂ ਆਦਤਾਂ ਜਿਵੇਂ ਤਮਾਖੂ ਖਾਣਾ ਤੇ ਜ਼ਿਆਦਾ ਸ਼ਰਾਬ ਪੀਣੀ ਬਾਈਬਲ ਅਸੂਲਾਂ ਦੇ ਬਿਲਕੁਲ ਖ਼ਿਲਾਫ਼ ਹੈ।​—ਕਹਾਉਤਾਂ 6:6-11; 10:26; 23:19-21; 2 ਕੁਰਿੰਥੀਆਂ 7:1.

ਸਾਡੀਆਂ ਜ਼ਿੰਦਗੀਆਂ ਉੱਤੇ ਸਾਡੇ ਮਿੱਤਰਾਂ ਦੇ ਅਸਰ ਬਾਰੇ ਕੀ ਕਿਹਾ ਜਾ ਸਕਦਾ ਹੈ? ਬਾਈਬਲ ਕਹਿੰਦੀ ਹੈ: “ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ, ਪਰ ਮੂਰਖਾਂ ਦੇ ਸਾਥੀ ਨੂੰ ਦੁਖ ਹੋਵੇਗਾ।” (ਕਹਾਉਤਾਂ 13:20) ਕੀ ਤੁਸੀਂ ਕਦੇ ਗੌਰ ਕੀਤਾ ਹੈ ਕਿ ਹਾਣੀਆਂ ਦਾ ਦਬਾਅ ਅਕਸਰ ਜਵਾਨਾਂ ਤੇ ਬਜ਼ੁਰਗਾਂ ਦੋਹਾਂ ਨੂੰ ਹੀ ਸ਼ਰਾਬਖੋਰੀ, ਨਸ਼ੀਲੀਆਂ ਦਵਾਈਆਂ ਦੀ ਵਰਤੋਂ ਕਰਨ ਤੇ ਅਨੈਤਿਕਤਾ ਵੱਲ ਲੈ ਜਾਂਦਾ ਹੈ? ਜੀ ਹਾਂ, ਜੇ ਅਸੀਂ ਅਜਿਹੀਆਂ ਭੈੜੀਆਂ ਆਦਤਾਂ ਵਾਲੇ ਲੋਕਾਂ ਨਾਲ ਮਿਲਾਂ-ਗਿਲਾਂਗੇ, ਤਾਂ ਅਸੀਂ ਵੀ ਉਨ੍ਹਾਂ ਵਰਗੇ ਬਣ ਜਾਵਾਂਗੇ। ਜਿਵੇਂ ਬਾਈਬਲ ਕਹਿੰਦੀ ਹੈ: “ਬੁਰੀਆਂ ਸੰਗਤਾਂ ਚੰਗਿਆਂ ਚਲਣਾਂ ਨੂੰ ਵਿਗਾੜ ਦਿੰਦੀਆਂ ਹਨ।”​—1 ਕੁਰਿੰਥੀਆਂ 15:33.

ਯਕੀਨਨ, ਅਸੀਂ ਸਾਰੇ ਹੀ ਖ਼ੁਸ਼ ਰਹਿਣਾ ਚਾਹੁੰਦੇ ਹਾਂ। ਪਰ ਇਹ ਕਿੱਦਾਂ ਮੁਮਕਿਨ ਹੋ ਸਕਦਾ ਹੈ? ਬਾਈਬਲ ਕਹਿੰਦੀ ਹੈ ਕਿ ਚੀਜ਼ਾਂ ਸਾਨੂੰ ਖ਼ੁਸ਼ ਨਹੀਂ ਕਰ ਸਕਦੀਆਂ ਪਰ ਚੰਗੇ ਰਵੱਈਏ ਅਤੇ ਚੰਗੇ ਰਿਸ਼ਤੇ—ਖ਼ਾਸਕਰ ਪਰਮੇਸ਼ੁਰ ਨਾਲ ਇਕ ਚੰਗਾ ਰਿਸ਼ਤਾ​—ਰੱਖਣ ਨਾਲ ਹੀ ਸਾਨੂੰ ਖ਼ੁਸ਼ੀ ਮਿਲ ਸਕਦੀ ਹੈ। ਕੀ ਤੁਹਾਨੂੰ ਇਸ ਗੱਲ ਦਾ ਪਤਾ ਸੀ? (1 ਤਿਮੋਥਿਉਸ 6:6-10) ਯਿਸੂ ਮਸੀਹ ਨੇ ਆਪਣੇ ਮਸ਼ਹੂਰ ਪਹਾੜੀ ਉਪਦੇਸ਼ ਵਿਚ ਕਿਹਾ ਕਿ ਜਿਹੜੇ ਲੋਕ ਵਾਕਈ ਖ਼ੁਸ਼ ਹਨ ਉਹ “ਦਿਲ ਦੇ ਗ਼ਰੀਬ,” “ਹਲੀਮ,” ‘ਧਰਮ ਦੇ ਤਿਹਾਏ,’ “ਦਯਾਵਾਨ,” “ਸ਼ੁੱਧਮਨ” ਅਤੇ “ਮੇਲ ਕਰਾਉਣ ਵਾਲੇ” ਹੁੰਦੇ ਹਨ।​—ਮੱਤੀ 5:1-9.

ਜਦੋਂ ਤੁਸੀਂ ਬਾਈਬਲ ਦੀਆਂ ਸਿੱਖਿਆਵਾਂ ਉੱਤੇ ਧਿਆਨ ਨਾਲ ਸੋਚ-ਵਿਚਾਰ ਕਰੋਗੇ, ਤਾਂ ਤੁਸੀਂ ਇਸ ਗੱਲ ਦੀ ਕਦਰ ਕਰੋਗੇ ਕਿ ਇਹ ਸਿੱਖਿਆਵਾਂ ਸਾਡੀਆਂ ਜ਼ਿੰਦਗੀਆਂ ਨੂੰ ਸੇਧ ਦੇਣ ਵਿਚ ਮਦਦ ਕਰ ਸਕਦੀਆਂ ਹਨ। ਸਲਾਹ ਦੇਣ ਦੇ ਮਾਮਲੇ ਵਿਚ ਬਾਈਬਲ ਇਕ ਅਨੋਖੀ ਕਿਤਾਬ ਹੈ। ਇਸ ਦੀ ਸਲਾਹ ਹਮੇਸ਼ਾ ਫ਼ਾਇਦੇਮੰਦ ਹੁੰਦੀ ਹੈ। ਇਹ ਕੋਈ ਖੋਖਲੀ ਗੱਲ ਨਹੀਂ ਦੱਸਦੀ ਤੇ ਨਾ ਹੀ ਇਸ ਦੀ ਸਲਾਹ ਕਦੇ ਕਿਸੇ ਨੂੰ ਨੁਕਸਾਨ ਪਹੁੰਚਾਉਂਦੀ ਹੈ। ਬਾਈਬਲ ਦੀ ਸਲਾਹ ਤੇ ਚੱਲਣ ਵਾਲਿਆਂ ਨੂੰ ਹਮੇਸ਼ਾ ਫ਼ਾਇਦਾ ਹੀ ਹੁੰਦਾ ਹੈ।

ਸਦਾ ਕੰਮ ਆਉਣ ਵਾਲੀ ਸਿੱਖਿਆ

ਬਾਈਬਲ ਸਾਨੂੰ ਹੁਣ ਫ਼ਾਇਦਾ ਪਹੁੰਚਾਉਣ ਦੇ ਨਾਲ-ਨਾਲ ਆਉਣ ਵਾਲੇ ਭਵਿੱਖ ਲਈ ਵੀ ਉਮੀਦ ਦਿੰਦੀ ਹੈ। ਇਹ ਦੱਸਦੀ ਹੈ ਕਿ ਧਰਤੀ ਨੂੰ ਸ਼ਾਨਦਾਰ ਤਰੀਕੇ ਨਾਲ ਸਾਫ਼ ਕੀਤਾ ਜਾਵੇਗਾ ਅਤੇ ਪਰਮੇਸ਼ੁਰ ਦੇ ਸੇਵਕਾਂ ਦੇ ਰਹਿਣ ਲਈ ਇਸ ਨੂੰ ਇਕ ਸੋਹਣੇ ਘਰ ਵਰਗਾ ਬਣਾਇਆ ਜਾਵੇਗਾ। ਭਵਿੱਖ ਬਾਰੇ ਇਸ ਸ਼ਾਨਦਾਰ ਬਿਰਤਾਂਤ ਤੇ ਜ਼ਰਾ ਗੌਰ ਕਰੋ: “ਵੇਖ, ਪਰਮੇਸ਼ੁਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ ਅਤੇ ਉਹ ਓਹਨਾਂ ਨਾਲ ਡੇਰਾ ਕਰੇਗਾ ਅਤੇ ਓਹ ਉਸ ਦੀ ਪਰਜਾ ਹੋਣਗੇ ਅਤੇ ਪਰਮੇਸ਼ੁਰ ਆਪ ਓਹਨਾਂ ਦਾ ਪਰਮੇਸ਼ੁਰ ਹੋ ਕੇ ਓਹਨਾਂ ਦੇ ਨਾਲ ਰਹੇਗਾ। ਅਤੇ ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।”​—ਪਰਕਾਸ਼ ਦੀ ਪੋਥੀ 21:3, 4; ਕਹਾਉਤਾਂ 2:21, 22.

ਜ਼ਰਾ ਸੋਚੋ: ਫਿਰ ਕੋਈ ਬੱਚਾ ਰੋਗੀ ਨਹੀਂ ਹੋਵੇਗਾ, ਨਾ ਕੋਈ ਭੁੱਖਾ ਮਰੇਗਾ, ਨਾ ਭਿਆਨਕ ਬੀਮਾਰੀਆਂ ਹੋਣਗੀਆਂ ਜੋ ਸਰੀਰ ਨੂੰ ਕਮਜ਼ੋਰ ਕਰ ਦਿੰਦੀਆਂ ਹਨ ਤੇ ਨਾ ਹੀ ਕੋਈ ਅਸਹਿ ਦੁੱਖ ਹੋਵੇਗਾ! ਮਾਯੂਸੀ, ਨਿਰਾਸ਼ਾ ਤੇ ਗਮੀ ਦੇ ਹੰਝੂ ਜਾਂਦੇ ਰਹਿਣਗੇ ਜਿਉਂ ਹੀ ਅਜਿਹੇ ਹਾਲਾਤ ਪੈਦਾ ਕਰਨ ਵਾਲੀਆਂ ਚੀਜ਼ਾਂ ਨੂੰ ਬਦਲਿਆ ਜਾਂ ਮਿਟਾਇਆ ਜਾਵੇਗਾ। ਜਾਣ-ਬੁੱਝ ਕੇ ਬੁਰੇ ਕੰਮ ਕਰਨ ਵਾਲੇ ਲੋਕਾਂ ਨੂੰ ਪਰਮੇਸ਼ੁਰ ਦੇ ਦੂਤਾਂ ਦੀ ਸੈਨਾ ਨਾਸ਼ ਕਰ ਦੇਵੇਗੀ ਤੇ ਚੋਰੀ ਕਰਨ ਵਾਲੇ, ਖ਼ੂਨੀ, ਝੂਠੇ ਤੇ ਦੂਸਰੇ ਲੋਕਾਂ ਦਾ ਵੀ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇਗਾ ਜੋ ਲੋਕਾਂ ਦਾ ਜੀਉਣਾ ਮੁਸ਼ਕਲ ਕਰਦੇ ਹਨ। ਲੋਕਾਂ ਦੇ ਆਪਣੇ ਘਰ ਹੋਣਗੇ ਤੇ ਉਹ ਇਨ੍ਹਾਂ ਘਰਾਂ ਵਿਚ ਸੁਰੱਖਿਆ ਦਾ ਆਨੰਦ ਮਾਣਨਗੇ।​—ਯਸਾਯਾਹ 25:8, 9; 33:24; 65:17-25.

ਕੀ ਤੁਸੀਂ ਅਜਿਹੇ ਹਾਲਾਤ ਦੇਖਣਾ ਪਸੰਦ ਕਰੋਗੇ? ਕੀ ਤੁਸੀਂ ਬਾਈਬਲ ਦੇ ਅਸੂਲਾਂ ਮੁਤਾਬਕ ਚੱਲਣ ਬਾਰੇ ਹੋਰ ਸਿੱਖਣਾ ਚਾਹੁੰਦੇ ਹੋ ਤਾਂਕਿ ਤੁਸੀਂ ਹੁਣ ਅਤੇ ਭਵਿੱਖ ਵਿਚ ਬਰਕਤਾਂ ਹਾਸਲ ਕਰ ਸਕੋ? ਜੇ ਤੁਸੀਂ ਸਿੱਖਣਾ ਚਾਹੁੰਦੇ ਹੋ, ਤਾਂ ਕਿਰਪਾ ਕਰ ਕੇ ਯਹੋਵਾਹ ਦੇ ਗਵਾਹਾਂ ਨੂੰ ਮਿਲੋ। ਉਹ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਦੁਨੀਆਂ ਭਰ ਵਿਚ ਚੱਲ ਰਹੇ ਇਸ “ਜੀਵਨ ਸੰਬੰਧੀ ਸਿੱਖਿਆ” ਪ੍ਰੋਗ੍ਰਾਮ ਵਿਚ ਸ਼ਾਮਲ ਕਰ ਕੇ ਬੜੇ ਖ਼ੁਸ਼ ਹੋਣਗੇ।