Skip to content

Skip to table of contents

ਤੁਸੀਂ ਬਿਹਤਰੀਨ ਸਿੱਖਿਆ ਕਿੱਥੋਂ ਪਾ ਸਕਦੇ ਹੋ?

ਤੁਸੀਂ ਬਿਹਤਰੀਨ ਸਿੱਖਿਆ ਕਿੱਥੋਂ ਪਾ ਸਕਦੇ ਹੋ?

ਤੁਸੀਂ ਬਿਹਤਰੀਨ ਸਿੱਖਿਆ ਕਿੱਥੋਂ ਪਾ ਸਕਦੇ ਹੋ?

“ਜਿਵੇਂ ਬੁੱਤਤਰਾਸ਼ੀ ਰਾਹੀਂ ਸੰਗਮਰਮਰ ਦੇ ਪੱਥਰ ਨੂੰ ਘੜ ਕੇ ਇਕ ਸੋਹਣਾ ਰੂਪ ਦਿੱਤਾ ਜਾ ਸਕਦਾ ਹੈ, ਉਸੇ ਤਰ੍ਹਾਂ ਸਿੱਖਿਆ ਇਕ ਵਿਅਕਤੀ ਦੀ ਸ਼ਖ਼ਸੀਅਤ ਨੂੰ ਨਿਖਾਰ ਕੇ ਚਾਰ ਚੰਨ ਲਗਾ ਸਕਦੀ ਹੈ।”​—ਜੋਸਫ਼ ਐਡੀਸਨ, 1711.

ਕੀ ਤੁਸੀਂ ਕਦੇ ਸਕੂਲ ਗਏ ਹੋ? ਜ਼ਿਆਦਾਤਰ ਲੋਕ ਇਸ ਦਾ ਜਵਾਬ ਹਾਂ ਵਿਚ ਦੇਣਗੇ, ਪਰ ਸਾਰੇ ਨਹੀਂ। ਇਸ 21ਵੀਂ ਸਦੀ ਵਿਚ ਵੀ ਅਸੀਂ ਦੇਖਦੇ ਹਾਂ ਕਿ ਲੱਖਾਂ ਹੀ ਬੱਚੇ ਸਕੂਲ ਨਹੀਂ ਜਾਂਦੇ। ਕਾਫ਼ੀ ਲੰਮੇ ਸਮੇਂ ਤੋਂ ਇੱਦਾਂ ਹੀ ਹੁੰਦਾ ਆਇਆ ਹੈ ਜਿਸ ਕਰਕੇ ਅੱਜ ਲਗਭਗ ਇਕ ਅਰਬ ਬਾਲਗ ਅਨਪੜ੍ਹ ਹਨ।

ਪਰ ਚੰਗੀ ਸਿੱਖਿਆ ਇਨਸਾਨ ਦੀ ਇਕ ਬੁਨਿਆਦੀ ਲੋੜ ਹੈ। ਪੁਰਾਣੇ ਜ਼ਮਾਨੇ ਵਿਚ ਸਿੱਖਿਆ ਲੈਣੀ ਸਿਰਫ਼ ਅਮੀਰਾਂ ਦਾ ਹੱਕ ਸਮਝਿਆ ਜਾਂਦਾ ਸੀ, ਪਰ ਅੱਜ ਬਹੁਤ ਸਾਰੇ ਲੋਕਾਂ ਨੂੰ ਅਹਿਸਾਸ ਹੋ ਰਿਹਾ ਹੈ ਕਿ ਸਿੱਖਿਆ ਬੱਚਿਆਂ ਅਤੇ ਵੱਡਿਆਂ ਦੋਹਾਂ ਲਈ ਬੜੀ ਜ਼ਰੂਰੀ ਹੈ। ਪਰ ਲੋੜੀਂਦੇ ਸਾਧਨਾਂ ਤੋਂ ਬਗੈਰ ਚੰਗੀ ਸਿੱਖਿਆ ਪਾਉਣੀ ਕਿੱਦਾਂ ਮੁਮਕਿਨ ਹੋ ਸਕਦੀ ਹੈ? ਉਦੋਂ ਕੀ ਜਦੋਂ ਕਿਤਾਬਾਂ, ਕਾਬਲ ਅਧਿਆਪਕਾਂ ਤੇ ਸਕੂਲਾਂ ਦੀ ਘਾਟ ਹੋਵੇ?

ਦਰਅਸਲ ਲੋਕ ਅਜਿਹੀ ਚੰਗੀ ਸਿੱਖਿਆ ਕਿੱਥੋਂ ਪਾ ਸਕਦੇ ਹਨ ਜੋ ਹਰੇਕ ਵਿਦਿਆਰਥੀ ਨੂੰ ਕਲਾਸ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕਰੇ, ਉਨ੍ਹਾਂ ਦੇ ਆਪਣੇ ਆਲੇ-ਦੁਆਲੇ ਦੇ ਸੰਸਾਰ ਦਾ ਗਿਆਨ ਵਧਾਏ ਅਤੇ ਉਨ੍ਹਾਂ ਦੀਆਂ ਜ਼ਿੰਦਗੀਆਂ ਸੁਧਾਰਨ ਲਈ ਉਨ੍ਹਾਂ ਵਿਚ ਅਧਿਆਤਮਿਕ ਗੁਣ ਪੈਦਾ ਕਰੇ? ਅਜਿਹੀ ਕਿਹੜੀ ਸਿੱਖਿਆ ਹੈ ਜੋ ਨੈਤਿਕਤਾ ਦੇ ਫ਼ਾਇਦੇਮੰਦ ਅਸੂਲਾਂ ਉੱਤੇ ਜ਼ੋਰ ਦਿੰਦੀ ਹੈ ਅਤੇ ਇਹ ਸਿਖਾਉਂਦੀ ਹੈ ਕਿ ਜ਼ਿੰਦਗੀ ਨੂੰ ਬਿਹਤਰ ਕਿਵੇਂ ਬਣਾਇਆ ਜਾ ਸਕਦਾ ਹੈ? ਕਿਹੜੀ ਸਿੱਖਿਆ ਭਵਿੱਖ ਲਈ ਇਕ ਪੱਕੀ ਉਮੀਦ ਦਿੰਦੀ ਹੈ? ਕੀ ਵਾਕਈ ਸਾਰਿਆਂ ਨੂੰ ਅਜਿਹੀ ਸਿੱਖਿਆ ਮਿਲ ਸਕਦੀ ਹੈ?

ਬਿਹਤਰੀਨ ਸਿੱਖਿਆ ਦਾ ਆਧਾਰ

ਭਾਵੇਂ ਕਿ ਇਹ ਗੱਲ ਸੁਣਨ ਨੂੰ ਅਨੋਖੀ ਲੱਗੇ, ਪਰ ਅਸੀਂ ਪੂਰੇ ਭਰੋਸੇ ਨਾਲ ਕਹਿ ਸਕਦੇ ਹਾਂ ਕਿ ਹਾਂ, ਬਿਹਤਰੀਨ ਸਿੱਖਿਆ ਸਾਰਿਆਂ ਨੂੰ ਮਿਲ ਸਕਦੀ ਹੈ। ਅਸੀਂ ਇਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਕ ਅਜਿਹਾ ਅਸਰਦਾਰ ਸਿੱਖਿਆਦਾਇਕ ਔਜ਼ਾਰ ਮੌਜੂਦ ਹੈ ਜੋ ਬਿਹਤਰ ਸਿੱਖਿਆ ਦਾ ਆਧਾਰ ਹੈ। ਇਹ ਔਜ਼ਾਰ ਇਕ ਪੁਰਾਣੀ ਤੇ ਮਾਨਤਾ-ਪ੍ਰਾਪਤ “ਪਾਠ-ਪੁਸਤਕ” ਹੈ ਜੋ ਦੁਨੀਆਂ ਦੀਆਂ 2,200 ਤੋਂ ਵੀ ਜ਼ਿਆਦਾ ਭਾਸ਼ਾਵਾਂ ਵਿਚ ਪੂਰੀ ਜਾਂ ਕੁਝ ਹਿੱਸਿਆਂ ਵਿਚ ਉਪਲਬਧ ਹੈ। ਧਰਤੀ ਉੱਤੇ ਰਹਿਣ ਵਾਲਾ ਲਗਭਗ ਹਰ ਇਨਸਾਨ ਇਸ ਨੂੰ ਆਪਣੀ ਭਾਸ਼ਾ ਵਿਚ ਪੜ੍ਹ ਸਕਦਾ ਹੈ। ਭਲਾ ਇਹ ਕਿਹੜੀ ਕਿਤਾਬ ਹੈ?

ਇਹ ਬਾਈਬਲ ਹੈ—ਇਕ ਅਜਿਹੀ ਕਿਤਾਬ ਜਿਸ ਦੀ ਦੁਨੀਆਂ ਭਰ ਵਿਚ ਇਕ ਅਹਿਮ ਕਿਤਾਬ ਵਜੋਂ ਤਾਰੀਫ਼ ਕੀਤੀ ਗਈ ਹੈ। ਵਿਦਵਾਨ ਵਿਲੀਅਮ ਲਾਇਅਨ ਫੈੱਲਪਸ ਨੇ 20ਵੀਂ ਸਦੀ ਦੇ ਸ਼ੁਰੂ ਵਿਚ ਲਿਖਿਆ: “ਬਾਈਬਲ ਦਾ ਮੁਕੰਮਲ ਗਿਆਨ ਲੈਣ ਵਾਲੇ ਹਰੇਕ ਇਨਸਾਨ ਨੂੰ ਵਾਕਈ ਇਕ ਪੜ੍ਹਿਆ-ਲਿਖਿਆ ਇਨਸਾਨ ਕਿਹਾ ਜਾ ਸਕਦਾ ਹੈ। ਕੋਈ ਵੀ ਹੋਰ ਸਿੱਖਿਆ ਜਾਂ ਕਲਾ ਭਾਵੇਂ ਕਿੰਨੀ ਵੀ ਚੰਗੀ ਜਾਂ ਸ਼ਾਨਦਾਰ ਕਿਉਂ ਨਾ ਹੋਵੇ, . . . ਉਹ ਬਾਈਬਲ ਦੀ ਥਾਂ ਨਹੀਂ ਲੈ ਸਕਦੀ।”

ਬਾਈਬਲ ਕੁਝ 1,600 ਸਾਲਾਂ ਦੌਰਾਨ ਲਿਖੀਆਂ ਗਈਆਂ ਕਿਤਾਬਾਂ ਦਾ ਇਕ ਸੰਗ੍ਰਹਿ ਹੈ। ਕਿਤਾਬਾਂ ਦੇ ਇਸ ਸੰਗ੍ਰਹਿ ਬਾਰੇ ਫੈੱਲਪਸ ਨੇ ਅੱਗੇ ਕਿਹਾ: “ਸਾਡੇ ਵਿਚਾਰ, ਸਾਡੀ ਬੁੱਧੀ, ਸਾਡਾ ਫ਼ਲਸਫ਼ਾ, ਸਾਡਾ ਸਾਹਿੱਤ, ਸਾਡੀ ਕਲਾ ਤੇ ਸਾਡੇ ਆਦਰਸ਼ ਦੂਜੀਆਂ ਸਾਰੀਆਂ ਕਿਤਾਬਾਂ ਵਿੱਚੋਂ ਨਹੀਂ ਸਗੋਂ ਜ਼ਿਆਦਾ ਕਰਕੇ ਬਾਈਬਲ ਵਿੱਚੋਂ ਅਪਣਾਏ ਗਏ ਹਨ। . . . ਮੇਰਾ ਵਿਸ਼ਵਾਸ ਹੈ ਕਿ ਬਾਈਬਲ ਦੀ ਸਿੱਖਿਆ ਕਾਲਜ ਦੀ ਪੜ੍ਹਾਈ ਨਾਲੋਂ ਕਿਤੇ ਵੱਧ ਬਹੁਮੁੱਲੀ ਹੈ।”

ਅੱਜ ਯਹੋਵਾਹ ਦੇ ਗਵਾਹ ਦੁਨੀਆਂ ਭਰ ਵਿਚ ਬਾਈਬਲ ਤੇ ਆਧਾਰਿਤ ਸਿੱਖਿਆ ਦੇਣ ਦਾ ਇਕ ਸ਼ਾਨਦਾਰ ਕੰਮ ਕਰ ਰਹੇ ਹਨ। ਇਹ ਸਿੱਖਿਆ ਲੋਕਾਂ ਨੂੰ ਪੜ੍ਹਨਾ ਤੇ ਲਿਖਣਾ ਸਿਖਾਉਣ ਤੋਂ ਜ਼ਿਆਦਾ ਉਨ੍ਹਾਂ ਦੇ ਦਿਮਾਗ਼ੀ ਤੇ ਨੈਤਿਕ ਗਿਆਨ ਨੂੰ ਵਧਾਉਂਦੀ ਹੈ। ਅਜਿਹੀ ਸਿੱਖਿਆ ਭਵਿੱਖ ਬਾਰੇ ਲੋਕਾਂ ਦੇ ਨਜ਼ਰੀਏ ਨੂੰ ਸੁਧਾਰਦੀ ਹੈ ਤੇ ਲੋਕਾਂ ਨੂੰ ਇਹ ਪੱਕੀ ਉਮੀਦ ਦਿੰਦੀ ਹੈ ਕਿ ਉਨ੍ਹਾਂ ਦਾ ਆਉਣ ਵਾਲਾ ਭਵਿੱਖ ਪਹਿਲਾਂ ਨਾਲੋਂ ਕਿਤੇ ਹੀ ਜ਼ਿਆਦਾ ਬਿਹਤਰੀਨ ਹੋਵੇਗਾ।

ਇਸ ਜੀਵਨ ਸੰਬੰਧੀ ਸਿੱਖਿਆ ਪ੍ਰੋਗ੍ਰਾਮ ਬਾਰੇ ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਕਿਰਪਾ ਕਰ ਕੇ ਅਗਲਾ ਲੇਖ ਪੜ੍ਹੋ।