Skip to content

Skip to table of contents

ਦੋ ਦਰਿਆਵਾਂ ਦੀ ਕਹਾਣੀ

ਦੋ ਦਰਿਆਵਾਂ ਦੀ ਕਹਾਣੀ

ਦੋ ਦਰਿਆਵਾਂ ਦੀ ਕਹਾਣੀ

ਭਾਰਤ ਵਿਚ ਜਾਗਰੂਕ ਬਣੋ! ਦੇ ਪੱਤਰਕਾਰ ਦੁਆਰਾ

ਦੋ ਦਰਿਆ ਭਾਰਤੀ ਉਪ-ਮਹਾਂਦੀਪ ਦੇ ਲੱਖਾਂ-ਕਰੋੜਾਂ ਲੋਕਾਂ ਦੇ ਜੀਵਨ ਨੂੰ ਬਰਕਰਾਰ ਰੱਖਦੇ ਹਨ। ਦੋਵੇਂ ਦਰਿਆਵਾਂ ਦੇ ਸੋਮੇ, ਇਕ ਦੂਸਰੇ ਦੇ ਨੇੜੇ-ਤੇੜੇ, ਦੁਨੀਆਂ ਦੀਆਂ ਸਭ ਤੋਂ ਉੱਚੀਆਂ ਪਰਬਤ-ਲੜੀਆਂ ਦੇ ਗਲੇਸ਼ੀਅਰੀ ਇਲਾਕੇ ਵਿਚ ਹਨ, ਜਿੱਥੋਂ ਨਿਕਲ ਕੇ ਇਹ ਦੋਵੇਂ ਵਿਸ਼ਾਲ ਦਰਿਆ ਮੁੱਖ ਤੌਰ ਤੇ ਦੋ ਦੇਸ਼ਾਂ ਵਿੱਚੋਂ ਵਹਿੰਦੇ ਹੋਏ 2,400 ਕਿਲੋਮੀਟਰ ਦਾ ਲੰਮਾ ਸਫ਼ਰ ਤੈ ਕਰਦੇ ਹਨ। ਇਹ ਦੋ ਵੱਖੋ-ਵੱਖਰੇ ਸਮੁੰਦਰਾਂ ਵਿਚ ਜਾ ਡਿੱਗਦੇ ਹਨ। ਦੋਵੇਂ ਦਰਿਆ ਬਹੁਤ ਹੀ ਪੁਰਾਣੀਆਂ ਸਭਿਅਤਾਵਾਂ ਦੇ ਜਨਮ-ਸਥਾਨ ਸਨ। ਦੋਵੇਂ ਦਰਿਆਵਾਂ ਦੇ ਕੰਢਿਆਂ ਤੇ ਦੋ ਮੁੱਖ ਧਰਮਾਂ ਦਾ ਆਰੰਭ ਹੋਇਆ। ਇਨ੍ਹਾਂ ਦਰਿਆਵਾਂ ਦੀਆਂ ਅਨੇਕ ਬਰਕਤਾਂ ਕਰਕੇ ਲੋਕ ਇਨ੍ਹਾਂ ਦਾ ਆਦਰ ਕਰਦੇ ਹਨ ਅਤੇ ਇਨ੍ਹਾਂ ਵਿੱਚੋਂ ਇਕ ਦਰਿਆ ਦੀ ਅਜੇ ਵੀ ਪੂਜਾ ਕੀਤੀ ਜਾਂਦੀ ਹੈ। ਇਨ੍ਹਾਂ ਦੇ ਨਾਂ? ਸਿੰਧ ਦਰਿਆ ਅਤੇ ਗੰਗਾ।

ਕਿਸੇ ਵੀ ਸਭਿਅਤਾ ਦੇ ਜੀਵਨ ਤੇ ਖ਼ੁਸ਼ਹਾਲੀ ਲਈ ਪਾਣੀ ਬਹੁਤ ਹੀ ਜ਼ਰੂਰੀ ਹੁੰਦਾ ਹੈ। ਇਸੇ ਲਈ ਪੁਰਾਣੀਆਂ ਸਭਿਅਤਾਵਾਂ ਦਰਿਆਵਾਂ ਦੇ ਕੰਢਿਆਂ ਉੱਤੇ ਹੀ ਵਿਕਸਿਤ ਹੋਈਆਂ। ਦਰਿਆਵਾਂ ਨੂੰ ਦੇਵੀ-ਦੇਵਤਿਆਂ ਦੇ ਰੂਪ ਵਿਚ ਪੂਜਿਆ ਜਾਂਦਾ ਸੀ ਜਿਸ ਕਰਕੇ ਉਨ੍ਹਾਂ ਬਾਰੇ ਪੁਰਾਣੇ ਰਿਕਾਰਡ ਅਕਸਰ ਮਿਥਿਹਾਸਕ ਕਹਾਣੀਆਂ ਨਾਲ ਘਿਰੇ ਹੁੰਦੇ ਹਨ। ਇਹੋ ਗੱਲ ਸਿੰਧ ਦਰਿਆ ਅਤੇ ਗੰਗਾ ਦੇ ਇਤਿਹਾਸ ਬਾਰੇ ਵੀ ਸੱਚ ਹੈ। ਭਾਰਤ ਵਿਚ ਗੰਗਾ ਨੂੰ ਗੰਗਾ ਮਾਂ ਵੀ ਕਿਹਾ ਜਾਂਦਾ ਹੈ।

ਹਿੰਦੂ ਅਤੇ ਬੋਧੀ ਦੋਵੇਂ ਮੰਨਦੇ ਹਨ ਕਿ 6,714 ਮੀਟਰ ਉੱਚਾ ਕੈਲਾਸ਼ ਪਰਬਤ ਅਤੇ ਉਸ ਦੇ ਨੇੜੇ ਮਾਨਸਰੋਵਰ ਝੀਲ ਦੇਵਤਿਆਂ ਦੇ ਨਿਵਾਸ-ਸਥਾਨ ਹਨ। ਲੰਮੇ ਸਮੇਂ ਤੋਂ ਇਹ ਮੰਨਿਆ ਜਾਂਦਾ ਸੀ ਕਿ ਇਸ ਝੀਲ ਵਿੱਚੋਂ ਚਾਰ ਵਿਸ਼ਾਲ ਦਰਿਆ ਜਾਨਵਰਾਂ ਦੇ ਮੂੰਹਾਂ ਵਿੱਚੋਂ ਦੀ ਵਹਿੰਦੇ ਸਨ। ਸ਼ੇਰ ਦੇ ਮੂੰਹ ਵਿੱਚੋਂ ਨਿਕਲਣ ਵਾਲਾ ਦਰਿਆ ਸਿੰਧ ਸੀ ਅਤੇ ਮੋਰ ਦੇ ਮੂੰਹ ਵਿੱਚੋਂ ਗੰਗਾ ਵਹਿੰਦੀ ਸੀ।

ਤਿੱਬਤੀ ਲੋਕ ਵਿਦੇਸ਼ੀ ਖੋਜਕਾਰਾਂ ਨੂੰ ਪਸੰਦ ਨਹੀਂ ਕਰਦੇ ਸਨ। ਪਰੰਤੂ, 1811 ਵਿਚ ਜਾਨਵਰਾਂ ਦੇ ਇਕ ਅੰਗ੍ਰੇਜ਼ ਡਾਕਟਰ, ਜੋ ਕਿ ਈਸਟ ਇੰਡੀਆ ਕੰਪਨੀ ਦਾ ਮੁਲਾਜ਼ਮ ਸੀ, ਨੇ ਤਰ੍ਹਾਂ-ਤਰ੍ਹਾਂ ਦੇ ਭੇਸ ਬਦਲ ਕੇ ਪੂਰਾ ਤਿੱਬਤ ਘੁੰਮਿਆ। ਉਸ ਨੇ ਦੱਸਿਆ ਕਿ ਮਾਨਸਰੋਵਰ ਵਿੱਚੋਂ ਕੋਈ ਦਰਿਆ ਨਹੀਂ ਵੱਗਦਾ, ਪਰ ਕੁਝ ਪਹਾੜੀ ਨਦੀਆਂ ਉਸ ਝੀਲ ਵਿਚ ਜਾ ਕੇ ਜ਼ਰੂਰ ਮਿਲਦੀਆਂ ਹਨ। ਸਿਰਫ਼ 20ਵੀਂ ਸਦੀ ਦੇ ਸ਼ੁਰੂ ਵਿਚ ਜਾ ਕੇ ਹੀ ਇਹ ਪਤਾ ਲੱਗ ਸਕਿਆ ਕਿ ਸਿੰਧ ਦਰਿਆ ਅਤੇ ਗੰਗਾ ਦੇ ਸੋਮੇ ਕਿੱਥੇ ਹਨ। ਸਿੰਧ ਦਰਿਆ ਦਾ ਸੋਮਾ ਹਿਮਾਲੀਆ ਪਰਬਤ ਦੇ ਉੱਤਰ ਵਿਚ ਤਿੱਬਤ ਵਿਚ ਹੈ ਅਤੇ ਗੰਗਾ ਉੱਤਰੀ ਭਾਰਤ ਵਿਚ ਹਿਮਾਲੀਆ ਪਰਬਤ ਉੱਤੇ ਇਕ ਬਰਫ਼ਾਨੀ ਗੁਫ਼ਾ ਵਿੱਚੋਂ ਨਿਕਲਦੀ ਹੈ।

ਪੁਰਾਣੀਆਂ ਸਭਿਅਤਾਵਾਂ ਦਾ ਜਨਮ-ਸਥਾਨ

ਇਹ ਮੰਨਿਆ ਜਾਂਦਾ ਹੈ ਕਿ ਭਾਰਤੀ ਉਪ-ਮਹਾਂਦੀਪ ਦੇ ਸਭ ਤੋਂ ਪਹਿਲੇ ਨਿਵਾਸੀ ਪੂਰਬ ਵੱਲ ਸਫ਼ਰ ਕਰਦੇ ਹੋਏ ਸਿੰਧੂ ਘਾਟੀ ਵਿਚ ਆ ਵੱਸੇ। ਇੱਥੇ ਪੁਰਾਤੱਤਵ-ਵਿਗਿਆਨੀਆਂ ਨੂੰ ਹੜੱਪਾ ਤੇ ਮੋਹਿੰਜੋਦੜੋ ਵਰਗੇ ਸ਼ਹਿਰਾਂ ਦੇ ਖੰਡਰਾਤ ਮਿਲੇ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉੱਥੇ ਇਕ ਸਮੇਂ ਤੇ ਇਕ ਉੱਚ ਕੋਟੀ ਦੀ ਸਭਿਅਤਾ ਮੌਜੂਦ ਸੀ। 20ਵੀਂ ਸਦੀ ਦੇ ਪਹਿਲੇ ਕੁਝ ਦਹਾਕਿਆਂ ਵਿਚ ਇਨ੍ਹਾਂ ਲੱਭਤਾਂ ਤੋਂ ਇਹ ਪਤਾ ਲੱਗਾ ਕਿ ਭਾਰਤ ਦੇ ਸਭ ਤੋਂ ਪਹਿਲੇ ਨਿਵਾਸੀ ਜੰਗਲੀ ਟੱਪਰੀਵਾਸੀ ਨਹੀਂ ਸਨ ਜਿਵੇਂ ਕਿ ਪਹਿਲਾਂ ਮੰਨਿਆ ਜਾਂਦਾ ਸੀ। ਕੁਝ 4,000 ਸਾਲ ਪਹਿਲਾਂ, ਸਿੰਧੂ ਘਾਟੀ ਦੀ ਸਭਿਅਤਾ ਮੈਸੋਪੋਟਾਮੀਆ ਦੀ ਸਭਿਅਤਾ ਦੇ ਬਰਾਬਰ ਸੀ ਜਾਂ ਹੋ ਸਕਦਾ ਹੈ ਕਿ ਇਸ ਤੋਂ ਵੀ ਉੱਤਮ ਸੀ। ਯੋਜਨਾ ਅਨੁਸਾਰ ਬਣਾਈਆਂ ਗਈਆਂ ਸੜਕਾਂ, ਬਹੁ-ਮੰਜ਼ਲੇ ਮਕਾਨ ਤੇ ਰਿਹਾਇਸ਼ੀ ਇਮਾਰਤਾਂ, ਗੰਦੇ ਪਾਣੀ ਦੇ ਨਿਕਾਸ ਦਾ ਵਧੀਆ ਪ੍ਰਬੰਧ, ਅਨਾਜ ਲਈ ਵੱਡੇ-ਵੱਡੇ ਗੋਦਾਮ, ਮੰਦਰ ਅਤੇ ਧਾਰਮਿਕ ਸ਼ੁੱਧੀ ਲਈ ਇਸ਼ਨਾਨ ਘਰ, ਇਹ ਸਾਰੀਆਂ ਚੀਜ਼ਾਂ ਇਕ ਬਹੁਤ ਹੀ ਉੱਚ ਕੋਟੀ ਦੀ ਸ਼ਹਿਰੀ ਸਭਿਅਤਾ ਦਾ ਸਬੂਤ ਦਿੰਦੀਆਂ ਹਨ। ਮੈਸੋਪੋਟਾਮੀਆ ਤੇ ਮੱਧ ਪੂਰਬੀ ਦੇਸ਼ਾਂ ਨਾਲ ਇਸ ਦੇ ਵਪਾਰ ਦੇ ਵੀ ਸੰਕੇਤ ਮਿਲਦੇ ਹਨ। ਦੇਸ਼ ਦੇ ਅੰਦਰੂਨੀ ਇਲਾਕਿਆਂ ਵਿੱਚੋਂ ਸਿੰਧ ਦਰਿਆ ਦਾ ਸੈਂਕੜੇ ਕਿਲੋਮੀਟਰ ਲੰਬਾ ਵਹਿਣ-ਮਾਰਗ ਹੋਣ ਕਰਕੇ ਵਪਾਰੀ ਇਸ ਰਾਹੀਂ ਆਸਾਨੀ ਨਾਲ ਅਰਬ ਸਾਗਰ ਤਕ ਪਹੁੰਚ ਸਕਦੇ ਸਨ।

ਸਦੀਆਂ ਦੌਰਾਨ, ਸ਼ਾਇਦ ਭੁਚਾਲ ਜਾਂ ਦਰਿਆ ਵਿਚ ਆਏ ਤਬਾਹਕੁਨ ਹੜ੍ਹਾਂ ਜਾਂ ਦੂਸਰੀਆਂ ਕੁਦਰਤੀ ਆਫ਼ਤਾਂ ਨੇ ਸਿੰਧੂ ਘਾਟੀ ਦੀ ਸ਼ਹਿਰੀ ਸਭਿਅਤਾ ਨੂੰ ਬੜਾ ਕਮਜ਼ੋਰ ਕਰ ਦਿੱਤਾ। ਇਸ ਕਰਕੇ ਉਹ ਕੇਂਦਰੀ ਏਸ਼ੀਆ ਤੋਂ ਲਗਾਤਾਰ ਆਉਣ ਵਾਲੇ ਟੱਪਰੀਵਾਸੀ ਕਬੀਲਿਆਂ ਦਾ ਸਾਮ੍ਹਣਾ ਨਾ ਕਰ ਸਕੇ। ਇਨ੍ਹਾਂ ਟੱਪਰੀਵਾਸੀਆਂ ਨੂੰ ਆਮ ਕਰਕੇ ਆਰੀਆ ਜਾਤੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਸਿੰਧੂ ਘਾਟੀ ਦੇ ਸ਼ਹਿਰਾਂ ਦੇ ਜ਼ਿਆਦਾਤਰ ਨਿਵਾਸੀਆਂ ਨੂੰ ਸਿੰਧ ਦਰਿਆ ਤੋਂ ਦੂਰ ਧੱਕ ਦਿੱਤਾ ਜਿਸ ਕਰਕੇ ਸਿੰਧ ਦਰਿਆ ਦੇ ਆਲੇ-ਦੁਆਲੇ ਵਿਕਸਿਤ ਹੋਈ ਉਸ ਪੁਰਾਣੀ ਸਭਿਅਤਾ ਨੂੰ ਦੱਖਣੀ ਭਾਰਤ ਵਿਚ ਜਾ ਕੇ ਵੱਸਣਾ ਪਿਆ। ਅੱਜ ਉੱਥੇ ਦ੍ਰਵਿੜ ਜਾਤੀ ਅਜੇ ਵੀ ਭਾਰਤ ਦੀ ਇਕ ਮੁੱਖ ਜਾਤੀ ਦੇ ਰੂਪ ਵਿਚ ਮੌਜੂਦ ਹੈ।

ਭਾਰਤ ਵਿਚ ਪੂਰਬ ਵੱਲ ਜਾਂਦੇ ਹੋਏ, ਕੁਝ ਆਰੀਆਈ ਕਬੀਲੇ ਗੰਗਾ ਦੇ ਮੈਦਾਨ ਵਿਚ ਜਾ ਕੇ ਵੱਸ ਗਏ। ਇਸ ਤਰ੍ਹਾਂ, ਆਰੀਆ ਲੋਕਾਂ ਨੇ ਉੱਤਰੀ ਭਾਰਤ ਵਿਚ ਆਪਣੀ ਅਲੱਗ ਹੀ ਪਛਾਣ ਤੇ ਸਭਿਆਚਾਰ ਕਾਇਮ ਕੀਤਾ ਅਤੇ ਅੱਜ ਵੀ ਉਨ੍ਹਾਂ ਦੀ ਜ਼ਿਆਦਾਤਰ ਗਿਣਤੀ ਉੱਥੇ ਹੀ ਵੱਸਦੀ ਹੈ। ਇਹ ਸਭਿਆਚਾਰ ਮੁੱਖ ਤੌਰ ਤੇ ਗੰਗਾ ਨਾਲ ਜੁੜਿਆ ਹੋਇਆ ਹੈ।

ਦੋ ਦਰਿਆ ਅਤੇ ਦੋ ਧਰਮ

ਖੁਦਾਈ ਕਰਨ ਨਾਲ ਪ੍ਰਾਪਤ ਹੋਈਆਂ ਚੀਜ਼ਾਂ ਦਿਖਾਉਂਦੀਆਂ ਹਨ ਕਿ ਸਿੰਧੂ ਘਾਟੀ ਤੇ ਮੈਸੋਪੋਟਾਮੀਆ ਦੇ ਧਰਮ ਵਿਚ ਕਾਫ਼ੀ ਸਮਾਨਤਾਵਾਂ ਸਨ। ਸਿੰਧੂ ਘਾਟੀ ਦੇ ਸ਼ਹਿਰਾਂ ਦੇ ਖੰਡਰਾਤਾਂ ਤੋਂ ਹਿੰਦੂ ਧਰਮ ਦੀਆਂ ਕੁਝ ਨਿਸ਼ਾਨੀਆਂ ਮਿਲੀਆਂ ਹਨ। ਲੰਮੇ ਸਮੇਂ ਤੋਂ ਲੋਕਾਂ ਦਾ ਵਿਚਾਰ ਸੀ ਕਿ ਆਰੀਆ ਲੋਕ ਹਿੰਦੂ ਧਰਮ ਨੂੰ ਮੰਨਦੇ ਸਨ। ਪਰ ਸਿੰਧੂ ਲੋਕਾਂ ਦੇ ਅਤੇ ਆਰੀਆ ਲੋਕਾਂ ਦੇ ਦੇਵਤਿਆਂ ਤੇ ਧਾਰਮਿਕ ਵਿਸ਼ਵਾਸਾਂ ਦੇ ਮਿਲ ਜਾਣ ਨਾਲ ਹੀ ਹਿੰਦੂ ਧਰਮ ਨੇ ਜਨਮ ਲਿਆ। ਪਹਿਲਾਂ ਤਾਂ ਆਰੀਆ ਲੋਕ ਸਿੰਧ ਦਰਿਆ ਨੂੰ ਪਵਿੱਤਰ ਮੰਨਦੇ ਸਨ, ਪਰ ਜਿੱਦਾਂ-ਜਿੱਦਾਂ ਉਹ ਪੂਰਬ ਵੱਲ ਜਾ ਕੇ ਗੰਗਾ ਦੇ ਕੰਢਿਆਂ ਉੱਤੇ ਵੱਸਣ ਲੱਗੇ, ਉਨ੍ਹਾਂ ਨੇ ਗੰਗਾ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਸਦੀਆਂ ਬੀਤਣ ਦੇ ਨਾਲ-ਨਾਲ ਗੰਗਾ ਦੇ ਕੰਢਿਆਂ ਉੱਤੇ ਹਰਿਦੁਆਰ, ਇਲਾਹਾਬਾਦ ਅਤੇ ਵਾਰਾਨਸੀ ਵਰਗੇ ਸ਼ਹਿਰ ਵਿਕਸਿਤ ਹੋਏ। ਇਹ ਹਿੰਦੂ ਧਰਮ ਦੇ ਮੁੱਖ ਕੇਂਦਰ ਸਨ। ਅੱਜ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਇਨ੍ਹਾਂ ਤੀਰਥ-ਅਸਥਾਨਾਂ ਤੇ ਗੰਗਾ ਵਿਚ ਇਸ਼ਨਾਨ ਕਰਨ ਲਈ ਆਉਂਦੇ ਹਨ। ਹਿੰਦੂ ਮੰਨਦੇ ਹਨ ਕਿ ਗੰਗਾ ਵਿਚ ਇਸ਼ਨਾਨ ਕਰਨ ਨਾਲ ਸਾਰੇ ਪਾਪ ਤੇ ਬੀਮਾਰੀਆਂ ਦੂਰ ਹੋ ਜਾਂਦੇ ਹਨ।

ਹਾਲਾਂਕਿ ਹਿੰਦੂ ਧਰਮ ਸਿੰਧ ਦਰਿਆ ਦੇ ਆਲੇ-ਦੁਆਲੇ ਸ਼ੁਰੂ ਹੋਇਆ ਸੀ, ਪਰ ਬੁੱਧ ਧਰਮ ਨੇ ਗੰਗਾ ਦੇ ਕੰਢਿਆਂ ਉੱਤੇ ਜਨਮ ਲਿਆ। ਵਾਰਾਨਸੀ ਦੇ ਨੇੜੇ ਸਾਰਨਾਥ ਵਿਖੇ ਸਿਧਾਰਥ ਗੌਤਮ ਬੁੱਧ ਨੇ ਆਪਣਾ ਪਹਿਲਾ ਧਰਮ-ਉਪਦੇਸ਼ ਦਿੱਤਾ। ਕਿਹਾ ਜਾਂਦਾ ਹੈ ਕਿ ਉਸ ਨੇ 79 ਸਾਲ ਦੀ ਵੱਡੀ ਉਮਰ ਵਿਚ ਤੈਰ ਕੇ ਵਿਸ਼ਾਲ ਗੰਗਾ ਨੂੰ ਪਾਰ ਕੀਤਾ ਸੀ।

ਅੱਜ ਇਨ੍ਹਾਂ ਦਰਿਆਵਾਂ ਦਾ ਕੀ ਹਾਲ ਹੈ?

ਚਾਰ ਹਜ਼ਾਰ ਸਾਲ ਪਹਿਲਾਂ ਲੋਕ ਪਾਣੀ ਦੀ ਲੋੜ ਕਰਕੇ ਸਿੰਧ ਦਰਿਆ ਤੇ ਗੰਗਾ ਦੇ ਆਲੇ-ਦੁਆਲੇ ਵਸੇ ਸਨ। ਪਰ ਅੱਜ ਭਾਰਤ, ਪਾਕਿਸਤਾਨ ਤੇ ਬੰਗਲਾਦੇਸ਼ ਦੀ ਵੱਡੀ ਆਬਾਦੀ ਇਨ੍ਹਾਂ ਦਰਿਆਵਾਂ ਉੱਤੇ ਹੋਰ ਵੀ ਜ਼ਿਆਦਾ ਨਿਰਭਰ ਕਰਦੀ ਹੈ। ਇਕ ਤੋਂ ਵੱਧ ਦੇਸ਼ਾਂ ਵਿੱਚੋਂ ਦੀ ਵਹਿਣ ਕਰਕੇ, ਇਨ੍ਹਾਂ ਦਰਿਆਵਾਂ ਦੇ ਪਾਣੀਆਂ ਨੂੰ ਬੜੇ ਧਿਆਨ ਨਾਲ ਕੰਟ੍ਰੋਲ ਕਰਨ ਲਈ ਕੌਮਾਂਤਰੀ ਪੱਧਰ ਤੇ ਸਮਝੌਤੇ ਕਰਨ ਦੀ ਲੋੜ ਪਈ ਹੈ। (ਸਫ਼ੇ 16-17 ਉੱਤੇ ਦਿੱਤਾ ਨਕਸ਼ਾ ਦੇਖੋ।) ਪਾਕਿਸਤਾਨ ਨੇ ਸਿੰਜਾਈ ਲਈ ਕਈ ਡੈਮ ਬਣਾਏ ਹਨ ਅਤੇ ਇਨ੍ਹਾਂ ਵਿੱਚੋਂ ਇਕ ਹੈ ਤਰਬੇਲਾ ਡੈਮ ਜੋ ਕਿ ਤਿੰਨ ਕਿਲੋਮੀਟਰ ਲੰਬਾ ਤੇ 143 ਮੀਟਰ ਉੱਚਾ ਹੈ। ਇਹ ਦੁਨੀਆਂ ਦਾ ਇਕ ਸਭ ਤੋਂ ਵੱਡਾ ਡੈਮ ਹੈ ਜਿਸ ਨੂੰ ਬਣਾਉਣ ਲਈ 14,85,00,000 ਕਿਊਬਿਕ ਮੀਟਰ ਮਿੱਟੀ ਦੀ ਲੋੜ ਪਈ। ਭਾਰਤ ਵਿਚ ਗੰਗਾ ਉੱਤੇ ਫ਼ਰਾਕਾ ਬਰਾਜ ਬਣਾਇਆ ਗਿਆ ਤਾਂਕਿ ਕਲਕੱਤੇ ਦੀ ਬੰਦਰਗਾਹ ਨੇੜੇ ਜਹਾਜ਼ਾਂ ਦੀ ਆਵਾਜਾਈ ਲਈ ਗੰਗਾ ਦਰਿਆ ਵਿਚ ਹਮੇਸ਼ਾ ਕਾਫ਼ੀ ਮਾਤਰਾ ਵਿਚ ਪਾਣੀ ਰਹੇ।

ਬਾਕੀ ਦਰਿਆਵਾਂ ਵਾਂਗ, ਗੰਗਾ ਵੀ ਪ੍ਰਦੂਸ਼ਣ ਦੀ ਸ਼ਿਕਾਰ ਬਣੀ ਹੋਈ ਹੈ। ਇਸ ਲਈ, 1984 ਵਿਚ ਭਾਰਤ ਸਰਕਾਰ ਨੇ ਬੜੇ ਜੋਸ਼ ਨਾਲ ਗੰਗਾ ਕਾਰਵਾਈ ਯੋਜਨਾ (Ganga Action Plan) ਸ਼ੁਰੂ ਕੀਤੀ। ਇਸ ਯੋਜਨਾ ਅਨੁਸਾਰ, ਕੂੜੇ ਨੂੰ ਖਾਦ ਜਾਂ ਬਾਇਓਗੈਸ ਵਿਚ ਬਦਲਣ, ਗੰਦੇ ਨਾਲਿਆਂ ਨੂੰ ਗੰਗਾ ਵਿਚ ਛੱਡਣ ਦੀ ਬਜਾਇ ਹੋਰ ਕਿੱਧਰੇ ਮੋੜਨ ਅਤੇ ਰਸਾਇਣਕ ਕੂੜੇ ਨੂੰ ਉਪਯੋਗੀ ਰਸਾਇਣ ਵਿਚ ਬਦਲਣ ਲਈ ਪਲਾਂਟ ਲਾਉਣ ਵੱਲ ਧਿਆਨ ਦਿੱਤਾ ਗਿਆ।

ਹਾਲਾਂਕਿ ਦੁਨੀਆਂ ਦੇ ਦਰਿਆਵਾਂ ਨੂੰ ਸਾਫ਼ ਕਰਨਾ ਅਤੇ ਉਨ੍ਹਾਂ ਦੀ ਪਹਿਲੀ ਸੁੰਦਰਤਾ ਨੂੰ ਮੁੜ-ਬਹਾਲ ਕਰਨਾ ਮਨੁੱਖਾਂ ਦੇ ਵੱਸ ਦੀ ਗੱਲ ਨਹੀਂ ਹੈ, ਪਰ ਪਰਮੇਸ਼ੁਰ ਜਲਦੀ ਹੀ ਇਹੋ ਕੁਝ ਕਰਨ ਜਾ ਰਿਹਾ ਹੈ। ਜਦੋਂ ਪਰਮੇਸ਼ੁਰ ਦੇ ਰਾਜ ਵਿਚ ਪੂਰੀ ਧਰਤੀ ਨੂੰ ਇਕ ਸੋਹਣੇ ਬਾਗ਼ ਵਰਗੀ ਬਣਾਇਆ ਜਾਵੇਗਾ, ਤਾਂ ਉਦੋਂ ‘ਨਦੀਆਂ ਤਾਲ ਦੇਣਗੀਆਂ।’​—ਜ਼ਬੂਰ 98:8.

[ਸਫ਼ੇ 16, 17 ਉੱਤੇ ਡੱਬੀ/​ਨਕਸ਼ਾ]

ਵਿਸ਼ਾਲ ਸਿੰਧ ਦਰਿਆ

ਸਿੰਧ ਦਰਿਆ ਬਹੁਤ ਸਾਰੀਆਂ ਨਦੀਆਂ ਦੇ ਮਿਲਣ ਨਾਲ ਬਣਦਾ ਹੈ ਜਿਸ ਕਰਕੇ ਇਸ ਦੇ ਅਸਲ ਸੋਮੇ ਉੱਤੇ ਕਾਫ਼ੀ ਬਹਿਸ ਚੱਲਦੀ ਆਈ ਹੈ। ਪਰ ਇਹ ਗੱਲ ਪੱਕੀ ਹੈ ਕਿ ਇਹ ਵਿਸ਼ਾਲ ਦਰਿਆ ­ਹਿਮਾਲੀਆ ਪਰਬਤ ਦੀਆਂ ਉਚਾਈਆਂ ਤੋਂ ਸ਼ੁਰੂ ਹੁੰਦਾ ਹੈ। ਉੱਤਰ-ਪੱਛਮੀ ਦਿਸ਼ਾ ਵਿੱਚੋਂ ਦੀ ਹੁੰਦੇ ਹੋਏ ਇਹ “ਦੁਨੀਆਂ ਦੀ ਛੱਤ,” ਯਾਨੀ ਤਿੱਬਤ ਦੇ ਉੱਚੇ ਪਠਾਰ ਵਿੱਚੋਂ 320 ਕਿਲੋਮੀਟਰ ਤਕ ਵਹਿੰਦਾ ਹੈ। ਰਾਹ ਵਿਚ ਕਈ ਦੂਜੀਆਂ ਨਦੀਆਂ ਇਸ ਵਿਚ ਆ ਮਿਲਦੀਆਂ ਹਨ। ਭਾਰਤ ਦੀਆਂ ਹੱਦਾਂ ਕੋਲ ਲੱਦਾਖ ਇਲਾਕੇ ਵਿਚ ਇਹ ਪਹਾੜਾਂ ਵਿੱਚੋਂ ਵਹਿੰਦੇ ਹੋਏ ਅਤੇ ਚਟਾਨਾਂ ਨੂੰ ਕੱਟਦੇ ਹੋਏ ਹਿਮਾਲੀਆ ਅਤੇ ਕਰਾਕੁਰਮ ਪਰਬਤ-ਲੜੀਆਂ ਦੇ ਵਿਚਕਾਰੋਂ ਆਪਣਾ ਰਾਹ ਬਣਾਉਂਦਾ ਹੈ। ਫਿਰ ਭਾਰਤੀ ਇਲਾਕੇ ਵਿਚ ਆ ਕੇ ਇਹ ਅਗਲੇ ਲਗਭਗ 560 ਕਿਲੋਮੀਟਰ ਦੌਰਾਨ ਤਕਰੀਬਨ 3,700 ਮੀਟਰ ਹੇਠਾਂ ਨੂੰ ਵਹਿੰਦਾ ਹੈ। ਇਸ ਦੌਰਾਨ ਇਹ ਉੱਤਰ ਦਿਸ਼ਾ ਵੱਲ ਵਹਿੰਦਾ ਹੈ ਅਤੇ ਫਿਰ ਹਿਮਾਲੀਆ ਪਰਬਤ ਦੇ ਪੱਛਮੀ ਸਿਰੇ ਦੁਆਲੇ ਅਚਾਨਕ ਮੁੜ ਜਾਂਦਾ ਹੈ। ਇੱਥੇ ਹਿੰਦੂ ਕੁਸ਼ ਪਰਬਤ ਤੋਂ ਤੇਜ਼ੀ ਨਾਲ ਵਹਿੰਦਾ ਵੱਡਾ ਦਰਿਆ ਗਿਲਗਿਤ ਇਸ ਨਾਲ ਆ ਮਿਲਦਾ ਹੈ। ਇਸ ਮਗਰੋਂ ਇਹ ਦੱਖਣ ਵੱਲ ਪਾਕਿਸਤਾਨ ਵਿੱਚੋਂ ਦੀ ਵਹਿੰਦਾ ਹੈ। ਤੇਜ਼ ਵਹਾਅ ਵਾਲਾ ਇਹ ਦਰਿਆ ਪਹਾੜਾਂ ਵਿੱਚੋਂ ਦੀ ਵਿੰਗੇ-ਟੇਢੇ ਰਸਤਿਆਂ ਰਾਹੀਂ ਵਹਿੰਦਾ ਹੋਇਆ ਆਖ਼ਰਕਾਰ ਮੈਦਾਨੀ ਇਲਾਕੇ ਵਿਚ ਆ ਕੇ ਪਾਕਿਸਤਾਨ ਦੇ ਪੰਜਾਬ ਵਿੱਚੋਂ ਦੀ ਲੰਘਦਾ ਹੈ। ਪੰਜਾਬ ਸ਼ਬਦ ਦਾ ਅਰਥ ਹੈ “ਪੰਜ ਦਰਿਆ,” ਕਿਉਂਕਿ ਪੰਜ ਵੱਡੀਆਂ ਸਹਾਇਕ ਨਦੀਆਂ—ਬਿਆਸ, ਸਤਲੁਜ, ਰਾਵੀ, ਜਿਹਲਮ, ਅਤੇ ਚਨਾਬ​—ਇਕ ਵੱਡੇ ਹੱਥ ਦੀਆਂ ਪੰਜ ਉਂਗਲਾਂ ਵਾਂਗ ਜਾ ਕੇ ਦਰਿਆ ਸਿੰਧ ਨਾਲ ਮਿਲ ਜਾਂਦੀਆਂ ਹਨ ਅਤੇ ਆਪਣੀ ਆਖ਼ਰੀ ਮੰਜ਼ਲ ਤਕ ਲਗਭਗ 2,900 ਕਿਲੋਮੀਟਰ ਦਾ ਰਾਹ ਤੈ ਕਰਦੀਆਂ ਹਨ।

ਪਵਿੱਤਰ ਗੰਗਾ

ਹਿਮਾਲੀਆ ਪਰਬਤ ਉੱਤੇ ਸਿੰਧ ਦਰਿਆ ਦੇ ਸੋਮੇ ਤੋਂ ਲਗਭਗ 100 ਕਿਲੋਮੀਟਰ ਦੱਖਣ ਵੱਲ ਗੰਗਾ ਆਪਣਾ ਸਫ਼ਰ ਸ਼ੁਰੂ ਕਰਦੀ ਹੈ ਅਤੇ ਲਗਭਗ 2,500 ਕਿਲੋਮੀਟਰ ਦਾ ਰਾਹ ਤੈ ਕਰਦੀ ਹੋਈ ਬੰਗਾਲ ਦੀ ਖਾੜੀ ਵਿਚ ਜਾ ਡਿੱਗਦੀ ਹੈ। ਇਸ ਦਾ ਸੋਮਾ ਕੁਝ 3,870 ਮੀਟਰ ਦੀ ਉਚਾਈ ਤੇ ਇਕ ਬਰਫ਼ਾਨੀ ਗੁਫ਼ਾ ਹੈ ਜਿਸ ਦਾ ਮੂੰਹ ਗਾਂ ਦੇ ਮੂੰਹ ਵਰਗਾ ਹੈ। ਇਸ ਲਈ ਇਸ ਨੂੰ ਗਊ-ਮੁਖ ਕਿਹਾ ਜਾਂਦਾ ਹੈ। ਇਸ ਤੋਂ ਨਿਕਲਣ ਵਾਲੀ ਨਦੀ ਭਾਗੀਰਥੀ ਕਹਾਉਂਦੀ ਹੈ। ਆਪਣੇ ਸੋਮੇ ਤੋਂ ਕੁਝ 214 ਕਿਲੋਮੀਟਰ ਦੂਰ ਦੇਵਪ੍ਰਯਾਗ ਵਿਖੇ ਇਕ ਹੋਰ ਨਦੀ, ਅਲਕਨੰਦਾ ਇਸ ਨਾਲ ਆ ਮਿਲਦੀ ਹੈ। ਇਸ ਮਗਰੋਂ ਇਸ ਵਿਚ ਹੋਰ ਕਈ ਨਦੀਆਂ, ਮੰਦਾਕਨੀ, ਧੌਲੀਗੰਗਾ ਅਤੇ ਪਿੰਦਰ ਆ ਮਿਲਦੀਆਂ ਹਨ। ਉਦੋਂ ਇਸ ਦਾ ਨਾਂ ਗੰਗਾ ਹੋ ਜਾਂਦਾ ਹੈ।

ਗੰਗਾ ਭਾਰਤੀ ਉਪ-ਮਹਾਂਦੀਪ ਦੇ ਦੱਖਣ-ਪੂਰਬ ਵੱਲ ਵਹਿੰਦੀ ਹੈ ਅਤੇ ਦੂਜੀਆਂ ਵੱਡੀਆਂ ਨਦੀਆਂ ਇਸ ਵਿਚ ਆ ਕੇ ਮਿਲਦੀਆਂ ਹਨ, ਜਿਵੇਂ ਭਾਰਤ ਦੇ ਇਲਾਹਾਬਾਦ ਸ਼ਹਿਰ ਵਿਚ ਜਮਨਾ ਨਦੀ ਅਤੇ ਫਿਰ ਬੰਗਲਾਦੇਸ਼ ਵਿਚ ਵਿਸ਼ਾਲ ਬ੍ਰਹਮਪੁੱਤਰ ਨਦੀ। ਇਕ ਪੱਖੀ ਵਾਂਗ ਫੈਲੀ ਹੋਈ ਗੰਗਾ ਤੇ ਇਸ ਦੀਆਂ ਮੁੱਖ ਸਹਾਇਕ ਨਦੀਆਂ ਭਾਰਤ ਦੇ ਕੁਲ ਖੇਤਰਫਲ ਦੇ ਇਕ ਚੁਥਾਈ ਹਿੱਸੇ ਨੂੰ, ਯਾਨੀ ਗੰਗਾ ਦੇ ਉਪਜਾਊ ਮੈਦਾਨੀ ਇਲਾਕੇ ਨੂੰ ਸਿੰਜਦੀਆਂ ਹਨ। ਕੁਝ 10,35,000 ਵਰਗ ਕਿਲੋਮੀਟਰ ਦੇ ਰਕਬੇ ਦਾ ਪਾਣੀ ਇਸ ਦਰਿਆ ਵਿਚ ਸਮਾਉਂਦਾ ਹੈ। ਗੰਗਾ ਦੁਨੀਆਂ ਦੇ ਇਕ ਸਭ ਤੋਂ ਸੰਘਣੀ ਵਸੋਂ ਵਾਲੇ ਇਲਾਕੇ ਵਿਚ ਭਾਰਤ ਦੀ ਕੁੱਲ ਆਬਾਦੀ, ਜੋ ਕਿ ਹੁਣ ਇਕ ਅਰਬ ਤੋਂ ਜ਼ਿਆਦਾ ਹੈ, ਦੇ ਇਕ ਤਿਹਾਈ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਦੀ ਹੈ। ਬੰਗਲਾਦੇਸ਼ ਵਿਚ ਆ ਕੇ ਇਹ ਬਹੁਤ ਚੌੜੀ ਹੋ ਜਾਂਦੀ ਹੈ, ਬਿਲਕੁਲ ਇਕ ਸਮੁੰਦਰ ਦੀ ਤਰ੍ਹਾਂ ਜਿਸ ਵਿਚ ਵੱਡੇ-ਛੋਟੇ ਹਰ ਪ੍ਰਕਾਰ ਦੇ ਜਹਾਜ਼ ਚੱਲਦੇ ਹਨ। ਇਸ ਮਗਰੋਂ ਗੰਗਾ ਕਈ ਮੁੱਖ ਨਦੀਆਂ ਅਤੇ ਬਹੁਤ ਸਾਰੇ ਨਾਲਿਆਂ ਵਿਚ ਵੰਡ ਜਾਂਦੀ ਹੈ ਅਤੇ ਦੁਨੀਆਂ ਦਾ ਇਕ ਸਭ ਤੋਂ ਵੱਡਾ ਡੈਲਟਾ ਬਣਾਉਂਦੀ ਹੈ।

[ਨਕਸ਼ਾ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਤਿੱਬਤ

ਪਾਕਿਸਤਾਨ

ਸਿੰਧ ਦਰਿਆ

ਜਿਹਲਮ

ਚਨਾਬ

ਸਤਲੁਜ

ਹੜੱਪਾ

ਮੋਹਿੰਜੋਦੜੋ

ਭਾਰਤ

ਗੰਗਾ

ਜਮਨਾ

ਬ੍ਰਹਮਪੁੱਤਰ

ਇਲਾਹਾਬਾਦ

ਵਾਰਾਨਸੀ

ਪਟਨਾ

ਕਲਕੱਤਾ

ਬੰਗਲਾਦੇਸ਼

ਨੇਪਾਲ

ਭੂਟਾਨ

[ਕ੍ਰੈਡਿਟ ਲਾਈਨ]

Mountain High Maps® Copyright © 1997 Digital Wisdom, Inc.

[ਤਸਵੀਰਾਂ]

ਹਿੰਦੂ ਲੋਕ ਗੰਗਾ ਵਿਚ ਇਸ਼ਨਾਨ ਕਰਦੇ ਹਨ

[ਕ੍ਰੈਡਿਟ ਲਾਈਨ]

Copyright Sean Sprague/​Panos Pictures