Skip to content

Skip to table of contents

ਸਰੀਰ ਦੀ ਸਜਾਵਟ ਕਰਨ ਵਿਚ ਸਮਝਦਾਰੀ ਦੀ ਜ਼ਰੂਰਤ

ਸਰੀਰ ਦੀ ਸਜਾਵਟ ਕਰਨ ਵਿਚ ਸਮਝਦਾਰੀ ਦੀ ਜ਼ਰੂਰਤ

ਬਾਈਬਲ ਦਾ ਦ੍ਰਿਸ਼ਟੀਕੋਣ

ਸਰੀਰ ਦੀ ਸਜਾਵਟ ਕਰਨ ਵਿਚ ਸਮਝਦਾਰੀ ਦੀ ਜ਼ਰੂਰਤ

ਇਕ ਫਰਾਂਸੀਸੀ ਨਾਵਲਕਾਰ ਨੇ ਲਿਖਿਆ ਕਿ ‘ਆਪਣੀ ਸ਼ਕਲ-ਸੂਰਤ ਬਾਰੇ ਜ਼ਿਆਦਾ ਸੋਚਣ ਵਾਲਾ ਅਕਲ ਦਾ ਮਾਰਿਆ ਹੁੰਦਾ ਹੈ।’ ਜੀ ਹਾਂ, ਸਦੀਆਂ ਲਈ ਇਨਸਾਨਾਂ ਨੇ ਸ਼ੁਕੀਨੀ ਕਰਨ ਲਈ ਆਪਣਿਆਂ ਸਰੀਰਾਂ ਦੀ ਸਜਾਵਟ ਕਰਨ ਵਿਚ ਬਹੁਤ ਕੁਝ ਕੀਤਾ ਹੈ ਜਿਸ ਵਿਚ ਅਕਲ ਵਰਤਣ ਦਾ ਤਾਂ ਸਵਾਲ ਵੀ ਪੈਦਾ ਨਹੀਂ ਹੋਇਆ। ਮਿਸਾਲ ਲਈ, 19ਵੀਂ ਸਦੀ ਦਾ ਰਿਵਾਜ ਸੀ ਕਿ ਔਰਤਾਂ ਦੀ ਕਮਰ ਬਹੁਤ ਹੀ ਛੋਟੀ ਹੋਵੇ। ਇਸ ਲਈ ਔਰਤਾਂ ਕਮਰਬੰਦ ਪਹਿਨ ਕੇ ਆਪਣੀ ਕਮਰ ਨੂੰ ਇੰਨਾ ਕੱਸ ਲੈਂਦੀਆਂ ਸਨ ਕਿ ਉਨ੍ਹਾਂ ਲਈ ਸਾਹ ਲੈਣਾ ਔਖਾ ਹੋ ਜਾਂਦਾ ਸੀ। ਕੁਝ ਔਰਤਾਂ ਦੀਆਂ ਕਮਰਾਂ ਸਿਰਫ਼ 13 ਇੰਚ ਹੁੰਦੀਆਂ ਸਨ। ਕਈ ਔਰਤਾਂ ਆਪਣੇ ਕਮਰਬੰਦ ਇੰਨੇ ਕੱਸ ਲੈਂਦੀਆਂ ਸਨ ਕਿ ਉਨ੍ਹਾਂ ਦੀਆਂ ਪਸਲੀਆਂ ਉਨ੍ਹਾਂ ਦੇ ਕਲੇਜਿਆਂ ਵਿਚ ਧੱਕੀਆਂ ਗਈਆਂ ਅਤੇ ਇਸ ਕਰਕੇ ਆਖ਼ਰਕਾਰ ਉਨ੍ਹਾਂ ਦੀ ਮੌਤ ਹੋ ਗਈ।

ਭਾਵੇਂ ਕਿ ਅੱਜ ਇਹ ਰਿਵਾਜ ਨਹੀਂ ਰਿਹਾ, ਜਿਸ ਘਮੰਡ ਕਾਰਨ ਇਹ ਪੈਦਾ ਹੋਇਆ ਸੀ, ਉਹ ਅੱਜ ਵੀ ਉੱਨਾ ਹੀ ਜ਼ਾਹਰ ਹੈ ਜਿੰਨਾ ਉਦੋਂ ਸੀ। ਆਦਮੀ ਅਤੇ ਔਰਤਾਂ ਅੱਜ ਵੀ ਆਪਣੀ ਸ਼ਕਲ ਬਦਲਣ ਲਈ ਤਰ੍ਹਾਂ-ਤਰ੍ਹਾਂ ਦੇ ਖ਼ਤਰਨਾਕ ਕੰਮ ਕਰਦੇ ਹਨ। ਮਿਸਾਲ ਲਈ, ਗੋਦਨਾ (tattoo) ਗੁੰਦਵਾਉਣ ਲਈ, ਯਾਨੀ ਸਰੀਰ ਉੱਤੇ ਚਿੱਤਰ ਬਣਾਉਣ ਲਈ, ਅਤੇ ਸਰੀਰ ਨੂੰ ਵਿੰਨ੍ਹਣ ਲਈ ਬਾਜ਼ਾਰਾਂ ਵਿਚ ਅਚਾਨਕ ਹੀ ਬਹੁਤ ਸਾਰੀਆਂ ਦੁਕਾਨਾਂ ਖੁੱਲ੍ਹ ਰਹੀਆਂ ਹਨ। ਪਹਿਲਾਂ ਇਹ ਚੀਜ਼ਾਂ ਉਹ ਲੋਕ ਕਰਦੇ ਸਨ ਜਿਨ੍ਹਾਂ ਨੂੰ ਸਮਾਜ ਵਿਚ ਅਜੀਬ ਸਮਝਿਆ ਜਾਂਦਾ ਸੀ। ਪਰ, ਇਕ-ਦੋ ਸਾਲ ਪਹਿਲਾਂ, ਅਮਰੀਕਾ ਵਿਚ ਤੇਜ਼ੀ ਨਾਲ ਵਧਣ ਵਾਲੇ ਵਿੱਕਰੀ ਦੇ ਕਾਰੋਬਾਰਾਂ ਦੀ ਸੂਚੀ ਤੇ ਗੋਦਨਾ ਗੁੰਦਵਾਉਣ ਦਾ ਕਾਰੋਬਾਰ ਛੇਵੇਂ ਨੰਬਰ ਤੇ ਆਇਆ।

ਸਰੀਰ ਨੂੰ ਸਜਾਉਣ ਵਾਲੇ ਹੋਰ ਬੜੇ ਅਜੀਬ ਤਰੀਕੇ ਵੀ ਮਸ਼ਹੂਰ ਹੋ ਰਹੇ ਹਨ, ਖ਼ਾਸ ਕਰਕੇ ਨੌਜਵਾਨਾਂ ਵਿਚਕਾਰ। ਸਰੀਰ ਦਿਆਂ ਅੰਗਾਂ ਨੂੰ ਵਿੰਨ੍ਹਣਾ ਆਮ ਹੋ ਰਿਹਾ ਹੈ, ਜਿਸ ਵਿਚ ਛਾਤੀ, ਨੱਕ, ਜੀਭ, ਅਤੇ ਗੁਪਤ-ਅੰਗਾਂ ਨੂੰ ਵਿੰਨ੍ਹਣਾ ਵੀ ਸ਼ਾਮਲ ਹੈ। ਕੁਝ ਲੋਕਾਂ ਲਈ ਅਜਿਹਿਆਂ ਅੰਗਾਂ ਨੂੰ ਵਿੰਨ੍ਹਣਾ ਕੋਈ ਵੱਡੀ ਗੱਲ ਨਹੀਂ ਰਹੀ। ਉਹ ਤਾਂ ਆਪਣਿਆਂ ਸਰੀਰਾਂ ਉੱਤੇ ਤੱਤੇ ਲੋਹੇ ਨਾਲ ਦਾਗ਼ ਲਗਾਉਂਦੇ ਹਨ, ਉਸ ਨੂੰ ਚੀਰਦੇ ਹਨ, * ਅਤੇ ਆਪਣੀ ਚਮੜੀ ਵਿਚ ਡੀਜ਼ਾਈਨ ਪਾਉਣ ਲਈ ਉਸ ਦੇ ਹੇਠਾਂ ਚੀਜ਼ਾਂ ਦਿੰਦੇ ਹਨ।

ਇਕ ਪੁਰਾਣਾ ਰਿਵਾਜ

ਸਰੀਰ ਨੂੰ ਸਜਾਉਣਾ ਜਾਂ ਉਸ ਨੂੰ ਬਦਲਣ ਦੀ ਕੋਸ਼ਿਸ਼ ਕਰਨੀ ਕੋਈ ਨਵੀਂ ਗੱਲ ਨਹੀਂ ਹੈ। ਅਫ਼ਰੀਕਾ ਦੇ ਕੁਝ ਦੇਸ਼ਾਂ ਵਿਚ, ਸਦੀਆਂ ਤੋਂ ਇਹ ਰਸਮ ਰਹੀ ਹੈ ਕਿ ਸਰੀਰਾਂ ਉੱਤੇ ਦਾਗ਼ ਲਗਾਏ ਜਾਣ ਅਤੇ ਗੋਦਨੇ ਗੁੰਦਵਾਏ ਜਾਣ ਤਾਂਕਿ ਪਰਿਵਾਰਕ ਸਮੂਹਾਂ ਅਤੇ ਕਬੀਲਿਆਂ ਦੀ ਪਛਾਣ ਕੀਤੀ ਜਾ ਸਕੇ। ਦਿਲਚਸਪੀ ਦੀ ਗੱਲ ਹੈ ਕਿ ਇਨ੍ਹਾਂ ਕਈਆਂ ਦੇਸ਼ਾਂ ਵਿਚ ਹੁਣ ਇਨ੍ਹਾਂ ਰਿਵਾਜਾਂ ਨੂੰ ਪਸੰਦ ਨਹੀਂ ਕੀਤਾ ਜਾਂਦਾ ਅਤੇ ਇਸ ਲਈ ਇਹ ਇੰਨੇ ਆਮ ਨਹੀਂ ਹਨ।

ਬਾਈਬਲ ਵਿਚ ਵੀ ਗੋਦਨਾ ਗੁੰਦਵਾਉਣ, ਵਿੰਨ੍ਹਣ, ਅਤੇ ਚੀਰਨ ਬਾਰੇ ਦੱਸਿਆ ਗਿਆ ਹੈ। ਅਕਸਰ ਗ਼ੈਰ-ਯਹੂਦੀ ਦੇਸ਼ਾਂ ਦੇ ਲੋਕ ਇਹ ਕੰਮ ਕਰਦੇ ਹੁੰਦੇ ਸਨ ਅਤੇ ਇਨ੍ਹਾਂ ਦਾ ਸੰਬੰਧ ਉਨ੍ਹਾਂ ਦੀ ਪੂਜਾ ਨਾਲ ਹੁੰਦਾ ਸੀ। ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਯਹੋਵਾਹ ਨੇ ਆਪਣਿਆਂ ਲੋਕਾਂ, ਯਾਨੀ ਯਹੂਦੀਆਂ ਨੂੰ ਇਨ੍ਹਾਂ ਲੋਕਾਂ ਦੀ ਰੀਸ ਕਰਨ ਤੋਂ ਕਿਉਂ ਮਨ੍ਹਾ ਕੀਤਾ ਸੀ। (ਲੇਵੀਆਂ 19:28) ਇਸ ਤਰ੍ਹਾਂ ਪਰਮੇਸ਼ੁਰ ਦੀ “ਅਣੋਖੀ ਉੱਮਤ” ਵਜੋਂ ਯਹੂਦੀ ਭ੍ਰਿਸ਼ਟ ਅਤੇ ਝੂਠੇ ਧਾਰਮਿਕ ਕੰਮਾਂ ਤੋਂ ਬਚੇ ਰਹੇ।​—ਬਿਵਸਥਾ ਸਾਰ 14:2.

ਮਸੀਹੀ ਆਜ਼ਾਦੀ

ਮਸੀਹੀ ਮੂਸਾ ਦੀ ਬਿਵਸਥਾ ਦੇ ਅਧੀਨ ਨਹੀਂ ਹਨ, ਫਿਰ ਵੀ ਉਸ ਵਿਚ ਕਈ ਸਿਧਾਂਤ ਹਨ ਜੋ ਮਸੀਹੀ ਕਲੀਸਿਯਾ ਉੱਤੇ ਲਾਗੂ ਕੀਤੇ ਜਾ ਸਕਦੇ ਸਨ। (ਕੁਲੁੱਸੀਆਂ 2:14) ਇਸ ਲਈ ਮਸੀਹੀ ਉਚਿਤ ਹੱਦਾਂ ਵਿਚ ਰਹਿ ਕੇ ਆਪਣੇ ਸਰੀਰਾਂ ਨੂੰ ਆਪਣੀ ਮਰਜ਼ੀ ਨਾਲ ਸਜਾ ਸਕਦੇ ਹਨ। (ਗਲਾਤੀਆਂ 5:1; 1 ਤਿਮੋਥਿਉਸ 2:9, 10) ਲੇਕਿਨ, ਇਹ ਆਜ਼ਾਦੀ ਸੀਮਾਵਾਂ ਤੋਂ ਬਗੈਰ ਨਹੀਂ ਹੈ।​—1 ਪਤਰਸ 2:16.

ਪੌਲੁਸ ਨੇ 1 ਕੁਰਿੰਥੀਆਂ 6:12 ਵਿਚ ਲਿਖਿਆ ਕਿ “ਸਾਰੀਆਂ ਵਸਤਾਂ ਮੇਰੇ ਲਈ ਉਚਿਤ ਹਨ ਪਰੰਤੂ ਸੱਭੇ ਲਾਭਦਾਇਕ ਨਹੀਂ।” ਪੌਲੁਸ ਜਾਣਦਾ ਸੀ ਕਿ ਮਸੀਹੀ ਆਜ਼ਾਦੀ ਦਾ ਮਤਲਬ ਇਹ ਨਹੀਂ ਸੀ ਕਿ ਉਹ ਦੂਸਰਿਆਂ ਦਾ ਲਿਹਾਜ਼ ਕਰਨ ਤੋਂ ਬਗੈਰ ਜੋ ਮਰਜ਼ੀ ਕਰ ਸਕਦਾ ਸੀ। ਦੂਸਰਿਆਂ ਲਈ ਪਿਆਰ ਨੇ ਉਸ ਦੇ ਰਵੱਈਏ ਉੱਤੇ ਅਸਰ ਪਾਇਆ ਸੀ। (ਗਲਾਤੀਆਂ 5:13) ਉਸ ਨੇ ਜ਼ੋਰ ਦਿੱਤਾ ਕਿ “ਤੁਹਾਡੇ ਵਿੱਚੋਂ ਹਰੇਕ ਜਣਾ ਆਪਣੇ ਹੀ ਹਾਲ ਉੱਤੇ ਨਹੀਂ ਸਗੋਂ ਹਰੇਕ ਦੂਜਿਆਂ ਦੇ ਹਾਲ ਉੱਤੇ ਵੀ ਨਿਗਾਹ” ਰੱਖੇ। (ਫ਼ਿਲਿੱਪੀਆਂ 2:4) ਪੌਲੁਸ ਦਾ ਨਿਰਸੁਆਰਥੀ ਨਜ਼ਰੀਆ ਹਰ ਮਸੀਹੀ ਲਈ ਇਕ ਵਧੀਆ ਮਿਸਾਲ ਹੈ ਜੋ ਸਰੀਰ ਨੂੰ ਕਿਸੇ ਵੀ ਤਰੀਕੇ ਵਿਚ ਸਜਾਉਣ ਬਾਰੇ ਸੋਚ ਰਿਹਾ ਹੋਵੇ।

ਧਿਆਨ ਦੇਣ ਯੋਗ ਬਾਈਬਲੀ ਸਿਧਾਂਤ

ਮਸੀਹੀਆਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਅਤੇ ਉਸ ਬਾਰੇ ਸਿੱਖਿਆ ਦੇਣ। (ਮੱਤੀ 28:19, 20; ਫ਼ਿਲਿੱਪੀਆਂ 2:15) ਕੋਈ ਵੀ ਮਸੀਹੀ ਇਹ ਨਹੀਂ ਚਾਹੇਗਾ ਕਿ ਉਸ ਦੀ ਸ਼ਕਲ ਕਰਕੇ ਦੂਸਰੇ ਇਸ ਸੰਦੇਸ਼ ਨੂੰ ਸੁਣਨ ਤੋਂ ਇਨਕਾਰ ਕਰ ਦੇਣ।​—2 ਕੁਰਿੰਥੀਆਂ 4:2.

ਭਾਵੇਂ ਕਿ ਵਿੰਨ੍ਹਣ ਜਾਂ ਗੋਦਨਾ ਗੁੰਦਵਾਉਣ ਵਰਗੀਆਂ ਕੁਝ ਸਜਾਵਟੀ ਚੀਜ਼ਾਂ ਕਈਆਂ ਲੋਕਾਂ ਵਿਚ ਆਮ ਹੋਣ, ਇਕ ਮਸੀਹੀ ਨੂੰ ਆਪਣੇ ਆਪ ਤੋਂ ਇਹ ਪੁੱਛਣ ਦੀ ਲੋੜ ਹੈ ਕਿ ‘ਅਜਿਹੀ ਸਜਾਵਟ ਕਰਵਾਉਣ ਤੋਂ ਆਂਢ-ਗੁਆਂਢ ਦੇ ਲੋਕ ਕੀ ਸੋਚਣਗੇ? ਕੀ ਸਮਾਜ ਵਿਚ ਮੇਰਾ ਸੰਬੰਧ ਅਜੀਬ ਜਿਹੇ ਸਮੂਹਾਂ ਨਾਲ ਜੋੜਿਆ ਜਾਵੇਗਾ? ਭਾਵੇਂ ਕਿ ਮੇਰੀ ਜ਼ਮੀਰ ਇਸ ਬਾਰੇ ਮੈਨੂੰ ਤੰਗ ਨਹੀਂ ਕਰਦੀ, ਸਰੀਰ ਨੂੰ ਵਿੰਨ੍ਹਣ ਜਾਂ ਗੋਦਨਾ ਗੁੰਦਵਾਉਣ ਤੋਂ ਕਲੀਸਿਯਾ ਦੇ ਦੂਸਰਿਆਂ ਮੈਂਬਰਾਂ ਉੱਤੇ ਕੀ ਅਸਰ ਪਵੇਗਾ? ਕੀ ਉਹ ਇਸ ਤਰ੍ਹਾਂ ਸੋਚਣਗੇ ਕਿ ‘ਜਗਤ ਦੀ ਆਤਮਾ’ ਨੇ ਮੇਰੇ ਉੱਤੇ ਅਸਰ ਪਾਇਆ ਹੈ? ਕੀ ਉਹ ਮੇਰੀ ਅਧਿਆਤਮਿਕ “ਸੁਰਤ” ਉੱਤੇ ਸ਼ੱਕ ਕਰਨਗੇ?’​—1 ਕੁਰਿੰਥੀਆਂ 2:12; 10:29-32; ਤੀਤੁਸ 2:12.

ਸਰੀਰ ਨੂੰ ਸਜਾਉਣ ਦੇ ਕੁਝ ਤਰੀਕੇ ਸਾਡੀ ਸਿਹਤ ਲਈ ਬਹੁਤ ਹੀ ਖ਼ਤਰਨਾਕ ਹਨ। ਗੰਦੀਆਂ ਸੂਈਆਂ ਨਾਲ ਗੋਦਨੇ ਗੁੰਦਵਾਉਣ ਕਰਕੇ ਹੈਪੀਟਾਇਟਿਸ ਅਤੇ ਐੱਚ. ਆਈ. ਵੀ. ਦੀਆਂ ਬੀਮਾਰੀਆਂ ਫੈਲ ਸਕਦੀਆਂ ਹਨ। ਰੰਗਾਂ ਜਾਂ ਸਿਆਹੀਆਂ ਕਾਰਨ ਕਦੀ-ਕਦੀ ਚਮੜੀ ਦੇ ਰੋਗ ਲੱਗ ਸਕਦੇ ਹਨ। ਕਿਸੇ ਅੰਗ ਨੂੰ ਵਿੰਨ੍ਹਣ ਤੋਂ ਬਾਅਦ ਜ਼ਖ਼ਮ ਭਰਨ ਵਿਚ ਕਈ ਮਹੀਨੇ ਲੱਗ ਸਕਦੇ ਹਨ, ਅਤੇ ਇਸ ਸਮੇਂ ਦੌਰਾਨ ਬਹੁਤ ਦਰਦ ਵੀ ਪੈ ਸਕਦਾ ਹੈ। ਇਸ ਤੋਂ ਖ਼ੂਨ ਵਿਚ ਜ਼ਹਿਰ ਫੈਲ ਸਕਦਾ ਹੈ, ਜ਼ਿਆਦਾ ਲਹੂ ਵਗ ਸਕਦਾ ਹੈ, ਲਹੂ ਦੇ ਗਤਲੇ ਬਣ ਸਕਦੇ ਹਨ, ਨਸਾਂ ਦਾ ਨੁਕਸਾਨ ਹੋ ਸਕਦਾ ਹੈ, ਅਤੇ ਖ਼ਤਰਨਾਕ ਇਨਫੇਕਸ਼ਨ ਹੋ ਸਕਦੇ ਹਨ। ਇਸ ਦੇ ਨਾਲ-ਨਾਲ, ਸਰੀਰ ਦੀਆਂ ਸਜਾਵਟਾਂ ਨੂੰ ਸੌਖੀ ਤਰ੍ਹਾਂ ਬਦਲਿਆ ਨਹੀਂ ਜਾ ਸਕਦਾ। ਮਿਸਾਲ ਲਈ, ਗੋਦਨਾ ਮਿਟਾਉਣ ਲਈ ਸ਼ਾਇਦ ਤੁਹਾਨੂੰ ਕਈ ਵਾਰ ਲੇਜ਼ਰ ਰਾਹੀਂ ਮਹਿੰਗੇ ਅਤੇ ਦਰਦਨਾਕ ਇਲਾਜ ਕਰਵਾਉਣੇ ਪੈਣ, ਪਰ ਇਹ ਗੋਦਨੇ ਦੇ ਆਕਾਰ ਅਤੇ ਰੰਗ ਉੱਤੇ ਨਿਰਭਰ ਹੁੰਦਾ ਹੈ। ਅੰਗ ਵਿੰਨ੍ਹਣ ਦੇ ਦਾਗ਼ ਸ਼ਾਇਦ ਹਮੇਸ਼ਾ ਲਈ ਰਹਿ ਜਾਣ।

ਅਜਿਹੇ ਖ਼ਤਰਿਆਂ ਨੂੰ ਆਪਣੇ ਸਿਰ ਲੈਣਾ ਇਕ ਨਿੱਜੀ ਚੋਣ ਹੈ। ਪਰ ਜਿਹੜਾ ਵਿਅਕਤੀ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦਾ ਹੈ ਉਹ ਜਾਣਦਾ ਹੈ ਕਿ ਮਸੀਹੀ ਬਣਨ ਦਾ ਮਤਲਬ ਹੈ ਆਪਣੇ ਆਪ ਨੂੰ ਪਰਮੇਸ਼ੁਰ ਨੂੰ ਸੌਂਪ ਦੇਣਾ। ਸਾਡੇ ਸਰੀਰ ਜੀਉਂਦੇ ਬਲੀਦਾਨ ਹਨ ਜੋ ਪਰਮੇਸ਼ੁਰ ਨੂੰ ਉਸ ਦੀ ਸੇਵਾ ਲਈ ਚੜ੍ਹਾਏ ਜਾਂਦੇ ਹਨ। (ਰੋਮੀਆਂ 12:1) ਇਸ ਲਈ, ਸਮਝਦਾਰ ਮਸੀਹੀ ਆਪਣਿਆਂ ਸਰੀਰਾਂ ਨੂੰ ਆਪਣੀ ਹੀ ਸੰਪਤੀ ਨਹੀਂ ਸਮਝਦੇ ਜਿਨ੍ਹਾਂ ਦਾ ਜਦੋਂ ਮਰਜ਼ੀ ਨੁਕਸਾਨ ਜਾਂ ਰੂਪ ਵਿਗਾੜਿਆ ਜਾ ਸਕਦਾ ਹੈ। ਕਲੀਸਿਯਾ ਵਿਚ ਅਗਵਾਈ ਕਰਨ ਦੇ ਯੋਗ ਭਰਾਵਾਂ ਨੂੰ ਪਰਹੇਜ਼ਗਾਰ, ਸੁਰਤ ਵਾਲੇ, ਅਤੇ ਸੀਲ ਸੁਭਾਅ ਵਾਲੇ ਹੋਣ ਲਈ ਜਾਣਿਆ ਜਾਂਦਾ ਹੈ।​—1 ਤਿਮੋਥਿਉਸ 3:2, 3.

ਬਾਈਬਲ ਦੁਆਰਾ ਸਿਖਲਾਈ ਗਈ ਆਪਣੀ ਤਰਕ ਸ਼ਕਤੀ ਨੂੰ ਵਰਤ ਕੇ ਮਸੀਹੀ ਇਸ ਸੰਸਾਰ ਦੇ ਗੰਭੀਰ ਅਤੇ ਦੁੱਖ ਲਿਆਉਣ ਵਾਲਿਆਂ ਕੰਮਾਂ ਤੋਂ ਦੂਰ ਰਹਿ ਸਕਣਗੇ। ਅਜਿਹੇ ਕੰਮ ਜੋ ਸੱਚ-ਮੁੱਚ “ਪਰਮੇਸ਼ੁਰ ਦੇ ਜੀਵਨ ਤੋਂ ਅੱਡ ਹੋਏ ਹੋਏ ਹਨ।” (ਅਫ਼ਸੀਆਂ 4:18) ਇਸ ਤਰ੍ਹਾਂ ਕਰਨ ਦੁਆਰਾ ਮਸੀਹੀ ਆਪਣੀ ਤਰਕ ਸ਼ਕਤੀ ਸਭਨਾਂ ਮਨੁੱਖਾਂ ਉੱਤੇ ਪ੍ਰਗਟ ਕਰ ਸਕਦੇ ਹਨ।​—ਫ਼ਿਲਿੱਪੀਆਂ 4:5.

[ਫੁਟਨੋਟ]

^ ਪੈਰਾ 5 ਡਾਕਟਰ ਜਾਂ ਸਰਜਨ ਵੀ ਮਰੀਜ਼ ਦੇ ਸਰੀਰ ਨੂੰ ਚੀਰਦੇ ਹਨ। ਪਰ ਡਾਕਟਰ ਦੇ ਕੱਟਣ-ਵੱਢਣ ਵਿਚ ਅਤੇ ਨੌਜਵਾਨਾਂ ਦੇ, ਖ਼ਾਸ ਕਰਕੇ ਕੁੜੀਆਂ ਦੇ, ਆਪਣੇ ਸਰੀਰ ਨੂੰ ਕੱਟਣ-ਵੱਢਣ ਦੇ ਮਕਸਦ ਵਿਚ ਬਹੁਤ ਫ਼ਰਕ ਹੈ। ਇਸ ਤਰ੍ਹਾਂ ਕਰਨ ਦੁਆਰਾ ਨੌਜਵਾਨ ਗੰਭੀਰ ਮਾਨਸਿਕ ਤਣਾਅ ਜਾਂ ਉਨ੍ਹਾਂ ਨਾਲ ਹੋਏ ਭੈੜੇ ਸਲੂਕ ਦਾ ਨਿਸ਼ਾਨ ਦਿਖਾ ਰਹੇ ਹੁੰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਸ਼ਾਇਦ ਡਾਕਟਰਾਂ ਦੀ ਮਦਦ ਦੀ ਜ਼ਰੂਰਤ ਪਵੇ।