Skip to content

Skip to table of contents

ਸੰਸਾਰ ਉੱਤੇ ਨਜ਼ਰ

ਸੰਸਾਰ ਉੱਤੇ ਨਜ਼ਰ

ਸੰਸਾਰ ਉੱਤੇ ਨਜ਼ਰ

ਕੀ ਰੂੰ ਭੇਡਾਂ ਤੋਂ ਆਉਂਦਾ ਹੈ?

ਹਾਲ ਹੀ ਵਿਚ ਜਵਾਨ ਕਿਸਾਨਾਂ ਦੀ ਯੂਰਪੀਅਨ ਕੌਂਸਲ ਨੇ ਇਕ ਸਰਵੇ ਜਾਰੀ ਕੀਤਾ। ਇਸ ਸਰਵੇ ਦੇ ਅਨੁਸਾਰ ‘ਯੂਰਪੀਅਨ ਯੂਨੀਅਨ ਵਿਚ ਰਹਿਣ ਵਾਲੇ ਬੱਚਿਆਂ ਵਿੱਚੋਂ 50 ਫੀ ਸਦੀ ਇਹ ਨਹੀਂ ਜਾਣਦੇ ਕਿ ਖੰਡ ਕਿੱਥੋਂ ਆਉਂਦੀ ਹੈ, 75 ਫੀ ਸਦੀ ਇਹ ਨਹੀਂ ਜਾਣਦੇ ਕਿ ਰੂੰ ਕਿੱਥੋਂ ਆਉਂਦਾ ਹੈ ਅਤੇ 25 ਫੀ ਸਦੀ ਤੋਂ ਜ਼ਿਆਦਾ ਇਹ ਮੰਨਦੇ ਹਨ ਕਿ ਇਹ ਭੇਡਾਂ ਤੇ ਉੱਗਦਾ ਹੈ।’ ਇਸ ਤੋਂ ਇਲਾਵਾ, ਬਰਤਾਨੀਆ ਅਤੇ ਨੀਦਰਲੈਂਡਜ਼ ਦੇ ਨੌਂ ਅਤੇ ਦਸ ਸਾਲਾਂ ਦੇ ਬੱਚਿਆਂ ਵਿੱਚੋਂ 25 ਫੀ ਸਦੀ ਇਹ ਸੋਚਦੇ ਹਨ ਕਿ ਸੰਤਰੇ ਅਤੇ ਜ਼ੈਤੂਨ ਉਨ੍ਹਾਂ ਦੇ ਦੇਸ਼ਾਂ ਵਿਚ ਉੱਗਦੇ ਹਨ। ਇਹ ਬੱਚੇ ਸਕੂਲੇ ਖੇਤੀਬਾੜੀ ਬਾਰੇ ਸਿੱਖਦੇ ਹਨ ਅਤੇ ਆਮ ਕਰਕੇ ਖੇਤੀਬਾੜੀ ਵਿਚ ਉਗਾਏ ਗਏ ਫਲਾਂ ਨੂੰ ਕਿਸੇ ਫਾਰਮ ਵਿਚ ਨਹੀਂ ਪਰ ਦੁਕਾਨਾਂ ਵਿਚ ਹੀ ਦੇਖਦੇ ਹਨ। ਇਹ ਸ਼ਾਇਦ ਕੁਝ ਕਾਰਨ ਹੋ ਸਕਦੇ ਹਨ ਕਿ ਯੂਰਪ ਦੇ ਕਈ ਬੱਚੇ ਨੌਕਰੀ ਵਜੋਂ ਖੇਤੀਬਾੜੀ ਦਾ ਕੰਮ ਕਿਉਂ ਨਹੀਂ ਪਸੰਦ ਕਰਦੇ। ਕੌਂਸਲ ਨੇ ਕਿਹਾ ਕਿ “[ਯੂਰਪੀਅਨ ਯੂਨੀਅਨ] ਦੇ ਸਿਰਫ਼ 10 ਫੀ ਸਦੀ ਬੱਚੇ ‘ਸੱਚ-ਮੁੱਚ’ ਕਿਸਾਨ ਬਣਨਾ ਚਾਹੁੰਦੇ ਹਨ।”

ਭਾਰਤ ਵਿਚ ਬੱਚਿਆਂ ਨਾਲ ਭੈੜਾ ਸਲੂਕ

ਦ ਨਿਊ ਇੰਡੀਅਨ ਐਕਸਪ੍ਰੈੱਸ ਅਖ਼ਬਾਰ ਨੇ ਰਿਪੋਰਟ ਕੀਤਾ ਕਿ ਭਾਰਤ ਵਿਚ ਹਰੇਕ ਦਸ ਮਿੰਟ ਇਕ ਬੱਚੇ ਨੂੰ ਵੇਸਵਾ-ਗਮਨ ਵਿਚ ਲੱਗਣ ਲਈ ਮਜਬੂਰ ਕੀਤਾ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਹਰੇਕ ਸਾਲ ਭਾਰਤ ਦੇ 50,000 ਬੱਚਿਆਂ ਨੂੰ ਇਸ ਗੰਦੇ ਧੰਦੇ ਵਿਚ ਜ਼ਬਰਦਸਤੀ ਲਾਇਆ ਜਾਂਦਾ ਹੈ। ਕੇਰਲਾ ਦੇ ਸੂਬੇ ਵਿਚ ਇਕ ਸੈਮੀਨਾਰ ਨੇ ਬੱਚਿਆਂ ਦੀ ਛੇੜਖਾਨੀ ਦੇ ਸੰਬੰਧ ਵਿਚ ਇਕ ਹੈਰਾਨੀ ਵਾਲੀ ਰਿਪੋਰਟ ਦਿੱਤੀ। ਅਖ਼ਬਾਰ ਨੇ ਦੱਸਿਆ ਕਿ ਉਸ ਇਲਾਕੇ ਵਿਚ ਡਾਕਟਰ “ਬਲਾਤਕਾਰ ਦੇ ਸ਼ਿਕਾਰਾਂ ਦਾ ਮੁਆਇਨਾ ਕਰਨ ਵਿਚ ਹਿਚਕਿਚਾਉਂਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਨਹੀਂ ਕਿ ਇਨ੍ਹਾਂ ਦੀ ਮਦਦ ਕਿਸ ਤਰ੍ਹਾਂ ਕੀਤੀ ਜਾਣੀ ਚਾਹੀਦੀ ਹੈ, ਅਤੇ ਨਾ ਹੀ ਉਹ ਇਨ੍ਹਾਂ ਕੇਸਾਂ ਨਾਲ ਕੋਈ ਸੰਬੰਧ ਚਾਹੁੰਦੇ ਹਨ।” ਕਦੀ-ਕਦੀ ਮਾਪੇ ਵੀ ਇਸ ਮੁਸ਼ਕਲ ਨੂੰ ਹੋਰ ਗੰਭੀਰ ਬਣਾ ਦਿੰਦੇ ਹਨ। ਪੁਲਸ ਕਪਤਾਨ ਸ਼੍ਰੀਲੇਖਾ ਨੇ ਕਿਹਾ ਕਿ “ਮਾਪੇ [ਬਲਾਤਕਾਰ ਦੇ] ਕੇਸਾਂ ਨੂੰ ਰਿਪੋਰਟ ਕਰਨ ਤੋਂ ਡਰਦੇ ਸਨ ਕਿਉਂਕਿ ਗੁਆਂਢ ਵਿਚ ਇਸ ਨੂੰ ਕਲੰਕ ਸਮਝਿਆ ਜਾ ਸਕਦਾ ਹੈ ਅਤੇ ਉਨ੍ਹਾਂ ਨੂੰ ਖ਼ੁਦ ਤਿਆਗਿਆ ਜਾ ਸਕਦਾ ਹੈ।”

“ਕਲਾਕਾਰ” ਹਾਥੀ

ਭਾਰਤ ਦੇ ਓਟਪਲਮ ਪਿੰਡ ਵਿਚ ਛੋਟੇ ਹਾਥੀਆਂ ਨੂੰ ਆਪਣੀ ਸੁੰਡ ਵਿਚ ਬੁਰਸ਼ ਫੜ ਕੇ ਤਸਵੀਰਾਂ ਬਣਾਉਣੀਆਂ ਸਿਖਾਇਆ ਜਾ ਰਿਹਾ ਹੈ। ਦ ਇੰਡੀਅਨ ਐਕਸਪ੍ਰੈੱਸ ਅਖ਼ਬਾਰ ਨੇ ਰਿਪੋਰਟ ਕੀਤਾ ਕਿ ਏਸ਼ੀਆ ਦੇ ਹਾਥੀਆਂ ਦੀ ਕਲਾ ਅਤੇ ਰੱਖਿਆ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਤਾਂਕਿ ਹਾਥੀਆਂ ਦੁਆਰਾ ਬਣਾਈਆਂ ਤਸਵੀਰਾਂ ਵੇਚ ਕੇ ਉਨ੍ਹਾਂ ਦੀ ਰੱਖਿਆ ਕਰਨ ਲਈ ਪੈਸਾ ਇਕੱਠਾ ਕੀਤਾ ਜਾ ਸਕੇ। ਗਨੇਸਨ ਨਾਂ ਦਾ ਇਕ ਛੇ ਸਾਲਾਂ ਦਾ ਹਾਥੀ ਆਪਣੀ “ਕਲਾ” ਵਿਚ ਬਹੁਤ ਖ਼ੁਸ਼ ਨਜ਼ਰ ਆਉਂਦਾ ਹੈ। ਜਦੋਂ ਤਸਵੀਰ ਬਣਾਉਣ ਦਾ ਉਸ ਦਾ ਜੀਅ ਕਰਦਾ ਹੈ ਤਾਂ ਉਹ ਆਪਣੇ ਕੰਨ ਹਿਲਾਉਣ ਲੱਗ ਪੈਂਦਾ ਅਤੇ ਆਪਣੇ ਉਸਤਾਦ ਕੋਲੋਂ ਬੁਰਸ਼ ਲੈ ਲੈਂਦਾ ਹੈ। ਤਸਵੀਰ ਬਣਾਉਂਦੇ ਸਮੇਂ ਗਨੇਸਨ ਬਿਲਕੁਲ ਸ਼ਾਂਤੀ ਚਾਹੁੰਦਾ ਹੈ। ਉਹ ਪੰਛੀਆਂ ਜਾਂ ਕਾਟੋਆਂ ਦੁਆਰ ਪਰੇਸ਼ਾਨ ਹੋਣਾ ਵੀ ਪਸੰਦ ਨਹੀਂ ਕਰਦਾ। ਕਦੀ-ਕਦੀ ਲੱਗਦਾ ਹੈ ਕਿ ਗਨੇਸਨ ਕੁਝ ਰੰਗ-ਬਰੰਗੀਆਂ ਲਕੀਰਾਂ ਵਾਹ ਕੇ ਆਪਣੀ ਤਸਵੀਰ ਨੂੰ ਦੇਖਣ ਲਈ ਰੁਕ ਜਾਂਦਾ ਹੈ। ਲੇਕਿਨ, ਸਾਰੇ ਜਵਾਨ ਹਾਥੀ ਤਸਵੀਰਾਂ ਬਣਾਉਣੀਆਂ ਨਹੀਂ ਪਸੰਦ ਕਰਦੇ। ਕੁਝ ਹਾਥੀ ਆਪਣਾ ਗੁੱਸਾ ਦਿਖਾਉਣ ਲਈ ਬੁਰਸ਼ਾਂ ਨੂੰ ਤੋੜ ਦਿੰਦੇ ਹਨ।

ਸਿਗਰਟ ਨਾ ਪੀਣ ਵਾਲਿਆਂ ਲਈ ਵੀ ਪ੍ਰਦੂਸ਼ਣ ਦਾ ਖ਼ਤਰਾ

ਮੁੰਬਈ ਵਿਚ ਟਾਟਾ ਕੰਪਨੀ ਦੀ ਇਕ ਰਿਸਰਚ ਸੰਸਥਾ ਨੇ ਰਿਪੋਰਟ ਦਿੱਤੀ ਕਿ ਭਾਰਤ ਵਿਚ ਸਿਗਰਟ ਪੀਣ ਵਾਲਿਆਂ ਜ਼ਿਆਦਾਤਰ ਬੱਚਿਆਂ ਨੇ ਇਹ ਆਦਤ ਬਹੁਤ ਹੀ ਛੋਟੀ ਉਮਰ ਤੋਂ ਪਾਈ ਹੈ। ਆਮ ਤੌਰ ਤੇ, ਜਦੋਂ ਮਾਪਿਆਂ ਦੀ ਨਿਗਰਾਨੀ ਨਾ ਹੋਵੇ ਤਾਂ ਬੱਚੇ 8 ਸਾਲ ਦੀ ਉਮਰ ਤੇ ਸਿਗਰਟ ਪੀਣੀ ਸ਼ੁਰੂ ਕਰ ਦਿੰਦੇ ਹਨ; ਸਕੂਲ ਜਾਣ ਵਾਲੇ ਬੱਚੇ ਅਤੇ ਜਿਨ੍ਹਾਂ ਦੇ ਦੇਖ-ਭਾਲ ਕਰਨ ਵਾਲੇ ਹੁੰਦੇ ਹਨ ਉਹ 11 ਸਾਲਾਂ ਦੀ ਉਮਰ ਤੇ ਸ਼ੁਰੂ ਕਰ ਦਿੰਦੇ ਹਨ। ਲੇਕਿਨ, ਮੁੰਬਈ ਵਿਚ ਇਕ ਹੋਰ ਸਰਵੇ ਨੇ ਦਿਖਾਇਆ ਕਿ ਜਿਨ੍ਹਾਂ ਬੱਚਿਆਂ ਦੇ ਮਾਪੇ ਉਨ੍ਹਾਂ ਦੀ ਦੇਖ-ਭਾਲ ਕਰਦੇ ਸਨ ਅਤੇ ਜੋ ਸਿਗਰਟ ਨਹੀਂ ਪੀਂਦੇ ਸਨ, ਉਹ ਵੀ ਹਵਾ ਵਿਚਲੇ ਜ਼ਹਿਰਲੇ ਪਦਾਰਥਾਂ ਦਾ ਸਾਹ ਲੈ ਰਹੇ ਸਨ। ਹਾਂ ਹੈਰਾਨੀ ਦੀ ਗੱਲ ਹੈ ਕਿ ਜਿਨ੍ਹਾਂ ਪਦਾਰਥਾਂ ਦਾ ਉਹ ਸਾਹ ਲੈ ਰਹੇ ਸਨ ਉਹ ਸਿਗਰਟਾਂ ਦੀਆਂ ਦੋ ਡੱਬੀਆਂ ਪੀਣ ਦੇ ਬਰਾਬਰ ਸੀ! ਦ ਏਸ਼ੀਅਨ ਏਜ ਅਖ਼ਬਾਰ ਦੇ ਅਨੁਸਾਰ, ਮੁੰਬਈ ਅਤੇ ਦਿੱਲੀ ਦੁਨੀਆਂ ਦੇ ਪੰਜ ਸਭ ਤੋਂ ਗੰਦੇ ਸ਼ਹਿਰਾਂ ਵਿੱਚੋਂ ਹਨ। ਲਗਭਗ 9,00,000 ਕਾਰਾਂ ਅਤੇ ਟਰੱਕ ਵਗੈਰਾ ਮੁੰਬਈ ਦੀਆਂ ਸੜਕਾਂ ਉੱਤੇ ਘੁੰਮਦੇ-ਫਿਰਦੇ ਹਨ ਅਤੇ 3,00,000 ਹੋਰ ਹਰ ਰੋਜ਼ ਸ਼ਹਿਰ ਦੇ ਅੰਦਰ-ਬਾਹਰ ਆਉਂਦੇ-ਜਾਂਦੇ ਹਨ। ਇਸ ਕਰਕੇ ਇਹ ਰਿਪੋਰਟ ਮਿਲੀ ਹੈ ਕਿ ਹਵਾ ਦਾ ਪ੍ਰਦੂਸ਼ਣ ਵਿਸ਼ਵ ਸਿਹਤ ਸੰਗਠਨ ਦੀਆਂ ਜਾਇਜ਼ ਹੱਦਾਂ ਤੋਂ 600 ਤੋਂ 800 ਫੀ ਸਦੀ ਜ਼ਿਆਦਾ ਹੈ।

ਕਿਸ਼ੋਰਾਂ ਦੇ ਵਿਆਹ

ਭਾਰਤ ਵਿਚ ਹਾਲ ਹੀ ਵਿਚ ਪਰਿਵਾਰਕ ਸਿਹਤ ਬਾਰੇ ਸਰਵੇ ਕੀਤਾ ਗਿਆ ਸੀ। ਉਸ ਦੇ ਅਨੁਸਾਰ ਵਿਆਹੇ ਕਿਸ਼ੋਰਾਂ ਵਿੱਚੋਂ 36 ਫੀ ਸਦੀ 13 ਤੋਂ 16 ਦੀ ਉਮਰ ਦੇ ਵਿਚ-ਵਿਚ ਹਨ। ਮੁੰਬਈ ਦੇ ਏਸ਼ੀਅਨ ਏਜ ਅਖ਼ਬਾਰ ਦੀ ਰਿਪੋਰਟ ਅਨੁਸਾਰ ਇਸ ਸਰਵੇ ਨੇ ਇਹ ਵੀ ਦਿਖਾਇਆ ਕਿ 17 ਤੋਂ 19 ਸਾਲਾਂ ਦੀ ਉਮਰ ਦੀਆਂ ਕੁੜੀਆਂ ਵਿੱਚੋਂ 64 ਫੀ ਸਦੀ ਨੇ ਬੱਚਾ ਜਣਿਆ ਹੈ ਜਾਂ ਗਰਭਵਤੀ ਹਨ। ਰਿਪੋਰਟ ਨੇ ਅੱਗੇ ਦੱਸਿਆ ਕਿ ਗਰਭਵਤੀ ਸੰਬੰਧੀ ਮੁਸ਼ਕਲਾਂ ਕਾਰਨ 20 ਤੋਂ 24 ਸਾਲਾਂ ਦੀ ਉਮਰ ਦੀਆਂ ਮਾਵਾਂ ਨਾਲੋਂ 15 ਤੋਂ 19 ਸਾਲਾਂ ਦੀ ਉਮਰ ਦੀਆਂ ਜਵਾਨ ਮਾਵਾਂ ਨੂੰ ਮੌਤ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਇਸ ਤੋਂ ਇਲਾਵਾ, ਪਿਛਲੇ ਕੁਝ ਸਾਲਾਂ ਵਿਚ 15 ਤੋਂ 24 ਉਮਰ ਦੇ ਨੌਜਵਾਨਾਂ ਵਿਚ ਲਿੰਗੀ ਬੀਮਾਰੀਆਂ ਦੁਗੁਣੀਆਂ ਹੋ ਗਈਆਂ ਹਨ। ਇਨ੍ਹਾਂ ਗੱਲਾਂ ਦੀ ਜਾਂਚ ਕਰਨ ਵਾਲੇ ਕਹਿੰਦੇ ਹਨ ਕਿ ਵਧਦੀਆਂ ਮੁਸ਼ਕਲਾਂ ਦਾ ਕਾਰਨ ਇਹ ਹੈ: ਲਿੰਗੀ ਮਾਮਲਿਆਂ ਬਾਰੇ ਘੱਟ ਜਾਣਕਾਰੀ ਜਾਂ ਹਾਣੀਆਂ ਅਤੇ ਮੀਡੀਆ ਤੋਂ ਗ਼ਲਤ ਜਾਣਕਾਰੀ।

ਬੋਝ ਹੇਠਾਂ ਵਿਦਿਆਰਥੀ

ਮੁੰਬਈ ਦੇ ਏਸ਼ੀਅਨ ਏਜ ਅਖ਼ਬਾਰ ਨੇ ਕਿਹਾ ਕਿ ਭਾਰਤ ਵਿਚ ਸਾਲ ਦੇ ਅੰਤ ਦੇ ਇਮਤਿਹਾਨਾਂ ਕਾਰਨ ਕਈ ਬੱਚੇ ਬਹੁਤ ਪਰੇਸ਼ਾਨ ਹੋ ਜਾਂਦੇ ਹਨ। ਇਮਤਿਹਾਨਾਂ ਤੋਂ ਪਹਿਲਾਂ ਰੱਟਾ ਲਾਉਣਾ ਅਤੇ ਪਾਸ ਹੋਣ ਦਾ ਦਬਾਅ ਸਹਿਣਾ ਬਹੁਤਿਆਂ ਲਈ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਇਮਤਿਹਾਨਾਂ ਦੇ ਸਮੇਂ ਦੌਰਾਨ ਮਨੋਰੋਗ ਡਾਕਟਰਾਂ ਕੋਲ ਜਾਣ ਵਾਲਿਆਂ ਬੱਚਿਆਂ ਦੀ ਗਿਣਤੀ ਦੁਗੁਣੀ ਹੋ ਜਾਂਦੀ ਹੈ। ਉਹ ਮਾਪੇ ਜੋ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਪਾਸ ਹੋ ਜਾਣ, ਉਨ੍ਹਾਂ ਦੇ ਮਨੋਰੰਜਨ ਤੇ ਪਾਬੰਦੀ ਲਾ ਦਿੰਦੇ ਹਨ। ਮਨੋਰੋਗ ਦਾ ਡਾਕਟਰ ਵੀ. ਕੇ ਮੰਦਰਾ ਨੇ ਕਿਹਾ ਕਿ “ਮਾਪੇ ਆਪਣੇ ਬੱਚਿਆਂ ਤੇ ਕਾਫ਼ੀ ਦਬਾਅ ਪਾਉਂਦੇ ਹਨ। ਇਸ ਦੇ ਨਾਲ-ਨਾਲ ਦੂਜਿਆਂ ਵਿਦਿਆਰਥੀਆਂ ਨਾਲ ਮੁਕਾਬਲਾ ਕਰਨ ਦੀ ਗੱਲ ਵੀ ਹੁੰਦੀ ਹੈ।” ਉਸ ਨੇ ਅੱਗੇ ਕਿਹਾ ਕਿ ਕਈ ਮਾਪੇ “ਇਹ ਨਹੀਂ ਜਾਣਦੇ ਕਿ ਆਪਣੇ ਬੱਚੇ ਨੂੰ ਆਰਾਮ ਕਰਨ ਵਿਚ ਮਦਦ ਦੇਣੀ ਉਸ ਦੇ ਮਨ ਨੂੰ ਤਾਜ਼ਾ ਕਰੇਗੀ ਅਤੇ ਉਸ ਨੂੰ ਸਟੱਡੀ ਕਰਨ ਵਿਚ ਮਦਦ ਕਰੇਗੀ।” ਡਾ. ਹਰਿਸ਼ ਸ਼ੇਟੀ ਨੇ ਕਿਹਾ ਕਿ ਇਮਤਿਹਾਨਾਂ ਦਾ ਦਬਾਅ “ਪਹਿਲੀ ਤੋਂ ਸੱਤਵੀਂ ਜਮਾਤ ਦੇ ਬੱਚਿਆਂ ਤੇ ਵੀ ਅਸਰ ਪਾਉਂਦਾ ਹੈ।”

ਸਿਆਣੇ ਲੋਕ ਆਦਰ ਦੇ ਯੋਗ ਹਨ

ਛੇ ਮਹੀਨਿਆਂ ਦੇ ਇਕ ਅਧਿਐਨ ਤੋਂ ਇਹ ਪਤਾ ਲੱਗਾ ਕਿ ਸਿਆਣੇ ਲੋਕਾਂ ਦੇ ਨਰਸਿੰਗ ਘਰਾਂ ਵਿਚ ਉਨ੍ਹਾਂ ਦੇ ਨਾਲ ਬੱਚਿਆਂ ਦੀ ਤਰ੍ਹਾਂ ਗੱਲਬਾਤ ਕੀਤੀ ਜਾਂਦੀ ਹੈ। ਜਰਮਨੀ ਵਿਚ ਆਪੋਟੀਕਨ ਉਮਸ਼ਾਉ ਨਾਂ ਦੀ ਸਿਹਤ-ਸੰਬੰਧੀ ਰਿਪੋਰਟ ਨੇ ਇਹ ਕਿਹਾ ਕਿ ਬਿਰਧ ਲੋਕਾਂ ਨਾਲ ਅਜਿਹੇ ਤਰੀਕੇ ਵਿਚ ਗੱਲ ਕਰਨ ਨਾਲ ਉਹ ਆਪਣੇ ਆਪ ਵਿਚ ਘਟੀਆ ਮਹਿਸੂਸ ਕਰਨ ਲੱਗ ਪੈਂਦੇ ਹਨ ਅਤੇ ਇਹ ਉਨ੍ਹਾਂ ਦੀ ਸਿਹਤ ਲਈ ਵੀ ਬੁਰਾ ਹੈ। ਜਰਮਨੀ ਵਿਚ ਬਿਰਧ ਲੋਕਾਂ ਦੀ ਦੇਖ-ਭਾਲ ਦੀ ਸੰਸਥਾ ਤੋਂ ਕ੍ਰਿਸਟੀਨ ਸੋਵਿੰਸਕੀ ਨੇ ਕਿਹਾ: “ਸਿਆਣੇ ਲੋਕਾਂ ਦਾ ਜਿੰਨਾ ਘੱਟ ਆਦਰ ਕੀਤਾ ਜਾਂਦਾ ਹੈ, ਉੱਨੀ ਜਲਦੀ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਖ਼ਰਾਬ ਹੋ ਜਾਂਦੀ ਹੈ।” ਉਹ ਸਲਾਹ ਦਿੰਦੀ ਹੈ ਕਿ ਨਰਸਾਂ ਨੂੰ ਆਪਣਾ ਕੰਮ ਕਰਦੇ ਹੋਏ ਅਪਮਾਨਜਨਕ ਗੱਲਾਂ ਜਾਂ ਬੱਚਿਆਂ ਨਾਲ ਵਰਤੀ ਜਾਂਦੀ ਬੋਲੀ ਨਹੀਂ ਵਰਤਣੀ ਚਾਹੀਦੀ, “ਕਿਉਂਕਿ [ਸਿਆਣਿਆਂ ਪ੍ਰਤੀ] ਉਨ੍ਹਾਂ ਦਾ ਆਪਣਾ ਰਵੱਈਆ ਬੋਲੀ ਨਾਲ ਬਦਲੇਗਾ।”

ਗਾਹਕਾਂ ਨੂੰ ਲੁਭਾਉਣ ਲਈ ਪਾਣੀ ਦੇਣਾ

ਭਾਰਤ ਵਿਚ ਕੁਝ ਦੁਕਾਨਦਾਰ ਗਾਹਕਾਂ ਨੂੰ ਲੁਭਾਉਣ ਲਈ ਹਾਲ ਹੀ ਦੇ ਸੋਕੇ ਦਾ ਫ਼ਾਇਦਾ ਉਠਾਉਂਦੇ ਆਏ ਹਨ। ਉਹ ਘਰ ਲਈ ਬਿਜਲੀ ਦੇ ਸਮਾਨ ਦੇ ਨਾਲ-ਨਾਲ ਮੁਫ਼ਤ ਵਿਚ ਪਾਣੀ ਵੀ ਦੇ ਰਹੇ ਹਨ। ਦ ਟਾਈਮਜ਼ ਆਫ਼ ਇੰਡੀਆ ਨੇ ਦੱਸਿਆ ਕਿ ਇਕ ਦੁਕਾਨਦਾਰ ਨੇ ਆਪਣੇ ਗਾਹਕਾਂ ਨੂੰ ਓਵਨ, ਰੈਫ੍ਰਿਜਰੇਟਰ, ਵਾਸ਼ਿੰਗ ਮਸ਼ੀਨ, ਜਾਂ ਟੀ. ਵੀ ਦੇ ਨਾਲ ਪਾਣੀ ਦੇਣ ਦਾ ਵਾਅਦਾ ਕੀਤਾ। ਉਹ ਗਰਮੀਆਂ ਦੇ ਦੋ ਮਹੀਨਿਆਂ ਦੌਰਾਨ ਹਰ ਹਫ਼ਤੇ ਚਾਰ ਦਿਨਾਂ ਲਈ ਪਾਣੀ ਦੇ 130 ਗੈਲਨ ਦੇ ਰਿਹਾ ਸੀ। ਇਕ ਹੋਰ ਦੁਕਾਨ ਰੈਫ੍ਰਿਜਰੇਟਰ ਜਾਂ ਟੀ. ਵੀ ਦੇ ਨਾਲ ‘ਗਰਮੀਆਂ ਦੇ ਬਾਕੀ ਸਮੇਂ ਲਈ ਮੁਫ਼ਤ ਵਿਚ ਪਾਣੀ’ ਦੀ ਪੇਸ਼ਕਸ਼ ਕਰ ਰਹੀ ਸੀ। ਸੋਕੇ ਦੀ ਲਪੇਟ ਵਿਚ ਗੁਜਰਾਤ ਦੇ ਉੱਤਰ-ਪੱਛਮੀ ਇਲਾਕੇ ਵਿਚ ਇਹ ਦੇਖਿਆ ਗਿਆ ਸੀ ਕਿ ਸੋਨੇ, ਚਾਂਦੀ, ਜਾਂ ਮੁਫ਼ਤ ਛੁੱਟੀਆਂ ਨਾਲੋਂ ਪਾਣੀ ਦੀ ਪੇਸ਼ਕਸ਼ ਨੇ ਲੋਕਾਂ ਤੇ ਜ਼ਿਆਦਾ ਖਿੱਚ ਪਾਈ। ਰਾਜਕੋਟ ਸ਼ਹਿਰ ਵਿਚ ਵਪਾਰੀਆਂ ਨੇ ਇਹ ਦੇਖਿਆ ਕਿ ਪਾਣੀ ਦੀ ਪੇਸ਼ਕਸ਼ ਕਰਨ ਨਾਲ ਉਨ੍ਹਾਂ ਦੀ ਵਿੱਕਰੀ ਤਿੰਨ ਗੁਣਾ ਵੱਧ ਗਈ।

ਭਾਰਤ ਦੀ ਆਬਾਦੀ ਇਕ ਅਰਬ

ਕਿਹਾ ਜਾਂਦਾ ਹੈ ਕਿ 11 ਮਈ 2000 ਨੂੰ ਭਾਰਤ ਦੀ ਆਬਾਦੀ ਇਕ ਅਰਬ ਤਕ ਪਹੁੰਚ ਗਈ ਸੀ। ਲੇਕਿਨ ਅਸੋਸੀਏਟਿਡ ਪ੍ਰੈੱਸ ਨੇ ਕਿਹਾ: “ਭਾਰਤ ਇਕ ਅਜਿਹਾ ਦੇਸ਼ ਹੈ ਜਿੱਥੇ ਹਰ ਰੋਜ਼ 42,000 ਬੱਚੇ ਜਨਮ ਲੈਂਦੇ ਹਨ ਅਤੇ ਡਾਕਟਰੀ ਰਿਕਾਰਡ ਘੱਟ ਹਨ। ਇਸ ਲਈ ਇਹ ਕਹਿਣਾ ਔਖਾ ਹੈ ਕਿ ਭਾਰਤ ਦੀ ਆਬਾਦੀ ਕਦੋਂ ਇਕ ਅਰਬ ਤੇ ਪਹੁੰਚੀ।” ਖ਼ੁਰਾਕ ਦੀ ਉਪਜ ਅਤੇ ਸਿੱਖਿਆ ਵਿਚ ਵੱਡੀ ਤਰੱਕੀ ਹੋਣ ਦੇ ਬਾਵਜੂਦ, ਵਧਦੀ ਆਬਾਦੀ ਦੇ ਕਾਰਨ, ਭੁੱਖ ਅਤੇ ਅਨਪੜ੍ਹਤਾ ਵੀ ਵਧਦੀ ਜਾਂਦੀ ਹੈ। ਭਾਵੇਂ ਕਿ ਕਰੋੜਾਂ ਹੀ ਗ਼ਰੀਬੀ ਵਿਚ ਰਹਿੰਦੇ ਹਨ, ਹਰੇਕ ਨਵੇਂ ਬੱਚੇ ਨੂੰ ਪਰਿਵਾਰ ਲਈ ਪੈਸੇ ਕਮਾਉਣ ਵਾਲਾ ਅਤੇ ਉਸ ਦੀ ਦੇਖ-ਭਾਲ ਕਰਨ ਵਾਲਾ ਸਮਝਿਆ ਜਾਂਦਾ ਹੈ।