Skip to content

Skip to table of contents

ਸੱਚਾਈ ਨੇ ਮੈਨੂੰ ਮਰਨੋਂ ਬਚਾਇਆ

ਸੱਚਾਈ ਨੇ ਮੈਨੂੰ ਮਰਨੋਂ ਬਚਾਇਆ

ਸੱਚਾਈ ਨੇ ਮੈਨੂੰ ਮਰਨੋਂ ਬਚਾਇਆ

ਤਾਤਿਆਨਾ ਵਿਲੇਸਕਾ ਦੀ ਜ਼ਬਾਨੀ

ਇਕ ਦਿਨ ਸਾਡਾ ਹੱਸਦਾ-ਖੇਡਦਾ ਪਰਿਵਾਰ ਉਦੋਂ ਉਜੜ ਗਿਆ ਜਦੋਂ ਮੰਮੀ ਜੀ ਨੂੰ ਕੁੱਟ-ਕੁੱਟ ਕੇ ਸਾਡੇ ਘਰ ਵਿਚ ਹੀ ਮਾਰ ਦਿੱਤਾ ਗਿਆ। ਇਸ ਤੋਂ ਚਾਰ ਮਹੀਨਿਆਂ ਬਾਅਦ ਡੈਡੀ ਜੀ ਨੇ ਵੀ ਖ਼ੁਦਕਸ਼ੀ ਕਰ ਲਈ। ਹੁਣ ਮੈਂ ਵੀ ਜੀਉਣਾ ਨਹੀਂ ਚਾਹੁੰਦੀ ਸੀ। ਪਰ, ਮੈਂ ਤੁਹਾਨੂੰ ਕਹਾਣੀ ਸੁਣਾਉਣ ਲਈ ਬਚ ਕਿਵੇਂ ਗਈ? ਆਓ ਮੈਂ ਤੁਹਾਨੂੰ ਦੱਸਾਂ।

ਪੂਰਬੀ ਯੂਕਰੇਨ ਦਾ ਡਨਯੈਟਸੱਕ ਸ਼ਹਿਰ ਧਾਤੂਆਂ ਨੂੰ ਪਿਘਲਾਉਣ ਦੀਆਂ ਭੱਠੀਆਂ ਅਤੇ ਕੋਲੇ ਦੀਆਂ ਖ਼ਾਨਾਂ ਲਈ ਮਸ਼ਹੂਰ ਹੈ। ਇੱਥੋਂ ਦੀ ਆਬਾਦੀ ਦਸ ਲੱਖ ਤੋਂ ਜ਼ਿਆਦਾ ਹੈ ਅਤੇ ਲੋਕ ਰੂਸੀ ਭਾਸ਼ਾ ਬੋਲਦੇ ਹਨ। ਇੱਥੋਂ ਦੇ ਲੋਕ ਮਿਹਨਤੀ ਅਤੇ ਦੋਸਤਾਨਾ ਸੁਭਾਅ ਦੇ ਹਨ। ਕੁਝ ਲੋਕ ਜੋਤਸ਼-ਵਿੱਦਿਆ ਜਾਂ ਭੂਤ-ਪ੍ਰੇਤਾਂ ਵਿਚ ਵਿਸ਼ਵਾਸ ਰੱਖਦੇ ਹਨ ਅਤੇ ਕਈ ਆਪਣੇ ਭਵਿੱਖ ਦਾ ਪਤਾ ਕਰਨ ਲਈ ਜਨਮ-ਕੁੰਡਲੀਆਂ ਦੇਖਦੇ ਹਨ। ਦੂਜੇ ਲੋਕ ਰੂਸ ਵਿਚ ਜਾਦੂਗਰਾਂ ਕੋਲ ਜਾਂਦੇ ਹਨ ਜੋ ਕਿ ਰੂਸ ਵਿਚ ਕੌਲਡੁਨਸ ਨਾਂ ਨਾਲ ਜਾਣੇ ਜਾਂਦੇ ਹਨ। ਇਨ੍ਹਾਂ ਵਿੱਚੋਂ ਕੁਝ ਲੋਕ ਆਪਣੀ ਬੀਮਾਰੀ ਤੋਂ ਛੁਟਕਾਰਾ ਪਾਉਣ ਲਈ ਜਾਂ ਸਿਰਫ਼ ਮਜ਼ਾਕ ਲਈ ਮਰੇ ਹੋਏ ਲੋਕਾਂ ਨਾਲ ਗੱਲਬਾਤ ਕਰਦੇ ਹਨ।

ਮੇਰੇ ਡੈਡੀ ਜੀ ਮੋਚੀ ਸਨ। ਹਾਲਾਂਕਿ ਉਹ ਨਾਸਤਿਕ ਹੋਣ ਦਾ ਦਾਅਵਾ ਕਰਦੇ ਸਨ ਪਰ ਉਨ੍ਹਾਂ ਨੂੰ ਲੱਗਦਾ ਸੀ ਕਿ ਸਾਨੂੰ ਕਿਸੇ ਨੇ ਤਾਂ ਇਸ ਧਰਤੀ ਤੇ ਰੱਖਿਆ ਹੈ। ਉਹ ਕਹਿੰਦੇ ਸਨ: “ਅਸੀਂ ਇਸ ਧਰਤੀ ਤੇ ਸਿਰਫ਼ ਮਹਿਮਾਨ ਹਾਂ।” ਮੰਮੀ ਜੀ ਹਰ ਵਾਰ ਈਸਟਰ ਦੇ ਮੌਕੇ ਤੇ ਚਰਚ ਜਾਂਦੇ ਸਨ ਕਿਉਂਕਿ ਉਹ ਕਹਿੰਦੇ ਸਨ ਕਿ “ਜੇ ਸੱਚੀਂ ਕੋਈ ਪਰਮੇਸ਼ੁਰ ਹੈ ਤਾਂ ਸਾਨੂੰ ਚਰਚ ਜ਼ਰੂਰ ਜਾਣਾ ਚਾਹੀਦਾ ਹੈ।” ਮੇਰਾ ਜਨਮ ਮਈ 1963 ਵਿਚ ਹੋਇਆ। ਸਾਡਾ ਇਕ ਖ਼ੁਸ਼ਹਾਲ ਪਰਿਵਾਰ ਸੀ ਜਿਸ ਵਿਚ ਮੇਰੇ ਮੰਮੀ-ਡੈਡੀ, ਮੈਂ, ਮੇਰੀ ਵੱਡੀ ਭੈਣ ਲੂਬੋਫ ਅਤੇ ਮੇਰੇ ਛੋਟੇ ਭਰਾ ਅਲੈੱਕਸੰਡਰ ਸਾਂ।

“ਭਲੇ ਲਈ ਕੀਤਾ ਜਾਦੂ ਚੰਗਾ ਹੁੰਦਾ ਹੈ”

ਪਿਓਤ੍ਰ * ਨਾਂ ਦਾ ਆਦਮੀ ਸਾਡਾ ਇਕ ਦੂਰ ਦਾ ਰਿਸ਼ਤੇਦਾਰ ਸੀ। ਕੋਲੇ ਦੀ ਖ਼ਾਨ ਵਿਚ ਕੰਮ ਕਰਦੇ ਸਮੇਂ ਇਕ ਹਾਦਸਾ ਵਾਪਰਨ ਕਰਕੇ ਉਸ ਦੇ ਸਿਰ ਤੇ ਕਾਫ਼ੀ ਸੱਟਾਂ ਲੱਗੀਆਂ ਜਿਸ ਕਰਕੇ ਉਸ ਨੂੰ ਖ਼ਾਸ ਡਾਕਟਰੀ ਇਲਾਜ ਦੀ ਲੋੜ ਸੀ। ਆਪਣੀ ਸਿਹਤ ਬਾਰੇ ਫ਼ਿਕਰਮੰਦ ਹੋਣ ਕਰਕੇ ਉਹ ਕੌਲਡੁਨਸ ਯਾਨੀ ਜਾਦੂਗਰ ਕੋਲ ਗਿਆ। ਉਸ ਜਾਦੂਗਰ ਨੇ ਪਿਓਤ੍ਰ ਦਾ ਭੂਤਾਂ-ਪ੍ਰੇਤਾਂ ਨਾਲ ਸੰਪਰਕ ਕਰਵਾ ਦਿੱਤਾ। ਜਦ ਕਿ ਉਸ ਦੀ ਪਤਨੀ ਅਤੇ ਮੇਰੇ ਮਾਪਿਆਂ ਨੇ ਪਿਓਤ੍ਰ ਨੂੰ ਕਿਹਾ ਕਿ ਜਾਦੂ-ਟੂਣੇ ਕਰਨੇ ਸਭ ਫ਼ਜ਼ੂਲ ਦੀਆਂ ਗੱਲਾਂ ਹਨ, ਪਰ ਉਹ ਸਮਝਦਾ ਸੀ ਕਿ ਜਾਦੂ-ਟੂਣੇ ਫਜ਼ੂਲ ਨਹੀਂ ਹਨ। ਉਸ ਨੇ ਦਾਅਵੇ ਨਾਲ ਕਿਹਾ ਕਿ “ਮੈਂ ਤਾਂ ਲੋਕਾਂ ਦੇ ਭਲੇ ਲਈ ਜਾਦੂ ਕਰਦਾ ਹਾਂ। ਕਾਲਾ ਜਾਦੂ ਬੁਰਾ ਹੁੰਦਾ ਹੈ, ਪਰ ਜਿਹੜਾ ਜਾਦੂ ਦੂਜਿਆਂ ਦੇ ਭਲੇ ਲਈ ਕੀਤਾ ਜਾਂਦਾ ਹੈ ਉਹ ਬੁਰਾ ਨਹੀਂ ਹੁੰਦਾ।”

ਪਿਓਤ੍ਰ ਨੇ ਦਾਅਵਾ ਕੀਤਾ ਕਿ ਉਸ ਕੋਲ ਐਸੀਆਂ ਸ਼ਕਤੀਆਂ ਹਨ ਜੋ ਉਸ ਨੂੰ ਭਵਿੱਖ ਵਿਚ ਵਾਪਰਨ ਵਾਲੀਆਂ ਗੱਲਾਂ ਦੱਸਦੀਆਂ ਹਨ ਅਤੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਤੋਂ ਬਚਾਉਂਦੀਆਂ ਹਨ। ਤਾਂ ਵੀ ਪਿਓਤ੍ਰ ਦੀ ਤੀਵੀਂ ਉਸ ਨੂੰ ਛੱਡ ਕੇ ਚਲੀ ਗਈ।

ਇਸ ਲਈ, ਪਿਓਤ੍ਰ ਸਾਡੇ ਨਾਲ ਕਈ-ਕਈ ਹਫ਼ਤੇ ਆ ਕੇ ਰਹਿੰਦਾ ਸੀ। ਸਾਡੇ ਪਰਿਵਾਰ ਉੱਤੇ ਉਸ ਦਾ ਭਿਆਨਕ ਅਸਰ ਪਿਆ। ਉਸ ਦੇ ਆਉਣ ਦੇ ਨਾਲ ਹੀ ਮੇਰੇ ਮੰਮੀ-ਡੈਡੀ ਵਿਚਕਾਰ ਹਰ ਗੱਲ ਤੇ ਬਹਿਸਬਾਜ਼ੀ ਹੋਣੀ ਸ਼ੁਰੂ ਹੋ ਗਈ। ਆਖ਼ਰਕਾਰ ਉਹ ਵੱਖ ਹੋ ਗਏ ਤੇ ਬਾਅਦ ਵਿਚ ਉਨ੍ਹਾਂ ਨੇ ਤਲਾਕ ਲੈ ਲਿਆ। ਅਸੀਂ ਸਾਰੇ ਨਿਆਣੇ ਮੰਮੀ ਜੀ ਨਾਲ ਕਿਸੇ ਹੋਰ ਘਰ ਵਿਚ ਚਲੇ ਗਏ ਅਤੇ ਮੰਮੀ ਜੀ ਦਾ ਰਿਸ਼ਤੇਦਾਰ ਪਿਓਤ੍ਰ ਵੀ ਸਾਡੇ ਨਾਲ ਆ ਗਿਆ।

ਲੂਬੋਫ ਵਿਆਹ ਪਿੱਛੋਂ ਆਪਣੇ ਪਤੀ ਦੇ ਨਾਲ ਅਫ਼ਰੀਕਾ ਦੇ ਯੂਗਾਂਡਾ ਚਲੀ ਗਈ। ਅਕਤੂਬਰ 1984 ਵਿਚ ਅਲੈੱਕਸੰਡਰ ਛੁੱਟੀਆਂ ਤੇ ਚਲਾ ਗਿਆ ਅਤੇ ਮੈਂ ਇਕ ਹਫ਼ਤੇ ਲਈ ਗੌਰਲਫਕੇ ਸ਼ਹਿਰ ਆ ਗਈ। ਘਰੋਂ ਜਾਣ ਵੇਲੇ ਮੈਂ ਤੇ ਮੰਮੀ ਜੀ ਨੇ ਇਕ-ਦੂਜੇ ਨੂੰ ਸਰਸਰੀ ਤੌਰ ਤੇ ਅਲਵਿਦਾ ਕਹੀ। ਕਾਸ਼ ਕਿ ਮੈਂ ਉਨ੍ਹਾਂ ਨੂੰ ਕੁਝ ਹੋਰ ਵੀ ਕਿਹਾ ਹੁੰਦਾ ਜਾਂ ਮੈਂ ਉਨ੍ਹਾਂ ਨਾਲ ਘਰ ਹੀ ਰਹੀ ਹੁੰਦੀ! ਕਿਉਂਕਿ ਇਸ ਤੋਂ ਬਾਅਦ ਮੈਂ ਮੰਮੀ ਜੀ ਨੂੰ ਦੁਬਾਰਾ ਕਦੇ ਨਾ ਦੇਖ ਸਕੀ।

“ਤੇਰੇ ਪਿਆਰੇ ਮੰਮੀ ਜੀ ਗੁਜ਼ਰ ਗਏ ਹਨ”

ਜਦੋਂ ਮੈਂ ਗੌਰਲਫਕੇ ਤੋਂ ਵਾਪਸ ਆਈ, ਤਾਂ ਘਰ ਜ਼ਿੰਦਾ ਲੱਗਾ ਹੋਇਆ ਸੀ ਅਤੇ ਪੁਲਸ ਨੇ ਦਰਵਾਜ਼ੇ ਉੱਤੇ ਘਰ ਅੰਦਰ ਨਾ ਵੜਨ ਦਾ ਨੋਟਿਸ ਵੀ ਲਟਕਾਇਆ ਹੋਇਆ ਸੀ। ਇਹ ਦੇਖ ਕੇ ਮੈਂ ਡਰ ਨਾਲ ਕੰਬ ਉੱਠੀ। ਮੈਂ ਫਟਾਫਟ ਆਪਣੇ ਗੁਆਂਢੀਆਂ ਕੋਲ ਗਈ। ਮੇਰੀ ਗੁਆਂਢਣ ਓਲਗਾ ਐਨੀ ਪਰੇਸ਼ਾਨ ਸੀ ਕਿ ਉਸ ਦੇ ਮੂੰਹੋਂ ਇਕ ਲਫ਼ਜ਼ ਵੀ ਨਹੀਂ ਬੋਲਿਆ ਜਾ ਰਿਹਾ ਸੀ। ਆਖ਼ਰ ਉਸ ਦੇ ਪਤੀ ਵਲੱਦਯੀਮਯਿਰ ਨੇ ਬੜਾ ਗੰਭੀਰ ਹੋ ਕੇ ਕਿਹਾ: “ਤਾਨਿਆ ਤੁਹਾਡੇ ਘਰ ਇਕ ਭਿਆਨਕ ਘਟਨਾ ਵਾਪਰੀ ਹੈ। ਤੇਰੇ ਪਿਆਰੇ ਮੰਮੀ ਜੀ ਗੁਜ਼ਰ ਗਏ ਹਨ। ਪਿਓਤ੍ਰ ਨੇ ਉਨ੍ਹਾਂ ਨੂੰ ਮਾਰ ਦਿੱਤਾ ਹੈ। ਮਾਰਨ ਤੋਂ ਬਾਅਦ ਉਹ ਸਾਡੇ ਘਰ ਆਇਆ ਅਤੇ ਪੁਲਸ ਨੂੰ ਟੈਲੀਫ਼ੋਨ ਕਰ ਕੇ ਉਸ ਨੇ ਖ਼ੁਦ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ।”

ਪੁਲਸ ਨੇ ਆ ਕੇ ਪੂਰੀ ਤਰ੍ਹਾਂ ਜਾਂਚ-ਪੜਤਾਲ ਕਰਨ ਤੋਂ ਬਾਅਦ ਮੈਨੂੰ ਮੇਰੇ ਘਰ ਦੀਆਂ ਚਾਬੀਆਂ ਦੇ ਦਿੱਤੀਆਂ। ਮੇਰਾ ਰੋਮ-ਰੋਮ ਪਿਓਤ੍ਰ ਨਾਲ ਸਖ਼ਤ ਨਫ਼ਰਤ ਕਰਨ ਲੱਗ ਪਿਆ। ਗੁੱਸੇ ਵਿਚ ਆ ਕੇ ਮੈਂ ਬਾਕੀ ਦੇ ਸਮਾਨ ਸਮੇਤ ਉਸ ਦੀਆਂ ਕਾਫ਼ੀ ਸਾਰੀਆਂ ਜਾਦੂਈ ਕਿਤਾਬਾਂ ਅਤੇ ਹੋਰ ਕਈ ਚੀਜ਼ਾਂ ਕੰਬਲ ਵਿਚ ਲਪੇਟ ਕੇ ਲਾਗੇ ਦੇ ਖੇਤ ਵਿਚ ਸਾੜ ਦਿੱਤੀਆਂ।

ਅਲੈੱਕਸੰਡਰ ਨੂੰ ਜਦੋਂ ਖ਼ਬਰ ਪਤਾ ਚਲੀ, ਤਾਂ ਉਸ ਨੂੰ ਵੀ ਮੇਰੇ ਵਾਂਗ ਪਿਓਤ੍ਰ ਤੋਂ ਨਫ਼ਰਤ ਹੋ ਗਈ। ਫਿਰ ਅਲੈੱਕਸੰਡਰ ਫ਼ੌਜ ਵਿਚ ਭਰਤੀ ਹੋ ਗਿਆ। ਡੈਡੀ ਜੀ ਮੇਰੇ ਨਾਲ ਘਰ ਵਿਚ ਰਹਿਣ ਲੱਗੇ ਅਤੇ ਲੂਬੋਫ ਯੂਗਾਂਡਾ ਤੋਂ ਪਰਤ ਆਈ ਤੇ ਥੋੜ੍ਹੇ ਸਮੇਂ ਲਈ ਸਾਡੇ ਨਾਲ ਰਹੀ। ਘਰ ਵਿਚ ਜੋ ਕੁਝ ਹੋ ਰਿਹਾ ਸੀ ਉਸ ਤੋਂ ਸਾਡਾ ਭਰੋਸਾ ਪੱਕਾ ਹੁੰਦਾ ਜਾ ਰਿਹਾ ਸੀ ਕਿ ਸਾਨੂੰ ਸੱਚੀਂ-ਮੁੱਚੀਂ ਭੂਤ-ਪ੍ਰੇਤ ਪਰੇਸ਼ਾਨ ਕਰ ਰਹੇ ਸਨ। ਇਸ ਤੋਂ ਇਲਾਵਾ, ਡੈਡੀ ਜੀ ਨੂੰ ਵੀ ਡਰਾਉਣੇ ਸੁਪਨੇ ਆਉਂਦੇ ਹੁੰਦੇ ਸਨ। ਉਨ੍ਹਾਂ ਨੂੰ ਲੱਗਾ ਕਿ ਜਿਵੇਂ ਉਹੀ ਮੰਮੀ ਜੀ ਦੀ ਮੌਤ ਦੇ ਜ਼ਿੰਮੇਵਾਰ ਹਨ। ਉਹ ਕਹਿੰਦੇ ਸਨ “ਜੇ ਮੈਂ ਉਸ ਕੋਲ ਰਹਿੰਦਾ, ਤਾਂ ਸ਼ਾਇਦ ਉਹ ਬਚ ਜਾਂਦੀ।” ਥੋੜ੍ਹੇ ਹੀ ਸਮੇਂ ਬਾਅਦ ਡੈਡੀ ਜੀ ਬੇਹੱਦ ਨਿਰਾਸ਼ ਰਹਿਣ ਲੱਗ ਪਏ ਅਤੇ ਮੰਮੀ ਜੀ ਦੀ ਮੌਤ ਦੇ ਸਿਰਫ਼ ਚਾਰ ਮਹੀਨਿਆਂ ਦੇ ਅੰਦਰ-ਅੰਦਰ ਹੀ ਉਨ੍ਹਾਂ ਨੇ ਖ਼ੁਦਕੁਸ਼ੀ ਕਰ ਲਈ।

ਡੈਡੀ ਜੀ ਦੇ ਅੰਤਿਮ-ਸੰਸਕਾਰ ਤੋਂ ਬਾਅਦ ਅਲੈੱਕਸੰਡਰ ਮਿਲਟਰੀ ਵਿਚ ਅਤੇ ਲੂਬੋਫ ਯੂਗਾਂਡਾ ਵਾਪਸ ਚਲੀ ਗਈ। ਮੈਂ ਮਕੇਯਫਕੇ ਇੰਸਟੀਚਿਊਟ ਆਫ਼ ਕਨਸਟ੍ਰੱਕਸ਼ਨ ਇੰਜੀਨੀਅਰਿੰਗ ਵਿਖੇ ਪੜ੍ਹਾਈ ਕਰ ਕੇ ਇਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਚਾਹੁੰਦੀ ਸਾਂ। ਸਾਡੇ ਘਰ ਤੋਂ ਇਸ ਇੰਸਟੀਚਿਊਟ ਜਾਣ ਲਈ ਸਿਰਫ਼ ਅੱਧਾ ਘੰਟਾ ਲੱਗਦਾ ਸੀ। ਮੈਂ ਪੁਰਾਣੀਆਂ ਯਾਦਾਂ ਨੂੰ ਮਿਟਾਉਣ ਦੀ ਉਮੀਦ ਨਾਲ ਆਪਣੇ ਘਰ ਨੂੰ ਮੁੜ ਸਜਾਇਆ। ਪਰ ਘਰ ਵਿਚ ਅਜੇ ਵੀ ਅਜਿਹਾ ਕੁਝ ਹੋ ਰਿਹਾ ਸੀ ਜਿਸ ਤੋਂ ਸਾਨੂੰ ਸ਼ੱਕ ਹੋਣ ਲੱਗ ਪਿਆ ਕਿ ਭੂਤ-ਪ੍ਰੇਤ ਅਜੇ ਵੀ ਸਾਨੂੰ ਤੰਗ ਕਰ ਰਹੇ ਹਨ।

“ਹੇ ਪਰਮੇਸ਼ੁਰ, ਜੇ ਤੂੰ ਵਾਕਈ ਹੈਂ”

ਅਲੈੱਕਸੰਡਰ ਆਪਣੀ ਮਿਲਟਰੀ ਸੇਵਾ ਪੂਰੀ ਕਰ ਕੇ ਘਰ ਵਾਪਸ ਪਰਤ ਆਇਆ। ਪਰ ਸਾਡੇ ਦੋਵਾਂ ਵਿਚਕਾਰ ਬਹਿਸਬਾਜ਼ੀ ਹੋਣੀ ਸ਼ੁਰੂ ਹੋ ਗਈ। ਉਸ ਦਾ ਵਿਆਹ ਹੋ ਗਿਆ ਤੇ ਮੈਂ ਕੁਝ ਮਹੀਨਿਆਂ ਲਈ ਰੂਸ ਦੇ ਅਜ਼ੋਫ ਸਮੁੰਦਰ ਦੇ ਕੰਢੇ ਵਸੇ ਇਕ ਸ਼ਹਿਰ ਰਾਸਤੋਵ ਵਿਖੇ ਚਲੀ ਗਈ। ਇਹ ਸਾਡੇ ਘਰ ਤੋਂ 170 ਕਿਲੋਮੀਟਰ ਦੂਰ ਹੈ। ਅਖ਼ੀਰ ਮੈਂ ਪਿਓਤ੍ਰ ਦੀ ਹਰ ਚੀਜ਼ ਨੂੰ ਜੜ੍ਹੋਂ ਖ਼ਤਮ ਕਰ ਦੇਣ ਦਾ ਫ਼ੈਸਲਾ ਕਰ ਲਿਆ ਸੀ।

ਮੈਂ ਐਨੀ ਜ਼ਿਆਦਾ ਹਿੰਮਤ ਹਾਰ ਚੁੱਕੀ ਸੀ ਕਿ ਮੈਂ ਵੀ ਖ਼ੁਦਕਸ਼ੀ ਕਰਨ ਦੀ ਸੋਚੀ। ਪਰ ਮੰਮੀ ਜੀ ਦੇ ਇਹ ਲਫ਼ਜ਼ ਵਾਰ-ਵਾਰ ਮੇਰੇ ਕੰਨਾਂ ਵਿਚ ਗੂੰਜਦੇ ਸਨ: “ਸੱਚੀਂ ਕੋਈ ਪਰਮੇਸ਼ੁਰ ਹੈ।” ਇਕ ਰਾਤ ਮੈਂ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਪ੍ਰਾਰਥਨਾ ਕੀਤੀ। ਮੈਂ ਮਿੰਨਤ ਕੀਤੀ, “ਹੇ ਪਰਮੇਸ਼ੁਰ ਜੇ ਤੂੰ ਵਾਕਈ ਹੈਂ, ਤਾਂ ਕਿਰਪਾ ਕਰ ਕੇ ਮੈਨੂੰ ਜ਼ਿੰਦਗੀ ਦਾ ਮਕਸਦ ਦੱਸ।” ਕੁਝ ਦਿਨਾਂ ਬਾਅਦ ਮੈਨੂੰ ਲੂਬੋਫ ਦੀ ਚਿੱਠੀ ਮਿਲੀ ਜਿਸ ਵਿਚ ਉਸ ਨੇ ਮੈਨੂੰ ਯੂਗਾਂਡਾ ਆਉਣ ਲਈ ਕਿਹਾ। ਇਸ ਲਈ ਮੈਂ ਖ਼ੁਦਕਸ਼ੀ ਕਰਨ ਬਾਰੇ ਸੋਚਣਾ ਛੱਡ ਦਿੱਤਾ।

ਯੂਗਾਂਡਾ ਵਿਚ ਸੱਚਾਈ ਮਿਲਣੀ

ਯੂਕਰੇਨ ਅਤੇ ਯੂਗਾਂਡਾ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ। ਮੇਰਾ ਜਹਾਜ਼ ਮਾਰਚ 1989 ਵਿਚ ਏਨਟੇਬੀ ਸ਼ਹਿਰ ਵਿਖੇ ਉਤਰਿਆ। ਜਦੋਂ ਮੈਂ ਜਹਾਜ਼ ਵਿੱਚੋਂ ਉੱਤਰੀ, ਤਾਂ ਮੈਨੂੰ ਇੰਜ ਲੱਗਾ ਜਿਵੇਂ ਮੈਂ ਤੰਦੂਰ ਵਿਚ ਪੈਰ ਧਰਿਆ ਹੋਵੇ। ਇੰਨੀ ਗਰਮੀ ਤਾਂ ਮੈਂ ਕਦੇ ਨਹੀਂ ਸੀ ਸਹੀ! ਇਹ ਕੋਈ ਹੈਰਾਨੀ ਦੀ ਗੱਲ ਨਹੀਂ ਸੀ ਕਿਉਂਕਿ ਮੈਂ ਪਹਿਲੀ ਵਾਰ ਸੋਵੀਅਤ ਸੰਘ ਤੋਂ ਬਾਹਰ ਸਫ਼ਰ ਕਰ ਰਹੀ ਸੀ। ਇੱਥੋਂ ਦੇ ਲੋਕ ਅੰਗ੍ਰੇਜ਼ੀ ਬੋਲਦੇ ਸਨ ਅਤੇ ਮੈਨੂੰ ਇਹ ਭਾਸ਼ਾ ਉੱਕਾ ਹੀ ਸਮਝ ਨਹੀਂ ਆਉਂਦੀ ਸੀ।

ਮੈਂ 45 ਮਿੰਟਾਂ ਦਾ ਸਫ਼ਰ ਕਰ ਕੇ ਟੈਕਸੀ ਰਾਹੀਂ ਕੰਪਾਲਾ ਪਹੁੰਚੀ। ਇੱਥੋਂ ਦੇ ਕੁਦਰਤੀ ਨਜ਼ਾਰੇ ਰੂਸ ਨਾਲੋਂ ਇੰਨੇ ਵੱਖਰੇ ਸਨ ਕਿ ਮੈਨੂੰ ਇੰਜ ਲੱਗਿਆ ਕਿ ਜਿਵੇਂ ਮੈਂ ਬਿਲਕੁਲ ਇਕ ਵੱਖਰੀ ਥਾਂ ਤੇ ਆ ਗਈ ਹੋਵਾਂ! ਪਰ ਮੇਰਾ ਟੈਕਸੀ ਡਰਾਈਵਰ ਬੜਾ ਹੀ ਚੰਗਾ ਸੀ ਤੇ ਆਖ਼ਰਕਾਰ ਉਸ ਨੇ ਲੂਬੋਫ ਅਤੇ ਉਸ ਦੇ ਪਤੀ ਜੋਸਫ਼ ਦਾ ਘਰ ਲੱਭ ਹੀ ਲਿਆ। ਘਰ ਪਹੁੰਚ ਕੇ ਮੇਰੀ ਜਾਨ-ਚ-ਜਾਨ ਆਈ!

ਲੂਬੋਫ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰ ਰਹੀ ਸੀ। ਮੈਂ ਉਨ੍ਹਾਂ ਬਾਰੇ ਕਦੇ ਨਹੀਂ ਸੁਣਿਆ ਸੀ, ਪਰ ਲੂਬੋਫ ਸਿੱਖੀਆਂ ਹੋਈਆਂ ਗੱਲਾਂ ਮੈਨੂੰ ਦੱਸਣ ਲਈ ਬੜੀ ਬੇਚੈਨ ਸੀ। ਮੈਂ ਘਰ ਵਿਚ ਜਿੱਥੇ ਕਿਤੇ ਵੀ ਉੱਠਦੀ-ਬੈਠਦੀ, ਉਹ ਉਤਪਤ ਤੋਂ ਲੈ ਕੇ ਪਰਕਾਸ਼ ਦੀ ਪੋਥੀ ਤਕ ਮੈਨੂੰ ਸਭ ਕੁਝ ਦੱਸੀ ਜਾਂਦੀ ਸੀ। ਸੱਚ ਮੰਨੋ ਤਾਂ ਇਹ ਗੱਲਾਂ ਮੰਨਣੀਆਂ ਮੇਰੇ ਲਈ ਬੜੀਆਂ ਹੀ ਔਖੀਆਂ ਸਨ!

ਇਕ ਦਿਨ ਲੂਬੋਫ ਨੂੰ ਸਟੱਡੀ ਕਰਾਉਣ ਵਾਲੇ ਗਵਾਹ ਉਸ ਨੂੰ ਮਿਲਣ ਆਏ। ਉਨ੍ਹਾਂ ਵਿੱਚੋਂ ਇਕ ਦਾ ਨਾਂ ਮਾਰੀਆਨਾ ਸੀ। ਉਸ ਨੇ ਮੈਨੂੰ ਫ਼ੌਰਨ ਪ੍ਰਚਾਰ ਕਰਨਾ ਨਹੀਂ ਸ਼ੁਰੂ ਕਰ ਦਿੱਤਾ ਕਿਉਂਕਿ ਉਸ ਵੇਲੇ ਮੈਨੂੰ ਅੰਗ੍ਰੇਜ਼ੀ ਸਮਝ ਨਹੀਂ ਆਉਂਦੀ ਸੀ। ਪਰ ਉਸ ਦੀਆਂ ਪਿਆਰ ਭਰੀਆਂ ਨਜ਼ਰਾਂ ਤੋਂ ਪਤਾ ਲੱਗਦਾ ਸੀ ਕਿ ਉਹ ਬੜੀ ਸੁਹਿਰਦ ਅਤੇ ਖ਼ੁਸ਼-ਮਿਜ਼ਾਜ ਸੁਭਾਅ ਦੀ ਹੈ। ਉਸ ਨੇ ਮੈਨੂੰ “ਵੇਖ! ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ” ਨਾਮਕ ਪੁਸਤਿਕਾ ਵਿੱਚੋਂ ਫੋਟੋ ਦਿਖਾਈ। ਉਸ ਨੇ ਮੈਨੂੰ ਤਾਕੀਦ ਕੀਤੀ ਕਿ “ਇਸ ਕੁੜੀ ਵੱਲ ਦੇਖ।” “ਇਹ ਤੂੰ ਹੈ ਅਤੇ ਤੇਰੇ ਨਾਲ ਮੈਂ ਬੈਠੀ ਹਾਂ। ਅਸੀਂ ਇਨ੍ਹਾਂ ਸਾਰੇ ਲੋਕਾਂ ਨਾਲ ਸੋਹਣੇ ਬਾਗ਼ ਵਰਗੀ ਧਰਤੀ ਤੇ ਇਕੱਠੇ ਰਹਿ ਰਹੇ ਹਾਂ। ਕਿੰਨੀ ਹੀ ਵਧੀਆ ਗੱਲ, ਹੈ ਨਾ?”

ਕੰਪਾਲਾ ਦੇ ਕਈ ਹੋਰ ਗਵਾਹ ਵੀ ਲੂਬੋਫ ਅਤੇ ਜੋਸਫ ਨੂੰ ਵਾਰੀ-ਵਾਰੀ ਮਿਲਣ ਆਉਂਦੇ ਸਨ। ਉਨ੍ਹਾਂ ਦੇ ਇੰਨੇ ਜ਼ਿਆਦਾ ਦੋਸਤਾਨਾ ਸੁਭਾਅ ਤੋਂ ਮੈਨੂੰ ਸ਼ੱਕ ਹੋ ਗਿਆ ਸੀ ਕਿ ਉਹ ਇਹ ਸਭ ਕੁਝ ਸਿਰਫ਼ ਮੈਨੂੰ ਪ੍ਰਭਾਵਿਤ ਕਰਨ ਲਈ ਕਰ ਰਹੇ ਸਨ। ਕੁਝ ਹਫ਼ਤਿਆਂ ਬਾਅਦ, ਮੈਂ ਪਹਿਲੀ ਵਾਰ ਗਵਾਹਾਂ ਦੀ ਸਭਾ ਵਿਚ ਗਈ ਜਦੋਂ ਯਿਸੂ ਦਾ ਸਮਾਰਕ ਸਮਾਰੋਹ ਸੀ। (ਲੂਕਾ 22:19) ਹਾਲਾਂਕਿ ਮੈਨੂੰ ਗੱਲਾਂ ਸਮਝ ਨਹੀਂ ਆਈਆਂ, ਪਰ ਮੈਂ ਇਹ ਦੇਖ ਕੇ ਇਕਦਮ ਪ੍ਰਭਾਵਿਤ ਹੋ ਗਈ ਕਿ ਇਹ ਲੋਕ ਕਿੰਨੇ ਮਿਲਾਪੜੇ ਹਨ!

‘ਇਸ ਨੂੰ ਸ਼ੁਰੂ ਤੋਂ ਲੈ ਕੇ ਅੰਤ ਤਕ ਪੜ੍ਹੀਂ’

ਮਾਰੀਆਨਾ ਨੇ ਮੈਨੂੰ ਰੂਸੀ ਭਾਸ਼ਾ ਵਿਚ ਬਾਈਬਲ ਦਿੱਤੀ। ਇਹ ਮੇਰੀ ਜ਼ਿੰਦਗੀ ਵਿਚ ਆਪਣੀ ਪਹਿਲੀ ਬਾਈਬਲ ਸੀ। ਉਸ ਨੇ ਮਿੰਨਤ ਕੀਤੀ: “ਇਸ ਨੂੰ ਸ਼ੁਰੂ ਤੋਂ ਲੈ ਕੇ ਅੰਤ ਤਕ ਪੜ੍ਹੀਂ।” “ਜੇ ਤੈਨੂੰ ਨਾ ਵੀ ਸਮਝ ਆਵੇ, ਤਾਂ ਵੀ ਇਸ ਨੂੰ ਪੜ੍ਹੀਂ!”

ਮਾਰੀਆਨਾ ਦਾ ਇਹ ਤੋਹਫ਼ਾ ਮੇਰੇ ਦਿਲ ਨੂੰ ਛੋਹ ਗਿਆ ਅਤੇ ਮੈਂ ਉਸ ਦੀ ਸਲਾਹ ਮੰਨਣ ਦਾ ਫ਼ੈਸਲਾ ਕਰ ਲਿਆ। ਮੈਂ ਸੋਚਿਆ ‘ਆਖ਼ਰਕਾਰ ਬਾਈਬਲ ਰੱਖਣ ਦਾ ਕੀ ਫ਼ਾਇਦਾ ਜੇ ਮੈਂ ਇਸ ਨੂੰ ਪੜ੍ਹਨਾ ਹੀ ਨਹੀਂ ਹੈ?’

ਯੂਕਰੇਨ ਵਾਪਸ ਪਰਤਣ ਤੇ ਮੈਂ ਬਾਈਬਲ ਵੀ ਨਾਲ ਹੀ ਲੈ ਆਈ। ਅਗਲੇ ਕੁਝ ਮਹੀਨਿਆਂ ਵਿਚ ਮੈਂ ਰੂਸ ਦੇ ਮਾਸਕੋ ਸ਼ਹਿਰ ਵਿਚ ਕੰਮ ਕੀਤਾ ਅਤੇ ਵਿਹਲੇ ਸਮੇਂ ਵਿਚ ਮੈਂ ਬਾਈਬਲ ਪੜ੍ਹਨੀ ਸ਼ੁਰੂ ਕਰ ਦਿੱਤੀ। ਜਦੋਂ ਮੈਂ ਨੌਂ ਮਹੀਨਿਆਂ ਬਾਅਦ ਯੂਗਾਂਡਾ ਵਾਪਸ ਪਰਤੀ ਤਦ ਤਕ ਮੈਂ ਅੱਧੀ ਬਾਈਬਲ ਪੜ੍ਹ ਲਈ ਸੀ। ਜਦੋਂ ਮੈਂ ਕੰਪਾਲਾ ਤੋਂ ਵਾਪਸ ਆਈ, ਤਾਂ ਮਾਰੀਆਨਾ ਨੇ ਬਾਈਬਲ ਵਿੱਚੋਂ ਮੈਨੂੰ ਭਵਿੱਖ ਬਾਰੇ ਇਕ ਸ਼ਾਨਦਾਰ ਉਮੀਦ ਦਿਖਾਈ। ਸੋਹਣੇ ਬਾਗ਼ ਵਰਗੀ ਧਰਤੀ! ਮਰੇ ਹੋਏ ਲੋਕਾਂ ਦਾ ਮੁੜ ਜੀਉਂਦਾ ਕੀਤਾ ਜਾਣਾ! ਮੰਮੀ ਅਤੇ ਡੈਡੀ ਜੀ ਨੂੰ ਮੁੜ ਦੇਖਣਾ! ਮੈਂ ਇੰਨੀ ਖ਼ੁਸ਼ ਸੀ ਕਿ ਮੈਨੂੰ ਲੱਗਿਆ ਕਿ ਜੋ ਕੁਝ ਮੈਂ ਸਿੱਖ ਰਹੀ ਹਾਂ ਉਹ ਡਨਯੈਟਸੱਕ ਵਿਚ ਕੀਤੀ ਮੇਰੀ ਪ੍ਰਾਰਥਨਾ ਦਾ ਜਵਾਬ ਹੈ।​—ਰਸੂਲਾਂ ਦੇ ਕਰਤੱਬ 24:15; ਪਰਕਾਸ਼ ਦੀ ਪੋਥੀ 21:3-5.

ਸਟੱਡੀ ਦੌਰਾਨ ਜਦੋਂ ਭੂਤਾਂ-ਪ੍ਰੇਤਾਂ ਬਾਰੇ ਦੱਸਿਆ ਗਿਆ, ਤਾਂ ਮੈਂ ਇਸ ਵਿਸ਼ੇ ਨੂੰ ਬੜੀ ਤਾਂਘ ਨਾਲ ਸੁਣਿਆ। ਮੇਰੇ ਸ਼ੱਕ ਨੂੰ ਬਾਈਬਲ ਨੇ ਹੋਰ ਵੀ ਪੱਕਾ ਕਰ ਦਿੱਤਾ ਕਿ ਨਾ ਤਾਂ ਕੋਈ ਜਾਦੂ ਚੰਗਾ ਹੈ ਤੇ ਨਾ ਹੀ ਬੁਰਾ ਹੈ। ਹਰ ਤਰ੍ਹਾਂ ਦਾ ਜਾਦੂ ਖ਼ਤਰਨਾਕ ਹੈ। ਜੋ ਸਾਡੇ ਪਰਿਵਾਰ ਵਿਚ ਵਾਪਰਿਆ ਸੀ ਉਸ ਤੋਂ ਹੋਰ ਜ਼ਿਆਦਾ ਵੱਡਾ ਸਬੂਤ ਮੈਨੂੰ ਨਹੀਂ ਚਾਹੀਦਾ ਸੀ। ਅਣਜਾਣੇ ਵਿਚ ਪਿਓਤ੍ਰ ਦੀਆਂ ਚੀਜ਼ਾਂ ਸਾੜ ਕੇ ਮੈਂ ਠੀਕ ਹੀ ਕੀਤਾ ਸੀ। ਜਦੋਂ ਪਹਿਲੀ ਸਦੀ ਦੇ ਮਸੀਹੀਆਂ ਨੇ ਯਹੋਵਾਹ ਦੀ ਸੇਵਾ ਕਰਨੀ ਸ਼ੁਰੂ ਕੀਤੀ ਸੀ, ਤਾਂ ਉਨ੍ਹਾਂ ਨੇ ਵੀ ਆਪਣੀਆਂ ਜਾਦੂਈ ਚੀਜ਼ਾਂ ਸਾੜ-ਫੂਕ ਦਿੱਤੀਆਂ ਸਨ।​—ਬਿਵਸਥਾ ਸਾਰ 18:9-12; ਰਸੂਲਾਂ ਦੇ ਕਰਤੱਬ 19:19.

ਮੈਂ ਜਿੰਨਾ ਜ਼ਿਆਦਾ ਬਾਈਬਲ ਨੂੰ ਸਮਝਦੀ ਗਈ ਮੈਨੂੰ ਉੱਨਾ ਜ਼ਿਆਦਾ ਯਕੀਨ ਹੁੰਦਾ ਗਿਆ ਕਿ ਮੈਨੂੰ ਸੱਚਾਈ ਮਿਲ ਗਈ ਹੈ। ਮੈਂ ਸਿਗਰਟ ਪੀਣੀ ਛੱਡ ਦਿੱਤੀ ਅਤੇ ਦਸੰਬਰ 1990 ਨੂੰ ਮੈਂ ਬਪਤਿਸਮਾ ਲੈ ਕੇ ਆਪਣੀ ਜ਼ਿੰਦਗੀ ਯਹੋਵਾਹ ਦੀ ਸੇਵਾ ਵਿਚ ਲੱਗਾ ਦਿੱਤੀ। ਲੂਬੋਫ ਨੇ ਮੇਰੇ ਤੋਂ ਤਿੰਨ ਮਹੀਨੇ ਪਹਿਲਾਂ ਅਤੇ ਜੋਸਫ ਨੇ 1993 ਵਿਚ ਬਪਤਿਸਮਾ ਲਿਆ।

ਮੁੜ ਡਨਯੈਟਸੱਕ ਵਿਚ

ਸਾਲ 1991 ਵਿਚ ਮੈਂ ਡਨਯੈਟਸੱਕ ਵਾਪਸ ਪਰਤ ਆਈ। ਉਸੇ ਸਾਲ ਯੂਕਰੇਨ ਵਿਚ ਯਹੋਵਾਹ ਦੇ ਗਵਾਹਾਂ ਨੂੰ ਕਾਨੂੰਨੀ ਮਾਨਤਾ ਮਿਲ ਗਈ ਜਿਸ ਦਾ ਮਤਲਬ ਇਹ ਸੀ ਕਿ ਅਸੀਂ ਬਿਨਾਂ ਰੋਕ-ਟੋਕ ਦੇ ਇਕੱਠੇ ਹੋ ਸਕਦੇ ਸਾਂ ਅਤੇ ਆਜ਼ਾਦੀ ਨਾਲ ਪ੍ਰਚਾਰ ਕਰ ਸਕਦੇ ਸਾਂ। ਜਿਨ੍ਹਾਂ ਲੋਕਾਂ ਕੋਲ ਸਮਾਂ ਹੁੰਦਾ ਸੀ ਅਸੀਂ ਉਨ੍ਹਾਂ ਨਾਲ ਸੜਕਾਂ ਤੇ ਗੱਲਬਾਤ ਕਰਨੀ ਸ਼ੁਰੂ ਕਰ ਦਿੰਦੇ ਸਾਂ। ਸਾਨੂੰ ਛੇਤੀ ਹੀ ਪਤਾ ਲੱਗ ਗਿਆ ਕਿ ਜਿਨ੍ਹਾਂ ਇਲਾਕਿਆਂ ਵਿਚ ਕਈ ਲੋਕ ਨਾਸਤਿਕ ਹੋਣ ਦਾ ਦਾਅਵਾ ਕਰਦੇ ਸਨ ਉੱਥੇ ਵੀ ਕਈ ਲੋਕ ਪਰਮੇਸ਼ੁਰ ਦੇ ਰਾਜ ਬਾਰੇ ਬੇਚੈਨ ਸਨ।

ਸਾਲ 1990 ਦੇ ਸ਼ੁਰੂ ਵਿਚ ਬਾਈਬਲ ਸਾਹਿੱਤ ਦੀ ਸਪਲਾਈ ਬੜੀ ਘੱਟ ਗਈ ਜਿਸ ਕਰਕੇ ਅਸੀਂ ਡਨਯੈਟਸੱਕ ਸ਼ਹਿਰ ਦੀਆਂ ਸੜਕਾਂ ਤੇ ਕਿਤਾਬਾਂ ਉਧਾਰ ਦੇਣੀਆਂ ਸ਼ੁਰੂ ਕਰ ਦਿੱਤੀਆਂ। ਅਸੀਂ ਸ਼ਹਿਰ ਦੇ ਚੌਰਸਤੇ ਵਿਚ ਇਕ ਸਟਾਲ ਲਾ ਲਿਆ ਜਿਸ ਵਿਚ ਅਸੀਂ ਕਿਤਾਬਾਂ ਅਤੇ ਪੁਸਤਿਕਾਵਾਂ ਰੱਖ ਦਿੱਤੀਆਂ। ਛੇਤੀ ਹੀ ਦੋਸਤਾਨਾ ਸੁਭਾਅ ਵਾਲੇ ਅਤੇ ਜਿਗਿਆਸੂ ਲੋਕ ਆ ਕੇ ਸਵਾਲ ਪੁੱਛਣ ਲੱਗ ਪਏ। ਸਾਹਿੱਤ ਪੜ੍ਹਨ ਵਾਲੇ ਲੋਕਾਂ ਨੂੰ ਉਧਾਰ ਕਿਤਾਬਾਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਨੂੰ ਬਾਈਬਲ ਸਟੱਡੀ ਸ਼ੁਰੂ ਕਰਨ ਦੀ ਪੇਸ਼ਕਸ਼ ਕੀਤੀ ਗਈ।

ਸਾਲ 1992 ਵਿਚ ਮੈਂ ਇਕ ਪਾਇਨੀਅਰ ਬਣ ਗਈ। ਸਤੰਬਰ 1993 ਵਿਚ ਮੈਨੂੰ ਜਰਮਨੀ ਦੇ ਸ਼ਹਿਰ ਸੈਲਟਰਸ ਵਿਚ ਵਾਚਟਾਵਰ ਸੋਸਾਇਟੀ ਦੇ ਸ਼ਾਖ਼ਾ ਦਫ਼ਤਰ ਵਿਚ ਇਕ ਟ੍ਰਾਂਸਲੇਟਰ ਦੇ ਤੌਰ ਤੇ ਬੁਲਾਇਆ ਗਿਆ। ਜਦੋਂ ਯੂਕਰੇਨ ਦੇ ਲੈਵੀਫ਼ ਸ਼ਹਿਰ ਵਿਚ ਸਾਡਾ ਨਵਾਂ ਸ਼ਾਖ਼ਾ ਦਫ਼ਤਰ ਬਣਨ ਜਾ ਰਿਹਾ ਸੀ, ਤਾਂ ਅਸੀਂ ਸਤੰਬਰ 1998 ਵਿਚ ਪੋਲੈਂਡ ਵਿਖੇ ਚਲੇ ਗਏ।

ਯੂਕਰੇਨ ਵਿਚ ਯਹੋਵਾਹ ਦੇ ਗਵਾਹਾਂ ਦੀ ਗਿਣਤੀ ਵਿਚ ਹੈਰਾਨੀਜਨਕ ਵਾਧਾ ਹੋਇਆ। ਜਿੱਥੇ ਸਾਲ 1991 ਵਿਚ ਡਨਯੈਟਸੱਕ ਦੀ ਇਕ ਕਲੀਸਿਯਾ ਵਿਚ 110 ਗਵਾਹ ਸਨ ਉੱਥੇ ਹੁਣ 24 ਕਲੀਸਿਯਾਵਾਂ ਹਨ ਜਿਨ੍ਹਾਂ ਵਿਚ 3,000 ਨਾਲੋਂ ਵੀ ਜ਼ਿਆਦਾ ਗਵਾਹ ਹਨ! ਸਾਲ 1997 ਵਿਚ ਡਨਯੈਟਸੱਕ ਵਿਖੇ ਜਿੱਥੇ ਮੈਨੂੰ ਖ਼ੁਸ਼ੀ ਮਿਲੀ ਉੱਥੇ ਕੁਝ ਅਜਿਹਾ ਵਾਪਰਿਆ ਜਿਸ ਨੇ ਮੇਰੇ ਜ਼ਖ਼ਮ ਹਰੇ ਕਰ ਦਿੱਤੇ।

“ਪਿਓਤ੍ਰ ਤੈਨੂੰ ਲੱਭ ਰਿਹਾ ਹੈ”

ਡਨਯੈਟਸੱਕ ਵਿਚ ਰਹਿੰਦੇ ਸਮੇਂ ਜੂਲਿਆ ਨਾਂ ਦੀ ਗਵਾਹ ਜੋ ਸਾਡੇ ਪਰਿਵਾਰ ਨੂੰ ਜਾਣਦੀ ਸੀ ਨੇ ਮੈਨੂੰ ਇਹ ਕਹਿ ਕੇ ਹੈਰਾਨ ਕਰ ਦਿੱਤਾ ਕਿ “ਪਿਓਤ੍ਰ ਤੈਨੂੰ ਲੱਭ ਰਿਹਾ ਹੈ। ਉਹ ਤੇਰੇ ਨਾਲ ਗੱਲ ਕਰਨੀ ਚਾਹੁੰਦਾ ਹੈ।”

ਉਸ ਸ਼ਾਮ ਘਰ ਵਿਚ ਮੈਂ ਰੋਈ ਤੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ। ਪਿਓਤ੍ਰ ਮੇਰੇ ਕੋਲੋਂ ਕੀ ਚਾਹੁੰਦਾ ਹੈ? ਮੈਨੂੰ ਪਤਾ ਸੀ ਕਿ ਉਹ ਆਪਣੇ ਕੀਤੇ ਹੋਏ ਜੁਰਮ ਕਰਕੇ ਕਈ ਸਾਲ ਜੇਲ੍ਹ ਵਿਚ ਬਿਤਾ ਚੁੱਕਾ ਸੀ। ਉਸ ਨੇ ਜੋ ਕੀਤਾ ਸੀ ਉਸ ਤੋਂ ਮੈਨੂੰ ਨਫ਼ਰਤ ਸੀ ਅਤੇ ਮੈਨੂੰ ਲੱਗਾ ਕਿ ਉਸ ਨੂੰ ਯਹੋਵਾਹ ਦੇ ਨਵੇਂ ਰਾਜ ਬਾਰੇ ਸਿੱਖਣ ਦਾ ਜ਼ਰਾ ਵੀ ਹੱਕ ਨਹੀਂ ਹੈ। ਮੈਂ ਇਸ ਬਾਰੇ ਯਹੋਵਾਹ ਨੂੰ ਕਈ ਦਿਨ ਪ੍ਰਾਰਥਨਾ ਕੀਤੀ ਅਤੇ ਫਿਰ ਮੈਨੂੰ ਅਹਿਸਾਸ ਹੋਇਆ ਕਿ ਮੈਂ ਕੌਣ ਹੁੰਦੀ ਹਾਂ ਇਹ ਫ਼ੈਸਲਾ ਕਰਨ ਵਾਲੀ ਕਿ ਕੌਣ ਸਦੀਪਕ ਜ਼ਿੰਦਗੀ ਦੇ ਕਾਬਲ ਹੈ ਜਾਂ ਨਹੀਂ। ਮੈਂ ਯਿਸੂ ਮਸੀਹ ਦਾ ਉਹ ਵਾਅਦਾ ਚੇਤੇ ਕੀਤਾ ਜੋ ਉਸ ਨੇ ਆਪਣੇ ਨਾਲ ਸਲੀਬ ਤੇ ਟੰਗੇ ਅਪਰਾਧੀ ਨਾਲ ਕੀਤਾ ਸੀ ਕਿ ਉਹ ਅਪਰਾਧੀ ਉਸ ਨਾਲ ਫਿਰਦੌਸ ਵਿਚ ਹੋਵੇਗਾ।​—ਲੂਕਾ 23:42, 43.

ਇਨ੍ਹਾਂ ਗੱਲਾਂ ਨੂੰ ਮਨ ਵਿਚ ਰੱਖਦੇ ਹੋਏ ਮੈਂ ਪਿਓਤ੍ਰ ਨੂੰ ਮਿਲਣ ਅਤੇ ਉਸ ਨੂੰ ਮਸੀਹਾਈ ਰਾਜ ਅਤੇ ਪਰਮੇਸ਼ੁਰ ਦੀ ਨਵੀਂ ਦੁਨੀਆਂ ਬਾਰੇ ਦੱਸਣ ਦਾ ਫ਼ੈਸਲਾ ਕੀਤਾ। ਆਪਣੇ ਨਾਲ ਦੋ ਭਰਾਵਾਂ ਨੂੰ ਲੈ ਕੇ ਮੈਂ ਜੂਲਿਆ ਦੁਆਰਾ ਦਿੱਤੇ ਪਤੇ ਤੇ ਚਲੀ ਗਈ। ਮੰਮੀ ਜੀ ਦੇ ਗੁਜ਼ਰ ਜਾਣ ਤੋਂ ਬਾਅਦ ਮੈਂ ਪਹਿਲੀ ਵਾਰ ਪਿਓਤ੍ਰ ਨਾਲ ਆਮ੍ਹੋ-ਸਾਮ੍ਹਣੇ ਗੱਲ ਕਰਨੀ ਸੀ।

ਮਾਹੌਲ ਬੜਾ ਹੀ ਤਣਾਅ ਪੂਰਣ ਸੀ। ਮੈਂ ਪਿਓਤ੍ਰ ਨੂੰ ਦੱਸਿਆ ਕਿ ਮੈਂ ਯਹੋਵਾਹ ਦੀ ਇਕ ਗਵਾਹ ਬਣ ਗਈ ਹਾਂ। ਬਾਈਬਲ ਨੇ ਮੇਰੀ ਇਹ ਗੱਲ ਸਮਝਣ ਵਿਚ ਮਦਦ ਕੀਤੀ ਹੈ ਕਿ ਕਿਉਂ ਅੱਜ ਸਾਨੂੰ ਸਾਰਿਆਂ ਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਤੇ ਕਦੇ-ਕਦੇ ਨਿੱਜੀ ਬਿਪਤਾਵਾਂ ਦਾ ਵੀ ਸਾਮ੍ਹਣਾ ਕਰਨਾ ਪੈਂਦਾ ਹੈ। ਮੈਂ ਪਿਓਤ੍ਰ ਨੂੰ ਇਹ ਵੀ ਦੱਸਿਆ ਕਿ ਸਾਡੇ ਲਈ ਮੰਮੀ-ਡੈਡੀ ਦਾ ਵਿਛੋੜਾ ਕਿੰਨਾ ਦਰਦਨਾਕ ਸੀ।

ਪਿਓਤ੍ਰ ਨੇ ਦੱਸਿਆ ਕਿ ਉਸ ਨੂੰ ਇਕ ਆਵਾਜ਼ ਨੇ ਮੇਰੀ ਮੰਮੀ ਜੀ ਨੂੰ ਮਾਰਨ ਲਈ ਕਿਹਾ ਸੀ ਅਤੇ ਫਿਰ ਉਸ ਦਿਨ ਜੋ ਕੁਝ ਵਾਪਰਿਆ ਉਸ ਨੇ ਸਾਰਾ ਕੁਝ ਖੋਲ੍ਹ ਕੇ ਦੱਸ ਦਿੱਤਾ। ਉਸ ਦੀ ਖੌਫ਼ਨਾਕ ਕਹਾਣੀ ਸੁਣ ਕੇ ਮੇਰੀ ਨਫ਼ਰਤ ਤਰਸ ਵਿਚ ਬਦਲ ਗਈ ਕਿਉਂਕਿ ਉਹ ਸ਼ਿਕਾਰ ਕੀਤੇ ਹੋਏ ਜਾਨਵਰ ਵਾਂਗ ਘਬਰਾਇਆ ਹੋਇਆ ਲੱਗਦਾ ਸੀ। ਜਦੋਂ ਪਿਓਤ੍ਰ ਨੇ ਆਪਣੀ ਗੱਲ ਖ਼ਤਮ ਕਰ ਲਈ, ਤਾਂ ਮੈਂ ਉਸ ਨੂੰ ਬਾਈਬਲ ਵਿੱਚੋਂ ਕੁਝ ਸ਼ਾਨਦਾਰ ਵਾਅਦੇ ਦੱਸਣੇ ਚਾਹੇ। ਉਹ ਯਿਸੂ ਵਿਚ ਵਿਸ਼ਵਾਸ ਰੱਖਦਾ ਸੀ ਇਸ ਲਈ ਮੈਂ ਪੁੱਛਿਆ:

“ਕੀ ਤੁਹਾਡੇ ਕੋਲ ਬਾਈਬਲ ਹੈ?”

“ਅਜੇ ਤਾਂ ਨਹੀਂ। ਪਰ ਮੈਂ ਆਰਡਰ ਦਿੱਤਾ ਹੋਇਆ ਹੈ,” ਉਸ ਨੇ ਕਿਹਾ।

“ਤੁਹਾਨੂੰ ਸ਼ਾਇਦ ਪਹਿਲਾਂ ਹੀ ਪਤਾ ਹੋਵੇਗਾ ਕਿ ਬਾਈਬਲ ਮੁਤਾਬਕ ਪਰਮੇਸ਼ੁਰ ਦਾ ਆਪਣਾ ਇਕ ਨਾਂ ਹੈ ਉਹ ਨਾਂ ਹੈ ਯਹੋਵਾਹ।”​—ਜ਼ਬੂਰ 83:18.

ਯਹੋਵਾਹ ਦਾ ਨਾਂ ਸੁਣ ਕੇ ਪਿਓਤ੍ਰ ਗੁੱਸੇ ਵਿਚ ਭੜਕ ਪਿਆ। ਉਸ ਨੇ ਕਿਹਾ: “ਮੇਰੇ ਸਾਮ੍ਹਣੇ ਇਹ ਨਾਂ ਨਾ ਲੈ। ਮੈਂ ਇਹ ਨਾਂ ਬਰਦਾਸ਼ਤ ਨਹੀਂ ਕਰ ਸਕਦਾ।” ਪਿਓਤ੍ਰ ਨੂੰ ਪਰਮੇਸ਼ੁਰ ਦੇ ਸ਼ਾਨਦਾਰ ਵਾਅਦੇ ਬਾਰੇ ਦੱਸਣ ਦੀਆਂ ਸਾਡੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ।

ਆਉਂਦੀ ਵਾਰ ਮੈਂ ਆਪਣੇ ਮਨ ਵਿਚ ਇਹ ਸੋਚਦੀ ਆਈ: ਜੇ ਮੈਂ ਯਹੋਵਾਹ ਨੂੰ ਨਾ ਜਾਣਦੀ ਹੁੰਦੀ, ਤਾਂ ਸ਼ਾਇਦ ਮੇਰਾ ਵੀ ਖ਼ੂਨ ਕਰ ਦਿੱਤਾ ਜਾਂਦਾ ਜਾਂ ਸ਼ਾਇਦ ਮੈਂ ਵੀ ਡੈਡੀ ਜੀ ਵਾਂਗ ਖ਼ੁਦਕਸ਼ੀ ਕਰ ਲਈ ਹੁੰਦੀ ਜਾਂ ਸ਼ਾਇਦ ਮੈਂ ਵੀ ਪਿਓਤ੍ਰ ਵਾਂਗ ਖੌਫ਼ਨਾਕ ਕੰਮ ਕਰਨ ਲੱਗ ਪੈਂਦੀ। ਪਰਮੇਸ਼ੁਰ ਦਾ ਲੱਖ-ਲੱਖ ਸ਼ੁਕਰ ਹੈ ਕਿ ਮੈਂ ਸੱਚੇ ਪਰਮੇਸ਼ੁਰ ਯਹੋਵਾਹ ਨੂੰ ਜਾਣ ਪਾਈ!

ਪਿੱਛੇ ਨਹੀਂ ਸਗੋਂ ਅੱਗੇ ਦੇਖੋ

ਇਨ੍ਹਾਂ ਦੁਖਦਾਈ ਤਜਰਬਿਆਂ ਨੇ ਮੇਰੇ ਤੇ ਇਕ ਗਹਿਰੀ ਛਾਪ ਛੱਡੀ ਹੈ। ਹੁਣ ਵੀ ਇਹ ਯਾਦਾਂ ਕਦੇ-ਕਦੇ ਮੈਨੂੰ ਬਹੁਤ ਦੁਖੀ ਅਤੇ ਮਾਯੂਸ ਕਰ ਦਿੰਦੀਆਂ ਹਨ। ਪਰ ਜਦੋਂ ਮੈਂ ਯਹੋਵਾਹ ਅਤੇ ਉਸ ਦੇ ਮਕਸਦਾਂ ਨੂੰ ਜਾਣਿਆ, ਤਾਂ ਮੇਰੇ ਜ਼ਖ਼ਮ ਭਰਨੇ ਸ਼ੁਰੂ ਹੋ ਗਏ। ਬਾਈਬਲ ਸੱਚਾਈ ਨੇ ਮੈਨੂੰ ਪਿੱਛੇ ਨਹੀਂ ਸਗੋਂ ਭਵਿੱਖ ਵੱਲ ਦੇਖਣ ਲਈ ਪ੍ਰੇਰਿਆ। ਨਾਲੇ ਯਹੋਵਾਹ ਨੇ ਆਪਣੇ ਸੇਵਕਾਂ ਲਈ ਕਿੰਨਾ ਵਧੀਆ ਭਵਿੱਖ ਰੱਖਿਆ ਹੈ!

ਭਵਿੱਖ ਵਿਚ ਸੋਹਣੇ ਬਾਗ਼ ਵਰਗੀ ਧਰਤੀ ਉੱਤੇ ਮਰੇ ਹੋਏ ਲੋਕਾਂ ਨੂੰ ਮੁੜ ਜ਼ਿੰਦਾ ਕੀਤਾ ਜਾਵੇਗਾ। ਮੈਂ ਉਦੋਂ ਫੁੱਲੀ ਨਹੀਂ ਸਮਾਂਵਾਂਗੀ ਜਦੋਂ ਮੇਰੇ ਮਾਪੇ ਮੁੜ ਜੀਉਂਦੇ ਕੀਤੇ ਜਾਣਗੇ! ਵਾਕਈ ਡੈਡੀ ਜੀ ਨੇ ਸਹੀ ਕਿਹਾ ਸੀ ਕਿ “ਅਸੀਂ ਇਸ ਧਰਤੀ ਤੇ ਸਿਰਫ਼ ਮਹਿਮਾਨ ਹਾਂ।” ਨਾਲੇ ਮੰਮੀ ਜੀ ਵੀ ਬਿਲਕੁਲ ਸਹੀ ਕਹਿੰਦੇ ਸਨ ਕਿ ਵਾਕਈ ਇਕ ਪਰਮੇਸ਼ੁਰ ਹੈ। ਮੇਰੀ ਦਿਲੀ ਇੱਛਾ ਹੈ ਕਿ ਜਦੋਂ ਮੇਰੇ ਮੰਮੀ ਜੀ ਤੇ ਡੈਡੀ ਜੀ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਮੁੜ ਜੀਉਂਦੇ ਕੀਤੇ ਜਾਣਗੇ, ਤਾਂ ਮੈਂ ਉਨ੍ਹਾਂ ਨੂੰ ਬਾਈਬਲ ਸੱਚਾਈਆਂ ਬਾਰੇ ਸਿਖਾ ਸਕਾਂ।

[ਫੁਟਨੋਟ]

^ ਪੈਰਾ 7 ਨਾਂ ਬਦਲ ਦਿੱਤੇ ਗਏ ਹਨ।

[ਸਫ਼ਾ 24 ਉੱਤੇ ਸੁਰਖੀ]

ਮੰਮੀ ਜੀ ਦੇ ਗੁਜ਼ਰ ਜਾਣ ਪਿੱਛੋਂ ਮੈਂ ਪਹਿਲੀ ਵਾਰ ਉਨ੍ਹਾਂ ਦੇ ਕਾਤਲ ਨੂੰ ਆਮ੍ਹਣੇ-ਸਾਮ੍ਹਣੇ ਮਿਲੀ

[ਸਫ਼ਾ 23 ਉੱਤੇ ਤਸਵੀਰ]

ਮਿਸ਼ਨਰੀ ਜੋੜਾ ਮਾਰੀਆਨਾ ਅਤੇ ਹੀਂਟਸ ਵਰਹੋਲਟਸ ਨਾਲ ਗੱਲਵਕੜੀ ਪਾਏ ਹੋਏ, ਜਿਨ੍ਹਾਂ ਨੇ ਮੈਨੂੰ ਯੂਗਾਂਡਾ ਵਿਚ ਸਟੱਡੀ ਕਰਾਈ ਸੀ

[ਸਫ਼ਾ 23 ਉੱਤੇ ਤਸਵੀਰ]

ਕੰਪਾਲਾ ਵਿਚ ਮੇਰਾ ਬਪਤਿਸਮਾ

[ਸਫ਼ਾ 24 ਉੱਤੇ ਤਸਵੀਰ]

ਪੋਲੈਂਡ ਵਿਚ ਯੂਕਰੇਨੀ ਟ੍ਰਾਂਸਲੇਸ਼ਨ ਟੀਮ ਵਿਚ ਕੰਮ ਕਰਨਾ