Skip to content

Skip to table of contents

ਅੱਤਵਾਦ ਦਾ ਜਲਦੀ ਹੀ ਖ਼ਾਤਮਾ!

ਅੱਤਵਾਦ ਦਾ ਜਲਦੀ ਹੀ ਖ਼ਾਤਮਾ!

ਅੱਤਵਾਦ ਦਾ ਜਲਦੀ ਹੀ ਖ਼ਾਤਮਾ!

ਜਰੂਸ਼ਲਮ ਵਿਚ ਇਕ ਬਸ, ਓਕਲਾਹੋਮਾ ਸਿਟੀ ਵਿਚ ਇਕ ਸਰਕਾਰੀ ਇਮਾਰਤ, ਜਾਂ ਮਾਸਕੋ ਵਿਚ ਇਕ ਅਪਾਰਟਮੈਂਟ ਬਿਲਡਿੰਗ, ਇਹ ਸਭ ਦੀਆਂ ਸਭ ਅੱਤਵਾਦ ਦਾ ਨਿਸ਼ਾਨਾ ਬਣ ਸਕਦੀਆਂ ਹਨ। ਭਾਵੇਂ ਕਿ ਅੱਤਵਾਦੀ ਆਪਣੀਆਂ ਹਿੰਸਕ ਗਤੀਵਿਧੀਆਂ ਦੁਆਰਾ ਸਿਆਸਤਦਾਨਾਂ, ਫ਼ੌਜੀ ਅਫ਼ਸਰਾਂ ਜਾਂ ਵੱਡੇ-ਵੱਡੇ ਵਪਾਰੀਆਂ ਨੂੰ ਕੋਈ ਜ਼ਬਰਦਸਤ ਸੁਨੇਹਾ ਦੇਣਾ ਚਾਹੁੰਦੇ ਹਨ, ਪਰ ਅਕਸਰ ਉਨ੍ਹਾਂ ਦੀ ਇਸ ਹਿੰਸਾ ਦੇ ਕਾਰਨ ਦਾ ਉਨ੍ਹਾਂ ਦੇ ਸ਼ਿਕਾਰਾਂ ਨਾਲ ਕੋਈ ਸੰਬੰਧ ਨਹੀਂ ਹੁੰਦਾ। ਬਹੁਤ ਵਾਰ ਆਮ ਲੋਕ ਉਨ੍ਹਾਂ ਦੀ ਹਿੰਸਾ ਦਾ ਸ਼ਿਕਾਰ ਬਣਦੇ ਹਨ ਜਿਨ੍ਹਾਂ ਦਾ ਅੱਤਵਾਦੀਆਂ ਦੇ ਟੀਚੇ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ। ਤਾਂ ਫਿਰ ਅੱਤਵਾਦੀ ਕਿਉਂ ਹਿੰਸਾ ਦਾ ਸਹਾਰਾ ਲੈਂਦੇ ਹਨ?

ਅੱਤਵਾਦ ਕਿਉਂ?

ਅੱਤਵਾਦੀ ਕਾਰਵਾਈਆਂ ਹਮੇਸ਼ਾ ਸੋਚ-ਵਿਚਾਰ ਕੇ ਬੜੇ ਧਿਆਨ ਨਾਲ ਕੀਤੀਆਂ ਜਾਂਦੀਆਂ ਹਨ। ਲੋਕਾਂ ਦਾ ਕਤਲ ਕਰਨਾ ਜਾਂ ਉਨ੍ਹਾਂ ਨੂੰ ਜ਼ਖ਼ਮੀ ਕਰਨਾ ਇਨ੍ਹਾਂ ਦਾ ਮੁੱਖ ਟੀਚਾ ਨਹੀਂ ਹੁੰਦਾ। ਪਰ ਇਹ ਖ਼ੂਨ-ਖ਼ਰਾਬਾ ਆਪਣੇ ਟੀਚੇ ਤਕ ਪਹੁੰਚਣ ਦਾ ਇਕ ਜ਼ਰੀਆ ਹੁੰਦਾ ਹੈ ਅਤੇ ਇਸ ਦੇ ਜ਼ਰੀਏ ਸਰਕਾਰ ਦਾ ਵਿਰੋਧ ਕਰਨ ਤੇ ਆਪਣੀ ਗੱਲ ਮਨਵਾਉਣ ਦੀ ਖ਼ਾਤਰ ਅੱਤਵਾਦੀ ਡਰ ਤੇ ਖੌਫ਼ ਦਾ ਮਾਹੌਲ ਪੈਦਾ ਕਰਦੇ ਹਨ। ਅੱਤਵਾਦੀਆਂ ਦੀਆਂ ਹਿੰਸਕ ਕਾਰਵਾਈਆਂ ਪਿੱਛੇ ਕੁਝ ਕਾਰਨਾਂ ਉੱਤੇ ਵਿਚਾਰ ਕਰੋ।

ਨਫ਼ਰਤ। ‘ਨਫ਼ਰਤ ਨਾਲ ਹੀ ਅੱਤਵਾਦ ਦੀ ਅੱਗ ਭੜਕਦੀ ਹੈ,’ ਯੂ. ਐੱਸ. ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਲੁਅਸ ਜੇ. ਫ੍ਰੀ ਨੇ ਕਿਹਾ। “ਜਿਹੜੇ ਲੋਕ ਆਪਣੇ ਅੰਦਰ ਅਜਿਹੀ ਨਫ਼ਰਤ ਪਾਲ ਰੱਖਦੇ ਹਨ, ਉਹ ਕੱਟੜਤਾ, ਸਾਜ਼ਸ਼ ਅਤੇ ਅਗਿਆਨਤਾ ਨਾਲ ਭਰੀ ਦੁਨੀਆਂ ਵਿਚ ਰਹਿੰਦੇ ਹਨ।”

ਅਤਿਆਚਾਰ। “ਬੇਸ਼ੱਕ ਕਈ ਗਰੁੱਪਾਂ ਅਤੇ ਦੇਸ਼ਾਂ ਦੇ ਅਜਿਹੇ ਲੀਡਰ ਹਨ ਜਿਨ੍ਹਾਂ ਦੇ ਵਿਵੇਕਹੀਣ ਟੀਚੇ ਦੂਸਰੇ ਸਭਿਆਚਾਰਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਹੁੰਦਾ ਹੈ,” ਸਟੀਵਨ ਬੋਮਨ ਆਪਣੀ ਕਿਤਾਬ ਜਦੋਂ ਉਕਾਬ ਲੇਰਾਂ ਮਾਰਦਾ ਹੈ (ਅੰਗ੍ਰੇਜ਼ੀ) ਵਿਚ ਲਿਖਦਾ ਹੈ। “ਪਰ ਇਹ ਗੱਲ ਵੀ ਸਾਫ਼ ਹੈ ਕਿ ਅਕਸਰ ਲੋਕ ਅਤਿਆਚਾਰ ਤੋਂ ਤੰਗ ਆ ਕੇ ਅੱਤਵਾਦੀ ਬਣ ਜਾਂਦੇ ਹਨ।”

ਨਿਰਾਸ਼ਾ। “ਬਹੁਤ ਸਾਰੇ ਮਾਮਲਿਆਂ ਵਿਚ . . . ਇਕ ਵਿਅਕਤੀ ਮੁੱਖ ਤੌਰ ਤੇ ਉਦੋਂ ਅੱਤਵਾਦੀ ਬਣਦਾ ਹੈ ਜਦੋਂ ਉਹ ਬੇਈਮਾਨ ਰਾਜਨੀਤਿਕ, ਸਮਾਜਕ ਅਤੇ ਆਰਥਿਕ ਤਾਕਤਾਂ ਤੋਂ ਸੱਚ-ਮੁੱਚ ਨਿਰਾਸ਼ ਹੋ ਚੁੱਕਾ ਹੁੰਦਾ ਹੈ,” ਸ਼ਹਿਰੀ ਅੱਤਵਾਦ (ਅੰਗ੍ਰੇਜ਼ੀ) ਦਾ ਸੰਪਾਦਕ ਕਹਿੰਦਾ ਹੈ।

ਅਨਿਆਂ। ਮਾਈਕਲ ਸ਼ਿਮੋਫ ਆਪਣੇ ਪੇਪਰ “ਅੱਤਵਾਦ ਦੀ ਨੀਤੀ” (ਅੰਗ੍ਰੇਜ਼ੀ) ਵਿਚ ਲਿਖਦਾ ਹੈ: “ਅੱਤਵਾਦ ਸਮੱਸਿਆ ਦਾ ਲੱਛਣ ਹੈ, ਨਾ ਕਿ ਉਸ ਦਾ ਅਸਲੀ ਕਾਰਨ।” ਉਹ ਅੱਗੇ ਲਿਖਦਾ ਹੈ: “ਸਾਡਾ ਮੁੱਖ ਟੀਚਾ ਅੱਤਵਾਦ ਦੇ ਸਮਾਜਕ ਅਤੇ ਰਾਜਨੀਤਿਕ ਕਾਰਨਾਂ ਨੂੰ ਖ਼ਤਮ ਕਰਨਾ ਹੋਣਾ ਚਾਹੀਦਾ ਹੈ। . . . ਅੱਤਵਾਦ ਦੇ ਵਿਰੁੱਧ ਲੜਨ ਦੇ ਨਾਲ-ਨਾਲ ਸਾਨੂੰ ਆਜ਼ਾਦੀ, ਇੱਜ਼ਤ, ਨਿਆਂ ਅਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਵੀ ਵਧਾਉਣ ਦੇ ਪੂਰੇ ਜਤਨ ਕਰਨੇ ਚਾਹੀਦੇ ਹਨ। ਜਦੋਂ ਇਹ ਜਤਨ ਅਸਰਦਾਰ ਹੋਣਗੇ, ਤਦ ਹੀ ਅੱਤਵਾਦ-ਵਿਰੋਧੀ ਅਤੇ ਅੱਤਵਾਦ-ਰੋਕੂ ਕਾਰਵਾਈਆਂ ਨੂੰ ਖ਼ਤਮ ਕੀਤਾ ਜਾ ਸਕਦਾ ਹੈ।”

ਅੱਤਵਾਦ ਦੇ ਕਾਰਨਾਂ ਅਤੇ ਇਤਿਹਾਸ ਨੇ ਬਾਈਬਲ ਦੀ ਇਸ ਗੱਲ ਨੂੰ ਸਹੀ ਸਿੱਧ ਕੀਤਾ ਹੈ: ‘ਇੱਕ ਜਣਾ ਦੂਜੇ ਉੱਤੇ ਆਗਿਆ ਤੋਰ ਕੇ ਆਪਣਾ ਹੀ ਨੁਕਸਾਨ ਕਰਦਾ ਹੈ।’ (ਉਪਦੇਸ਼ਕ ਦੀ ਪੋਥੀ 8:9) ਅੱਤਵਾਦ ਨੂੰ ਭੜਕਾਉਣ ਵਾਲੇ ਔਗੁਣਾਂ ਬਾਰੇ ਬਾਈਬਲ ਵਿਚ ਭਵਿੱਖਬਾਣੀ ਕੀਤੀ ਗਈ ਸੀ। ਇਹ ਕਹਿੰਦੀ ਹੈ: ‘ਪਰ ਇਹ ਜਾਣ ਛੱਡ ਭਈ ਅੰਤ ਦਿਆਂ ਦਿਨਾਂ ਵਿੱਚ ਭੈੜੇ ਸਮੇਂ ਆ ਜਾਣਗੇ। ਕਿਉਂ ਜੋ ਮਨੁੱਖ ਆਪ ਸੁਆਰਥੀ, ਨਿਰਮੋਹ, ਪੱਥਰ ਦਿਲ, ਪਰਾਈ ਨਿੰਦਿਆ ਕਰਨ ਵਾਲੇ, ਅਸੰਜਮੀ, ਕਰੜੇ, ਨੇਕੀ ਦੇ ਵੈਰੀ, ਨਿਮਕ ਹਰਾਮ, ਕਾਹਲੇ ਅਤੇ ਘਮੰਡੀ ਹੋਣਗੇ।’​—2 ਤਿਮੋਥਿਉਸ 3:1-4.

ਇਹ ਗੱਲ ਇਕ ਹਕੀਕਤ ਹੈ ਕਿ ਚਾਹੇ ਇਨਸਾਨ ਕਿੰਨੀ ਵੀ ਚੰਗੀ ਨੀਅਤ ਨਾਲ ਲੱਖ ਕੋਸ਼ਿਸ਼ਾਂ ਕਿਉਂ ਨਾ ਕਰਨ, ਤਾਂ ਵੀ ਉਹ ਅੱਤਵਾਦ ਦੇ ਕਾਰਨਾਂ ਨੂੰ ਖ਼ਤਮ ਨਹੀਂ ਕਰ ਸਕਦੇ। ਬਾਈਬਲ ਇਸ ਬਾਰੇ ਸਾਫ਼-ਸਾਫ਼ ਲਿਖਦੀ ਹੈ: “ਆਦਮੀ ਦਾ ਰਾਹ ਉਹ ਦੇ ਵੱਸ ਵਿੱਚ ਨਹੀਂ ਹੈ, ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।” (ਯਿਰਮਿਯਾਹ 10:23) ਪਰ ਚਾਹੇ ਅੱਤਵਾਦ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਇਨਸਾਨ ਦੇ ਵੱਸ ਦੀ ਗੱਲ ਨਹੀਂ ਹੈ, ਪਰਮੇਸ਼ੁਰ ਕੋਲ ਇਸ ਨੂੰ ਖ਼ਤਮ ਕਰਨ ਦੀ ਤਾਕਤ ਹੈ।

ਅੱਤਵਾਦ ਦਾ ਹੱਲ

ਜਿਨ੍ਹਾਂ ਲੋਕਾਂ ਨਾਲ ਅਨਿਆਂ ਹੋਇਆ ਹੈ ਜਾਂ ਜਿਨ੍ਹਾਂ ਤੇ ਅਤਿਆਚਾਰ ਹੋਇਆ ਹੈ ਅਤੇ ਜਿਹੜੇ ਨਿਰਾਸ਼ ਹੋ ਚੁੱਕੇ ਹਨ, ਉਹ ਬਾਈਬਲ ਦੇ ਇਸ ਪੱਕੇ ਵਾਅਦੇ ਤੋਂ ਦਿਲਾਸਾ ਪਾ ਸਕਦੇ ਹਨ: “ਸਚਿਆਰ ਹੀ ਧਰਤੀ ਉੱਤੇ ਵੱਸਣਗੇ, ਅਤੇ ਖਰੇ ਹੀ ਓਹ ਦੇ ਵਿੱਚ ਰਹਿ ਜਾਣਗੇ। ਪਰ ਦੁਸ਼ਟ ਧਰਤੀ ਉੱਤੋਂ ਕੱਟੇ ਜਾਣਗੇ, ਅਤੇ ਛਲੀਏ ਉਸ ਵਿੱਚੋਂ ਪੁੱਟੇ ਜਾਣਗੇ।”​—ਕਹਾਉਤਾਂ 2:21, 22.

ਪਰਮੇਸ਼ੁਰ ਦਾ ਇਹ ਵਾਅਦਾ ਜਲਦੀ ਹੀ ਪੂਰਾ ਹੋਵੇਗਾ। ਉਸ ਦਾ ਸ਼ਾਸਨ ਕਰ ਰਿਹਾ ਰਾਜਾ ਯਿਸੂ ਮਸੀਹ ਆਪ ਇਸ ਵਾਅਦੇ ਨੂੰ ਪੂਰਾ ਕਰੇਗਾ। ਮਸੀਹ ਦੇ ਬਾਰੇ ਬਾਈਬਲ ਵਿਚ ਇਹ ਭਵਿੱਖਬਾਣੀ ਕੀਤੀ ਗਈ ਸੀ: “ਉਹ ਨਾ ਆਪਣੀਆਂ ਅੱਖਾਂ ਦੇ ਵੇਖਣ ਅਨੁਸਾਰ ਨਿਆਉਂ ਕਰੇਗਾ, ਨਾ ਆਪਣੇ ਕੰਨਾਂ ਦੇ ਸੁਣਨ ਅਨੁਸਾਰ ਫ਼ੈਸਲਾ ਦੇਵੇਗਾ। ਪਰ ਉਹ ਧਰਮ ਨਾਲ ਗਰੀਬਾਂ ਦਾ ਨਿਆਉਂ ਕਰੇਗਾ, ਅਤੇ ਰਾਸਤੀ ਨਾਲ ਧਰਤੀ ਦੇ ਮਸਕੀਨਾਂ ਦਾ ਫ਼ੈਸਲਾ ਦੇਵੇਗਾ।”​—ਯਸਾਯਾਹ 11:3, 4.

ਜੀ ਹਾਂ, ਪਰਮੇਸ਼ੁਰ ਦਾ ਪੁੱਤਰ, ਯਿਸੂ ਮਸੀਹ ਜਲਦੀ ਹੀ ਅਨਿਆਂ ਨੂੰ ਅਤੇ ਅਨਿਆਈ ਲੋਕਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਵੇਗਾ। ਪਰਮੇਸ਼ੁਰ ਦੇ ਧਰਮੀ ਨਵੇਂ ਸੰਸਾਰ ਵਿਚ ਅੱਤਵਾਦ ਅਤੇ ਹਿੰਸਾ ਬੀਤੇ ਸਮੇਂ ਦੀ ਗੱਲ ਬਣ ਜਾਣਗੇ। ਉਦੋਂ ਸਾਰੇ ਇਨਸਾਨ ਧਰਤੀ ਉੱਤੇ ਸੁਰੱਖਿਅਤ ਹੋਣਗੇ ਅਤੇ ਉਨ੍ਹਾਂ ਨੂੰ ਕਿਸੇ ਖ਼ਤਰੇ ਦਾ ਡਰ ਨਹੀਂ ਰਹੇਗਾ।​—ਪਰਕਾਸ਼ ਦੀ ਪੋਥੀ 21:3, 4.

[ਸਫ਼ਾ 12 ਉੱਤੇ ਤਸਵੀਰ]

ਬਾਈਬਲ ਵਾਅਦਾ ਕਰਦੀ ਹੈ ਕਿ ਪਰਮੇਸ਼ੁਰ ਅਤਿਆਚਾਰ ਅਤੇ ਅਨਿਆਂ ਨੂੰ ਬਹੁਤ ਜਲਦੀ ਖ਼ਤਮ ਕਰ ਦੇਵੇਗਾ