Skip to content

Skip to table of contents

ਅੱਤਵਾਦ ਦਾ ਨਵਾਂ ਰੂਪ

ਅੱਤਵਾਦ ਦਾ ਨਵਾਂ ਰੂਪ

ਅੱਤਵਾਦ ਦਾ ਨਵਾਂ ਰੂਪ

ਪਿਛਲੀ ਵਾਰ ਜਦੋਂ ਇਸ ਰਸਾਲੇ ਵਿਚ ਅੱਤਵਾਦ ਉੱਤੇ ਲੇਖ ਛਪਿਆ ਸੀ, ਤਾਂ ਇਸ ਦੇ ਪਹਿਲੇ ਸਫ਼ੇ ਉੱਤੇ ਇਕ ਬਹੁਤ ਹੀ ਜਾਣੀ-ਪਛਾਣੀ ਤਸਵੀਰ ਛਾਪੀ ਗਈ ਸੀ—ਹੱਥਾਂ ਵਿਚ ਬੰਦੂਕਾਂ ਫੜੀ ਅਤੇ ਮੂੰਹ ਉੱਤੇ ਨਕਾਬ ਪਾਈ ਕਾਤਲਾਂ ਦੀ ਤਸਵੀਰ ਜਿਨ੍ਹਾਂ ਦੇ ਪਿੱਛੇ ਇਕ ਜ਼ਬਰਦਸਤ ਧਮਾਕਾ ਦਿਖਾਇਆ ਗਿਆ ਸੀ। ਪਰ ਅੱਜ ਇਹ ਜਾਣੀ-ਪਛਾਣੀ ਤਸਵੀਰ ਬਦਲ ਗਈ ਹੈ।

ਸ਼ਾਮ ਦੇ ਘੁਸਮੁਸੇ ਵਿਚ ਕੁਝ ਟਰੱਕ ਰਿਹਾਇਸ਼ੀ ਇਲਾਕੇ ਵਿੱਚੋਂ ਦੀ ਲੰਘਦੇ ਹਨ। ਇਹ ਇਕ ਸਕੂਲ ਦੇ ਸਾਮ੍ਹਣੇ ਆ ਕੇ ਰੁਕ ਜਾਂਦੇ ਹਨ। ਇਨ੍ਹਾਂ ਵਿੱਚੋਂ ਗੈਸ ਮਾਸਕ ਅਤੇ ਰਸਾਇਣਾਂ ਦੇ ਅਸਰ ਤੋਂ ਬਚਾਉਣ ਵਾਲੇ ਕੱਪੜੇ ਪਹਿਨੀ ਇਕ ਖ਼ਾਸ ਸਿਖਲਾਈ ਪ੍ਰਾਪਤ ਟੋਲੀ ਨਿਕਲ ਕੇ ਝਾੜੀਆਂ ਦੇ ਵਿੱਚੋਂ ਦੀ ਲੰਘਦੀ ਹੈ। ਇਹ ਟੋਲੀ ਸਿਰਫ਼ ਇੰਨਾ ਹੀ ਜਾਣਦੀ ਹੈ ਕਿ ਸਕੂਲ ਦੇ ਸਟੇਡੀਅਮ ਵਿਚ ਚੱਲ ਰਹੇ ਖੇਡ ਮੁਕਾਬਲਿਆਂ ਦੌਰਾਨ ਇਕ ਛੋਟਾ ਜਿਹਾ ਵਿਸਫੋਟਕ ਯੰਤਰ ਫਟਿਆ ਸੀ ਜਿਸ ਵਿੱਚੋਂ ਨਿਕਲੀ ਗੈਸ ਨੇ ਬਹੁਤ ਸਾਰੇ ਦਰਸ਼ਕਾਂ ਨੂੰ ਬੀਮਾਰ ਕਰ ਦਿੱਤਾ ਸੀ। ਸਥਾਨਕ ਐਮਰਜੈਂਸੀ ਅਮਲੇ ਦੀ ਮਦਦ ਨਾਲ ਇਸ ਵਾਰਦਾਤ ਦੀ ਛਾਣ-ਬੀਣ ਕਰਨ ਲਈ ਟੋਲੀ ਦੇ ਚਾਰ ਆਦਮੀ ਉਸ ਪ੍ਰਭਾਵਿਤ ਇਲਾਕੇ ਵਿਚ ਦਾਖ਼ਲ ਹੋਏ। ਉਸ ਯੰਤਰ ਵਿੱਚੋਂ ਕਿਹੜੀ ਗੈਸ ਨਿਕਲੀ ਸੀ? ਐਨਥਰੈਕਸ? ਨਰਵ ਗੈਸ?

ਚਾਰ ਆਦਮੀ ਰਸਾਇਣਕ ਵਿਸ਼ਲੇਸ਼ਣ ਕਰਨ ਦਾ ਪੂਰਾ ਸਾਜ਼-ਸਾਮਾਨ ਲੈ ਕੇ ਹੌਲੀ-ਹੌਲੀ ਪ੍ਰਭਾਵਿਤ ਇਲਾਕੇ ਵੱਲ ਵਧਦੇ ਹਨ। ਉਹ ਇਕ ਛੋਟੇ ਜਿਹੇ ਕਮਰੇ ਕੋਲ ਪਹੁੰਚਦੇ ਹਨ ਜਿੱਥੇ ਉਨ੍ਹਾਂ ਨੂੰ ਉਸ ਵਿਸਫੋਟਕ ਯੰਤਰ ਦਾ ਬਚਿਆ-ਖੁਚਿਆ ਹਿੱਸਾ ਮਿਲਦਾ ਹੈ। ਇਹ ਕੰਮ ਬਹੁਤ ਹੀ ਖ਼ਤਰਨਾਕ ਹੈ ਕਿਉਂਕਿ ਛਾਣ-ਬੀਣ ਕਰਨ ਲਈ ਛੋਟੇ-ਛੋਟੇ ਉਪਕਰਣਾਂ ਨੂੰ ਬਹੁਤ ਹੀ ਸਾਵਧਾਨੀ ਨਾਲ ਵਰਤਣਾ ਤੇ ਭਾਰੀ ਚੀਜ਼ਾਂ ਨੂੰ ਪਾਸੇ ਹਟਾਉਣਾ ਬੜਾ ਜ਼ਰੂਰੀ ਹੈ।

ਜਲਦੀ ਹੀ ਉਨ੍ਹਾਂ ਦੇ ਮਾਸਕ ਦੇ ਸ਼ੀਸ਼ੇ ਪਸੀਨੇ ਤੇ ਹਵਾੜ ਨਾਲ ਧੁੰਦਲੇ ਪੈ ਜਾਂਦੇ ਹਨ। ਇਹ ਕੰਮ ਸਿਖਲਾਈ-ਪ੍ਰਾਪਤ ਆਦਮੀਆਂ ਲਈ ਵੀ ਬਹੁਤ ਔਖਾ ਹੈ। ਪਰ ਦਸਾਂ ਮਿੰਟਾਂ ਦੇ ਅੰਦਰ-ਅੰਦਰ ਉਹ ਪਤਾ ਲਗਾ ਲੈਂਦੇ ਹਨ ਕਿ ਉਸ ਯੰਤਰ ਵਿੱਚੋਂ ਕਿਹੜੀ ਗੈਸ ਨਿਕਲੀ ਸੀ। “ਇਹ ਐਨਥਰੈਕਸ ਹੀ ਹੈ,” ਉਸ ਟੋਲੀ ਨਾਲ ਆਏ ਰਸਾਇਣ-ਵਿਸ਼ਲੇਸ਼ਕ ਨੇ ਦੱਸਿਆ।

ਅੱਤਵਾਦ ਦਾ ਬਦਲਦਾ ਰੂਪ

ਇਹ ਵਾਰਦਾਤ ਜਿੰਨੀ ਖ਼ਤਰਨਾਕ ਲੱਗਦੀ ਹੈ, ਉੱਨੀ ਖ਼ਤਰਨਾਕ ਹੈ ਨਹੀਂ। ਇਹ ਸਿਰਫ਼ ਇਕ ਅਭਿਆਸ ਸੀ। ਉਸ ਟੋਲੀ ਦੀ ਕਾਰਗੁਜ਼ਾਰੀ ਦੇਖਣ ਲਈ ਉੱਤਰੀ ਨਿਊਯਾਰਕ ਵਿਚ ਕਿਸੇ ਥਾਂ ਤੇ ਨਕਲੀ ਜ਼ਹਿਰੀਲੀ ਗੈਸ ਦਾ ਹਮਲਾ ਕੀਤਾ ਗਿਆ ਸੀ। ਇਹ ਟੋਲੀ ਤਬਾਹਕੁੰਨ ਹਥਿਆਰਾਂ ਨਾਲ ਨਜਿੱਠਣ ਲਈ ਹਾਲ ਹੀ ਵਿਚ ਬਣਾਈਆਂ ਗਈਆਂ ਨਾਗਰਿਕ ਸਹਾਇਤਾ ਟੋਲੀਆਂ ਵਿੱਚੋਂ ਇਕ ਹੈ। ਅਜਿਹੀਆਂ ਟੀਮਾਂ ਜਾਂ ਟੋਲੀਆਂ ਨੂੰ ਕੀਟਾਣੂਆਂ, ਰਸਾਇਣਾਂ ਜਾਂ ਰੇਡੀਓ-ਐਕਟਿਵ ਸਾਮੱਗਰੀ ਦੀ ਪਰਖ ਕਰਨ ਦੁਆਰਾ ਨਵੀਂ ਕਿਸਮ ਦੇ ਅੱਤਵਾਦੀ ਹਮਲਿਆਂ ਦੇ ਅਸਰ ਅਤੇ ਗੰਭੀਰਤਾ ਦਾ ਪਤਾ ਲਗਾਉਣ ਦਾ ਕੰਮ ਸੌਂਪਿਆ ਜਾਂਦਾ ਹੈ।

ਪੂਰੀ ਦੁਨੀਆਂ ਵਿਚ ਅੱਤਵਾਦ ਦੇ ਨਵੇਂ-ਨਵੇਂ ਖ਼ਤਰਿਆਂ ਅਤੇ ਸਮੱਸਿਆਵਾਂ ਨਾਲ ਨਜਿੱਠਣ ਲਈ ਅਜਿਹੀਆਂ ਬਹੁਤ ਸਾਰੀਆਂ ਟੋਲੀਆਂ ਬਣਾਈਆਂ ਗਈਆਂ ਹਨ। * ਹਾਲ ਹੀ ਦੇ ਸਾਲਾਂ ਵਿਚ ਹੋਈਆਂ ਵਾਰਦਾਤਾਂ ਤੋਂ ਪਤਾ ਚੱਲਦਾ ਹੈ ਕਿ ਅੱਤਵਾਦੀਆਂ ਦੇ ਅਲੱਗ-ਅਲੱਗ ਗਰੁੱਪਾਂ ਜਾਂ ਇਕੱਲੇ-ਇਕੱਲੇ ਅੱਤਵਾਦੀਆਂ ਵੱਲੋਂ ਕੀਤੇ ਜਾ ਰਹੇ ਹਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਚਾਹੇ ਕਿ ਬਹੁਤ ਸਾਰੇ ਅੱਤਵਾਦੀ ਅਜੇ ਵੀ ਫ਼ੌਜੀ ਟਿਕਾਣਿਆਂ ਉੱਤੇ ਅਤੇ ਦੂਤਾਵਾਸਾਂ ਉੱਤੇ ਹਮਲੇ ਕਰਦੇ ਹਨ, ਪਰ ਕੁਝ ਅੱਤਵਾਦੀਆਂ ਨੇ ਘੱਟ ਸੁਰੱਖਿਆ ਵਾਲੀਆਂ ਥਾਵਾਂ ਜਿਵੇਂ ਕਿ ਜਨਤਕ ਆਵਾਜਾਈ ਸਾਧਨਾਂ, ਖੇਡ ਮੁਕਾਬਲਿਆਂ ਦੌਰਾਨ, ਭੀੜ-ਭੜੱਕੇ ਵਾਲੇ ਸ਼ਹਿਰੀ ਇਲਾਕਿਆਂ ਵਿਚ, ਹੋਟਲਾਂ ਅਤੇ ਸੈਲਾਨੀ ਥਾਵਾਂ ਉੱਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ।

ਅੱਤਵਾਦੀਆਂ ਦੇ ਰਵੱਈਏ ਵਿਚ ਆਈ ਤਬਦੀਲੀ ਦੀ ਪੁਸ਼ਟੀ ਕਰਦੇ ਹੋਏ ਯੂ. ਐੱਸ. ਹਾਊਸ ਇੰਟੈਲੀਜੈਂਸ ਕਮਿਟੀ ਦੇ ਚੇਅਰਮੈਨ ਪੋਰਟਰ ਗੌਸ ਨੇ ਕਿਹਾ: “ਸਾਨੂੰ ਸਰਕਾਰ ਦੀ ਸਰਪਰਸਤੀ ਹੇਠ ਕੀਤੀਆਂ ਜਾਂਦੀਆਂ ਅੱਤਵਾਦੀ ਗਤੀਵਿਧੀਆਂ ਦੀ ਬਜਾਇ ਹੁਣ ਅੱਤਵਾਦ ਦੇ ਨਵੇਂ ਰੂਪ ਵੱਲ ਧਿਆਨ ਦੇਣਾ ਚਾਹੀਦਾ ਹੈ। ਹੁਣ ਅਸੀਂ ਲਗਾਤਾਰ ਅਜਿਹੇ ਅੱਤਵਾਦੀਆਂ ਦਾ ਸਾਮ੍ਹਣਾ ਕਰ ਰਹੇ ਹਾਂ ਜਿਹੜੇ ਵੱਖ-ਵੱਖ ਕਾਰਨਾਂ ਕਰਕੇ ਹਿੰਸਕ ਕਾਰਵਾਈਆਂ ਕਰਦੇ ਹਨ।”

ਅੱਤਵਾਦ ਦੇ ਨਵੇਂ ਰੂਪ ਵਿਚ ਅਜਿਹੇ ਦਾਅ-ਪੇਚ ਵਰਤੇ ਜਾਂਦੇ ਹਨ ਜਾਂ ਅਜਿਹੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਰੋਕਣਾ ਜਾਂ ਉਨ੍ਹਾਂ ਦਾ ਸਾਮ੍ਹਣਾ ਕਰਨਾ ਬਹੁਤ ਮੁਸ਼ਕਲ ਹੈ। ਅੱਤਵਾਦੀ ਹੁਣ ਨਵੀਆਂ-ਨਵੀਆਂ ਤਕਨਾਲੋਜੀਆਂ ਵਰਤ ਰਹੇ ਹਨ ਤੇ ਉਨ੍ਹਾਂ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ। ਯੂ. ਐੱਸ. ਏ. ਟੂਡੇ ਇਸ ਬਾਰੇ ਲਿਖਦਾ ਹੈ: “ਕੰਪਿਊਟਰ ਅਤੇ ਸੰਚਾਰ ਦੀ ਨਵੀਂ ਤਕਨਾਲੋਜੀ ਕਰਕੇ ਅਤੇ ਅੱਤਵਾਦੀਆਂ ਦਾ ਅਪਰਾਧੀ ਗਿਰੋਹਾਂ (ਮਾਫ਼ੀਆ) ਨਾਲ ਸੰਬੰਧ ਹੋਣ ਕਰਕੇ ਅੱਤਵਾਦ ਨਾਲ ਨਜਿੱਠਣਾ ਹੋਰ ਵੀ ਮੁਸ਼ਕਲ ਹੋ ਗਿਆ ਹੈ।” ਅੱਤਵਾਦ ਦੇ ਇਸ ਨਵੇਂ ਰੂਪ ਵਿਚ ਹੁਣ ਹੋਰ ਨਵੇਂ-ਨਵੇਂ ਸਾਧਨਾਂ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ ਜਿਸ ਕਰਕੇ ਪੱਤਰਕਾਰਾਂ ਅਤੇ ਖ਼ਬਰ-ਵਿਸ਼ਲੇਸ਼ਕਾਂ ਨੂੰ ਨਵੇਂ-ਨਵੇਂ ਸ਼ਬਦ ਘੜਨੇ ਪੈ ਰਹੇ ਹਨ ਜਿਵੇਂ ਕਿ “ਸਾਇਬਰ-ਅੱਤਵਾਦ,” “ਬਾਇਓ-ਅੱਤਵਾਦ” ਅਤੇ “ਪਰਿਆਵਰਣ ਅੱਤਵਾਦ।”

ਅੱਤਵਾਦ ਦਾ ਇਹ ਨਵਾਂ ਰੂਪ ਕਿੰਨਾ ਕੁ ਖੌਫ਼ਨਾਕ ਹੈ? ਕੀ ਇਸ ਤੋਂ ਤੁਹਾਡੀ ਸੁਰੱਖਿਆ ਨੂੰ ਕੋਈ ਖ਼ਤਰਾ ਹੈ? ਕੀ ਅੰਤਰਰਾਸ਼ਟਰੀ ਅੱਤਵਾਦ ਦੀ ਇਸ ਮਹਾਮਾਰੀ ਦਾ ਕੋਈ ਇਲਾਜ ਹੈ? ਅਗਲੇ ਲੇਖ ਇਨ੍ਹਾਂ ਸਵਾਲਾਂ ਉੱਤੇ ਕੁਝ ਚਾਨਣਾ ਪਾਉਣਗੇ।

[ਫੁਟਨੋਟ]

^ ਪੈਰਾ 8 ਅੱਤਵਾਦ ਕੀ ਹੈ ਇਸ ਬਾਰੇ ਕਈ ਵੱਖ-ਵੱਖ ਵਿਚਾਰ ਹਨ। ਮਿਸਾਲ ਲਈ, ਜਿਨ੍ਹਾਂ ਦੇਸ਼ਾਂ ਵਿਚ ਸਮਾਜਕ ਝਗੜਿਆਂ ਕਰਕੇ ਹਲ-ਚਲ ਹੈ, ਉੱਥੇ ਇਕ ਧੜੇ ਵਿਰੁੱਧ ਦੂਸਰੇ ਧੜੇ ਦਿਆਂ ਹਿੰਸਕ ਕੰਮਾਂ ਨੂੰ ਜਾਂ ਤਾਂ ਯੁੱਧ ਕਿਹਾ ਜਾਂਦਾ ਹੈ ਜਾਂ ਅੱਤਵਾਦ। ਇਹ ਇਸ ਉੱਤੇ ਨਿਰਭਰ ਹੈ ਕਿ ਤੁਸੀਂ ਕਿਸ ਧੜੇ ਨਾਲ ਗੱਲ ਕਰਦੇ ਹੋ। ਇਨ੍ਹਾਂ ਕੁਝ ਲੇਖਾਂ ਵਿਚ “ਅੱਤਵਾਦ” ਦਾ ਆਮ ਕਰਕੇ ਇਹ ਮਤਲਬ ਹੈ ਕਿ ਦੂਸਰਿਆਂ ਉੱਤੇ ਜ਼ੋਰਾਵਰੀ ਕਰਨ ਲਈ ਹਿੰਸਾ ਦਾ ਸਹਾਰਾ ਲੈਣਾ।

[ਸਫ਼ੇ 4, 5 ਉੱਤੇ ਡੱਬੀ/​ਨਕਸ਼ਾ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਅੱਤਵਾਦ ਦਾ ਦਹਾਕਾ

1. ਬਿਊਨਸ ਏਅਰੀਜ਼, ਅਰਜਨਟੀਨਾ

17 ਮਾਰਚ 1992

ਕਾਰ ਵਿਚ ਰੱਖੇ ਬੰਬ ਨੇ ਇਜ਼ਰਾਏਲੀ ਦੂਤਾਵਾਸ ਨੂੰ ਤਬਾਹ ਕਰ ਦਿੱਤਾ। ਮਰੇ: 29; ਜ਼ਖ਼ਮੀ: 242

2. ਐਲਜੀਅਰਸ, ਅਲਜੀਰੀਆ

26 ਅਗਸਤ 1992

ਅੰਤਰਰਾਸ਼ਟਰੀ ਹਵਾਈ ਅੱਡੇ ਵਿਚ ਇਕ ਬੰਬ ਫਟਿਆ। ਮਰੇ: 12; ਜ਼ਖ਼ਮੀ: ਘੱਟੋ-ਘੱਟ 128

3. ਨਿਊਯਾਰਕ ਸਿਟੀ, ਅਮਰੀਕਾ

26 ਫਰਵਰੀ 1993

ਧਾਰਮਿਕ ਅੱਤਵਾਦੀਆਂ ਨੇ ਵਰਲਡ ਟ੍ਰੇਡ ਸੈਂਟਰ ਥੱਲੇ ਇਕ ਬਹੁਤ ਵੱਡਾ ਬੰਬ ਵਿਸਫੋਟ ਕੀਤਾ। ਮਰੇ: 6; ਜ਼ਖ਼ਮੀ: ਤਕਰੀਬਨ 1,000

4. ਮੌਟਸੁਮੋਟੋ, ਜਪਾਨ

27 ਜੂਨ 1994

ਔਮ ਸ਼ਿਨਰੀਕਿਓ ਗਰੁੱਪ ਦੇ ਮੈਂਬਰਾਂ ਨੇ ਇਕ ਰਿਹਾਇਸ਼ੀ ਇਲਾਕੇ ਵਿਚ ਸੈਰੀਨ ਗੈਸ ਛੱਡੀ। ਮਰੇ: 7; ਜ਼ਖ਼ਮੀ: 270

5. ਟੋਕੀਓ, ਜਪਾਨ

20 ਮਾਰਚ 1995

ਔਮ ਸ਼ਿਨਰੀਕਿਓ ਗਰੁੱਪ ਦੇ ਮੈਂਬਰ ਛੇ ਪੈਕਟ ਲੈ ਕੇ ਟੋਕੀਓ ਦੀਆਂ ਜ਼ਮੀਨਦੋਜ਼ ਗੱਡੀਆਂ ਵਿਚ ਚੜ੍ਹ ਗਏ ਤੇ ਜਾਨਲੇਵਾ ਸੈਰੀਨ ਗੈਸ ਛੱਡ ਦਿੱਤੀ। ਮਰੇ: 12; ਜ਼ਖ਼ਮੀ: 5,000 ਤੋਂ ਜ਼ਿਆਦਾ

6. ਓਕਲਾਹੋਮਾ ਸਿਟੀ, ਅਮਰੀਕਾ

19 ਮਈ 1995

ਇਕ ਸਰਕਾਰੀ ਇਮਾਰਤ ਵਿਚ ਬੰਬ ਫਟਿਆ ਜੋ ਟਰੱਕ ਵਿਚ ਰੱਖਿਆ ਹੋਇਆ ਸੀ। ਸੱਜੇ-ਪੱਖੀ ਅੱਤਵਾਦੀਆਂ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਗਿਆ। ਮਰੇ: 168; ਜ਼ਖ਼ਮੀ 500 ਤੋਂ ਜ਼ਿਆਦਾ

7. ਕੋਲੰਬੋ, ਸ੍ਰੀ ਲੰਕਾ

31 ਜਨਵਰੀ 1996

ਨਸਲੀ ਅੱਤਵਾਦੀਆਂ ਨੇ ਵਿਸਫੋਟਕ ਪਦਾਰਥਾਂ ਨਾਲ ਭਰੇ ਇਕ ਟਰੱਕ ਨੂੰ ਇਕ ਬੈਂਕ ਦੀ ਇਮਾਰਤ ਵਿਚ ਮਾਰਿਆ। ਮਰੇ: 90; ਜ਼ਖ਼ਮੀ: 1,400 ਤੋਂ ਜ਼ਿਆਦਾ

8. ਲੰਡਨ, ਇੰਗਲੈਂਡ

9 ਫਰਵਰੀ 1996

ਆਇਰਿਸ਼ ਅੱਤਵਾਦੀਆਂ ਨੇ ਇਕ ਪਾਰਕਿੰਗ ਗਰਾਜ ਵਿਚ ਬੰਬ ਵਿਸਫੋਟ ਕੀਤਾ। ਮਰੇ: 2; ਜ਼ਖ਼ਮੀ: 100 ਤੋਂ ਜ਼ਿਆਦਾ

9. ਜਰੂਸ਼ਲਮ, ਇਜ਼ਰਾਈਲ

25 ਫਰਵਰੀ 1996

ਇਕ ਆਤਮਘਾਤੀ ਮਨੁੱਖੀ ਬੰਬ ਨੇ ਇਕ ਬਸ ਨੂੰ ਉਡਾ ਦਿੱਤਾ। ਧਾਰਮਿਕ ਅੱਤਵਾਦੀਆਂ ਨੂੰ ਇਸ ਹਮਲੇ ਦਾ ਦੋਸ਼ੀ ਮੰਨਿਆ ਜਾਂਦਾ ਹੈ। ਮਰੇ: 26; ਜ਼ਖ਼ਮੀ: ਤਕਰੀਬਨ 80

10. ਦਾਹਰੇਨ, ਸਾਊਦੀ ਅਰਬ

25 ਜੂਨ 1996

ਅਮਰੀਕੀ ਫ਼ੌਜ ਦੇ ਰਿਹਾਇਸ਼ੀ ਇਲਾਕੇ ਦੇ ਬਾਹਰ ਇਕ ਬੰਬ ਫਟਿਆ ਜੋ ਬਲਣਯੋਗ ਪਦਾਰਥ ਢੋਣ ਵਾਲੇ ਟੈਂਕਰ ਵਿਚ ਰੱਖਿਆ ਹੋਇਆ ਸੀ। ਮਰੇ: 19; ਜ਼ਖ਼ਮੀ: 515

11. ਨਾਮ ਪੇਨ, ਕੰਬੋਡੀਆ

30 ਮਾਰਚ 1997

ਹਮਲਾਵਰਾਂ ਨੇ ਇਕ ਜਲੂਸ ਉੱਤੇ ਚਾਰ ਹੱਥਗੋਲੇ ਸੁੱਟੇ। ਮਰੇ: ਤਕਰੀਬਨ 16; ਜ਼ਖ਼ਮੀ: 100 ਤੋਂ ਜ਼ਿਆਦਾ

12. ਕੋਇੰਬੇਟੂਰ, ਭਾਰਤ

14 ਫਰਵਰੀ 1998

ਧਾਰਮਿਕ ਖਾੜਕੂਆਂ ਨੇ ਕਈ ਥਾਵਾਂ ਤੇ ਬੰਬ ਵਿਸਫੋਟ ਕੀਤੇ। ਮਰੇ: 43; ਜ਼ਖ਼ਮੀ: 200

13. ਨੈਰੋਬੀ, ਕੀਨੀਆ, ਅਤੇ ਦਾਰ ਏਸ ਸਲਾਮ, ਤਨਜ਼ਾਨੀਆ

7 ਅਗਸਤ 1998

ਅਮਰੀਕੀ ਦੂਤਾਵਾਸਾਂ ਤੇ ਬੰਬਾਂ ਨਾਲ ਹਮਲਾ ਕੀਤਾ ਗਿਆ। ਮਰੇ: 250; ਜ਼ਖ਼ਮੀ: 5,500 ਤੋਂ ਜ਼ਿਆਦਾ

14. ਕੋਲੰਬੀਆ

18 ਅਕਤੂਬਰ ਅਤੇ 3 ਨਵੰਬਰ 1998

ਪਹਿਲਾ ਹਮਲਾ ਬੰਬਾਂ ਨਾਲ ਕੀਤਾ ਗਿਆ ਤੇ ਦੂਸਰਾ ਮਿਜ਼ਾਈਲਾਂ ਨਾਲ। ਪਹਿਲੇ ਹਮਲੇ ਦਾ ਨਿਸ਼ਾਨਾ ਤੇਲ ਪਾਈਪ ਲਾਈਨ ਸੀ। ਮਰੇ: 209; ਜ਼ਖ਼ਮੀ: 130 ਤੋਂ ਜ਼ਿਆਦਾ

15. ਮਾਸਕੋ, ਰੂਸ

9 ਅਤੇ 13 ਸਤੰਬਰ 1999

ਦੋ ਵੱਡੇ ਧਮਾਕਿਆਂ ਨੇ ਦੋ ਅਪਾਰਟਮੈਂਟ ਬਿਲਡਿੰਗਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਮਰੇ: 212; ਜ਼ਖ਼ਮੀ: 300 ਤੋਂ ਜ਼ਿਆਦਾ

[ਕ੍ਰੈਡਿਟ ਲਾਈਨਾਂ]

ਸੋਮਾ: ਦੀ ਇੰਟਰਡਿਸਿਪਲੀਨਰੀ ਸੈਂਟਰ, ਹਰਟਸਲੀਆ, ਇਜ਼ਰਾਈਲ

Mountain High Maps® Copyright © 1997 Digital Wisdom, Inc.

Victor Grubicy/Sipa Press

[ਸਫ਼ਾ 6 ਉੱਤੇ ਡੱਬੀ/​ਤਸਵੀਰ]

ਸਾਇਬਰ-ਹਮਲੇ

ਮਾਰਚ 1999: ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਘੁਸਪੈਠੀਏ “ਸੁਵਿਵਸਥਿਤ ਤੇ ਸੰਗਠਿਤ ਤਰੀਕੇ ਨਾਲ” ਪੈਂਟਾਗਨ ਦੇ ਕੰਪਿਊਟਰਾਂ ਉੱਤੇ ਹਮਲਾ ਕਰ ਰਹੇ ਹਨ। ਯੂ. ਐੱਸ. ਸੁਰੱਖਿਆ ਵਿਭਾਗ ਦੀਆਂ ਕੰਪਿਊਟਰ ਪ੍ਰਣਾਲੀਆਂ ਦਿਖਾਉਂਦੀਆਂ ਹਨ ਕਿ ਘੁਸਪੈਠੀਆਂ ਜਾਂ ਹੈਕਰਜ਼ ਦੁਆਰਾ ਹਰ ਰੋਜ਼ 60 ਤੋਂ 80 ਹਮਲੇ ਕੀਤੇ ਜਾਂਦੇ ਹਨ।

ਸਾਲ 1999 ਦੇ ਮੱਧ ਵਿਚ: ਅਮਰੀਕਾ ਵਿਚ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਸਰਕਾਰ ਵਿਰੋਧੀ ਘੁਸਪੈਠੀਏ ਅਮਰੀਕੀ ਵਿਧਾਨ ਸਭਾ, ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ, ਅਮਰੀਕੀ ਫ਼ੌਜ, ਵਾਈਟ ਹਾਊਸ ਅਤੇ ਹੋਰ ਕਈ ਕੈਬਨਿਟ ਮਹਿਕਮਿਆਂ ਦੇ ਵੈੱਬ ਸਫ਼ਿਆਂ ਵਿਚ ਗ਼ੈਰ-ਕਾਨੂੰਨੀ ਤੌਰ ਤੇ ਦਾਖ਼ਲ ਹੋ ਗਏ।

ਜਨਵਰੀ 2000: ਰਿਪੋਰਟ ਅਨੁਸਾਰ, ਸਾਲ 1999 ਦੌਰਾਨ ਪੂਰੀ ਦੁਨੀਆਂ ਵਿਚ ਵਪਾਰੀਆਂ ਨੇ ਨੁਕਸਾਨਦੇਹ ਕੰਪਿਊਟਰ ਵਾਇਰਸਾਂ ਰਾਹੀਂ ਕੀਤੇ ਗਏ “ਆਰਥਿਕ ਅੱਤਵਾਦ” ਨਾਲ ਲੜਨ ਲਈ 12.1 ਅਰਬ ਅਮਰੀਕੀ ਡਾਲਰ ਖ਼ਰਚ ਕੀਤੇ।

ਅਗਸਤ 2000: ਇੰਗਲੈਂਡ ਵਿਚ ਇਕ ਹੈਕਰ ਸਰਕਾਰੀ ਏਜੰਸੀ ਅਤੇ ਸਥਾਨਕ ਅਧਿਕਾਰੀਆਂ ਦੀਆਂ ਵੈੱਬ ਸਾਈਟਾਂ ਵਿਚ ਦਾਖ਼ਲ ਹੋਣ ਵਿਚ ਸਫ਼ਲ ਹੋ ਗਿਆ।