Skip to content

Skip to table of contents

ਅੱਤਵਾਦ ਦੇ ਖ਼ਤਰੇ ਦਾ ਸਾਮ੍ਹਣਾ ਕਰਨਾ

ਅੱਤਵਾਦ ਦੇ ਖ਼ਤਰੇ ਦਾ ਸਾਮ੍ਹਣਾ ਕਰਨਾ

ਅੱਤਵਾਦ ਦੇ ਖ਼ਤਰੇ ਦਾ ਸਾਮ੍ਹਣਾ ਕਰਨਾ

ਇਵੇਂ ਲੱਗਦਾ ਸੀ ਕਿ ਉੱਨੀ ਸੌ ਅੱਸੀ ਦੇ ਦਹਾਕੇ ਦੇ ਆਖ਼ਰੀ ਸਾਲਾਂ ਦੌਰਾਨ ਅੱਤਵਾਦ ਘੱਟ ਗਿਆ ਸੀ। ਪਰ ਹੁਣ ਅੱਤਵਾਦੀਆਂ ਦੀ ਇਕ ਨਵੀਂ ਕਿਸਮ ਉੱਭਰ ਕੇ ਸਾਮ੍ਹਣੇ ਆਈ ਹੈ। ਅੱਜ ਮੁੱਖ ਤੌਰ ਤੇ ਉਨ੍ਹਾਂ ਅੱਤਵਾਦੀਆਂ ਤੋਂ ਖ਼ਤਰਾ ਹੈ ਜਿਨ੍ਹਾਂ ਨੂੰ ਪੈਸਿਆਂ ਦੀ ਕੋਈ ਕਮੀ ਨਹੀਂ ਹੈ। ਉਹ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ, ਆਪਣੇ ਖ਼ੁਦ ਦੇ ਕਾਰੋਬਾਰ, ਜਾਇਦਾਦ, ਸਥਾਨਕ ਸੋਮਿਆਂ ਅਤੇ ਖ਼ੈਰਾਤੀ ਸੰਸਥਾਵਾਂ ਦੁਆਰਾ ਖ਼ੁਦ ਪੈਸੇ ਦਾ ਪ੍ਰਬੰਧ ਕਰਦੇ ਹਨ। ਤੇ ਉਹ ਪਹਿਲਾਂ ਵਾਂਗ ਹੀ ਖ਼ੂੰਖਾਰ ਹਨ।

ਹਾਲ ਹੀ ਦੇ ਸਾਲਾਂ ਵਿਚ ਬੇਮਤਲਬ ਅੱਤਵਾਦੀ ਕਾਰਵਾਈਆਂ ਵਿਚ ਵਾਧਾ ਹੋਇਆ ਹੈ। ਨਿਊਯਾਰਕ ਸਿਟੀ ਵਿਚ ਸਥਿਤ ਵਰਲਡ ਟ੍ਰੇਡ ਸੈਂਟਰ ਨੂੰ ਬੰਬ ਨਾਲ ਉਡਾ ਦਿੱਤਾ ਗਿਆ ਸੀ ਜਿਸ ਵਿਚ 6 ਲੋਕ ਮਾਰੇ ਗਏ ਅਤੇ ਤਕਰੀਬਨ 1,000 ਲੋਕ ਜ਼ਖ਼ਮੀ ਹੋਏ ਸਨ। ਇਕ ਧਾਰਮਿਕ ਗਰੁੱਪ ਦੇ ਮੈਂਬਰਾਂ ਨੇ ਟੋਕੀਓ ਦੀਆਂ ਜ਼ਮੀਨਦੋਜ਼ ਗੱਡੀਆਂ ਵਿਚ ਸੈਰੀਨ ਨਾਮਕ ਨਰਵ ਗੈਸ ਛੱਡੀ ਜਿਸ ਕਰਕੇ 12 ਲੋਕ ਮਾਰੇ ਗਏ ਅਤੇ 5,000 ਤੋਂ ਜ਼ਿਆਦਾ ਬੀਮਾਰ ਹੋਏ। ਇਕ ਅੱਤਵਾਦੀ ਨੇ ਓਕਲਾਹੋਮਾ ਸਿਟੀ ਵਿਚ ਇਕ ਸਰਕਾਰੀ ਇਮਾਰਤ ਨੂੰ ਟਰੱਕ ਵਿਚ ਰੱਖੇ ਬੰਬ ਨਾਲ ਢਹਿਢੇਰੀ ਕਰ ਦਿੱਤਾ। ਇਸ ਵਿਸਫੋਟ ਵਿਚ 168 ਲੋਕ ਮਰੇ ਅਤੇ ਸੈਂਕੜੇ ਲੋਕ ਜ਼ਖ਼ਮੀ ਹੋਏ। ਜਿਵੇਂ ਕਿ ਸਫ਼ੇ 4 ਤੇ 5 ਉੱਤੇ ਦਿੱਤੇ ਚਾਰਟ ਵਿਚ ਦਿਖਾਇਆ ਗਿਆ ਹੈ, ਅੱਤਵਾਦੀ ਅਜੇ ਵੀ ਵੱਖਰੀਆਂ-ਵੱਖਰੀਆਂ ਵਾਰਦਾਤਾਂ ਕਰ ਰਹੇ ਹਨ।

ਅੱਜ ਅੱਤਵਾਦੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਖ਼ੂੰਖਾਰ ਹੋ ਗਏ ਹਨ। ਸਾਲ 1995 ਵਿਚ ਓਕਲਾਹੋਮਾ ਸਿਟੀ ਵਿਚ ਸਰਕਾਰੀ ਇਮਾਰਤ ਵਿਚ ਹੋਏ ਬੰਬ ਧਮਾਕੇ ਦੇ ਦੋਸ਼ੀ ਨੇ ਕਿਹਾ ਕਿ ਉਹ ਲੋਕਾਂ ਦਾ ਧਿਆਨ ਆਪਣੇ ਵੱਲ ਧਿਆਨ ਖਿੱਚਣ ਲਈ “ਲਾਸ਼ਾਂ ਦੇ ਢੇਰ” ਲਾ ਦੇਣਾ ਚਾਹੁੰਦਾ ਸੀ। ਸਾਲ 1993 ਵਿਚ ਨਿਊਯਾਰਕ ਸਿਟੀ ਵਿਚ ਵਰਲਡ ਟ੍ਰੇਡ ਸੈਂਟਰ ਵਿਚ ਹੋਏ ਧਮਾਕੇ ਲਈ ਜ਼ਿੰਮੇਵਾਰ ਗਰੋਹ ਦਾ ਲੀਡਰ ਦੋਵਾਂ ਇਮਾਰਤਾਂ ਨੂੰ ਇਕ-ਦੂਜੀ ਉੱਤੇ ਡੇਗ ਦੇਣਾ ਚਾਹੁੰਦਾ ਸੀ ਤਾਂਕਿ ਉਨ੍ਹਾਂ ਇਮਾਰਤਾਂ ਵਿਚ ਮੌਜੂਦ ਸਾਰੇ ਲੋਕ ਮਾਰੇ ਜਾਣ।

ਇਸ ਤੋਂ ਇਲਾਵਾ, ਨਵੇਂ ਤੋਂ ਨਵੇਂ ਹਥਿਆਰ ਅੱਤਵਾਦੀਆਂ ਨੂੰ ਉਪਲਬਧ ਹਨ। ਅੱਤਵਾਦ ਦੇ ਇਕ ਮਾਹਰ ਲੂਅਸ ਆਰ. ਮੀਜ਼ੇਲ ਜੂਨੀਅਰ ਨੇ ਕਿਹਾ: “ਅਸੀਂ ਤਬਾਹਕੁੰਨ ਨਿਊਕਲੀ, ਰਸਾਇਣਕ, ਅਤੇ ਬਾਇਓਲਾਜੀਕਲ ਹਥਿਆਰਾਂ ਅਤੇ ਕਹਿਰ ਭਰੇ ਦੌਰ ਵਿਚ ਜੀ ਰਹੇ ਹਾਂ।” ਅੱਤਵਾਦੀ ਦਹਿਸ਼ਤ ਫੈਲਾਉਣ ਲਈ ਜ਼ਿਆਦਾ ਮਾਰੂ ਹਥਿਆਰ ਇਸਤੇਮਾਲ ਕਰ ਰਹੇ ਹਨ ਜੋ ਕਿ ਤਕਨਾਲੋਜੀ ਕਰਕੇ ਮੁਹੱਈਆ ਹਨ।

ਕੰਪਿਊਟਰ ਅੰਕੜਿਆਂ ਨਾਲ ਹਮਲਾ

ਜਿਸ ਅੱਤਵਾਦ ਨੂੰ ਸਾਇਬਰ-ਅੱਤਵਾਦ ਕਿਹਾ ਜਾਂਦਾ ਹੈ, ਉਸ ਵਿਚ ਆਧੁਨਿਕ ਤਕਨਾਲੋਜੀ ਵਰਤੀ ਜਾਂਦੀ ਹੈ ਜਿਵੇਂ ਕਿ ਕੰਪਿਊਟਰ। ਇਕ ਹਥਿਆਰ ਹੈ ਕੰਪਿਊਟਰ ਵਾਇਰਸ। ਇਹ ਕੰਪਿਊਟਰ ਵਿਚ ਪਾਈ ਜਾਣਕਾਰੀ ਨੂੰ ਨਸ਼ਟ ਕਰ ਦਿੰਦਾ ਹੈ ਜਾਂ ਇਸ ਦੇ ਪ੍ਰੋਗ੍ਰਾਮਾਂ ਨੂੰ ਨਕਾਰਾ ਕਰ ਦਿੰਦਾ ਹੈ। ਇਸ ਤੋਂ ਇਲਾਵਾ “ਲੌਜਿਕ ਬੰਬ” ਵੀ ਵਰਤੇ ਜਾਂਦੇ ਹਨ। ਇਹ ਪ੍ਰੋਗ੍ਰਾਮ ਕੰਪਿਊਟਰਾਂ ਤੋਂ ਅਜਿਹਾ ਕੰਮ ਕਰਵਾਉਂਦੇ ਹਨ ਜਿਨ੍ਹਾਂ ਨੂੰ ਕੰਪਿਊਟਰ ਨਹੀਂ ਕਰ ਸਕਦਾ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਕੰਪਿਊਟਰ ਦੀ ਕਾਰਜ ਪ੍ਰਣਾਲੀ ਵਿਚ ਖ਼ਰਾਬੀ ਆ ਜਾਂਦੀ ਹੈ। ਜਿੱਦਾਂ-ਜਿੱਦਾਂ ਦੇਸ਼ਾਂ ਦੀ ਆਰਥਿਕਤਾ ਅਤੇ ਸੁਰੱਖਿਆ ਜ਼ਿਆਦਾ ਤੋਂ ਜ਼ਿਆਦਾ ਕੰਪਿਊਟਰ ਨੈੱਟਵਰਕ ਉੱਤੇ ਨਿਰਭਰ ਹੁੰਦੀ ਜਾ ਰਹੀ ਹੈ, ਬਹੁਤ ਸਾਰੇ ਲੋਕ ਮਹਿਸੂਸ ਕਰਦੇ ਹਨ ਕਿ ਅੱਤਵਾਦੀਆਂ ਲਈ ਲੋਕਾਂ ਉੱਤੇ ਅਜਿਹੇ ਹਮਲੇ ਕਰਨੇ ਜ਼ਿਆਦਾ ਆਸਾਨ ਹੋ ਗਏ ਹਨ। ਅਤੇ ਜਦ ਕਿ ਜ਼ਿਆਦਾਤਰ ਦੇਸ਼ਾਂ ਦੀਆਂ ਫ਼ੌਜਾਂ ਕੋਲ ਨਿਊਕਲੀ ਲੜਾਈ ਦੌਰਾਨ ਵੀ ਆਪਣੇ ਸੰਚਾਰ-ਮਾਧਿਅਮਾਂ ਨੂੰ ਚਾਲੂ ਰੱਖਣ ਦੀ ਵਿਵਸਥਾ ਹੈ, ਪਰ ਆਮ ਲੋਕਾਂ ਲਈ ਮੁਹੱਈਆ ਸੇਵਾਵਾਂ ਜਿਵੇਂ ਕਿ ਬਿਜਲੀ, ਆਵਾਜਾਈ ਅਤੇ ਸ਼ੇਅਰ ਬਾਜ਼ਾਰ ਵਿਚ ਅੱਤਵਾਦੀ ਆਸਾਨੀ ਨਾਲ ਉੱਥਲ-ਪੁੱਥਲ ਮਚਾ ਸਕਦੇ ਹਨ।

ਕੁਝ ਸਮਾਂ ਪਹਿਲਾਂ, ਜੇ ਕੋਈ ਅੱਤਵਾਦੀ ਸ਼ਹਿਰ ਵਿਚ ਬੱਤੀ ਗੁੱਲ ਕਰਨੀ ਚਾਹੁੰਦਾ ਸੀ, ਮੰਨ ਲਓ ਬਰਲਿਨ ਵਿਚ, ਤਾਂ ਉਸ ਨੂੰ ਬਿਜਲੀ ਵਿਵਸਥਾ ਵਿਚ ਗੜਬੜੀ ਪੈਦਾ ਕਰਨ ਲਈ ਸ਼ਾਇਦ ਬਿਜਲੀ ਘਰ ਵਿਚ ਨੌਕਰੀ ਕਰਨੀ ਪੈਂਦੀ। ਪਰ ਹੁਣ ਕੁਝ ਲੋਕ ਕਹਿੰਦੇ ਹਨ ਕਿ ਜੇ ਕੋਈ ਮਾਹਰ ਕੰਪਿਊਟਰ ਅੱਤਵਾਦੀ ਬਰਲਿਨ ਸ਼ਹਿਰ ਦੀ ਬੱਤੀ ਗੁੱਲ ਕਰਨੀ ਚਾਹੁੰਦਾ ਹੈ, ਤਾਂ ਉਹ ਦੁਨੀਆਂ ਦੇ ਦੂਜੇ ਪਾਸੇ ਪੈਂਦੇ ਕਿਸੇ ਪਿੰਡ ਵਿਚ ਆਪਣੇ ਘਰ ਵਿੱਚੋਂ ਹੀ ਆਰਾਮ ਨਾਲ ਇਸ ਤਰ੍ਹਾਂ ਕਰ ਸਕਦਾ ਹੈ।

ਕੁਝ ਸਮਾਂ ਪਹਿਲਾਂ ਸਵੀਡਨ ਦਾ ਇਕ ਕੰਪਿਊਟਰ ਅੱਤਵਾਦੀ ਫਲੋਰਿਡਾ ਦੀ ਕੰਪਿਊਟਰ ਪ੍ਰਣਾਲੀ ਵਿਚ ਦਾਖ਼ਲ ਹੋ ਗਿਆ ਤੇ ਐਮਰਜੈਂਸੀ ਸੇਵਾ ਵਿਵਸਥਾ ਨੂੰ ਇਕ ਘੰਟੇ ਲਈ ਨਕਾਰਾ ਕਰ ਦਿੱਤਾ ਜਿਸ ਕਰਕੇ ਪੁਲਸ, ਅੱਗ-ਬੁਝਾਊ ਵਿਭਾਗ ਤੇ ਐਂਬੂਲੈਂਸ ਸੇਵਾਵਾਂ ਵਿਚ ਵਿਘਨ ਪਿਆ।

“ਥੋੜ੍ਹੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਅਸੀਂ ਇਕ ਵਿਸ਼ਵ-ਵਿਆਪੀ ਪਿੰਡ (Global Village) ਦਾ ਨਿਰਮਾਣ ਤਾਂ ਕੀਤਾ ਹੈ, ਪਰ ਇਸ ਦੀ ਸੁਰੱਖਿਆ ਲਈ ਪੁਲਸ ਦਾ ਪ੍ਰਬੰਧ ਨਹੀਂ ਕੀਤਾ,” ਫਰੈਂਕ ਜੇ. ਚੀਲੁਫੋ ਨੇ ਕਿਹਾ ਜੋ ਇਨਫਾਰਮੇਸ਼ਨ ਵਾਰਫੇਅਰ ਟਾਸਕ ਫੋਰਸ ਆਫ ਦ ਸੈਂਟਰ ਫਾਰ ਸਟ੍ਰਾਟਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ (CSIS) ਦਾ ਡਾਇਰੈਕਟਰ ਹੈ। ਅਤੇ CSIS ਦੇ ਸੀਨੀਅਰ ਸਲਾਹਕਾਰ, ਰਾਬਰਟ ਕੁਪਰਮਨ ਨੇ 1997 ਵਿਚ ਕਿਹਾ ਸੀ ਕਿ ਜੇ ਅੱਤਵਾਦੀ ਆਪਣੀਆਂ ਕਾਰਵਾਈਆਂ ਕਰਨ ਲਈ ਉੱਚ-ਤਕਨੀਕੀ ਤਰੀਕੇ ਅਪਣਾਉਂਦੇ ਹਨ, ਤਾਂ “ਕੋਈ ਵੀ ਸਰਕਾਰੀ ਏਜੰਸੀ ਇਸ ਵੇਲੇ ਇਨ੍ਹਾਂ ਨਾਲ ਹੋਣ ਵਾਲੀ ਤਬਾਹੀ ਦਾ ਸਾਮ੍ਹਣਾ ਕਰਨ ਦੇ ਯੋਗ ਨਹੀਂ ਹੈ।”

ਕੁਝ ਵਿਸ਼ਲੇਸ਼ਕ ਵਿਸ਼ਵਾਸ ਕਰਦੇ ਹਨ ਕਿ ਕੰਪਿਊਟਰ ਅੱਤਵਾਦੀਆਂ ਕੋਲ ਅਜਿਹੇ ਤਕਨੀਕੀ ਔਜ਼ਾਰ ਹਨ ਜਿਨ੍ਹਾਂ ਦੀ ਮਦਦ ਨਾਲ ਉਹ ਸੁਰੱਖਿਆ ਬਲਾਂ ਦੁਆਰਾ ਕੰਪਿਊਟਰਾਂ ਨੂੰ ਸੁਰੱਖਿਅਤ ਰੱਖਣ ਲਈ ਲਗਾਏ ਗਏ ਕਿਸੇ ਵੀ ਪ੍ਰੋਗ੍ਰਾਮ ਨੂੰ ਬੜੀ ਆਸਾਨੀ ਨਾਲ ਨਕਾਰਾ ਕਰ ਸਕਦੇ ਹਨ। ਯੂ. ਐੱਸ. ਸੈਂਟਰਲ ਇੰਟੈਲੀਜੈਂਸ ਏਜੰਸੀ ਦੇ ਡਾਇਰੈਕਟਰ, ਜਾਰਜ ਟੈੱਨਟ ਨੇ ਕਿਹਾ ਕਿ “ਜਿਸ ਦੁਸ਼ਮਣ ਕੋਲ ਸਹੀ ਵਾਇਰਸ ਭੇਜਣ ਜਾਂ ਸਹੀ ਕੰਪਿਊਟਰ ਪ੍ਰਣਾਲੀ ਵਿਚ ਦਾਖ਼ਲ ਹੋਣ ਦੀ ਯੋਗਤਾ ਹੈ, ਉਹ ਇਸ ਦੁਆਰਾ ਭਾਰੀ ਨੁਕਸਾਨ ਪਹੁੰਚਾ ਸਕਦਾ ਹੈ।”

ਰਸਾਇਣਾਂ ਅਤੇ ਕੀਟਾਣੂਆਂ ਨਾਲ ਦਹਿਸ਼ਤ ਫੈਲਾਉਣਾ

ਰਸਾਇਣਕ ਅਤੇ ਬਾਇਓਲਾਜੀਕਲ ਹਥਿਆਰਾਂ ਦਾ ਖੌਫ਼ ਵੀ ਹਮੇਸ਼ਾ ਬਣਿਆ ਰਹਿੰਦਾ ਹੈ। ਸਾਲ 1995 ਦੇ ਸ਼ੁਰੂ ਵਿਚ ਪੂਰੀ ਦੁਨੀਆਂ ਉਸ ਵੇਲੇ ਇਹ ਖ਼ਬਰ ਸੁਣ ਕੇ ਕੰਬ ਉੱਠੀ ਸੀ ਕਿ ਅੱਤਵਾਦੀਆਂ ਨੇ ਟੋਕੀਓ ਦੀਆਂ ਜ਼ਮੀਨਦੋਜ਼ ਗੱਡੀਆਂ ਵਿਚ ਜ਼ਹਿਰੀਲੀ ਗੈਸ ਨਾਲ ਹਮਲਾ ਕੀਤਾ। ਇਸ ਵਾਰਦਾਤ ਲਈ ਇਕ ਧਾਰਮਿਕ ਫਿਰਕੇ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਜੋ ਦੁਨੀਆਂ ਦੇ ਸਰਬ ਵਿਨਾਸ਼ ਵਿਚ ਵਿਸ਼ਵਾਸ ਰੱਖਦਾ ਹੈ।

“ਅੱਤਵਾਦ ਹੁਣ ਬਦਲ ਚੁੱਕਾ ਹੈ,” ਦ ਇੰਸਟੀਚਿਊਟ ਫਾਰ ਡੀਫੈਂਸ ਅਨੇਲਸਿਸ ਵਿਚ ਕੰਮ ਕਰਨ ਵਾਲਾ ਬਰੈਡ ਰਾਬਰਟ ਕਹਿੰਦਾ ਹੈ। “ਪਹਿਲਾਂ ਦੇ ਅੱਤਵਾਦੀ ਆਪਣੀਆਂ ਰਾਜਨੀਤਿਕ ਮੰਗਾਂ ਮੰਨਵਾਉਣੀਆਂ ਚਾਹੁੰਦੇ ਸਨ। ਪਰ ਹੁਣ, ਕੁਝ ਅੱਤਵਾਦੀ ਗਰੋਹ ਕਹਿੰਦੇ ਹਨ ਕਿ ਉਨ੍ਹਾਂ ਦਾ ਨਿਸ਼ਾਨਾ ਵੱਧ ਤੋਂ ਵੱਧ ਲੋਕਾਂ ਦੀ ਜਾਨ ਲੈਣੀ ਹੈ। ਇਸ ਨਿਸ਼ਾਨੇ ਤੇ ਪਹੁੰਚਣ ਲਈ ਬਾਇਓਲਾਜੀਕਲ ਹਥਿਆਰ ਬਿਲਕੁਲ ਸਹੀ ਹਥਿਆਰ ਸਾਬਤ ਹੋਣਗੇ।” ਕੀ ਇਨ੍ਹਾਂ ਹਥਿਆਰਾਂ ਨੂੰ ਪ੍ਰਾਪਤ ਕਰਨਾ ਮੁਸ਼ਕਲ ਹੈ? ਸਾਇੰਟੀਫ਼ਿਕ ਅਮੈਰੀਕਨ ਰਸਾਲਾ ਦੱਸਦਾ ਹੈ: “ਇਕ ਵਿਅਕਤੀ ਆਪਣੇ ਆਪ ਨੂੰ ਖ਼ਤਰੇ ਵਿਚ ਪਾਏ ਬਗੈਰ ਹੀ ਖ਼ਰਬਾਂ ਕੀਟਾਣੂ ਤਿਆਰ ਕਰ ਸਕਦਾ ਹੈ ਤੇ ਇਸ ਤਰ੍ਹਾਂ ਕਰਨ ਲਈ ਵੱਡੀਆਂ-ਵੱਡੀਆਂ ਮਸ਼ੀਨਾਂ ਦੀ ਵੀ ਲੋੜ ਨਹੀਂ ਹੈ। ਇਸ ਦੇ ਲਈ ਸਿਰਫ਼ ਇਕ ਬੀਅਰ ਫਰਮੈਂਟਰ ਮਸ਼ੀਨ ਅਤੇ ਪ੍ਰੋਟੀਨ ਨਾਲ ਭਰਪੂਰ ਜੀਵਾਣੂ, ਇਕ ਗੈਸ ਮਾਸਕ ਅਤੇ ਪਲਾਸਟਿਕ ਨਾਲ ਬਣੇ ਬਾਹਰੀ ਕੱਪੜਿਆਂ ਦੀ ਲੋੜ ਹੈ।” ਜਦੋਂ ਕੀਟਾਣੂ ਬਣ ਜਾਂਦੇ ਹਨ, ਤਾਂ ਇਨ੍ਹਾਂ ਨੂੰ ਫੈਲਾਉਣਾ ਵੀ ਆਸਾਨ ਹੁੰਦਾ ਹੈ। ਇਨ੍ਹਾਂ ਕੀਟਾਣੂਆਂ ਦੇ ਸ਼ਿਕਾਰ ਹੋਣ ਵਾਲੇ ਲੋਕਾਂ ਨੂੰ ਇਕ-ਦੋ ਦਿਨਾਂ ਤਕ ਪਤਾ ਵੀ ਨਹੀਂ ਚੱਲਦਾ ਕਿ ਉਨ੍ਹਾਂ ਉੱਤੇ ਇਹ ਹਥਿਆਰ ਇਸਤੇਮਾਲ ਕੀਤਾ ਗਿਆ ਹੈ। ਅਤੇ ਜਦੋਂ ਇਸ ਬਾਰੇ ਪਤਾ ਚੱਲਦਾ ਹੈ, ਉਦੋਂ ਤਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ।

ਕਿਹਾ ਜਾਂਦਾ ਹੈ ਕਿ ਬਾਇਓਲਾਜੀਕਲ ਹਥਿਆਰਾਂ ਵਿਚ ਐਨਥਰੈਕਸ ਨੂੰ ਪਹਿਲ ਦਿੱਤੀ ਜਾਂਦੀ ਹੈ। ਐਨਥਰੈਕਸ ਬੀਮਾਰੀ ਦਾ ਨਾਂ ਕੋਲੇ ਲਈ ਯੂਨਾਨੀ ਸ਼ਬਦ ਤੋਂ ਲਿਆ ਗਿਆ ਹੈ। ਇਸ ਬੀਮਾਰੀ ਨਾਲ ਪੀੜਿਤ ਪਸ਼ੂਆਂ ਤੋਂ ਲਾਗ ਲੱਗਣ ਨਾਲ ਲੋਕਾਂ ਦੇ ਫੋੜੇ ਹੋ ਜਾਂਦੇ ਹਨ ਤੇ ਬਾਅਦ ਵਿਚ ਇਨ੍ਹਾਂ ਫੋੜਿਆਂ ਉੱਤੇ ਕਾਲੇ ਰੰਗ ਦਾ ਖਰੀਂਢ ਆ ਜਾਂਦਾ ਹੈ। ਸੁਰੱਖਿਆ ਯੋਜਨਾਵਾਂ ਬਣਾਉਣ ਵਾਲੇ ਵਿਅਕਤੀ ਸਾਹ ਦੁਆਰਾ ਐਨਥਰੈਕਸ ਕੀਟਾਣੂਆਂ ਨੂੰ ਸਰੀਰ ਅੰਦਰ ਲੈਣ ਨਾਲ ਫੇਫੜਿਆਂ ਉੱਤੇ ਪੈਣ ਵਾਲੇ ਪ੍ਰਭਾਵ ਬਾਰੇ ਜ਼ਿਆਦਾ ਚਿੰਤਿਤ ਹਨ। ਐਨਥਰੈਕਸ ਦੀ ਬੀਮਾਰੀ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਮਨੁੱਖਾਂ ਵਿਚ ਜ਼ਿਆਦਾ ਹੈ।

ਐਨਥਰੈਕਸ ਇੰਨਾ ਅਸਰਦਾਰ ਬਾਇਓਲਾਜੀਕਲ ਹਥਿਆਰ ਕਿਉਂ ਹੈ? ਇਸ ਦੇ ਕੀਟਾਣੂ ਪੈਦਾ ਕਰਨੇ ਬਹੁਤ ਆਸਾਨ ਹਨ ਤੇ ਇਨ੍ਹਾਂ ਨੂੰ ਖ਼ਤਮ ਕਰਨਾ ਬਹੁਤ ਹੀ ਮੁਸ਼ਕਲ ਹੈ। ਇਸ ਦੇ ਅਸਰ ਹੇਠ ਆਏ ਲੋਕਾਂ ਵਿਚ ਕਈ ਦਿਨਾਂ ਬਾਅਦ ਪਹਿਲਾ ਲੱਛਣ ਨਜ਼ਰ ਆਉਂਦਾ ਹੈ। ਇਸ ਨਾਲ ਪਹਿਲਾਂ ਪੀੜਿਤ ਵਿਅਕਤੀ ਫਲੂ ਦੇ ਰੋਗੀਆਂ ਵਾਂਗ ਕਮਜ਼ੋਰ ਅਤੇ ਥੱਕਿਆ-ਥੱਕਿਆ ਮਹਿਸੂਸ ਕਰਦਾ ਹੈ। ਇਸ ਤੋਂ ਬਾਅਦ ਖੰਘ ਅਤੇ ਛਾਤੀ ਵਿਚ ਥੋੜ੍ਹਾ-ਥੋੜ੍ਹਾ ਦਰਦ ਹੁੰਦਾ ਹੈ। ਫਿਰ ਸਾਹ ਲੈਣ ਵਿਚ ਬਹੁਤ ਤਕਲੀਫ਼ ਹੁੰਦੀ ਹੈ, ਰੋਗੀ ਸਦਮੇ ਵਿਚ ਚਲਾ ਜਾਂਦਾ ਹੈ ਤੇ ਕੁਝ ਹੀ ਘੰਟਿਆਂ ਦੇ ਅੰਦਰ-ਅੰਦਰ ਉਸ ਦੀ ਮੌਤ ਹੋ ਜਾਂਦੀ ਹੈ।

ਅੱਤਵਾਦੀਆਂ ਦੇ ਹੱਥਾਂ ਵਿਚ ਨਿਊਕਲੀ ਹਥਿਆਰ?

ਸੋਵੀਅਤ ਸੰਘ ਦੇ ਟੁੱਟ ਜਾਣ ਪਿੱਛੋਂ ਕੁਝ ਲੋਕ ਚਿੰਤਿਤ ਸਨ ਕਿ ਚੋਰੀ ਕੀਤੇ ਗਏ ਨਿਊਕਲੀ ਹਥਿਆਰ ਕਾਲਾ ਧੰਦਾ ਕਰਨ ਵਾਲੇ ਲੋਕਾਂ ਦੇ ਹੱਥਾਂ ਵਿਚ ਤਾਂ ਨਹੀਂ ਚਲੇ ਜਾਣਗੇ। ਪਰ ਬਹੁਤ ਸਾਰੇ ਵਿਦਵਾਨ ਕਹਿੰਦੇ ਹਨ ਕਿ ਇਸ ਤਰ੍ਹਾਂ ਕਦੀ ਨਹੀਂ ਹੋਵੇਗਾ। ਰਾਬਰਟ ਕੁਪਰਮਨ, ਜਿਸ ਦਾ ਪਹਿਲਾਂ ਵੀ ਜ਼ਿਕਰ ਕੀਤਾ ਗਿਆ ਸੀ, ਕਹਿੰਦਾ ਹੈ ਕਿ ਇਸ ਗੱਲ ਦਾ “ਕੋਈ ਸਬੂਤ ਨਹੀਂ ਹੈ ਕਿ ਕਿਸੇ ਅੱਤਵਾਦੀ ਗਿਰੋਹ ਨੇ ਨਿਊਕਲੀ ਹਥਿਆਰ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਹੈ।”

ਪਰ ਨਿਊਕਲੀ ਬੰਬ ਦੇ ਇਕ ਖ਼ਾਮੋਸ਼ ਪਰ ਜਾਨਲੇਵਾ ਭਾਈ, ਰੇਡੀਓ-ਐਕਟਿਵ ਸਾਮੱਗਰੀ ਸਾਡੇ ਲਈ ਜ਼ਿਆਦਾ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਇਸ ਦਾ ਧਮਾਕਾ ਨਹੀਂ ਹੁੰਦਾ। ਇਸ ਦਾ ਵਿਸਫੋਟ ਨਹੀਂ ਹੁੰਦਾ ਤੇ ਨਾ ਹੀ ਇਸ ਵਿੱਚੋਂ ਤਾਪ ਨਿਕਲਦਾ ਹੈ। ਇਸ ਦੀ ਬਜਾਇ ਇਹ ਰੇਡੀਏਸ਼ਨ ਛੱਡਦਾ ਹੈ ਜੋ ਸਰੀਰ ਦੇ ਕੋਸ਼ਾਣੂਆਂ ਨੂੰ ਖ਼ਤਮ ਕਰ ਦਿੰਦੀ ਹੈ। ਹੱਡੀਆਂ ਦੇ ਮਿੱਝ ਦੇ ਕੋਸ਼ਾਣੂਆਂ ਉੱਤੇ ਖ਼ਾਸ ਕਰਕੇ ਇਸ ਦਾ ਜ਼ਿਆਦਾ ਅਸਰ ਹੁੰਦਾ ਹੈ। ਇਨ੍ਹਾਂ ਕੋਸ਼ਾਣੂਆਂ ਦੇ ਮਰ ਜਾਣ ਨਾਲ ਸਰੀਰ ਨੂੰ ਬਹੁਤ ਨੁਕਸਾਨ ਹੁੰਦਾ ਹੈ ਜਿਵੇਂ ਕਿ ਖ਼ੂਨ ਦੀਆਂ ਨਾਲੀਆਂ ਦਾ ਫੱਟਣਾ ਜਾਂ ਬੀਮਾਰੀਆਂ ਨਾਲ ਲੜਨ ਦੀ ਸਰੀਰ ਦੀ ਸਮਰਥਾ ਦਾ ਨਸ਼ਟ ਹੋਣਾ। ਜਦ ਕਿ ਰਸਾਇਣਕ ਹਥਿਆਰ ਆਕਸੀਜਨ ਅਤੇ ਨਮੀ ਦੇ ਸੰਪਰਕ ਵਿਚ ਆ ਕੇ ਨਸ਼ਟ ਹੋ ਜਾਂਦੇ ਹਨ, ਪਰ ਰੇਡੀਓ-ਐਕਟਿਵ ਸਾਮੱਗਰੀ ਕਈ ਸਾਲਾਂ ਤਕ ਮਾਰ ਕਰਦੀ ਰਹਿੰਦੀ ਹੈ।

ਦੱਖਣੀ-ਕੇਂਦਰੀ ਬ੍ਰਾਜ਼ੀਲ ਦੇ ਇਕ ਸ਼ਹਿਰ ਗੋਈਆਨੀਆ ਵਿਚ ਘਟੀ ਇਕ ਦੁਰਘਟਨਾ ਤੋਂ ਪਤਾ ਚੱਲਦਾ ਹੈ ਕਿ ਰੇਡੀਏਸ਼ਨ ਕਿੰਨੀ ਜਾਨਲੇਵਾ ਸਾਬਤ ਹੋ ਸਕਦੀ ਹੈ। ਸਾਲ 1987 ਵਿਚ ਇਕ ਬੇਖ਼ਬਰ ਆਦਮੀ ਨੇ ਡਾਕਟਰੀ ਇਲਾਜ ਵਿਚ ਵਰਤੀ ਜਾਂਦੀ ਇਕ ਮਸ਼ੀਨ ਦੇ ਇਕ ਸਿੱਕੇ ਨਾਲ ਬਣੇ ਡੱਬੇ ਨੂੰ ਖੋਲ੍ਹਿਆ। ਉਸ ਡੱਬੇ ਵਿਚ ਸੀਜ਼ੀਅਮ-137 ਨਾਮਕ ਧਾਤ ਸੀ। ਉਹ ਪੱਥਰ ਦੀ ਨੀਲੀ ਚਮਕ ਦੇਖ ਕੇ ਬਹੁਤ ਖ਼ੁਸ਼ ਹੋਇਆ ਤੇ ਉਸ ਨੇ ਇਹ ਪੱਥਰ ਆਪਣੇ ਦੋਸਤਾਂ ਨੂੰ ਵੀ ਦਿਖਾਇਆ। ਇਕ ਹਫ਼ਤੇ ਦੇ ਅੰਦਰ-ਅੰਦਰ ਹੀ ਪਹਿਲੇ ਰੋਗੀ ਸ਼ਹਿਰ ਦੇ ਹਸਪਤਾਲ ਵਿਚ ਆਉਣੇ ਸ਼ੁਰੂ ਹੋ ਗਏ। ਰੇਡੀਏਸ਼ਨ ਦੇ ਲੱਛਣ ਦੇਖਣ ਲਈ ਹਜ਼ਾਰਾਂ ਲੋਕਾਂ ਦਾ ਡਾਕਟਰੀ ਮੁਆਇਨਾ ਕੀਤਾ ਗਿਆ। ਤਕਰੀਬਨ ਸੌ ਲੋਕ ਬੀਮਾਰ ਪਏ। ਪੰਜਾਹ ਲੋਕਾਂ ਨੂੰ ਹਸਪਤਾਲ ਵਿਚ ਦਾਖ਼ਲ ਹੋਣਾ ਪਿਆ ਅਤੇ ਚਾਰ ਲੋਕਾਂ ਦੀ ਮੌਤ ਹੋ ਗਈ। ਅੱਤਵਾਦ-ਵਿਰੋਧੀ ਮਾਹਰ ਇਹ ਸੋਚ ਕੇ ਹੀ ਕੰਬ ਉੱਠਦੇ ਹਨ ਕਿ ਜੇ ਸੀਜ਼ੀਅਮ ਜਾਣ-ਬੁੱਝ ਕੇ ਫੈਲਾਇਆ ਗਿਆ ਹੁੰਦਾ, ਤਾਂ ਇਸ ਦੇ ਕਿੰਨੇ ਘਾਤਕ ਨਤੀਜੇ ਨਿਕਲਣੇ ਸਨ।

ਭਾਰੀ ਕੀਮਤ

ਅੱਤਵਾਦ ਕਰਕੇ ਹੋਣ ਵਾਲੇ ਮਨੁੱਖੀ ਜਾਨਾਂ ਦੇ ਨੁਕਸਾਨ ਬਾਰੇ ਤਾਂ ਸਾਰਿਆਂ ਨੂੰ ਪਤਾ ਹੀ ਹੈ। ਪਰ ਇਸ ਨਾਲ ਹੋਰ ਵੀ ਬਹੁਤ ਸਾਰੇ ਨੁਕਸਾਨ ਹੁੰਦੇ ਹਨ। ਦੁਨੀਆਂ ਵਿਚ ਗੜਬੜੀ ਵਾਲੇ ਇਲਾਕਿਆਂ ਵਿਚ ਸ਼ਾਂਤੀ ਸਥਾਪਿਤ ਕਰਨ ਦੇ ਜਤਨ ਅੱਤਵਾਦ ਕਰਕੇ ਨਾਕਾਮਯਾਬ ਹੋ ਸਕਦੇ ਹਨ ਜਾਂ ਉਸ ਵਿਚ ਅੜਿੱਕਾ ਪੈ ਸਕਦਾ ਹੈ। ਇਹ ਲੜਾਈਆਂ ਨੂੰ ਭੜਕਾਉਂਦਾ ਹੈ, ਉਨ੍ਹਾਂ ਨੂੰ ਵਧਾਉਂਦਾ ਹੈ ਜਾਂ ਦੁਸ਼ਮਣੀ ਨੂੰ ਖ਼ਤਮ ਨਹੀਂ ਹੋਣ ਦਿੰਦਾ। ਇਸ ਨਾਲ ਇਕ ਹਿੰਸਕ ਵਾਰਦਾਤ ਦੂਜੀ ਹਿੰਸਕ ਵਾਰਦਾਤ ਨੂੰ ਜਨਮ ਦਿੰਦੀ ਹੈ।

ਅੱਤਵਾਦ ਦਾ ਦੇਸ਼ ਦੀ ਆਰਥਿਕਤਾ ਉੱਤੇ ਵੀ ਬਹੁਤ ਅਸਰ ਪੈ ਸਕਦਾ ਹੈ। ਸਰਕਾਰਾਂ ਅੱਤਵਾਦ ਨਾਲ ਲੜਨ ਲਈ ਬਹੁਤ ਸਾਰਾ ਸਮਾਂ ਅਤੇ ਪੈਸਾ ਵਗੈਰਾ ਖ਼ਰਚਣ ਲਈ ਮਜਬੂਰ ਹਨ। ਉਦਾਹਰਣ ਲਈ ਅਮਰੀਕਾ ਵਿਚ ਸਾਲ 2000 ਵਿਚ ਅੱਤਵਾਦ ਨਾਲ ਲੜਨ ਲਈ ਦਸ ਅਰਬ ਡਾਲਰ ਤੋਂ ਜ਼ਿਆਦਾ ਦਾ ਬਜਟ ਰੱਖਿਆ ਗਿਆ ਸੀ।

ਚਾਹੇ ਸਾਨੂੰ ਇਸ ਗੱਲ ਦਾ ਅਹਿਸਾਸ ਹੋਵੇ ਜਾਂ ਨਾ, ਪਰ ਅੱਤਵਾਦ ਦਾ ਸਾਡੇ ਸਾਰਿਆਂ ਉੱਤੇ ਅਸਰ ਪੈਂਦਾ ਹੈ। ਅਸੀਂ ਕਿਵੇਂ ਸਫ਼ਰ ਕਰਦੇ ਹਾਂ ਜਾਂ ਸਫ਼ਰ ਦੌਰਾਨ ਅਸੀਂ ਕੀ-ਕੀ ਫ਼ੈਸਲੇ ਕਰਦੇ ਹਾਂ, ਉਸ ਉੱਤੇ ਇਹ ਅਸਰ ਪਾਉਂਦਾ ਹੈ। ਇਹ ਦੇਸ਼ਾਂ ਨੂੰ ਨੇਤਾਵਾਂ, ਮਹੱਤਵਪੂਰਣ ਇਮਾਰਤਾਂ ਅਤੇ ਨਾਗਰਿਕਾਂ ਦੀ ਰੱਖਿਆ ਕਰਨ ਲਈ ਟੈਕਸ ਵਿੱਚੋਂ ਢੇਰਾਂ ਦੇ ਢੇਰ ਪੈਸੇ ਖ਼ਰਚਣ ਲਈ ਮਜਬੂਰ ਕਰਦਾ ਹੈ।

ਇਸ ਲਈ ਇਹ ਸਵਾਲ ਖੜ੍ਹਾ ਹੁੰਦਾ ਹੈ, ਕੀ ਅੱਤਵਾਦ ਦੀ ਇਸ ਮਹਾਮਾਰੀ ਦਾ ਕੋਈ ਪੱਕਾ ਇਲਾਜ ਹੈ? ਅਗਲੇ ਲੇਖ ਵਿਚ ਇਸ ਬਾਰੇ ਗੱਲ ਕੀਤੀ ਜਾਵੇਗੀ।

[ਸਫ਼ਾ 7 ਉੱਤੇ ਡੱਬੀ/​ਤਸਵੀਰ]

ਵਾਤਾਵਰਣ ਦੀ ਰੱਖਿਆ ਦੇ ਨਾਂ ਤੇ ਅੱਤਵਾਦ

ਔਰੀਗੋਨੀਅਨ ਅਖ਼ਬਾਰ ਅਨੁਸਾਰ, “ਵਾਤਾਵਰਣ ਅਤੇ ਇਸ ਦੇ ਪ੍ਰਾਣੀਆਂ ਦੀ ਰੱਖਿਆ ਕਰਨ ਦੇ ਨਾਂ ਤੇ ਸਾੜ-ਫੂਕ ਕਰਨ, ਬੰਬ ਧਮਾਕੇ ਕਰਨ, ਅਤੇ ਤੋੜ-ਫੋੜ ਕਰਨ” ਦੇ ਇਕ ਨਵੇਂ ਅੱਤਵਾਦ ਨੇ ਜਨਮ ਲਿਆ ਹੈ। ਇਨ੍ਹਾਂ ਹਿੰਸਕ ਕਾਰਵਾਈਆਂ ਨੂੰ ਪਰਿਆਵਰਣ ਅੱਤਵਾਦ ਦਾ ਨਾਂ ਦਿੱਤਾ ਗਿਆ ਹੈ। ਸਾਲ 1980 ਤੋਂ ਹੁਣ ਤਕ ਅਮਰੀਕਾ ਦੇ ਪੱਛਮੀ ਹਿੱਸੇ ਵਿਚ ਤਕਰੀਬਨ ਸੌ ਅਜਿਹੀਆਂ ਵਾਰਦਾਤਾਂ ਹੋਈਆਂ ਹਨ ਜਿਨ੍ਹਾਂ ਕਾਰਨ ਕੁੱਲ ਚਾਰ ਕਰੋੜ ਅਠਾਈ ਲੱਖ ਅਮਰੀਕੀ ਡਾਲਰਾਂ ਦਾ ਨੁਕਸਾਨ ਹੋਇਆ ਹੈ। ਇਹ ਵਾਰਦਾਤਾਂ ਦਰੱਖਤ ਕੱਟਣ, ਜੰਗਲੀ ਇਲਾਕਿਆਂ ਨੂੰ ਦਿਲਪਰਚਾਵੇ ਦੇ ਤੌਰ ਤੇ ਵਰਤਣ, ਜਾਂ ਖੱਲ, ਭੋਜਨ ਜਾਂ ਖੋਜ ਕਰਨ ਲਈ ਜਾਨਵਰਾਂ ਨੂੰ ਵਰਤਣ ਤੋਂ ਰੋਕਣ ਲਈ ਕੀਤੀਆਂ ਜਾਂਦੀਆਂ ਹਨ।

ਇਨ੍ਹਾਂ ਵਾਰਦਾਤਾਂ ਨੂੰ ਅੱਤਵਾਦੀ ਵਾਰਦਾਤਾਂ ਕਿਹਾ ਜਾਂਦਾ ਹੈ ਕਿਉਂਕਿ ਇਨ੍ਹਾਂ ਵਿਚ ਲੋਕਾਂ ਜਾਂ ਸੰਸਥਾਵਾਂ ਦੇ ਰਵੱਈਏ ਨੂੰ ਬਦਲਣ ਜਾਂ ਜਨਤਕ ਪਾਲਸੀਆਂ ਨੂੰ ਬਦਲਣ ਲਈ ਹਿੰਸਾ ਦਾ ਇਸਤੇਮਾਲ ਕੀਤਾ ਜਾਂਦਾ ਹੈ। ਪਰਿਆਵਰਣ ਅੱਤਵਾਦੀਆਂ ਨੂੰ ਫੜਨਾ ਬੜਾ ਮੁਸ਼ਕਲ ਹੁੰਦਾ ਹੈ ਕਿਉਂਕਿ ਉਹ ਅਜਿਹੀਆਂ ਥਾਵਾਂ ਤੇ ਹਮਲੇ ਕਰਦੇ ਹਨ ਜਿਨ੍ਹਾਂ ਬਾਰੇ ਕੋਈ ਸੋਚ ਵੀ ਨਹੀਂ ਸਕਦਾ। ਉਹ ਅਕਸਰ ਰਾਤ ਨੂੰ ਹਮਲਾ ਕਰ ਕੇ ਬਹੁਤ ਤਬਾਹੀ ਮਚਾਉਂਦੇ ਹਨ ਤੇ ਆਪਣੇ ਪਿੱਛੇ ਕੋਈ ਸਬੂਤ ਨਹੀਂ ਛੱਡਦੇ। ਕੁਝ ਸਮਾਂ ਪਹਿਲਾਂ ਵਾਤਾਵਰਣ ਦੀ ਰੱਖਿਆ ਦੇ ਨਾਂ ਤੇ ਕੀਤੇ ਜਾਂਦੇ ਅਪਰਾਧਾਂ ਦਾ ਸਿਰਫ਼ ਸਥਾਨਕ ਲੋਕਾਂ ਉੱਤੇ ਅਸਰ ਪੈਂਦਾ ਸੀ ਅਤੇ ਲੋਕਾਂ ਨੇ ਉਨ੍ਹਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ। ਪਰ ਹਾਲ ਹੀ ਦੇ ਸਾਲਾਂ ਵਿਚ ਉਨ੍ਹਾਂ ਨੇ ਆਪਣੀਆਂ ਹਿੰਸਕ ਕਾਰਵਾਈਆਂ ਤੇਜ਼ ਕਰ ਦਿੱਤੀਆਂ ਹਨ। “ਕੁਝ ਤਬਦੀਲੀਆਂ ਲਿਆਉਣ ਦੇ ਆਪਣੇ ਉਦੇਸ਼ ਵੱਲ ਲੋਕਾਂ ਦਾ ਧਿਆਨ ਖਿੱਚਣਾ ਹੀ ਇਨ੍ਹਾਂ ਲੋਕਾਂ ਦਾ ਮੁੱਖ ਮਕਸਦ ਹੁੰਦਾ ਹੈ,” ਸਪੈਸ਼ਲ ਏਜੰਟ ਜੇਮਜ਼ ਐੱਨ. ਦਮੀਤੀਓ ਨੇ ਕਿਹਾ ਜੋ ਯੂ. ਐੱਸ. ਫਾਰੈੱਸਟ ਸਰਵਿਸ ਦਾ ਇਕ ਸਾਬਕਾ ਤਫਤੀਸ਼ਕਾਰ ਹੈ। “ਅਤੇ ਜੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ, ਤਾਂ ਉਹ ਹੋਰ ਵੱਡੀ ਹਿੰਸਕ ਕਾਰਵਾੲ ਕਰਦੇ ਹਨ।”

[ਸਫ਼ਾ 10 ਉੱਤੇ ਡੱਬੀ/​ਤਸਵੀਰ]

ਅੱਤਵਾਦ ਅਤੇ ਸੰਚਾਰ ਮਾਧਿਅਮ

“ਅੱਤਵਾਦੀਆਂ ਦਾ ਇਹੀ ਟੀਚਾ ਹੁੰਦਾ ਹੈ ਕਿ ਉਨ੍ਹਾਂ ਦੀਆਂ ਵਾਰਦਾਤਾਂ ਦੀ ਖ਼ਬਰ ਹਰ ਜਗ੍ਹਾ ਫੈਲੇ। ਸੰਚਾਰ ਮਾਧਿਅਮ ਇਕ ਅਜਿਹਾ ਹਥਿਆਰ ਹੈ ਜਿਸ ਰਾਹੀਂ ਉਹ ਆਪਣੀਆਂ ਰਾਜਨੀਤਿਕ ਮੰਗਾਂ ਮੰਨਵਾਉਣ ਜਾਂ ਸਿਰਫ਼ ਖਲਬਲੀ ਮਚਾਉਣ ਲਈ ਨਿਰਦੋਸ਼ ਲੋਕਾਂ ਵਿਚ ਦਹਿਸ਼ਤ ਫੈਲਾਉਂਦੇ ਹਨ,” ਇਕ ਪੱਤਰਕਾਰ ਟੈਰੀ ਐਂਡਰਸਨ ਨੇ ਕਿਹਾ ਜਿਸ ਨੂੰ ਲੇਬਨਾਨ ਵਿਚ ਅੱਤਵਾਦੀਆਂ ਨੇ ਲਗਭਗ ਸੱਤ ਸਾਲ ਤਕ ਕੈਦੀ ਬਣਾ ਕੇ ਰੱਖਿਆ ਸੀ। “ਕਿਸੇ ਰਾਜਨੀਤਿਕ ਨੇਤਾ ਦੇ ਅਗਵਾ ਹੋਣ, ਕਤਲ ਹੋਣ ਜਾਂ ਜ਼ਬਰਦਸਤ ਬੰਬ ਧਮਾਕੇ ਦੀ ਖ਼ਬਰ ਛਪਣੀ ਅੱਤਵਾਦੀਆਂ ਲਈ ਪਹਿਲੀ ਜਿੱਤ ਹੁੰਦੀ ਹੈ। ਜੇ ਦੁਨੀਆਂ ਦਾ ਇਨ੍ਹਾਂ ਵੱਲ ਧਿਆਨ ਨਹੀਂ ਜਾਂਦਾ, ਤਾਂ ਇਸ ਤਰ੍ਹਾਂ ਦੇ ਨਿਰਦਈ ਕੰਮਾਂ ਦਾ ਉਨ੍ਹਾਂ ਨੂੰ ਕੋਈ ਫ਼ਾਇਦਾ ਨਹੀਂ ਹੁੰਦਾ।”

[ਸਫ਼ੇ 8, 9 ਉੱਤੇ ਤਸਵੀਰਾਂ]

1. ਇਜ਼ਰਾਈਲ ਦੇ ਸ਼ਹਿਰ ਜਰੂਸ਼ਲਮ ਵਿਚ ਇਕ ਆਤਮਘਾਤੀ ਮਨੁੱਖੀ ਬੰਬ ਵਿਸਫੋਟ

2. ਨਸਲੀ ਅੱਤਵਾਦੀਆਂ ਨੇ ਕੋਲੰਬੋ, ਸ੍ਰੀ ਲੰਕਾ ਵਿਚ ਇਕ ਬੈਂਕ ਨੂੰ ਬੰਬ ਨਾਲ ਉਡਾ ਦਿੱਤਾ

3. ਨੈਰੋਬੀ, ਕੀਨੀਆ ਵਿਚ ਇਕ ਕਾਰ ਵਿਚ ਬੰਬ ਫਟਿਆ

4. ਮਾਸਕੋ, ਰੂਸ ਵਿਚ ਬੰਬ ਧਮਾਕੇ ਦੇ ਸ਼ਿਕਾਰ ਲੋਕਾਂ ਦਾ ਪਰਿਵਾਰ

[ਕ੍ਰੈਡਿਟ ਲਾਈਨਾਂ]

Heidi Levine/Sipa Press

A. Lokuhapuarachchi/Sipa Press

AP Photo/Sayyid Azim

Izvestia/Sipa Press