Skip to content

Skip to table of contents

ਆਪਣੇ ਵਾਲਾਂ ਨੂੰ ਬਾਰੀਕੀ ਨਾਲ ਦੇਖੋ

ਆਪਣੇ ਵਾਲਾਂ ਨੂੰ ਬਾਰੀਕੀ ਨਾਲ ਦੇਖੋ

ਆਪਣੇ ਵਾਲਾਂ ਨੂੰ ਬਾਰੀਕੀ ਨਾਲ ਦੇਖੋ

ਇਕ ਕਿਤਾਬ ਦੱਸਦੀ ਹੈ ਕਿ “ਹਰ ਯੁੱਗ ਤੇ ਹਰ ਸਭਿਆਚਾਰ ਵਿਚ ਵਾਲ ਇਕ ਵਿਅਕਤੀ ਦੀ ਸ਼ਖ਼ਸੀਅਤ ਬਾਰੇ ਕੁਝ ਨਾ ਕੁਝ ਜ਼ਾਹਰ ਕਰਦੇ ਹਨ।” ਤਾਂ ਫਿਰ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਜ਼ਿਆਦਾਤਰ ਲੋਕ ਆਪਣੇ ਵਾਲਾਂ ਨੂੰ ਮਜ਼ਬੂਤ ਤੇ ਆਕਰਸ਼ਕ ਬਣਾਉਣ ਵਿਚ ਗਹਿਰੀ ਦਿਲਚਸਪੀ ਰੱਖਦੇ ਹਨ।

ਜਾਗਰੂਕ ਬਣੋ! ਨੇ ਵਾਲਾਂ ਦੇ ਚਾਰ ਮਾਹਰਾਂ ਕੋਲੋਂ ਵਾਲਾਂ ਦੀ ਬਣਾਵਟ ਤੇ ਦੇਖ-ਭਾਲ ਬਾਰੇ ਕੁਝ ਆਮ ਸਵਾਲ ਪੁੱਛੇ। ਉਨ੍ਹਾਂ ਨਾਲ ਗੱਲਬਾਤ ਕਰਨ ਤੇ ਵਾਲਾਂ ਬਾਰੇ ਸਾਨੂੰ ਬਹੁਤ ਕੁਝ ਪਤਾ ਲੱਗਾ।

ਵਾਲਾਂ ਦਾ ਵਧਣਾ ਤੇ ਝੜਨਾ

ਸ: ਵਾਲ ਕਿਸ ਚੀਜ਼ ਦੇ ਬਣੇ ਹੋਏ ਹਨ?

ਜ: ਵਾਲ ਕੈਰਾਟੀਨ ਨਾਮਕ ਰੇਸ਼ੇਦਾਰ ਪ੍ਰੋਟੀਨ ਦੇ ਬਣੇ ਹੁੰਦੇ ਹਨ। ਹਰ ਵਾਲ ਸਿਰ ਦੀ ਚਮੜੀ ਅੰਦਰਲੀ ਇਕ ਨਲੀਨੁਮਾ ਗੜ੍ਹੇ ਵਿੱਚੋਂ ਉੱਗਦਾ ਹੈ ਜਿਸ ਨੂੰ ਰੋਮ-ਖੂਹ (follicle) ਕਹਿੰਦੇ ਹਨ। ਹਰੇਕ ਰੋਮ-ਖੂਹ ਜਾਂ ਫਾਲਿਕਲ ਦੀ ਤਹਿ ਤੇ ਪੈਪਿਲਾ (papilla) ਹੁੰਦਾ ਹੈ ਜਿਸ ਵਿਚ ਭਰਪੂਰ ਮਾਤਰਾ ਵਿਚ ਲਹੂ-ਸੰਚਾਰ ਹੁੰਦਾ ਹੈ। ਪੈਪਿਲਾ ਵਾਲਾਂ ਦੇ ਨਵੇਂ ਸੈੱਲ ਪੈਦਾ ਕਰਦਾ ਹੈ ਜੋ ਫਾਲਿਕਲ ਵਿੱਚੋਂ ਬਾਹਰ ਨਿਕਲਣ ਤੇ ਸਖ਼ਤ ਹੋ ਜਾਂਦੇ ਹਨ ਅਤੇ ਵਾਲਾਂ ਦਾ ਰੂਪ ਧਾਰਣ ਕਰ ਲੈਂਦੇ ਹਨ।

ਸ: ਇਹ ਵਿਚਾਰ ਆਮ ਪਾਇਆ ਜਾਂਦਾ ਹੈ ਕਿ ਵਾਲ ਕੱਟਣ ਨਾਲ ਵਾਲ ਜ਼ਿਆਦਾ ਤੇਜ਼ੀ ਨਾਲ ਵਧਦੇ ਹਨ। ਕੀ ਇਹ ਸੱਚ ਹੈ?

ਜ: ਨਹੀਂ। ਕੁਝ ਲੋਕ ਸੋਚਦੇ ਹਨ ਕਿ ਜਿੱਦਾਂ ਰੁੱਖਾਂ ਦੀਆਂ ਟਾਹਣੀਆਂ ਨੂੰ ਤਣਾ ਪੋਸ਼ਣ ਦਿੰਦਾ ਹੈ, ਓਦਾਂ ਹੀ ਸਰੀਰ ਵਾਲਾਂ ਨੂੰ ਪੋਸ਼ਿਤ ਕਰਦਾ ਹੈ। ਪਰ ਇਕ ਵਾਰ ਜਦੋਂ ਵਾਲ ਸਿਰ ਦੀ ਚਮੜੀ ਵਿੱਚੋਂ ਬਾਹਰ ਆ ਜਾਂਦਾ ਹੈ, ਤਾਂ ਉਹ ਮਰ ਜਾਂਦਾ ਹੈ। ਇਸ ਲਈ ਵਾਲਾਂ ਨੂੰ ਕੱਟਣ ਨਾਲ ਇਨ੍ਹਾਂ ਦੇ ਵਾਧੇ ਤੇ ਕੋਈ ਅਸਰ ਨਹੀਂ ਪੈਂਦਾ।

ਸ: ਵਾਲ ਚਿੱਟੇ ਕਿਉਂ ਹੁੰਦੇ ਹਨ?

ਜ: ਵਾਲਾਂ ਦੀ ਅੰਦਰਲੀ ਤਹਿ ਵਿਚ ਇਕ ਤਰਲ ਪਦਾਰਥ (pigment) ਹੁੰਦਾ ਹੈ ਜੋ ਵਾਲਾਂ ਨੂੰ ਰੰਗ ਪ੍ਰਦਾਨ ਕਰਦਾ ਹੈ। ਜਦੋਂ ਇਹ ਰੰਗ ਦੇਣ ਵਾਲੇ ਸੈੱਲ ਮਰ ਜਾਂਦੇ ਹਨ, ਤਾਂ ਵਾਲ ਚਿੱਟੇ ਹੋਣ ਲੱਗਦੇ ਹਨ। ਉਮਰ ਵਧਣ ਦੇ ਨਾਲ-ਨਾਲ ਵਾਲਾਂ ਦਾ ਚਿੱਟੇ ਹੋਣਾ ਆਮ ਗੱਲ ਹੈ। ਪਰ ਉਮਰ ਤੋਂ ਪਹਿਲਾਂ ਵਾਲਾਂ ਦੇ ਚਿੱਟੇ ਹੋਣ ਦਾ ਕਾਰਨ ਜਮਾਂਦਰੂ ਹੋ ਸਕਦਾ ਹੈ ਜਾਂ ਕੋਈ ਬੀਮਾਰੀ ਹੋ ਸਕਦੀ ਹੈ। ਪਰ ਇਹ ਸੱਚ ਨਹੀਂ ਹੈ ਕਿ ਵਾਲ ਰਾਤੋ-ਰਾਤ ਹੀ ਚਿੱਟੇ ਹੋ ਜਾਂਦੇ ਹਨ। ਵਾਲਾਂ ਵਿਚਲਾ ਰੰਗ ਪਦਾਰਥ ਸਿਰ ਦੀ ਚਮੜੀ ਦੇ ਹੇਠੋਂ ਮੁਹੱਈਆ ਹੁੰਦਾ ਹੈ। ਇਸ ਲਈ ਚਿੱਟੇ ਵਾਲਾਂ ਦੇ ਵਧਣ (ਮਹੀਨੇ ਵਿਚ ਲਗਭਗ ਅੱਧਾ ਇੰਚ) ਅਤੇ ਨਜ਼ਰ ਆਉਣ ਵਿਚ ਸਮਾਂ ਲੱਗਦਾ ਹੈ।

ਸ: ਵਾਲਾਂ ਦੇ ਝੜਨ ਦਾ ਕੀ ਕਾਰਨ ਹੈ?

ਜ: ਵਾਲਾਂ ਦਾ ਝੜਨਾ ਕੁਦਰਤੀ ਹੈ। ਇਕ ਵਿਅਕਤੀ ਦੇ ਹਰ ਰੋਜ਼ ਔਸਤਨ 50 ਤੋਂ 80 ਵਾਲ ਝੜਦੇ ਹਨ। ਪਰ ਆਦਮੀਆਂ ਵਿਚ ਆਮ ਤੌਰ ਤੇ ਗੰਜੇਪਣ ਦੀ ਸਮੱਸਿਆ ਖਾਨਦਾਨੀ ਹੁੰਦੀ ਹੈ ਅਤੇ ਇਹ ਹਾਰਮੋਨਾਂ ਦੀ ਗੜਬੜੀ ਕਰਕੇ ਹੋ ਸਕਦੀ ਹੈ ਜਿਸ ਨਾਲ ਵਾਲ ਦੁਬਾਰਾ ਨਹੀਂ ਉੱਗਦੇ। ਬਹੁਤ ਜ਼ਿਆਦਾ ਵਾਲ ਝੜ ਜਾਣ ਨੂੰ ਐਲਪੀਸ਼ੀਆ ਕਹਿੰਦੇ ਹਨ। *

ਸ: ਕੁਝ ਲੋਕ ਕਹਿੰਦੇ ਹਨ ਕਿ ਵਾਲ ਇਕ ਵਿਅਕਤੀ ਦੀ ਸਿਹਤ ਬਾਰੇ ਦੱਸਦੇ ਹਨ। ਕੀ ਤੁਸੀਂ ਇਹ ਦੇਖਿਆ ਹੈ?

ਜ: ਜੀ ਹਾਂ। ਸਿਰ ਦੀ ਚਮੜੀ ਦੇ ਥੱਲੇ ਲਹੂ ਵਾਲਾਂ ਨੂੰ ਪੋਸ਼ਿਤ ਕਰਦਾ ਹੈ। ਇਸ ਲਈ ਮਜ਼ਬੂਤ ਵਾਲ ਇਕ ਵਧੀਆ ਲਹੂ-ਸੰਚਾਰ ਬਾਰੇ ਦੱਸਦੇ ਹਨ। ਪਰ ਇਕ ਵਿਅਕਤੀ ਜਿਹੜਾ ਸਹੀ ਖ਼ੁਰਾਕ ਨਹੀਂ ਲੈਂਦਾ ਜਾਂ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਹੈ, ਉਸ ਦੇ ਵਾਲ ਕਮਜ਼ੋਰ ਤੇ ਬੇਜਾਨ ਹੋ ਜਾਂਦੇ ਹਨ ਕਿਉਂਕਿ ਉਸ ਦਾ ਲਹੂ-ਸੰਚਾਰ ਚੰਗੀ ਤਰ੍ਹਾਂ ਉਸ ਦੇ ਵਾਲਾਂ ਨੂੰ ਪੋਸ਼ਿਤ ਨਹੀਂ ਕਰਦਾ। ਵਾਲਾਂ ਦਾ ਝੜਨਾ ਜਾਂ ਕਮਜ਼ੋਰ ਵਾਲ ਕਿਸੇ ਬੀਮਾਰੀ ਜਾਂ ਗਰਭਵਤੀ ਹੋਣ ਦਾ ਸ਼ੁਰੂਆਤੀ ਲੱਛਣ ਵੀ ਹੋ ਸਕਦਾ ਹੈ।

ਆਪਣੇ ਸਿਰ ਦੀ ਚਮੜੀ ਅਤੇ ਵਾਲਾਂ ਨੂੰ ਸਿਹਤਮੰਦ ਰੱਖਣਾ

ਸ: ਦੱਸੋ ਕਿ ਵਾਲਾਂ ਅਤੇ ਸਿਰ ਦੀ ਚਮੜੀ ਨੂੰ ਕਿੱਦਾਂ ਧੋਈਏ।

ਜ: ਤਜਰਬੇ ਦਿਖਾਉਂਦੇ ਹਨ ਕਿ ਜਿਨ੍ਹਾਂ ਲੋਕਾਂ ਦੇ ਸਿਰ ਦੀ ਚਮੜੀ ਖ਼ੁਸ਼ਕ ਹੁੰਦੀ ਹੈ, ਉਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਆਪਣੇ ਸਿਰ ਨੂੰ ਹੱਦੋਂ ਵੱਧ ਧੋਂਦੇ ਹਨ। ਇਹ ਗੱਲ ਤਾਂ ਸਹੀ ਹੈ ਕਿ ਤੁਹਾਡੇ ਵਾਲਾਂ ਵਿਚ ਤੇਲ ਹੋਣ ਕਰਕੇ ਵਾਲਾਂ ਵਿਚ ਧੂੜ-ਮਿੱਟੀ ਤੇ ਚਮੜੀ ਦੇ ਮਰੇ ਹੋਏ ਸੈੱਲ ਇਕੱਠੇ ਹੋ ਜਾਣਗੇ ਜੋ ਰੋਮ-ਖੂਹਾਂ ਤਕ ਜਾਂਦੀਆਂ ਤੇਲ ਗ੍ਰੰਥੀਆਂ ਵਿਚ ਅੜਿੱਕਾ ਬਣ ਸਕਦੇ ਹਨ। ਇਸ ਲਈ ਨਿਯਮਿਤ ਤੌਰ ਤੇ ਵਾਲਾਂ ਨੂੰ ਸ਼ੈਂਪੂ ਨਾਲ ਧੋਣਾ ਬੜਾ ਲਾਜ਼ਮੀ ਹੈ। ਪਰ ਇਹ ਕੁਦਰਤੀ ਤੇਲ ਤੁਹਾਡੀ ਚਮੜੀ ਨੂੰ ਹਾਨੀਕਾਰਕ ਬੈਕਟੀਰੀਆ ਤੋਂ ਵੀ ਬਚਾਉਂਦਾ ਹੈ ਤੇ ਵਾਲਾਂ ਦੀ ਲੋੜੀਂਦੀ ਨਮੀ ਨੂੰ ਕਾਇਮ ਰੱਖਦਾ ਹੈ। ਵਾਰ-ਵਾਰ ਵਾਲ ਧੋਣ ਨਾਲ ਤੁਸੀਂ ਆਪਣੀ ਖੋਪੜੀ ਦੀ ਇਸ ਰੱਖਿਆਕਾਰੀ ਪਰਤ ਨੂੰ ਨਸ਼ਟ ਕਰ ਰਹੇ ਹੋ ਤੇ ਖ਼ੁਸ਼ਕ ਚਮੜੀ ਵਰਗੀਆਂ ਸਮੱਸਿਆਵਾਂ ਨੂੰ ਸੱਦਾ ਦੇ ਰਹੇ ਹੋ। ਜ਼ਿਆਦਾਤਰ ਮਾਹਰ ਸਲਾਹ ਦਿੰਦੇ ਹਨ ਕਿ ਉਦੋਂ ਹੀ ਆਪਣੇ ਵਾਲਾਂ ਨੂੰ ਧੋਵੋ ਜਦੋਂ ਤੁਹਾਡਾ ਸਿਰ ਜਾਂ ਵਾਲ ਗੰਦੇ ਹੋਣ। ਤੇਲੀ ਵਾਲਾਂ ਵਾਲੇ ਲੋਕਾਂ ਨੂੰ ਆਮ ਜਾਂ ਖ਼ੁਸ਼ਕ ਵਾਲਾਂ ਵਾਲੇ ਲੋਕਾਂ ਨਾਲੋਂ ਜ਼ਿਆਦਾ ਵਾਰ ਸਿਰ ਧੋਣਾ ਚਾਹੀਦਾ ਹੈ।

ਸ਼ੈਂਪੂ ਨਾਲ ਸਿਰ ਧੋਂਦੇ ਸਮੇਂ ਆਪਣੀ ਖੋਪੜੀ ਦੀ ਮਾਲਸ਼ ਕਰੋ। ਇਸ ਤਰ੍ਹਾਂ ਕਰਨ ਨਾਲ ਸਿਰ ਦੀ ਚਮੜੀ ਦੇ ਮਰੇ ਹੋਏ ਸੈੱਲ ਨਿਕਲ ਜਾਂਦੇ ਹਨ ਤੇ ਲਹੂ ਦਾ ਸੰਚਾਰ ਠੀਕ ਰਹਿੰਦਾ ਹੈ ਜੋ ਤੁਹਾਡੇ ਵਾਲਾਂ ਨੂੰ ਪੋਸ਼ਿਤ ਕਰਦਾ ਹੈ। ਸ਼ੈਂਪੂ ਲਾਉਣ ਮਗਰੋਂ ਸਿਰ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ। ਜੇ ਤੁਸੀਂ ਆਪਣੇ ਹੱਥਾਂ ਨੂੰ ਸਾਬਣ ਲਾਉਣ ਤੋਂ ਬਾਅਦ ਪਾਣੀ ਨਾਲ ਨਹੀਂ ਧੋਂਦੇ, ਤਾਂ ਤੁਹਾਡੇ ਹੱਥਾਂ ਦੀ ਚਮੜੀ ਖ਼ੁਸ਼ਕ ਹੋ ਕੇ ਫੱਟ ਸਕਦੀ ਹੈ। ਉਸੇ ਤਰ੍ਹਾਂ, ਜੇ ਤੁਸੀਂ ਆਪਣੇ ਸਿਰ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋ ਕੇ ਉਸ ਵਿੱਚੋਂ ਸ਼ੈਂਪੂ ਨਹੀਂ ਕੱਢਦੇ, ਤਾਂ ਤੁਹਾਡੇ ਸਿਰ ਦੀ ਚਮੜੀ ਖੁਸ਼ਕ ਤੇ ਪੇਪੜੀਦਾਰ ਬਣ ਸਕਦੀ ਹੈ।

ਸ: ਖੁਸ਼ਕ ਖੋਪੜੀ ਦਾ ਕੀ ਇਲਾਜ ਹੈ?

ਜ: ਕਾਫ਼ੀ ਮਾਤਰਾ ਵਿਚ ਪਾਣੀ ਪੀਓ ਤੇ ਪੌਸ਼ਟਿਕ ਭੋਜਨ ਖਾਓ। ਇਸ ਨਾਲ ਤੁਹਾਡੀ ਚਮੜੀ ਨੂੰ ਨਮੀ ਮਿਲਦੀ ਹੈ ਤੇ ਲਹੂ-ਸੰਚਾਰ ਵਧਦਾ ਹੈ। ਹਲਕੇ ਸ਼ੈਂਪੂ ਦੀ ਵਰਤੋਂ ਕਰੋ ਤੇ ਨਿਯਮਿਤ ਤੌਰ ਤੇ ਆਪਣੇ ਸਿਰ ਦੀ ਮਾਲਸ਼ ਕਰੋ। ਕੁਝ ਲੋਕ ਆਪਣੇ ਸਿਰ ਦੀ ਚਮੜੀ ਨੂੰ ਨਮੀ ਪਹੁੰਚਾਉਣ ਲਈ ਅਜਿਹੇ ਕੰਡੀਸ਼ਨਰਾਂ ਤੇ ਲੋਸ਼ਨਾਂ ਦੀ ਵਰਤੋਂ ਕਰਦੇ ਹਨ ਜਿਨ੍ਹਾਂ ਨੂੰ ਵਾਲਾਂ ਵਿਚ ਲਾ ਕੇ ਰੱਖਿਆ ਜਾ ਸਕਦਾ ਹੈ ਤੇ ਧੋਣ ਦੀ ਲੋੜ ਨਹੀਂ ਪੈਂਦੀ।

ਆਪਣੇ ਵਾਲਾਂ ਨੂੰ ਸਜਾਉਣਾ

ਸ: ਬਿਊਟੀ ਪਾਰਲਰ ਜਾਣ ਸਮੇਂ ਇਕ ਵਿਅਕਤੀ ਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ?

ਜ: ਜੇ ਤੁਸੀਂ ਆਪਣੇ ਵਾਲਾਂ ਦਾ ਸਟਾਈਲ ਬਦਲਣਾ ਚਾਹੁੰਦੇ ਹੋ, ਤਾਂ ਆਪਣੇ ਮਨ-ਪਸੰਦ ਸਟਾਈਲ ਦੀ ਫੋਟੋ ਨਾਲ ਲੈ ਕੇ ਜਾਓ ਤੇ ਸ਼ਾਇਦ ਤੁਸੀਂ ਆਪਣੇ ਨਾ-ਪਸੰਦ ਸਟਾਈਲ ਦੀ ਫੋਟੋ ਵੀ ਲਿਜਾ ਸਕਦੇ ਹੋ। ਆਪਣੀਆਂ ਇੱਛਾਵਾਂ ਬਾਰੇ ਸਾਫ਼-ਸਾਫ਼ ਦੱਸੋ ਤੇ ਇਹ ਵੀ ਦੱਸੋ ਕਿ ਤੁਸੀਂ ਹਰ ਰੋਜ਼ ਵਾਲ ਸਜਾਉਣ ਵਿਚ ਕਿੰਨਾ ਕੁ ਸਮਾਂ ਦੇ ਸਕਦੇ ਹੋ ਕਿਉਂਕਿ ਵਾਲਾਂ ਦੇ ਕੁਝ ਸਟਾਈਲ ਬਣਾਉਣ ਵਿਚ ਜ਼ਿਆਦਾ ਸਮਾਂ ਲੱਗਦਾ ਹੈ। ਇਹ ਗੱਲ ਯਾਦ ਰੱਖੋ ਕਿ ਆਮ ਤੌਰ ਤੇ ਤੁਹਾਨੂੰ ਦੋ-ਤਿੰਨ ਵਾਰ ਬਿਊਟੀ ਪਾਰਲਰ ਜਾਣ ਦੀ ਲੋੜ ਪਵੇਗੀ, ਤਾਂਕਿ ਵਾਲ ਸ਼ਿੰਗਾਰਨ ਵਾਲਾ ਵਿਅਕਤੀ ਤੁਹਾਡੇ ਵਾਲਾਂ ਦੀ ਪਛਾਣ ਕਰ ਸਕੇ ਤੇ ਚੰਗੀ ਤਰ੍ਹਾਂ ਸਮਝ ਸਕੇ ਕਿ ਤੁਹਾਨੂੰ ਕਿੱਦਾਂ ਦਾ ਸਟਾਈਲ ਚਾਹੀਦਾ ਹੈ। ਇਸ ਲਈ ਉਸ ਦੇ ਕੰਮ ਤੋਂ ਜਲਦੀ ਹੀ ਨਿਰਾਸ਼ ਨਾ ਹੋਵੋ!

ਤੁਹਾਡੇ ਵਾਲਾਂ ਤੋਂ ਕੀ ਪਤਾ ਲੱਗਦਾ ਹੈ

ਵਾਲਾਂ ਦੀ ਦੇਖ-ਭਾਲ ਤੇ ਇਨ੍ਹਾਂ ਦੀ ਸਜਾਵਟ ਤੋਂ ਇਕ ਵਿਅਕਤੀ ਦੀ ਸ਼ਖ਼ਸੀਅਤ ਦਾ ਪਤਾ ਲੱਗਦਾ ਹੈ। ਲੋਕ ਫ਼ੈਸ਼ਨ, ਧਾਰਮਿਕ ਵਿਸ਼ਵਾਸਾਂ ਅਤੇ ਸਮਾਜਕ ਤੇ ਰਾਜਨੀਤਿਕ ਵਿਚਾਰਾਂ ਮੁਤਾਬਕ ਆਪਣੇ ਵਾਲ ਕੱਟਦੇ, ਵਧਾਉਂਦੇ, ਸਿੱਧੇ ਜਾਂ ਘੁੰਗਰਾਲੇ ਕਰਦੇ, ਰੰਗਦੇ ਅਤੇ ਵੱਖੋ-ਵੱਖ ਤਰੀਕਿਆਂ ਨਾਲ ਬਣਾਉਂਦੇ ਹਨ। ਆਪਣੇ ਵਾਲਾਂ ਨੂੰ ਜ਼ਰਾ ਬਾਰੀਕੀ ਨਾਲ ਦੇਖੋ। ਇਹ ਤੁਹਾਡੇ ਬਾਰੇ ਕੀ ਦੱਸਦੇ ਹਨ? ਸਲੀਕੇ ਨਾਲ ਸ਼ਿੰਗਾਰੇ ਤੰਦਰੁਸਤ ਵਾਲ ਇਕ ਵਿਅਕਤੀ ਦੀ ਸ਼ਖ਼ਸੀਅਤ ਨੂੰ ਸ਼ਿੰਗਾਰਦੇ ਹਨ ਤੇ ਦੂਜੇ ਲੋਕ ਵੀ ਉਸ ਦੀ ਤਾਰੀਫ਼ ਕਰਦੇ ਹਨ।

[ਫੁਟਨੋਟ]

^ ਪੈਰਾ 12 ਹੋਰ ਜ਼ਿਆਦਾ ਜਾਣਕਾਰੀ ਲਈ 22 ਅਪ੍ਰੈਲ 1991 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਵਿਚ “ਐਲਪੀਸ਼ੀਆ—ਗੰਜੇਪਣ ਕਾਰਨ ਸ਼ਰਮਿੰਦਗੀ” ਨਾਮਕ ਲੇਖ ਦੇਖੋ।

[ਸਫ਼ਾ 26 ਉੱਤੇ ਤਸਵੀਰਾਂ]

ਪੌਸ਼ਟਿਕ ਖਾਣਾ ਖਾਣ ਤੇ ਕਾਫ਼ੀ ਮਾਤਰਾ ਵਿਚ ਪਾਣੀ ਪੀਣ ਨਾਲ ਸਿਰ ਦੀ ਖੁਸ਼ਕ ਚਮੜੀ ਦਾ ਇਲਾਜ ਕਰਨ ਵਿਚ ਮਦਦ ਮਿਲ ਸਕਦੀ ਹੈ

[ਸਫ਼ਾ 26 ਉੱਤੇ ਤਸਵੀਰ]

ਵਾਰ-ਵਾਰ ਵਾਲ ਧੋਣ ਨਾਲ ਤੁਸੀਂ ਸਿਰ ਦੀ ਚਮੜੀ ਦੇ ਰੱਖਿਆਕਾਰੀ ਤੇਲ ਨੂੰ ਨਸ਼ਟ ਕਰ ਸਕਦੇ ਹੋ

[ਸਫ਼ਾ 26 ਉੱਤੇ ਤਸਵੀਰ]

ਉਮਰ ਵਧਣ ਦੇ ਨਾਲ-ਨਾਲ ਵਾਲਾਂ ਦਾ ਚਿੱਟੇ ਹੋਣਾ ਆਮ ਗੱਲ ਹੈ