Skip to content

Skip to table of contents

ਉੱਚੇ-ਲੰਮੇ, ਲੰਮੀਆਂ ਲੱਤਾਂ ਵਾਲੇ ਛੈਲ-ਛਬੀਲੇ ਜਿਰਾਫ

ਉੱਚੇ-ਲੰਮੇ, ਲੰਮੀਆਂ ਲੱਤਾਂ ਵਾਲੇ ਛੈਲ-ਛਬੀਲੇ ਜਿਰਾਫ

ਉੱਚੇ-ਲੰਮੇ, ਲੰਮੀਆਂ ਲੱਤਾਂ ਵਾਲੇ ਛੈਲ-ਛਬੀਲੇ ਜਿਰਾਫ

ਕੀਨੀਆ ਵਿਚ ਜਾਗਰੂਕ ਬਣੋ! ਦੇ ਪੱਤਰਕਾਰ ਦੁਆਰਾ

ਸਵੇਰੇ ਤੜਕੇ ਸਲੇਟੀ ਰੰਗੇ ਗ੍ਰੇਨਾਈਟ ਦੇ ਗੋਲ-ਗੋਲ ਪੱਥਰ ਸਿੱਲ੍ਹੇ ਤੇ ਠੰਢੇ-ਠੰਢੇ ਲੱਗਦੇ ਸਨ। ਅਸੀਂ ਇਨ੍ਹਾਂ ਵੱਡੇ-ਵੱਡੇ ਪੱਥਰਾਂ ਵਿਚਕਾਰ ਆਰਾਮ ਨਾਲ ਬੈਠ ਕੇ ਟੀਨ ਦੇ ਕੱਪਾਂ ਵਿਚ ਗਰਮ-ਗਰਮ ਚਾਹ ਪੀ ਰਹੇ ਸਾਂ ਤੇ ਸਾਡੀਆਂ ਅੱਖਾਂ ਅਫ਼ਰੀਕਾ ਦੇ ਘਾਹ ਦੇ ਮੈਦਾਨ ਵੱਲ ਲੱਗੀਆਂ ਹੋਈਆਂ ਸਨ। * ਸਾਡੇ ਸਬਰ ਦਾ ਫਲ ਮਿਲਿਆ। ਸਵੇਰ ਦੇ ਚਾਨਣ ਦੀ ਸੁਹਾਵਣੀ ਰੌਸ਼ਨੀ ਵਿਚ ਉੱਚੇ-ਲੰਮੇ, ਲੰਮੀਆਂ-ਲੰਮੀਆਂ ਲੱਤਾਂ ਵਾਲੇ ਛੈਲ-ਛਬੀਲੇ ਜਿਰਾਫਾਂ ਦਾ ਝੁੰਡ ਹੌਲੀ-ਹੌਲੀ ਚੱਲਦਾ ਹੋਇਆ ਸਾਡੀਆਂ ਨਜ਼ਰਾਂ ਦੇ ਸਾਮ੍ਹਣਿਓਂ ਲੰਘਿਆ। ਇੱਦਾਂ ਲੱਗਦਾ ਸੀ ਜਿਵੇਂ ਉਹ ਸਲੋ ਮੋਸ਼ਨ ਵਿਚ ਚੱਲ ਰਹੇ ਹੋਣ। ਉਹ ਲੰਮੇ-ਲੰਮੇ ਬਾਂਸਾਂ ਵਰਗੀਆਂ ਲੱਤਾਂ ਨਾਲ ਪੁਲਾਂਘਾਂ ਭਰਦੇ ਬੜੇ ਹੀ ਸੋਹਣੇ ਲੱਗ ਰਹੇ ਸਨ ਤੇ ਉਨ੍ਹਾਂ ਦੀਆਂ ਲੰਮੀਆਂ-ਲੰਮੀਆਂ ਗਰਦਨਾਂ ਹਵਾ ਵਿਚ ਸਮੁੰਦਰੀ ਜਹਾਜ਼ ਦੇ ਮਸਤੂਲਾਂ ਵਾਂਗ ਝੂਲ ਰਹੀਆਂ ਸਨ। ਇਹ ਨਜ਼ਾਰਾ ਦੇਖਣ ਵਿਚ ਇੰਨਾ ਸੋਹਣਾ ਸੀ ਕਿ ਸਾਡਾ ਮੂੰਹ ਅੱਡਿਆ ਹੀ ਰਹਿ ਗਿਆ!

ਸਾਡੇ ਤੋਂ ਅਣਜਾਣ, ਉਹ ਸਾਰੇ ਮਿਲ ਕੇ ਹਰੇ-ਭਰੇ ਕਿੱਕਰਾਂ ਦੇ ਰੁੱਖਾਂ ਦੇ ਝੁੰਡ ਵੱਲ ਹੋ ਤੁਰੇ ਤੇ ਕੰਡਿਆਲੀਆਂ ਟਾਹਣੀਆਂ ਦੇ ਸਿਖਰਾਂ ਨੂੰ ਜਾ ਛੂਹੇ। ਇਨ੍ਹਾਂ ਉੱਚੇ-ਲੰਮੇ ਪਰ ਕੋਮਲ ਜਾਨਵਰਾਂ ਨੇ ਬੜੀ ਨਜ਼ਾਕਤ ਤੇ ਧਿਆਨ ਨਾਲ ਆਪਣੀਆਂ ਲੰਮੀਆਂ-ਲੰਮੀਆਂ ਜੀਭਾਂ ਨਾਲ ਛੋਟੇ-ਛੋਟੇ ਹਰੇ ਪੱਤਿਆਂ ਨੂੰ ਤੋੜਿਆ। ਉਨ੍ਹਾਂ ਨੇ ਪੱਤੇ ਖਾਣ ਲਈ ਰੁੱਖ ਦੇ ਉਸ ਹਿੱਸੇ ਵਿਚ ਸਿਰ ਵਾੜਿਆ ਜਿੱਥੇ ਬਿਜੜਿਆਂ ਦੇ ਕਈ ਆਲ੍ਹਣੇ ਲਟਕ ਰਹੇ ਸਨ। ਪੰਛੀਆਂ ਨੇ ਇਨ੍ਹਾਂ ਲੰਮੀਆਂ-ਲੰਮੀਆਂ ਗਰਦਨਾਂ ਵਾਲੇ ਘੁਸਪੈਠੀਆਂ ਨੂੰ ਚਹਿਕ-ਚਹਿਕ ਕੇ ਚੰਗਾ ਝਿੜਕਿਆ। ਇਸ ਸ਼ੋਰ ਭਰੀ ਝਿੜਕ ਤੋਂ ਡਰ ਕੇ ਸਾਰਾ ਝੁੰਡ ਚੁੱਪ-ਚਾਪ ਤੇ ਬੜੀ ਸ਼ਾਨ ਨਾਲ ਸਿਰ ਉਠਾ ਕੇ ਦੂਜੇ ਰੁੱਖਾਂ ਵੱਲ ਹੋ ਤੁਰਿਆ।

ਤੇਜ਼ ਤੇ ਸੋਹਣੀ ਚਾਲ

ਜਿਨ੍ਹਾਂ ਲੋਕਾਂ ਨੇ ਇਨ੍ਹਾਂ ਜਾਨਵਰਾਂ ਨੂੰ ਸਿਰਫ਼ ਚਿੜੀਆ-ਘਰਾਂ ਦੇ ਵਾੜਿਆਂ ਵਿੱਚੋਂ ਆਪਣੀਆਂ ਗਰਦਨਾਂ ਬਾਹਰ ਕੱਢਦੇ ਹੋਏ ਦੇਖਿਆ ਹੈ, ਉਹ ਅਫ਼ਰੀਕੀ ਮੈਦਾਨਾਂ ਵਿਚ ਖੁੱਲ੍ਹਮ-ਖੁੱਲ੍ਹੇ ਦੌੜਦੇ ਇਨ੍ਹਾਂ ਜਾਨਵਰਾਂ ਦੀ ਅਸਲੀ ਸੁੰਦਰਤਾ ਤੇ ਸੋਹਣੀ ਚਾਲ ਦੀ ਸ਼ਾਇਦ ਕਲਪਨਾ ਵੀ ਨਹੀਂ ਕਰ ਸਕਦੇ। ਜਿਰਾਫ ਸਹਿਜੇ-ਸਹਿਜੇ ਚੱਲਦੇ ਹੋਏ ਬਹੁਤ ਹੀ ਸੋਹਣੇ ਲੱਗਦੇ ਹਨ। ਜਦੋਂ ਉਹ ਖੁੱਲ੍ਹੇ ਘਾਹ ਦੇ ਮੈਦਾਨਾਂ ਵਿਚ ਦੌੜਦੇ ਹਨ, ਤਾਂ ਉਨ੍ਹਾਂ ਦੇ ਕੋਮਲ ਤੇ ਨਾਜ਼ੁਕ ਸਰੀਰ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਥੋੜ੍ਹੀ ਜਿਹੀ ਠੋਕਰ ਖਾਣ ਨਾਲ ਹੀ ਡਿੱਗ ਪੈਣਗੇ। ਪਰ ਇਸ ਗੱਲ ਦਾ ਕੋਈ ਖ਼ਤਰਾ ਨਹੀਂ ਹੈ ਕਿਉਂਕਿ ਇਕ ਵੱਡੇ ਨਰ ਜਿਰਾਫ ਦਾ ਭਾਰ ਲਗਭਗ 1,300 ਕਿਲੋ ਹੁੰਦਾ ਹੈ ਅਤੇ ਕਦਮਾਂ ਦਾ ਪੱਕਾ ਤੇ ਤੇਜ਼ ਦੌੜਾਕ ਹੋਣ ਕਰਕੇ ਇਹ ਪ੍ਰਤੀ ਘੰਟਾ 60 ਕਿਲੋਮੀਟਰ ਦੀ ਰਫ਼ਤਾਰ ਨਾਲ ਦੌੜ ਸਕਦਾ ਹੈ।

ਇਹ ਸੁੰਦਰ ਜਾਨਵਰ ਸਿਰਫ਼ ਅਫ਼ਰੀਕਾ ਵਿਚ ਹੀ ਪਾਇਆ ਜਾਂਦਾ ਹੈ। ਇਸ ਦਾ ਨਰਮ ਤੇ ਸ਼ਾਂਤ ਸੁਭਾਅ ਇਸ ਦੀ ਸੁੰਦਰਤਾ ਨੂੰ ਵਧਾਉਂਦਾ ਹੈ। ਜਿਰਾਫ ਦੇ ਲੰਮੇ ਤੇ ਪਤਲੇ-ਪਤਲੇ ਕੰਨ ਅਤੇ ਇਸ ਦੇ ਦੋ ਛੋਟੇ-ਛੋਟੇ ਸਿੰਗਾਂ ਉੱਤੇ ਕਾਲੇ ਵਾਲਾਂ ਦੇ ਮਖਮਲੀ ਬੁੰਬਲ ਇਸ ਦੇ ਚਿਹਰੇ ਨੂੰ ਅਨੋਖਾ ਤੇ ਆਕਰਸ਼ਕ ਬਣਾਉਂਦੇ ਹਨ। ਇਸ ਦੀਆਂ ਅੱਖਾਂ ਬੜੀਆਂ ਵੱਡੀਆਂ-ਵੱਡੀਆਂ ਤੇ ਕਾਲੀਆਂ ਹਨ ਜਿਨ੍ਹਾਂ ਨੂੰ ਇਸ ਦੀਆਂ ਲੰਮੀਆਂ ਤੇ ਘੁੰਗਰਾਲੀਆਂ ਝਿੰਮਣੀਆਂ ਸੁਰੱਖਿਆ ਪ੍ਰਦਾਨ ਕਰਦੀਆਂ ਹਨ। ਜਦੋਂ ਜਿਰਾਫ ਇੰਨੀ ਉਚਾਈ ਤੋਂ ਦੂਰ ਦੇਖਦਾ ਹੈ, ਤਾਂ ਇਸ ਦਾ ਚਿਹਰਾ ਬੜਾ ਉਤਸੁਕ ਤੇ ਮਾਸੂਮ ਲੱਗਦਾ ਹੈ।

ਪੁਰਾਣੇ ਸਮਿਆਂ ਵਿਚ ਜਿਰਾਫ ਨੂੰ ਬੜੀ ਅਹਿਮੀਅਤ ਦਿੱਤੀ ਜਾਂਦੀ ਸੀ ਤੇ ਇਸ ਦੀ ਸੋਹਣੀ ਸ਼ਕਲ-ਸੂਰਤ ਤੇ ਇਸ ਦੇ ਸ਼ਰਮੀਲੇ, ਸ਼ਾਂਤ ਤੇ ਸਾਊ ਸੁਭਾਅ ਦੀ ਬੜੀ ਕਦਰ ਕੀਤੀ ਜਾਂਦੀ ਸੀ। ਸ਼ਾਂਤੀ ਤੇ ਸ਼ੁਭ ਕਾਮਨਾ ਦੇ ਪ੍ਰਤੀਕ ਵਜੋਂ ਸ਼ਾਸਕਾਂ ਤੇ ਰਾਜਿਆਂ ਨੂੰ ਛੋਟੇ-ਛੋਟੇ ਜਿਰਾਫ ਤੋਹਫ਼ਿਆਂ ਵਜੋਂ ਦਿੱਤੇ ਜਾਂਦੇ ਸਨ। ਅੱਜ ਵੀ ਜਿਰਾਫਾਂ ਦੀਆਂ ਫਿੱਕੀਆਂ ਪੈ ਚੁੱਕੀਆਂ ਤਸਵੀਰਾਂ ਨੂੰ ਅਫ਼ਰੀਕਾ ਵਿਚ ਪੱਥਰਾਂ ਉੱਤੇ ਬਣੇ ਪੁਰਾਣੇ ਚਿੱਤਰਾਂ ਵਿਚ ਦੇਖਿਆ ਜਾ ਸਕਦਾ ਹੈ।

ਉੱਚੇ-ਲੰਮੇ

ਜਿਰਾਫ ਸਾਰਿਆਂ ਜਾਨਵਰਾਂ ਨਾਲੋਂ ਉੱਚਾ-ਲੰਮਾ ਹੁੰਦਾ ਹੈ। ਵੱਡੇ ਨਰ ਜਿਰਾਫਾਂ ਦੀ ਖੁਰ ਤੋਂ ਲੈ ਕੇ ਸਿੰਗਾਂ ਤਕ ਦੀ ਉਚਾਈ 18 ਫੁੱਟ ਤੋਂ ਵੀ ਜ਼ਿਆਦਾ ਹੋ ਸਕਦੀ ਹੈ। ਪੁਰਾਣੀ ਮਿਸਰੀ ਚਿੱਤਰ-ਲਿੱਪੀ ਵਿਚ “ਭਵਿੱਖਬਾਣੀ ਕਰਨੀ” ਜਾਂ “ਪਹਿਲਾਂ ਹੀ ਸੂਚਨਾ ਦੇਣੀ” ਕਿਰਿਆ ਨੂੰ ਜਿਰਾਫ ਦੀ ਤਸਵੀਰ ਨਾਲ ਦਰਸਾਇਆ ਜਾਂਦਾ ਸੀ ਕਿਉਂਕਿ ਜਿਰਾਫ ਉੱਚਾ-ਲੰਮਾ ਹੋਣ ਕਰਕੇ ਕਾਫ਼ੀ ਦੂਰ ਤਕ ਦੇਖ ਸਕਦਾ ਹੈ।

ਜਦੋਂ ਜਿਰਾਫ ਜੈਬਰਿਆਂ, ਸ਼ੁਤਰਮੁਰਗਾਂ, ਇੰਪਾਲਾ ਨਾਮਕ ਹਿਰਨਾਂ ਤੇ ਹੋਰ ਅਫ਼ਰੀਕੀ ਮੈਦਾਨੀ ਜਾਨਵਰਾਂ ਦੇ ਝੁੰਡਾਂ ਵਿਚ ਖੜ੍ਹਾ ਹੁੰਦਾ ਹੈ, ਤਾਂ ਇਹ ਪਹਿਰੇਦਾਰ ਦਾ ਕੰਮ ਕਰਦਾ ਹੈ। ਇਹ ਆਪਣੇ ਉੱਚੇ ਕੱਦ ਤੇ ਤੇਜ਼ ਨਜ਼ਰਾਂ ਨਾਲ ਦੂਰੋਂ ਹੀ ਕਿਸੇ ਖ਼ਤਰੇ ਦਾ ਪਤਾ ਲਗਾ ਲੈਂਦਾ ਹੈ। ਇਸ ਤਰ੍ਹਾਂ ਪਹਿਰੇਦਾਰੀ ਕਰ ਕੇ ਇਹ ਦੂਜੇ ਜਾਨਵਰਾਂ ਨੂੰ ਕਾਫ਼ੀ ਸੁਰੱਖਿਆ ਪਹੁੰਚਾਉਂਦਾ ਹੈ।

ਸ਼ਾਨਦਾਰ ਬਣਾਵਟ

ਜਿਰਾਫ ਨੂੰ ਐਨੇ ਸ਼ਾਨਦਾਰ ਢੰਗ ਨਾਲ ਬਣਾਇਆ ਗਿਆ ਹੈ ਕਿ ਉਹ ਲੰਮੇ-ਲੰਮੇ ਰੁੱਖਾਂ ਦੀਆਂ ਉੱਪਰਲੀਆਂ ਟਾਹਣੀਆਂ ਤੋਂ ਪੱਤੇ ਤੋੜ ਸਕਦਾ ਹੈ, ਹਾਥੀ ਤੋਂ ਛੁੱਟ ਹੋਰ ਕੋਈ ਜਾਨਵਰ ਐਨੀ ਉਚਾਈ ਤਕ ਨਹੀਂ ਪਹੁੰਚ ਸਕਦਾ। ਇਸ ਦੇ ਵੱਡੇ ਉੱਪਰਲੇ ਬੁੱਲ੍ਹ ਤੇ ਲਚਕਦਾਰ ਜੀਭ ਨੂੰ ਅਨੋਖੇ ਢੰਗ ਨਾਲ ਬਣਾਇਆ ਗਿਆ ਹੈ ਜਿਨ੍ਹਾਂ ਨਾਲ ਇਹ ਨੁਕੀਲੇ ਕੰਡਿਆਂ ਨਾਲ ਭਰੀਆਂ ਟਾਹਣੀਆਂ ਤੋਂ ਆਸਾਨੀ ਨਾਲ ਪੱਤੇ ਤੋੜ ਕੇ ਖਾ ਸਕਦਾ ਹੈ।

ਜਿਰਾਫ ਪ੍ਰਤੀ ਦਿਨ 34 ਕਿਲੋ ਪੱਤੇ ਖਾ ਸਕਦੇ ਹਨ। ਹਾਲਾਂਕਿ ਉਹ ਕਈ ਤਰ੍ਹਾਂ ਦੇ ਅਲੱਗ-ਅਲੱਗ ਦਰਖ਼ਤਾਂ ਦੇ ਪੱਤੇ ਖਾ ਸਕਦੇ ਹਨ, ਪਰ ਜ਼ਿਆਦਾ ਕਰਕੇ ਉਹ ਕੰਡਿਆਲੇ ਕਿੱਕਰ ਦੇ ਰੁੱਖਾਂ ਨੂੰ ਖਾਂਦੇ ਹਨ ਜੋ ਅਫ਼ਰੀਕੀ ਮੈਦਾਨਾਂ ਵਿਚ ਥਾਂ-ਥਾਂ ਮਿਲਦੇ ਹਨ। ਇਕ ਨਰ ਜਿਰਾਫ ਭੋਜਨ ਦੀ ਭਾਲ ਵਿਚ 17 ਇੰਚ ਤਕ ਆਪਣੀ ਜੀਭ ਬਾਹਰ ਕੱਢ ਸਕਦਾ ਹੈ। ਜਿਰਾਫ ਦੀ ਗਰਦਨ ਬਹੁਤ ਹੀ ਲਚਕੀਲੀ ਹੁੰਦੀ ਹੈ। ਇਸ ਕਰਕੇ ਜਿਰਾਫ ਰੁੱਖਾਂ ਦੀਆਂ ਉੱਪਰਲੀਆਂ ਟਾਹਣੀਆਂ ਦੇ ਵਿੱਚੋਂ ਦੀ ਵੀ ਆਪਣੀ ਲੰਮੀ ਗਰਦਨ ਤੇ ਸਿਰ ਨੂੰ ਇੱਧਰ-ਉੱਧਰ ਆਸਾਨੀ ਨਾਲ ਘੁਮਾ ਸਕਦੇ ਹਨ।

ਉਚਾਈ ਤਕ ਪਹੁੰਚਣਾ ਜਿਰਾਫ ਲਈ ਬੜਾ ਆਸਾਨ ਹੈ, ਪਰ ਪਾਣੀ ਪੀਣਾ ਉਸ ਲਈ ਇੰਨਾ ਆਸਾਨ ਨਹੀਂ ਹੁੰਦਾ। ਜਦੋਂ ਇਹ ਪਾਣੀ ਦੇ ਟੋਏ ਕੋਲ ਜਾਂਦਾ ਹੈ, ਤਾਂ ਇਸ ਨੂੰ ਆਪਣੀਆਂ ਅਗਲੀਆਂ ਲੱਤਾਂ ਚੌੜੀਆਂ ਕਰਨੀਆਂ ਪੈਂਦੀਆਂ ਹਨ ਤੇ ਫਿਰ ਇਹ ਪਾਣੀ ਤਕ ਪਹੁੰਚਣ ਲਈ ਦੋਵੇਂ ਗੋਡੇ ਝੁਕਾਉਂਦਾ ਹੈ। ਇਸ ਬੇਢੰਗੀ ਸਥਿਤੀ ਵਿਚ ਜਿਰਾਫ ਨੂੰ ਪਾਣੀ ਪੀਣ ਲਈ ਆਪਣੀ ਲੰਮੀ ਗਰਦਨ ਨੂੰ ਪੂਰੀ ਤਰ੍ਹਾਂ ਝੁਕਾਉਣਾ ਪੈਂਦਾ ਹੈ। ਪਰ ਖ਼ੁਸ਼ੀ ਦੀ ਗੱਲ ਹੈ ਕਿ ਜਿਰਾਫ ਨੂੰ ਵਾਰ-ਵਾਰ ਪਾਣੀ ਨਹੀਂ ਪੀਣਾ ਪੈਂਦਾ ਕਿਉਂਕਿ ਇਹ ਰਸੀਲੇ ਪੱਤਿਆਂ ਤੋਂ ਕਾਫ਼ੀ ਨਮੀ ਹਾਸਲ ਕਰ ਲੈਂਦਾ ਹੈ।

ਜਿਰਾਫ ਦੀ ਗਰਦਨ ਤੇ ਵੱਖੀਆਂ ਨੂੰ ਬਰੀਕ-ਬਰੀਕ ਚਿੱਟੀਆਂ ਧਾਰੀਆਂ ਦੀ ਸੁੰਦਰ ਜਾਲੀਦਾਰ ਨਕਾਸ਼ੀ ਨਾਲ ਸ਼ਿੰਗਾਰਿਆ ਗਿਆ ਹੈ ਤੇ ਇਹ ਨਕਾਸ਼ੀ ਪੱਤਿਆਂ ਦੇ ਨਮੂਨੇ ਵਰਗੀ ਜਾਲੀਦਾਰ ਕਸੀਦਾਕਾਰੀ ਵਾਂਗ ਦਿਖਾਈ ਦਿੰਦੀ ਹੈ। ਜਿਰਾਫ ਲਾਖੇ, ਭੂਰੇ ਤੇ ਕਾਲੇ ਰੰਗ ਦੇ ਵੀ ਹੁੰਦੇ ਹਨ। ਜਿਉਂ-ਜਿਉਂ ਜਿਰਾਫ ਵੱਡਾ ਹੁੰਦਾ ਜਾਂਦਾ ਹੈ, ਇਸ ਦੇ ਰੰਗ ਵੀ ਗੂੜ੍ਹੇ ਹੁੰਦੇ ਜਾਂਦੇ ਹਨ।

ਪਰਿਵਾਰਕ ਜ਼ਿੰਦਗੀ

ਜਿਰਾਫ ਸਮਾਜਕ ਪ੍ਰਾਣੀ ਹਨ ਜੋ 2 ਤੋਂ 50 ਜਿਰਾਫਾਂ ਵਾਲੇ ਝੁੰਡਾਂ ਵਿਚ ਖੁੱਲ੍ਹੇ-ਆਮ ਘੁੰਮਦੇ ਹਨ। ਇਕ ਗਰਭਵਤੀ ਮਾਦਾ ਜਿਰਾਫ ਦਾ ਗਰਭਕਾਲ 420 ਤੋਂ 468 ਦਿਨਾਂ ਦਾ ਹੁੰਦਾ ਹੈ ਜਿਸ ਮਗਰੋਂ ਉਹ ਇਕ ਛੇ ਫੁੱਟ ਲੰਮੇ ਬੱਚੇ ਨੂੰ ਜਨਮ ਦਿੰਦੀ ਹੈ। ਜਨਮ ਸਮੇਂ, ਬੱਚਾ ਛੇ ਫੁੱਟ ਤੋਂ ਜ਼ਿਆਦਾ ਦੀ ਉਚਾਈ ਤੋਂ ਸਿਰ ਭਾਰ ਜ਼ਮੀਨ ਤੇ ਡਿੱਗਦਾ ਹੈ! ਪਰ ਬਿਨਾਂ ਕੋਈ ਸੱਟ-ਚੋਟ ਲੱਗੇ ਬੱਚਾ 15 ਮਿੰਟਾਂ ਵਿਚ ਹੀ ਲੜਖੜਾਉਂਦਾ ਹੋਇਆ ਆਪਣੇ ਪੈਰਾਂ ਤੇ ਖੜ੍ਹਾ ਹੋ ਜਾਂਦਾ ਹੈ ਤੇ ਦੁੱਧ ਚੁੰਘਣ ਲਈ ਤਿਆਰ ਹੋ ਜਾਂਦਾ ਹੈ। ਦੋ ਜਾਂ ਤਿੰਨ ਹਫ਼ਤਿਆਂ ਬਾਅਦ ਬੱਚਾ ਕਿੱਕਰ ਦੀਆਂ ਟਾਹਣੀਆਂ ਦੀਆਂ ਨਰਮ-ਨਰਮ ਕਰੂੰਬਲਾਂ ਨੂੰ ਖਾਣਾ ਸ਼ੁਰੂ ਕਰ ਦਿੰਦਾ ਹੈ ਤੇ ਜਲਦੀ ਹੀ ਉਹ ਐਨੀ ਕੁ ਤਾਂ ਤਾਕਤ ਹਾਸਲ ਕਰ ਲੈਂਦਾ ਹੈ ਕਿ ਉਹ ਆਪਣੀ ਮਾਤਾ ਦੀਆਂ ਲੰਮੀ-ਲੰਮੀਆਂ ਪੁਲਾਂਘਾਂ ਨਾਲ ਕਦਮ ਮਿਲਾ ਸਕੇ।

ਨਵ-ਜੰਮਿਆ ਜਿਰਾਫ ਹੂ-ਬਹੂ ਆਪਣੇ ਮਾਪਿਆਂ ਵਰਗਾ ਦਿੱਸਦਾ ਹੈ। ਇਹ ਬਾਕੀ ਜਿਰਾਫਾਂ ਤੋਂ ਛੋਟਾ, ਪਰ ਆਮ ਇਨਸਾਨਾਂ ਨਾਲੋਂ ਲੰਮਾ ਹੁੰਦਾ ਹੈ। ਆਪਣੀ ਪਹਿਰੇਦਾਰ ਮਾਂ ਦੀ ਨਿਗਰਾਨੀ ਹੇਠ ਖੜ੍ਹੇ ਉਤਸੁਕ ਤੇ ਨਿਡਰ ਬੱਚੇ ਦਾ ਨਜ਼ਾਰਾ ਦੇਖਣ ਵਾਲਾ ਹੁੰਦਾ ਹੈ।

ਜਣਨ ਮੌਸਮ ਦੌਰਾਨ, ਛੋਟੇ-ਛੋਟੇ ਜਿਰਾਫ ਝੁੰਡਾਂ ਵਿਚ ਇਕੱਠੇ ਕੀਤੇ ਜਾਂਦੇ ਹਨ ਜਿੱਥੇ ਉਹ ਪੂਰਾ ਦਿਨ ਆਰਾਮ ਕਰਦੇ ਹਨ, ਖੇਡਦੇ ਹਨ ਅਤੇ ਆਪਣੇ ਆਲੇ-ਦੁਆਲੇ ਦੇ ਮਾਹੌਲ ਨੂੰ ਦੇਖਦੇ ਹਨ। ਇਕ ਨਵ-ਜੰਮਿਆ ਬੱਚਾ ਬੜੀ ਤੇਜ਼ੀ ਨਾਲ ਵੱਡਾ ਹੁੰਦਾ ਹੈ। ਛੇ ਮਹੀਨਿਆਂ ਵਿਚ ਇਹ ਬੱਚਾ ਤਿੰਨ ਫੁੱਟ ਵਧਦਾ ਹੈ ਤੇ ਇਕ ਸਾਲ ਵਿਚ ਇਸ ਦਾ ਕੱਦ ਦੁੱਗਣਾ ਹੋ ਜਾਂਦਾ ਹੈ। ਸਿਰਫ਼ ਇੱਕੋ ਹਫ਼ਤੇ ਵਿਚ ਇਸ ਦਾ ਕੱਦ ਨੌਂ ਇੰਚ ਤਕ ਵਧਦਾ ਹੈ! ਮਾਦਾ ਜਿਰਾਫ ਆਪਣੇ ਬੱਚੇ ਦੀ ਬੜੀ ਰਾਖੀ ਕਰਦੀ ਹੈ। ਹਾਲਾਂਕਿ ਉਹ ਉਸ ਨੂੰ ਕੁਝ ਦੂਰੀ ਤਕ ਘੁੰਮਣ-ਫਿਰਨ ਦਿੰਦੀ ਹੈ, ਪਰ ਉਸ ਦੀ ਤੇਜ਼ ਨਜ਼ਰ ਆਪਣੇ ਬੱਚੇ ਉੱਤੇ ਹੀ ਟਿਕੀ ਰਹਿੰਦੀ ਹੈ।

ਆਪਣੇ ਲੰਮੇ ਕੱਦ, ਫੁਰਤੀ, ਰਫ਼ਤਾਰ ਅਤੇ ਤੇਜ਼ ਨਜ਼ਰ ਕਰਕੇ ਜਿਰਾਫ ਨੂੰ ਸ਼ੇਰ ਤੋਂ ਇਲਾਵਾ ਹੋਰ ਦੂਸਰੇ ਜੰਗਲੀ ਜਾਨਵਰ ਤੋਂ ਘੱਟ ਹੀ ਖ਼ਤਰਾ ਰਹਿੰਦਾ ਹੈ। ਪਰ ਉਸ ਦਾ ਇਕ ਦੁਸ਼ਮਣ ਆਦਮੀ ਹੈ ਜਿਸ ਨੇ ਵੱਡੀ ਗਿਣਤੀ ਵਿਚ ਇਸ ਸੁੰਦਰ ਜਾਨਵਰ ਦਾ ਸ਼ਿਕਾਰ ਕੀਤਾ ਹੈ। ਇਸ ਦੀ ਸੋਹਣੀ ਚਮੜੀ, ਸੁਆਦੀ ਮੀਟ ਅਤੇ ਕਾਲੇ ਵਾਲਾਂ ਵਾਲੀ ਲੰਮੀ ਪੂਛ ਕਰਕੇ ਇਸ ਜਾਨਵਰ ਦਾ ਬੇਰਹਿਮੀ ਨਾਲ ਸ਼ਿਕਾਰ ਕੀਤਾ ਗਿਆ ਹੈ। ਕੁਝ ਵਿਸ਼ਵਾਸ ਕਰਦੇ ਹਨ ਕਿ ਇਸ ਦੀ ਪੂਛ ਵਿਚ ਰਹੱਸਮਈ ਸ਼ਕਤੀਆਂ ਹਨ। ਸ਼ਿਕਾਰ ਦੀ ਵਜ੍ਹਾ ਨਾਲ ਇਸ ਸ਼ਾਂਤ ਜਾਨਵਰ ਦਾ ਭਵਿੱਖ ਧੁੰਦਲਾ ਨਜ਼ਰ ਆਉਂਦਾ ਹੈ। ਇਕ ਸਮਾਂ ਸੀ ਜਦੋਂ ਅਫ਼ਰੀਕਾ ਦੇ ਕਈ ਹਿੱਸਿਆਂ ਵਿਚ ਬਹੁਤ ਸਾਰੇ ਜਿਰਾਫ ਹੋਇਆ ਕਰਦੇ ਸਨ, ਪਰ ਹੁਣ ਇਨ੍ਹਾਂ ਜਿਰਾਫਾਂ ਨੂੰ ਸਿਰਫ਼ ਪਸ਼ੂ-ਰੱਖਿਅਕ ਪਾਰਕਾਂ ਤੇ ਜੰਗਲਾਂ ਦੀਆਂ ਹੱਦਾਂ ਵਿਚ ਹੀ ਸੁਰੱਖਿਅਤ ਰੱਖਿਆ ਜਾ ਸਕਦਾ ਹੈ।

ਅੱਜ ਵੀ ਜਦੋਂ ਅਫ਼ਰੀਕਾ ਵਿਚ ਯਾਤਰੀ ਇਨ੍ਹਾਂ ਜਾਨਵਰਾਂ ਨੂੰ ਦੇਖਣ ਆਉਂਦੇ ਹਨ, ਤਾਂ ਉਹ ਲੰਮੀਆਂ ਗਰਦਨਾਂ ਵਾਲੇ ਜਿਰਾਫਾਂ ਨੂੰ ਘਾਹ ਦੇ ਖੁੱਲ੍ਹੇ ਮੈਦਾਨਾਂ ਵਿਚ ਬੇਮੁਹਾਰੇ ਦੌੜਦੇ ਦੇਖ ਕੇ ਬੜੇ ਖ਼ੁਸ਼ ਹੁੰਦੇ ਹਨ। ਉੱਥੇ ਉਨ੍ਹਾਂ ਨੂੰ ਕੰਡਿਆਲੇ ਕਿੱਕਰ ਦੇ ਰੁੱਖਾਂ ਦੀਆਂ ਉਚਾਈਆਂ ਤੋਂ ਪੱਤੇ ਖਾਂਦੇ ਜਾਂ ਦੂਰ ਨਜ਼ਰ ਟਿਕਾਏ ਹੋਏ ਦੇਖਿਆ ਜਾ ਸਕਦਾ ਹੈ। ਇਸ ਸ਼ਾਨਦਾਰ ਜਾਨਵਰ ਦੇ ਅਨੋਖੇ ਤੇ ਸੁੰਦਰ ਆਕਾਰ ਅਤੇ ਸ਼ਾਂਤ ਸੁਭਾਅ ਕਰਕੇ ਸੱਚ-ਮੁੱਚ ਹੀ ਇਸ ਦੀ ਬਣਾਵਟ ਬੇਮਿਸਾਲ ਹੈ। ਇਹ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਦੀ ਰਚਨਾਤਮਕ ਕਲਾਕਾਰੀ ਤੇ ਅਨੋਖੀ ਸ਼ਖ਼ਸੀਅਤ ਦਾ ਇਕ ਹੋਰ ਸਬੂਤ ਹੈ।​—ਜ਼ਬੂਰ 104:24.

[ਫੁਟਨੋਟ]

^ ਪੈਰਾ 3 ਖੁੱਲ੍ਹੇ ਅਫ਼ਰੀਕੀ ਮੈਦਾਨਾਂ ਉੱਤੇ ਫੈਲੀਆਂ ਛੋਟੀਆਂ-ਛੋਟੀਆਂ, ਪਥਰੀਲੀਆਂ ਪਹਾੜੀਆਂ ਨੂੰ ਕੋਪੀ ਕਹਿੰਦੇ ਹਨ।

[ਸਫ਼ਾ 18 ਉੱਤੇ ਡੱਬੀ/​ਤਸਵੀਰ]

ਲੰਮੀ ਗਰਦਨ​—ਇਕ ਕਰਾਮਾਤ

ਇਕ ਵਿਅਕਤੀ ਸੋਚ ਸਕਦਾ ਹੈ ਕਿ ਜਿਰਾਫ ਦੇ ਡੀਲਡੌਲ ਤੇ ਵੱਡੇ ਆਕਾਰ ਕਰਕੇ ਉਸ ਨੂੰ ਮੁਸ਼ਕਲਾਂ ਪੇਸ਼ ਆਉਣੀਆਂ ਚਾਹੀਦੀਆਂ ਹਨ। ਇਸ ਦੇ ਉੱਚੇ ਕੱਦ ਤੇ ਲੰਮੀ ਗਰਦਨ ਕਰਕੇ ਸਰੀਰ ਦੇ ਸਾਰੇ ਹਿੱਸਿਆਂ ਵਿਚ ਲਹੂ ਪਹੁੰਚਣਾ ਨਾਮੁਮਕਿਨ ਲੱਗਦਾ ਹੈ। ਮਿਸਾਲ ਵਜੋਂ, ਜਦੋਂ ਜਿਰਾਫ ਆਪਣਾ ਸਿਰ ਜ਼ਮੀਨ ਵੱਲ ਝੁਕਾਉਂਦਾ ਹੈ, ਤਾਂ ਗਰੂਤਾਕਰਸ਼ਣ ਕਰਕੇ ਲਹੂ ਤੇਜ਼ੀ ਨਾਲ ਸਿਰ ਵੱਲ ਵਹਿਣਾ ਚਾਹੀਦਾ ਹੈ ਤੇ ਦਿਮਾਗ਼ ਲਹੂ ਨਾਲ ਭਰ ਜਾਣਾ ਚਾਹੀਦਾ ਹੈ। ਅਤੇ ਜਿਉਂ ਹੀ ਜਿਰਾਫ ਆਪਣਾ ਸਿਰ ਉੱਪਰ ਚੁੱਕਦਾ ਹੈ, ਤਾਂ ਇਸ ਦਾ ਲਹੂ ਇਕਦਮ ਵਾਪਸ ਦਿਲ ਵਿਚ ਆ ਜਾਣਾ ਚਾਹੀਦਾ ਹੈ ਜਿਸ ਕਰਕੇ ਜਿਰਾਫ ਨੂੰ ਬੇਹੋਸ਼ ਹੋ ਜਾਣਾ ਚਾਹੀਦਾ ਹੈ। ਪਰ ਇੱਦਾਂ ਨਹੀਂ ਹੁੰਦਾ। ਕਿਉਂ ਨਹੀਂ?

ਜਿਰਾਫ ਦੀ ਲਹੂ-ਸੰਚਾਰ ਪ੍ਰਣਾਲੀ ਸੱਚ-ਮੁੱਚ ਇਕ ਕਰਾਮਾਤ ਹੈ ਜਿਸ ਨੂੰ ਉਸ ਦੇ ਡੀਲਡੌਲ ਤੇ ਆਕਾਰ ਨੂੰ ਧਿਆਨ ਵਿਚ ਰੱਖ ਕੇ ਬੜੀ ਹੀ ਕੁਸ਼ਲਤਾ ਤੇ ਅਨੋਖੇ ਢੰਗ ਨਾਲ ਰਚਿਆ ਗਿਆ ਹੈ। ਜਿਰਾਫ ਦਾ ਦਿਲ ਆਮ ਨਾਲੋਂ ਵੱਡਾ ਹੁੰਦਾ ਹੈ ਤੇ ਇਸ ਨੂੰ 10 ਤੋਂ 12 ਫੁੱਟ ਉੱਪਰ ਸਥਿਤ ਦਿਮਾਗ਼ ਤਕ ਲਹੂ ਪਹੁੰਚਾਉਣ ਲਈ ਬੜੀ ਮਿਹਨਤ ਕਰਨੀ ਪੈਂਦੀ ਹੈ। ਇਹ ਪ੍ਰਤੀ ਮਿੰਟ 170 ਵਾਰ ਧੜਕਦਾ ਹੈ ਤੇ ਇਸ ਦੀਆਂ ਤਿੰਨ ਇੰਚ ਮੋਟੀਆਂ ਪੱਠੇਦਾਰ ਦੀਵਾਰਾਂ ਦੇ ਸੁੰਗੜਨ ਨਾਲ ਅਜਿਹਾ ਦਬਾਅ ਪੈਦਾ ਹੁੰਦਾ ਹੈ ਜੋ ਕਿ ਇਨਸਾਨਾਂ ਦੇ ਮੁਕਾਬਲੇ ਤਿੰਨ ਗੁਣਾ ਜ਼ਿਆਦਾ ਹੁੰਦਾ ਹੈ। ਇਸ ਦਬਾਅ ਨਾਲ ਨਜਿੱਠਣ ਲਈ, ਦਿਮਾਗ਼ ਤਕ ਖ਼ੂਨ ਲੈ ਕੇ ਜਾਣ ਵਾਲੀ ਕਰੌਟਡ ਨਾੜੀ ਅਤੇ ਵਾਪਸ ਦਿਲ ਵਿਚ ਖ਼ੂਨ ਲਿਆਉਣ ਵਾਲੀ ਜੁਗੂਲਰ ਨਾੜੀ, ਦੋਵੇਂ ਹੀ ਵੱਡੀਆਂ ਹੋਣੀਆਂ ਚਾਹੀਦੀਆਂ ਹਨ। ਇਸੇ ਲਈ ਜਿਰਾਫ ਵਿਚ ਇਨ੍ਹਾਂ ਨਾੜੀਆਂ ਦਾ ਵਿਆਸ ਇਕ ਇੰਚ ਨਾਲੋਂ ਜ਼ਿਆਦਾ ਹੁੰਦਾ ਹੈ ਤੇ ਇਨ੍ਹਾਂ ਦੀ ਦੀਵਾਰ ਮਜ਼ਬੂਤ ਲਚਕੀਲੇ ਟਿਸ਼ੂਆਂ ਦੀ ਬਣੀ ਹੁੰਦੀ ਹੈ ਜਿਸ ਨਾਲ ਇਹ ਨਾੜੀਆਂ ਲਚਕਦਾਰ ਤੇ ਮਜ਼ਬੂਤ ਹੁੰਦੀਆਂ ਹਨ।

ਜਦੋਂ ਜਿਰਾਫ ਆਪਣਾ ਸਿਰ ਹੇਠਾਂ ਕਰਦਾ ਹੈ, ਤਾਂ ਖ਼ਾਸ ਕਿਸਮ ਦੇ ਵਾਲਵ ਲਹੂ ਦੇ ਵਹਾਅ ਨੂੰ ਨਿਸ਼ਚਿਤ ਮਾਤਰਾ ਵਿਚ ਦਿਮਾਗ਼ ਤਕ ਪਹੁੰਚਾਉਂਦੇ ਹਨ। ਦਿਮਾਗ਼ ਦੇ ਹੇਠਲੇ ਹਿੱਸੇ ਵਿਚ ਵੱਡੀ ਕਰੌਟਡ ਨਾੜੀ ਅਨੋਖੇ ਤਰੀਕੇ ਨਾਲ ਬਣਾਏ ਗਏ ਨਾੜੀਆਂ ਦੇ ਜਾਲ ਵਿਚ ਵੰਡੀ ਜਾਂਦੀ ਹੈ। ਛੋਟੀਆਂ-ਛੋਟੀਆਂ ਲਹੂ ਨਾੜੀਆਂ ਦੇ ਇਸ ਖ਼ਾਸ ਜਾਲ ਵਿਚ ਆ ਕੇ ਲਹੂ ਦਾ ਭਾਰੀ ਵਹਾਅ ਘੱਟ ਜਾਂਦਾ ਹੈ ਤੇ ਇਹ ਨਾੜੀਆਂ ਲਹੂ ਦੇ ਦਬਾਅ ਨੂੰ ਸਹੀ ਮਾਤਰਾ ਵਿਚ ਨਿਸ਼ਚਿਤ ਕਰਦੀਆਂ ਹਨ ਤੇ ਦਿਮਾਗ਼ ਨੂੰ ਲਹੂ ਦੇ ਤੇਜ਼ ਵਹਾਅ ਤੋਂ ਬਚਾਉਂਦੀਆਂ ਹਨ। ਜਦੋਂ ਜਿਰਾਫ ਆਪਣਾ ਸਿਰ ਝੁਕਾਉਂਦਾ ਹੈ, ਤਾਂ ਨਾੜੀਆਂ ਦਾ ਇਹ ਜਾਲ ਫੈਲਦਾ ਹੈ ਤੇ ਜਦੋਂ ਇਹ ਆਪਣਾ ਸਿਰ ਉੱਪਰ ਚੁੱਕਦਾ ਹੈ, ਤਾਂ ਇਹ ਜਾਲ ਸੁੰਗੜਦਾ ਹੈ। ਇਸ ਤਰ੍ਹਾਂ ਗਰੂਤਾਕਰਸ਼ਣ ਦੇ ਬਾਵਜੂਦ ਵੀ ਲਹੂ ਇਕਦਮ ਦਿਲ ਵਿਚ ਵਾਪਸ ਨਹੀਂ ਵਹਿੰਦਾ ਤੇ ਦਿਲ ਤੇ ਕੋਈ ਮਾੜਾ ਅਸਰ ਨਹੀਂ ਪੈਂਦਾ।

ਜਿਰਾਫ ਦੀ ਗਰਦਨ ਦੀ ਬਣਾਵਟ ਵੀ ਇਕ ਅਜੂਬਾ ਹੈ। ਵਿਗਿਆਨੀਆਂ ਨੂੰ ਬੜੀ ਹੈਰਾਨੀ ਹੋਈ ਜਦੋਂ ਉਨ੍ਹਾਂ ਨੇ ਦੇਖਿਆ ਕਿ ਜਿਰਾਫ ਦੀ ਅਨੋਖੀ ਲੰਮੀ ਗਰਦਨ ਦੀ ਹੱਡੀ ਵਿਚ ਵੀ ਓਨੇ ਹੀ ਮਣਕੇ ਹਨ ਜਿੰਨੇ ਕਿ ਚੂਹੇ ਜਾਂ ਜ਼ਿਆਦਾਤਰ ਥਣਧਾਰੀ ਜਾਨਵਰਾਂ ਦੀ ਗਰਦਨ ਵਿਚ ਹੁੰਦੇ ਹਨ! ਪਰ ਜ਼ਿਆਦਾਤਰ ਹੋਰਨਾਂ ਥਣਧਾਰੀਆਂ ਦੇ ਉਲਟ, ਜਿਰਾਫ ਦੀ ਗਰਦਨ ਦੀ ਹੱਡੀ ਦੇ ਮਣਕੇ ਲੰਮੇ ਹੁੰਦੇ ਹਨ ਅਤੇ ਇਹ ਖ਼ਾਸ ਬਾਲ-ਤੇ-ਸਾਕਟ ਤਰੀਕੇ ਨਾਲ ਇਕ ਦੂਜੇ ਨਾਲ ਜੁੜੇ ਹੋਏ ਹਨ। ਇਹ ਬਣਤਰ ਗਰਦਨ ਨੂੰ ਅਨੋਖੀ ਲਚਕ ਪ੍ਰਦਾਨ ਕਰਦੀ ਹੈ। ਇਸ ਤਰ੍ਹਾਂ ਜਿਰਾਫ ਆਪਣੀ ਗਰਦਨ ਨੂੰ ਮੋੜ ਕੇ ਜਾਂ ਝੁਕਾ ਕੇ ਆਪਣੇ ਸਰੀਰ ਦੇ ਸਾਰੇ ਹਿੱਸਿਆਂ ਦੀ ਸਫ਼ਾਈ ਕਰ ਸਕਦਾ ਹੈ ਜਾਂ ਭੋਜਨ ਵਾਸਤੇ ਕੋਮਲਤਾ ਨਾਲ ਦਰਖ਼ਤਾਂ ਦੀਆਂ ਉੱਚੀਆਂ ਟਾਹਣੀਆਂ ਤਕ ਪਹੁੰਚ ਸਕਦਾ ਹੈ।