Skip to content

Skip to table of contents

ਕੀ ਪਰਮੇਸ਼ੁਰ ਸੁਪਨਿਆਂ ਰਾਹੀਂ ਸੁਨੇਹੇ ਭੇਜਦਾ ਹੈ?

ਕੀ ਪਰਮੇਸ਼ੁਰ ਸੁਪਨਿਆਂ ਰਾਹੀਂ ਸੁਨੇਹੇ ਭੇਜਦਾ ਹੈ?

ਬਾਈਬਲ ਦਾ ਦ੍ਰਿਸ਼ਟੀਕੋਣ

ਕੀ ਪਰਮੇਸ਼ੁਰ ਸੁਪਨਿਆਂ ਰਾਹੀਂ ਸੁਨੇਹੇ ਭੇਜਦਾ ਹੈ?

ਕਿਹਾ ਜਾਂਦਾ ਹੈ ਕਿ ਐਲੀਆਸ ਹਾਓ ਨਾਂ ਦੇ ਡੀਜ਼ਾਈਨਕਾਰ ਨੂੰ ਇਕ ਸੁਪਨੇ ਵਿਚ ਸਿਲਾਈ ਮਸ਼ੀਨ ਦਾ ਵਿਚਾਰ ਸੁੱਝਿਆ ਸੀ। ਮਸ਼ਹੂਰ ਸੰਗੀਤਕਾਰ ਮੋਟਜ਼ਾਰਟ ਨੇ ਕਿਹਾ ਕਿ ਸੰਗੀਤ ਦੇ ਬਹੁਤ ਸਾਰੇ ਵਿਸ਼ੇ ਉਸ ਨੂੰ ਸੁਪਨਿਆਂ ਰਾਹੀਂ ਮਿਲੇ। ਰਸਾਈਣ-ਵਿਗਿਆਨੀ ਫ਼ਰੀਡਰਿਕ ਔਗਸਟ ਕੇਕੁਲ ਫੋਨ ਸ਼ਟ੍ਰਾਡੌਨਿਟਸ ਨੇ ਵੀ ਦਾਅਵਾ ਕੀਤਾ ਸੀ ਕਿ ਉਸ ਨੇ ਬੈਨਜ਼ੀਨ ਦੀ ਬਣਤਰ ਇਕ ਸੁਪਨੇ ਵਿਚ ਦੇਖੀ ਸੀ। ਇਸ ਤਰ੍ਹਾਂ ਦੇ ਦਾਅਵੇ ਅਕਸਰ ਸੁਣੇ ਜਾਂਦੇ ਹਨ। ਇਤਿਹਾਸ ਦੌਰਾਨ ਬਹੁਤ ਸਾਰੇ ਸਭਿਆਚਾਰ ਇਹ ਗੱਲ ਮੰਨਦੇ ਆਏ ਹਨ ਕਿ ਸੁਪਨੇ ਰੱਬ ਤੋਂ ਆਉਂਦੇ ਹਨ। ਕਈ ਸਭਿਆਚਾਰ ਇਹ ਵਿਸ਼ਵਾਸ ਰੱਖਦੇ ਹਨ ਕਿ ਸੁਪਨਿਆਂ ਵਿਚ ਦੇਖੀਆਂ ਗਈਆਂ ਚੀਜ਼ਾਂ ਬਿਲਕੁਲ ਅਸਲੀ ਹਨ।

ਬਾਈਬਲ ਵਿਚ ਸੁਪਨਿਆਂ ਬਾਰੇ ਕਈ ਬਿਰਤਾਂਤ ਹਨ ਜਿਨ੍ਹਾਂ ਰਾਹੀਂ ਪਰਮੇਸ਼ੁਰ ਤੋਂ ਬਹੁਤ ਜ਼ਰੂਰੀ ਗੱਲਾਂ ਦੱਸੀਆਂ ਗਈਆਂ ਸਨ। (ਨਿਆਈਆਂ 7:13, 14; 1 ਰਾਜਿਆਂ 3:5) ਮਿਸਾਲ ਲਈ, ਪਰਮੇਸ਼ੁਰ ਨੇ ਅਬਰਾਹਾਮ, ਯਾਕੂਬ, ਅਤੇ ਯੂਸੁਫ਼ ਨੂੰ ਸੁਪਨਿਆਂ ਰਾਹੀਂ ਸੁਨੇਹੇ ਭੇਜੇ ਸਨ। (ਉਤਪਤ 28:10-19; 31:10-13; 37:5-11) ਬਾਬਲ ਦੇ ਰਾਜਾ ਨਬੂਕਦਨੱਸਰ ਨੂੰ ਵੀ ਪਰਮੇਸ਼ੁਰ ਤੋਂ ਭਵਿੱਖ-ਸੂਚਕ ਸੁਪਨੇ ਆਏ। (ਦਾਨੀਏਲ 2:1, 28-45) ਤਾਂ ਫਿਰ ਕੀ ਅਸੀਂ ਇਹ ਮੰਨ ਸਕਦੇ ਹਾਂ ਕਿ ਅੱਜ ਵੀ ਕੁਝ ਸੁਪਨੇ ਪਰਮੇਸ਼ੁਰ ਤੋਂ ਸੁਨੇਹੇ ਹਨ?

ਪਰਮੇਸ਼ੁਰ ਵੱਲੋਂ ਸੁਪਨੇ

ਬਾਈਬਲ ਵਿਚ ਪਰਮੇਸ਼ੁਰ ਤੋਂ ਆਏ ਸੁਪਨੇ ਹਮੇਸ਼ਾ ਕਿਸੇ ਖ਼ਾਸ ਕਾਰਨ ਲਈ ਆਉਂਦੇ ਹੁੰਦੇ ਸਨ। ਇਹ ਸੱਚ ਹੈ ਕਿ ਕਈ ਵਾਰ ਜਿਨ੍ਹਾਂ ਬੰਦਿਆਂ ਨੂੰ ਇਹ ਸੁਪਨੇ ਆਏ ਸਨ ਉਹ ਹਮੇਸ਼ਾ ਉਨ੍ਹਾਂ ਦਾ ਅਰਥ ਨਹੀਂ ਸਮਝ ਸਕੇ। ਪਰੰਤੂ ਬਹੁਤ ਵਾਰੀ ‘ਭੇਤਾਂ ਦੀਆਂ ਗੱਲਾਂ ਪ੍ਰਗਟ ਕਰਨ ਵਾਲੇ’ ਨੇ ਖ਼ੁਦ ਇਨ੍ਹਾਂ ਸੁਪਨਿਆਂ ਦੇ ਅਰਥ ਸਮਝਾਏ ਤਾਂਕਿ ਇਨ੍ਹਾਂ ਦਾ ਗ਼ਲਤ ਅਰਥ ਨਾ ਕੱਢਿਆ ਜਾਵੇ। (ਦਾਨੀਏਲ 2:28, 29; ਆਮੋਸ 3:7) ਆਮ ਸੁਪਨੇ ਧੁੰਦਲੇ ਜਿਹੇ ਹੁੰਦੇ ਹਨ ਅਤੇ ਉਨ੍ਹਾਂ ਦਾ ਕੋਈ ਅਰਥ ਨਹੀਂ ਹੁੰਦਾ, ਪਰ ਪਰਮੇਸ਼ੁਰ ਤੋਂ ਆਏ ਸੁਪਨੇ ਇਸ ਤਰ੍ਹਾਂ ਦੇ ਨਹੀਂ ਸਨ।

ਕਦੀ-ਕਦੀ, ਪਰਮੇਸ਼ੁਰ ਨੇ ਆਪਣਾ ਮਕਸਦ ਪੂਰਾ ਕਰਨ ਦੇ ਸੰਬੰਧ ਵਿਚ ਖ਼ਾਸ ਬੰਦਿਆਂ ਨੂੰ ਬਚਾਉਣ ਲਈ ਸੁਪਨੇ ਭੇਜੇ। ਅਤੇ ਕਦੀ-ਕਦੀ ਇਸ ਤਰ੍ਹਾਂ ਦੇ ਸੁਪਨੇ ਸਿਰਫ਼ ਪਰਮੇਸ਼ੁਰ ਦੇ ਸੇਵਕਾਂ ਨੂੰ ਨਹੀਂ ਆਉਂਦੇ ਸਨ। ਉਦਾਹਰਣ ਲਈ ਉਹ ਜੋਤਸ਼ੀ, ਜੋ ਛੋਟੇ ਬੱਚੇ ਯਿਸੂ ਨੂੰ ਮਿਲਣ ਆਏ ਸਨ, ਖ਼ੂਨੀ ਹੇਰੋਦੇਸ ਕੋਲ ਵਾਪਸ ਨਹੀਂ ਗਏ ਭਾਵੇਂ ਕਿ ਹੇਰੋਦੇਸ ਨੇ ਉਨ੍ਹਾਂ ਨੂੰ ਇਵੇਂ ਕਰਨ ਲਈ ਹੁਕਮ ਦਿੱਤਾ ਸੀ। ਕਿਉਂ? ਕਿਉਂਕਿ ਉਨ੍ਹਾਂ ਨੂੰ ਇਕ ਸੁਪਨੇ ਰਾਹੀਂ ਖ਼ਬਰਦਾਰ ਕੀਤਾ ਗਿਆ ਸੀ। (ਮੱਤੀ 2:7-12) ਇਸ ਤਰ੍ਹਾਂ ਯਿਸੂ ਦੇ ਲੈਪਾਲਕ ਪਿਤਾ ਯੂਸੁਫ਼ ਨੂੰ ਆਪਣੇ ਪਰਿਵਾਰ ਨਾਲ ਮਿਸਰ ਨੂੰ ਭੱਜਣ ਲਈ ਸਮਾਂ ਮਿਲਿਆ। ਉਸ ਨੂੰ ਵੀ ਇਕ ਸੁਪਨੇ ਵਿਚ ਖ਼ਬਰਦਾਰ ਕੀਤਾ ਗਿਆ ਸੀ। ਇਨ੍ਹਾਂ ਗੱਲਾਂ ਨੂੰ ਮੰਨਣ ਕਰਕੇ ਯਿਸੂ ਬਚਾਇਆ ਗਿਆ।​—ਮੱਤੀ 2:13-15.

ਸਦੀਆਂ ਪਹਿਲਾਂ ਮਿਸਰ ਦੇ ਇਕ ਰਾਜੇ ਨੂੰ ਵੀ ਸੁਪਨੇ ਆਏ ਸਨ। ਇਨ੍ਹਾਂ ਸੁਪਨਿਆਂ ਵਿਚ ਉਸ ਨੇ ਅਨਾਜ ਦੇ ਸੱਤ ਮੋਟੇ ਅਤੇ ਚੰਗੇ ਸਿੱਟੇ ਦੇਖੇ ਅਤੇ ਸੱਤ ਸੋਹਣੀਆਂ ਤੇ ਮੋਟੀਆਂ ਗਾਈਆਂ ਦੇਖੀਆਂ। ਫਿਰ ਇਸ ਦੀ ਤੁਲਨਾ ਵਿਚ ਉਸ ਨੇ ਅਨਾਜ ਦੇ ਸੱਤ ਪਤਲੇ ਸਿੱਟੇ ਅਤੇ ਸੱਤ ਮਾੜੀਆਂ ਗਾਈਆਂ ਦੇਖੀਆਂ। ਪਰਮੇਸ਼ੁਰ ਦੀ ਮਦਦ ਨਾਲ ਯੂਸੁਫ਼ ਨੇ ਇਨ੍ਹਾਂ ਸੁਪਨਿਆਂ ਦਾ ਸਹੀ-ਸਹੀ ਅਰਥ ਸਮਝਾਇਆ। ਮਿਸਰ ਵਿਚ ਸੱਤ ਸਾਲਾਂ ਲਈ ਬਹੁਤ ਫ਼ਸਲ ਲੱਗਣੀ ਸੀ ਅਤੇ ਸੱਤ ਸਾਲਾਂ ਲਈ ਕਾਲ ਪੈਣਾ ਸੀ। ਇਹ ਜਾਣਕਾਰੀ ਮਿਲਣ ਤੇ ਮਿਸਰ ਦੇ ਲੋਕ ਕਾਲ ਦੇ ਸਮੇਂ ਲਈ ਤਿਆਰੀ ਕਰ ਸਕੇ ਅਤੇ ਅਨਾਜ ਜਮ੍ਹਾ ਕਰ ਸਕੇ। ਇਸ ਤਰ੍ਹਾਂ ਕਰਨ ਨਾਲ ਪਰਮੇਸ਼ੁਰ ਦੇ ਇਰਾਦੇ ਦੇ ਮੁਤਾਬਕ ਅਬਰਾਹਾਮ ਦੀ ਸੰਤਾਨ ਬਚਾਈ ਗਈ ਅਤੇ ਮਿਸਰ ਜਾ ਕੇ ਵਸਣ ਲੱਗੀ।​—ਉਤਪਤ, ਅਧਿਆਇ 41; 45:5-8.

ਇਸੇ ਤਰ੍ਹਾਂ ਬਾਬਲ ਦੇ ਰਾਜਾ ਨਬੂਕਦਨੱਸਰ ਨੂੰ ਵੀ ਸੁਪਨਾ ਆਇਆ ਸੀ। ਇਸ ਸੁਪਨੇ ਵਿਚ ਉਸ ਨੇ ਉਨ੍ਹਾਂ ਆਉਣ ਵਾਲੀਆਂ ਵਿਸ਼ਵ ਸ਼ਕਤੀਆਂ ਦਾ ਉਤਾਰ-ਚੜ੍ਹਾਅ ਦੇਖਿਆ ਜਿਨ੍ਹਾਂ ਨੇ ਪਰਮੇਸ਼ੁਰ ਦੇ ਲੋਕਾਂ ਉੱਤੇ ਕੋਈ-ਨ-ਕੋਈ ਅਸਰ ਪਾਉਣਾ ਸੀ। (ਦਾਨੀਏਲ 2:31-43) ਨਬੂਕਦਨੱਸਰ ਨੇ ਇਕ ਵੱਖਰੇ ਸਮੇਂ ਤੇ ਇਕ ਹੋਰ ਸੁਪਨਾ ਦੇਖਿਆ, ਜਿਸ ਵਿਚ ਉਸ ਨੂੰ ਦੱਸਿਆ ਗਿਆ ਕਿ ਉਹ ਭਵਿੱਖ ਵਿਚ ਪਾਗਲ ਬਣ ਜਾਵੇਗਾ ਅਤੇ ਫਿਰ ਠੀਕ ਹੋ ਜਾਵੇਗਾ। ਬਾਅਦ ਵਿਚ ਇਸ ਭਵਿੱਖ-ਸੂਚਕ ਸੁਪਨੇ ਦੀ ਇਕ ਵੱਡੀ ਪੂਰਤੀ ਵੀ ਹੋਣੀ ਸੀ, ਯਾਨੀ ਮਸੀਹਾਈ ਰਾਜ ਦੀ ਸਥਾਪਨਾ ਜਿਸ ਦੇ ਰਾਹੀਂ ਪਰਮੇਸ਼ੁਰ ਨੇ ਆਪਣਾ ਮਕਸਦ ਪੂਰਾ ਕਰਨਾ ਸੀ।​—ਦਾਨੀਏਲ 4:10-37.

ਅੱਜ ਬਾਰੇ ਕੀ?

ਹਾਂ ਪਰਮੇਸ਼ੁਰ ਨੇ ਕੁਝ ਲੋਕਾਂ ਨੂੰ ਸੁਪਨਿਆਂ ਰਾਹੀਂ ਸੁਨੇਹੇ ਭੇਜੇ ਸਨ। ਪਰ ਬਾਈਬਲ ਇਹ ਦਿਖਾਉਂਦੀ ਹੈ ਕਿ ਪਰਮੇਸ਼ੁਰ ਸਿਰਫ਼ ਕਦੇ-ਕਦੇ ਇਸ ਤਰ੍ਹਾਂ ਕਰਦਾ ਸੀ। ਪਰਮੇਸ਼ੁਰ ਦਾ ਗੱਲਬਾਤ ਕਰਨ ਦਾ ਮੁੱਖ ਤਰੀਕਾ ਸੁਪਨਿਆਂ ਰਾਹੀਂ ਨਹੀਂ ਸੀ। ਪਰਮੇਸ਼ੁਰ ਦੇ ਬਹੁਤ ਸਾਰੇ ਵਫ਼ਾਦਾਰ ਸੇਵਕਾਂ ਨੂੰ ਉਸ ਵੱਲੋਂ ਸੁਪਨੇ ਰਾਹੀਂ ਸੁਨੇਹੇ ਕਦੇ ਨਹੀਂ ਆਏ ਸਨ। ਬੰਦਿਆਂ ਨਾਲ ਸੁਪਨਿਆਂ ਰਾਹੀਂ ਗੱਲਬਾਤ ਕਰਨ ਦੀ ਤੁਲਨਾ ਲਾਲ ਸਮੁੰਦਰ ਨੂੰ ਦੋ ਹਿੱਸਿਆਂ ਵਿਚ ਕਰਨ ਦੇ ਚਮਤਕਾਰ ਨਾਲ ਕੀਤੀ ਜਾ ਸਕਦੀ ਹੈ। ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਨੇ ਇਹ ਚਮਤਕਾਰ ਇਕ ਵਾਰ ਕੀਤਾ ਸੀ ਪਰ ਉਹ ਆਪਣੇ ਲੋਕਾਂ ਦੀ ਮਦਦ ਕਰਨ ਲਈ ਆਮ ਕਰਕੇ ਅਜਿਹੇ ਤਰੀਕੇ ਨਹੀਂ ਇਸਤੇਮਾਲ ਕਰਦਾ ਸੀ।​—ਕੂਚ 14:21.

ਪੌਲੁਸ ਰਸੂਲ ਨੇ ਸਵੀਕਾਰ ਕੀਤਾ ਸੀ ਕਿ ਪਰਮੇਸ਼ੁਰ ਦੀ ਆਤਮਾ ਆਪਣੇ ਸੇਵਕਾਂ ਉੱਤੇ ਉਨ੍ਹੀਂ ਦਿਨੀਂ ਅਜੀਬ ਤਰੀਕਿਆਂ ਵਿਚ ਕੰਮ ਕਰ ਰਹੀ ਸੀ। ਪੌਲੁਸ ਨੇ ਕਿਹਾ: “ਇੱਕ ਨੂੰ ਤਾਂ ਆਤਮਾ ਦੇ ਰਾਹੀਂ ਗਿਆਨ ਦੀ ਗੱਲ ਪਰਾਪਤ ਹੁੰਦੀ ਹੈ ਅਤੇ ਦੂਏ ਨੂੰ ਓਸੇ ਆਤਮਾ ਦੇ ਅਨੁਸਾਰ ਵਿੱਦਿਆ ਦੀ ਗੱਲ। ਅਤੇ ਹੋਰ ਕਿਸੇ ਨੂੰ ਉਸੇ ਆਤਮਾ ਤੋਂ ਨਿਹਚਾ ਅਤੇ ਹੋਰ ਕਿਸੇ ਨੂੰ ਉਸੇ ਇੱਕ ਆਤਮਾ ਤੋਂ ਨਰੋਇਆਂ ਕਰਨ ਦੀਆਂ ਦਾਤਾਂ। ਅਤੇ ਹੋਰ ਕਿਸੇ ਨੂੰ ਕਰਾਮਾਤਾਂ ਵਿਖਾਉਣ ਦੀ ਸਮਰੱਥਾ ਅਤੇ ਹੋਰ ਕਿਸੇ ਨੂੰ ਅਗੰਮ ਵਾਕ ਅਤੇ ਹੋਰ ਕਿਸੇ ਨੂੰ ਆਤਮਿਆਂ ਦੀ ਪਛਾਣ ਅਤੇ ਹੋਰ ਨੂੰ ਅਨੇਕ ਪਰਕਾਰ ਦੀਆਂ ਭਾਸ਼ਾਂ ਅਤੇ ਹੋਰ ਕਿਸੇ ਨੂੰ ਭਾਸ਼ਾਂ ਦਾ ਅਰਥ ਕਰਨਾ।” (1 ਕੁਰਿੰਥੀਆਂ 12:8-10) ਭਾਵੇਂ ਕਿ ਇੱਥੇ ਪਰਮੇਸ਼ੁਰ ਵੱਲੋਂ ਸੁਪਨਿਆਂ ਬਾਰੇ ਨਹੀਂ ਲਿਖਿਆ ਗਿਆ ਹੈ, ਪਰ ਯੋਏਲ 2:28 ਦੀ ਪੂਰਤੀ ਵਿਚ ਕਈਆਂ ਮਸੀਹੀਆਂ ਨੇ ਆਤਮਾ ਦੀਆਂ ਦਾਤਾਂ ਵਜੋਂ ਪਰਮੇਸ਼ੁਰ ਵੱਲੋਂ ਸੁਪਨੇ ਦੇਖੇ ਸਨ।​—ਰਸੂਲਾਂ ਦੇ ਕਰਤੱਬ 16:9, 10.

ਲੇਕਿਨ ਇਨ੍ਹਾਂ ਦਾਤਾਂ ਦੇ ਬਾਰੇ ਗੱਲ ਕਰਦੇ ਹੋਏ ਰਸੂਲ ਨੇ ਕਿਹਾ: “ਭਾਵੇਂ ਅਗੰਮ ਵਾਕ ਹੋਣ ਓਹ ਮੁੱਕ ਜਾਣਗੇ, ਭਾਵੇਂ ਬੋਲੀਆਂ ਹੋਣ ਓਹ ਜਾਂਦੀਆਂ ਰਹਿਣਗੀਆਂ, ਭਾਵੇਂ ਇਲਮ ਹੋਵੇ ਉਹ ਮੁੱਕ ਜਾਵੇਗਾ।” (1 ਕੁਰਿੰਥੀਆਂ 13:8) ਸਪੱਸ਼ਟ ਤੌਰ ਤੇ ‘ਮੁੱਕ ਜਾਣ’ ਵਾਲੀਆਂ ਦਾਤਾਂ ਵਿਚ ਬੰਦਿਆਂ ਨਾਲ ਗੱਲ ਕਰਨ ਦੇ ਵੱਖਰੇ ਤਰੀਕੇ ਵੀ ਸ਼ਾਮਲ ਸਨ। ਰਸੂਲਾਂ ਦੀ ਮੌਤ ਤੋਂ ਬਾਅਦ ਪਰਮੇਸ਼ੁਰ ਨੇ ਇਹ ਖ਼ਾਸ ਦਾਤਾਂ ਬੰਦ ਕਰ ਦਿੱਤੀਆਂ ਸਨ।

ਅੱਜ ਕਈ ਵਿਗਿਆਨੀ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਅਸੀਂ ਸੁਪਨੇ ਕਿਉਂ ਦੇਖਦੇ ਹਾਂ ਅਤੇ ਕਿ ਇਨ੍ਹਾਂ ਦਾ ਕੋਈ ਕੰਮ ਹੈ ਜਾਂ ਨਹੀਂ। ਬਾਈਬਲ ਇਸ ਬਾਰੇ ਕੁਝ ਨਹੀਂ ਕਹਿੰਦੀ। ਲੇਕਿਨ ਬਾਈਬਲ ਉਨ੍ਹਾਂ ਲੋਕਾਂ ਨੂੰ ਚੇਤਾਵਨੀ ਦਿੰਦੀ ਹੈ ਜੋ ਆਪਣਿਆਂ ਸੁਪਨਿਆਂ ਵਿਚ ਪਰਮੇਸ਼ੁਰ ਕੋਲੋਂ ਸੁਨੇਹੇ ਲੱਭਣ ਦੀ ਕੋਸ਼ਿਸ਼ ਕਰਦੇ ਹਨ। ਜ਼ਕਰਯਾਹ 10:2 ਵਿਚ ਲਿਖਿਆ ਹੈ: “ਪੁੱਛ ਦੇਣ ਵਾਲੇ . . . ਸੁਫਨੇ ਵਾਲੇ ਵਿਅਰਥ ਗੱਲਾਂ ਕਰਦੇ ਹਨ।” ਪਰਮੇਸ਼ੁਰ ਫਾਲ ਪਾਉਣ ਦੇ ਖ਼ਿਲਾਫ਼ ਵੀ ਚੇਤਾਵਨੀ ਦਿੰਦਾ ਹੈ। (ਬਿਵਸਥਾ ਸਾਰ 18:10-12) ਇਨ੍ਹਾਂ ਚੇਤਾਵਨੀਆਂ ਨੂੰ ਮਨ ਵਿਚ ਰੱਖਦੇ ਹੋਏ, ਅੱਜ ਕੋਈ ਵੀ ਮਸੀਹੀ ਆਪਣੇ ਸੁਪਨਿਆਂ ਰਾਹੀਂ ਪਰਮੇਸ਼ੁਰ ਤੋਂ ਸੁਨੇਹੇ ਮਿਲਣ ਦੀ ਆਸ ਨਹੀਂ ਰੱਖਦਾ। ਇਸ ਤੋਂ ਇਲਾਵਾ, ਉਹ ਵਿਸ਼ਵਾਸ ਕਰਦੇ ਹਨ ਕਿ ਨੀਂਦ ਵੇਲੇ ਸੁਪਨੇ ਤਾਂ ਆਉਂਦੇ ਹਨ ਪਰ ਇਨ੍ਹਾਂ ਦਾ ਕੋਈ ਅਰਥ ਨਹੀਂ ਹੈ।