Skip to content

Skip to table of contents

ਚਿਰਾਪੂੰਜੀ—ਦੁਨੀਆਂ ਦਾ ਇਕ ਸਭ ਤੋਂ ਜ਼ਿਆਦਾ ਮੀਂਹ ਵਾਲਾ ਸਥਾਨ

ਚਿਰਾਪੂੰਜੀ—ਦੁਨੀਆਂ ਦਾ ਇਕ ਸਭ ਤੋਂ ਜ਼ਿਆਦਾ ਮੀਂਹ ਵਾਲਾ ਸਥਾਨ

ਚਿਰਾਪੂੰਜੀ​—ਦੁਨੀਆਂ ਦਾ ਇਕ ਸਭ ਤੋਂ ਜ਼ਿਆਦਾ ਮੀਂਹ ਵਾਲਾ ਸਥਾਨ

ਭਾਰਤ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

ਦੁਨੀਆਂ ਦਾ ਇਕ ਸਭ ਤੋਂ ਜ਼ਿਆਦਾ ਮੀਂਹ ਵਾਲਾ ਸਥਾਨ? ਇਹ ਕਿੱਦਾਂ ਹੋ ਸਕਦਾ ਹੈ? ਭਾਰਤ ਵਿਚ ਤਾਂ ਅਕਸਰ ਪਾਣੀ ਦੀ ਕਿੱਲਤ ਰਹਿੰਦੀ ਹੈ ਤੇ ਸਾਲ ਦੇ ਜ਼ਿਆਦਾਤਰ ਮਹੀਨਿਆਂ ਦੌਰਾਨ ਲੋਕਾਂ ਨੂੰ ਛੱਤਰੀਆਂ ਵਰਤਣ ਦੀ ਵੀ ਲੋੜ ਨਹੀਂ ਪੈਂਦੀ! ਅਸੀਂ ਕਿਹੜੀ ਅਨੋਖੀ ਜਗ੍ਹਾ ਦੀ ਗੱਲ ਕਰ ਰਹੇ ਹਾਂ? ਇਹ ਜਗ੍ਹਾ ਹੈ ਚਿਰਾਪੂੰਜੀ—ਬੰਗਲਾਦੇਸ਼ ਦੀ ਸਰਹੱਦ ਨਾਲ ਲੱਗਦੇ ਭਾਰਤ ਦੇ ਉੱਤਰ-ਪੂਰਬੀ ਸੂਬੇ ਮੇਘਾਲਿਆ ਦਾ ਇਕ ਸ਼ਹਿਰ। ਮੇਘਾਲਿਆ ਇੰਨਾ ਸੋਹਣਾ ਹੈ ਕਿ ਇਸ ਨੂੰ “ਪੂਰਬ ਦਾ ਸਕਾਟਲੈਂਡ” ਕਿਹਾ ਜਾਂਦਾ ਹੈ। ਇਸ ਦੇ ਨਾਂ ਦਾ ਮਤਲਬ ਹੈ “ਬੱਦਲਾਂ ਦਾ ਨਿਵਾਸ।” ਪਰ ਲੰਮੇ ਸਮੇਂ ਤੋਂ ਚਿਰਾਪੂੰਜੀ ਨੂੰ ਦੁਨੀਆਂ ਦਾ ਇਕ ਸਡ ਤੋਂ ਜ਼ਿਆਦਾ ਮੀਂਹ ਵਾਲਾ ਸਥਾਨ ਕਿਉਂ ਮੰਨਿਆ ਜਾਂਦਾ ਹੈ? ਆਓ ਆਪਾਂ ਕੁਦਰਤ ਦੇ ਇਸ ਅਜੂਬੇ ਦੀ ਸੈਰ ਕਰੀਏ। *

ਅਸੀਂ ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਤੋਂ ਆਪਣਾ ਸਫ਼ਰ ਸ਼ੁਰੂ ਕਰਦੇ ਹਾਂ। ਇਕ ਟੂਰਿਸਟ ਬਸ ਵਿਚ ਬੈਠ ਕੇ ਅਸੀਂ ਦੱਖਣ ਵੱਲ ਵਧਦੇ ਹਾਂ। ਜਦੋਂ ਅਸੀਂ ਦੂਰ-ਦੂਰ ਤਕ ਫੈਲੀਆਂ ਪਹਾੜੀਆਂ ਅਤੇ ਖੁੱਲ੍ਹੇ ਘਾਹ ਦੇ ਮੈਦਾਨਾਂ ਵਿੱਚੋਂ ਲੰਘਦੇ ਹਾਂ, ਤਾਂ ਸਾਨੂੰ ਸਾਮ੍ਹਣੇ ਬੱਦਲ ਦਿਖਾਈ ਦਿੰਦੇ ਹਨ ਜਿਸ ਤੋਂ ਸਾਨੂੰ ਇਕਦਮ ਯਾਦ ਆਉਂਦਾ ਹੈ ਕਿ ਮੇਘਾਲਿਆ ਦਾ ਨਾਂ ਬਿਲਕੁਲ ਸਹੀ ਹੈ।

ਸਾਡੀ ਬਸ ਇਕ ਡੂੰਘੀ ਖਾਈ ਦੇ ਨਾਲ-ਨਾਲ ਬਣੀ ਵੱਲ਼ ਖਾਂਦੀ ਸੜਕ ਰਾਹੀਂ ਪਹਾੜਾਂ ਤੇ ਚੜ੍ਹਦੀ ਹੈ। ਝਰਨੇ ਬਹੁਤ ਉਚਾਈ ਤੋਂ ਥੱਲੇ ਡਿੱਗਦੇ ਹਨ ਜਿਸ ਨਾਲ ਨਦੀ ਘਾਟੀ ਵਿੱਚੋਂ ਦੀ ਛੱਲਾਂ ਮਾਰ-ਮਾਰ ਵਹਿੰਦੀ ਹੈ। ਜਦੋਂ ਸਾਡੀ ਬਸ ਮਾਉਡੌਕ ਸ਼ਹਿਰ ਵਿਚ ਰੁਕਦੀ ਹੈ, ਤਾਂ ਸਾਨੂੰ ਬਹੁਤ ਘੱਟ ਉਚਾਈ ਤੇ ਬੱਦਲ ਪਹਾੜੀਆਂ ਵਿੱਚੋਂ ਦੀ ਲੰਘਦੇ ਦਿਖਾਈ ਦਿੰਦੇ ਹਨ। ਅਚਾਨਕ ਉਹ ਪੂਰੇ ਨਜ਼ਾਰੇ ਨੂੰ ਢੱਕ ਲੈਂਦੇ ਹਨ ਤੇ ਫਿਰ ਜਲਦੀ ਹੀ ਉੱਡ ਜਾਂਦੇ ਹਨ। ਕੁਝ ਪਲਾਂ ਲਈ ਤਾਂ ਅਸੀਂ ਵੀ ਬੱਦਲਾਂ ਨਾਲ ਢਕੇ ਜਾਂਦੇ ਹਾਂ ਅਤੇ ਹਲਕੇ ਚਿੱਟੇ ਰੰਗ ਦੀ ਧੁੰਦ ਵਿਚ ਲੁੱਕ ਜਾਂਦੇ ਹਾਂ। ਪਰ ਜਲਦੀ ਹੀ ਬੱਦਲ ਹਟ ਜਾਂਦੇ ਹਨ ਤੇ ਸੂਰਜ ਫਿਰ ਤੋਂ ਚਮਕਣ ਲੱਗਦਾ ਹੈ ਜਿਸ ਨਾਲ ਨਜ਼ਾਰਾ ਹੋਰ ਵੀ ਸੁੰਦਰ ਦਿੱਸਦਾ ਹੈ।

ਚਿਰਾਪੂੰਜੀ ਸਮੁੰਦਰ ਤਲ ਤੋਂ 4,000 ਫੁੱਟ ਦੀ ਉਚਾਈ ਤੇ ਸਥਿਤ ਹੈ। ਜਦੋਂ ਅਸੀਂ ਸ਼ਹਿਰ ਵਿਚ ਪਹੁੰਚਦੇ ਹਾਂ, ਤਾਂ ਉੱਥੇ ਕੋਈ ਬੱਦਲ ਨਜ਼ਰ ਨਹੀਂ ਆਉਂਦਾ ਅਤੇ ਨਾ ਹੀ ਕਿਸੇ ਦੇ ਹੱਥ ਵਿਚ ਛੱਤਰੀ ਹੈ। ਸਿਰਫ਼ ਅਸੀਂ ਸੈਲਾਨੀਆਂ ਨੇ ਹੀ ਮੋਹਲੇਧਾਰ ਮੀਂਹ ਤੋਂ ਬਚਣ ਦੀਆਂ ਤਿਆਰੀਆਂ ਕੀਤੀਆਂ ਹੋਈਆਂ ਹਨ! ਤਾਂ ਫਿਰ, ਮੀਂਹ ਕਦੋਂ ਪੈਂਦਾ ਹੈ?

ਜਦੋਂ ਸੂਰਜ ਸਮੁੰਦਰਾਂ ਦੇ ਗਰਮ ਭਾਗਾਂ ਵਿੱਚੋਂ ਬਹੁਤ ਸਾਰੇ ਪਾਣੀ ਨੂੰ ਵਾਸ਼ਪ ਬਣਾਉਂਦਾ ਹੈ, ਤਾਂ ਤਪਤਖੰਡੀ ਇਲਾਕਿਆਂ ਵਿਚ ਜ਼ੋਰਦਾਰ ਮੀਂਹ ਪੈਂਦਾ ਹੈ। ਜਦੋਂ ਹਿੰਦ ਮਹਾਂਸਾਗਰ ਤੋਂ ਨਮੀ ਨਾਲ ਭਰੀਆਂ ਹਵਾਵਾਂ ਹਿਮਾਲਾ ਪਰਬਤ ਦੀਆਂ ਦੱਖਣੀ ਢਲਾਣਾਂ ਨਾਲ ਟਕਰਾਉਂਦੀਆਂ ਹਨ ਤੇ ਉੱਪਰ ਉੱਠਦੀਆਂ ਹਨ, ਤਾਂ ਇਹ ਹਵਾਵਾਂ ਮੋਹਲੇਧਾਰ ਮੀਂਹ ਵਰ੍ਹਾਉਂਦੀਆਂ ਹਨ। ਮੇਘਾਲਿਆ ਦੇ ਪਠਾਰ ਵਿਚ ਸੱਭ ਤੋਂ ਜ਼ਿਆਦਾ ਮੀਂਹ ਪੈਂਦਾ ਹੈ। ਇਸ ਤੋਂ ਇਲਾਵਾ, ਕਿਉਂ ਜੋ ਇਸ ਪਠਾਰ ਉੱਤੇ ਦਿਨ ਵੇਲੇ ਸੂਰਜ ਪੂਰੇ ਜ਼ੋਰ ਨਾਲ ਚਮਕਦਾ ਹੈ, ਇਸ ਲਈ ਪਾਣੀ ਨਾਲ ਲੱਦੇ ਬੱਦਲ ਉੱਪਰ ਉੱਠਦੇ ਹਨ ਅਤੇ ਪਠਾਰ ਦੇ ਉੱਤੇ ਤਦ ਤਕ ਮੰਡਲਾਉਂਦੇ ਰਹਿੰਦੇ ਹਨ ਜਦ ਤਕ ਸ਼ਾਮ ਦੇ ਵੇਲੇ ਹਵਾ ਠੰਢੀ ਨਹੀਂ ਹੋ ਜਾਂਦੀ। ਇਸੇ ਕਰਕੇ ਸ਼ਾਇਦ ਰਾਤ ਦੇ ਵੇਲੇ ਜ਼ਿਆਦਾ ਮੀਂਹ ਪੈਂਦਾ ਹੈ।

ਜੁਲਾਈ 1861 ਦੌਰਾਨ ਚਿਰਾਪੂੰਜੀ ਵਿਚ 366 ਇੰਚ ਤਕ ਮੀਂਹ ਪਿਆ ਸੀ! ਅਤੇ 1 ਅਗਸਤ 1860 ਤੋਂ 31 ਜੁਲਾਈ 1861 ਦੇ 12 ਮਹੀਨਿਆਂ ਦੌਰਾਨ 1,042 ਇੰਚ ਤਕ ਮੀਂਹ ਪਿਆ। ਅੱਜ, ਇੱਥੇ ਇਕ ਸਾਲ ਵਿਚ ਔਸਤਨ 180 ਦਿਨ ਮੀਂਹ ਪੈਂਦਾ ਹੈ। ਜੂਨ ਤੋਂ ਸਤੰਬਰ ਦੇ ਮਹੀਨਿਆਂ ਦੌਰਾਨ ਸਭ ਤੋਂ ਜ਼ਿਆਦਾ ਮੀਂਹ ਪੈਂਦਾ ਹੈ। ਕਿਉਂਕਿ ਜ਼ਿਆਦਾ ਮੀਂਹ ਰਾਤ ਨੂੰ ਪੈਂਦਾ ਹੈ, ਇਸ ਲਈ ਸੈਲਾਨੀ ਬਿਨਾਂ ਭਿੱਜੇ ਨਜ਼ਾਰਿਆਂ ਦਾ ਆਨੰਦ ਮਾਣ ਸਕਦੇ ਹਨ।

ਇਹ ਵਿਸ਼ਵਾਸ ਕਰਨਾ ਬਹੁਤ ਮੁਸ਼ਕਲ ਲੱਗਦਾ ਹੈ ਕਿ ਇਸ ਇਲਾਕੇ ਵਿਚ ਇੰਨਾ ਮੀਂਹ ਪੈਣ ਦੇ ਬਾਵਜੂਦ ਵੀ ਇੱਥੇ ਪਾਣੀ ਦੀ ਕਿੱਲਤ ਰਹਿੰਦੀ ਹੈ। ਇੱਦਾਂ ਖ਼ਾਸਕਰ ਸਰਦੀਆਂ ਦੇ ਮੌਸਮ ਵਿਚ ਹੁੰਦਾ ਹੈ। ਮੀਂਹ ਦਾ ਪਾਣੀ ਕਿੱਥੇ ਚਲਾ ਜਾਂਦਾ ਹੈ? ਚਿਰਾਪੂੰਜੀ ਤੋਂ ਬਾਹਰ ਦੇ ਜੰਗਲਾਂ ਦੀ ਬਹੁਤ ਜ਼ਿਆਦਾ ਕਟਾਈ ਹੋਣ ਕਰਕੇ ਮੀਂਹ ਦਾ ਪਾਣੀ ਉੱਚੇ ਪਠਾਰ ਤੋਂ ਵਹਿ ਕੇ ਥੱਲੇ ਮੈਦਾਨੀ ਇਲਾਕਿਆਂ ਦੀਆਂ ਨਦੀਆਂ ਨੂੰ ਭਰ ਦਿੰਦਾ ਹੈ ਤੇ ਇਹ ਨਦੀਆਂ ਬੰਗਲਾਦੇਸ਼ ਵਿਚ ਚਲੀਆਂ ਜਾਂਦੀਆਂ ਹਨ। ਸਰਕਾਰ ਨਦੀਆਂ ਉੱਤੇ ਡੈਮ ਅਤੇ ਪਾਣੀ ਦੀਆਂ ਝੀਲਾਂ ਬਣਾਉਣ ਬਾਰੇ ਸੋਚ ਰਹੀ ਹੈ। ਪਰ ਮਾਉਸਿਨਰਾਮ ਦੇ ਕਬਾਇਲੀ ਰਾਜਾ, ਜੀ. ਐੱਸ. ਮਾਨਗਿਆਂਗ ਦਾ ਕਹਿਣਾ ਹੈ ਕਿ “ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਅਜੇ ਤਕ ਕੋਈ ਠੋਸ ਕਦਮ ਨਹੀਂ” ਚੁੱਕੇ ਗਏ ਹਨ।

ਚਿਰਾਪੂੰਜੀ ਦੀ ਸੈਰ ਕਰ ਕੇ ਬਹੁਤ ਮਜ਼ਾ ਆਇਆ ਤੇ ਅਸੀਂ ਬਹੁਤ ਕੁਝ ਸਿੱਖਿਆ। ਇਸ ਇਲਾਕੇ ਵਿਚ ਬਹੁਤ ਹੀ ਸੁੰਦਰ ਨਜ਼ਾਰੇ ਹਨ! ਤੇ ਇੱਥੇ ਬਹੁਤ ਸੋਹਣੇ-ਸੋਹਣੇ ਫੁੱਲ ਹਨ ਜਿਨ੍ਹਾਂ ਵਿਚ ਓਰਕਿਡ ਫੁੱਲਾਂ ਦੀਆਂ 300 ਕਿਸਮਾਂ ਅਤੇ ਮਾਸਾਹਾਰੀ ਪਿੱਚਰ ਪਲਾਂਟ ਦੀ ਇਕ ਅਨੋਖੀ ਕਿਸਮ ਵੀ ਸ਼ਾਮਲ ਹੈ। ਇਸ ਤੋਂ ਇਲਾਵਾ, ਇੱਥੇ ਵੱਖ-ਵੱਖ ਤਰ੍ਹਾਂ ਦੇ ਜੰਗਲੀ ਜਾਨਵਰ ਵੀ ਹਨ। ਤੁਸੀਂ ਚੂਨੇ ਦੇ ਪੱਥਰਾਂ ਦੀਆਂ ਗੁਫ਼ਾਵਾਂ ਵਿਚ ਘੁੰਮ ਸਕਦੇ ਹੋ ਤੇ ਸਦੀਆਂ ਪਹਿਲਾਂ ਯਾਦਗਾਰ ਦੇ ਰੂਪ ਵਿਚ ਰੱਖੇ ਵਿਸ਼ਾਲ ਪੱਥਰਾਂ ਨੂੰ ਦੇਖ ਸਕਦੇ ਹੋ। ਅਤੇ ਇਸ ਖੇਤਰ ਵਿਚ ਸੰਤਰਿਆਂ ਦੇ ਬਾਗ਼ਾਂ ਵਿਚ ਬਹੁਤ ਰਸੀਲੇ ਸੰਤਰੇ ਲੱਗਦੇ ਹਨ ਤੇ ਇੱਥੇ ਸੰਤਰੇ ਦਾ ਸੁਆਦੀ ਕੁਦਰਤੀ ਸ਼ਹਿਦ ਵੀ ਬਣਦਾ ਹੈ। “ਬੱਦਲਾਂ ਦੇ ਨਿਵਾਸ,” ਮੇਘਾਲਿਆ ਅਤੇ ਦੁਨੀਆਂ ਦੇ ਇਕ ਸਭ ਤੋਂ ਜ਼ਿਆਦਾ ਮੀਂਹ ਵਾਲੇ ਸਥਾਨ, ਚਿਰਾਪੂੰਜੀ ਵਿਚ ਇਹ ਸਾਰੀਆਂ ਚੀਜ਼ਾਂ ਸੈਲਾਨੀਆਂ ਦੀ ਉਡੀਕ ਕਰ ਰਹੀਆਂ ਹਨ।

[ਫੁਟਨੋਟ]

^ ਪੈਰਾ 3 ਕਾਉਆਈ ਨਾਮਕ ਇਕ ਹਵਾਈ ਟਾਪੂ ਉੱਤੇ ਵਾਈਓਲੀਆਲੀ ਪਹਾੜ ਅਤੇ ਚਿਰਾਪੂੰਜੀ ਤੋਂ 16 ਕਿਲੋਮੀਟਰ ਦੂਰ ਮਾਉਸਿਨਰਾਮ ਪਿੰਡ ਵਿਚ ਕਦੇ-ਕਦਾਈਂ ਚਿਰਾਪੂੰਜੀ ਨਾਲੋਂ ਔਸਤਨ ਜ਼ਿਆਦਾ ਮੀਂਹ ਰਿਕਾਰਡ ਕੀਤਾ ਗਿਆ ਹੈ।

[ਸਫ਼ਾ 19 ਉੱਤੇ ਨਕਸ਼ਾ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਭਾਰਤ

ਚਿਰਾਪੂੰਜੀ

[ਕ੍ਰੈਡਿਟ ਲਾਈਨ]

Mountain High Maps® Copyright © 1997 Digital Wisdom, Inc.

[ਸਫ਼ਾ 20 ਉੱਤੇ ਤਸਵੀਰ]

ਝਰਨਿਆਂ ਦਾ ਪਾਣੀ ਨਦੀ ਵਿਚ ਡਿੱਗਦਾ ਹੈ ਜੋ ਛੱਲਾਂ ਮਾਰਦੀ ਹੋਈ ਘਾਟੀ ਵਿੱਚੋਂ ਦੀ ਵਹਿੰਦੀ ਹੈ

[ਸਫ਼ਾ 20 ਉੱਤੇ ਤਸਵੀਰ]

ਮਾਸਾਹਾਰੀ ਪਿੱਚਰ ਪਲਾਂਟ ਦੀ ਇਹ ਕਿਸਮ ਧਰਤੀ ਦੇ ਸਿਰਫ਼ ਇਸ ਕੋਨੇ ਵਿਚ ਹੀ ਪਾਈ ਜਾਂਦੀ ਹੈ

[ਕ੍ਰੈਡਿਟ ਲਾਈਨ]

Photograph by Matthew Miller