Skip to content

Skip to table of contents

ਯੁੱਧ ਦੀ ਬਜਾਇ ਸ਼ਾਂਤੀ ਨੂੰ ਅੱਗੇ ਵਧਾਉਣਾ

ਯੁੱਧ ਦੀ ਬਜਾਇ ਸ਼ਾਂਤੀ ਨੂੰ ਅੱਗੇ ਵਧਾਉਣਾ

ਯੁੱਧ ਦੀ ਬਜਾਇ ਸ਼ਾਂਤੀ ਨੂੰ ਅੱਗੇ ਵਧਾਉਣਾ

ਡੋਰਥੀ ਹੋਰਲ ਦੀ ਜ਼ਬਾਨੀ

ਸਾਲ 1919 ਵਿਚ ਮੇਰਾ ਜਨਮ ਅਮਰੀਕਾ ਦੇ ਡੈਲਾਵੈਰ ਰਾਜ ਦੇ ਵਿਲਮਿੰਗਟਨ ਸ਼ਹਿਰ ਵਿਚ ਹੋਇਆ। ਮੇਰਾ ਪਰਿਵਾਰ ਇਤਾਲਵੀ ਕੈਥੋਲਿਕ ਸੀ। ਭਾਵੇਂ ਮੇਰੇ ਮਾਪੇ ਚਰਚ ਨਹੀਂ ਜਾਂਦੇ ਸਨ ਉਹ ਮੈਨੂੰ ਅਤੇ ਮੇਰੀਆਂ ਦੋਹਾਂ ਭੈਣਾਂ ਨੂੰ ਹਮੇਸ਼ਾ ਚਰਚ ਘੱਲਦੇ ਹੁੰਦੇ ਸਨ। ਮੈਨੂੰ ਚਰਚਾਂ ਦੀਆਂ ਮਹਾਨ ਇਮਾਰਤਾਂ, ਵਧੀਆ ਮੂਰਤੀਆਂ ਅਤੇ ਉਨ੍ਹਾਂ ਦੀ ਸ਼ਾਨ ਬਹੁਤ ਪਸੰਦ ਆਈ।

ਸਾਲ ਬੀਤਦੇ ਗਏ ਅਤੇ ਕੈਥੋਲਿਕ ਧਰਮ ਵਿਚ ਮੇਰੀ ਦਿਲਚਸਪੀ ਘੱਟਦੀ ਗਈ। ਮੇਰੇ ਪਿਤਾ ਜੀ ਬਾਈਬਲ ਦਾ ਆਦਰ ਕਰਦੇ ਸਨ ਅਤੇ ਇਸ ਨੂੰ ਹਮੇਸ਼ਾ ਪੜ੍ਹਦੇ ਸਨ, ਪਰ ਚਰਚ ਵਿਚ ਬਾਈਬਲ ਬਾਰੇ ਇੰਨੀ ਗੱਲਬਾਤ ਨਹੀਂ ਕੀਤੀ ਜਾਂਦੀ ਸੀ। ਕਦੀ-ਕਦੀ ਚਰਚ ਵਿਚ ਨੋਟਿਸ ਛਾਪੇ ਜਾਂਦੇ ਸਨ ਜਿਨ੍ਹਾਂ ਵਿਚ ਮੈਂਬਰਾਂ ਦੇ ਨਾਂਵਾਂ ਦੇ ਨਾਲ-ਨਾਲ ਇਹ ਦੱਸਿਆ ਜਾਂਦਾ ਸੀ ਕਿ ਉਨ੍ਹਾਂ ਨੇ ਕਿੰਨੇ-ਕਿੰਨੇ ਪੈਸੇ ਦਿੱਤੇ ਸਨ। ਮੈਨੂੰ ਇਹ ਗੱਲ ਪਸੰਦ ਨਹੀਂ ਸੀ। ਅਸੀਂ ਪਾਦਰੀਆਂ ਦੇ ਗ਼ਲਤ ਕੰਮਾਂ ਬਾਰੇ ਵੀ ਅਕਸਰ ਸੁਣਦੇ ਹੁੰਦੇ ਸਨ। ਜਦੋਂ ਮੈਂ 15 ਕੁ ਸਾਲਾਂ ਦੀ ਸੀ ਤਾਂ ਮੈਂ ਕੈਥੋਲਿਕ ਚਰਚ ਨੂੰ ਜਾਣਾ ਛੱਡ ਦਿੱਤਾ। ਹੁਣ ਮੇਰੇ ਕੋਲ ਕਲਾਕਾਰੀ ਵਿਚ ਸਿਖਲਾਈ ਲੈਣ ਲਈ ਹੋਰ ਸਮਾਂ ਸੀ।

ਕਲਾਕਾਰੀ ਦਾ ਪੇਸ਼ਾ

ਜਦੋਂ 1940 ਵਿਚ ਮੈਂ 21 ਸਾਲਾਂ ਦੀ ਸੀ, ਮੈਂ ਵਿਲਿਅਮ ਹੋਰਲ ਦੇ ਨਾਲ ਵਿਆਹ ਕਰਵਾ ਲਿਆ। ਉਹ ਮਿਲਟਰੀ ਸੰਬੰਧੀ ਹਰ ਇਕ ਚੀਜ਼ ਦੀ ਤਸਵੀਰ ਬਣਾਉਣੀ ਪਸੰਦ ਕਰਦਾ ਸੀ—ਹਵਾਈ-ਜਹਾਜ਼, ਸਮੁੰਦਰੀ ਜਹਾਜ਼, ਫ਼ੌਜੀ, ਬੰਦੂਕ। ਵਿਲਿਅਮ, ਯਾਨੀ ਬਿੱਲ, ਬਹੁਤ ਹੀ ਖ਼ੁਸ਼ ਹੋਇਆ ਕਿ ਮੈਂ ਵੀ ਇਕ ਕਲਾਕਾਰ ਸੀ ਅਤੇ ਉਸ ਨੇ ਮੇਰੇ ਲਈ ਪੇਂਟ ਕਰਨ ਵਾਸਤੇ ਰੰਗਾਂ ਦਾ ਸੈੱਟ ਖ਼ਰੀਦਿਆ। ਮੈਂ ਹੁਣ ਸਭ ਤੋਂ ਮਸ਼ਹੂਰ ਕਲਾਕਾਰਾਂ ਦੇ ਤਸਵੀਰਾਂ ਬਣਾਉਣ ਦੇ ਤਰੀਕੇ ਸਿੱਖਣ ਲੱਗ ਪਈ।

ਸਾਡੇ ਵਿਆਹ ਤੋਂ ਦੋ ਕੁ ਸਾਲ ਬਾਅਦ, ਬਿੱਲ ਨੇ ਸਿੱਕੇ ਦੀ ਧਾਤ ਵਿੱਚੋਂ ਮਿਲਟਰੀ ਦੇ ਛੋਟੇ-ਛੋਟੇ ਮਾਡਲ ਬਣਾਉਣ ਦਾ ਕੰਮ ਸ਼ੁਰੂ ਕਰ ਲਿਆ। ਕੀ ਇਹ ਸਿਰਫ਼ ਖਿਡੌਣੇ ਹੀ ਸਨ? ਬਿਲਕੁਲ ਨਹੀਂ! ਉਹ ਕਲਾਕਾਰੀ ਦੇ ਉੱਤਮ ਨਮੂਨੇ ਬਣਾਉਣੇ ਚਾਹੁੰਦਾ ਸੀ। ਦੂਸਰੇ ਕਾਰੀਗਰ ਪਲਾਸਟਿਕ, ਲੱਕੜੀ, ਪਲਸਤਰ ਦੇ ਮਾਡਲ ਬਣਾਉਂਦੇ ਸਨ। ਪਰ, ਬਿੱਲ ਆਪਣੀ ਪਹਿਲੀ ਨੌਕਰੀ ਵਿਚ ਮਸ਼ੀਨੀ ਸੰਦ ਇਸਤੇਮਾਲ ਕਰਦਾ ਹੁੰਦਾ ਸੀ ਅਤੇ ਇਸ ਲਈ ਉਹ ਸਿੱਕੇ ਨਾਲ ਮਾਡਲ ਬਣਾ ਸਕਿਆ।

ਪਹਿਲਾਂ ਉਹ ਇਕ ਡੀਜ਼ਾਈਨ ਬਣਾਉਂਦਾ ਹੁੰਦਾ ਸੀ, ਫਿਰ ਉਸ ਦਾ ਸਾਂਚਾ ਬਣਾ ਕੇ ਢਲੇ ਹੋਏ ਸਿੱਕੇ ਨੂੰ ਇਸ ਵਿਚ ਪਾ ਕੇ ਮਾਡਲ ਬਣਾਉਂਦਾ ਸੀ। ਹੌਲੀ-ਹੌਲੀ ਉਹ ਮਾਡਲਾਂ ਦੇ ਵੱਖਰੇ-ਵੱਖਰੇ ਹਿੱਸਿਆਂ ਨੂੰ ਟਾਂਕੇ ਲਾ ਕੇ ਜੋੜਨ, ਰੇਤੀ ਨਾਲ ਰਗੜਨ, ਅਤੇ ਪੋਲਿਸ਼ ਕਰਨ ਵਿਚ ਮਾਹਰ ਬਣ ਗਿਆ। ਉਹ ਬਾਅਦ ਵਿਚ ਪੈਰਿਸ-ਪਲਸਤਰ ਦੀ ਬਜਾਇ ਦੰਦਸਾਜ਼ੀ ਵਿਚ ਵਰਤੇ ਗਏ ਸੀਮਿੰਟ ਨੂੰ ਇਸਤੇਮਾਲ ਕਰਨ ਲੱਗ ਪਿਆ। ਇਸ ਤਰ੍ਹਾਂ ਉਹ ਬੜਾ ਬਾਰੀਕ-ਬਾਰੀਕ ਕੰਮ ਕਰ ਸਕਦਾ ਸੀ।

ਜਦੋਂ ਲੋਹੇ ਦਾ ਕੰਮ ਖ਼ਤਮ ਹੋ ਜਾਂਦਾ ਸੀ, ਤਾਂ ਬਾਕੀ ਦਾ ਕੰਮ ਮੈਂ ਪੂਰਾ ਕਰਦੀ ਹੁੰਦੀ ਸੀ। ਅਸੀਂ ਕਾਫ਼ੀ ਰਿਸਰਚ ਕਰ ਕੇ ਪੁਰਾਣੇ ਜ਼ਮਾਨੇ ਦੇ ਫ਼ੌਜੀਆਂ ਦੀਆਂ ਵਰਦੀਆਂ ਬਾਰੇ ਪਤਾ ਲਗਾਇਆ, ਇੱਥੋਂ ਤਕ ਕਿ ਅਸੀਂ ਵਰਦੀਆਂ ਦੇ ਬਟਨਾਂ, ਉਨ੍ਹਾਂ ਦੀ ਕਢਾਈ, ਵੱਖ-ਵੱਖ ਫ਼ੌਜੀਆਂ ਦੇ ਬੈਜਾਂ, ਅਤੇ ਰੰਗਾਂ ਵੱਲ ਧਿਆਨ ਦਿੱਤਾ।

ਆਕਾਰ ਵਧਾਉਣ ਵਾਲੇ ਸ਼ੀਸ਼ਿਆਂ ਰਾਹੀਂ ਦੇਖ ਕੇ ਮੈਂ ਲੋਹੇ ਉੱਤੇ ਤੇਲ ਅਤੇ ਰੰਗ ਲਗਾਉਂਦੀ ਹੁੰਦੀ ਸੀ। ਇਵੇਂ ਸਾਡੇ ਮਾਡਲ ਜੀਉਂਦੇ-ਜਾਗਦੇ ਲੱਗਣ ਲੱਗ ਪਏ। ਫ਼ਿਲਾਡੈਲਫ਼ੀਆ, ਪੈਨਸਿਲਵੇਨੀਆ ਵਿਚ ਆਪਣੇ ਘਰ ਹੇਠਾਂ ਇਕ ਛੋਟੇ ਜਿਹੇ ਕਮਰੇ ਵਿਚ ਅਸੀਂ ਅਮਰੀਕੀ ਇੰਡੀਅਨਾਂ, ਘਰੇਲੂ ਯੁੱਧ ਦੇ ਫ਼ੌਜੀਆਂ, ਯੂ. ਐੱਸ. ਜਲ-ਸੈਨਿਕਾਂ, ਨੈਪੋਲੀਅਨ ਦੇ ਸਮੇਂ ਦੇ ਘੋੜਿਆਂ ਅਤੇ ਘੋੜਸਵਾਰਾਂ, ਪੁਰਾਣੇ ਮਿਸਰ ਦੇ ਫ਼ੌਜੀਆਂ, ਅਲਜੀਰੀ ਪੈਦਲ ਸੈਨਿਕਾਂ, ਅਤੇ ਕਈ ਹੋਰਨਾਂ ਦੇ ਮਾਡਲ ਬਣਾਏ।

ਇਸ ਤੋਂ ਬਾਅਦ ਅਮਰੀਕਾ ਦੀ ਜਲ ਸੈਨਾ ਨੇ ਬਿੱਲ ਤੋਂ ਦਰਖ਼ਾਸਤ ਕੀਤੀ ਕਿ ਉਹ 1939 ਤੋਂ ਪਹਿਲਾਂ ਚੀਨ ਵਿਚ ਪੀਕਿੰਗ (ਹੁਣ ਬੇਜਿੰਗ) ਵਿਚ ਮੌਜੂਦ ਸਭ ਤੋਂ ਪਹਿਲੇ ਘੋੜਸਵਾਰ ਦਲ ਦਾ ਮਾਡਲ ਬਣਾਵੇ। ਅਸੀਂ ਇਸ ਕੰਮ ਵਿਚ ਰੁੱਝ ਗਏ ਅਤੇ 1954 ਵਿਚ ਅਸੀਂ ਇਸ ਨੂੰ ਵਾਸ਼ਿੰਗਟਨ ਡੀ. ਸੀ. ਵਿਚਲੇ ਸਮਿਥਸੋਨੀਅਨ ਇੰਸਟੀਟਿਊਸ਼ਨ ਨੂੰ ਪੇਸ਼ ਕੀਤਾ। ਕੁਝ ਸਾਲ ਬਾਅਦ ਪ੍ਰੈਜ਼ੀਡੈਂਟ ਲਿੰਡਨ ਜੌਨਸਨ ਨੇ ਸਾਨੂੰ ਪੁੱਛਿਆ ਕਿ ਇਸ ਮਾਡਲ ਨੂੰ ਵਾਈਟ ਹਾਊਸ ਵਿਚ ਰੱਖਿਆ ਜਾ ਸਕਦਾ ਸੀ ਜਾਂ ਨਹੀਂ। ਬਿਨਾਂ ਝਿਜਕੇ ਅਸੀਂ ਹਾਂ ਕਰ ਦਿੱਤੀ।

ਬਿੱਲ ਨੇ ਆਪਣੇ ਕਈ ਮਾਡਲ ਦੂਸਰਿਆਂ ਨੂੰ ਮੁਫ਼ਤ ਹੀ ਦੇ ਦਿੱਤੇ ਪਰ ਉਸ ਨੇ ਉਨ੍ਹਾਂ ਨੂੰ ਕਦੇ ਵੇਚਿਆ ਨਹੀਂ। ਸਾਡੇ ਦੋਹਾਂ ਦੇ ਨਾਂ ਫ਼ੌਜੀਆਂ ਦੇ ਮਾਡਲਾਂ ਬਾਰੇ ਕਈ ਪੁਸਤਕਾਂ ਵਿਚ ਪਾਏ ਜਾਂਦੇ ਹਨ। ਸਾਲ 1965 ਵਿਚ ਨਿਊਯਾਰਕ ਦੇ ਕੁਈਨਜ਼ ਇਲਾਕੇ ਵਿਚ ਸਾਡਾ ਕੰਮ ਇਕ ਅੰਤਰਰਾਸ਼ਟਰੀ ਮੇਲੇ ਵਿਚ ਦਿਖਾਇਆ ਗਿਆ ਸੀ। ਮਿਊਜ਼ੀਅਮਾਂ ਨੇ ਸਾਡਿਆਂ ਮਾਡਲਾਂ ਨੂੰ ਪੇਸ਼ ਕਰਨ ਦੀ ਦਰਖ਼ਾਸਤ ਕੀਤੀ। ਅਮਰੀਕਾ ਦੇ ਘਰੇਲੂ ਯੁੱਧ ਦੇ ਇਤਿਹਾਸਕਾਰ ਬਰੂਸ ਕੈਟਨ ਨੇ ਆਪਣੀਆਂ ਕਿਤਾਬਾਂ ਵਿਚ ਸਾਡੇ ਕਈ ਮਾਡਲਾਂ ਅਤੇ ਮਾਡਲਾਂ ਨਾਲ ਬਣੇ ਦ੍ਰਿਸ਼ਾਂ ਦੀਆਂ ਤਸਵੀਰਾਂ ਦਿਖਾਈਆਂ।

ਜ਼ਿੰਦਗੀ ਬਾਰੇ ਮੇਰੇ ਸਵਾਲ ਵਧਦੇ ਰਹੇ

ਜਦੋਂ ਮੈਂ ਚਾਲੀਆਂ ਕੁ ਸਾਲਾਂ ਦੀ ਹੋਈ ਤਾਂ ਮੇਰੀ ਜ਼ਿੰਦਗੀ ਵਿਚ ਕੁਝ ਤਬਦੀਲੀਆਂ ਹੋਣ ਲੱਗੀਆਂ। ਮੈਂ ਰੱਬ ਦੇ ਬਾਰੇ ਸੋਚਣ ਲੱਗ ਪਈ। ਇਕ ਸਾਲ ਕ੍ਰਿਸਮਸ ਦੇ ਦਿਨ, ਪੰਜ ਕੈਥੋਲਿਕ ਬੱਚੇ ਆਪਣੇ ਘਰ ਲੱਗੀ ਹੋਈ ਅੱਗ ਵਿਚ ਮਰ ਗਏ, ਜਦ ਕਿ ਉਨ੍ਹਾਂ ਦੇ ਮਾਪੇ ਚਰਚ ਗਏ ਹੋਏ ਸਨ। ਮੈਂ ਸੋਚਿਆ, ‘ਰੱਬ ਆਪਣੇ ਜਨਮ ਦਿਨ ਤੇ ਇਹ ਕਿੱਦਾਂ ਹੋਣ ਦੇ ਸਕਦਾ ਸੀ?’ ਫਿਰ, ਮੈਂ ਦੂਸਰੇ ਵਿਸ਼ਵ ਯੁੱਧ ਵਿਚ ਯਹੂਦੀਆਂ ਨਾਲ ਕੀਤੇ ਜ਼ੁਲਮਾਂ ਬਾਰੇ ਇਕ ਕਿਤਾਬ ਦੇਖੀ। ਇਨ੍ਹਾਂ ਅਤੇ ਦੁਨੀਆਂ ਵਿਚ ਹੋਰ ਭੈੜੀਆਂ ਚੀਜ਼ਾਂ ਦੇਖ ਕੇ ਮੈਂ ਪੁੱਛਣ ਲੱਗ ਪਈ ਕਿ ‘ਰੱਬ ਕਿੱਥੇ ਹੈ? ਜੋ ਉਸ ਨੂੰ ਕਰਨਾ ਚਾਹੀਦਾ ਹੈ ਉਹ ਕਿਉਂ ਨਹੀਂ ਕਰਦਾ!’

ਮੈਨੂੰ ਯਾਦ ਹੈ ਕਿ ਮੇਰੇ ਪਿਤਾ ਜੀ ਹਮੇਸ਼ਾ ਬਾਈਬਲ ਪੜ੍ਹਦੇ ਹੁੰਦੇ ਸਨ ਇਸ ਲਈ ਮੈਂ ਸੋਚਿਆ ਕਿ ਇਨ੍ਹਾਂ ਸਵਾਲਾਂ ਦੇ ਜਵਾਬ ਜ਼ਰੂਰ ਉਸ ਵਿਚ ਹੋਣਗੇ। ਇਸ ਲਈ ਮੈਂ ਫ਼ਿਲਾਡੈਲਫ਼ੀਆ ਵਿਚ ਆਪਣੇ ਘਰ ਦੇ ਲਾਗੇ ਇਕ ਕੈਥੋਲਿਕ ਪਾਦਰੀ ਨੂੰ ਮਿਲਣ ਗਈ। ਮੈਂ ਉਸ ਨਾਲ ਬਾਈਬਲ ਬਾਰੇ ਗੱਲਬਾਤ ਕਰਨ ਦਾ ਇੰਤਜ਼ਾਮ ਕੀਤਾ। ਮੈਂ ਉਡੀਕ ਕਰਦੀ ਰਹੀ ਪਰ ਉਹ ਆਇਆ ਹੀ ਨਹੀਂ। ਚਾਰ ਹਫ਼ਤਿਆਂ ਲਈ ਮੈਂ ਹਰ ਹਫ਼ਤੇ ਪਾਦਰੀ ਦੇ ਘਰ ਜਾਂਦੀ ਰਹੀ ਪਰ ਉਸ ਨਾਲ ਮੇਰੀ ਕੋਈ ਗੱਲ ਨਹੀਂ ਹੋਈ।

ਇਕ ਸ਼ਾਮ ਜਦੋਂ ਮੈਂ ਬਹੁਤ ਪਰੇਸ਼ਾਨ ਸੀ ਤਾਂ ਮੈਂ ਆਕਾਸ਼ ਵੱਲ ਦੇਖ ਕੇ ਪ੍ਰਾਰਥਨਾ ਕੀਤੀ: “ਮੈਂ ਇਹ ਨਹੀਂ ਜਾਣਦੀ ਕਿ ਤੂੰ ਕੌਣ ਹੈਂ। ਮੈਂ ਇਹ ਨਹੀਂ ਜਾਣਦੀ ਕਿ ਤੂੰ ਕਿਹੜੇ ਧਰਮ ਨਾਲ ਤਅੱਲਕ ਰੱਖਦਾ ਹੈਂ, ਪਰ ਮੈਨੂੰ ਇੰਨਾ ਪਤਾ ਹੈ ਕਿ ਤੂੰ ਜ਼ਰੂਰ ਹੈਂ। ਮੈਂ ਤੇਰੀਆਂ ਮਿੰਨਤਾਂ ਕਰਦੀ ਹਾਂ ਕਿ ਤੂੰ ਮੈਨੂੰ ਆਪਣੇ ਬਾਰੇ ਜਾਣਨ ਦੇ!” ਥੋੜ੍ਹੇ ਹੀ ਸਮੇਂ ਬਾਅਦ ਯਹੋਵਾਹ ਦੇ ਗਵਾਹ ਮੇਰੇ ਘਰ ਆਏ।

ਮੈਂ ਯਹੋਵਾਹ ਦੇ ਗਵਾਹਾਂ ਨੂੰ ਕਈ ਵਾਰ ਦੇਖਦੀ ਹੁੰਦੀ ਸੀ। ਉਹ ਆਪਣੀਆਂ ਕਾਰਾਂ ਵਿੱਚੋਂ ਨਿਕਲ ਕੇ ਲੋਕਾਂ ਦੇ ਘਰਾਂ ਨੂੰ ਜਾਂਦੇ ਹੁੰਦੇ ਸਨ। ਪਰ ਮੈਂ ਉਨ੍ਹਾਂ ਬਾਰੇ ਨਾ ਕੁਝ ਜਾਣਦੀ ਸੀ ਅਤੇ ਨਾ ਹੀ ਮੈਨੂੰ ਪਤਾ ਸੀ ਕਿ ਉਹ ਕਿਉਂ ਆਉਂਦੇ ਸਨ। ਫਿਰ ਵੀ ਮੈਂ ਉਨ੍ਹਾਂ ਦੇ ਕੰਮ ਬਾਰੇ ਸੋਚਦੀ ਹੁੰਦੀ ਸੀ।

ਸਾਲ 1916 ਦੇ ਉਸ ਦਿਨ ਜਦੋਂ ਗਵਾਹ ਮੇਰੇ ਘਰ ਆਏ, ਮੈਂ ਨਿਰਾਸ਼ ਸੀ ਕਿਉਂਕਿ ਰੱਬ ਦੀ ਭਾਲ ਵਿਚ ਮੈਨੂੰ ਕੁਝ ਨਹੀਂ ਪਤਾ ਲੱਗ ਰਿਹਾ ਸੀ। ਮੈਂ ਆਪਣੇ ਘਰ ਦੇ ਮੋਹਰਲੇ ਦਰਵਾਜ਼ੇ ਨੂੰ ਸਾਫ਼ ਕਰ ਰਹੀ ਸੀ ਜਦੋਂ ਇਕ ਔਰਤ ਨੇ ਪੌੜੀਆਂ ਚੜ੍ਹ ਕੇ ਮੈਨੂੰ ਹੈਲੋ ਕਹੀ। ਮੈਂ ਨਾ ਹੀ ਉਸ ਨੂੰ ਜਵਾਬ ਦਿੱਤਾ ਅਤੇ ਨਾ ਹੀ ਉਸ ਵੱਲ ਮੂੰਹ ਮੋੜਿਆ। ਪਰ ਮੈਂ ਉਸ ਦੇ ਹਰ ਲਫ਼ਜ਼ ਨੂੰ ਬੜੇ ਧਿਆਨ ਨਾਲ ਸੁਣਿਆ ਕਿਉਂਕਿ ਉਸ ਨੇ ਧਰਤੀ ਨੂੰ ਇਕ ਫਿਰਦੌਸ ਵਿਚ ਬਦਲੇ ਜਾਣ ਬਾਰੇ ਗੱਲ ਕੀਤੀ। ਫਿਰ ਉਸ ਨੇ ਰੁੱਕ ਕੇ ਮੈਨੂੰ ਪੁੱਛਿਆ: “ਕੀ ਤੁਸੀਂ ਮੇਰੀ ਗੱਲ ਸੁਣ ਰਹੇ ਹੋ?”

ਮੈਂ ਉਸ ਦੀ ਹਰੇਕ ਗੱਲ ਉਸ ਨੂੰ ਦੁਹਰਾ ਕੇ ਦੱਸੀ, ਅਤੇ ਬਾਈਬਲ ਵਿੱਚੋਂ ਯਸਾਯਾਹ 55:11 ਦੀ ਗੱਲ ਵੀ ਉਸ ਨੂੰ ਸੁਣਾਈ। ਫਿਰ ਮੈਂ ਉਸ ਵੱਲ ਮੁੜ ਕੇ ਉਸ ਦੀ ਬਾਂਹ ਫੜੀ, ਅਤੇ ਉਸ ਨੂੰ ਕਿਹਾ: “ਅੰਦਰ ਆਓ!” ਪੰਤਾਲੀਆਂ ਕੁ ਸਾਲਾਂ ਦੀ ਇਸ ਔਰਤ ਦਾ ਨਾਂ ਮਾਰਜ ਬ੍ਰੀਅਨ ਸੀ ਅਤੇ ਉਸ ਨੇ ਮੈਨੂੰ ਮੇਰੀ ਪਹਿਲੀ ਬਾਈਬਲ ਦਿੱਤੀ ਅਤੇ ਫਿਰਦੌਸ ਬਾਰੇ ਇਕ ਕਿਤਾਬ ਵੀ ਦਿੱਤੀ। ਇਸ ਦੇ ਨਾਲ-ਨਾਲ ਉਸ ਨੇ ਮੇਰੇ ਨਾਲ ਹਰ ਹਫ਼ਤੇ ਬਾਈਬਲ ਵਿੱਚੋਂ ਸਟੱਡੀ ਕਰਨ ਦਾ ਮੌਕਾ ਪੇਸ਼ ਕੀਤਾ, ਯਾਨੀ ਉਹੀ ਚੀਜ਼ ਜਿਸ ਦੀ ਮੈਂ ਕੈਥੋਲਿਕ ਚਰਚ ਤੋਂ ਉਮੀਦ ਰੱਖਦੀ ਸੀ।

ਮੈਂ ਹਰ ਹਫ਼ਤੇ ਦੋ ਵਾਰੀ ਸਟੱਡੀ ਕਰਦੀ ਹੁੰਦੀ ਸੀ ਅਤੇ ਮੈਂ ਬਾਈਬਲ ਦਾ ਗਿਆਨ ਹਾਸਲ ਕਰਨ ਵਿਚ ਕਾਫ਼ੀ ਤਰੱਕੀ ਕੀਤੀ। ਮੈਨੂੰ ਬਹੁਤ ਜਲਦੀ ਪਤਾ ਲੱਗ ਗਿਆ ਕਿ ਮੈਨੂੰ ਸੱਚਾਈ ਮਿਲ ਗਈ ਸੀ। ਜਦੋਂ ਮੈਨੂੰ ਪਤਾ ਲੱਗਾ ਕਿ ਪਰਮੇਸ਼ੁਰ ਦਾ ਨਾਂ ਯਹੋਵਾਹ ਹੈ ਤਾਂ ਮੇਰੇ ਦਿਲ ਤੇ ਡੂੰਘਾ ਅਸਰ ਪਿਆ। (ਜ਼ਬੂਰ 83:18) ਜ਼ਰਾ ਸੋਚੋ, ਇਹ ਉਹੀ ਰੱਬ ਸੀ ਜਿਸ ਬਾਰੇ ਮੈਂ ਬਚਪਨ ਤੋਂ ਜਾਣਨਾ ਚਾਹੁੰਦੀ ਸੀ! ਮੈਨੂੰ ਇਹ ਵੀ ਪਤਾ ਲੱਗਾ ਕਿ ਉਸ ਦਾ ਪੁੱਤਰ ਯਿਸੂ ਮਸੀਹ ਕਿਸੇ ਅਜੀਬ ਜਿਹੇ ਤ੍ਰਿਏਕ ਦਾ ਹਿੱਸਾ ਨਹੀਂ ਹੈ। (ਯੂਹੰਨਾ 14:28) ਕੁਝ ਹੀ ਸਮੇਂ ਬਾਅਦ ਮੈਂ ਯਹੋਵਾਹ ਦੇ ਗਵਾਹਾਂ ਦੀਆਂ ਮਸੀਹੀ ਸਭਾਵਾਂ ਵਿਚ ਹਾਜ਼ਰ ਹੋਣ ਲੱਗੀ ਅਤੇ ਮੈਂ ਵੀ ਆਪਣਾ ਪੂਰਾ ਸਮਾਂ ਬਾਈਬਲ ਬਾਰੇ ਪ੍ਰਚਾਰ ਕਰਨ ਵਿਚ ਗੁਜ਼ਾਰਨਾ ਚਾਹੁੰਦੀ ਸੀ।

ਜ਼ਰੂਰੀ ਫ਼ੈਸਲੇ ਕਰਨੇ

ਹੁਣ ਮੇਰੇ ਸਾਮ੍ਹਣੇ ਸਭ ਤੋਂ ਵੱਡੀ ਅਜ਼ਮਾਇਸ਼ ਖੜ੍ਹੀ ਹੋਈ। ਕੀ ਮੈਂ ਵਿਲਿਅਮ ਅਤੇ ਡੋਰਥੀ ਹੋਰਲ ਦੀ ਕਲਾਕਾਰੀ ਜੋੜੀ ਨੂੰ ਤੋੜਾਂਗੀ? ਮੈਂ ਆਪਣੇ ਕਲਾਕਾਰੀ ਪੇਸ਼ੇ ਵਿਚ ਯੁੱਧ ਦੀ ਵਡਿਆਈ ਕਰਨ ਦੇ ਨਾਲ-ਨਾਲ ਸ਼ਾਂਤੀ ਦੇ ਪਰਮੇਸ਼ੁਰ ਅਤੇ ਉਸ ਦੇ ਪੁੱਤਰ, ਯਾਨੀ ਸ਼ਾਂਤੀ ਦੇ ਰਾਜ ਕੁਮਾਰ, ਦੀ ਕਿੱਦਾਂ ਸੇਵਾ ਕਰ ਸਕਦੀ ਸੀ? (ਯਸਾਯਾਹ 9:6) ਕੀ ਯਹੋਵਾਹ ਨੇ ਇਹ ਨਹੀਂ ਵਾਅਦਾ ਕੀਤਾ ਕਿ ਉਹ “ਧਰਤੀ ਦੇ ਬੰਨਿਆਂ ਤੀਕੁਰ ਲੜਾਈਆਂ ਨੂੰ ਮੁਕਾ” ਦੇਵੇਗਾ? (ਜ਼ਬੂਰ 46:9) ਤਾਂ ਫਿਰ ਮੈਂ ਉਸ ਕੰਮ ਦੀ ਕਿੱਦਾਂ ਹਿਮਾਇਤ ਕਰ ਸਕਦੀ ਸੀ ਜਿਸ ਨੂੰ ਪਰਮੇਸ਼ੁਰ ਨੇ ਖ਼ਤਮ ਕਰਨਾ ਹੈ? ਅਤੇ ਕੀ ਯਸਾਯਾਹ ਨੇ ਇਹ ਭਵਿੱਖਬਾਣੀ ਨਹੀਂ ਕੀਤੀ ਸੀ ਕਿ ਪਰਮੇਸ਼ੁਰ ਦੇ ਲੋਕ “ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਉਣਗੇ” ਅਤੇ ਲੜਾਈ ਨਹੀਂ ਸਿੱਖਣਗੇ? (ਯਸਾਯਾਹ 2:4) ਮੈਂ ਇਸ ਬਾਰੇ ਸੋਚਿਆ ਅਤੇ ਦਿਲ ਲਾ ਕੇ ਪ੍ਰਾਰਥਨਾ ਵੀ ਕੀਤੀ। ਮੈਂ ਇਸ ਕੰਮ ਨੂੰ ਛੱਡਣ ਦਾ ਫ਼ੈਸਲਾ ਕਰ ਲਿਆ ਅਤੇ 1964 ਦੇ ਅਪ੍ਰੈਲ 25 ਨੂੰ ਮੈਂ ਯਹੋਵਾਹ ਨੂੰ ਆਪਣਾ ਸਮਰਪਣ ਦਿਖਾਉਣ ਲਈ ਬਪਤਿਸਮਾ ਲੈ ਲਿਆ।

ਬਿੱਲ ਬੜੇ ਅਫ਼ਸੋਸ ਨਾਲ ਮੈਨੂੰ ਕਹਿੰਦਾ ਹੁੰਦਾ ਸੀ ਕਿ ਕਿਸੇ-ਨਾ-ਕਿਸੇ ਦਿਨ ਅਸੀਂ ਇਕ ਦੂਸਰੇ ਤੋਂ ਮੌਤ ਵਿਚ ਵਿਛੜ ਜਾਵਾਂਗੇ। ਪਰ ਜਦੋਂ ਮੈਂ ਬਾਈਬਲ ਦੀ ਸਟੱਡੀ ਸ਼ੁਰੂ ਕੀਤੀ ਤਾਂ ਮੈਂ ਉਸ ਨੂੰ ਕਹਿੰਦੀ ਹੁੰਦੀ ਸੀ: “ਬਿੱਲ, ਅਸੀਂ ਤਾਂ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਹਮੇਸ਼ਾ ਲਈ ਰਹਿ ਸਕਦੇ ਹਾਂ!” (ਯਸਾਯਾਹ 25:8; ਪਰਕਾਸ਼ ਦੀ ਪੋਥੀ 21:4, 5) ਉਹ ਦੇ ਭਾਣੇ ਮੈਂ ਤਾਂ ਪਾਗਲ ਹੋ ਗਈ ਸੀ। ਜਦੋਂ ਮੈਂ ਉਸ ਨੂੰ ਸਮਝਾਇਆ ਕਿ ਮੈਂ ਆਪਣੀ ਜ਼ਮੀਰ ਕਰਕੇ ਮਿਲਟਰੀ ਦੇ ਮਾਡਲਾਂ ਨੂੰ ਹੁਣ ਪੇਂਟ ਨਹੀਂ ਕਰ ਸਕਦੀ ਸੀ, ਤਾਂ ਉਹ ਬਹੁਤ ਗੁੱਸੇ ਹੋ ਕੇ ਮੈਨੂੰ ਕਹਿਣ ਲੱਗਾ ਕਿ ਉਹ ਮੈਨੂੰ ਛੱਡ ਦੇਵੇਗਾ। ਬਾਅਦ ਵਿਚ ਉਸ ਨੇ ਇੱਦਾਂ ਹੀ ਕੀਤਾ।

ਬਿੱਲ ਕਈ ਸਾਲਾਂ ਲਈ ਮਾਡਲਾਂ ਦਾ ਕੰਮ ਆਪਣੇ ਆਪ ਹੀ ਕਰਦਾ ਰਿਹਾ। ਪਰ ਬਿੱਲ ਇੰਨੀ ਦੂਰ ਨਹੀਂ ਗਿਆ, ਅਤੇ ਉਸ ਨੇ ਮੇਰੀ ਅਤੇ ਸਾਡੇ ਮੁੰਡੇ ਦੀ ਹਮੇਸ਼ਾ ਮਦਦ ਕੀਤੀ ਜਿਸ ਦਾ ਜਨਮ 1942 ਵਿਚ ਹੋਇਆ ਸੀ। ਬਿੱਲ 1988 ਵਿਚ ਵਾਪਸ ਘਰ ਆ ਗਿਆ ਅਤੇ ਉਸ ਦੀ ਮੌਤ ਤਕ ਅਸੀਂ ਦੱਸ ਸਾਲਾਂ ਲਈ ਇਕੱਠੇ ਰਹੇ।

ਪਰ ਉਨ੍ਹਾਂ ਸਾਲਾਂ ਦੌਰਾਨ ਮੈਂ ਆਪਣਾ ਟੀਚਾ ਹਾਸਲ ਕਰ ਸਕੀ, ਯਾਨੀ ਪਾਇਨੀਅਰੀ ਕਰਨੀ। ਮੈਂ 1966 ਵਿਚ ਪਾਇਨੀਅਰੀ ਸ਼ੁਰੂ ਕੀਤੀ ਅਤੇ ਇਸ ਵਿਚ ਰੁੱਝੀ ਰਹੀ। ਮੈਂ ਆਪਣੀ ਵੱਡੀ ਭੈਣ ਦੇ ਨਾਲ ਬਾਈਬਲ ਸਟੱਡੀ ਕਰਵਾਈ। ਉਹ ਵੀ ਸੱਚਾਈ ਵਿਚ ਆ ਗਈ ਅਤੇ ਅੱਜ ਤਕ ਯਹੋਵਾਹ ਦੇ ਇਕ ਗਵਾਹ ਵਜੋਂ ਰੁੱਝੀ ਰਹਿੰਦੀ ਹੈ। ਮੇਰੇ ਪਿਤਾ ਜੀ ਨੇ ਬਾਈਬਲ ਦਾ ਸੁਨੇਹਾ ਸੁਣਿਆ ਅਤੇ ਦੋ ਹਫ਼ਤਿਆਂ ਦੇ ਅੰਦਰ-ਅੰਦਰ ਉਹ ਕਿੰਗਡਮ ਹਾਲ ਵਿਚ ਸਭਾਵਾਂ ਵਿਚ ਹਾਜ਼ਰ ਹੋਣ ਲੱਗੇ। ਉਨ੍ਹਾਂ ਨੇ 75 ਸਾਲਾਂ ਦੀ ਉਮਰ ਤੇ ਬਪਤਿਸਮਾ ਲਿਆ, ਅਤੇ ਉਹ 81 ਸਾਲਾਂ ਦੀ ਉਮਰ ਤੇ ਆਪਣੀ ਮੌਤ ਤਕ ਪਰਮੇਸ਼ੁਰ ਦੇ ਪ੍ਰਤੀ ਵਫ਼ਾਦਾਰ ਰਹੇ। ਮੇਰੇ ਮਾਤਾ ਜੀ ਵੀ ਯਹੋਵਾਹ ਨੂੰ ਮੰਨਦੇ ਸਨ ਪਰ ਉਹ ਆਪਣੀ ਜ਼ਿੰਦਗੀ ਸਮਰਪਿਤ ਕਰਨ ਤੋਂ ਪਹਿਲਾਂ ਹੀ ਗੁਜ਼ਰ ਗਏ। ਉਨ੍ਹਾਂ ਦੀ ਉਮਰ 94 ਦੇ ਕਰੀਬ ਸੀ।

ਸਾਲਾਂ ਦੌਰਾਨ ਸ਼ਾਂਤੀ ਦੇ ਪਰਮੇਸ਼ੁਰ ਯਹੋਵਾਹ ਨੇ ਮੈਨੂੰ ਕਈ ਬਰਕਤਾਂ ਦਿੱਤੀਆਂ ਹਨ। ਹੁਣ 81 ਸਾਲਾਂ ਦੀ ਉਮਰ ਤੇ ਮੈਂ ਹਾਲੇ ਵੀ ਪਾਇਨੀਅਰੀ ਕਰਦੀ ਹਾਂ, ਭਾਵੇਂ ਕਿ ਮੇਰੇ ਲਈ ਤੁਰਨਾ-ਫਿਰਨਾ ਔਖਾ ਹੈ। ਮੈਂ ਰਸੂਲ ਪੌਲੁਸ ਦੀ ਤਰ੍ਹਾਂ ਮਹਿਸੂਸ ਕਰਦੀ ਹਾਂ ਜਿਸ ਨੇ ਲਿਖਿਆ: “ਮੈਂ ਮਸੀਹ ਯਿਸੂ ਸਾਡੇ ਪ੍ਰਭੁ ਦਾ ਜਿਨ ਮੈਨੂੰ ਬਲ ਦਿੱਤਾ ਧੰਨਵਾਦ ਕਰਦਾ ਹਾਂ ਇਸ ਲਈ ਜੋ ਉਹ ਨੇ ਮੈਨੂੰ ਮਾਤਬਰ ਸਮਝ ਕੇ ਇਸ ਸੇਵਕਾਈ ਉੱਤੇ ਲਾਇਆ।” (1 ਤਿਮੋਥਿਉਸ 1:12) ਮੇਰੀ ਸੇਵਕਾਈ ਕਿੰਨੀ ਵਧੀਆ ਰਹੀ ਹੈ! ਜਿਨ੍ਹਾਂ ਨਾਲ ਮੈਂ ਬਾਈਬਲ ਸਟੱਡੀ ਕਰਵਾਈ ਹੈ ਉਨ੍ਹਾਂ ਵਿੱਚੋਂ ਵੀ ਕਈਆਂ ਨੇ ਮੇਰੇ ਵਾਂਗ ਸਾਡੇ ਦਿਆਲੂ ਪਰਮੇਸ਼ੁਰ ਦੀ ਸੇਵਾ ਕਰਨ ਲਈ ਆਪੋ-ਆਪਣੀਆਂ ਕੁਰਬਾਨੀਆਂ ਦਿੱਤੀਆਂ ਹਨ।

ਮੈਨੂੰ ਬਹੁਤ ਅਫ਼ਸੋਸ ਹੈ ਕਿ ਮੇਰਾ ਪੂਰਾ ਪਰਿਵਾਰ ਸੱਚਾਈ ਵਿਚ ਨਹੀਂ ਹੈ। ਸ਼ਾਇਦ ਸਮਾਂ ਬੀਤਣ ਨਾਲ ਉਹ ਬਾਈਬਲ ਦੀਆਂ ਸਿੱਖਿਆਵਾਂ ਦੀ ਕਦਰ ਕਰਨ ਲੱਗ ਪੈਣਗੇ। ਪਰ ਮੇਰੀ ਜ਼ਿੰਦਗੀ ਵਿਚ ਯਿਸੂ ਦੀ ਗੱਲ ਸੱਚ ਸਾਬਤ ਹੋਈ ਹੈ ਕਿ ਉਸ ਦੇ ਚੇਲੇ ‘ਇਸ ਸਮੇਂ ਵਿਚ ਸੌ ਗੁਣਾ ਘਰ ਅਤੇ ਭਾਈ ਅਤੇ ਭੈਣਾਂ ਅਤੇ ਮਾਵਾਂ ਅਤੇ ਬਾਲ ਬੱਚੇ ਪਾਉਣਗੇ।’ (ਮਰਕੁਸ 10:30) ਜੀ ਹਾਂ, ਯਹੋਵਾਹ ਨੇ ਮੈਨੂੰ ਧਨੀ ਬਣਾਇਆ ਹੈ। ਮਸ਼ਹੂਰੀ ਅਤੇ ਯੁੱਧ ਦੇ ਥਾਂ ਪਰਮੇਸ਼ੁਰ ਦੀ ਸੇਵਾ ਕਰਨੀ ਅਤੇ ਸ਼ਾਂਤੀ ਪਾਉਣੀ ਮੇਰੇ ਲਈ ਕਿੰਨਾ ਵੱਡਾ ਸਨਮਾਨ ਅਤੇ ਖ਼ੁਸ਼ੀ ਦਾ ਕਾਰਨ ਰਿਹਾ ਹੈ!

[ਸਫ਼ਾ 22 ਉੱਤੇ ਤਸਵੀਰ]

ਸਾਲ 1954 ਵਿਚ ਜਨਰਲ ਐੱਲ. ਸੀ. ਸ਼ੇਪਰਡ ਜੂਨੀਅਰ ਦੇ ਨਾਲ

[ਕ੍ਰੈਡਿਟ ਲਾਈਨ]

Defense Dept. photo (Marine Corps)

[ਸਫ਼ਾ 23 ਉੱਤੇ ਤਸਵੀਰ]

(ਅਸਲੀ ਸਾਈਜ਼)

[ਸਫ਼ਾ 24 ਉੱਤੇ ਤਸਵੀਰ]

81 ਉਮਰੇ, ਮੈਨੂੰ ਪਾਇਨੀਅਰੀ ਕਰਦੀ ਨੂੰ 30 ਤੋਂ ਜ਼ਿਆਦਾ ਸਾਲ ਹੋ ਗਏ ਹਨ