Skip to content

Skip to table of contents

ਸੰਸਾਰ ਉੱਤੇ ਨਜ਼ਰ

ਸੰਸਾਰ ਉੱਤੇ ਨਜ਼ਰ

ਸੰਸਾਰ ਉੱਤੇ ਨਜ਼ਰ

ਚਰਚ ਸਵੀਕਾਰ ਕਰਦੇ ਹਨ ਕਿ ਉਨ੍ਹਾਂ ਨੇ ਲੋਕਾਂ ਨੂੰ ਗ਼ੁਲਾਮ ਬਣਾਇਆ

ਹਾਲ ਹੀ ਵਿਚ, ਜਰਮਨੀ ਦੇ ਲੋਕ ਇਹ ਜਾਣ ਕੇ ਹੈਰਾਨ ਹੋਏ ਕਿ ਦੂਸਰੇ ਵਿਸ਼ਵ ਯੁੱਧ ਦੌਰਾਨ, ਦੋਵੇਂ ਕੈਥੋਲਿਕ ਅਤੇ ਇਵੈਂਜਲੀਕਲ ਚਰਚਾਂ ਨੇ ਲੋਕਾਂ ਨੂੰ ਗ਼ੁਲਾਮ ਬਣਾਇਆ ਸੀ। ਫ਼ਰੈਂਕਫ਼ਰਟਰ ਆਲਗਮਾਈਨ ਟਸਾਈਟੁੰਗ ਰਿਪੋਰਟ ਕਰਦਾ ਹੈ ਕਿ ਜਰਮਨੀ ਦੇ ਕੈਥੋਲਿਕ ਬਿਸ਼ਪਾਂ ਦੇ ਸੰਮੇਲਨ ਦੇ ਪ੍ਰਤਿਨਿਧ ਦੇ ਅਨੁਸਾਰ “ਕਾਮੇ ਚਰਚਾਂ ਦੁਆਰਾ ਚਲਾਏ ਜਾਂਦੇ ਥਾਵਾਂ ਤੇ ਕੰਮ ਕਰਦੇ ਸਨ ਜਿਵੇਂ ਕਿ ਈਸਾਈ ਮੱਠਾਂ ਦੇ ਖੇਤਾਂ ਵਿਚ, ਨਾਲੇ ਅੰਗੂਰੀ ਬਾਗ਼ਾਂ ਅਤੇ ਹਸਪਤਾਲਾਂ ਵਿਚ।” ਸੂਟਡੋਈਚ ਟਸਾਈਟੁੰਗ ਅਖ਼ਬਾਰ ਕਹਿੰਦਾ ਹੈ ਕਿ ਯੂਰਪ ਵਿਚ ਇਵੈਂਜਲੀਕਲ ਚਰਚਾਂ ਦੀਆਂ ਸਭ ਤੋਂ ਵੱਡੀਆਂ ਭਲਾਈ ਅਤੇ ਸਮਾਜਕ ਸੰਸਥਾਵਾਂ ਨੇ “ਦੂਸਰੇ ਵਿਸ਼ਵ ਯੁੱਧ ਦੌਰਾਨ ਲੋਕਾਂ ਨੂੰ ਗ਼ੁਲਾਮ ਬਣਾਇਆ ਸੀ।” ਦੋਵੇਂ ਕੈਥੋਲਿਕ ਅਤੇ ਇਵੈਂਜਲੀਕਲ ਚਰਚਾਂ ਨੇ ਵਾਅਦਾ ਕੀਤਾ ਹੈ ਕਿ ਉਹ ਉਸ ਗ਼ੁਲਾਮੀ ਤੋਂ ਬਚਣ ਵਾਲੇ ਲੋਕਾਂ ਨੂੰ ਲੱਖਾਂ ਹੀ ਪੈਸੇ ਦੇਣਗੇ। ਬਹੁਤ ਸਾਰੇ ਗ਼ੁਲਾਮ ਪੂਰਬੀ ਯੂਰਪੀ ਦੇਸ਼ਾਂ ਤੋਂ ਆਏ ਹੋਏ ਸਨ।

ਸਿਆਲ​—ਦੋਸਤ ਜਾਂ ਦੁਸ਼ਮਣ?

ਆਪੋਟੇਕਨ ਉਮਸ਼ਾਉ ਨਾਂ ਦੇ ਜਰਮਨ ਸਿਹਤ ਸਮਾਚਾਰ-ਪੱਤਰ ਨੇ ਰਿਪੋਰਟ ਕੀਤਾ ਕਿ ਇਹ ਜ਼ਰੂਰੀ ਨਹੀਂ ਹੈ ਕਿ ਠੰਢਾ ਅਤੇ ਬਰਸਾਤੀ ਮੌਸਮ ਤੁਹਾਡੇ ਸਿਹਤ ਲਈ ਨੁਕਸਾਨਦੇਹ ਹੈ। ਇਸ ਦੀ ਬਜਾਇ, ਜਲਵਾਯੂ-ਵਿਗਿਆਨਣ ਡਾ. ਐਂਜਲਾ ਸ਼ੂ ਦੇ ਅਨੁਸਾਰ, ਸਿਆਲ ਦੇ ਮੌਸਮ ਵਿਚ ਬਾਕਾਇਦਾ ਤੁਰਨ-ਫਿਰਨ ਜਾਣਾ ਤੁਹਾਡੇ ਦਿਲ ਅਤੇ ਖ਼ੂਨ ਦੇ ਫੈਲਾਅ ਲਈ ਸਿਹਤਮੰਦ ਹੋ ਸਕਦਾ ਹੈ। ਅਤੇ ਇਹ ਪੂਰੇ ਸਰੀਰ ਨੂੰ ਤਕੜਾ ਕਰ ਸਕਦਾ ਹੈ। ਹੋ ਸਕਦਾ ਹੈ ਕਿ ਗਰਮ ਕਮਰਿਆਂ ਅੰਦਰ ਰਹਿਣ ਕਾਰਨ ਸਾਡੇ ਸਰੀਰਾਂ ਲਈ ਮੌਸਮ ਦੇ ਬਦਲਦੇ ਤਾਪਮਾਨ ਨੂੰ ਝੱਲਣਾ ਮੁਸ਼ਕਲ ਹੋ ਜਾਵੇ। ਇਹ ਸੋਚਿਆ ਜਾਂਦਾ ਹੈ ਕਿ ਇਸ ਕਾਰਨ ਇਨਫੇਕਸ਼ਨ, ਥਕਾਵਟ, ਅਤੇ ਸਿਰਦਰਦ ਦੀ ਸੰਭਾਵਨਾ ਵੱਧ ਜਾਂਦੀ ਹੈ। ਆਮ ਤੌਰ ਤੇ, ਮਨੁੱਖੀ ਸਰੀਰ ਠੰਢ ਨਾਲੋਂ ਜ਼ਿਆਦਾ ਗਰਮੀ ਤੋਂ, ਖ਼ਾਸ ਕਰਕੇ ਨਮੀ ਤੋਂ ਪ੍ਰਭਾਵਿਤ ਹੁੰਦਾ ਹੈ। ਪਰ “ਖ਼ਰਾਬ” ਮੌਸਮ ਵਿਚ ਬਾਕਾਇਦਾ ਕਸਰਤ ਕਰਨ ਵਾਲੇ ਵਿਅਕਤੀ ਦੇ ਸਰੀਰ ਉੱਤੇ ਠੰਢ ਦਾ ਸ਼ਾਇਦ ਘੱਟ ਅਸਰ ਪੈਂਦਾ ਹੈ ਅਤੇ ਉਹ ਜ਼ਿਆਦਾ ਤਕੜਾ ਬਣਦਾ ਹੈ।

ਮੂੰਹ ਦੀ ਬਦਬੂ ਕਰਕੇ ਨੌਕਰੀ ਉੱਤੇ ਅਸਰ

ਈਜ਼ਾਮੀ ਨਾਂ ਦੇ ਇਕ ਬ੍ਰਾਜ਼ੀਲੀ ਬਿਜ਼ਨਿਸ ਰਸਾਲੇ ਵਿਚ ਆਨਾ ਕ੍ਰਿਸਟੀਨ ਕੋਲਬ ਨਾਂ ਦੀ ਇਕ ਦੰਦਸਾਜ਼ ਨੇ ਕਿਹਾ: “ਇਹ ਕਹਿਣਾ ਕਿ [ਮੂੰਹ ਦੀ ਬਦਬੂ] ਕਈਆਂ ਦੀਆਂ ਨੌਕਰੀਆਂ ਉੱਤੇ ਬੁਰਾ ਅਸਰ ਪਾਉਂਦੀ ਹੈ, ਇਕ ਵਧਾਈ-ਚੜ੍ਹਾਈ ਗੱਲ ਨਹੀਂ ਹੈ।” ਨੌਕਰੀ ਵਿਚ ਭਰਤੀ ਕਰਨ ਵਾਲਾ ਪ੍ਰਬੰਧਕ ਲੇਓਨਡਰੁ ਸਰਡੇਰ ਨੇ ਕਿਹਾ ਕਿ “ਜਦ ਕਿਸੇ ਦੇ ਮੂੰਹ ਦੀ ਬਦਬੂ ਬਹੁਤ ਹੀ ਖ਼ਰਾਬ ਹੁੰਦੀ ਹੈ ਤਾਂ ਉਹ ਇਕ ਤੋਂ ਬਾਅਦ ਦੂਜੀ ਨੌਕਰੀ ਗੁਆ ਬੈਠਦਾ ਹੈ, ਪਰ ਉਸ ਨੂੰ ਕੋਈ ਅਹਿਸਾਸ ਨਹੀਂ ਹੁੰਦਾ ਕਿ ਉਸ ਨਾਲ ਇੱਦਾਂ ਕਿਉਂ ਹੋ ਰਿਹਾ ਹੈ।” ਬ੍ਰਾਜ਼ੀਲ ਦੇ ਦੋ ਵੱਡੇ ਸ਼ਹਿਰਾਂ ਵਿਚ ਕੀਤੀ ਗਈ ਜਾਂਚ ਨੇ ਦਿਖਾਇਆ ਕਿ ਸਰਵੇ ਕੀਤੇ ਗਏ ਲੋਕਾਂ ਵਿੱਚੋਂ 40 ਫੀ ਸਦੀ ਦੇ ਮੂੰਹੋਂ ਬਦਬੂ ਆਉਂਦੀ ਸੀ। ਇਸ ਦੇ ਸਭ ਤੋਂ ਆਮ ਕਾਰਨ ਹਨ ਜ਼ਿਆਦਾ ਤਣਾਅ ਅਤੇ ਖ਼ੁਰਾਕ ਵਿਚ ਫਾਈਬਰ ਦੀ ਕਮੀ। ਡਾ. ਕੋਲਬ ਕਹਿੰਦੀ ਹੈ ਕਿ ਇਸ ਨੂੰ ਘਟਾਉਣ ਲਈ ਵਿਅਕਤੀ ਨੂੰ ਕੁਝ ਦਿਨਾਂ ਦੀ ਛੁੱਟੀ ਕਰਨੀ ਚਾਹੀਦੀ ਹੈ ਅਤੇ ਜ਼ਿਆਦਾ ਸਬਜ਼ੀਆਂ ਖਾਣੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ। ਮੂੰਹ ਦੀ ਬਦਬੂ ਵਾਲੇ ਕਾਮੇ ਥੋੜ੍ਹੇ ਚਿਰ ਲਈ ਇਸ ਤੋਂ ਹੱਲ ਪਾਉਣ ਵਾਸਤੇ ਥੋੜ੍ਹੇ ਜਿਹੇ ਹਾਈਡ੍ਰੋਜਨ ਪਰਆਕਸਾਈਡ ਨੂੰ ਪਾਣੀ ਵਿਚ ਰਲਾ ਕੇ ਕਰੂਲੀ ਕਰ ਸਕਦੇ ਹਨ।

ਦੱਖਣੀ ਅਫ਼ਰੀਕਾ ਵਿਚ ਬਲਾਤਕਾਰ ਦੇ ਸ਼ਿਕਾਰ

ਵਰਲਡ ਪ੍ਰੈੱਸ ਰਿਵਿਊ ਕਹਿੰਦਾ ਹੈ ਕਿ “ਹਰੇਕ ਸਾਲ ਦੱਖਣੀ ਅਫ਼ਰੀਕਾ ਵਿਚ ਦੱਸ ਲੱਖ ਬਲਾਤਕਾਰ ਹੁੰਦੇ ਹਨ।” ਇਸ ਦਾ ਮਤਲਬ ਹੈ ਕਿ ਹਰੇਕ 30 ਸਕਿੰਟਾਂ ਬਾਅਦ ਕਿਸੇ-ਨਾ-ਕਿਸੇ ਦਾ ਬਲਾਤਕਾਰ ਹੁੰਦਾ ਹੈ। ਇਹ ਲੇਖ ਕਹਿੰਦਾ ਹੈ ਕਿ “ਦੁਨੀਆਂ ਭਰ ਵਿਚ ਬਲਾਤਕਾਰ ਅਤੇ ਬਾਅਦ ਵਿਚ ਕਤਲ ਕਰਨ ਦੀ ਸਭ ਤੋਂ ਉੱਚੀ ਦਰ ਦੱਖਣੀ ਅਫ਼ਰੀਕਾ ਵਿਚ ਹੈ।” ਭਾਵੇਂ ਕਿ ਦੱਖਣੀ ਅਫ਼ਰੀਕਾ ਦੀ ਆਬਾਦੀ ਸਿਰਫ਼ 4 ਕਰੋੜ ਹੈ, ਬਲਾਤਕਾਰ ਦੀ ਗਿਣਤੀ ਅਮਰੀਕਾ ਨਾਲੋਂ 12 ਗੁਣਾ ਜ਼ਿਆਦਾ ਹੈ ਜੋ ਕਿ ਦੂਜੇ ਦਰਜੇ ਤੇ ਹੈ। ਲੇਖ ਅੱਗੇ ਕਹਿੰਦਾ ਹੈ: “ਦੂਸਰਿਆਂ ਦੇਸ਼ਾਂ ਵਿਚ ਲੋਕ ਸ਼ਾਇਦ ਤੁਹਾਡਾ ਬਲਾਤਕਾਰ ਕਰਨ, ਤੁਹਾਨੂੰ ਲੁੱਟਣ, ਜਾਂ ਤੁਹਾਡਾ ਕਤਲ ਕਰਨ। ਪਰ ਦੱਖਣੀ ਅਫ਼ਰੀਕਾ ਵਿਚ ਲੋਕ ਤੁਹਾਡਾ ਕਤਲ ਕਰਨ ਤੋਂ ਪਹਿਲਾਂ ਤੁਹਾਡਾ ਬਲਾਤਕਾਰ ਕਰਦੇ ਹਨ, ਸਿਰਫ਼ ਇਸੇ ਲਈ ਕਿ ਤੁਸੀਂ ਕਿਸੇ ਸਮੇਂ ਤੇ ਕਿਸੇ ਥਾਂ ਮੌਜੂਦ ਸੀ। ਦੂਸਰਿਆਂ ਅਪਰਾਧਾਂ ਦੇ ਸੰਬੰਧ ਵਿਚ ਬਲਾਤਕਾਰ ਆਮ ਬਣ ਗਿਆ ਹੈ, ਲੋਕ ਬਿਨਾਂ ਸੋਚੇ ਇਹ ਅਪਰਾਧ ਕਰਦੇ ਹਨ।” ਇਸ ਦੇ ਨਾਲ-ਨਾਲ “ਕਿਸੇ ਟੋਲੀ ਦਾ ਮੈਂਬਰ ਬਣਨ ਲਈ ਬਲਾਤਕਾਰ ਕਰਨਾ ਇਕ ਆਮ ਗੱਲ ਬਣ ਗਈ ਹੈ” ਜਿਸ ਤੋਂ ਬਾਅਦ ਉਹ ਆਪਣੇ ਸ਼ਿਕਾਰ ਨੂੰ ਮਾਰ ਦਿੰਦੇ ਹਨ। ਲੇਖ ਕਹਿੰਦਾ ਹੈ ਕਿ ਅਜਿਹੇ ਕੰਮਾਂ ਦੇ ਇਹ ਕਾਰਨ ਹਨ ਕਿ ਇਨ੍ਹਾਂ ਆਦਮੀਆਂ ਨਾਲ ਬਚਪਨ ਵਿਚ ਭੈੜਾ ਸਲੂਕ ਕੀਤਾ ਗਿਆ ਸੀ ਅਤੇ ਇਹ ਖ਼ਿਆਲ ਆਮ ਹੈ ਕਿ ਜ਼ਿੰਦਗੀ ਬਹੁਤ ਹੀ ਸਸਤੀ ਹੈ। ਇਸ ਦੇ ਨਾਲ-ਨਾਲ ਲੇਖ ਨੇ ਇਹ ਵੀ ਕਿਹਾ ਕਿ 1998 ਵਿਚ ਇਕ ਜੋਹਾਨਸਬਰਗ ਸਰਵੇ ਨੇ “ਪ੍ਰਗਟ ਕੀਤਾ ਕਿ ਆਦਮੀ ਇਹ ਮੰਨਦੇ ਹਨ ਕਿ ਤੀਵੀਆਂ ਚਾਹੁੰਦੀਆਂ ਹਨ ਕਿ ਉਹ ਉਨ੍ਹਾਂ ਨਾਲ ਬਲਾਤਕਾਰ ਕਰਨ ਪਰ ਉਹ ਇਹ ਗੱਲ ਲੁਕਾਉਂਦੀਆਂ ਸਨ, ਅਤੇ ਜੇਕਰ ਤੁਸੀਂ ਕਿਸੇ ਕੁੜੀ ਨੂੰ ਬਾਹਰ ਲੈ ਜਾਂਦੇ ਹੋ ਤਾਂ ਤੁਹਾਡੇ ਕੋਲ ਉਸ ਨਾਲ ਲਿੰਗੀ ਸੰਬੰਧ ਰੱਖਣ ਦਾ ਹੱਕ ਹੈ।”

ਮਾਯੂਸੀ ਵੱਧ ਰਹੀ ਹੈ

ਵਿਸ਼ਵ ਸਿਹਤ ਸੰਗਠਨ (WHO) ਨੇ 105 ਦੇਸ਼ਾਂ ਬਾਰੇ ਇਕ ਰਿਪੋਰਟ ਦਿੱਤੀ। ਫਰਾਂਸੀਸੀ ਅਖ਼ਬਾਰ ਲ ਮੌਂਡ ਨੇ ਕਿਹਾ ਹੈ ਕਿ ਇਸ ਰਿਪੋਰਟ ਦੇ ਅਨੁਸਾਰ 1950 ਅਤੇ 1995 ਦੇ ਦਰਮਿਆਨ ਇਨ੍ਹਾਂ ਦੇਸ਼ਾਂ ਵਿਚ ਆਤਮ-ਹੱਤਿਆ ਦੀ ਦਰ 60 ਫੀ ਸਦੀ ਵੱਧ ਗਈ ਹੈ। WHO ਦੇ ਦਿਮਾਗ਼ੀ-ਸਿਹਤ ਵਿਭਾਗ ਦੇ ਨਿਰਦੇਸ਼ਕ, ਡਾ. ਹੋਜ਼ੇ-ਮਾਰਿਯਾ ਬਰਟੋਲੋਟ ਨੇ ਅਨੁਮਾਨ ਲਗਾਇਆ ਸੀ ਕਿ ਸਾਲ 2000 ਵਿਚ ਲਗਭਗ ਦੱਸ ਲੱਖ ਲੋਕ ਆਤਮ-ਹੱਤਿਆ ਕਰਨਗੇ ਅਤੇ ਇਸ ਦੇ ਨਾਲ-ਨਾਲ ਲਗਭਗ ਇਕ ਜਾਂ ਦੋ ਕਰੋੜ ਲੋਕ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕਰਨਗੇ। ਲੇਕਿਨ ਅਸਲੀ ਗਿਣਤੀ ਇਸ ਨਾਲੋਂ ਵੀ ਜ਼ਿਆਦਾ ਹੋ ਸਕਦੀ ਹੈ। ਰਿਪੋਰਟ ਦੇ ਅਨੁਸਾਰ, ਹਰ ਸਾਲ ਦੁਨੀਆਂ ਭਰ ਦੀਆਂ ਲੜਾਈਆਂ ਵਿਚ ਮਰਨ ਵਾਲਿਆਂ ਨਾਲੋਂ ਜ਼ਿਆਦਾ ਲੋਕ ਆਤਮ-ਹੱਤਿਆ ਕਰ ਕੇ ਮਰਦੇ ਹਨ। ਡਾ. ਬਰਟੋਲੋਟ ਨੇ ਕਿਹਾ ਹੈ ਕਿ 15 ਤੋਂ 35 ਸਾਲਾਂ ਦੀ ਉਮਰ ਦਿਆਂ ਲੋਕਾਂ ਵਿਚ “ਮੌਤ ਦੇ ਤਿੰਨ ਮੁੱਖ ਕਾਰਨਾਂ ਵਿੱਚੋਂ ਇਕ” ਆਤਮ-ਹੱਤਿਆ ਹੈ।

ਬਰਤਾਨੀਆ ਵਿਚ ਟੁੱਟਦੇ ਪਰਿਵਾਰ

ਹੋਰ ਯੂਰਪੀ ਦੇਸ਼ਾਂ ਨਾਲੋਂ ਬਰਤਾਨੀਆ ਵਿਚ ਸਭ ਤੋਂ ਉੱਚੀ ਤਲਾਕ ਦਰ ਹੈ, ਅਤੇ ਅਣਵਿਆਹੇ ਜੋੜਿਆਂ ਦੇ ਰਿਸ਼ਤਿਆਂ ਦੇ ਟੁੱਟਣ ਦੀ ਇਸ ਤੋਂ ਵੀ ਉੱਚੀ ਦਰ ਹੈ। “ਪਰਿਵਾਰਾਂ ਦੇ ਟੁੱਟਣ ਦੇ ਨਤੀਜੇ” ਨਾਮਕ ਰਿਪੋਰਟ, ਜੋ ਸਰਕਾਰ ਨੇ ਕਰਵਾਈ ਸੀ, ਨੇ ਚੇਤਾਵਨੀ ਦਿੱਤੀ: “ਬੱਚਿਆਂ ਦੀ ਦੇਖ-ਭਾਲ ਵਿਚ ਲਾਪਰਵਾਹੀ ਦਾ ਮੁੱਖ ਕਾਰਨ ਪਰਿਵਾਰਾਂ ਦਾ ਟੁੱਟਣਾ ਹੈ।” ਇਸ ਦੇ ਨਤੀਜਿਆਂ ਕਾਰਨ ਬਰਤਾਨੀਆ ਵਿਚ ਟੈਕਸ ਦੇਣ ਵਾਲੇ ਹਰੇਕ ਵਿਅਕਤੀ ਨੂੰ ਹਰ ਹਫ਼ਤੇ ਲਗਭਗ 11 ਪੌਂਡ [15 ਡਾਲਰ] ਦੇਣੇ ਪੈਂਦੇ ਹਨ। ਪਰ ਇਨ੍ਹਾਂ ਖ਼ਰਚਿਆਂ ਦੇ ਨਾਲ-ਨਾਲ ਜੁਦੇ ਹੋਏ ਪਰਿਵਾਰਾਂ ਲਈ ਹੋਰ ਘਰਾਂ ਦੀ ਲੋੜ ਵੀ ਪੈਂਦੀ ਹੈ ਅਤੇ ਆਲੇ-ਦੁਆਲੇ ਦੇ ਮਾਹੌਲ ਉੱਤੇ ਵੀ ਬੁਰਾ ਅਸਰ ਪੈਂਦਾ ਹੈ। ਭਾਵੇਂ ਕਿ ਇਹ ਰਿਪੋਰਟ ਨੈਤਿਕ ਅਗਵਾਈ ਦੇਣ ਲਈ ਨਹੀਂ ਸੀ, ਇਸ ਨੇ ਕਿਹਾ: “ਸਾਨੂੰ ਯਕੀਨ ਹੈ ਕਿ ਸਦੀਆਂ ਦੌਰਾਨ ਵਿਆਹੁਤਾ ਰਿਸ਼ਤੇ ਨੇ ਸਥਾਈ ਸਮਾਜ ਅਤੇ ਬੱਚਿਆਂ ਦੀ ਪਰਵਰਿਸ਼ ਕਰਨ ਲਈ ਪੱਕੀ ਨੀਂਹ ਧਰੀ ਹੈ।”

ਸਿਗਰਟ ਪੀਣ ਦੀ ਲਤ ਜਲਦੀ ਲੱਗ ਸਕਦੀ ਹੈ

ਮੈਸੇਚਿਉਸੇਟਸ ਦੀ ਯੂਨੀਵਰਸਿਟੀ ਵਿਚ ਕੁਝ ਖੋਜਕਾਰਾਂ ਨੇ ਇਹ ਗੱਲ ਸਾਬਤ ਕੀਤੀ ਹੈ ਕਿ ਕੁਝ ਲੋਕ “ਆਪਣੀ ਪਹਿਲੀ ਸਿਗਰਟ ਪੀਣ ਤੋਂ ਕੁਝ ਹੀ ਦਿਨਾਂ ਬਾਅਦ” ਇਸ ਦੀ ਲਤ ਲੱਗਣ ਦੇ ਨਿਸ਼ਾਨ ਦਿਖਾਉਂਦੇ ਹਨ। ਅਸੋਸੀਏਟਿਡ ਪ੍ਰੈੱਸ ਨੇ ਆਪਣੀ ਇਕ ਰਿਪੋਰਟ ਵਿਚ ਇਹ ਗੱਲ ਕਹੀ ਸੀ। ਇਸ ਖੋਜ ਨੇ ਇਕ ਸਾਲ ਲਈ 12 ਅਤੇ 13 ਸਾਲਾਂ ਦੀ ਉਮਰ ਦੇ 681 ਨੌਜਵਾਨਾਂ ਦੀਆਂ ਸਿਗਰਟ ਪੀਣ ਦੀਆਂ ਆਦਤਾਂ ਦਾ ਰਿਕਾਰਡ ਰੱਖਿਆ ਅਤੇ ਉਨ੍ਹਾਂ ਸਾਰੀਆਂ ਨਿਸ਼ਾਨੀਆਂ ਦਾ ਹਿਸਾਬ ਵੀ ਰੱਖਿਆ ਜੋ ਇਸ ਆਦਤ ਦਾ ਸੰਕੇਤ ਕਰਦੀਆਂ ਸਨ। ਡਾ. ਰਿਚਰਡ ਹਰਟ ਨੇ ਕਿਹਾ: “ਸਾਨੂੰ ਪਹਿਲਾਂ ਹੀ ਸ਼ੱਕ ਸੀ ਕਿ ਕਈਆਂ ਲੋਕਾਂ ਨੂੰ ਬਹੁਤ ਹੀ ਜਲਦੀ ਇਸ ਦੀ ਲਤ ਲੱਗ ਜਾਂਦੀ ਹੈ। ਪਰ, ਇਹ ਪਹਿਲਾ ਠੋਸ ਸਬੂਤ ਹੈ ਜੋ ਲਤ ਲੱਗਣ ਦੇ ਨਿਸ਼ਾਨਾਂ ਨੂੰ ਦਿਖਾਉਂਦਾ ਹੈ।” ਖੋਜਕਾਰਾਂ ਦੀ ਟੀਮ ਦੇ ਨਿਰਦੇਸ਼ਕ, ਡਾ. ਜੋਸਫ਼ ਡੀਫਰੌਨਸੌ ਨੇ ਕਿਹਾ ਕਿ “ਇਸ ਖੋਜ ਦੀ ਸਭ ਤੋਂ ਮਹੱਤਵਪੂਰਣ ਗੱਲ ਇਹ ਨਿਕਲੀ ਹੈ ਕਿ ਸਾਨੂੰ ਬੱਚਿਆਂ ਨੂੰ ਸਾਵਧਾਨ ਕਰਨ ਦੀ ਲੋੜ ਹੈ ਕਿ ਉਹ ਸਿਗਰਟਾਂ ਨੂੰ ਐਵੀਂ ਨਾ ਸਮਝਣ ਜਾਂ ਇਹ ਨਾ ਸੋਚਣ ਕਿ ਕੁਝ ਹਫ਼ਤਿਆਂ ਲਈ ਪੀ ਕੇ ਦੇਖ ਲਓ ਅਤੇ ਫਿਰ ਛੱਡ ਦਿਓ।”

ਗੋਲੀਆਂ ਜੋ ਦੇਖਦੀਆਂ ਹਨ

ਮੈਕਸੀਕਨ ਅਖ਼ਬਾਰ ਐਕਸੈੱਲਸੀਅਰ ਰਿਪੋਰਟ ਕਰਦਾ ਹੈ ਕਿ ਇਕ ਇਸਰਾਈਲੀ ਕੰਪਨੀ ਨੇ ਅਜਿਹੀ ਗੋਲੀ ਬਣਾਈ ਹੈ ਜੋ ਖਾਣ ਤੋਂ ਬਾਅਦ ਇਕ ਛੋਟੇ ਜਿਹੇ ਕੈਮਰੇ ਵਜੋਂ ਕੰਮ ਕਰਦੀ ਹੈ। ਇਹ ਛੋਟੀ ਆਂਦਰੀ ਦੀਆਂ ਬੀਮਾਰੀਆਂ ਬਾਰੇ ਪਤਾ ਕਰਨ ਲਈ ਵਰਤੀ ਜਾਂਦੀ ਹੈ। ਮਰੀਜ਼ ਆਪਣੇ ਲੱਕ ਤੇ ਇਕ ਸਪੈਸ਼ਲ ਬੈੱਲਟ ਬੰਨ੍ਹਦਾ ਹੈ ਜਿਸ ਨੂੰ ਉਸ ਛੋਟੇ ਕੈਮਰੇ ਤੋਂ ਸਿਗਨਲ ਆਉਂਦੇ ਹਨ। ਤਸਵੀਰਾਂ ਕੰਪਿਊਟਰ ਨੂੰ ਭੇਜੀਆਂ ਜਾਂਦੀਆਂ ਹਨ ਅਤੇ ਫਿਰ ਮਾਹਰ ਇਨ੍ਹਾਂ ਦੀ ਜਾਂਚ ਕਰਦੇ ਹਨ। ਇਹ ਛੋਟਾ ਕੈਮਰਾ ਕੁਦਰਤੀ ਤਰੀਕੇ ਨਾਲ ਸਰੀਰ ਵਿੱਚੋਂ ਨਿਕਲ ਆਉਂਦਾ ਹੈ। ਡਾ. ਬਲੇਅਰ ਲੂਇਸ ਦੇ ਅਨੁਸਾਰ ਇਸ ਤਰੀਕੇ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੈ ਕਿ ਇਸ ਤੋਂ ਕੋਈ ਦਰਦ ਨਹੀਂ ਹੁੰਦਾ। ਇਸ ਗੋਲੀ ਨੂੰ ਬਣਾਉਣ ਵਾਲੇ ਇਕ ਪ੍ਰੋਫ਼ੈਸਰ, ਪੌਲ ਸਵੇਨ ਨੇ ਕਿਹਾ ਕਿ “ਮਰੀਜ਼ ਨੂੰ ਬੇਹੋਸ਼ ਕਰਨ ਤੋਂ ਬਗੈਰ ਛੋਟੀ ਆਂਦਰੀ ਦੇ ਹੇਠਲੇ ਹਿੱਸੇ ਨੂੰ ਦੇਖਣਾ ਮੁਮਕਿਨ ਬਣ ਜਾਵੇਗਾ। ਅਤੇ ਇਹ ਉਦੋਂ ਵੀ ਕੀਤਾ ਜਾ ਸਕਦਾ ਹੈ ਜਦੋਂ ਮਰੀਜ਼ ਤੁਰਦਾ-ਫਿਰਦਾ ਹੁੰਦਾ ਹੈ।” ਯੂ. ਐੱਸ. ਦੇ ਖ਼ੁਰਾਕ ਅਤੇ ਅਮਲ ਪ੍ਰਬੰਧ ਨੇ ਇਜਾਜ਼ਤ ਦਿੱਤੀ ਹੈ ਕਿ ਇਹ ਗੋਲੀ ਨਿਊਯਾਰਕ ਅਤੇ ਲੰਡਨ ਦੇ 20 ਮਰੀਜ਼ਾਂ ਦੁਆਰਾ ਵਰਤੀ ਜਾਵੇ।