Skip to content

Skip to table of contents

ਇਕ ਡਾਇਰੀ ਦਾ ਸਾਥ

ਇਕ ਡਾਇਰੀ ਦਾ ਸਾਥ

ਇਕ ਡਾਇਰੀ ਦਾ ਸਾਥ

“ਸਾਰਿਆਂ ਨੂੰ ਡਾਇਰੀ ਰੱਖਣੀ ਚਾਹੀਦੀ ਹੈ। ਹਰ ਇਨਸਾਨ ਕੋਈ-ਨ-ਕੋਈ ਚੰਗੀ ਗੱਲ ਲਿਖ ਸਕਦਾ ਹੈ ਕਿਉਂ ਜੋ ਸਾਰਿਆਂ ਦੀ ਜ਼ਿੰਦਗੀ ਅਨਮੋਲ ਹੈ।”​—ਐਡਵਰਡ ਰੌਬ ਐਲਿਸ, ਇਕ ਲੇਖਕ ਜੋ ਡਾਇਰੀ ਰੱਖਦਾ ਹੈ।

ਇਸ ਰੁੱਖੀ ਅਤੇ ਬੇਦਰਦ ਦੁਨੀਆਂ ਵਿਚ ਡਾਇਰੀ ਬਹੁਤ ਹੀ ਪਿਆਰਾ ਅਤੇ ਹਮਦਰਦ ਸਾਥੀ ਬਣ ਸਕਦੀ ਹੈ। ਲੇਖਕਾ ਕ੍ਰਿਸਟੀਨਾ ਬੋਲਡਵਿਨ ਕਹਿੰਦੀ ਹੈ ਕਿ ਇਕ ਡਾਇਰੀ “ਸਾਨੂੰ ਜ਼ਿੰਦਗੀ ਦੇ ਸਫ਼ਰ ਦੇ ਤਜਰਬਿਆਂ ਨੂੰ ਜਮਾ ਕਰ ਕੇ ਰੱਖਣ ਦਾ ਮੌਕਾ ਦਿੰਦੀ ਹੈ।” ਜਿਵੇਂ ਇਕ ਫੋਟੋਆਂ ਦੀ ਐਲਬਮ ਵਿਚ ਅਸੀਂ ਆਪਣੀ ਜ਼ਿੰਦਗੀ ਵਿਚ ਹੋਈਆਂ ਘਟਨਾਵਾਂ ਨੂੰ ਫੋਟੋਆਂ ਰਾਹੀਂ ਸਾਂਭ ਕੇ ਰੱਖ ਸਕਦੇ ਹਾਂ ਉਸੇ ਤਰ੍ਹਾਂ ਇਕ ਡਾਇਰੀ ਵਿਚ ਅਸੀਂ ਆਪਣੀ ਜ਼ਿੰਦਗੀ ਦੀਆਂ ਮੁੱਖ ਗੱਲਾਂ ਤਸਵੀਰੀ ਭਾਸ਼ਾ ਵਿਚ ਦਰਜ ਕਰ ਸਕਦੇ ਹਾਂ।

ਬਾਈਬਲ ਦੇ ਜ਼ਮਾਨੇ ਵਿਚ ਸਰਕਾਰਾਂ ਅਕਸਰ ਮਹੱਤਵਪੂਰਣ ਘਟਨਾਵਾਂ ਦਾ ਰਿਕਾਰਡ ਰੱਖਦੀਆਂ ਹੁੰਦੀਆਂ ਸਨ। ਬਾਈਬਲ ਵਿਚ ਅਜਿਹੀਆਂ ਕਈ ਸਰਕਾਰੀ ਪੋਥੀਆਂ ਦਾ ਜ਼ਿਕਰ ਹੈ। (ਗਿਣਤੀ 21:14, 15; ਯਹੋਸ਼ੁਆ 10:12, 13) ਯੂਨਾਨੀ ਲੋਕਾਂ ਨੇ ਇਕ ਕਿਸਮ ਦੀ ਪੱਤਰੀ ਬਣਾਈ ਸੀ ਅਤੇ ਉਸ ਨੂੰ ਇਫੇਮਰਿਡੀਸ ਸੱਦਿਆ। * ਇਸ ਪੱਤਰੀ ਵਿਚ ਤਾਰਿਆਂ ਅਤੇ ਗ੍ਰਹਿਆਂ ਦੀ ਰੋਜ਼ ਦੀ ਗਤੀ ਦਰਜ ਕੀਤੀ ਜਾਂਦੀ ਸੀ। ਯੂਨਾਨ ਉੱਤੇ ਜਿੱਤ ਪ੍ਰਾਪਤ ਕਰਨ ਵਾਲਿਆਂ ਰੋਮੀ ਲੋਕਾਂ ਨੇ ਇਨ੍ਹਾਂ ਪੱਤਰੀਆਂ ਨੂੰ ਵਰਤਣਾ ਸ਼ੁਰੂ ਕੀਤਾ। ਪਰ ਉਨ੍ਹਾਂ ਨੇ ਇਨ੍ਹਾਂ ਪੱਤਰੀਆਂ ਵਿਚ ਸਮਾਜ ਵਿਚ ਵਾਪਰਨ ਵਾਲੀਆਂ ਅਤੇ ਲੋਕਾਂ ਨੂੰ ਦਿਲਚਸਪ ਲੱਗਣ ਵਾਲੀਆਂ ਰੋਜ਼ ਦੀਆਂ ਘਟਨਾਵਾਂ ਦਰਜ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਤਰ੍ਹਾਂ ਇਨ੍ਹਾਂ ਪੱਤਰੀਆਂ ਦੀ ਮਹੱਤਤਾ ਹੋਰ ਵੱਧ ਗਈ। ਉਨ੍ਹਾਂ ਨੇ ਇਨ੍ਹਾਂ ਪੱਤਰੀਆਂ ਨੂੰ ਡਾਇਰੀਅਮ ਸੱਦਿਆ, ਜੋ ਕਿ ਲਾਤੀਨੀ ਸ਼ਬਦ ਡਾਇਸ ਤੋਂ ਆਉਂਦਾ ਹੈ ਅਤੇ ਇਸ ਦਾ ਮਤਲਬ “ਦਿਨ” ਹੈ।

ਪਰ ਸਤਾਰ੍ਹਵੀਂ ਸਦੀ ਵਿਚ ਸੈਮੂਅਲ ਪਿੱਪਸ ਨਾਂ ਦੇ ਇਕ ਅੰਗ੍ਰੇਜ਼ ਨੇ ਇਕ ਪੱਤਰੀ ਲਿਖੀ ਅਤੇ ਇਸ ਤੋਂ ਬਾਅਦ ਹੀ ਡਾਇਰੀ ਸ਼ੁਰੂ ਹੋਈ ਸੀ ਜਿਸ ਵਿਚ ਰੋਜ਼ ਦੀਆਂ ਆਮ ਘਟਨਾਵਾਂ ਦਾ ਨਿੱਜੀ ਰਿਕਾਰਡ ਲਿਖਿਆ ਗਿਆ ਸੀ। ਪਿੱਪਸ ਦੀ ਡਾਇਰੀ ਵਿਚ ਧਾਰਮਿਕਤਾ ਅਤੇ ਦੁਨਿਆਵੀ ਗੱਲਾਂ ਦੇ ਅਜੀਬ ਮੇਲ-ਜੋਲ ਤੋਂ ਇਤਿਹਾਸਕਾਰਾਂ ਨੂੰ ਅੰਗ੍ਰੇਜ਼ ਬਾਦਸ਼ਾਹ ਚਾਰਲਸ ਦੂਜੇ ਦੇ ਰਾਜ ਅਧੀਨ ਜ਼ਿੰਦਗੀ ਗੁਜ਼ਾਰਨ ਬਾਰੇ ਸਭ ਤੋਂ ਜ਼ਿਆਦਾ ਜਾਣਕਾਰੀ ਮਿਲੀ ਹੈ।

ਉਸ ਸਮੇਂ ਤੋਂ ਬਾਅਦ ਡਾਇਰੀ ਰੱਖਣੀ ਬਹੁਤ ਮਸ਼ਹੂਰ ਹੋਣ ਲੱਗ ਪਈ। ਕਈ ਡਾਇਰੀਆਂ ਕੀਮਤੀ ਇਤਿਹਾਸਕ ਲਿਖਤਾਂ ਬਣ ਗਈਆਂ ਹਨ, ਜਿਨ੍ਹਾਂ ਵਿਚ ਇਕ ਵਿਸ਼ੇਸ਼ ਡਾਇਰੀ ਐਨ ਫ਼ਰੈਂਕ ਨਾਂ ਦੀ ਇਕ ਯਹੂਦੀ ਲੜਕੀ ਦੀ ਹੈ। ਇਹ ਲੜਕੀ ਨਾਜ਼ੀਆਂ ਤੋਂ ਲੁਕੀ ਹੋਈ ਸੀ। ਇਸ ਡਾਇਰੀ ਨੂੰ ਇਕ ਛੋਟੀ ਲੜਕੀ ਦੀ ਡਾਇਰੀ ਸੱਦਿਆ ਗਿਆ ਅਤੇ ਇਸ ਵਿਚ ਇਨਸਾਨਾਂ ਦੇ ਇਕ ਦੂਜੇ ਉੱਤੇ ਕੀਤੇ ਗਏ ਬੇਰਹਿਮ ਸਲੂਕ ਦਾ ਦਰਦ-ਭਰਿਆ ਸਬੂਤ ਹੈ।

ਲੋਕ ਡਾਇਰੀ ਰੱਖਣੀ ਕਿਉਂ ਪਸੰਦ ਕਰਦੇ ਹਨ?

ਇਸ ਤਰ੍ਹਾਂ ਲੱਗਦਾ ਹੈ ਕਿ ਡਾਇਰੀ ਰੱਖਣ ਦੁਆਰਾ ਅਸੀਂ ਆਪਣੇ ਜਜ਼ਬਾਤ ਪ੍ਰਗਟ ਕਰਨ ਦੀ ਇੱਛਾ ਪੂਰੀ ਕਰ ਸਕਦੇ ਹਾਂ। ਚਾਹੇ ਇਹ ਆਪਣੇ ਬੱਚੇ ਦਾ ਪਹਿਲਾ ਸ਼ਬਦ ਸੁਣਨ ਜਾਂ ਇਕ ਵੱਧ ਰਹੀ ਦੋਸਤੀ ਦੀ ਖ਼ੁਸ਼ੀ ਹੋਵੇ। ਡਾਇਰੀ ਵਿਚ ਅਸੀਂ ਉਹ ਗੱਲਾਂ ਲਿਖ ਸਕਦੇ ਹਾਂ ਜੋ ਸਾਡੀ ਜ਼ਿੰਦਗੀ ਉੱਤੇ ਅਸਰ ਪਾਉਂਦੀਆਂ ਹਨ। ਇਨ੍ਹਾਂ ਗੱਲਾਂ ਨੂੰ ਬਾਅਦ ਵਿਚ ਪੜ੍ਹਨ ਦੁਆਰਾ ਅਸੀਂ ਆਪਣੀਆਂ ਪਿਆਰੀਆਂ ਯਾਦਾਂ ਬਾਰੇ ਦੁਬਾਰਾ ਸੋਚ ਸਕਦੇ ਹਾਂ।

ਡਾਇਰੀ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਹ ਸਾਨੂੰ ਆਪਣੇ ਆਪ ਬਾਰੇ ਸਿਖਾਉਂਦੀ ਹੈ। ਲੇਖਕਾ ਟ੍ਰਿਸਟੀਨ ਰਾਇਨਰ ਡਾਇਰੀ ਬਾਰੇ ਕਹਿੰਦੀ ਹੈ ਕਿ ਇਹ “ਇਕ ਚੰਗਾ ਮਾਨਸਿਕ ਸੰਦ ਹੈ ਜੋ ਤੁਹਾਨੂੰ ਕਿਸੇ ਵੀ ਰੁਕਾਵਟ ਤੋਂ ਬਗੈਰ ਆਪਣੇ ਦਿਲ ਦੀ ਗੱਲ ਪ੍ਰਗਟ ਕਰਨ ਦਿੰਦਾ ਹੈ।”

ਕਹਾਉਤਾਂ 12:25 ਵਿਚ ਬਾਈਬਲ ਕਹਿੰਦੀ ਹੈ ਕਿ “ਮਨੁੱਖ ਦੇ ਦਿਲ ਵਿੱਚ ਚਿੰਤਾ ਉਹ ਨੂੰ ਝੁਕਾ ਦਿੰਦੀ ਹੈ।” ਜੇ ਕੋਈ ਕਿਸੇ ਹੋਰ ਨਾਲ ਆਪਣੀ “ਚਿੰਤਾ” ਬਾਰੇ ਗੱਲ ਕਰਨ ਤੋਂ ਸ਼ਰਮਾਉਂਦਾ ਹੈ ਤਾਂ ਉਹ ਆਪਣੇ ਦਿਲ ਦੀ ਗੱਲ ਲਿਖ ਸਕਦਾ ਹੈ। ਇਸੇ ਕਰਕੇ ਜਦੋਂ ਕਿਸੇ ਨੂੰ ਜਜ਼ਬਾਤੀ ਸਦਮਾ ਪਹੁੰਚਿਆ ਹੋਵੇ ਤਾਂ ਉਸ ਨੂੰ ਅਕਸਰ ਡਾਇਰੀ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਡਾਇਰੀ ਵਿਚ ਅਸੀਂ ਆਪਣੀ ਜ਼ਿੰਦਗੀ ਬਾਰੇ ਅਤੇ ਆਪਣੇ ਨਵੇਂ ਟੀਚਿਆਂ ਬਾਰੇ ਲਿਖ ਕੇ ਇਨ੍ਹਾਂ ਗੱਲਾਂ ਉੱਤੇ ਵਿਚਾਰ ਕਰ ਸਕਦੇ ਹਾਂ। ਅਸੀਂ ਆਪਣੀਆਂ ਸਮੱਸਿਆਵਾਂ ਬਾਰੇ ਵੀ ਲਿਖ ਸਕਦੇ ਹਾਂ ਅਤੇ ਉਨ੍ਹਾਂ ਦੇ ਹੱਲ ਬਾਰੇ ਸੋਚ ਸਕਦੇ ਹਾਂ। ਆਪਣੀਆਂ ਸਮੱਸਿਆਵਾਂ ਅਤੇ ਜਜ਼ਬਾਤਾਂ ਬਾਰੇ ਲਿਖਣ ਦੁਆਰਾ ਅਸੀਂ ਅਸਲੀ ਸਮੱਸਿਆ ਨੂੰ ਪਛਾਣ ਕੇ ਉਸ ਦਾ ਕਾਰਨ ਜਾਣ ਸਕਦੇ ਹਾਂ।

ਡਾਇਰੀ ਰੱਖਣ ਤੋਂ ਅਸੀਂ ਬਹੁਤ ਕੁਝ ਸਿੱਖ ਵੀ ਸਕਦੇ ਹਾਂ। ਦ ਅਮੈਰੀਕਨ ਫੈਡਰਸ਼ਨ ਆਫ਼ ਟੀਚਰਜ਼ ਨਾਮਕ ਇਕ ਸੰਸਥਾ ਮਾਪਿਆਂ ਨੂੰ ਸਲਾਹ ਦਿੰਦੀ ਹੈ ਕਿ “ਆਪਣੇ ਬੱਚਿਆਂ ਨੂੰ ਡਾਇਰੀ ਰੱਖਣ ਲਈ ਉਤਸ਼ਾਹਿਤ ਕਰੋ। ਪੱਤਰੀ ਲਿਖਣ ਦੁਆਰਾ ਉਹ ਲਿਖਣ ਅਤੇ ਸੋਚਣ ਦੀ ਕਲਾ ਸਿੱਖਣਗੇ।”

ਡਾਇਰੀ ਕਿਸ ਤਰ੍ਹਾਂ ਰੱਖੀ ਜਾਂਦੀ ਹੈ?

ਸਭ ਤੋਂ ਪਹਿਲਾਂ ਆਪਣੇ ਮਨਪਸੰਦ ਦੀ ਡਾਇਰੀ ਜਾਂ ਕਿਤਾਬ ਲੈ ਕੇ ਇਕ ਸ਼ਾਂਤ ਜਗ੍ਹਾ ਲੱਭੋ। ਇਹ ਸੱਚ ਹੈ ਕਿ ਖਾਲੀ ਪੰਨੇ ਖਾਣ ਨੂੰ ਆਉਂਦੇ ਹਨ। ਪਰ ਮਨ ਦੀਆਂ ਗੱਲਾਂ ਸਾਦੇ ਤਰੀਕੇ ਵਿਚ ਲਿਖਣ ਦੁਆਰਾ ਡਾਇਰੀ ਰੱਖਣੀ ਸੁਖਾਲੀ ਬਣ ਸਕਦੀ ਹੈ। ਤੁਸੀਂ ਆਪਣੇ ਆਪ ਨੂੰ ਅਜਿਹੇ ਸਵਾਲ ਪੁੱਛ ਸਕਦੇ ਹੋ: ‘ਮੈਂ ਅੱਜ ਕੀ ਕੀਤਾ ਹੈ? ਇਸ ਦਾ ਮੇਰੇ ਉੱਤੇ ਕੀ ਪ੍ਰਭਾਵ ਪਿਆ ਹੈ? ਮੈਂ ਅੱਜ ਕੀ-ਕੀ ਖਾਧਾ ਹੈ? ਮੈਂ ਅੱਜ ਕਿਹ ਨੂੰ ਮਿਲਿਆ ਹਾਂ? ਮੇਰੇ ਦੋਸਤ-ਮਿੱਤਰਾਂ ਦੀਆਂ ਜ਼ਿੰਦਗੀਆਂ ਵਿਚ ਕੀ-ਕੀ ਹੋ ਰਿਹਾ ਹੈ?’ ਜਾਂ ਤੁਸੀਂ ਆਪਣੀ ਜ਼ਿੰਦਗੀ ਬਾਰੇ ਅਜਿਹੇ ਸਵਾਲ ਪੁੱਛ ਸਕਦੇ ਹੋ: ‘ਮੇਰੀ ਜ਼ਿੰਦਗੀ ਵਿਚ ਕੀ ਹੋ ਰਿਹਾ ਹੈ? ਮੇਰੇ ਟੀਚੇ ਕੀ ਹਨ? ਮੇਰੇ ਸੁਪਨੇ ਕੀ ਹਨ?’ ਇਸ ਤੋਂ ਬਾਅਦ ਜ਼ਿਆਦਾ ਨੁਕਸ ਕੱਢਣ ਤੋਂ ਬਿਨਾਂ ਲਿਖਣਾ ਸ਼ੁਰੂ ਕਰ ਦਿਓ।

ਬਹੁਤੀਆਂ ਗੱਲਾਂ ਲਿਖਣ ਦੀ ਲੋੜ ਨਹੀਂ। ਤੁਸੀਂ ਹਰ ਰੋਜ਼ ਲਿਖ ਸਕਦੇ ਹੋ ਜਾਂ ਕਦੀ-ਕਦੀ, ਇਹ ਵੀ ਤੁਹਾਡੀ ਮਰਜ਼ੀ ਹੈ। ਪਰ ਸਭ ਕੁਝ ਸੱਚ-ਸੱਚ ਲਿਖੋ। ਵਿਆਕਰਣ ਅਤੇ ਸ਼ਬਦਾਂ ਦੇ ਸਹੀ ਜੋੜਾਂ ਬਾਰੇ ਫ਼ਿਕਰ ਨਾ ਕਰੋ। ਕਿਸੇ ਹੋਰ ਨੇ ਤੁਹਾਡੀ ਲਿਖਾਈ ਨਹੀਂ ਪੜ੍ਹਨੀ। ਤੁਸੀਂ ਉਸ ਵਿਚ ਫੋਟੋਆਂ, ਅਖ਼ਬਾਰ ਤੋਂ ਕੱਟੇ ਹੋਏ ਹਿੱਸੇ, ਸੁਕਾਏ ਗਏ ਫੁੱਲ, ਜਾਂ ਹੋਰ ਜੋ ਮਰਜ਼ੀ ਚੀਜ਼ ਲਾ ਸਕਦੇ ਹੋ। ਇਹ ਤੁਹਾਡੀ ਕਿਤਾਬ ਹੈ। ਇਸ ਵਿਚ ਲਿਖਾਈ ਚੰਗੀ ਹੋ ਸਕਦੀ ਹੈ ਜਾਂ ਖ਼ਰਾਬ, ਛੋਟੀ ਜਾਂ ਵੱਡੀ। ਅਤੇ ਤੁਹਾਨੂੰ ਸਿਰਫ਼ ਉਦੋਂ ਹੀ ਲਿਖਣ ਦੀ ਲੋੜ ਹੈ ਜਦੋਂ ਤੁਸੀਂ ਚਾਹੁੰਦੇ ਹੋ। ਜੇਕਰ ਡਾਇਰੀ ਵਿਚ ਲਿਖਣਾ ਬੋਝ ਬਣ ਜਾਵੇ ਤਾਂ ਤੁਸੀਂ ਅਸਫ਼ਲ ਅਤੇ ਨਿਰਾਸ਼ ਹੋ ਜਾਓਗੇ।​—ਡੱਬੀ ਦੇਖੋ।

ਇਕ ਵਿਗਿਆਨੀ ਵਾਂਗ ਜੋ ਸ਼ਾਇਦ ਕਿਸੇ ਚੀਜ਼ ਦੀ ਜਾਂਚ ਕਰਨ ਤੋਂ ਬਾਅਦ ਆਪਣੇ ਵਿਚਾਰ ਰਿਕਾਰਡ ਕਰਨ ਲਈ ਇਕ ਡਾਇਰੀ ਵਰਤੇ, ਤੁਸੀਂ ਵੀ ਆਪਣੀ ਜ਼ਿੰਦਗੀ ਦੇ ਤੌਰ-ਤਰੀਕਿਆਂ ਅਤੇ ਕੰਮਾਂ-ਕਾਰਾਂ ਦੀ ਜਾਂਚ ਕਰ ਕੇ ਆਪਣਿਆਂ ਵਿਚਾਰਾਂ ਨੂੰ ਡਾਇਰੀ ਵਿਚ ਲਿਖ ਸਕਦੇ ਹੋ। ਤੁਹਾਡੀ ਡਾਇਰੀ ਤੁਹਾਡੀਆਂ ਖ਼ੁਸ਼ੀਆਂ, ਤੁਹਾਡੇ ਗਮ, ਤੁਹਾਡੀਆਂ ਕਮਜ਼ੋਰੀਆਂ, ਅਤੇ ਤੁਹਾਡੀ ਤਾਕਤ ਨੂੰ ਸਪੱਸ਼ਟ ਕਰੇਗੀ। ਇਸ ਦੁਆਰਾ ਤੁਸੀਂ ਆਪਣੇ ਖ਼ਿਆਲ ਚੰਗੀ ਤਰ੍ਹਾਂ ਪੇਸ਼ ਕਰਨੇ ਸਿੱਖੋਗੇ। ਇਹ ਸੱਚ ਹੈ ਕਿ ਡਾਇਰੀ ਰੱਖਣ ਲਈ ਪੱਕੇ ਇਰਾਦੇ ਦੀ ਜ਼ਰੂਰਤ ਹੈ, ਪਰ ਅਜਿਹੇ ਇਰਾਦੇ ਤੋਂ ਤੁਹਾਨੂੰ ਬਹੁਤ ਸਾਰੀਆਂ ਬਰਕਤਾਂ ਮਿਲ ਸਕਦੀਆਂ ਹਨ।​—ਭੇਜਿਆ ਗਿਆ ਲੇਖ।

[ਫੁਟਨੋਟ]

^ ਪੈਰਾ 4 ਇਹ ਯੂਨਾਨੀ ਸ਼ਬਦ ਇਫੇਮੇਰੋਸ ਤੋਂ ਆਉਂਦਾ ਹੈ ਜਿਸ ਦਾ ਮਤਲਬ ਹੈ “ਇਕ ਦਿਨ ਲਈ ਰਹਿਣਾ।”

[ਸਫ਼ਾ 13 ਉੱਤੇ ਡੱਬੀ]

ਡਾਇਰੀ ਸ਼ੁਰੂ ਕਰਨ ਦੇ ਤਰੀਕੇ

◆ ਇਕ ਚੰਗੀ ਅਤੇ ਮਜ਼ਬੂਤ ਕਿਤਾਬ ਚੁਣੋ ਜੋ ਤੁਸੀਂ ਆਪਣੇ ਨਾਲ ਰੱਖ ਸਕੋ।

◆ ਸ਼ਾਂਤ ਸਮਾਂ ਅਤੇ ਜਗ੍ਹਾ ਲੱਭੋ ਜਿੱਥੇ ਤੁਸੀਂ ਬਿਲਕੁਲ ਇਕੱਲੇ ਹੋ ਸਕਦੇ ਹੋ। ਲਿਖਦੇ ਹੋਏ ਤਾਰੀਖ਼ ਜ਼ਰੂਰ ਦਰਜ ਕਰੋ।

◆ ਜੇਕਰ ਤੁਸੀਂ ਕੁਝ ਦਿਨ ਨਹੀਂ ਲਿਖ ਸਕੇ ਹੋ ਤਾਂ ਘਬਰਾਓ ਨਾ; ਜਿੱਥੋਂ ਤੁਸੀਂ ਲਿਖਣਾ ਬੰਦ ਕੀਤਾ ਸੀ ਉੱਥੋਂ ਸ਼ੁਰੂ ਕਰ ਲਓ।

◆ ਆਪਣੀ ਲਿਖਾਈ ਵਿਚ ਨੁਕਸ ਨਾ ਕੱਢੋ। ਉੱਪਰੋਂ-ਉੱਪਰੋਂ ਲਿਖਣ ਦੀ ਬਜਾਇ ਖੁੱਲ੍ਹ ਕੇ ਆਪਣੇ ਦਿਲ ਦੀ ਹਰ ਗੱਲ ਪ੍ਰਗਟ ਕਰੋ।