Skip to content

Skip to table of contents

ਇਕ ਦਿਲ-ਚੀਰਵੇਂ ਦੁਖਾਂਤ ਦਾ ਸਾਮ੍ਹਣਾ ਕਰਨਾ

ਇਕ ਦਿਲ-ਚੀਰਵੇਂ ਦੁਖਾਂਤ ਦਾ ਸਾਮ੍ਹਣਾ ਕਰਨਾ

ਇਕ ਦਿਲ-ਚੀਰਵੇਂ ਦੁਖਾਂਤ ਦਾ ਸਾਮ੍ਹਣਾ ਕਰਨਾ

ਜੇਮਜ਼ ਜੌਰਾਨੋ ਦੀ ਜ਼ਬਾਨੀ

ਜ਼ਿੰਦਗੀ ਦੀਆਂ ਬਿਹਤਰੀਨ ਖ਼ੁਸ਼ੀਆਂ ਵਿੱਚੋਂ ਇਕ ਖ਼ੁਸ਼ੀ ਹੈ ਦਾਦਾ-ਦਾਦੀ ਜਾਂ ਨਾਨਾ-ਨਾਨੀ ਬਣਨਾ। ਮੈਂ ਤੇ ਮੇਰੀ ਪਤਨੀ ਵਿਕੀ ਬੜੀਆਂ ਹੀ ਰੀਝਾਂ ਨਾਲ ਆਪਣੇ ਪਹਿਲੇ ਦੋਹਤੇ ਦੇ ਪੈਦਾ ਹੋਣ ਦੀ ਉਡੀਕ ਕਰ ਰਹੇ ਸਾਂ। ਸਾਡੀ ਧੀ ਥੇਰੇਸਾ ਅਤੇ ਉਸ ਦਾ ਪਤੀ ਜੌਨਥਨ ਅਕਤੂਬਰ 2000 ਦੇ ਸ਼ੁਰੂ ਵਿਚ ਆਪਣੇ ਬੱਚੇ ਦੇ ਪੈਦਾ ਹੋਣ ਦੀ ਉਮੀਦ ਕਰ ਰਹੇ ਸਨ। ਪਰ ਅਸੀਂ ਤਾਂ ਸੋਚਿਆ ਵੀ ਨਹੀਂ ਸੀ ਕਿ ਸਾਨੂੰ ਇਕ ਦਿਲ-ਚੀਰਵੇਂ ਦੁਖਾਂਤ ਦਾ ਸਾਮ੍ਹਣਾ ਕਰਨਾ ਪਵੇਗਾ।

ਮੈਂ ਅਤੇ ਮੇਰੀ ਪਤਨੀ ਆਪਣੇ ਪੁੱਤਰ ਤੇ ਨੂੰਹ ਨਾਲ ਸ਼ਨੀਵਾਰ 23 ਸਤੰਬਰ ਨੂੰ ਛੁੱਟੀਆਂ ਮਨਾਉਣ ਚਲੇ ਗਏ। ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਅਤੇ ਉੱਤਰੀ ਕੈਰੋਲਾਇਨਾ ਦੇ ਆਊਟਰ ਬੈਂਕਸ ਟਾਪੂ ਉੱਤੇ ਇਕ ਹਫ਼ਤਾ ਬਿਤਾਉਣ ਲਈ ਜਾ ਰਹੇ ਸਾਂ। ਥੇਰੇਸਾ ਅਤੇ ਜੌਨਥਨ ਨੇ ਫ਼ੈਸਲਾ ਕੀਤਾ ਕਿ ਉਹ ਸਾਡੇ ਨਾਲ ਛੁੱਟੀਆਂ ਮਨਾਉਣ ਲਈ ਨਹੀਂ ਆਉਣਗੇ ਕਿਉਂਕਿ ਥੇਰੇਸਾ ਦਾ ਨੌਵਾਂ ਮਹੀਨਾ ਚੱਲ ਰਿਹਾ ਸੀ ਅਤੇ ਅਸੀਂ ਓਹੀਓ ਵਿਚ ਆਪਣੇ ਘਰ ਤੋਂ ਤਕਰੀਬਨ 11 ਘੰਟੇ ਦਾ ਲੰਬਾ ਸਫ਼ਰ ਤੈ ਕਰਨਾ ਸੀ।

ਅਸੀਂ ਆਪਣੀਆਂ ਛੁੱਟੀਆਂ ਨੂੰ ਮੁਲਤਵੀ ਕਰਨਾ ਚਾਹੁੰਦੇ ਸਾਂ, ਪਰ ਥੇਰੇਸਾ ਨੇ ਜ਼ਿੱਦ ਕੀਤੀ ਕਿ ਅਸੀਂ ਚਲੇ ਜਾਈਏ। ਉਸ ਨੇ ਸਾਨੂੰ ਯਕੀਨ ਦਿਵਾਇਆ ਕਿ ਉਸ ਨੂੰ ਕੁਝ ਨਹੀਂ ਹੋਵੇਗਾ। ਇਸ ਤੋਂ ਇਲਾਵਾ, ਉਸ ਦੇ ਡਾਕਟਰ ਨੇ ਵੀ ਕਿਹਾ ਕਿ ਉਹ ਗਰਭ ਦਾ ਨਿਰਧਾਰਿਤ ਸਮਾਂ ਪੂਰਾ ਹੋਣ ਤੇ ਬੱਚੇ ਨੂੰ ਜਨਮ ਦੇਵੇਗੀ ਅਤੇ ਉਸ ਦੇ ਲਈ ਅਜੇ ਦੋ ਹਫ਼ਤੇ ਬਾਕੀ ਸਨ।

ਬੁੱਧਵਾਰ, 27 ਸਤੰਬਰ 2000 ਦਾ ਦਿਨ ਬਹੁਤ ਹੀ ਸੁਹਾਵਣਾ ਸੀ ਅਤੇ ਇਸ ਜਗ੍ਹਾ ਦੇ ਚੰਗੇ ਹਵਾ-ਪਾਣੀ ਕਰਕੇ ਹੀ ਸਾਡਾ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਇੱਥੇ ਛੁੱਟੀਆਂ ਮਨਾਉਣ ਲਈ ਆਉਂਦਾ ਸੀ। ਪਰ ਸਾਨੂੰ ਨਹੀਂ ਸੀ ਪਤਾ ਕਿ ਦਿਨ ਢਲ਼ਣ ਤੋਂ ਪਹਿਲਾਂ ਹੀ ਸਾਡੀਆਂ ਜ਼ਿੰਦਗੀਆਂ ਵਿਚ ਇਕ ਜ਼ਬਰਦਸਤ ਤੂਫ਼ਾਨ ਆਉਣ ਵਾਲਾ ਸੀ।

“ਥੇਰੇਸਾ ਲਾਪਤਾ ਹੈ!”

ਉਸੇ ਸ਼ਾਮ ਮੇਰੇ ਭਰਾ ਨੇ ਓਹੀਓ ਤੋਂ ਮੈਨੂੰ ਫ਼ੋਨ ਕੀਤਾ। ਉਹ ਗੱਲ ਨਹੀਂ ਕਰ ਪਾ ਰਿਹਾ ਸੀ ਤੇ ਬਹੁਤ ਹੀ ਘਬਰਾਇਆ ਹੋਇਆ ਸੀ। ਅਖ਼ੀਰ ਉਹ ਸਿਰਫ਼ ਐਨਾ ਹੀ ਕਹਿ ਸਕਿਆ: “ਥੇਰੇਸਾ ਲਾਪਤਾ ਹੈ!” ਥੇਰੇਸਾ ਦੇ ਲਾਪਤਾ ਹੋਣ ਬਾਰੇ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਸੀ ਕਿਉਂਕਿ ਉਹ ਬੜੇ ਸ਼ੱਕੀ ਹਾਲਾਤਾਂ ਵਿਚ ਲਾਪਤਾ ਹੋਈ ਸੀ। ਉਸ ਦੁਪਹਿਰ ਨੂੰ ਜਦੋਂ ਜੌਨਥਨ ਘਰ ਪਹੁੰਚਿਆ ਸੀ, ਤਾਂ ਦਰਵਾਜ਼ਾ ਖੁੱਲ੍ਹਾ ਸੀ। ਥੇਰੇਸਾ ਦਾ ਨਾਸ਼ਤਾ ਅਜੇ ਵੀ ਮੇਜ਼ ਉੱਤੇ ਪਿਆ ਸੀ ਅਤੇ ਉਸ ਦਾ ਪਰਸ ਘਰੇ ਪਿਆ ਸੀ। ਇਕ ਹੋਰ ਵੀ ਚੀਜ਼ ਅਜੀਬੋ-ਗਰੀਬ ਸੀ: ਉਸ ਦੀਆਂ ਜੁੱਤੀਆਂ ਦੀ ਇੱਕੋ-ਇਕ ਜੋੜੀ ਜੋ ਉਸ ਦੇ ਗਰਭ ਦੇ ਨੌਵੇਂ ਮਹੀਨੇ ਵਿਚ ਉਸ ਦੇ ਮੇਚ ਆਉਂਦੀ ਸੀ, ਅਜੇ ਵੀ ਦਰਵਾਜ਼ੇ ਦੇ ਨੇੜੇ ਪਈ ਸੀ।

ਜੌਨਥਨ ਨੇ ਸਵੇਰੇ 9:30 ਵਜੇ ਘਰ ਫ਼ੋਨ ਕੀਤਾ ਸੀ। ਥੇਰੇਸਾ ਨੇ ਉਸ ਨੂੰ ਦੱਸਿਆ ਕਿ ਇਕ ਤੀਵੀਂ ਨੇ ਫ਼ੋਨ ਕਰ ਕੇ ਕਿਹਾ ਸੀ ਕਿ ਉਹ ਘਰ ਆ ਕੇ ਉਸ ਕਾਰ ਨੂੰ ਦੇਖਣਾ ਚਾਹੁੰਦੀ ਸੀ ਜਿਹੜੀ ਉਹ ਵੇਚਣ ਜਾ ਰਹੇ ਸਨ। ਉਸ ਤੋਂ ਬਾਅਦ, ਥੇਰੇਸਾ ਕੁਝ ਖ਼ਰੀਦਦਾਰੀ ਕਰਨ ਜਾ ਰਹੀ ਸੀ। ਜੌਨਥਨ ਨੇ ਦੁਪਹਿਰ ਦੇ ਖਾਣੇ ਵੇਲੇ ਘਰ ਫ਼ੋਨ ਕੀਤਾ, ਪਰ ਕਿਸੇ ਨੇ ਫ਼ੋਨ ਨਹੀਂ ਚੁੱਕਿਆ। ਦੁਪਹਿਰ ਤੋਂ ਬਾਅਦ, ਉਸ ਨੇ ਕਈ ਵਾਰ ਫ਼ੋਨ ਕੀਤਾ, ਪਰ ਅਜੇ ਵੀ ਥੇਰੇਸਾ ਘਰ ਨਹੀਂ ਸੀ। ਜਦੋਂ ਉਹ ਸ਼ਾਮ ਨੂੰ 4:15 ਵਜੇ ਘਰ ਆਇਆ, ਤਾਂ ਉਸ ਨੇ ਦੇਖਿਆ ਕਿ ਕਾਰ ਗਾਇਬ ਸੀ। ਉਸ ਨੇ ਹਸਪਤਾਲ ਫ਼ੋਨ ਕੀਤਾ ਕਿਉਂਕਿ ਉਸ ਨੇ ਸੋਚਿਆ ਕਿ ਸ਼ਾਇਦ ਥੇਰੇਸਾ ਨੂੰ ਜਣੇਪੇ ਦੀਆਂ ਪੀੜਾਂ ਹੋਣ ਲੱਗ ਪਈਆਂ ਹੋਣੀਆਂ। ਪਰ ਉਹ ਉੱਥੇ ਵੀ ਨਹੀਂ ਸੀ। ਉਸ ਨੇ ਕੁਝ ਰਿਸ਼ਤੇਦਾਰਾਂ ਨੂੰ ਵੀ ਫ਼ੋਨ ਕੀਤਾ, ਪਰ ਕਿਸੇ ਨੇ ਵੀ ਉਸ ਨੂੰ ਨਹੀਂ ਦੇਖਿਆ ਸੀ। ਉਸ ਨੇ ਘਬਰਾ ਕੇ ਪੁਲਸ ਨੂੰ ਸੂਚਨਾ ਦਿੱਤੀ। ਸ਼ਾਮ ਨੂੰ ਤਕਰੀਬਨ 6:00 ਵਜੇ ਪੁਲਸ ਨੇ ਉਨ੍ਹਾਂ ਦੇ ਘਰ ਤੋਂ ਥੋੜ੍ਹੀ ਹੀ ਦੂਰੋਂ ਕਾਰ ਲੱਭ ਲਈ। ਪਰ ਥੇਰੇਸਾ ਅਜੇ ਵੀ ਲਾਪਤਾ ਸੀ।

ਉੱਤਰੀ ਕੈਰੋਲਾਇਨਾ ਵਿਚ ਇਸ ਖ਼ਬਰ ਨੂੰ ਸੁਣ ਕੇ ਅਸੀਂ ਪਰੇਸ਼ਾਨ ਹੋ ਗਏ। ਮੈਂ ਅਤੇ ਮੇਰੀ ਪਤਨੀ ਆਪਣੇ ਪੁੱਤਰ ਅਤੇ ਨੂੰਹ ਨਾਲ ਆਪਣੀਆਂ ਚੀਜ਼ਾਂ ਪੈਕ ਕਰ ਕੇ ਘਰ ਲਈ ਰਵਾਨਾ ਹੋ ਗਏ। ਸਾਡੇ ਦਿਲਾਂ ਨੂੰ ਹੌਲ ਪੈ ਰਿਹਾ ਸੀ ਅਤੇ ਅਸੀਂ ਜਲਦੀ-ਜਲਦੀ ਘਰ ਪਹੁੰਚਣਾ ਚਾਹੁੰਦੇ ਸੀ। ਅਸੀਂ ਪੂਰੀ ਰਾਤ ਸਫ਼ਰ ਕੀਤਾ ਅਤੇ ਅਗਲੀ ਸਵੇਰ ਓਹੀਓ ਪਹੁੰਚ ਗਏ।

ਇਕ ਸੁਰਾਗ ਮਿਲਿਆ

ਇਸ ਦੌਰਾਨ ਜੌਨਥਨ ਅਤੇ ਕੁਝ ਰਿਸ਼ਤੇਦਾਰਾਂ, ਨਜ਼ਦੀਕੀ ਦੋਸਤਾਂ ਅਤੇ ਦੂਜੇ ਲੋਕਾਂ ਨੇ ਥੇਰੇਸਾ ਨੂੰ ਲੱਭਣ ਵਿਚ ਪੁਲਸ ਨੂੰ ਸਾਰੀ ਰਾਤ ਸਹਿਯੋਗ ਦਿੱਤਾ। ਇਹ ਖੋਜ ਪੰਜ ਕਸ਼ਟਦਾਇਕ ਦਿਨਾਂ ਤਕ ਚੱਲਦੀ ਰਹੀ। ਅਖ਼ੀਰ, 2 ਅਕਤੂਬਰ ਸੋਮਵਾਰ ਨੂੰ ਇਕ ਸੁਰਾਗ ਮਿਲਿਆ। ਉਦੋਂ ਤਕ ਪੁਲਸ ਨੇ ਉਸ ਫ਼ੋਨ ਦਾ ਪਤਾ ਲਾ ਲਿਆ ਸੀ ਜੋ ਬੁੱਧਵਾਰ ਸਵੇਰ ਨੂੰ ਥੇਰੇਸਾ ਦੇ ਘਰ ਕੀਤਾ ਗਿਆ ਸੀ। ਇਹ ਫ਼ੋਨ ਇਕ ਔਰਤ ਨੇ ਮੋਬਾਈਲ ਫ਼ੋਨ ਦੁਆਰਾ ਕੀਤਾ ਸੀ ਜਿਹੜੀ ਥੇਰੇਸਾ ਦੇ ਘਰ ਤੋਂ ਥੋੜ੍ਹੀ ਹੀ ਦੂਰੀ ਤੇ ਕੁਝ ਬਲਾਕ ਛੱਡ ਕੇ ਰਹਿੰਦੀ ਸੀ।

ਉਸ ਤੀਵੀਂ ਨਾਲ ਗੱਲ ਕਰਨ ਤੋਂ ਬਾਅਦ ਪੁਲਸ ਨੂੰ ਉਸ ਉੱਤੇ ਸ਼ੱਕ ਹੋ ਗਿਆ। ਬਾਅਦ ਵਿਚ ਉਸੇ ਸ਼ਾਮ ਨੂੰ ਪੁਲਸ ਦੁਬਾਰਾ ਉਸ ਤੀਵੀਂ ਦੇ ਘਰ ਗਈ। ਪਰ ਜਿਉਂ ਹੀ ਪੁਲਸ ਦਰਵਾਜ਼ੇ ਤੇ ਪਹੁੰਚੀ, ਉਨ੍ਹਾਂ ਨੇ ਗੋਲੀ ਦੀ ਆਵਾਜ਼ ਸੁਣੀ। ਜਦੋਂ ਪੁਲਸ ਨੇ ਜ਼ਬਰਦਸਤੀ ਅੰਦਰ ਜਾ ਕੇ ਦੇਖਿਆ, ਤਾਂ ਉਹ ਤੀਵੀਂ ਮਰੀ ਪਈ ਸੀ। ਉਸ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ। ਉਨ੍ਹਾਂ ਨੂੰ ਬੜੀ ਹੈਰਾਨੀ ਹੋਈ ਜਦੋਂ ਉਨ੍ਹਾਂ ਨੇ ਦੂਜੀ ਮੰਜ਼ਲ ਤੇ ਇਕ ਕਮਰੇ ਵਿਚ ਨਵਜੰਮੇ ਬੱਚੇ ਨੂੰ ਦੇਖਿਆ। ਇਸ ਸਾਰੇ ਸ਼ੋਰ-ਸ਼ਰਾਬੇ ਦੌਰਾਨ ਇਹ ਬੱਚਾ ਬੇਫ਼ਿਕਰ ਹੋ ਕੇ ਸੁੱਤਾ ਰਿਹਾ!

ਪਰ ਅਜੇ ਵੀ ਉੱਥੇ ਥੇਰੇਸਾ ਦਾ ਕੋਈ ਨਾਮੋ-ਨਿਸ਼ਾਨ ਨਹੀਂ ਸੀ। ਅਗਲੇ ਕੁਝ ਘੰਟਿਆਂ ਤਕ ਪੁਲਸ ਨੇ ਥੇਰੇਸਾ ਦੇ ਉੱਥੇ ਹੋਣ ਦੇ ਕਿਸੇ ਸਬੂਤ ਨੂੰ ਲੱਭਣ ਲਈ ਪੂਰੇ ਘਰ ਦੀ ਤਲਾਸ਼ੀ ਲਈ। ਇਹ ਖੋਜ ਮੰਗਲਵਾਰ ਤੜਕੇ ਗਰਾਜ ਦੇ ਅੰਦਰ ਜਾ ਕੇ ਖ਼ਤਮ ਹੋਈ। ਗਰਾਜ ਵਿਚ ਪੁਲਸ ਨੂੰ ਥੇਰੇਸਾ ਦੀ ਲਾਸ਼ ਇਕ ਮਲਬੇ ਹੇਠ ਦੱਬੀ ਮਿਲੀ। ਉਸ ਦੀ ਮੌਤ ਦੀ ਤਫ਼ਤੀਸ਼ ਕਰਨ ਵਾਲੇ ਤਫ਼ਤੀਸ਼ਕਾਰ ਨੇ ਦੱਸਿਆ ਕਿ ਪਹਿਲਾਂ ਥੇਰੇਸਾ ਦੇ ਸਿਰ ਵਿਚ ਕੋਈ ਚੀਜ਼ ਮਾਰ ਕੇ ਉਸ ਨੂੰ ਬੇਹੋਸ਼ ਕਰ ਦਿੱਤਾ ਗਿਆ ਤੇ ਫਿਰ ਉਸ ਦੀ ਪਿੱਠ ਵਿਚ ਗੋਲੀ ਮਾਰ ਦਿੱਤੀ ਗਈ। ਇਸ ਨਾਲ ਉਸ ਦੀ ਤੁਰੰਤ ਮੌਤ ਹੋ ਗਈ ਤੇ ਫਿਰ ਉਸ ਦੇ ਗਰਭ ਵਿੱਚੋਂ ਬੱਚਾ ਕੱਢ ਲਿਆ ਗਿਆ। ਜਦੋਂ ਅਸੀਂ ਇਸ ਬਾਰੇ ਸੋਚਦੇ ਹਾਂ, ਤਾਂ ਇਹ ਜਾਣ ਕੇ ਸਾਨੂੰ ਕੁਝ ਤਸੱਲੀ ਮਿਲਦੀ ਹੈ ਕਿ ਥੇਰੇਸਾ ਨੂੰ ਜ਼ਿਆਦਾ ਤਕਲੀਫ਼ ਨਹੀਂ ਝੱਲਣੀ ਪਈ।

ਨਵਜੰਮੇ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਬਿਲਕੁਲ ਸਿਹਤਮੰਦ ਦੱਸਿਆ ਗਿਆ ਤੇ ਉਸ ਨੂੰ ਝਰੀਟ ਤਕ ਨਹੀਂ ਆਈ ਸੀ! ਕਾਨੂੰਨੀ ਤੌਰ ਤੇ ਜ਼ਰੂਰੀ ਡੀ.ਐੱਨ.ਏ. ਟੈੱਸਟ ਕਰਵਾਉਣ ਤੋਂ ਪਤਾ ਲੱਗਾ ਕਿ ਉਹ ਸਾਡਾ ਹੀ ਦੋਹਤਾ ਹੈ। ਜੌਨਥਨ ਨੇ ਉਸ ਦਾ ਨਾਂ ਔਸਕਰ ਗੇਵਿਨ ਰੱਖਿਆ ਜੋ ਉਸ ਨੇ ਤੇ ਥੇਰੇਸਾ ਨੇ ਚੁਣਿਆ ਸੀ। ਹਸਪਤਾਲ ਵਿਚ ਥੋੜ੍ਹੀ ਦੇਰ ਰਹਿਣ ਤੋਂ ਬਾਅਦ, 5 ਅਕਤੂਬਰ ਵੀਰਵਾਰ ਨੂੰ ਸਾਡੇ 3 ਕਿਲੋ, 950 ਗ੍ਰਾਮ ਦੋਹਤੇ ਨੂੰ ਉਸ ਦੇ ਪਿਤਾ ਦੇ ਹੱਥਾਂ ਵਿਚ ਸੌਂਪ ਦਿੱਤਾ ਗਿਆ। ਆਪਣੇ ਦੋਹਤੇ ਨੂੰ ਪਾ ਕੇ ਸਾਨੂੰ ਬੜੀ ਖ਼ੁਸ਼ੀ ਹੋਈ, ਪਰ ਅਸੀਂ ਆਪਣੇ ਦੁੱਖ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੇ ਕਿ ਥੇਰੇਸਾ ਉਸ ਨੂੰ ਆਪਣੀਆਂ ਬਾਹਾਂ ਵਿਚ ਚੁੱਕਣ ਲਈ ਜੀਉਂਦੀ ਨਹੀਂ ਸੀ।

ਗੁਆਂਢੀਆਂ ਵੱਲੋਂ ਮਦਦ

ਉਨ੍ਹਾਂ ਲੋਕਾਂ ਦੀ ਹਮਦਰਦੀ ਦੇਖ ਕੇ ਮੇਰੇ ਅਤੇ ਮੇਰੇ ਪਰਿਵਾਰ ਦੀਆਂ ਅੱਖਾਂ ਵਿਚ ਹੰਝੂ ਆ ਗਏ ਜਿਨ੍ਹਾਂ ਨੂੰ ਅਸੀਂ ਕਦੀ ਮਿਲੇ ਵੀ ਨਹੀਂ ਸੀ। ਜਿਸ ਦਿਨ ਤੋਂ ਥੇਰੇਸਾ ਲਾਪਤਾ ਹੋਈ ਸੀ, ਉਸੇ ਦਿਨ ਤੋਂ ਸੈਂਕੜੇ ਹੀ ਲੋਕਾਂ ਨੇ ਥੇਰੇਸਾ ਨੂੰ ਲੱਭਣ ਵਿਚ ਸਾਡੀ ਮਦਦ ਕੀਤੀ। ਕਈਆਂ ਨੇ ਪੈਸੇ ਦਾਨ ਕੀਤੇ। ਸ਼ਹਿਰ ਦੇ ਕਈ ਸਟੇਸ਼ਨਰੀ ਦੁਕਾਨਦਾਰਾਂ ਨੇ ਮੁਫ਼ਤ ਵਿਚ ਹੀ ਹਜ਼ਾਰਾਂ ਪਰਚੇ ਛਪਵਾਏ। ਅਤੇ ਮਦਦਗਾਰਾਂ ਨੇ ਥੇਰੇਸਾ ਦੇ ਘਰ ਦੇ ਆਲੇ-ਦੁਆਲੇ ਕਈ ਕਿਲੋਮੀਟਰ ਦੂਰ ਤਕ ਉਨ੍ਹਾਂ ਪਰਚਿਆਂ ਨੂੰ ਵੰਡਿਆ।

ਸਾਡੀ ਇਕ ਮਸੀਹੀ ਭੈਣ ਇਸੇ ਇਲਾਕੇ ਦੇ ਇਕ ਵਕੀਲ ਲਈ ਕੰਮ ਕਰਦੀ ਹੈ। ਜਦੋਂ ਉਸ ਨੇ ਵਕੀਲ ਨੂੰ ਸਾਡੀ ਹਾਲਤ ਬਾਰੇ ਦੱਸਿਆ, ਤਾਂ ਉਸ ਨੇ ਸਾਨੂੰ ਮਦਦ ਦੇਣ ਦੀ ਪੇਸ਼ਕਸ਼ ਕੀਤੀ। ਅਸੀਂ ਉਸ ਦੀ ਇਸ ਪੇਸ਼ਕਸ਼ ਨੂੰ ਸਵੀਕਾਰ ਕੀਤਾ ਅਤੇ ਇਹ ਸਾਡੇ ਲਈ ਵਰਦਾਨ ਸਾਬਤ ਹੋਈ। ਉਸ ਨੇ ਮੀਡੀਆ ਨਾਲ ਅਤੇ ਕੁਝ ਕਾਨੂੰਨੀ ਮੁੱਦਿਆਂ ਨਾਲ ਨਜਿੱਠਣ ਵਿਚ ਸਾਡੀ ਮਦਦ ਕੀਤੀ। ਇਸ ਤੋਂ ਇਲਾਵਾ, ਉਸ ਨੇ ਸਾਨੂੰ ਦੋ ਪ੍ਰਾਈਵੇਟ ਤਫ਼ਤੀਸ਼ਕਾਰਾਂ ਦੇ ਨਾਂ ਵੀ ਦਿੱਤੇ ਜਿਨ੍ਹਾਂ ਨੇ ਇਸ ਕੇਸ ਵਿਚ ਕਾਫ਼ੀ ਮਦਦ ਕੀਤੀ। ਸਾਡੇ ਵਿਚ ਉਨ੍ਹਾਂ ਦੀ ਦਿਲੀ ਦਿਲਚਸਪੀ ਨੇ ਸੱਚ-ਮੁੱਚ ਸਾਡੇ ਦਿਲਾਂ ਨੂੰ ਛੂਹ ਲਿਆ।

ਸਾਡੇ ਦੋਹਤੇ ਦੇ ਮਿਲਣ ਤੋਂ ਬਾਅਦ, ਲੋਕਾਂ ਨੇ ਸਾਡੀ ਹੋਰ ਵੀ ਜ਼ਿਆਦਾ ਮਦਦ ਕੀਤੀ। ਕਈ ਕਰਿਆਨੇ ਦੀਆਂ ਦੁਕਾਨਾਂ ਨੇ ਖਾਣ-ਪੀਣ ਦੀਆਂ ਅਤੇ ਹੋਰ ਘਰੇਲੂ ਚੀਜ਼ਾਂ ਭੇਜੀਆਂ। ਕਈ ਲੋਕਾਂ ਨੇ ਔਸਕਰ ਲਈ ਕੱਪੜੇ, ਪੋਤੜੇ, ਸੁੱਕਾ ਦੁੱਧ ਅਤੇ ਖਿਡੌਣੇ ਦਾਨ ਕੀਤੇ। ਸਾਨੂੰ ਔਸਕਰ ਦੀਆਂ ਲੋੜਾਂ ਨਾਲੋਂ ਕਿਤੇ ਜ਼ਿਆਦਾ ਚੀਜ਼ਾਂ ਮਿਲੀਆਂ, ਇਸ ਲਈ ਅਸੀਂ ਵਾਧੂ ਚੀਜ਼ਾਂ ਆਪਣੇ ਇਲਾਕੇ ਦੇ ਇਕ ਹਸਪਤਾਲ ਦੇ ਜਣੇਪਾ ਵਿਭਾਗ ਨੂੰ ਦੇ ਦਿੱਤੀਆਂ। ਕਿਉਂਕਿ ਇਸ ਕਹਾਣੀ ਨੂੰ ਟੈਲੀਵਿਯਨ ਤੇ ਦਿਖਾਇਆ ਅਤੇ ਅਖ਼ਬਾਰਾਂ ਵਿਚ ਛਾਪਿਆ ਗਿਆ ਸੀ, ਇਸ ਲਈ ਸਾਨੂੰ ਨਾ ਸਿਰਫ਼ ਆਪਣੇ ਗੁਆਂਢੀਆਂ ਵੱਲੋਂ, ਸਗੋਂ ਦੁਨੀਆਂ ਭਰ ਦੇ ਲੋਕਾਂ ਵੱਲੋਂ ਹਜ਼ਾਰਾਂ ਹੀ ਕਾਰਡ ਅਤੇ ਚਿੱਠੀਆਂ ਮਿਲੀਆਂ।

ਖ਼ਾਸਕਰ ਐਤਵਾਰ, 8 ਅਕਤੂਬਰ ਨੂੰ ਥੇਰੇਸਾ ਲਈ ਰੱਖੀ ਗਈ ਮੈਮੋਰੀਅਲ ਸਰਵਿਸ (ਯਾਦਗਾਰੀ) ਦੇ ਮੌਕੇ ਉੱਤੇ ਲੋਕਾਂ ਦੀ ਹਮਦਰਦੀ ਸਾਫ਼ ਦਿਖਾਈ ਦੇ ਰਹੀ ਸੀ। ਅਸੀਂ ਜਾਣਦੇ ਸਾਂ ਕਿ ਬਹੁਤ ਸਾਰੇ ਲੋਕੀ ਮੈਮੋਰੀਅਲ ਵਿਚ ਆਉਣਾ ਚਾਹੁੰਦੇ ਸਨ, ਪਰ ਜਿੰਨਾ ਅਸੀਂ ਅੰਦਾਜ਼ਾ ਲਾਇਆ ਸੀ ਉਸ ਨਾਲੋਂ ਕਿਤੇ ਵੱਧ ਲੋਕ ਆਏ। ਇਕ ਸਥਾਨਕ ਹਾਈ ਸਕੂਲ ਦੇ ਆਡੀਟੋਰੀਅਮ ਨੂੰ ਵਰਤਣ ਦੇ ਇੰਤਜ਼ਾਮ ਕੀਤੇ ਗਏ ਸਨ ਅਤੇ ਇਹ 1,400 ਤੋਂ ਵੀ ਜ਼ਿਆਦਾ ਲੋਕਾਂ ਨਾਲ ਪੂਰਾ ਭਰ ਗਿਆ ਸੀ। ਹਾਜ਼ਰ ਹੋਏ ਲੋਕਾਂ ਵਿਚ ਰਿਸ਼ਤੇਦਾਰ, ਦੋਸਤ, ਪੁਲਸ ਅਧਿਕਾਰੀ, ਸਾਡੇ ਸ਼ਹਿਰ ਦਾ ਮੇਅਰ ਅਤੇ ਗੁਆਂਢੀਆਂ ਆਏ ਹੋਏ ਸਨ। ਮੀਡੀਆ ਦੇ ਮੈਂਬਰ ਵੀ ਆਏ ਹੋਏ ਸਨ ਅਤੇ ਸਥਾਨਕ ਟੈਲੀਵਿਯਨ ਸਟੇਸ਼ਨਾਂ ਨੇ ਪੂਰੇ ਪ੍ਰੋਗ੍ਰਾਮ ਦੀ ਫਿਲਮ ਬਣਾਈ ਤੇ ਇਸ ਪ੍ਰੋਗ੍ਰਾਮ ਦਾ ਇੰਟਰਨੈੱਟ ਉੱਤੇ ਵੀ ਸਿੱਧਾ ਪ੍ਰਸਾਰਣ ਕੀਤਾ ਗਿਆ। ਇਸ ਤੋਂ ਇਲਾਵਾ, ਸੈਂਕੜੇ ਹੀ ਲੋਕ ਸਕੂਲ ਦੀ ਲਾਬੀ ਵਿਚ ਖੜ੍ਹੇ ਸਨ ਜਾਂ ਬਾਹਰ ਠੰਢੀ ਵਰਖਾ ਵਿਚ ਛੱਤਰੀਆਂ ਫੜੀ ਲਾਊਡ ਸਪੀਕਰਾਂ ਰਾਹੀਂ ਪੂਰਾ ਪ੍ਰੋਗ੍ਰਾਮ ਸੁਣ ਰਹੇ ਸਨ। ਇਸ ਪ੍ਰੋਗ੍ਰਾਮ ਨੇ ਸਾਡੇ ਬਾਈਬਲ-ਆਧਾਰਿਤ ਵਿਸ਼ਵਾਸਾਂ ਦੀ ਦੂਰ-ਦੂਰ ਤਕ ਗਵਾਹੀ ਦਿੱਤੀ।

ਬਾਅਦ ਵਿਚ, ਸੈਂਕੜੇ ਹੀ ਲੋਕ ਸਾਨੂੰ ਹੌਸਲਾ ਦੇਣ ਲਈ ਧੀਰਜ ਨਾਲ ਲਾਈਨ ਵਿਚ ਖੜ੍ਹੇ ਸਨ। ਅਸੀਂ ਤਕਰੀਬਨ ਤਿੰਨ ਘੰਟਿਆਂ ਤਕ ਉੱਥੇ ਰਹੇ ਤੇ ਆਉਣ ਵਾਲੇ ਸਾਰੇ ਲੋਕਾਂ ਦੇ ਗਲੇ ਮਿਲੇ ਅਤੇ ਉਨ੍ਹਾਂ ਦੇ ਆਉਣ ਲਈ ਆਪਣੀ ਕਦਰਦਾਨੀ ਪ੍ਰਗਟ ਕੀਤੀ। ਪ੍ਰੋਗ੍ਰਾਮ ਤੋਂ ਬਾਅਦ, ਇੱਥੇ ਦੇ ਇਕ ਹੋਟਲ ਨੇ ਆਪਣੇ ਵੱਲੋਂ ਮੁਫ਼ਤ ਵਿਚ ਹੀ 300 ਤੋਂ ਜ਼ਿਆਦਾ ਸਾਡੇ ਰਿਸ਼ਤੇਦਾਰਾਂ, ਨਜ਼ਦੀਕੀ ਦੋਸਤਾਂ ਅਤੇ ਹੋਰਨਾਂ ਲੋਕਾਂ ਨੂੰ ਖਾਣਾ ਖਿਲਾਇਆ ਜਿਨ੍ਹਾਂ ਨੇ ਸਾਡੇ ਦੋਹਤੇ ਨੂੰ ਲੱਭਣ ਵਿਚ ਮਦਦ ਕੀਤੀ ਸੀ।

ਅਸੀਂ ਦੱਸ ਨਹੀਂ ਸਕਦੇ ਕਿ ਅਸੀਂ ਉਨ੍ਹਾਂ ਲੋਕਾਂ ਦੀ​—ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸਾਡੇ ਲਈ ਅਜਨਬੀ ਸਨ​—ਕਿੰਨੀ ਕਦਰ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਸੀ। ਇਸ ਤਜਰਬੇ ਨੇ ਮਸੀਹੀ ਸੇਵਕਾਈ ਵਿਚ ਪੂਰਾ ਹਿੱਸਾ ਲੈਣ ਦੇ ਸਾਡੇ ਇਰਾਦੇ ਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਪੱਕਾ ਕਰ ਦਿੱਤਾ ਹੈ ਕਿਉਂਕਿ ਅਜੇ ਵੀ ਬਹੁਤ ਸਾਰੇ ਨੇਕਦਿਲ ਲੋਕ ਹਨ ਜਿਨ੍ਹਾਂ ਨੂੰ ਅਸੀਂ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣੀ ਚਾਹੁੰਦੇ ਹਾਂ।​—ਮੱਤੀ 24:14.

ਕਲੀਸਿਯਾ ਨੇ ਕਿੱਦਾਂ ਸਾਡੀ ਮਦਦ ਕੀਤੀ

ਇਸ ਸਖ਼ਤ ਅਜ਼ਮਾਇਸ਼ ਦੇ ਸ਼ੁਰੂ ਤੋਂ ਹੀ ਸਾਡੇ ਮਸੀਹੀ ਭੈਣ-ਭਰਾਵਾਂ ਨੇ ਹਰ ਪੱਖੋਂ ਸਾਡੀ ਮਦਦ ਕੀਤੀ। ਸਾਡੀ ਆਪਣੀ ਕਲੀਸਿਯਾ ਅਤੇ ਆਲੇ-ਦੁਆਲੇ ਦੀਆਂ ਕਲੀਸਿਯਾਵਾਂ ਦੇ ਭੈਣ-ਭਰਾਵਾਂ ਨੇ ਲਗਾਤਾਰ ਸਾਡਾ ਹੌਸਲਾ ਵਧਾਇਆ।

ਉੱਤਰੀ ਕੈਰੋਲਾਇਨਾ ਤੋਂ ਸਾਡੇ ਘਰ ਪਹੁੰਚਣ ਤੋਂ ਪਹਿਲਾਂ ਹੀ ਸਾਡੀ ਕਲੀਸਿਯਾ ਦੇ ਬਜ਼ੁਰਗ ਦੂਸਰੇ ਭੈਣ-ਭਰਾਵਾਂ ਨੂੰ ਇਕੱਠਾ ਕਰ ਕੇ ਥੇਰੇਸਾ ਨੂੰ ਲੱਭਣ ਵਿਚ ਜੁੱਟ ਗਏ ਸਨ। ਸਾਡੇ ਕਈ ਭੈਣ-ਭਰਾਵਾਂ ਨੇ ਥੇਰੇਸਾ ਨੂੰ ਲੱਭਣ ਲਈ ਆਪਣੇ ਕੰਮਾਂ ਤੋਂ ਛੁੱਟੀ ਲੈ ਲਈ। ਕੁਝ ਭੈਣ-ਭਰਾਵਾਂ ਨੇ ਆਪਣੇ ਮਾਲਕਾਂ ਨੂੰ ਕਿਹਾ ਕਿ ਉਹ ਇਸ ਦੇ ਲਈ ਆਪਣੀ ਤਨਖ਼ਾਹ ਛੱਡਣ ਲਈ ਵੀ ਤਿਆਰ ਸਨ, ਪਰ ਕੁਝ ਮਾਲਕਾਂ ਨੇ ਉਨ੍ਹਾਂ ਨੂੰ ਛੁੱਟੀ ਵੀ ਦੇ ਦਿੱਤੀ ਤੇ ਉਨ੍ਹਾਂ ਦੀ ਤਨਖ਼ਾਹ ਵੀ ਨਹੀਂ ਕੱਟੀ। ਥੇਰੇਸਾ ਦੇ ਲਾਪਤਾ ਹੋਣ ਦੇ ਦਿਨਾਂ ਦੌਰਾਨ ਸਾਡੇ ਕੁਝ ਮਸੀਹੀ ਭਰਾ ਜੌਨਥਨ ਨਾਲ ਰਹੇ ਤਾਂਕਿ ਉਹ ਇਕੱਲਾ ਮਹਿਸੂਸ ਨਾ ਕਰੇ। ਕਈ ਭੈਣ-ਭਰਾ ਆ ਕੇ ਸਾਡੇ ਘਰ ਦੀ ਸਾਫ਼-ਸਫ਼ਾਈ ਕਰਦੇ ਸਨ। ਦੂਸਰੇ ਭੈਣ-ਭਰਾਵਾਂ ਨੇ ਮਦਦ ਕਰਨ ਵਾਲਿਆਂ ਨੂੰ ਖਾਣਾ ਖਿਲਾਉਣ ਅਤੇ ਆ ਰਹੀਆਂ ਫ਼ੋਨ ਕਾਲਾਂ ਦਾ ਜਵਾਬ ਦੇਣ ਵਿਚ ਮਦਦ ਕੀਤੀ।

ਥੇਰੇਸਾ ਦੀ ਮੌਤ ਤੋਂ ਤਕਰੀਬਨ ਛੇ ਹਫ਼ਤਿਆਂ ਬਾਅਦ, ਮੇਰੀ ਪਤਨੀ ਅਤੇ ਜੌਨਥਨ ਨੇ ਬਹੁਤ ਹੀ ਮੁਸ਼ਕਲ ਚੁਣੌਤੀ ਦਾ ਸਾਮ੍ਹਣਾ ਕੀਤਾ​—ਘਰ ਨੂੰ ਸਾਫ਼ ਕਰਨਾ ਅਤੇ ਥੇਰੇਸਾ ਦੀਆਂ ਚੀਜ਼ਾਂ ਨੂੰ ਇਕੱਠਾ ਕਰਨਾ। ਜੌਨਥਨ ਨੇ ਕਿਹਾ ਕਿ ਉਹ ਹੁਣ ਇਸ ਘਰ ਵਿਚ ਨਹੀਂ ਰਹਿ ਸਕਦਾ ਜਿੱਥੇ ਉਹ ਤੇ ਥੇਰੇਸਾ ਇਕੱਠੇ ਰਹੇ ਸਨ, ਇਸ ਲਈ ਉਸ ਨੇ ਇਸ ਘਰ ਨੂੰ ਵੇਚਣ ਦਾ ਫ਼ੈਸਲਾ ਕੀਤਾ। ਥੇਰੇਸਾ ਦੀਆਂ ਚੀਜ਼ਾਂ ਨੂੰ ਇਕੱਠਾ ਕਰਨਾ ਬੜਾ ਹੀ ਦੁਖਦਾਈ ਕੰਮ ਸੀ ਕਿਉਂਕਿ ਹਰੇਕ ਚੀਜ਼ ਉਨ੍ਹਾਂ ਨੂੰ ਉਸ ਦੀ ਯਾਦ ਦਿਲਾਉਂਦੀ ਸੀ ਅਤੇ ਉਨ੍ਹਾਂ ਨੇ ਉਸ ਦੀ ਬਹੁਤ ਹੀ ਜ਼ਿਆਦਾ ਕਮੀ ਮਹਿਸੂਸ ਕੀਤੀ। ਪਰ ਇਸ ਮਾਮਲੇ ਵਿਚ ਵੀ ਸਾਡੇ ਭੈਣ-ਭਰਾ ਸਾਡੀ ਮਦਦ ਕਰਨ ਲਈ ਆਏ। ਉਨ੍ਹਾਂ ਨੇ ਉਸ ਦੀਆਂ ਚੀਜ਼ਾਂ ਨੂੰ ਗੱਤੇ ਦੇ ਡੱਬਿਆਂ ਵਿਚ ਪੈਕ ਕਰਨ ਵਿਚ ਮਦਦ ਕੀਤੀ ਅਤੇ ਉਨ੍ਹਾਂ ਨੇ ਘਰ ਨੂੰ ਵੇਚਣ ਵਾਸਤੇ ਤਿਆਰ ਕਰਨ ਲਈ ਘਰ ਦੀ ਕੁਝ ਲੋੜੀਂਦੀ ਮੁਰੰਮਤ ਵੀ ਕੀਤੀ।

ਸਭ ਤੋਂ ਅਹਿਮ ਗੱਲ ਇਹ ਹੈ ਕਿ ਸਾਡੇ ਭੈਣ-ਭਰਾਵਾਂ ਨੇ ਸਾਡੇ ਪਰਿਵਾਰ ਦੀ ਅਧਿਆਤਮਿਕ ਅਤੇ ਭਾਵਾਤਮਕ ਤੌਰ ਤੇ ਮਦਦ ਕੀਤੀ ਹੈ। ਸਾਨੂੰ ਹੌਸਲਾ ਦੇਣ ਲਈ ਉਹ ਫ਼ੋਨ ਕਰਦੇ ਸਨ ਤੇ ਸਾਨੂੰ ਮਿਲਣ ਵੀ ਆਉਂਦੇ ਸਨ। ਕਈਆਂ ਨੇ ਸਾਨੂੰ ਪਿਆਰ ਭਰੇ ਕਾਰਡ ਅਤੇ ਚਿੱਠੀਆਂ ਭੇਜੀਆਂ। ਇਹ ਪਿਆਰ ਭਰੀ ਮਦਦ ਨਾ ਸਿਰਫ਼ ਸਾਨੂੰ ਪਹਿਲੇ ਕੁਝ ਦਿਨਾਂ ਤੇ ਹਫ਼ਤਿਆਂ ਤਕ ਮਿਲਦੀ ਰਹੀ, ਸਗੋਂ ਕਈ ਮਹੀਨਿਆਂ ਤਕ ਮਿਲਦੀ ਰਹੀ।

ਬਹੁਤ ਸਾਰੇ ਭੈਣ-ਭਰਾਵਾਂ ਨੇ ਸਾਨੂੰ ਕਿਹਾ ਕਿ ਜਦੋਂ ਵੀ ਅਸੀਂ ਆਪਣਾ ਦੁੱਖ ਸਾਂਝਾ ਕਰਨਾ ਚਾਹੁੰਦੇ ਹਾਂ, ਤਾਂ ਅਸੀਂ ਉਨ੍ਹਾਂ ਨੂੰ ਦੱਸੀਏ। ਅਸੀਂ ਉਨ੍ਹਾਂ ਦੀ ਇਸ ਪਿਆਰ ਭਰੀ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ। ਆਪਣੇ ਅਜ਼ੀਜ਼ ਤੇ ਭਰੋਸੇਯੋਗ ਦੋਸਤ-ਮਿੱਤਰਾਂ ਨਾਲ ਆਪਣੀਆਂ ਭਾਵਨਾਵਾਂ ਸਾਂਝੀਆਂ ਕਰ ਕੇ ਸਾਨੂੰ ਬਹੁਤ ਹੀ ਹੌਸਲਾ ਮਿਲਿਆ! ਸੱਚ-ਮੁੱਚ ਉਨ੍ਹਾਂ ਨੇ ਬਾਈਬਲ ਦੀ ਇਸ ਕਹਾਵਤ ਦੇ ਸ਼ਬਦਾਂ ਨੂੰ ਆਪਣੇ ਕੰਮਾਂ ਦੁਆਰਾ ਸੱਚ ਸਾਬਤ ਕੀਤਾ ਹੈ: “ਮਿੱਤ੍ਰ ਹਰ ਵੇਲੇ ਪ੍ਰੇਮ ਕਰਦਾ ਹੈ, ਅਤੇ ਭਰਾ ਬਿਪਤਾ ਦੇ ਦਿਨ ਲਈ ਜੰਮਿਆ ਹੈ।”​—ਕਹਾਉਤਾਂ 17:17; 18:24.

ਸਾਡੇ ਪਰਿਵਾਰ ਉੱਤੇ ਅਸਰ

ਮੈਂ ਐਨਾ ਜ਼ਰੂਰ ਕਹਾਂਗਾ ਕਿ ਥੇਰੇਸਾ ਦੀ ਹੱਤਿਆ ਦੇ ਸਦਮੇ ਨੂੰ ਸਹਿਣਾ ਮੇਰੇ ਲਈ ਤੇ ਮੇਰੇ ਪਰਿਵਾਰ ਲਈ ਸੌਖਾ ਨਹੀਂ ਹੈ। ਉਸ ਦੀ ਹੱਤਿਆ ਨਾਲ ਤਾਂ ਸਾਡੀਆਂ ਜ਼ਿੰਦਗੀਆਂ ਹੀ ਬਦਲ ਗਈਆਂ। ਕਦੀ-ਕਦੀ ਮੈਨੂੰ ਗੁੱਸਾ ਆ ਜਾਂਦਾ ਹੈ ਕਿ ਥੇਰੇਸਾ ਮੇਰੇ ਨਾਲ ਨਹੀਂ ਹੈ। ਉਹ ਮੈਨੂੰ ਗਲੇ ਮਿਲਦੀ ਸੀ ਅਤੇ ਚੁੰਮਦੀ ਸੀ ਜਿਸ ਕਰਕੇ ਮੈਨੂੰ ਉਸ ਦੀ ਬਹੁਤ ਹੀ ਯਾਦ ਆਉਂਦੀ ਹੈ।

ਮੇਰੀ ਪਤਨੀ ਥੇਰੇਸਾ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੀ ਸੀ। ਕੋਈ ਵੀ ਦਿਨ ਖਾਲੀ ਨਹੀਂ ਗਿਆ ਹੋਣਾ ਜਦੋਂ ਉਨ੍ਹਾਂ ਦੋਵਾਂ ਨੇ ਇਕ-ਦੂਜੇ ਨਾਲ ਗੱਲ ਨਾ ਕੀਤੀ ਹੋਵੇ। ਉਹ ਦੋਵੇਂ ਥੇਰੇਸਾ ਦੀ ਗਰਭ-ਅਵਸਥਾ ਬਾਰੇ ਕਈ-ਕਈ ਘੰਟਿਆਂ ਤਕ ਗੱਲਾਂ ਕਰਦੀਆਂ ਰਹਿੰਦੀਆਂ ਸਨ। ਉਨ੍ਹਾਂ ਇਕੱਠੀਆਂ ਨੇ ਹੀ ਬੱਚੇ ਦਾ ਕਮਰਾ ਵੀ ਤਿਆਰ ਕੀਤਾ ਸੀ।

ਵਿਕੀ ਆਪਣੀਆਂ ਭਾਵਨਾਵਾਂ ਨੂੰ ਇਸ ਤਰ੍ਹਾਂ ਦੱਸਦੀ ਹੈ: “ਮੈਨੂੰ ਬਹੁਤ ਸਾਰੀਆਂ ਗੱਲਾਂ ਦੀ ਯਾਦ ਸਤਾਉਂਦੀ ਹੈ। ਮੈਂ ਉਸ ਨਾਲ ਪ੍ਰਚਾਰ ਕਰਨ ਜਾਂਦੀ ਹੁੰਦੀ ਸੀ। ਅਸੀਂ ਇਕੱਠੀਆਂ ਹੀ ਖ਼ਰੀਦਦਾਰੀ ਕਰਦੀਆਂ ਸਾਂ। ਸਭ ਤੋਂ ਜ਼ਿਆਦਾ ਦੁੱਖ ਇਸ ਗੱਲ ਦਾ ਹੈ ਕਿ ਉਹ ਆਪਣੇ ਬੱਚੇ ਨਾਲ ਨਹੀਂ ਹੈ ਜਿਸ ਕਰਕੇ ਮੇਰਾ ਕਲੇਜਾ ਫੱਟਣ ਨੂੰ ਕਰਦਾ ਹੈ। ਮੈਂ ਜਾਣਦੀ ਹਾਂ ਕਿ ਔਸਕਰ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਉਹ ਔਸਕਰ ਨੂੰ ਕਿੰਨਾ ਪਿਆਰ ਕਰਦੀ ਸੀ। ਉਹ ਜਾਣਦੀ ਸੀ ਕਿ ਉਸ ਦੇ ਮੁੰਡਾ ਹੋਵੇਗਾ। ਜਦੋਂ ਮੈਂ ਬੱਚੇ ਲਈ ਇਕ ਕੰਬਲ ਬਣਾ ਕੇ ਥੇਰੇਸਾ ਨੂੰ ਦਿੱਤਾ, ਤਾਂ ਉਸ ਨੇ ਮੈਨੂੰ ਇਹ ਕਾਰਡ ਲਿਖਿਆ:

‘ਪਿਆਰੀ ਮੰਮੀ,

ਬੱਚੇ ਲਈ ਇਹ ਸੋਹਣਾ ਕੰਬਲ ਬਣਾ ਕੇ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਸ ਨੂੰ ਬਣਾਉਣ ਵਿਚ ਤੁਸੀਂ ਜੋ ਸਖ਼ਤ ਮਿਹਨਤ ਕੀਤੀ ਹੈ, ਉਸ ਦੀ ਮੈਂ ਦਿਲੋਂ ਕਦਰ ਕਰਦੀ ਹਾਂ। ਮੈਂ ਉਸ ਸਾਰੀ ਮਦਦ ਤੇ ਹੌਸਲਾ-ਅਫ਼ਜ਼ਾਈ ਲਈ ਤੁਹਾਡਾ ਦੁਬਾਰਾ ਧੰਨਵਾਦ ਕਰਨਾ ਚਾਹੁੰਦੀ ਹਾਂ ਜੋ ਤੁਸੀਂ ਮੈਨੂੰ ਮੇਰੀ ਜ਼ਿੰਦਗੀ ਦੀਆਂ ਕੁਝ ਸਭ ਤੋਂ ਮੁਸ਼ਕਲ ਘੜੀਆਂ ਵਿੱਚੋਂ ਗੁਜ਼ਰਨ ਲਈ ਦਿੱਤੀ ਹੈ। ਮੈਂ ਇਸ ਨੂੰ ਹਮੇਸ਼ਾ ਯਾਦ ਰੱਖਾਂਗੀ ਤੇ ਇਸ ਦੇ ਲਈ ਤੁਹਾਡੀ ਧੰਨਵਾਦੀ ਰਹਾਂਗੀ। ਮੈਂ ਸੁਣਿਆ ਸੀ ਕਿ ਜਦੋਂ ਬੱਚੇ ਵੱਡੇ ਹੋ ਜਾਂਦੇ ਹਨ, ਤਾਂ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਉਨ੍ਹਾਂ ਦੀ ਮਾਂ ਹੀ ਉਨ੍ਹਾਂ ਦੀ ਸਭ ਤੋਂ ਚੰਗੀ ਸਹੇਲੀ ਹੁੰਦੀ ਹੈ। ਖ਼ੈਰ, ਮੈਂ ਯਹੋਵਾਹ ਦਾ ਹਰ ਰੋਜ਼ ਧੰਨਵਾਦ ਕਰਦੀ ਹਾਂ ਕਿ ਇਸ ਗੱਲ ਦਾ ਅਹਿਸਾਸ ਕਰਨ ਵਿਚ ਮੈਨੂੰ ਜ਼ਿਆਦਾ ਦੇਰ ਨਹੀਂ ਲੱਗੀ। ਮੈਂ ਹਮੇਸ਼ਾ ਤੁਹਾਨੂੰ ਪਿਆਰ ਕਰਦੀ ਰਹਾਂਗੀ।’”

ਆਪਣੇ ਜਵਾਈ ਦਾ ਦੁੱਖ ਦੇਖ ਕੇ ਵੀ ਸਾਨੂੰ ਬੜਾ ਦੁੱਖ ਹੋਇਆ। ਔਸਕਰ ਜਦੋਂ ਹਸਪਤਾਲ ਵਿਚ ਸੀ, ਤਾਂ ਜੌਨਥਨ ਨੂੰ ਇਕ ਬੜਾ ਹੀ ਮੁਸ਼ਕਲ ਕੰਮ ਕਰਨਾ ਪਿਆ। ਉਸ ਨੇ ਅਤੇ ਥੇਰੇਸਾ ਨੇ ਆਪਣੇ ਘਰ ਵਿਚ ਔਸਕਰ ਲਈ ਕਮਰਾ ਤਿਆਰ ਕੀਤਾ ਸੀ। ਪਰ ਹੁਣ ਕਿਉਂਕਿ ਉਸ ਨੇ ਸਾਡੇ ਨਾਲ ਥੋੜ੍ਹੇ ਚਿਰ ਲਈ ਰਹਿਣ ਦਾ ਫ਼ੈਸਲਾ ਕੀਤਾ ਸੀ, ਇਸ ਲਈ ਉਸ ਨੂੰ ਔਸਕਰ ਦੇ ਕਮਰੇ ਤੋਂ ਸਾਰਾ ਸਾਮਾਨ ਸਮੇਟ ਕੇ ਸਾਡੇ ਘਰ ਲਿਆਉਣਾ ਪਿਆ। ਉਸ ਨੇ ਲੱਕੜ ਦਾ ਘੋੜਾ, ਪੰਘੂੜਾ ਅਤੇ ਕੱਪੜੇ ਦੇ ਬਣੇ ਜਾਨਵਰ ਖਿਡੌਣਿਆਂ ਨੂੰ ਪੈਕ ਕੀਤਾ ਅਤੇ ਸਾਡੇ ਘਰ ਲੈ ਆਇਆ।

ਕਿਹੜੀ ਗੱਲ ਨੇ ਝੱਲਣ ਵਿਚ ਸਾਡੀ ਮਦਦ ਕੀਤੀ

ਜਦੋਂ ਤੁਸੀਂ ਇੰਨੇ ਦੁਖਦਾਈ ਤਰੀਕੇ ਨਾਲ ਆਪਣੇ ਕਿਸੇ ਪਿਆਰੇ ਨੂੰ ਗੁਆ ਬੈਠਦੇ ਹੋ, ਤਾਂ ਬਹੁਤ ਸਾਰੇ ਪਰੇਸ਼ਾਨ ਕਰਨ ਵਾਲੇ ਸਵਾਲ ਅਤੇ ਜਜ਼ਬਾਤ ਪੈਦਾ ਹੋ ਜਾਂਦੇ ਹਨ। ਇਕ ਮਸੀਹੀ ਬਜ਼ੁਰਗ ਹੋਣ ਦੇ ਨਾਤੇ, ਮੈਂ ਕਈ ਵਾਰ ਅਜਿਹੇ ਹੀ ਸਵਾਲਾਂ ਅਤੇ ਜਜ਼ਬਾਤਾਂ ਨਾਲ ਜੱਦੋ-ਜਹਿਦ ਕਰ ਰਹੇ ਦੂਜੇ ਭੈਣ-ਭਰਾਵਾਂ ਨੂੰ ਹੌਸਲਾ ਦੇਣ ਤੇ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਜਦੋਂ ਖ਼ੁਦ ਆਪਣੇ ਉੱਤੇ ਬੀਤਦੀ ਹੈ, ਤਾਂ ਜਜ਼ਬਾਤ ਸਹੀ ਸੋਚਣੀ ਨੂੰ ਵੀ ਉਲਝਣ ਵਿਚ ਪਾ ਸਕਦੇ ਹਨ।

ਉਦਾਹਰਣ ਲਈ, ਥੇਰੇਸਾ ਦੀ ਹਾਲਤ ਨੂੰ ਜਾਣਦੇ ਹੋਏ ਅਤੇ ਕਿ ਅਸੀਂ ਇਕ ਹਫ਼ਤਾ ਉਸ ਤੋਂ ਦੂਰ ਰਹਾਂਗੇ, ਮੈਂ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਸੀ ਕਿ ਉਹ ਉਸ ਦੀ ਰੱਖਿਆ ਕਰੇ। ਜਦੋਂ ਉਸ ਦੀ ਹੱਤਿਆ ਹੋ ਗਈ, ਤਾਂ ਮੈਨੂੰ ਪਹਿਲਾਂ ਬੜੀ ਹੈਰਾਨੀ ਹੋਈ ਕਿ ਯਹੋਵਾਹ ਨੇ ਮੇਰੀਆਂ ਪ੍ਰਾਰਥਨਾਵਾਂ ਦਾ ਜਵਾਬ ਕਿਉਂ ਨਹੀਂ ਦਿੱਤਾ। ਮੈਂ ਜਾਣਦਾ ਹਾਂ ਕਿ ਯਹੋਵਾਹ ਨੇ ਆਪਣੇ ਇਕ-ਇਕ ਸੇਵਕ ਦੀ ਚਮਤਕਾਰੀ ਤਰੀਕੇ ਨਾਲ ਰੱਖਿਆ ਕਰਨ ਦਾ ਵਾਅਦਾ ਨਹੀਂ ਕੀਤਾ ਹੈ। ਇਸ ਕਰਕੇ, ਮੈਂ ਸਮਝ ਲਈ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਰਿਹਾ। ਮੈਨੂੰ ਇਹ ਜਾਣ ਕੇ ਹੌਸਲਾ ਮਿਲਿਆ ਕਿ ਯਹੋਵਾਹ ਆਪਣੇ ਲੋਕਾਂ ਨੂੰ ਅਧਿਆਤਮਿਕ ਤੌਰ ਤੇ ਬਚਾਉਂਦਾ ਹੈ, ਯਾਨੀ ਉਹ ਸਾਨੂੰ ਉਹ ਸਭ ਕੁਝ ਦਿੰਦਾ ਹੈ ਜਿਸ ਨਾਲ ਸਾਡਾ ਰਿਸ਼ਤਾ ਉਸ ਨਾਲ ਬਰਕਰਾਰ ਰਹੇ। ਇਸ ਕਿਸਮ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਣ ਹੈ ਕਿਉਂਕਿ ਇਹ ਸਾਡੇ ਸਦੀਵੀ ਭਵਿੱਖ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਅਰਥ ਵਿਚ, ਯਹੋਵਾਹ ਨੇ ਥੇਰੇਸਾ ਨੂੰ ਬਚਾਇਆ ਹੈ; ਉਹ ਆਪਣੀ ਮੌਤ ਤਕ ਯਹੋਵਾਹ ਦੀ ਵਫ਼ਾਦਾਰੀ ਨਾਲ ਸੇਵਾ ਕਰਦੀ ਰਹੀ। ਮੈਨੂੰ ਇਹ ਜਾਣ ਕੇ ਬੜੀ ਸ਼ਾਂਤੀ ਮਿਲੀ ਹੈ ਕਿ ਉਸ ਦਾ ਭਵਿੱਖ ਹੁਣ ਸਾਡੇ ਪ੍ਰੇਮ ਕਰਨ ਵਾਲੇ ਪਰਮੇਸ਼ੁਰ ਯਹੋਵਾਹ ਦੇ ਹੱਥਾਂ ਵਿਚ ਹੈ।

ਬਹੁਤ ਸਾਰੀਆਂ ਆਇਤਾਂ ਤੋਂ ਸਾਨੂੰ ਹੌਸਲਾ ਮਿਲਿਆ ਹੈ। ਇਹ ਕੁਝ ਆਇਤਾਂ ਹਨ ਜਿਨ੍ਹਾਂ ਨੇ ਇਸ ਦੁਖਾਂਤ ਨੂੰ ਝੱਲਣ ਵਿਚ ਮੇਰੀ ਮਦਦ ਕੀਤੀ:

“ਭਾਵੇਂ ਧਰਮੀ, ਭਾਵੇਂ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ।” (ਰਸੂਲਾਂ ਦੇ ਕਰਤੱਬ 24:15) ਧਰਤੀ ਉੱਤੇ ਫਿਰਦੌਸ ਵਿਚ ਪੁਨਰ-ਉਥਾਨ ਦੇ ਬਾਈਬਲ ਦੇ ਵਾਅਦੇ ਵਿਚ ਮੈਂ ਬੜੇ ਚਿਰ ਤੋਂ ਭਰੋਸਾ ਕਰਦਾ ਆਇਆ ਹਾਂ, ਪਰ ਹੁਣ ਮੇਰੀ ਇਹ ਉਮੀਦ ਹੋਰ ਵੀ ਪੱਕੀ ਹੋ ਗਈ ਹੈ। ਇਹ ਜਾਣਦੇ ਹੋਏ ਕਿ ਮੈਂ ਦੁਬਾਰਾ ਥੇਰੇਸਾ ਨੂੰ ਮਿਲਾਂਗਾ, ਇਸ ਗੱਲ ਨੇ ਹਰ ਰੋਜ਼ ਮੈਨੂੰ ਸਹਿਣ ਦੀ ਤਾਕਤ ਦਿੱਤੀ ਹੈ।

“[ਯਹੋਵਾਹ] ਮੁਰਦਿਆਂ ਦਾ ਪਰਮੇਸ਼ੁਰ ਨਹੀਂ ਸਗੋਂ ਜੀਉਂਦਿਆਂ ਦਾ ਹੈ ਕਿਉਂ ਜੋ ਉਹ ਦੇ ਲੇਖੇ ਸੱਭੇ ਜੀਉਂਦੇ ਹਨ।” (ਲੂਕਾ 20:37, 38) ਇਹ ਜਾਣ ਕੇ ਬੜੀ ਤਸੱਲੀ ਮਿਲਦੀ ਹੈ ਕਿ ਮਰੇ ਹੋਏ ਲੋਕ ਜੋ ਇਕ ਦਿਨ ਜੀਉਂਦੇ ਕੀਤੇ ਜਾਣਗੇ, ਉਹ “ਸੱਭੇ” ਹੁਣ ਵੀ ਯਹੋਵਾਹ ਲਈ “ਜੀਉਂਦੇ” ਹਨ। ਇਸ ਲਈ ਯਹੋਵਾਹ ਦੀਆਂ ਨਜ਼ਰਾਂ ਵਿਚ ਸਾਡੀ ਪਿਆਰੀ ਥੇਰੇਸਾ ਜੀਉਂਦੀ ਹੈ।

ਵਿਕੀ ਬਾਈਬਲ ਦੀਆਂ ਕੁਝ ਆਇਤਾਂ ਸਾਂਝੀਆਂ ਕਰਨੀਆਂ ਚਾਹੁੰਦੀ ਹੈ ਜਿਹੜੀਆਂ ਉਸ ਨੂੰ ਮਜ਼ਬੂਤ ਕਰਦੀਆਂ ਹਨ:

“‘ਪਰਮੇਸ਼ੁਰ ਦਾ ਝੂਠ ਬੋਲਣਾ ਅਣਹੋਣਾ ਹੈ।’ (ਇਬਰਾਨੀਆਂ 6:18; ਤੀਤੁਸ 1:2) ਕਿਉਂਕਿ ਯਹੋਵਾਹ ਝੂਠ ਨਹੀਂ ਬੋਲ ਸਕਦਾ, ਇਸ ਲਈ ਮੈਂ ਜਾਣਦੀ ਹਾਂ ਕਿ ਉਹ ਮਰੇ ਹੋਏ ਲੋਕਾਂ ਨੂੰ ਜੀਉਂਦੇ ਕਰਨ ਦਾ ਆਪਣਾ ਵਾਅਦਾ ਜ਼ਰੂਰ ਪੂਰਾ ਕਰੇਗਾ।

“‘ਇਹ ਨੂੰ ਅਚਰਜ ਨਾ ਜਾਣੋ ਕਿਉਂਕਿ ਉਹ ਘੜੀ ਆਉਂਦੀ ਹੈ ਜਿਹ ਦੇ ਵਿੱਚ ਓਹ ਸਭ ਜਿਹੜੇ ਕਬਰਾਂ [“ਸਮਾਰਕ ਕਬਰਾਂ,” ਨਿ ਵ] ਵਿੱਚ ਹਨ [ਯਿਸੂ ਦੀ] ਅਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ।’ (ਯੂਹੰਨਾ 5:28, 29) ‘ਸਮਾਰਕ ਕਬਰਾਂ’ ਸ਼ਬਦ ਸੰਕੇਤ ਕਰਦੇ ਹਨ ਕਿ ਜਦੋਂ ਤਕ ਯਹੋਵਾਹ ਆਪਣੇ ਪੁੱਤਰ ਯਿਸੂ ਮਸੀਹ ਦੁਆਰਾ ਥੇਰੇਸਾ ਨੂੰ ਜੀਉਂਦੀ ਨਹੀਂ ਕਰ ਦਿੰਦਾ, ਉਦੋਂ ਤਕ ਉਹ ਯਹੋਵਾਹ ਦੀ ਯਾਦਾਸ਼ਤ ਵਿਚ ਰਹੇਗੀ। ਮੈਂ ਜਾਣਦੀ ਹਾਂ ਕਿ ਥੇਰੇਸਾ ਲਈ ਯਹੋਵਾਹ ਦੀ ਮੁਕੰਮਲ ਯਾਦਾਸ਼ਤ ਨਾਲੋਂ ਹੋਰ ਸੁਰੱਖਿਅਤ ਥਾਂ ਕੋਈ ਨਹੀਂ ਹੈ।

“‘ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ। ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।’ (ਫ਼ਿਲਿੱਪੀਆਂ 4:6, 7) ਖ਼ਾਸਕਰ ਮੈਂ ਯਹੋਵਾਹ ਦੀ ਆਤਮਾ ਲਈ ਪ੍ਰਾਰਥਨਾ ਕਰਦੀ ਹਾਂ ਕਿ ਉਹ ਮੈਨੂੰ ਤਾਕਤ ਦੇਵੇ। ਜਦੋਂ ਮੇਰਾ ਕਲੇਜਾ ਸੱਚ-ਮੁੱਚ ਫੱਟਣ ਨੂੰ ਕਰਦਾ ਹੈ, ਤਾਂ ਮੈਂ ਯਹੋਵਾਹ ਨੂੰ ਪ੍ਰਾਰਥਨਾ ਵਿਚ ਕਹਿੰਦੀ ਹਾਂ, ‘ਮੈਨੂੰ ਤੇਰੀ ਆਤਮਾ ਦੀ ਹੋਰ ਲੋੜ ਹੈ,’ ਤੇ ਇਕ ਹੋਰ ਦਿਨ ਲੰਘਾਉਣ ਵਿਚ ਉਹ ਮੇਰੀ ਮਦਦ ਕਰਦਾ ਹੈ। ਕਈ ਵਾਰੀ ਮੈਨੂੰ ਸ਼ਬਦ ਹੀ ਨਹੀਂ ਮਿਲਦੇ ਕਿ ਮੈਂ ਕੀ ਕਹਾਂ, ਪਰ ਫਿਰ ਵੀ ਉਹ ਮੈਨੂੰ ਸਹਿਣ ਦੀ ਤਾਕਤ ਦਿੰਦਾ ਹੈ।”

ਯਹੋਵਾਹ ਨੇ ਇਸ ਦਿਲ-ਚੀਰਵੇਂ ਦੁਖਾਂਤ ਦਾ ਸਾਮ੍ਹਣਾ ਕਰਨ ਵਿਚ ਸੱਚ-ਮੁੱਚ ਸਾਡੀ ਮਦਦ ਕੀਤੀ ਹੈ। ਅਸੀਂ ਅਜੇ ਵੀ ਆਪਣੀ ਪਿਆਰੀ ਥੇਰੇਸਾ ਨੂੰ ਯਾਦ ਕਰ ਕੇ ਰੋ ਪੈਂਦੇ ਹਾਂ। ਅਸੀਂ ਜਾਣਦੇ ਹਾਂ ਕਿ ਸਾਡਾ ਇਹ ਦੁੱਖ ਉਦੋਂ ਤਕ ਪੂਰੀ ਤਰ੍ਹਾਂ ਨਹੀਂ ਮਿਟੇਗਾ ਜਦੋਂ ਤਕ ਅਸੀਂ ਯਹੋਵਾਹ ਦੀ ਨਵੀਂ ਦੁਨੀਆਂ ਵਿਚ ਦੁਬਾਰਾ ਉਸ ਨੂੰ ਗਲੇ ਨਹੀਂ ਲਾ ਲੈਂਦੇ। ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਨ ਦਾ ਪੱਕਾ ਇਰਾਦਾ ਕੀਤਾ ਹੈ। ਜੌਨਥਨ ਨੇ ਔਸਕਰ ਦੀ ਚੰਗੀ ਤਰ੍ਹਾਂ ਨਾਲ ਪਰਵਰਿਸ਼ ਕਰਨ ਦੀ ਠਾਣੀ ਹੈ ਤਾਂਕਿ ਉਹ ਵੀ ਯਹੋਵਾਹ ਨੂੰ ਪਿਆਰ ਕਰੇ ਤੇ ਉਸ ਦੀ ਸੇਵਾ ਕਰੇ। ਮੈਂ ਅਤੇ ਵਿਕੀ ਹਰ ਮੁਮਕਿਨ ਤਰੀਕੇ ਨਾਲ ਉਸ ਦੀ ਮਦਦ ਕਰਾਂਗੇ। ਸਾਡੀ ਇਹ ਦਿਲੀ ਇੱਛਾ ਹੈ ਕਿ ਅਸੀਂ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਥੇਰੇਸਾ ਦਾ ਸੁਆਗਤ ਕਰਨ ਅਤੇ ਉਸ ਨਾਲ ਉਸ ਦੇ ਪੁੱਤਰ ਦੀ ਜਾਣ-ਪਛਾਣ ਕਰਾਉਣ ਲਈ ਉੱਥੇ ਮੌਜੂਦ ਹੋਈਏ ਜਿਸ ਨੂੰ ਉਹ ਆਪਣੀ ਗੋਦੀ ਵਿਚ ਨਹੀਂ ਉਠਾ ਸਕੀ।

[ਸਫ਼ਾ 19 ਉੱਤੇ ਤਸਵੀਰ]

ਸਾਡੀ ਧੀ ਥੇਰੇਸਾ ਆਪਣੇ ਬੱਚੇ ਦੇ ਦਿਲ ਦੀ ਧੜਕਣ ਸੁਣਦੀ ਹੋਈ

[ਸਫ਼ੇ 20, 21 ਉੱਤੇ ਤਸਵੀਰਾਂ]

ਮੈਮੋਰੀਅਲ ਸਰਵਿਸ ਦੇ ਮੌਕੇ ਤੇ ਲੋਕਾਂ ਦੀ ਹਮਦਰਦੀ ਸਾਫ਼ ਦਿਖਾਈ ਦੇ ਰਹੀ ਸੀ

[ਸਫ਼ਾ 23 ਉੱਤੇ ਤਸਵੀਰ]

ਥੇਰੇਸਾ ਦੇ ਵਿਆਹ ਵੇਲੇ ਆਪਣੀ ਪਤਨੀ ਵਿਕੀ ਨਾਲ

[ਸਫ਼ਾ 23 ਉੱਤੇ ਤਸਵੀਰ]

ਸਾਡਾ ਦੋਹਤਾ ਔਸਕਰ