ਕੀ ਰੱਬ ਮੇਰੀਆਂ ਪ੍ਰਾਰਥਨਾਵਾਂ ਸੁਣੇਗਾ?
ਨੌਜਵਾਨ ਪੁੱਛਦੇ ਹਨ
ਕੀ ਰੱਬ ਮੇਰੀਆਂ ਪ੍ਰਾਰਥਨਾਵਾਂ ਸੁਣੇਗਾ?
“ਮੈਂ ਹਰ ਗੱਲ ਬਾਰੇ ਪ੍ਰਾਰਥਨਾ ਕਰਦੀ ਹਾਂ ਕਿਉਂਕਿ ਯਹੋਵਾਹ ਨਾਲ ਮੇਰਾ ਇਕ ਬਹੁਤ ਹੀ ਗੂੜ੍ਹਾ ਰਿਸ਼ਤਾ ਹੈ, ਅਤੇ ਮੈਂ ਜਾਣਦੀ ਹਾਂ ਕਿ ਜੇ ਮੈਨੂੰ ਕੋਈ ਮੁਸ਼ਕਲ ਹੋਵੇ ਤਾਂ ਉਹ ਜ਼ਰੂਰ ਮੇਰੀ ਮਦਦ ਕਰੇਗਾ।”—ਐਂਡ੍ਰਿਆ।
ਮੁਟਿਆਰ ਐਂਡ੍ਰਿਆ ਪੂਰਾ ਵਿਸ਼ਵਾਸ ਕਰਦੀ ਹੈ ਕਿ ਰੱਬ ਉਸ ਦੀਆਂ ਪ੍ਰਾਰਥਨਾਵਾਂ ਸੁਣਦਾ ਹੈ। ਪਰ ਸਾਰੇ ਨੌਜਵਾਨ ਇਸ ਤਰ੍ਹਾਂ ਨਹੀਂ ਮਹਿਸੂਸ ਕਰਦੇ। ਕਈ ਪ੍ਰਾਰਥਨਾ ਇਸ ਲਈ ਨਹੀਂ ਕਰਦੇ ਕਿਉਂਕਿ ਉਹ ਆਪਣੇ ਆਪ ਨੂੰ ਰੱਬ ਤੋਂ ਬਹੁਤ ਦੂਰ ਸਮਝਦੇ ਹਨ। ਉਹ ਸ਼ਾਇਦ ਇਹ ਵੀ ਸੋਚਣ ਕਿ ਤਾਹੀਓਂ ਪ੍ਰਾਰਥਨਾ ਕਰਨ ਦਾ ਫ਼ਾਇਦਾ ਹੈ ਜੇ ਰੱਬ ਸੱਚ-ਮੁੱਚ ਉਨ੍ਹਾਂ ਦੀ ਚਿੰਤਾ ਕਰਦਾ ਹੋਵੇ।
ਪ੍ਰਾਰਥਨਾ ਕਰਨ ਲਈ ਕਿਸ ਚੀਜ਼ ਦੀ ਜ਼ਰੂਰਤ ਹੈ? ਇਸ ਦਾ ਜਵਾਬ ਸਾਫ਼ ਹੈ, ਕਿ ਪਰਮੇਸ਼ੁਰ ਨਾਲ ਸਾਡਾ ਗੂੜ੍ਹਾ ਰਿਸ਼ਤਾ ਹੋਣਾ ਚਾਹੀਦਾ ਹੈ। ਜ਼ਬੂਰਾਂ ਦੇ ਲਿਖਾਰੀ ਨੇ ਇਹ ਪ੍ਰਾਰਥਨਾ ਕੀਤੀ ਸੀ ਕਿ “ਤੇਰੇ ਨਾਮ ਦੇ ਜਾਣਨ ਵਾਲੇ ਤੇਰੇ ਉੱਤੇ ਭਰੋਸਾ ਰੱਖਦੇ ਹਨ।” (ਜ਼ਬੂਰ 9:10) ਤੁਹਾਡੇ ਬਾਰੇ ਕੀ ਕਿਹਾ ਜਾ ਸਕਦਾ ਹੈ? ਕੀ ਤੁਸੀਂ ਪਰਮੇਸ਼ੁਰ ਨੂੰ ਇੰਨੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਤੁਸੀਂ ਵਿਸ਼ਵਾਸ ਕਰ ਸਕਦੇ ਹੋ ਕਿ ਉਹ ਜ਼ਰੂਰ ਤੁਹਾਡੀਆਂ ਪ੍ਰਾਰਥਨਾਵਾਂ ਸੁਣੇਗਾ? ਬਾਕੀ ਦਾ ਲੇਖ ਪੜ੍ਹਨ ਤੋਂ ਪਹਿਲਾਂ, ਉਨ੍ਹਾਂ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰੋ ਜੋ “ਤੁਸੀਂ ਰੱਬ ਨੂੰ ਕਿੰਨੀ ਚੰਗੀ ਤਰ੍ਹਾਂ ਜਾਣਦੇ ਹੋ?” ਨਾਮਕ ਡੱਬੀ ਵਿਚ ਪੁੱਛੇ ਗਏ ਹਨ।
ਤੁਸੀਂ ਰੱਬ ਨੂੰ ਕਿੰਨੀ ਚੰਗੀ ਤਰ੍ਹਾਂ ਜਾਣਦੇ ਹੋ? ਜਵਾਬ ਸਫ਼ੇ 27 ਤੇ ਹਨ
1. ਰੱਬ ਦਾ ਨਾਂ ਕੀ ਹੈ, ਅਤੇ ਉਸ ਨਾਂ ਦਾ ਮਤਲਬ ਕੀ ਹੈ?
2. ਬਾਈਬਲ ਦੇ ਅਨੁਸਾਰ ਪਰਮੇਸ਼ੁਰ ਦੇ ਚਾਰ ਪ੍ਰਮੁੱਖ ਗੁਣ ਕੀ ਹਨ?
3. ਮਨੁੱਖਜਾਤੀ ਲਈ ਪਰਮੇਸ਼ੁਰ ਦੇ ਪ੍ਰੇਮ ਦਾ ਸਭ ਤੋਂ ਵੱਡਾ ਪ੍ਰਗਟਾਵਾ ਕੀ ਸੀ?
4. ਅਸੀਂ ਪਰਮੇਸ਼ੁਰ ਨਾਲ ਮਿੱਤਰਤਾ ਕਿਸ ਤਰ੍ਹਾਂ ਕਾਇਮ ਕਰ ਸਕਦੇ ਹਾਂ?
5. ਪ੍ਰਾਰਥਨਾ ਕਰਨ ਲਈ ਸਹੀ ਰਵੱਈਆ ਕੀ ਹੋਣਾ ਚਾਹੀਦਾ ਹੈ?
ਕੀ ਤੁਸੀਂ ਬਾਕੀ ਦਾ ਲੇਖ ਪੜ੍ਹਨ ਤੋਂ ਪਹਿਲਾਂ ਇਨ੍ਹਾਂ ਸਵਾਲਾਂ ਵਿੱਚੋਂ ਇਕ-ਦੋ ਜਵਾਬ ਜਾਣਦੇ ਹੋ? ਜੇਕਰ ਹਾਂ, ਤਾਂ ਫਿਰ ਤੁਸੀਂ ਆਮ ਲੋਕਾਂ ਨਾਲੋਂ ਰੱਬ ਬਾਰੇ ਜ਼ਿਆਦਾ ਜਾਣਦੇ ਹੋ। ਪਰ ਹੋ ਸਕਦਾ ਹੈ ਕਿ ਤੁਹਾਡੇ ਜਵਾਬ ਇਹ ਸੰਕੇਤ ਕਰਨ ਕਿ ਪਰਮੇਸ਼ੁਰ ਨੂੰ ਚੰਗੀ ਤਰ੍ਹਾਂ ਜਾਣਨ ਲਈ ਤੁਹਾਨੂੰ ਹੋਰ ਗਿਆਨ ਲੈਣ ਦੀ ਜ਼ਰੂਰਤ ਹੈ। (ਯੂਹੰਨਾ 17:3) ਇਸ ਮਕਸਦ ਨੂੰ ਮੰਨ ਵਿਚ ਰੱਖਦੇ ਹੋਏ, ਉਨ੍ਹਾਂ ਕੁਝ ਗੱਲਾਂ ਵੱਲ ਧਿਆਨ ਦਿਓ ਜੋ ਬਾਈਬਲ “ਪ੍ਰਾਰਥਨਾ ਦੇ ਸੁਣਨ ਵਾਲੇ” ਬਾਰੇ ਸਾਨੂੰ ਦੱਸਦੀ ਹੈ।—ਜ਼ਬੂਰ 65:2.
ਰੱਬ ਅਸਲੀ ਹੈ
ਪਹਿਲਾਂ ਬਾਈਬਲ ਸਾਨੂੰ ਇਹ ਗੱਲ ਸਮਝਾਉਂਦੀ ਹੈ ਕਿ ਰੱਬ ਅਜਿਹੀ ਸ਼ਕਤੀ ਹੈ ਜਿਸ ਦੀ ਸ਼ਖ਼ਸੀਅਤ ਹੈ। ਹਾਂ, ਉਹ ਅਸਲੀ ਹੈ ਅਤੇ ਉਸ ਦਾ ਨਾਂ ਯਹੋਵਾਹ ਹੈ। (ਜ਼ਬੂਰ 83:18) ਇਬਰਾਨੀ ਵਿਚ ਉਸ ਦੇ ਨਾਂ ਦਾ ਅਰਥ ਇਹ ਹੈ ਕਿ ਉਹ ਆਪਣਾ ਮਕਸਦ ਪੂਰਾ ਕਰਨ ਲਈ ਜੋ ਮਰਜ਼ੀ ਚਾਹੇ ਉਹ ਕਰ ਸਕਦਾ ਹੈ। ਇਕ ਸ਼ਖ਼ਸੀਅਤ ਬਿਨਾਂ ਕੋਈ ਸ਼ਕਤੀ ਇਸ ਤਰ੍ਹਾਂ ਨਹੀਂ ਕਰ ਸਕਦੀ! ਇਸ ਲਈ ਪ੍ਰਾਰਥਨਾ ਕਰਦੇ ਹੋਏ ਤੁਸੀਂ ਪੂਰਾ ਵਿਸ਼ਵਾਸ ਕਰ ਸਕਦੇ ਹੋ ਕਿ ਤੁਸੀਂ ਸਿਰਫ਼ ਇਕ ਸ਼ਕਤੀ ਨਾਲ ਜਾਂ ਹਵਾ ਵਿਚ ਹੀ ਨਹੀਂ ਗੱਲਾਂ ਕਰ ਰਹੇ ਹੋ। ਤੁਸੀਂ ਇਕ ਅਸਲੀ ਵਿਅਕਤੀ ਨਾਲ ਗੱਲਾਂ ਕਰ ਰਹੇ ਹੋ ਜੋ ਤੁਹਾਡੀਆਂ ਪ੍ਰਾਰਥਨਾਵਾਂ ਸੁਣ ਸਕਦਾ ਹੈ ਅਤੇ ਉਨ੍ਹਾਂ ਦਾ ਜਵਾਬ ਵੀ ਦੇ ਸਕਦਾ ਹੈ।—ਅਫ਼ਸੀਆਂ 3:20.
ਡਾਇਐਨਾ ਨਾਂ ਦੀ ਇਕ ਲੜਕੀ ਕਹਿੰਦੀ ਹੈ: “ਮੈਂ ਜਾਣਦੀ ਹਾਂ ਕਿ ਮੈਂ ਜਿੱਥੇ ਮਰਜ਼ੀ ਹੋਵਾਂ, ਯਹੋਵਾਹ ਮੇਰੀ ਪ੍ਰਾਰਥਨਾ ਸੁਣੇਗਾ।” ਇਸ ਤਰ੍ਹਾਂ ਵਿਸ਼ਵਾਸ ਕਰਨ ਲਈ ਇਹ ਜ਼ਰੂਰੀ ਹੈ ਕਿ ਅਸੀਂ ਮੰਨੀਏ ਕਿ ਰੱਬ ਅਸਲੀ ਹੈ! ਬਾਈਬਲ ਕਹਿੰਦੀ ਹੈ ਕਿ “ਜਿਹੜਾ ਪਰਮੇਸ਼ੁਰ ਦੀ ਵੱਲ ਆਉਂਦਾ ਹੈ ਉਹ ਨੂੰ ਪਰਤੀਤ ਕਰਨੀ ਚਾਹੀਦੀ ਹੈ ਭਈ ਉਹ ਹੈ।”—ਇਬਰਾਨੀਆਂ 11:6.
ਬੁੱਧ ਅਤੇ ਸ਼ਕਤੀ ਦਾ ਸ੍ਰੋਤ
ਪਰਮੇਸ਼ੁਰ ਸੱਚ-ਮੁੱਚ ਸਾਡੀ ਮਦਦ ਕਰ ਸਕਦਾ ਹੈ ਕਿਉਂਕਿ ਉਸ ਕੋਲ ਅਸਚਰਜ ਸ਼ਕਤੀ ਹੈ। ਉਸ ਦੀ ਸ਼ਕਤੀ ਦੀ ਕੋਈ ਸੀਮਾ ਨਹੀਂ, ਅਤੇ ਇਸ ਗੱਲ ਦਾ ਸਬੂਤ ਸਾਨੂੰ ਆਪਣੇ ਵਿਸ਼ਾਲ ਬ੍ਰਹਿਮੰਡ ਤੋਂ ਮਿਲਦਾ ਹੈ। ਆਕਾਸ਼ ਵਿਚ ਅਰਬਾਂ ਹੀ ਤਾਰੇ ਹਨ ਅਤੇ ਬਾਈਬਲ ਸਾਨੂੰ ਦੱਸਦੀ ਹੈ ਕਿ ਯਹੋਵਾਹ ਇਨ੍ਹਾਂ ਸਾਰਿਆਂ ਦੇ ਨਾਂ ਜਾਣਦਾ ਹੈ! ਇਸ ਤੋਂ ਵੀ ਵੱਧ ਉਹ ਉਨ੍ਹਾਂ ਸਾਰਿਆਂ ਤਾਰਿਆਂ ਦੀ ਸ਼ਕਤੀ ਦਾ ਸ੍ਰੋਤ ਹੈ। (ਯਸਾਯਾਹ 40:25, 26) ਇਹ ਕਿੰਨੀ ਅਸਚਰਜ ਗੱਲ ਹੈ! ਇਹ ਗੱਲਾਂ ਸਾਨੂੰ ਹੈਰਾਨ ਜ਼ਰੂਰ ਕਰਦੀਆਂ ਹਨ ਲੇਕਿਨ ਬਾਈਬਲ ਕਹਿੰਦੀ ਹੈ ਕਿ “ਇਹ ਸਭ ਉਦਾਹਰਣ ਤਾਂ ਉਸ ਦੀ ਸ਼ਕਤੀ ਦੇ ਨਿਸ਼ਾਨ ਹੀ ਹਨ”!—ਅੱਯੂਬ 26:14, ਪਵਿੱਤਰ ਬਾਈਬਲ ਨਵਾਂ ਅਨੁਵਾਦ।
ਯਹੋਵਾਹ ਦੀ ਅਸੀਮ ਬੁੱਧ ਵੱਲ ਵੀ ਧਿਆਨ ਦਿਓ। ਬਾਈਬਲ ਕਹਿੰਦੀ ਹੈ ਕਿ ਉਸ ਦੇ ਖ਼ਿਆਲ “ਬਹੁਤ ਹੀ ਡੂੰਘੇ ਹਨ!” (ਜ਼ਬੂਰ 92:5) ਉਸ ਨੇ ਇਨਸਾਨਾਂ ਨੂੰ ਬਣਾਇਆ ਹੈ, ਇਸ ਲਈ ਉਹ ਸਾਨੂੰ ਸਾਡੇ ਨਾਲੋਂ ਬਿਹਤਰ ਸਮਝ ਸਕਦਾ ਹੈ। (ਜ਼ਬੂਰ 100:3) ‘ਆਦ ਤੋਂ ਅੰਤ ਤੀਕ ਉਹ ਹੀ ਪਰਮੇਸ਼ੁਰ ਹੈਂ,’ ਇਸ ਲਈ ਉਸ ਕੋਲ ਸਾਰਿਆਂ ਨਾਲੋਂ ਜ਼ਿਆਦਾ ਤਜਰਬਾ ਹੈ। (ਜ਼ਬੂਰ 90:1, 2) ਉਹ ਹਰ ਗੱਲ ਸਮਝ ਸਕਦਾ ਹੈ।—ਯਸਾਯਾਹ 40:13, 14.
ਯਹੋਵਾਹ ਆਪਣੀ ਅਸੀਮ ਸ਼ਕਤੀ ਅਤੇ ਬੁੱਧ ਕਿਸ ਤਰ੍ਹਾਂ ਵਰਤਦਾ ਹੈ? ਇਤਹਾਸ ਦੀ ਦੂਜੀ ਪੋਥੀ 16:9 ਕਹਿੰਦੀ ਹੈ: “ਯਹੋਵਾਹ ਦੀਆਂ ਅੱਖਾਂ ਤਾਂ ਸਾਰੀ ਧਰਤੀ ਉੱਤੇ ਫਿਰਦੀਆਂ ਹਨ ਤਾਂ ਜੋ ਉਹ ਉਨ੍ਹਾਂ ਦੀ ਸਹਾਇਤਾ ਲਈ ਜਿਨ੍ਹਾਂ ਦਾ ਦਿਲ ਉਸ ਉੱਤੇ ਪੂਰਨ ਨਿਹਚਾ ਰੱਖਦਾ ਹੈ ਆਪਣੇ ਆਪ ਨੂੰ ਸਮਰਥ ਵਿਖਾਵੇ।” ਕੋਈ ਸਮੱਸਿਆ ਨਹੀਂ ਹੈ ਜਿਸ ਦਾ ਹੱਲ ਰੱਬ ਨਹੀਂ ਕਰ ਸਕਦਾ ਜਾਂ ਤੁਹਾਨੂੰ ਉਸ ਦਾ ਸਾਮ੍ਹਣਾ ਕਰਨ ਵਿਚ ਮਦਦ ਨਹੀਂ ਦੇ ਸਕਦਾ। ਕਈਲਾ ਨਾਂ ਦੀ ਲੜਕੀ ਯਾਦ ਕਰਦੀ ਹੈ ਕਿ “ਥੋੜ੍ਹੇ ਸਮੇਂ ਪਹਿਲਾਂ, ਸਾਡੇ ਪਰਿਵਾਰ ਨੂੰ ਇਕ ਮੁਸ਼ਕਲ ਸਮੇਂ ਦਾ ਸਾਮ੍ਹਣਾ ਕਰਨਾ ਪਿਆ ਸੀ। ਮੈਂ ਯਹੋਵਾਹ ਨੂੰ ਪ੍ਰਾਰਥਨਾ ਕੀਤੀ, ਅਤੇ ਮੈਨੂੰ ਯਕੀਨ ਹੈ ਕਿ ਅਸੀਂ ਸਿਰਫ਼ ਉਸ ਦੀ ਹੀ ਮਦਦ ਨਾਲ ਔਖਿਆਂ ਹਾਲਾਤਾਂ, ਸਮੱਸਿਆਵਾਂ, ਅਤੇ ਜਜ਼ਬਾਤਾਂ ਦਾ ਸਾਮ੍ਹਣਾ ਕਰ ਸਕੇ ਸਨ।” ਜਦੋਂ ਤੁਸੀਂ ਰੱਬ ਨੂੰ ਪ੍ਰਾਰਥਨਾ ਕਰਦੇ ਹੋ, ਤੁਸੀਂ ਬੁੱਧ ਦੇ ਸ੍ਰੋਤ ਨਾਲ ਗੱਲ ਕਰਦੇ ਹੋ। ਇਸ ਤੋਂ ਵੱਧ ਤੁਸੀਂ ਕੁਝ ਨਹੀਂ ਕਰ ਸਕਦੇ!
ਨਿਆਉਂ ਅਤੇ ਪਿਆਰ ਵਾਲਾ ਪਰਮੇਸ਼ੁਰ
ਤੁਸੀਂ ਇਹ ਕਿਵੇਂ ਜਾਣਦੇ ਹੋ ਕਿ ਰੱਬ ਤੁਹਾਡੀ ਮਦਦ ਕਰਨੀ ਚਾਹੁੰਦਾ ਹੈ? ਕਿਉਂਕਿ ਯਹੋਵਾਹ ਨੇ ਆਪਣੀ ਪਛਾਣ ਆਪਣੀ ਅਸੀਮ ਸ਼ਕਤੀ, ਬੁੱਧ, ਜਾਂ ਆਪਣੇ ਨਿਆਉਂ ਦੁਆਰਾ ਨਹੀਂ ਕਰਵਾਈ। ਅਸੀਂ ਯਹੋਵਾਹ ਨੂੰ ਉਸ ਦੇ ਪ੍ਰਮੁੱਖ ਗੁਣ ਪ੍ਰੇਮ ਦੁਆਰਾ ਜਾਣਦੇ ਹਾਂ। ਯੂਹੰਨਾ ਦੀ ਪਹਿਲੀ ਪੱਤ੍ਰੀ 4:8 ਕਹਿੰਦੀ ਹੈ ਕਿ “ਪਰਮੇਸ਼ੁਰ ਪ੍ਰੇਮ ਹੈ।” ਇਸ ਗਹਿਰੇ ਪ੍ਰੇਮ ਦੇ ਕਾਰਨ ਅਸੀਂ ਵਿਸ਼ਵਾਸ ਕਰ ਸਕਦੇ ਹਾਂ ਕਿ ਉਹ ਸਾਡੀਆਂ ਪ੍ਰਾਰਥਨਾਵਾਂ ਸੁਣੇਗਾ। ਉਸ ਦੇ ਪ੍ਰੇਮ ਦਾ ਸਭ ਤੋਂ ਵੱਡਾ ਪ੍ਰਗਟਾਵਾ ਉਸ ਦੇ ਪੁੱਤਰ ਦੀ ਕੁਰਬਾਨੀ ਸੀ ਤਾਂਕਿ ਅਸੀਂ ਸਦਾ ਦੀ ਜ਼ਿੰਦਗੀ ਦਾ ਆਨੰਦ ਮਾਣ ਸਕੀਏ।—ਯੂਹੰਨਾ 3:16; 1 ਯੂਹੰਨਾ 4:9, 10.
ਪਰਮੇਸ਼ੁਰ ਪ੍ਰੇਮ ਹੈ ਇਸ ਲਈ ਤੁਹਾਨੂੰ ਕਦੇ ਵੀ ਚਿੰਤਾ ਨਹੀਂ ਕਰਨੀ ਚਾਹੀਦੀ ਕਿ ਉਹ ਤੁਹਾਡੀਆਂ ਪ੍ਰਾਰਥਨਾਵਾਂ ਸੁਣੇਗਾ ਕਿ ਨਹੀਂ, ਜਾਂ ਤੁਹਾਡੇ ਨਾਲ ਨਿਆਉਂ ਨਾਲ ਵਰਤੇਗਾ ਕਿ ਨਹੀਂ। ਬਿਵਸਥਾ ਸਾਰ 32:4 ਕਹਿੰਦਾ ਹੈ: “ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ।” ਰੱਬ ਦਾ ਤੁਹਾਡੇ ਲਈ ਪਿਆਰ ਤੁਹਾਨੂੰ ਭਰੋਸਾ ਦਿਵਾਉਂਦਾ ਹੈ ਕਿ ਉਹ ਤੁਹਾਡੀ ਬੇਨਤੀ ਧਿਆਨ ਨਾਲ ਸੁਣੇਗਾ। ਅਸੀਂ ਪੂਰੇ ਭਰੋਸੇ ਨਾਲ ਆਪਣੇ ਦਿਲ ਦੀ ਹਰ ਗੱਲ ਉਸ ਨੂੰ ਖੁੱਲ੍ਹ ਕੇ ਦੱਸ ਸਕਦੇ ਹਾਂ।—ਫ਼ਿਲਿੱਪੀਆਂ 4:6, 7.
ਪਰਮੇਸ਼ੁਰ ਨਾਲ ਮਿੱਤਰਤਾ
ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਨਾਲ ਪ੍ਰਾਰਥਨਾ ਰਾਹੀਂ ਗੱਲ ਕਰੀਏ। ਉਹ ਸਾਡੇ ਤੋਂ ਦੂਰ ਨਹੀਂ ਹੋਣਾ ਚਾਹੁੰਦਾ, ਸਗੋਂ ਇਤਿਹਾਸ ਦੌਰਾਨ ਉਸ ਨੇ ਲੋਕਾਂ ਵੱਲ ਮਿੱਤਰਤਾ ਦਾ ਹੱਥ ਵਧਾਇਆ ਹੈ। ਜਵਾਨ ਅਤੇ ਸਿਆਣੇ ਆਦਮੀਆਂ-ਔਰਤਾਂ ਨੇ ਰੱਬ ਦੇ ਨਾਲ ਇਕ ਗੂੜ੍ਹੇ ਰਿਸ਼ਤੇ ਦਾ ਆਨੰਦ ਮਾਣਿਆ ਸੀ ਕਿਉਂਕਿ ਉਨ੍ਹਾਂ ਨੇ ਆਪਣਿਆਂ ਕੰਮਾਂ ਰਾਹੀਂ ਉਸ ਦਾ ਦਿਲ ਖ਼ੁਸ਼ ਕੀਤਾ ਸੀ। ਇਨ੍ਹਾਂ ਵਿਚ ਅਬਰਾਹਾਮ, ਰਾਜਾ ਦਾਊਦ, ਅਤੇ ਯਿਸੂ ਦੀ ਮਾਤਾ ਮਰਿਯਮ ਨੂੰ ਗਿਣਿਆ ਜਾ ਸਕਦਾ ਹੈ।—ਯਸਾਯਾਹ 41:8; ਲੂਕਾ 1:26-38; ਰਸੂਲਾਂ ਦੇ ਕਰਤੱਬ 13:22.
ਤੁਸੀਂ ਵੀ ਯਹੋਵਾਹ ਨਾਲ ਇਕ ਗੂੜ੍ਹਾ ਰਿਸ਼ਤਾ ਜੋੜ ਸਕਦੇ ਹੋ। ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਰੱਬ ਨੂੰ ਸਿਰਫ਼ ਉਦੋਂ ਹੀ ਪ੍ਰਾਰਥਨਾ ਕਰੋਗੇ ਜਦੋਂ ਤੁਹਾਨੂੰ ਕੋਈ ਮੁਸ਼ਕਲ ਆਵੇ ਜਾਂ ਤੁਹਾਨੂੰ ਕਿਸੇ ਚੀਜ਼ ਦੀ ਲੋੜ ਪਵੇ। ਸਾਨੂੰ ਆਪਣੀਆਂ ਪ੍ਰਾਰਥਨਾਵਾਂ ਵਿਚ ਸਿਰਫ਼ ਆਪਣੀਆਂ ਹੀ ਲੋੜਾਂ ਉੱਤੇ ਧਿਆਨ ਨਹੀਂ ਰੱਖਣਾ ਚਾਹੀਦਾ। ਜੇਕਰ ਅਸੀਂ ਰੱਬ ਨਾਲ ਰਿਸ਼ਤਾ ਜੋੜਨਾ ਚਾਹੁੰਦੇ ਹਾਂ ਤਾਂ ਸਾਨੂੰ ਉਸ ਦੀ ਮਰਜ਼ੀ ਬਾਰੇ ਸੋਚਣਾ ਚਾਹੀਦਾ ਹੈ—ਅਤੇ ਉਸ ਦੀ ਮਰਜ਼ੀ ਉੱਤੇ ਸੱਚੇ ਦਿਲ ਨਾਲ ਚੱਲਣਾ ਚਾਹੀਦਾ ਹੈ। (ਮੱਤੀ 7:21) ਇਸ ਲਈ ਯਿਸੂ ਨੇ ਆਪਣੇ ਚੇਲਿਆਂ ਨੂੰ ਉਨ੍ਹਾਂ ਗੱਲਾਂ ਬਾਰੇ ਪ੍ਰਾਰਥਨਾ ਕਰਨੀ ਸਿਖਾਈ ਸੀ ਜੋ ਪਰਮੇਸ਼ੁਰ ਦੀ ਨਜ਼ਰ ਵਿਚ ਜ਼ਰੂਰੀ ਸਨ। ਉਸ ਨੇ ਕਿਹਾ: “ਸੋ ਤੁਸੀਂ ਇਸ ਬਿਧ ਨਾਲ ਪ੍ਰਾਰਥਨਾ ਕਰੋ,—ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।” (ਮੱਤੀ 6:9, 10) ਪ੍ਰਾਰਥਨਾ ਕਰਦੇ ਹੋਏ ਸਾਨੂੰ ਪਰਮੇਸ਼ੁਰ ਦੀ ਉਸਤਤ ਅਤੇ ਉਸ ਦਾ ਧੰਨਵਾਦ ਵੀ ਕਰਨਾ ਚਾਹੀਦਾ ਹੈ!—ਜ਼ਬੂਰ 56:12; 150:6.
ਪਰ ਸਾਨੂੰ ਕਦੇ ਇਹ ਨਹੀਂ ਸੋਚਣਾ ਚਾਹੀਦਾ ਕਿ ਸਾਨੂੰ ਆਪਣੀਆਂ ਮਾਮੂਲੀ ਜ਼ਰੂਰਤਾਂ ਅਤੇ ਚਿੰਤਾਵਾਂ ਬਾਰੇ ਪ੍ਰਾਰਥਨਾ ਨਹੀਂ ਕਰਨੀ ਚਾਹੀਦੀ। ਸਟੀਵ ਨਾਂ ਦਾ ਇਕ ਮੁੰਡਾ ਕਹਿੰਦਾ ਹੈ: “ਭਾਵੇਂ ਕਿ ਮੈਂ ਰੱਬ ਨਾਲ ਖੁੱਲ੍ਹ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਮੈਂ ਫਿਰ ਵੀ ਕਦੇ-ਕਦੇ ਸੋਚਦਾ ਹਾਂ ਕਿ ਮੈਨੂੰ ਮਾਮੂਲੀ ਜਾਂ ਫ਼ਜ਼ੂਲ ਗੱਲਾਂ ਨਾਲ ਉਸ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ।” ਜਦੋਂ ਤੁਸੀਂ ਇਸ ਤਰ੍ਹਾਂ ਮਹਿਸੂਸ ਕਰਨ ਲੱਗਦੇ ਹੋ ਤਾਂ ਉਸ ਸਿੱਖਿਆ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰੋ ਜੋ ਯਿਸੂ ਨੇ ਆਪਣੇ ਚੇਲਿਆਂ ਨੂੰ ਦਿੱਤੀ ਸੀ: “ਭਲਾ, ਦੋ ਪੈਸਿਆਂ ਨੂੰ ਪੰਜ ਚਿੜੀਆਂ ਨਹੀਂ ਵਿਕਦੀਆਂ? ਪਰ ਇਨ੍ਹਾਂ ਵਿੱਚੋਂ ਇੱਕ ਵੀ ਪਰਮੇਸ਼ੁਰ ਦੇ ਅੱਗੇ ਵਿਸਰੀ ਹੋਈ ਨਹੀਂ। . . . ਨਾ ਡਰੋ, ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਉੱਤਮ ਹੋ।” (ਲੂਕਾ 12:6, 7) ਕੀ ਇਸ ਤੋਂ ਸਾਨੂੰ ਹੌਸਲਾ ਨਹੀਂ ਮਿਲਦਾ?
ਇਸ ਲਈ ਅਸੀਂ ਸੌਖਿਆਂ ਹੀ ਸਮਝ ਸਕਦੇ ਹਾਂ ਕਿ ਜਿੰਨਾ ਜ਼ਿਆਦਾ ਅਸੀਂ ਯਹੋਵਾਹ ਬਾਰੇ ਜਾਣਾਂਗੇ ਉੱਨਾ ਹੀ ਜ਼ਿਆਦਾ ਅਸੀਂ ਉਸ ਨੂੰ ਪ੍ਰਾਰਥਨਾ ਕਰਾਂਗੇ ਅਤੇ ਵਿਸ਼ਵਾਸ ਕਰਾਂਗੇ ਕਿ ਉਹ ਸਾਡੀ ਮਦਦ ਕਰ ਸਕਦਾ ਹੈ ਅਤੇ ਕਰਨੀ ਚਾਹੁੰਦਾ ਵੀ ਹੈ। ਲੇਕਿਨ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨ ਲਈ ਸਹੀ ਰਵੱਈਆ ਕੀ ਹੋਣਾ ਚਾਹੀਦਾ ਹੈ? ਖ਼ੁਦਗਰਜ਼ ਹੋਣ ਦੀ ਬਜਾਇ ਸਾਨੂੰ ਆਦਰ ਅਤੇ ਨਿਮਰਤਾ ਨਾਲ ਗੱਲ ਕਰਨੀ ਚਾਹੀਦੀ ਹੈ। ਕੀ ਤੁਹਾਡੇ ਖ਼ਿਆਲ ਵਿਚ ਕੋਈ ਸਰਕਾਰੀ ਅਫ਼ਸਰ ਤੁਹਾਡੀ ਗੱਲ ਸੁਣਨ ਲਈ ਤਿਆਰ ਹੋਵੇਗਾ ਜੇ ਤੁਸੀਂ ਉਸ ਦੇ ਸਾਮ੍ਹਣੇ ਘਮੰਡ ਅਤੇ ਬਦਤਮੀਜ਼ੀ ਨਾਲ ਪੇਸ਼ ਆਓਗੇ? ਬਿਲਕੁਲ ਨਹੀਂ! ਇਸ ਲਈ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ ਕਿ ਯਹੋਵਾਹ ਪਰਮੇਸ਼ੁਰ ਵੀ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਸਿਰਫ਼ ਉਦੋਂ ਹੀ ਦੇਵੇਗਾ ਜਦੋਂ ਅਸੀਂ ਉਸ ਦਾ ਅਤੇ ਉਸ ਦੇ ਮਿਆਰਾਂ ਦਾ ਆਦਰ ਕਰਾਂਗੇ।—ਕਹਾਉਤਾਂ 15:29.
ਹਜ਼ਾਰਾਂ ਹੀ ਨੇਕ-ਦਿਲ ਨੌਜਵਾਨਾਂ ਨੇ ਪਰਮੇਸ਼ੁਰ ਨਾਲ ਦਿਲ ਖੋਲ੍ਹ ਕੇ ਗੱਲ ਕਰਨੀ ਸਿੱਖੀ ਹੈ। (ਜ਼ਬੂਰ 62:8) ਬ੍ਰੇਟ ਨਾਂ ਦਾ ਇਕ ਮੁੰਡਾ ਕਹਿੰਦਾ ਹੈ ਕਿ “ਜਦੋਂ ਯਹੋਵਾਹ ਮੇਰੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ, ਮੈਨੂੰ ਬਹੁਤ ਹੀ ਹੌਸਲਾ ਮਿਲਦਾ ਹੈ ਕਿਉਂਕਿ ਉਹ ਇਕ ਮਿੱਤਰ ਵਾਂਗ ਹਮੇਸ਼ਾ ਮੇਰੀ ਮਦਦ ਕਰਦਾ ਹੈ।” ਤੁਹਾਡੇ ਬਾਰੇ ਕੀ? ਬ੍ਰੇਟ ਵਾਂਗ ਤੁਸੀਂ ਕਿੱਦਾਂ ਰੱਬ ਨਾਲ ਇਕ ਗੂੜ੍ਹੇ ਰਿਸ਼ਤੇ ਦਾ ਆਨੰਦ ਮਾਣ ਸਕਦੇ ਹੋ? ਦੋ ਜਵਾਨ ਮਸੀਹੀ ਭੈਣਾਂ ਨੇ ਇਹ ਟਿੱਪਣੀਆਂ ਕੀਤੀਆਂ ਸਨ:
ਰੇਚਲ: “ਮੈਨੂੰ ਪਤਾ ਹੈ ਕਿ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਕਾਇਮ ਕਰਨ ਲਈ ਮੈਨੂੰ ਉਸ ਦੇ ਬਚਨ, ਬਾਈਬਲ ਦੀ ਡੂੰਘੀ ਸਟੱਡੀ ਕਰਨ ਦੀ ਲੋੜ ਹੈ, ਅਤੇ ਮੈਂ ਪੂਰੀ ਕੋਸ਼ਿਸ਼ ਕਰ ਰਹੀ ਹਾਂ ਕਿ ਮੈਂ ਇਸ ਤਰ੍ਹਾਂ ਸਟੱਡੀ ਕਰਨ ਦੀ ਆਦਤ ਪਾਵਾਂ।”—1 ਪਤਰਸ 2:2.
ਜੈਨੀ: “ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿੰਨਾ ਜ਼ਿਆਦਾ ਸਮਾਂ ਤੁਸੀਂ ਯਹੋਵਾਹ ਦੀ ਸੇਵਾ ਵਿਚ ਲਾਉਂਦੇ ਹੋ ਉੱਨਾ ਜ਼ਿਆਦਾ ਤੁਸੀਂ ਉਸ ਦੇ ਨਜ਼ਦੀਕ ਆਪਣੇ ਆਪ ਨੂੰ ਮਹਿਸੂਸ ਕਰਦੇ ਹੋ।”—ਯਾਕੂਬ 4:8.
ਕੀ ਤੁਸੀਂ ਕਦੇ ਸੋਚਿਆ ਹੈ ਕਿ ਪ੍ਰਾਰਥਨਾ ਕਰਨ ਦਾ ਕਿੰਨਾ ਕੁ ਫ਼ਾਇਦਾ ਹੈ? ਇਕ ਜਵਾਨ ਮਸੀਹੀ ਭੈਣ ਕਹਿੰਦੀ ਹੈ ਕਿ “ਜੇ ਰੱਬ ਮੇਰੇ ਨਾਲ ਗੱਲ ਕਰੇ ਜਾਂ ਮੈਨੂੰ ਕੋਈ ਸੁਨੇਹਾ ਘੱਲੇ ਤਾਂ ਮੇਰਾ ਉਸ ਨਾਲ ਰਿਸ਼ਤਾ ਹੋਰ ਵੀ ਨਜ਼ਦੀਕ ਹੋਵੇਗਾ।” ਜਦੋਂ ਅਸੀਂ ਉਸ ਨੂੰ ਪ੍ਰਾਰਥਨਾ ਕਰਦੇ ਹਾਂ ਤਾਂ ਯਹੋਵਾਹ ਖ਼ੁਦ ਸਾਡੇ ਨਾਲ ਗੱਲ ਨਹੀਂ ਕਰਦਾ, ਤਾਂ ਫਿਰ ਪ੍ਰਾਰਥਨਾ ਕਰਨ ਦਾ ਕੀ ਫ਼ਾਇਦਾ ਹੈ? ਇਸ ਸਵਾਲ ਦਾ ਜਵਾਬ ਇਕ ਆਉਣ ਵਾਲੇ ਲੇਖ ਵਿਚ ਦਿੱਤਾ ਜਾਵੇਗਾ।
[ਸਫ਼ਾ 27 ਉੱਤੇ ਡੱਬੀ]
ਸਫ਼ਾ 25 ਤੇ ਪੁੱਛੇ ਗਏ ਸਵਾਲਾਂ ਦੇ ਜਵਾਬ
1. ਯਹੋਵਾਹ। ਇਬਰਾਨੀ ਵਿਚ ਇਸ ਨਾਂ ਦਾ ਮਤਲਬ ਹੈ ਉਹ ਆਪਣਾ ਮਕਸਦ ਪੂਰਾ ਕਰਨ ਲਈ ਜੋ ਮਰਜ਼ੀ ਚਾਹੇ ਉਹ ਕਰ ਸਕਦਾ ਹੈ।
2. ਪ੍ਰੇਮ, ਸ਼ਕਤੀ, ਨਿਆਉਂ, ਅਤੇ ਬੁੱਧ।
3. ਉਸ ਨੇ ਆਪਣੇ ਇਕਲੌਤੇ ਪੁੱਤਰ ਦੀ ਕੁਰਬਾਨੀ ਸਾਡੇ ਲਈ ਦਿੱਤੀ ਸੀ।
4. ਸਾਨੂੰ ਸਿਰਫ਼ ਆਪਣੀਆਂ ਹੀ ਲੋੜਾਂ ਉੱਤੇ ਧਿਆਨ ਨਹੀਂ ਰੱਖਣਾ ਚਾਹੀਦਾ ਪਰ ਰੱਬ ਦੀ ਮਰਜ਼ੀ ਬਾਰੇ ਸੋਚਣਾ ਚਾਹੀਦਾ ਹੈ ਅਤੇ ਉਸ ਦੀ ਮਰਜ਼ੀ ਉੱਤੇ ਚੱਲਣਾ ਵੀ ਚਾਹੀਦਾ ਹੈ।
5. ਖ਼ੁਦਗਰਜ਼ ਹੋਣ ਦੀ ਬਜਾਇ ਸਾਨੂੰ ਆਦਰ ਅਤੇ ਨਿਮਰਤਾ ਨਾਲ ਗੱਲ ਕਰਨੀ ਚਾਹੀਦੀ ਹੈ।
[ਸਫ਼ਾ 26 ਉੱਤੇ ਤਸਵੀਰਾਂ]
ਬਾਈਬਲ ਦੀ ਸਟੱਡੀ ਕਰਨ ਦੁਆਰਾ ਅਤੇ ਸ੍ਰਿਸ਼ਟੀ ਤੋਂ ਸਿੱਖਣ ਦੁਆਰਾ ਤੁਸੀਂ ਰੱਬ ਨੂੰ ਹੋਰ ਵੀ ਚੰਗੀ ਤਰ੍ਹਾਂ ਜਾਣ ਸਕਦੇ ਹੋ