ਕੀ ਸਾਰੇ ਧਰਮ ਰੱਬ ਨੂੰ ਮਨਜ਼ੂਰ ਹਨ?
ਬਾਈਬਲ ਦਾ ਦ੍ਰਿਸ਼ਟੀਕੋਣ
ਕੀ ਸਾਰੇ ਧਰਮ ਰੱਬ ਨੂੰ ਮਨਜ਼ੂਰ ਹਨ?
ਲੇਖਕ ਮਾਰਕਸ ਬੋਰਗ ਨੇ ਕਿਹਾ: “ਮੈਂ ਇਹ ਗੱਲ ਨਹੀਂ ਮੰਨ ਸਕਦਾ ਕਿ ਰੱਬ, ਜਿਸ ਨੇ ਸਾਰਾ ਸੰਸਾਰ ਬਣਾਇਆ ਹੈ, ਆਪਣੀ ਪਛਾਣ ਸਿਰਫ਼ ਇੱਕੋ ਹੀ ਧਰਮ ਦੁਆਰਾ ਕਰਾਉਣੀ ਚਾਹੁੰਦਾ ਹੈ।” ਸ਼ਾਂਤੀ ਦੇ ਨੋਬਲ ਪੁਰਸਕਾਰ ਵਿਜੇਤਾ ਡੈਜ਼ਮੰਡ ਟੂਟੂ ਨੇ ਕਿਹਾ ਕਿ ‘ਕੋਈ ਵੀ ਮਜ਼ਹਬ ਇਹ ਦਾਅਵਾ ਨਹੀਂ ਕਰ ਸਕਦਾ ਕਿ ਉਸ ਕੋਲ ਧਰਮ ਬਾਰੇ ਸਾਰੀ ਸੱਚਾਈ ਹੈ।’ ਬੰਗਾਲੀ ਵਿਚ ਇਕ ਆਮ ਕਹਾਵਤ ਹੈ, “ਜੋਤੋ ਮੋਤ, ਤੋਥੋ ਪੌਥ,” ਜਿਸ ਦਾ ਮਤਲਬ ਹੈ ਕਿ ਸਾਰੇ ਧਰਮ ਇੱਕੋ ਹੀ ਮੰਜ਼ਲ ਨੂੰ ਜਾਣ ਵਾਲੇ ਵੱਖਰੇ-ਵੱਖਰੇ ਰਸਤੇ ਹਨ। ਬੋਧੀ ਧਰਮ ਦੇ ਲੋਕ ਵੀ ਇਹ ਗੱਲ ਮੰਨਦੇ ਹਨ। ਦਰਅਸਲ, ਲੱਖਾਂ ਹੀ ਲੋਕ ਇਹੋ ਵਿਸ਼ਵਾਸ ਕਰਦੇ ਹਨ ਕਿ ਸਾਰੇ ਧਰਮ ਰੱਬ ਨੂੰ ਜਾਣ ਵਾਲੇ ਵੱਖਰੇ-ਵੱਖਰੇ ਰਸਤੇ ਹਨ।
ਇਤਿਹਾਸਕਾਰ ਜੈਫ਼ਰੀ ਪਰਿੰਦਰ ਨੇ ਕਿਹਾ: “ਕਦੇ-ਕਦੇ ਕਿਹਾ ਜਾਂਦਾ ਹੈ ਕਿ ਸਾਰਿਆਂ ਧਰਮਾਂ ਦੀ ਮੰਜ਼ਲ ਇੱਕੋ ਹੀ ਹੈ, ਜਾਂ ਸਾਰੇ ਧਰਮ ਸੱਚਾਈ ਨੂੰ ਜਾਣ ਵਾਲੇ ਰਾਹ ਹਨ, ਜਾਂ ਇਹ ਵੀ ਕਿ ਸਾਰੇ ਧਰਮ ਇੱਕੋ ਜਿਹੀਆਂ ਸਿੱਖਿਆਵਾਂ ਸਿਖਾਉਂਦੇ ਹਨ।” ਇਹ ਗੱਲ ਵੀ ਸੱਚ ਹੈ ਕਿ ਕਈਆਂ ਧਰਮਾਂ ਦੀਆਂ ਸਿੱਖਿਆਵਾਂ, ਉਨ੍ਹਾਂ ਦੇ ਰਸਮ-ਰਿਵਾਜ, ਅਤੇ ਦੇਵੀ-ਦੇਵਤੇ ਮਿਲਦੇ-ਜੁਲਦੇ ਹਨ। ਆਮ ਤੌਰ ਤੇ ਸਾਰੇ ਧਰਮ ਸਿਖਾਉਂਦੇ ਹਨ ਕਿ ਇਕ ਦੂਸਰੇ ਨਾਲ ਪਿਆਰ ਕਰਨਾ ਚਾਹੀਦਾ ਹੈ ਅਤੇ ਖ਼ੂਨ ਕਰਨਾ, ਚੋਰੀ ਕਰਨੀ, ਅਤੇ ਝੂਠ ਬੋਲਣਾ ਗ਼ਲਤ ਹਨ। ਬਹੁਤ ਸਾਰੇ ਧਾਰਮਿਕ ਲੋਕ ਸੱਚੇ ਦਿਲੋਂ ਦੂਸਰਿਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਲਈ ਅਸੀਂ ਪੁੱਛ ਸਕਦੇ ਹਾਂ, ਜੇ ਕੋਈ ਵਿਅਕਤੀ ਸੱਚੇ ਦਿਲੋਂ ਆਪਣੇ ਧਰਮ ਨੂੰ ਮੰਨਦਾ ਹੋਵੇ ਅਤੇ ਇਕ ਨੇਕ ਇਨਸਾਨ ਬਣਨ ਦੀ ਕੋਸ਼ਿਸ਼ ਕਰਦਾ ਹੋਵੇ, ਤਾਂ ਕੀ ਕੋਈ ਫ਼ਰਕ ਪੈਂਦਾ ਹੈ ਕਿ ਉਸ ਦਾ ਧਰਮ ਕਿਹੜਾ ਹੈ? ਜਾਂ ਕੀ ਸਾਰੇ ਧਰਮ ਰੱਬ ਨੂੰ ਜਾਣ ਵਾਲੇ ਸਿਰਫ਼ ਵੱਖਰੇ-ਵੱਖਰੇ ਰਸਤੇ ਹੀ ਹਨ?
ਨੇਕਦਿਲ ਲੋਕਾਂ ਨੂੰ ਕੁਝ ਹੋਰ ਕਰਨ ਦੀ ਲੋੜ ਹੈ
ਪਹਿਲੀ ਸਦੀ ਵਿਚ ਰਹਿਣ ਵਾਲੇ ਸੌਲੁਸ ਨਾਂ ਦੇ ਇਕ ਯਹੂਦੀ ਬਾਰੇ ਵਿਚਾਰ ਕਰੋ, ਜੋ ਕਿ ਬਾਅਦ ਵਿਚ ਪੌਲੁਸ ਰਸੂਲ ਨਾਂ ਦਾ ਮਸੀਹੀ ਬਣਿਆ ਸੀ। ਸੌਲੁਸ ਬਹੁਤ ਹੀ ਕੱਟੜ ਯਹੂਦੀ ਸੀ, ਅਤੇ ਇਸ ਲਈ ਉਸ ਨੇ ਮਸੀਹੀਅਤ ਦਾ ਨਾਮੋ-ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹ ਸਮਝਦਾ ਸੀ ਕਿ ਭਗਤੀ ਕਰਨ ਦਾ ਮਸੀਹੀਆਂ ਦਾ ਤਰੀਕਾ ਗ਼ਲਤ ਸੀ। (ਰਸੂਲਾਂ ਦੇ ਕਰਤੱਬ 8:1-3; 9:1, 2) ਪਰ ਪਰਮੇਸ਼ੁਰ ਦੀ ਕਿਰਪਾ ਨਾਲ ਸੌਲੁਸ ਨੂੰ ਪੱਤਾ ਲੱਗਾ ਕਿ ਭਾਵੇਂ ਉਸ ਵਰਗੇ ਲੋਕ ਰੱਬ ਦੀ ਭਗਤੀ ਬੜੇ ਜੋਸ਼ ਨਾਲ ਕਰ ਰਹੇ ਹੋਣ, ਫਿਰ ਵੀ ਸੱਚਾਈ ਦੀ ਪੂਰੀ ਸਮਝ ਨਾ ਹੋਣ ਕਰਕੇ ਉਹ ਗ਼ਲਤ ਹੋ ਸਕਦੇ ਹਨ। (ਰੋਮੀਆਂ 10:2) ਜਦੋਂ ਸੌਲੁਸ ਨੇ ਪਰਮੇਸ਼ੁਰ ਦਿਆਂ ਕੰਮਾਂ ਬਾਰੇ ਅਤੇ ਉਸ ਦੀ ਮਰਜ਼ੀ ਬਾਰੇ ਸਿੱਖਿਆ, ਤਾਂ ਉਹ ਬਦਲ ਗਿਆ ਅਤੇ ਉਨ੍ਹਾਂ ਲੋਕਾਂ ਨਾਲ ਭਗਤੀ ਕਰਨ ਲੱਗ ਪਿਆ ਜਿਨ੍ਹਾਂ ਨੂੰ ਪਹਿਲਾਂ ਉਹ ਸਤਾਉਂਦਾ ਹੁੰਦਾ ਸੀ। ਹਾਂ ਉਹ ਯਿਸੂ ਮਸੀਹ ਦਾ ਚੇਲਾ ਬਣ ਗਿਆ।—1 ਤਿਮੋਥਿਉਸ 1:12-16.
ਕੀ ਬਾਈਬਲ ਸਾਨੂੰ ਇਹ ਦੱਸਦੀ ਹੈ ਕਿ ਹਜ਼ਾਰਾਂ ਹੀ ਧਰਮ ਹਨ ਅਤੇ ਤੁਸੀਂ ਜਿਹੜਾ ਵੀ ਇਨ੍ਹਾਂ ਵਿੱਚੋਂ ਚੁਣੋਗੇ ਉਹ ਰੱਬ ਨੂੰ ਮਨਜ਼ੂਰ ਹੋਵੇਗਾ? ਨਹੀਂ। ਪੌਲੁਸ ਰਸੂਲ ਨੂੰ ਜੀ ਉਠਾਏ ਗਏ ਯਿਸੂ ਮਸੀਹ ਤੋਂ ਹਿਦਾਇਤਾਂ ਮਿਲੀਆਂ ਸਨ ਜਿਨ੍ਹਾਂ ਵਿਚ ਉਸ ਨੇ ਪੌਲੁਸ ਨੂੰ ਪਰਾਈਆਂ ਕੌਮਾਂ ਦਿਆਂ ਲੋਕਾਂ ਕੋਲ ਘੱਲਿਆ ਤਾਂ ਜੋ ਉਹ “ਉਨ੍ਹਾਂ ਦੀਆਂ ਅੱਖਾਂ ਨੂੰ ਖੋਲ੍ਹ ਦੇਵੇਂ ਭਈ ਓਹ ਅਨ੍ਹੇਰੇ ਤੋਂ ਚਾਨਣ ਦੀ ਵੱਲ ਅਤੇ ਸ਼ਤਾਨ ਦੇ ਵੱਸ ਤੋਂ ਪਰਮੇਸ਼ੁਰ ਦੀ ਵੱਲ ਮੁੜਨ।” (ਰਸੂਲਾਂ ਦੇ ਕਰਤੱਬ 26:17, 18) ਇਸ ਤੋਂ ਸਪੱਸ਼ਟ ਹੈ ਕਿ ਧਰਮ ਦੀ ਚੋਣ ਕਰਨੀ ਬਹੁਤ ਹੀ ਜ਼ਰੂਰੀ ਹੈ। ਜਿਨ੍ਹਾਂ ਲੋਕਾਂ ਕੋਲ ਪੌਲੁਸ ਘੱਲਿਆ ਗਿਆ ਸੀ ਉਹ ਪਹਿਲਾਂ ਹੀ ਕਿਸੇ ਧਰਮ ਨੂੰ ਮੰਨਦੇ ਸਨ। ਪਰ ਉਹ “ਅਨ੍ਹੇਰੇ” ਵਿਚ ਸਨ। ਜੇਕਰ ਸਾਰੇ ਹੀ ਧਰਮ ਸਦਾ ਦਾ ਜੀਵਨ ਅਤੇ ਰੱਬ ਦੀ ਮਨਜ਼ੂਰੀ ਹਾਸਲ ਕਰਨ ਲਈ ਵੱਖਰੇ-ਵੱਖਰੇ ਰਸਤੇ ਸਨ, ਤਾਂ ਫਿਰ ਚੇਲੇ ਬਣਾਉਣ ਦੇ ਕੰਮ ਲਈ ਯਿਸੂ ਨੂੰ ਆਪਣੇ ਚੇਲਿਆਂ ਨੂੰ ਸਿੱਖਿਆ ਦੇਣ ਦੀ ਕੀ ਲੋੜ ਸੀ?—ਮੱਤੀ 28:19, 20.
ਆਪਣੇ ਮਸ਼ਹੂਰ ਪਹਾੜੀ ਉਪਦੇਸ਼ ਵਿਚ ਯਿਸੂ ਨੇ ਕਿਹਾ ਸੀ ਕਿ “ਭੀੜੇ ਫਾਟਕ ਤੋਂ ਵੜੋ ਕਿਉਂ ਜੋ ਮੋਕਲਾ ਹੈ ਉਹ ਫਾਟਕ ਅਤੇ ਖੁੱਲ੍ਹਾ ਹੈ ਉਹ ਰਾਹ ਜਿਹੜਾ ਨਾਸ ਨੂੰ ਜਾਂਦਾ ਹੈ ਅਰ ਬਹੁਤੇ ਹਨ ਜਿਹੜੇ ਉਸ ਤੋਂ ਜਾਂਦੇ ਹਨ। ਅਤੇ ਭੀੜਾ ਹੈ ਉਹ ਫਾਟਕ ਅਤੇ ਸੌੜਾ ਹੈ ਉਹ ਰਾਹ ਜਿਹੜਾ ਜੀਉਣ ਨੂੰ ਜਾਂਦਾ ਹੈ ਅਤੇ ਜੋ ਉਸ ਨੂੰ ਲੱਭਦੇ ਹਨ ਸੋ ਵਿਰਲੇ ਹਨ।” (ਮੱਤੀ 7:13, 14) ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ ਸਿਰਫ਼ “ਇੱਕੋ ਨਿਹਚਾ” ਹੈ। (ਅਫ਼ਸੀਆਂ 4:5) ਬਿਨਾਂ ਸ਼ੱਕ ਅਨੇਕ ਲੋਕ ਜਿਹੜੇ ‘ਖੁੱਲ੍ਹੇ’ ਫਾਟਕ ਤੇ ਹਨ ਉਹ ਕਿਸੇ-ਨ-ਕਿਸੇ ਧਰਮ ਨੂੰ ਮੰਨਦੇ ਹਨ। ਪਰ ਉਨ੍ਹਾਂ ਕੋਲ “ਇੱਕੋ ਨਿਹਚਾ” ਨਹੀਂ ਹੈ। ਸਿਰਫ਼ ਇੱਕੋ ਹੀ ਸੱਚਾ ਧਰਮ ਹੈ। ਇਸ ਲਈ ਜਿਹੜੇ ਲੋਕ ਉਸ ਸੱਚੇ ਧਰਮ ਨੂੰ ਲੱਭਣਾ ਚਾਹੁੰਦੇ ਹਨ ਉਨ੍ਹਾਂ ਨੂੰ ਉਸ ਦੀ ਖੋਜ ਕਰਨ ਦੀ ਲੋੜ ਹੈ।
ਸੱਚੇ ਪਰਮੇਸ਼ੁਰ ਦੀ ਖੋਜ ਕਰੋ
ਮਨੁੱਖੀ ਇਤਿਹਾਸ ਦੇ ਸ਼ੁਰੂ ਤੋਂ ਹੀ ਪਰਮੇਸ਼ੁਰ ਨੇ ਇਨਸਾਨਾਂ ਨੂੰ ਆਪਣੀ ਮਰਜ਼ੀ ਬਾਰੇ ਦੱਸਿਆ ਹੈ। (ਉਤਪਤ 1:28; 2:15-17; 4:3-5) ਅੱਜ ਉਸ ਦੀਆਂ ਮੰਗਾਂ ਬਾਈਬਲ ਵਿਚ ਸਾਫ਼-ਸਾਫ਼ ਸਮਝਾਈਆਂ ਗਈਆਂ ਹਨ। ਇਸ ਲਈ ਅਸੀਂ ਖ਼ੁਦ ਪਛਾਣ ਸਕਦੇ ਹਾਂ ਕਿ ਕਿਹੜੀ ਭਗਤੀ ਸਹੀ ਹੈ ਅਤੇ ਕਿਹੜੀ ਗ਼ਲਤ ਹੈ। (ਮੱਤੀ 15:3-9) ਕਈ ਲੋਕ ਜਨਮ ਤੋਂ ਹੀ ਆਪਣੇ ਧਰਮ ਵਿਚ ਹੁੰਦੇ ਹਨ, ਜਦ ਕਿ ਦੂਸਰੇ ਲੋਕ ਉਸ ਧਰਮ ਦੇ ਮਗਰ ਲੱਗ ਜਾਂਦੇ ਹਨ ਜਿਸ ਨੂੰ ਆਮ ਜਨਤਾ ਮੰਨਦੀ ਹੈ। ਕਈਆਂ ਦਾ ਧਰਮ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਉਨ੍ਹਾਂ ਦਾ ਕਦੋਂ ਅਤੇ ਕਿੱਥੇ ਜਨਮ ਹੋਇਆ ਸੀ। ਲੇਕਿਨ ਕੀ ਸਾਨੂੰ ਧਰਮ ਦੀ ਗੱਲ ਦੂਸਰਿਆਂ ਤੇ ਛੱਡਣੀ ਚਾਹੀਦੀ ਹੈ ਜਾਂ ਆਪਣੀ ਚੋਣ ਖ਼ੁਦ ਕਰਨੀ ਚਾਹੀਦੀ ਹੈ?
ਤੁਹਾਨੂੰ ਧਰਮ ਦੀ ਚੋਣ ਕਰਨ ਤੋਂ ਪਹਿਲਾਂ ਪਵਿੱਤਰ ਸ਼ਾਸਤਰ ਦੀ ਚੰਗੀ ਤਰ੍ਹਾਂ ਜਾਂਚ ਕਰਨ ਦੀ ਲੋੜ ਹੈ। ਪਹਿਲੀ ਸਦੀ ਵਿਚ, ਕੁਝ ਪੜ੍ਹੇ-ਲਿਖੇ ਲੋਕਾਂ ਨੇ ਪੌਲੁਸ ਰਸੂਲ ਦੀ ਗੱਲ ਇਵੇਂ ਹੀ ਨਹੀਂ ਮੰਨੀ ਸੀ। ਉਹ “ਰੋਜ ਲਿਖਤਾਂ ਵਿੱਚ ਭਾਲ ਕਰਦੇ ਰਹੇ ਭਈ ਏਹ ਗੱਲਾਂ ਇਸੇ ਤਰਾਂ ਹਨ ਕਿ ਨਹੀਂ।” (ਰਸੂਲਾਂ ਦੇ ਕਰਤੱਬ 17:11; 1 ਯੂਹੰਨਾ 4:1) ਤੁਸੀਂ ਵੀ ਇਸ ਤਰ੍ਹਾਂ ਕਰ ਸਕਦੇ ਹੋ।
ਬਾਈਬਲ ਸਾਨੂੰ ਦੱਸਦੀ ਹੈ ਕਿ ਰੱਬ ਅਜਿਹੇ ਲੋਕਾਂ ਦੀ ਭਾਲ ਕਰਦਾ ਹੈ ਜੋ ਉਸ ਦੀ ਭਗਤੀ ਸੱਚੇ ਦਿਲੋਂ ਕਰਨੀ ਚਾਹੁੰਦੇ ਹਨ। ਯੂਹੰਨਾ 4:23, 24 ਦੇ ਅਨੁਸਾਰ ਯਿਸੂ ਨੇ ਸਮਝਾਇਆ: “ਪਰ ਉਹ ਸਮਾ ਆਉਂਦਾ ਹੈ ਸਗੋਂ ਹੁਣੇ ਹੈ ਜੋ ਸੱਚੇ ਭਗਤ ਆਤਮਾ ਅਰ ਸਚਿਆਈ ਨਾਲ ਪਿਤਾ ਦੀ ਭਗਤੀ ਕਰਨਗੇ ਕਿਉਂਕਿ ਪਿਤਾ ਏਹੋ ਜੇਹੇ ਭਗਤਾਂ ਨੂੰ ਚਾਹੁੰਦਾ ਹੈ। ਪਰਮੇਸ਼ੁਰ ਆਤਮਾ ਹੈ ਅਤੇ ਜੋ ਉਹ ਦੀ ਭਗਤੀ ਕਰਦੇ ਹਨ ਉਨ੍ਹਾਂ ਨੂੰ ਚਾਹੀਦਾ ਹੈ ਭਈ ਓਹ ਆਤਮਾ ਅਤੇ ਸਚਿਆਈ ਨਾਲ ਭਗਤੀ ਕਰਨ।” “ਸਾਡੇ ਪਰਮੇਸ਼ੁਰ ਅਤੇ ਪਿਤਾ” ਨੂੰ ਸਿਰਫ਼ ਉਹੀ ਭਗਤੀ ਮਨਜ਼ੂਰ ਹੈ ਜੋ ਉਸ “ਦੇ ਅੱਗੇ ਸ਼ੁੱਧ ਅਤੇ ਨਿਰਮਲ” ਹੈ। (ਯਾਕੂਬ 1:27) ਰੱਬ ਨੇ ਸੱਚੇ ਧਰਮ ਦੀ ਭਾਲ ਕਰਨ ਵਾਲਿਆਂ ਹਜ਼ਾਰਾਂ ਹੀ ਲੋਕਾਂ ਨੂੰ ਸਦਾ ਦੇ ਜੀਵਨ ਨੂੰ ਜਾਣ ਵਾਲੇ ਭੀੜੇ ਰਾਹ ਉੱਤੇ ਚੱਲਣਾ ਸਿਖਾਇਆ ਹੈ। ਜਿਹੜੇ ਲੋਕ ਇਸ ਭਾਲ ਕਰਨ ਵਿਚ ਮਿਹਨਤ ਨਹੀਂ ਕਰਨੀ ਚਾਹੁੰਦੇ ਉਨ੍ਹਾਂ ਨੂੰ ਸਦਾ ਦਾ ਜੀਵਨ ਨਹੀਂ ਬਖ਼ਸ਼ਿਆ ਜਾਵੇਗਾ। ਪਰ ਜਿਹੜੇ ਪੂਰੇ ਤਨ-ਮਨ ਨਾਲ ਉਸ ਭੀੜੇ ਰਾਹ ਨੂੰ ਭਾਲਦੇ ਅਤੇ ਉਸ ਉੱਤੇ ਚੱਲਣ ਦੀ ਕੋਸ਼ਿਸ਼ ਕਰਦੇ ਹਨ ਉਹ ਸਦਾ ਲਈ ਜੀਉਂਦੇ ਰਹਿਣਗੇ।—ਮਲਾਕੀ 3:18.