ਕੈਦੀਆਂ ਨੂੰ ਪੰਛੀ ਕੀ ਸਿਖਾ ਸਕਦੇ ਹਨ
ਕੈਦੀਆਂ ਨੂੰ ਪੰਛੀ ਕੀ ਸਿਖਾ ਸਕਦੇ ਹਨ
ਦੱਖਣੀ ਅਫ਼ਰੀਕਾ ਵਿਚ ਜਾਗਰੂਕ ਬਣੋ! ਦੇ ਪੱਤਰਕਾਰ ਦੁਆਰਾ
ਡਰਬਨ, ਦੱਖਣੀ ਅਫ਼ਰੀਕਾ ਦਾ ਸੰਡੇ ਟ੍ਰਿਬਿਊਨ ਅਖ਼ਬਾਰ ਉਨ੍ਹਾਂ ਪੰਛੀਆਂ ਬਾਰੇ ਦੱਸਦਾ ਹੈ ਜੋ ਪੌਲਸਮੂਰ ਨਾਂ ਦੇ ਕੈਦਖ਼ਾਨੇ ਵਿਚ ਕਠੋਰ ਕੈਦੀਆਂ ਦੇ ਦਿਲਾਂ ਨੂੰ ਢਾਲ਼ ਰਹੇ ਹਨ। ਇਸ ਪ੍ਰੋਗ੍ਰਾਮ ਵਿਚ ਹੁਣ 14 ਕੈਦੀ ਸ਼ਾਮਲ ਹਨ ਅਤੇ ਉਹ ਆਪਣੇ ਕੈਦਖ਼ਾਨਿਆਂ ਵਿਚ ਦੋ ਤਰ੍ਹਾਂ ਦੇ ਤੋਤਿਆਂ ਦੀ ਦੇਖ-ਭਾਲ ਕਰ ਰਹੇ ਹਨ।
ਇਸ ਪ੍ਰੋਗ੍ਰਾਮ ਵਿਚ ਕੀ ਸ਼ਾਮਲ ਹੈ? ਹਰੇਕ ਕੈਦੀ ਨੂੰ ਇਕ ਚੂਚਾ ਦਿੱਤਾ ਜਾਂਦਾ ਹੈ ਜਿਸ ਦੀ ਦੇਖ-ਭਾਲ ਉਹ ਆਪਣੇ ਖ਼ਾਨੇ ਵਿਚ ਹੀ ਕਰਦਾ ਹੈ। ਉਹ ਹਰ ਘੰਟੇ ਜਾਂ ਦੋ ਘੰਟਿਆਂ ਬਾਅਦ ਇਸ ਚੂਚੇ ਨੂੰ ਦਿਨ-ਰਾਤ ਆਪਣੇ ਹੱਥੀਂ ਖੁਆਉਂਦਾ ਹੈ। ਪੰਜ ਹਫ਼ਤਿਆਂ ਬਾਅਦ ਪੰਛੀ ਨੂੰ ਇਕ ਪਿੰਜਰੇ ਵਿਚ ਰੱਖਿਆ ਜਾਂਦਾ ਹੈ। ਪਿੰਜਰਾ ਵੀ ਕੈਦੀ ਦੇ ਖ਼ਾਨੇ ਵਿਚ ਹੀ ਰੱਖਿਆ ਜਾਂਦਾ ਹੈ। ਜਦੋਂ ਪੰਛੀ ਵੱਡਾ ਹੋ ਜਾਂਦਾ ਹੈ, ਤਾਂ ਇਸ ਨੂੰ ਵੇਚਿਆ ਜਾਂਦਾ ਹੈ। ਕਈਆਂ ਕੈਦੀਆਂ ਨੂੰ ਆਪਣੇ ਪੰਛੀਆਂ ਨਾਲ ਇੰਨਾ ਮੋਹ ਹੋ ਜਾਂਦਾ ਹੈ ਕਿ ਜਦੋਂ ਉਨ੍ਹਾਂ ਤੋਂ ਪੰਛੀ ਲਏ ਜਾਂਦੇ ਹਨ ਤਾਂ ਉਹ ਰੋਂਦੇ ਹਨ।
ਇਹ ਵੀ ਦੇਖਿਆ ਗਿਆ ਹੈ ਕਿ ਵੱਡੇ-ਵੱਡੇ ਡਾਕੂ ਇਨ੍ਹਾਂ ਪੰਛੀਆਂ ਦੀ ਰੋਜ਼ਾਨਾ ਦੇਖ-ਭਾਲ ਕਰਨ ਅਤੇ ਉਨ੍ਹਾਂ ਨਾਲ ਬੋਲਣ ਤੋਂ ਬਾਅਦ ਕਾਫ਼ੀ ਕੋਮਲ ਬਣ ਜਾਂਦੇ ਹਨ। ਇਕ ਕੈਦੀ ਨੇ ਦੱਸਿਆ ਕਿ ਇਵੇਂ ‘ਸਿਰਫ਼ ਪੰਛੀ ਹੀ ਨਹੀਂ ਪਾਲਤੂ ਬਣ ਜਾਂਦੇ, ਪਰ ਮੈਂ ਵੀ ਵਸ ਵਿਚ ਆ ਗਿਆ ਹਾਂ।’ ਇਕ ਹੋਰ ਦੱਸਦਾ ਹੈ ਕਿ ਇਨ੍ਹਾਂ ਪੰਛੀਆਂ ਨੇ ਉਸ ਨੂੰ ਧੀਰਜ ਅਤੇ ਆਪਣੇ ਆਪ ਉੱਤੇ ਕਾਬੂ ਰੱਖਣ ਦੇ ਗੁਣ ਸਿਖਾਏ ਹਨ। ਇਕ ਚੋਰ ਨੇ ਦੱਸਿਆ ਕਿ ਇਕ ਪੰਛੀ ਦੀ ਦੇਖ-ਭਾਲ ਕਰਨ ਨੇ ਉਸ ਨੂੰ ਸਿਖਾਇਆ ਕਿ ਬਾਪ ਬਣਨਾ “ਕਿੰਨੀ ਵੱਡੀ ਜ਼ਿੰਮੇਵਾਰੀ ਹੈ।” ਕੈਦੀ ਬਣਨ ਤੋਂ ਪਹਿਲਾਂ ਉਹ ਨੇ ਆਪਣੇ ਬੱਚਿਆਂ ਦੀ ਚੰਗੀ ਤਰ੍ਹਾਂ ਦੇਖ-ਭਾਲ ਨਹੀਂ ਕੀਤੀ ਸੀ।
ਇਨ੍ਹਾਂ ਪੰਛੀਆਂ ਦੀ ਦੇਖ-ਭਾਲ ਕਰਨ ਵਿਚ ਇਕ ਹੋਰ ਵੀ ਲਾਭ ਹੋਇਆ ਹੈ। ਵਾਇਕਸ ਗ੍ਰੈਸ, ਜਿਸ ਨੇ ਇਹ ਪ੍ਰੋਗ੍ਰਾਮ ਸ਼ੁਰੂ ਕੀਤਾ, ਕਹਿੰਦਾ ਹੈ ਕਿ ‘ਬਾਹਰ ਜਾਣ ਤੇ ਇਨ੍ਹਾਂ ਕੈਦੀਆਂ ਨੂੰ ਪਸ਼ੂਆਂ ਦੇ ਡਾਕਟਰਾਂ ਜਾਂ ਪਾਲਤੂਆਂ ਨਾਲ ਨੌਕਰੀਆਂ ਵੀ ਮਿਲ ਸਕਦੀਆਂ ਹਨ ਕਿਉਂਕਿ ਉਨ੍ਹਾਂ ਨੇ ਹੁਣ ਨਵੇਂ ਗੁਣ ਸਿੱਖੇ ਹਨ।’