Skip to content

Skip to table of contents

ਘਾਨਾ ਵਿਚ ਸਫ਼ਾਰੀ

ਘਾਨਾ ਵਿਚ ਸਫ਼ਾਰੀ

ਘਾਨਾ ਵਿਚ ਸਫ਼ਾਰੀ

ਘਾਨਾ ਵਿਚ ਜਾਗਰੂਕ ਬਣੋ! ਦੇ ਪੱਤਰਕਾਰ ਦੁਆਰਾ

ਜਿਉਂ ਹੀ ਸਵੇਰ ਦੀ ਪਹਿਲੀ ਕਿਰਨ ਹਨੇਰੇ ਅਤੇ ਧੁੰਦ ਨੂੰ ਚੀਰਦੀ ਹੈ, ਅਸੀਂ ਘਾਨਾ ਦੇ ਇਕ ਉੱਤਰੀ ਜ਼ਿਲ੍ਹੇ ਵਿਚ ਮੋਲੇ ਨੈਸ਼ਨਲ ਪਾਰਕ ਨੂੰ ਜਾਂਦੇ ਕੱਚੇ ਰਾਹ ਉੱਤੇ 80 ਕਿਲੋਮੀਟਰ ਦਾ ਸਫ਼ਰ ਹੌਲੀ-ਹੌਲੀ ਤੈਅ ਕਰਦੇ ਹਾਂ। ਹਰ ਪਾਸੇ ਘਾਹ, ਝਾੜੀਆਂ ਅਤੇ ਛੋਟੇ-ਛੋਟੇ ਦਰਖ਼ਤ ਹਨ। ਅਸੀਂ ਕਈ ਪਿੰਡਾਂ ਵਿੱਚੋਂ ਦੀ ਗੁਜ਼ਰਦੇ ਹਾਂ ਜਿੱਥੇ ਲੋਕ ਮਿੱਟੀ ਨਾਲ ਬਣੀਆਂ ਅਤੇ ਘਾਹ-ਫੂਸ ਦੀਆਂ ਛੱਤਾਂ ਵਾਲੀਆਂ ਝੌਂਪੜੀਆਂ ਵਿਚ ਰਹਿੰਦੇ ਹਨ।

ਡਾਮੋਂਗੋ ਪਹੁੰਚਣ ਤੇ ਅਸੀਂ ਦੇਖਦੇ ਹਾਂ ਕਿ ਇੱਥੇ ਦਾ ਨਜ਼ਾਰਾ ਬਿਲਕੁਲ ਵੱਖਰਾ ਹੈ! ਇਹ ਦੁਕਾਨਾਂ ਨਾਲ ਭਰਿਆ, ਪੱਕੀਆਂ ਸੜਕਾਂ ਅਤੇ ਭਾਰੀ ਆਵਾਜਾਈ ਵਾਲਾ ਪੇਂਡੂ ਕਸਬਾ ਹੈ। ਬੱਚੇ ਗੂੜ੍ਹੇ ਜਾਂ ਹਲਕੇ ਭੂਰੇ ਰੰਗ ਦੀ ਵਰਦੀ ਪਾਈ ਸਕੂਲ ਜਾ ਰਹੇ ਹਨ। ਰੰਗ-ਬਰੰਗੇ ਕੱਪੜੇ ਪਾਈ ਤੀਵੀਆਂ ਨੇ ਭਾਰੀਆਂ-ਭਾਰੀਆਂ ਚੀਜ਼ਾਂ ਆਪਣੇ ਸਿਰਾਂ ਉੱਤੇ ਚੁੱਕੀਆਂ ਹੋਈਆਂ ਹਨ, ਜਿਵੇਂ ਅੱਗ ਬਾਲਣ ਲਈ ਲੱਕੜੀਆਂ, ਖਾਣ-ਪੀਣ ਦੀਆਂ ਚੀਜ਼ਾਂ ਅਤੇ ਪਾਣੀ ਨਾਲ ਭਰੇ ਬਰਤਨ। ਕਾਰਾਂ ਤੇ ਟਰੈਕਟਰ ਹਾਰਨ ਵਜਾ ਰਹੇ ਹਨ ਅਤੇ ਸਾਈਕਲ ਸਵਾਰ ਕੋਲੋਂ ਦੀ ਲੰਘ ਰਹੇ ਹਨ। ਅਸੀਂ ਅਜੇ ਹੋਰ 20 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਹੈ।

ਮੋਲੇ ਨੈਸ਼ਨਲ ਪਾਰਕ ਵਿਚ

ਅਖ਼ੀਰ ਅਸੀਂ ਪਾਰਕ ਵਿਚ ਪਹੁੰਚਦੇ ਹਾਂ। ਸਾਡੇ ਟੂਰ ਗਾਈਡ ਜ਼ਕਰਾਇਆ ਮੁਤਾਬਕ ਮੋਲੇ ਗੇਮ ਰਿਜ਼ਰਵ 1971 ਵਿਚ ਸਥਾਪਿਤ ਕੀਤਾ ਗਿਆ ਸੀ ਅਤੇ ਇਸ ਦਾ ਖੇਤਰਫਲ 4,840 ਵਰਗ ਕਿਲੋਮੀਟਰ ਹੈ। ਪਾਰਕ ਵਿਚ ਥਣਧਾਰੀ ਜੀਵਾਂ ਦੀਆਂ 93 ਕਿਸਮਾਂ, ਜਲਥਲੀ ਜੀਵਾਂ ਦੀਆਂ 9 ਕਿਸਮਾਂ ਅਤੇ ਰੀਂਗਣ ਵਾਲੇ ਜੀਵਾਂ ਦੀਆਂ 33 ਕਿਸਮਾਂ ਰਿਕਾਰਡ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚ ਸ਼ੇਰ, ਚੀਤੇ, ਚਿੱਤੀਦਾਰ ਲਕੜਬੱਗੇ, ਸਿਵੈਟ ਮੁਸ਼ਕਬਿੱਲੇ, ਹਾਥੀ, ਬੋਂਗੋ ਐਂਟਲੋਪ, ਬੌਣੇ ਕੱਦ ਦੀ ਜੰਗਲੀ ਮੱਝ, ਜੰਗਲੀ ਸੂਰ, ਵਾਟਰਬੱਕ ਐਂਟਲੋਪ, ਡਾਈਕਰ ਐਂਟਲੋਪ, ਜੈਨਟ ਮੁਸ਼ਕਬਿੱਲੇ, ਹਾਰਟੇਬੀਸਟ ਐਂਟਲੋਪ, ਨਿਓਲੇ, ਲੰਗੂਰ, ਵੱਖ-ਵੱਖ ਕਿਸਮ ਦੇ ਬਾਂਦਰ, ਡੱਬ-ਖੜੱਬੇ ਐਂਟਲੋਪ, ਸੇਹ, ਮਗਰਮੱਛ, ਸੱਪ ਅਤੇ ਸਰਾਲਾਂ ਸ਼ਾਮਲ ਹਨ। ਇਸ ਤੋਂ ਇਲਾਵਾ, ਇੱਥੇ ਪੰਛੀਆਂ ਦੀਆਂ 300 ਤੋਂ ਜ਼ਿਆਦਾ ਕਿਸਮਾਂ ਦੇਖੀਆਂ ਗਈਆਂ ਹਨ।

ਖ਼ੂਨ ਦੀਆਂ ਪਿਆਸੀਆਂ ਕਾਲੀਆਂ ਮੱਖੀਆਂ ਨੂੰ ਮਾਰਦੇ ਹੋਏ, ਅਸੀਂ ਗੋਡੇ-ਗੋਡੇ ਉੱਚੇ ਘਾਹ ਵਿੱਚੋਂ ਦੀ ਲੰਘਦੇ ਹਾਂ ਅਤੇ ਜਲਦੀ ਹੀ ਐਂਟਲੋਪ ਦੇ ਝੁੰਡ ਕੋਲ ਆ ਜਾਂਦੇ ਹਾਂ। ਪਹਿਲਾਂ ਤਾਂ ਇਨ੍ਹਾਂ ਨੂੰ ਦੇਖਣਾ ਮੁਸ਼ਕਲ ਹੈ ਕਿਉਂਕਿ ਇਨ੍ਹਾਂ ਦਾ ਰੰਗ ਉਨ੍ਹਾਂ ਦੇ ਆਲੇ-ਦੁਆਲੇ ਦੇ ਵਾਤਾਵਰਣ ਵਿਚ ਪੂਰੀ ਤਰ੍ਹਾਂ ਘੁਲ-ਮਿਲ ਜਾਂਦਾ ਹੈ। ਜਿੰਨੇ ਧਿਆਨ ਨਾਲ ਅਸੀਂ ਉਨ੍ਹਾਂ ਨੂੰ ਦੇਖ ਕੇ ਮਜ਼ਾ ਲੈ ਰਹੇ ਹਾਂ, ਉੱਨੇ ਹੀ ਅਸੀਂ ਵੀ ਉਨ੍ਹਾਂ ਦੇ ਧਿਆਨ ਦਾ ਕੇਂਦਰ ਬਣੇ ਹੋਏ ਹਾਂ। ਜਿਉਂ ਹੀ ਅਸੀਂ ਫੋਟੋਆਂ ਖਿੱਚਦੇ ਹਾਂ, ਤਾਂ ਸੱਜੇ ਪਾਸਿਓਂ ਦੀ ਇਕ ਉੱਚੀ ਫੁੰਕਾਰ ਸਾਨੂੰ ਚੌਂਕਾ ਦਿੰਦੀ ਹੈ। ਇਕ ਵੱਡਾ ਸਾਰਾ ਨਰ ਵਾਟਰਬੱਕ (ਦੱਖਣ-ਅਫ਼ਰੀਕੀ ਹਿਰਨ) ਆਪਣੀ ਸ਼ਾਂਤੀ ਵਿਚ ਸਾਡੀ ਦਖ਼ਲਅੰਦਾਜ਼ੀ ਤੇ ਰੋਸ ਪ੍ਰਗਟਾਉਂਦਾ ਹੋਇਆ ਸਾਮ੍ਹਣੇ ਦੀਆਂ ਝਾੜੀਆਂ ਵਿਚ ਦੌੜ ਜਾਂਦਾ ਹੈ।

ਫਿਰ ਅਸੀਂ ਇਕ ਵੱਡੇ ਸਾਰੇ ਦਰਖ਼ਤ ਥੱਲੇ ਚਾਰ ਵੱਡੇ-ਵੱਡੇ ਹਾਥੀ ਦੇਖਦੇ ਹਾਂ। ਉਹ ਆਪਣੀਆਂ ਸੁੰਡਾਂ ਨਾਲ ਟਾਹਣੀਆਂ ਨੂੰ ਹੇਠਾਂ ਖਿੱਚ ਕੇ ਨਰਮ ਪੱਤੇ ਖਾ ਰਹੇ ਹਨ। ਅਸੀਂ ਉਨ੍ਹਾਂ ਦੇ ਹੋਰ ਨੇੜੇ ਜਾਂਦੇ ਹਾਂ ਤੇ ਜਦੋਂ ਅਸੀਂ ਉਨ੍ਹਾਂ ਤੋਂ ਸਿਰਫ਼ 30 ਫੁੱਟ ਦੀ ਦੂਰੀ ਤੇ ਪਹੁੰਚ ਜਾਂਦੇ ਹਾਂ, ਤਾਂ ਜ਼ਕਰਾਇਆ ਸਾਨੂੰ ਫੋਟੋਆਂ ਖਿੱਚਣ ਲਈ ਕਹਿੰਦਾ ਹੈ। ਉਹ ਆਪਣੀ ਬੰਦੂਕ ਦੇ ਬੱਟ ਦਾ ਜ਼ੋਰ ਨਾਲ ਖੜਾਕਾ ਕਰਦਾ ਹੈ ਜਿਸ ਤੋਂ ਧਾਤ ਵਰਗੀ ਆਵਾਜ਼ ਆਉਂਦੀ ਹੈ ਤੇ ਇਹ ਆਵਾਜ਼ ਸੁਣ ਕੇ ਹਾਥੀ ਦਰਖ਼ਤ ਹੇਠੋਂ ਭੱਜ ਨਿਕਲਦੇ ਹਨ ਅਤੇ ਸਾਨੂੰ ਹੋਰ ਵੀ ਵਧੀਆ ਫੋਟੋਆਂ ਖਿੱਚਣ ਦਾ ਮੌਕਾ ਮਿਲਦਾ ਹੈ। ਨੇੜੇ ਹੀ ਹਾਥੀਆਂ ਨੂੰ ਟੋਭਾ ਲੱਭਦਾ ਹੈ ਜਿੱਥੇ ਉਹ ਨਹਾਉਂਦੇ ਹਨ। ਜ਼ਕਰਾਇਆ ਨੇ ਦੱਸਿਆ ਕਿ ਹਾਥੀਆਂ ਦਾ ਰੰਗ ਉਨ੍ਹਾਂ ਦੇ ਕੁਦਰਤੀ ਕਾਲੇ ਰੰਗ ਤੋਂ ਬਦਲ ਕੇ ਲਾਲ ਜਾਂ ਭੂਰਾ ਹੋ ਜਾਂਦਾ ਹੈ ਤੇ ਇਹ ਚਿੱਕੜ ਦੇ ਰੰਗ ਉੱਤੇ ਨਿਰਭਰ ਕਰਦਾ ਹੈ ਜਿਸ ਵਿਚ ਉਹ ਨਹਾਉਂਦੇ ਹਨ।

ਅਸੀਂ ਥੋੜ੍ਹਾ ਅੱਗੇ ਚੱਲਦੇ ਹਾਂ ਅਤੇ ਦੂਰ-ਦੂਰ ਤਕ ਫੈਲੇ ਪਾਰਕ ਦੇ ਕੁਦਰਤੀ ਨਜ਼ਾਰੇ ਨੂੰ ਦੇਖਦੇ ਹਾਂ। ਇਸ ਦੀ ਬਨਸਪਤੀ ਵਿਚ ਕਿੱਕਰ ਅਤੇ ਸ਼ੀਆ ਦੇ ਸੋਹਣੇ ਦਰਖ਼ਤ ਸ਼ਾਮਲ ਹਨ। ਵਾਪਸ ਜਾਣ ਲਈ ਅਸੀਂ ਉਹੀ ਰਾਹ ਜਾਂਦੇ ਹਾਂ ਜਿਸ ਰਾਹੀਂ ਹਾਥੀ ਗਏ ਸਨ। ਉਹ ਅਜੇ ਵੀ ਕਈ ਫੁੱਟ ਸਾਡੇ ਨਾਲੋਂ ਅੱਗੇ ਹਨ, ਪਰ ਉਸ ਝੁੰਡ ਦਾ ਸਭ ਤੋਂ ਵੱਡਾ ਹਾਥੀ ਆਪਣੇ ਕੰਨ ਖੜ੍ਹੇ ਕਰਦਾ ਹੈ, ਲੜਨ ਲਈ ਤਿਆਰ ਹੁੰਦਾ ਹੈ ਅਤੇ ਸਾਡੇ ਵੱਲ ਆਉਂਦਾ ਹੈ। ਕੀ ਇਹ ਸਾਡੇ ਉੱਤੇ ਹਮਲਾ ਕਰਨ ਵਾਲਾ ਹੈ?

ਜ਼ਕਰਯਾਹ ਸਾਨੂੰ ਕਹਿੰਦਾ ਹੈ ਕਿ ਚਿੰਤਾ ਨਾ ਕਰੋ, ਪਰ ਨਾਲ ਹੀ ਉਹ ਆਪਣੇ ਮੋਢੇ ਤੋਂ ਬੰਦੂਕ ਲਾਹੁੰਦਾ ਹੈ ਅਤੇ ਸਾਨੂੰ ਹਾਥੀਆਂ ਦੇ ਰਾਹ ਤੋਂ ਦੂਰੋਂ ਦੀ ਲੈ ਕੇ ਜਾਂਦਾ ਹੈ। ਅਸੀਂ ਚੱਲਦੇ ਜਾਂਦੇ ਹਾਂ। ਗਾਈਡ ਆਪਣੀ ਬੰਦੂਕ ਅਤੇ ਅਸੀਂ ਆਪਣੇ ਕੈਮਰੇ ਦਾ ਇਸਤੇਮਾਲ ਕਰਨ ਲਈ ਤਿਆਰ ਹਾਂ। ਜਲਦੀ ਹੀ ਅਸੀਂ ਹਾਥੀਆਂ ਦੀ ਨਜ਼ਰ ਤੋਂ ਓਹਲੇ ਹੋ ਜਾਂਦੇ ਹਾਂ।

ਜ਼ਕਰਾਇਆ ਕਹਿੰਦਾ ਹੈ ਕਿ ਪਾਰਕ ਵਿਚ ਹਾਥੀ ਲੋਕਾਂ ਦੇ ਆਦੀ ਹਨ ਅਤੇ ਕੁਝ ਤਾਂ ਲੋਕਾਂ ਦੇ ਨੇੜੇ ਵੀ ਆਉਂਦੇ ਹਨ। ਜਿਹੜੇ ਹਾਥੀ ਅਕਸਰ ਨਜ਼ਰ ਆਉਂਦੇ ਹਨ, ਗਾਈਡ ਉਨ੍ਹਾਂ ਨੂੰ ਨਾਂ ਦੇਣ ਲੱਗ ਪੈਂਦੇ ਹਨ। ਇਕ ਹਾਥੀ ਨੂੰ ਉਹ ਗੋਲੂ ਕਹਿ ਕੇ ਬੁਲਾਉਂਦੇ ਸਨ ਕਿਉਂਕਿ ਉਸ ਦੀ ਚਮੜੀ ਉੱਤੇ ਮਾਸ ਦਾ ਇਕ ਵੱਡਾ ਗੋਲਾ ਬਣਿਆ ਹੋਇਆ ਸੀ। ਇਕ ਹੋਰ ਹਾਥੀ ਦਾ ਨਾਂ ਉਨ੍ਹਾਂ ਨੇ ਲੜਾਕਾ ਰੱਖਿਆ ਕਿਉਂਕਿ ਉਹ ਸੈਲਾਨੀਆਂ ਨੂੰ ਡਰਾਉਂਦਾ ਹੁੰਦਾ ਸੀ।

ਹੁਣ ਅਸੀਂ ਲੰਗੂਰਾਂ ਨੂੰ ਮਿਲਦੇ ਹਾਂ। ਅਸੀਂ ਉਨ੍ਹਾਂ ਨੂੰ ਦਰਖ਼ਤਾਂ ਉੱਤੇ ਲਟਕਦੇ ਹੋਏ ਜਾਂ ਜ਼ਮੀਨ ਉੱਤੇ ਦੌੜਦੇ ਹੋਏ ਦੇਖਦੇ ਹਾਂ। ਸਾਡਾ ਗਾਈਡ ਸਾਡਾ ਧਿਆਨ ਇਕ ਮਾਦਾ ਲੰਗੂਰ ਵੱਲ ਦਿਵਾਉਂਦਾ ਹੈ ਜੋ ਆਪਣੇ ਦੋ ਬੱਚਿਆਂ ਨੂੰ ਲਿਜਾ ਰਹੀ ਹੈ, ਇਕ ਉਸ ਦੀ ਪਿੱਠ ਉੱਤੇ ਹੈ ਤੇ ਦੂਸਰਾ ਛਾਤੀ ਨਾਲ ਚਿੰਬੜਿਆ ਹੋਇਆ ਹੈ। ਉਹ ਦੱਸਦਾ ਹੈ ਕਿ ਇਹ ਬੱਚੇ ਜੁੜਵਾਂ ਹਨ।

ਸੱਚ-ਮੁੱਚ ਅੱਜ ਅਸੀਂ ਬਹੁਤ ਸਾਰੇ ਜੰਗਲੀ ਜਾਨਵਰ ਦੇਖੇ ਹਨ। ਜ਼ਕਰਾਇਆ ਸਾਨੂੰ ਦੱਸਦਾ ਹੈ ਕਿ ਅਪ੍ਰੈਲ ਅਤੇ ਜੂਨ ਦੇ ਵਿਚਕਾਰਲੇ ਖੁਸ਼ਕ ਮੌਸਮ ਦੌਰਾਨ ਜੰਗਲੀ ਜਾਨਵਰਾਂ ਨੂੰ ਦੇਖਣ ਲਈ ਸਿਰਫ਼ ਪਾਣੀ ਦੀਆਂ ਥਾਵਾਂ ਉੱਤੇ ਉਡੀਕ ਕਰਨ ਦੀ ਲੋੜ ਹੈ ਕਿਉਂਕਿ ਜਾਨਵਰ ਉੱਥੇ ਪਾਣੀ ਪੀਣ ਲਈ ਵੱਡੇ ਝੁੰਡਾਂ ਵਿਚ ਆਉਂਦੇ ਹਨ। ਉਹ ਇਹ ਵੀ ਕਹਿੰਦਾ ਹੈ ਕਿ ਫ਼ੋਰ-ਵ੍ਹੀਲ-ਡਰਾਈਵ ਵਾਲੀ ਗੱਡੀ ਵਿਚ ਪਾਰਕ ਦੀ ਸੈਰ ਕਰਨ ਨਾਲ ਤੁਸੀਂ ਕਈ ਹੋਰ ਜਾਨਵਰ ਵੀ ਦੇਖ ਸਕਦੇ ਹੋ ਜਿਨ੍ਹਾਂ ਵਿਚ ਜੰਗਲੀ ਝੋਟਾ ਤੇ ਸ਼ੇਰ ਸ਼ਾਮਲ ਹਨ।

ਹੁਣ ਦੁਪਹਿਰ ਦੇ ਖਾਣੇ ਦਾ ਵੇਲਾ ਹੋ ਗਿਆ ਹੈ। ਖਾਣਾ ਖਾਂਦੇ ਸਮੇਂ, ਇਕ ਵੱਡਾ ਸਾਰਾ ਲੰਗੂਰ ਸਾਡੀ ਕਾਰ ਕੋਲ ਖੜ੍ਹੇ ਇਕ ਛੋਟੇ ਜਿਹੇ ਟਰੱਕ ਦੇ ਪਿਛਲੇ ਹਿੱਸੇ ਉੱਤੇ ਚੜ੍ਹ ਕੇ ਬੈਠ ਜਾਂਦਾ ਹੈ ਤੇ ਨਿਡਰ ਹੋ ਕੇ ਮੇਰੇ ਖਾਣੇ ਉੱਤੇ ਨਿਗਾਹ ਟਿਕਾ ਕੇ ਦੇਖਦਾ ਹੈ। ਦੂਜੇ ਲੰਗੂਰ ਅਤੇ ਕੁਝ ਹਿਰਨ ਤੇ ਜੰਗਲੀ ਸੂਰ ਵੀ ਕੋਲੋਂ ਲੰਘਦੇ ਹਨ ਤੇ ਅਖ਼ੀਰ ਵਿਚ ਇਕ ਨੇੜਲੀ ਪਹਾੜੀ ਦੀ ਚੋਟੀ ਉੱਤੇ ਚਾਰ ਹਾਥੀ ਦਿਖਾਈ ਦਿੰਦੇ ਹਨ। ਇਹ ਤਾਂ ਸਾਡੇ ਲਈ ਇਨ੍ਹਾਂ ਜਾਨਵਰਾਂ ਦੀ ਆਸਾਨੀ ਨਾਲ ਫੋਟੋ ਖਿੱਚਣ ਦਾ ਬੜਾ ਹੀ ਚੰਗਾ ਮੌਕਾ ਹੈ!

ਬਾਜ਼ਾਰ ਵਿਚ

ਜਲਦੀ ਹੀ ਸਾਡੇ ਲਈ ਮੋਲੇ ਨੈਸ਼ਨਲ ਪਾਰਕ ਨੂੰ ਛੱਡ ਕੇ ਜਾਣ ਦਾ ਸਮਾਂ ਆ ਜਾਂਦਾ ਹੈ, ਪਰ ਹੁਣ ਅਸੀਂ ਸੋਲਾ ਨੂੰ ਜਾਂਦੇ ਕੱਚੇ ਰਾਹ ਰਾਹੀਂ ਦੋ ਘੰਟਿਆਂ ਦਾ ਸਫ਼ਰ ਤੈਅ ਕਰਦੇ ਹਾਂ। ਸੋਲਾ ਇਕ ਪੇਂਡੂ ਕਸਬਾ ਹੈ ਜਿੱਥੇ ਕਿਸਾਨਾਂ ਦਾ ਇਕ ਲੋਬੀ ਨਾਮਕ ਕਬੀਲਾ ਰਹਿੰਦਾ ਹੈ। ਇਸ ਕਬੀਲੇ ਦੀਆਂ ਔਰਤਾਂ ਵਿਚ ਆਪਣੇ ਬੁੱਲ੍ਹਾਂ ਨੂੰ ਗ਼ੈਰ-ਕੁਦਰਤੀ ਢੰਗ ਨਾਲ ਵੱਡੇ ਕਰਨ ਦਾ ਅਜੀਬੋ-ਗਰੀਬ ਰਿਵਾਜ ਹੈ। ਜਵਾਨ ਕੁੜੀਆਂ ਉੱਤੇ ਆਧੁਨਿਕ ਸਭਿਅਤਾ ਦਾ ਅਸਰ ਹੋਣ ਕਰਕੇ ਇਹ ਰਿਵਾਜ ਹੌਲੀ-ਹੌਲੀ ਖ਼ਤਮ ਹੁੰਦਾ ਜਾ ਰਿਹਾ ਹੈ, ਪਰ ਕਈ ਔਰਤਾਂ ਅਜੇ ਵੀ ਆਪਣੇ ਬੁੱਲ੍ਹਾਂ ਦੇ ਆਕਾਰ ਉੱਤੇ ਮਾਣ ਕਰਦੀਆਂ ਹਨ। ਦਰਅਸਲ ਇਕ ਲੋਬੀ ਔਰਤ ਨੂੰ ਇਹ ਕਹਿਣਾ ਕਿ ਉਸ ਦੇ ਬੁੱਲ੍ਹ ਆਦਮੀਆਂ ਵਾਂਗ ਛੋਟੇ ਹਨ, ਬੜੀ ਬੇਇੱਜ਼ਤੀ ਦੀ ਗੱਲ ਸਮਝੀ ਜਾਂਦੀ ਹੈ।

ਅਸੀਂ ਇਕ ਪਿੰਡ ਵਿਚ ਪਹੁੰਚ ਕੇ ਉੱਥੇ ਦੇ ਬਾਜ਼ਾਰ ਵਿਚ ਜਾਂਦੇ ਹਾਂ। ਹੱਟੀਆਂ ਦਰਖ਼ਤਾਂ ਦੀਆਂ ਟਾਹਣੀਆਂ ਦੀਆਂ ਬਣੀਆਂ ਹੋਈਆਂ ਹਨ ਤੇ ਛੱਤਾਂ ਘਾਹ-ਫੂਸ ਦੀਆਂ ਹਨ। ਬਾਜ਼ਾਰ ਵਿਚ ਇਕ ਗੋਰਾ ਆਦਮੀ ਕਾਲੇ ਅਫ਼ਰੀਕੀਆਂ ਵਿਚ ਖੜ੍ਹਾ ਹੈ। ਅਸੀਂ ਉਸ ਕੋਲ ਜਾਂਦੇ ਹਾਂ ਅਤੇ ਪਤਾ ਲੱਗਦਾ ਹੈ ਕਿ ਉਹ ਹਾਲ ਹੀ ਵਿਚ ਇੱਥੇ ਲੋਬੀ ਭਾਸ਼ਾ ਵਿਚ ਬਾਈਬਲ ਦਾ ਤਰਜਮਾ ਕਰਨ ਆਇਆ ਹੈ। ਉਹ ਅਗਲੇ ਪਿੰਡ ਵਿਚ ਲੋਬੀਆਂ ਨਾਲ ਹੀ ਰਹਿੰਦਾ ਹੈ ਤਾਂਕਿ ਉਹ ਉਨ੍ਹਾਂ ਦੀ ਭਾਸ਼ਾ ਨੂੰ ਚੰਗੀ ਤਰ੍ਹਾਂ ਬੋਲਣੀ ਸਿੱਖ ਸਕੇ। ਮੈਨੂੰ ਰੌਬਰਟ ਮੌਫ਼ਟ ਦੀ ਯਾਦ ਆਉਂਦੀ ਹੈ ਜਿਸ ਨੇ 19ਵੀਂ ਸਦੀ ਵਿਚ ਦੱਖਣੀ ਅਫ਼ਰੀਕਾ ਦੇ ਟਸਵਾਨੀ ਭਾਸ਼ਾ ਬੋਲਣ ਵਾਲੇ ਲੋਕਾਂ ਨਾਲ ਰਹਿ ਕੇ ਉਨ੍ਹਾਂ ਦੀ ਭਾਸ਼ਾ ਵਿਚ ਬਾਈਬਲ ਦਾ ਤਰਜਮਾ ਕੀਤਾ ਸੀ।

ਇਕ ਹੱਟੀ ਵਿਚ ਬੈਂਚ ਉੱਤੇ ਵੱਡੇ ਬੁੱਲ੍ਹਾਂ ਵਾਲੀ ਇਕ ਬਜ਼ੁਰਗ ਔਰਤ ਬੈਠੀ ਹੋਈ ਹੈ। ਉਸ ਨੇ ਆਪਣੇ ਦੋਵੇਂ ਬੁੱਲ੍ਹਾਂ ਦੇ ਛੇਕਾਂ ਵਿਚ ਅੰਗੂਠੇ ਦੇ ਨਹੁੰ ਜਿੰਨੀਆਂ ਵੱਡੀਆਂ ਲੱਕੜ ਦੀਆਂ ਚਿੱਟੇ ਰੰਗ ਦੀਆਂ ਪਲੇਟਾਂ ਪਾਈਆਂ ਹੋਈਆਂ ਹਨ। ਮੈਂ ਉਸ ਦੀ ਫੋਟੋ ਖਿੱਚਣੀ ਚਾਹੁੰਦਾ ਹਾਂ, ਪਰ ਜਿਉਂ ਹੀ ਮੈਂ ਆਪਣਾ ਕੈਮਰਾ ਉੱਪਰ ਉਠਾਉਂਦਾ ਹਾਂ, ਉਹ ਦੂਜੇ ਪਾਸੇ ਮੂੰਹ ਘੁੰਮਾ ਲੈਂਦੀ ਹੈ। ਮੇਰਾ ਇਕ ਸਾਥੀ ਦੱਸਦਾ ਹੈ ਕਿ ਬਜ਼ੁਰਗ ਲੋਬੀ ਵਿਸ਼ਵਾਸ ਕਰਦੇ ਹਨ ਕਿ ਫੋਟੋ ਖਿੱਚਣ ਨਾਲ ਉਨ੍ਹਾਂ ਦੀ ਆਤਮਾ ਉੱਤੇ ਬੁਰਾ ਅਸਰ ਪੈ ਸਕਦਾ ਹੈ।

ਸੋਲਾ ਨੂੰ ਵਾਪਸ ਜਾਂਦੇ ਹੋਏ, ਜਿੱਥੇ ਅਸੀਂ ਇਕ ਰਾਤ ਠਹਿਰਾਂਗੇ, ਮੈਂ ਉਸ ਬੁੱਧੀ ਅਤੇ ਵੰਨ-ਸੁਵੰਨਤਾ ਬਾਰੇ ਸੋਚਦਾ ਹਾਂ ਜੋ ਅਸੀਂ ਪਰਮੇਸ਼ੁਰ ਦੀ ਸ੍ਰਿਸ਼ਟੀ ਵਿਚ ਦੇਖੀ ਹੈ। ਉਸ ਨੇ ਬੜੇ ਹੀ ਵਧੀਆ ਤਰੀਕੇ ਨਾਲ ਜਾਨਵਰਾਂ ਅਤੇ ਇਨਸਾਨਾਂ ਨੂੰ ਰਚਿਆ ਹੈ। ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿੱਦਾਂ ਜ਼ਬੂਰਾਂ ਦੇ ਲਿਖਾਰੀ ਨੇ ਕਿਹਾ ਸੀ: “ਹੇ ਯਹੋਵਾਹ, ਤੇਰੇ ਕੰਮ ਕੇਡੇ ਢੇਰ ਸਾਰੇ ਹਨ! ਤੈਂ ਇਨ੍ਹਾਂ ਸਾਰਿਆਂ ਨੂੰ ਬੁੱਧੀ ਨਾਲ ਸਾਜਿਆ ਹੈ, ਧਰਤੀ ਤੇਰੀਆਂ ਰਚਨਾਂ ਨਾਲ ਭਰੀ ਹੋਈ ਹੈ!”​—ਜ਼ਬੂਰ 104:24.

[ਸਫ਼ੇ 14, 15 ਉੱਤੇ ਨਕਸ਼ਾ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਘਾਨਾ

[ਸਫ਼ਾ 14 ਉੱਤੇ ਤਸਵੀਰ]

ਜੰਗਲੀ ਸੂਰ

[ਸਫ਼ਾ 14 ਉੱਤੇ ਤਸਵੀਰ]

ਚਿੱਤੀਦਾਰ ਲਕੜਬੱਗਾ

[ਸਫ਼ਾ 15 ਉੱਤੇ ਤਸਵੀਰ]

ਹਾਥੀ

[ਸਫ਼ਾ 15 ਉੱਤੇ ਤਸਵੀਰ]

ਦਰਿਆਈ ਘੋੜੇ

[ਸਫ਼ਾ 15 ਉੱਤੇ ਤਸਵੀਰ]

ਹਿਰਨਾਂ ਦਾ ਝੁੰਡ

[ਸਫ਼ਾ 16 ਉੱਤੇ ਤਸਵੀਰ]

ਮਾਦਾ ਲੰਗੂਰ ਦੋ ਬੱਚਿਆਂ ਨੂੰ ਲਿਜਾਂਦੀ ਹੋਈ

[ਸਫ਼ਾ 17 ਉੱਤੇ ਤਸਵੀਰ]

ਹਾਰਟੇਬੀਸਟ

[ਸਫ਼ਾ 17 ਉੱਤੇ ਤਸਵੀਰ]

ਬਾਜ਼ਾਰ