ਨਸ਼ੀਲੇ ਪਦਾਰਥਾਂ ਦਾ ਗ਼ਲਤ ਇਸਤੇਮਾਲ—ਇਸ ਦਾ ਹੱਲ ਹੈ!
ਨਸ਼ੀਲੇ ਪਦਾਰਥਾਂ ਦਾ ਗ਼ਲਤ ਇਸਤੇਮਾਲ—ਇਸ ਦਾ ਹੱਲ ਹੈ!
“ਵਾਈਨ ਦੀਆਂ ਬੋਤਲਾਂ ਵਿਚ ਵੱਡੀ ਮਾਤਰਾ ਵਿਚ ਕੋਕੀਨ ਫੜੀ ਗਈ।” ਅਖ਼ਬਾਰ ਵਿਚ ਇਸ ਸੁਰਖੀ ਥੱਲੇ ਛਪੀ ਖ਼ਬਰ ਵਿਚ ਦੱਸਿਆ ਗਿਆ ਕਿ ਦੱਖਣੀ ਅਫ਼ਰੀਕਾ ਦੇ ਜੋਹਾਨਸਬਰਗ ਸ਼ਹਿਰ ਵਿਚ ਪੁਲਸ ਨੇ ਦੱਖਣੀ ਅਮਰੀਕਾ ਤੋਂ ਸਮੁੰਦਰੀ ਜਹਾਜ਼ ਵਿਚ ਆਇਆ ਇਕ ਕਨਟੇਨਰ ਫੜਿਆ ਜਿਸ ਵਿਚ 11,600 ਵਾਈਨ ਦੀਆਂ ਬੋਤਲਾਂ ਸਨ। ਵਾਈਨ ਵਿਚ 150 ਤੋਂ ਲੈ ਕੇ 180 ਕਿਲੋਗ੍ਰਾਮ ਤਕ ਕੋਕੀਨ ਮਿਲਾਈ ਗਈ ਸੀ। ਮੰਨਿਆ ਜਾਂਦਾ ਹੈ ਕਿ ਹੁਣ ਤਕ ਦੱਖਣੀ ਅਫ਼ਰੀਕਾ ਵਿਚ ਪਹਿਲਾਂ ਕਦੀ ਇੰਨੀ ਵੱਡੀ ਮਾਤਰਾ ਵਿਚ ਕੋਕੀਨ ਨਹੀਂ ਫੜੀ ਗਈ।
ਚਾਹੇ ਕਿ ਅਜਿਹੇ ਨਸ਼ੀਲੇ ਪਦਾਰਥਾਂ ਦਾ ਫੜਿਆ ਜਾਣਾ ਖ਼ੁਸ਼ੀ ਦੀ ਗੱਲ ਹੈ, ਪਰ ਸੱਚਾਈ ਇਹ ਹੈ ਕਿ ਪੁਲਸ ਦੁਨੀਆਂ ਭਰ ਵਿਚ ਗ਼ੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦਾ ਸਿਰਫ਼ 10 ਤੋਂ 15 ਪ੍ਰਤਿਸ਼ਤ ਹਿੱਸਾ ਹੀ ਫੜ ਪਾਉਂਦੀ ਹੈ। ਇਸ ਦੀ ਤੁਲਨਾ ਇਕ ਮਾਲੀ ਦੇ ਕੰਮ ਨਾਲ ਕੀਤੀ ਜਾ ਸਕਦੀ ਹੈ ਜਿਹੜਾ ਇਕ ਜ਼ਹਿਰੀਲੀ ਬੂਟੀ ਦੇ ਸਿਰਫ਼ ਕੁਝ ਪੱਤੇ ਹੀ ਵੱਢਦਾ ਹੈ, ਪਰ ਉਸ ਦੀਆਂ ਜੜ੍ਹਾਂ ਨੂੰ ਜ਼ਮੀਨ ਵਿਚ ਹੀ ਰਹਿਣ ਦਿੰਦਾ ਹੈ।
ਨਸ਼ੀਲੇ ਪਦਾਰਥਾਂ ਤੋਂ ਹੋਣ ਵਾਲਾ ਬੇਹਿਸਾਬ ਮੁਨਾਫ਼ਾ ਸਰਕਾਰ ਵੱਲੋਂ ਇਨ੍ਹਾਂ ਦੇ ਉਤਪਾਦਨ ਅਤੇ ਵਿੱਕਰੀ ਨੂੰ ਰੋਕਣ ਦੇ ਜਤਨਾਂ ਵਿਚ ਅੜਿੱਕਾ ਬਣਦਾ ਹੈ। ਅੰਦਾਜ਼ਾ ਲਗਾਇਆ ਗਿਆ ਹੈ ਕਿ ਇਕੱਲੇ ਅਮਰੀਕਾ ਵਿਚ ਹੀ ਹਰ ਸਾਲ ਅਰਬਾਂ ਰੁਪਏ ਦੇ ਗ਼ੈਰ-ਕਾਨੂੰਨੀ ਨਸ਼ੀਲੇ ਪਦਾਰਥ ਵੇਚੇ ਜਾਂਦੇ ਹਨ। ਕਿਉਂਕਿ ਇਸ ਵਪਾਰ ਤੋਂ ਇੰਨਾ ਮੁਨਾਫ਼ਾ ਹੁੰਦਾ ਹੈ, ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਬਹੁਤ ਸਾਰੇ ਪੁਲਸ ਤੇ ਸਰਕਾਰੀ ਅਧਿਕਾਰੀਆਂ, ਇੱਥੋਂ ਤਕ ਕਿ ਕੁਝ ਉੱਚ ਅਧਿਕਾਰੀਆਂ ਦੇ ਹੱਥ ਵੀ ਭ੍ਰਿਸ਼ਟਾਚਾਰ ਨਾਲ ਰੰਗੇ ਹੋਏ ਹਨ।
ਦ ਗਾਰਡੀਅਨ ਵੀਕਲੀ ਅਖ਼ਬਾਰ ਦੇ ਐਲਿਕਸ ਬੈਲੋਸ ਨੇ ਬ੍ਰਾਜ਼ੀਲ ਤੋਂ ਰਿਪੋਰਟ ਦਿੱਤੀ ਕਿ ਪਾਰਲੀਮੈਂਟਰੀ ਛਾਣ-ਬੀਣ ਅਨੁਸਾਰ “ਬ੍ਰਾਜ਼ੀਲ ਵਿਚ ਅਪਰਾਧ ਅਤੇ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਵਿਚ ਸ਼ਾਮਲ 800 ਤੋਂ ਜ਼ਿਆਦਾ ਲੋਕਾਂ ਦੀ ਸੂਚੀ ਵਿਚ . . . ਕਾਂਗਰਸ ਦੇ ਤਿੰਨ ਮੈਂਬਰਾਂ, 12 ਸੂਬਾਈ ਸੰਸਦ ਮੈਂਬਰਾਂ ਅਤੇ ਤਿੰਨ ਮੇਅਰਾਂ ਦੇ ਨਾਂ ਵੀ ਹਨ।” ਇਸ ਸੂਚੀ ਵਿਚ “27 ਸੂਬਿਆਂ ਵਿੱਚੋਂ 17 ਸੂਬਿਆਂ ਦੇ ਪੁਲਸ ਕਰਮਚਾਰੀ, ਵਕੀਲ, ਵਪਾਰੀ ਅਤੇ ਕਿਸਾਨ” ਵੀ ਸ਼ਾਮਲ ਹਨ। ਇਸ ਬਾਰੇ ਬ੍ਰਾਜ਼ੀਲੀਆ ਯੂਨੀਵਰਸਿਟੀ ਦੇ ਰਾਜਨੀਤੀ ਵਿਸ਼ੇ ਦੇ ਇਕ ਪ੍ਰੋਫ਼ੈਸਰ ਨੇ ਕਿਹਾ: “ਇਸ ਛਾਣ-ਬੀਣ ਤੋਂ ਬਾਅਦ ਬ੍ਰਾਜ਼ੀਲੀ ਸਮਾਜ ਦੇ ਸਾਰੇ ਤਬਕਿਆਂ ਦੇ ਲੋਕ ਦੋਸ਼ੀ ਪਾਏ ਗਏ ਹਨ।” ਇਹੀ ਗੱਲ ਉਨ੍ਹਾਂ ਬਹੁਤ ਸਾਰੇ ਸਮਾਜਾਂ ਬਾਰੇ ਵੀ ਕਹੀ ਜਾ ਸਕਦੀ ਹੈ ਜਿਨ੍ਹਾਂ ਵਿਚ ਬਹੁਤ ਸਾਰੇ ਲੋਕ ਨਸ਼ਿਆਂ ਦੀ ਗਰਿਫਤ ਵਿਚ ਹਨ। ਬਾਜ਼ਾਰ ਵਿਚ ਮੰਗ ਅਤੇ ਪੂਰਤੀ ਦੇ ਨਿਯਮ ਹੀ ਅਸਲ ਵਿਚ ਇਸ ਸਮੱਸਿਆ ਨੂੰ ਵਧਾ ਰਹੇ ਹਨ।
ਕਾਨੂੰਨੀ ਪਾਬੰਦੀਆਂ ਦੀ ਸੀਮਿਤ ਕਾਮਯਾਬੀ ਨੂੰ ਦੇਖਦੇ ਹੋਏ ਕੁਝ ਲੋਕ ਕਹਿੰਦੇ ਹਨ ਕਿ ਕੁਝ ਨਸ਼ੀਲੇ ਪਦਾਰਥਾਂ ਨੂੰ ਕਾਨੂੰਨੀ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦੀ ਰਾਇ ਹੈ ਕਿ ਲੋਕਾਂ ਨੂੰ ਨਿੱਜੀ ਵਰਤੋਂ ਲਈ ਥੋੜ੍ਹੀ ਮਾਤਰਾ ਵਿਚ ਨਸ਼ੀਲੇ ਪਦਾਰਥ ਰੱਖਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਉਹ ਸੋਚਦੇ ਹਨ ਕਿ ਇਸ ਤਰ੍ਹਾਂ ਕਰਨ ਨਾਲ ਸਰਕਾਰ ਲਈ ਨਸ਼ੀਲੇ ਪਦਾਰਥਾਂ ਉੱਤੇ ਕੰਟ੍ਰੋਲ ਰੱਖਣਾ ਜ਼ਿਆਦਾ ਆਸਾਨ ਹੋ ਜਾਵੇਗਾ ਅਤੇ ਇਹ ਨਸ਼ੀਲੇ ਪਦਾਰਥਾਂ ਦੇ ਧਨਾਢ ਵਪਾਰੀਆਂ ਦੇ ਬੇਹਿਸਾਬ ਮੁਨਾਫ਼ੇ ਨੂੰ ਵੀ ਘਟਾ ਦੇਵੇਗਾ।
ਕੁਝ ਕਾਮਯਾਬ ਹੁੰਦੇ ਹਨ
ਨਸ਼ਾ-ਮੁਕਤੀ ਕੇਂਦਰਾਂ ਵਿਚ ਪਹਿਲਾਂ ਤਾਂ ਅਮਲੀਆਂ ਨੂੰ ਨਸ਼ਾ ਕਰਨ ਤੋਂ ਹਟਾਇਆ ਜਾਂਦਾ ਹੈ ਅਤੇ ਫਿਰ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਦੁੱਖ ਦੀ ਗੱਲ ਹੈ ਕਿ ਜਦੋਂ ਨਸ਼ਈ ਆਪਣੇ ਪੁਰਾਣੇ ਮਾਹੌਲ ਵਿਚ ਵਾਪਸ ਚਲਾ ਜਾਂਦਾ ਹੈ, ਤਾਂ ਉਸ ਦੇ ਦੁਬਾਰਾ ਨਸ਼ੇ ਕਰਨ ਦੀ ਕਾਫ਼ੀ ਸੰਭਾਵਨਾ ਰਹਿੰਦੀ ਹੈ। ਲੇਖਕ ਲੁਈਜੀ ਜ਼ੋਜਾ ਇਸ ਦਾ ਕਾਰਨ ਦੱਸਦਾ ਹੈ: “ਮਰੀਜ਼ ਨੂੰ ਨਵਾਂ ਰਾਹ ਦਿਖਾਏ ਬਿਨਾਂ ਉਸ ਦੀ ਇਸ ਲਤ ਨੂੰ ਖ਼ਤਮ ਕਰਨਾ ਨਾਮੁਮਕਿਨ ਹੈ।”
ਡੇਰਨ, ਜਿਸ ਦਾ ਪਿਛਲੇ ਲੇਖ ਵਿਚ ਜ਼ਿਕਰ ਕੀਤਾ ਗਿਆ ਸੀ, ਨੂੰ “ਨਵਾਂ ਰਾਹ” ਲੱਭਿਆ ਜਿਸ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ। ਉਹ ਦੱਸਦਾ ਹੈ: “ਮੈਂ ਪੱਕਾ ਨਾਸਤਿਕ ਸੀ ਤੇ ਮੈਂ ਸਵੇਰ ਤੋਂ ਰਾਤ ਤਕ ਨਸ਼ੇ ਵਿਚ ਹੀ ਰਹਿੰਦਾ ਸੀ, ਪਰ ਫਿਰ ਵੀ ਮੈਨੂੰ ਅਹਿਸਾਸ ਹੋਇਆ ਕਿ ਕੋਈ ਪਰਮੇਸ਼ੁਰ ਤਾਂ ਜ਼ਰੂਰ ਹੋਣਾ। ਦੋ-ਤਿੰਨ ਮਹੀਨਿਆਂ ਤਕ ਮੈਂ ਨਸ਼ਿਆਂ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਮੇਰੇ ਦੋਸਤ ਮੈਨੂੰ ਛੱਡਣ ਨਹੀਂ ਦੇ ਰਹੇ ਸਨ। ਭਾਵੇਂ ਕਿ ਮੈਂ ਨਸ਼ੇ ਕਰਦਾ ਰਿਹਾ, ਪਰ ਮੈਂ ਸੌਣ ਤੋਂ ਪਹਿਲਾਂ ਹਰ ਰੋਜ਼ ਬਾਕਾਇਦਾ ਬਾਈਬਲ ਪੜ੍ਹਨੀ ਸ਼ੁਰੂ ਕਰ ਦਿੱਤੀ। ਮੈਂ ਆਪਣੇ ਦੋਸਤਾਂ ਨੂੰ ਮਿਲਣਾ-ਗਿਲਣਾ ਘੱਟ ਕਰ ਦਿੱਤਾ। ਇਕ ਸ਼ਾਮ ਮੈਂ ਤੇ ਮੇਰੇ ਨਾਲ ਰਹਿਣ ਵਾਲੇ ਮੁੰਡੇ ਨੇ ਬਹੁਤ ਨਸ਼ਾ ਕੀਤਾ ਹੋਇਆ ਸੀ। ਮੈਂ ਉਸ ਕੋਲ ਬਾਈਬਲ ਦਾ ਜ਼ਿਕਰ ਕੀਤਾ। ਅਗਲੀ ਸਵੇਰ ਉਸ ਨੇ ਆਪਣੇ ਭਰਾ ਨੂੰ ਫ਼ੋਨ ਕੀਤਾ ਜੋ ਇਕ ਯਹੋਵਾਹ ਦਾ ਗਵਾਹ ਸੀ। ਉਸ ਦੇ ਭਰਾ ਨੇ ਸਾਨੂੰ ਇਕ ਗਵਾਹ ਦਾ ਪਤਾ ਦਿੱਤਾ ਜਿਹੜਾ ਸਾਡੇ ਸ਼ਹਿਰ ਵਿਚ ਹੀ ਰਹਿੰਦਾ ਸੀ ਤੇ ਮੈਂ ਉਸ ਨੂੰ ਮਿਲਣ ਗਿਆ।
“ਅਸੀਂ ਰਾਤ ਦੇ 11 ਵਜੇ ਤਕ ਗੱਲਾਂ ਕਰਦੇ ਰਹੇ ਤੇ ਉਸ ਨੇ ਮੈਨੂੰ ਤਕਰੀਬਨ ਇਕ ਦਰਜਨ ਬਾਈਬਲ-ਆਧਾਰਿਤ ਕਿਤਾਬਾਂ ਦਿੱਤੀਆਂ। ਮੈਂ ਉਸ ਨਾਲ ਬਾਈਬਲ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਨਸ਼ੇ ਕਰਨੇ ਤੇ ਸਿਗਰਟ ਪੀਣੀ ਛੱਡ ਦਿੱਤੀ। ਤਕਰੀਬਨ ਨੌਂ ਮਹੀਨਿਆਂ ਬਾਅਦ ਮੈਂ ਬਪਤਿਸਮਾ ਲੈ ਕੇ ਯਹੋਵਾਹ ਦਾ ਗਵਾਹ ਬਣ ਗਿਆ।”
ਨਸ਼ੇ ਛੱਡਣੇ ਕੋਈ ਆਸਾਨ ਗੱਲ ਨਹੀਂ ਹੈ। ਮਾਈਕਲ, ਜਿਸ ਦਾ ਪਿਛਲੇ ਲੇਖ ਵਿਚ ਜ਼ਿਕਰ ਕੀਤਾ ਗਿਆ ਸੀ, ਦੱਸਦਾ ਹੈ ਕਿ 11 ਸਾਲ ਤਕ ਨਸ਼ੇ ਕਰਨ ਤੋਂ
ਬਾਅਦ ਇਸ ਲਤ ਨੂੰ ਛੱਡਣ ਕਰਕੇ ਉਸ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ: “ਮੈਨੂੰ ਭੁੱਖ ਹੀ ਨਹੀਂ ਲੱਗਦੀ ਸੀ ਜਿਸ ਕਰਕੇ ਮੇਰਾ ਭਾਰ ਘੱਟ ਗਿਆ। ਮੈਨੂੰ ਸਰੀਰ ਵਿਚ ਸੂਈਆਂ ਚੁੱਭਦੀਆਂ ਹੋਈਆਂ ਮਹਿਸੂਸ ਹੁੰਦੀਆਂ ਸਨ, ਪਸੀਨਾ ਆਉਂਦਾ ਸੀ ਤੇ ਲੋਕ ਚਮ-ਚਮ ਕਰਦੇ ਹੋਏ ਨਜ਼ਰ ਆਉਂਦੇ ਸਨ। ਮੈਨੂੰ ਨਸ਼ੇ ਕਰਨ ਦੀ ਬਹੁਤ ਤਲਬ ਰਹਿੰਦੀ ਸੀ, ਪਰ ਯਹੋਵਾਹ ਨੂੰ ਪ੍ਰਾਰਥਨਾ ਕਰਨ ਅਤੇ ਬਾਈਬਲ ਦਾ ਅਧਿਐਨ ਕਰਨ ਨਾਲ ਮੈਨੂੰ ਨਸ਼ਿਆਂ ਤੋਂ ਛੁਟਕਾਰਾ ਪਾਉਣ ਵਿਚ ਮਦਦ ਮਿਲੀ।” ਇਹ ਦੋਵੇਂ ਵਿਅਕਤੀ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਨ ਕਿ ਉਨ੍ਹਾਂ ਲਈ ਆਪਣੇ ਪੁਰਾਣੇ ਸਾਥੀਆਂ ਨਾਲ ਪੂਰੀ ਤਰ੍ਹਾਂ ਮਿਲਣਾ-ਗਿਲਣਾ ਬੰਦ ਕਰਨਾ ਬਹੁਤ ਜ਼ਰੂਰੀ ਸੀ।ਇਨਸਾਨ ਦੇ ਜਤਨ ਅਸਫ਼ਲ ਕਿਉਂ ਹੁੰਦੇ ਹਨ
ਨਸ਼ੀਲੇ ਪਦਾਰਥਾਂ ਦੀ ਗ਼ਲਤ ਵਰਤੋਂ ਦੁਨੀਆਂ ਦੀ ਇਕ ਹੋਰ ਵੱਡੀ ਸਮੱਸਿਆ ਦਾ ਸਿਰਫ਼ ਇਕ ਪਹਿਲੂ ਹੈ। ਪੂਰੀ ਦੁਨੀਆਂ ਇਕ ਵਿਸ਼ਾਲ ਤਾਕਤ ਦੀ ਪਕੜ ਵਿਚ ਹੈ ਜੋ ਲੋਕਾਂ ਨੂੰ ਬੁਰਾਈ, ਹਿੰਸਾ ਅਤੇ ਜ਼ੁਲਮ ਵੱਲ ਧੱਕਦੀ ਹੈ। ਬਾਈਬਲ ਕਹਿੰਦੀ ਹੈ: “ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” (1 ਯੂਹੰਨਾ 5:19) ਪਰਕਾਸ਼ ਦੀ ਪੋਥੀ 12:9 ਵਿਚ ਯੂਹੰਨਾ ਰਸੂਲ ਦੱਸਦਾ ਹੈ ਕਿ ਇਹ “ਦੁਸ਼ਟ” ਕੌਣ ਹੈ: “ਅਤੇ ਉਹ ਵੱਡਾ ਅਜਗਰ ਹੇਠਾਂ ਸੁੱਟਿਆ ਗਿਆ, ਉਹ ਪੁਰਾਣਾ ਸੱਪ ਜਿਹੜਾ ਇਬਲੀਸ ਅਤੇ ਸ਼ਤਾਨ ਕਰਕੇ ਸਦਾਉਂਦਾ ਹੈ ਜੋ ਸਾਰੇ ਜਗਤ ਨੂੰ ਭਰਮਾਉਂਦਾ ਹੈ ਧਰਤੀ ਉੱਤੇ ਸੁੱਟਿਆ ਗਿਆ ਅਤੇ ਉਹ ਦੇ ਦੂਤ ਉਹ ਦੇ ਨਾਲ ਸੁੱਟੇ ਗਏ।”
ਆਪਣੀਆਂ ਖ਼ੁਦ ਦੀਆਂ ਕਮਜ਼ੋਰੀਆਂ ਦੇ ਨਾਲ-ਨਾਲ, ਇਨਸਾਨ ਨੂੰ ਇਸ ਸ਼ਕਤੀਸ਼ਾਲੀ ਦੁਸ਼ਮਣ ਨਾਲ ਵੀ ਲੜਨਾ ਪੈਂਦਾ ਹੈ। ਸ਼ਤਾਨ ਨੇ ਹੀ ਸ਼ੁਰੂ ਵਿਚ ਇਨਸਾਨ ਨੂੰ ਬਰਬਾਦੀ ਦੇ ਰਾਹ ਤੇ ਲਿਆ ਖੜ੍ਹਾ ਕੀਤਾ ਸੀ। ਉਹ ਮਨੁੱਖਜਾਤੀ ਨੂੰ ਪੂਰੀ ਤਰ੍ਹਾਂ ਭ੍ਰਿਸ਼ਟ ਕਰਨ ਅਤੇ ਪਰਮੇਸ਼ੁਰ ਤੋਂ ਦੂਰ ਲੈ ਜਾਣ ਤੇ ਤੁਲਿਆ ਹੋਇਆ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਉਹ ਇਨਸਾਨਾਂ ਨੂੰ ਨਸ਼ਿਆਂ ਦਾ ਆਦੀ ਬਣਾ ਕੇ ਆਪਣਾ ਮਕਸਦ ਪੂਰਾ ਕਰ ਰਿਹਾ ਹੈ। ਉਹ ਬਹੁਤ ਗੁੱਸੇ ਵਿਚ ਕੰਮ ਕਰ ਰਿਹਾ ਹੈ ਕਿਉਂਕਿ ਉਹ ਜਾਣਦਾ ਹੈ ਕਿ ‘ਉਸ ਦਾ ਸਮਾ ਥੋੜਾ ਹੀ ਰਹਿੰਦਾ ਹੈ।’—ਪਰਕਾਸ਼ ਦੀ ਪੋਥੀ 12:12.
ਪਰਮੇਸ਼ੁਰ ਇਸ ਸਮੱਸਿਆ ਨੂੰ ਕਿਵੇਂ ਹੱਲ ਕਰੇਗਾ?
ਬਾਈਬਲ ਦੱਸਦੀ ਹੈ ਕਿ ਸਾਡੇ ਸਿਰਜਣਹਾਰ ਨੇ ਬੜੇ ਪਿਆਰ ਨਾਲ ਮਨੁੱਖਜਾਤੀ ਨੂੰ ਪਾਪੀ ਹਾਲਤ ਤੋਂ ਛੁਟਕਾਰਾ ਦੇਣ ਦਾ ਪ੍ਰਬੰਧ ਕੀਤਾ ਹੈ। ਪਹਿਲਾ ਕੁਰਿੰਥੀਆਂ 15:22 ਵਿਚ ਸਾਨੂੰ ਦੱਸਿਆ ਗਿਆ ਹੈ: “ਜਿਸ ਤਰਾਂ ਆਦਮ ਵਿੱਚ ਸੱਭੇ ਮਰਦੇ ਹਨ ਉਸੇ ਤਰਾਂ ਮਸੀਹ ਵਿੱਚ ਸੱਭੇ ਜੁਆਏ ਜਾਣਗੇ।” ਯਿਸੂ ਆਪਣੀ ਇੱਛਾ ਨਾਲ ਧਰਤੀ ਉੱਤੇ ਇਕ ਮੁਕੰਮਲ ਇਨਸਾਨ ਵਜੋਂ ਆਇਆ ਅਤੇ ਉਸ ਨੇ ਪਾਪ ਅਤੇ ਮੌਤ ਤੋਂ ਮਨੁੱਖਜਾਤੀ ਨੂੰ ਛੁਟਕਾਰਾ ਦਿਵਾਉਣ ਲਈ ਆਪਣੀ ਜ਼ਮੀਨੀ ਜ਼ਿੰਦਗੀ ਦੀ ਕੁਰਬਾਨੀ ਦਿੱਤੀ।
ਬਹੁਤ ਸਾਰੇ ਲੋਕਾਂ ਨੇ ਮੌਤ ਦੇ ਕਾਰਨ ਬਾਰੇ ਅਤੇ ਇਨਸਾਨ ਦੀਆਂ ਸਮੱਸਿਆਵਾਂ ਦੇ ਹੱਲ ਬਾਰੇ ਸਿੱਖਿਆ ਹੈ ਜਿਸ ਤੋਂ ਉਨ੍ਹਾਂ ਨੂੰ ਨਸ਼ਿਆਂ ਨੂੰ ਤਿਆਗਣ ਲਈ ਪ੍ਰੇਰਣਾ ਅਤੇ ਹੌਸਲਾ ਮਿਲਿਆ ਹੈ। ਪਰ ਬਾਈਬਲ ਸਿਰਫ਼ ਲੋਕਾਂ ਦੀ ਨਸ਼ਿਆਂ ਨੂੰ ਛੱਡਣ ਵਿਚ ਹੀ ਮਦਦ ਨਹੀਂ ਕਰਦੀ। ਸਗੋਂ ਇਹ ਉਸ ਸਮੇਂ ਬਾਰੇ ਵੀ ਦੱਸਦੀ ਹੈ ਜਦੋਂ ਸ਼ਤਾਨ ਦੇ ਪ੍ਰਭਾਵ ਨੂੰ ਖ਼ਤਮ ਕਰਨ ਤੋਂ ਬਾਅਦ ਸੰਸਾਰ ਦੀਆਂ ਸਾਰੀਆਂ ਸਮੱਸਿਆਵਾਂ ਜਿਨ੍ਹਾਂ ਵਿਚ ਨਸ਼ੀਲੇ ਪਦਾਰਥਾਂ ਦਾ ਗ਼ਲਤ ਇਸਤੇਮਾਲ ਵੀ ਸ਼ਾਮਲ ਹੈ, ਹਮੇਸ਼ਾ-ਹਮੇਸ਼ਾ ਲਈ ਖ਼ਤਮ ਕਰ ਦਿੱਤੀਆਂ ਜਾਣਗੀਆਂ।
ਪਰਕਾਸ਼ ਦੀ ਪੋਥੀ “ਅੰਮ੍ਰਿਤ ਜਲ ਦੀ ਇੱਕ ਨਦੀ” ਬਾਰੇ ਦੱਸਦੀ ਹੈ ਜਿਹੜੀ “ਬਲੌਰ ਵਾਂਙੁ ਉੱਜਲ ਪਰਮੇਸ਼ੁਰ ਅਤੇ ਲੇਲੇ ਦੇ ਸਿੰਘਾਸਣ ਵਿੱਚੋਂ ਨਿੱਕਲਦੀ” ਹੈ। (ਪਰਕਾਸ਼ ਦੀ ਪੋਥੀ 22:1) ਇਹ ਲਾਖਣਿਕ ਨਦੀ ਫਿਰਦੌਸ-ਰੂਪੀ ਧਰਤੀ ਉੱਤੇ ਇਨਸਾਨ ਨੂੰ ਦੁਬਾਰਾ ਮੁਕੰਮਲ ਬਣਾਉਣ ਦੇ ਪਰਮੇਸ਼ੁਰ ਦੇ ਪ੍ਰਬੰਧ ਨੂੰ ਦਰਸਾਉਂਦੀ ਹੈ ਜੋ ਉਸ ਨੇ ਯਿਸੂ ਮਸੀਹ ਰਾਹੀਂ ਕੀਤਾ ਹੈ। ਪਰਕਾਸ਼ ਦੀ ਪੋਥੀ ਜੀਵਨ ਦੇ ਦਰਖ਼ਤਾਂ ਦਾ ਜ਼ਿਕਰ ਕਰਦੀ ਹੈ ਜੋ ਨਦੀ ਦੇ ਕਿਨਾਰਿਆਂ ਉੱਤੇ ਲੱਗੇ ਹੋਏ ਹਨ ਅਤੇ ਦੱਸਦੀ ਹੈ: “ਓਸ ਬਿਰਛ ਦੇ ਪੱਤੇ ਕੌਮਾਂ ਦੇ ਇਲਾਜ ਦੇ ਲਈ ਹਨ।” (ਪਰਕਾਸ਼ ਦੀ ਪੋਥੀ 22:2) ਇਹ ਲਾਖਣਿਕ ਪੱਤੇ ਇਨਸਾਨ ਨੂੰ ਠੀਕ ਕਰ ਕੇ ਅਧਿਆਤਮਿਕ ਅਤੇ ਸਰੀਰਕ ਤੌਰ ਤੇ ਮੁਕੰਮਲ ਬਣਾਉਣ ਲਈ ਯਹੋਵਾਹ ਦੁਆਰਾ ਕੀਤੇ ਪ੍ਰਬੰਧਾਂ ਨੂੰ ਦਰਸਾਉਂਦੇ ਹਨ।
ਅਖ਼ੀਰ ਵਿਚ ਇਨਸਾਨ ਨਾ ਸਿਰਫ਼ ਨਸ਼ਿਆਂ ਤੋਂ ਆਜ਼ਾਦ ਹੋ ਜਾਵੇਗਾ, ਸਗੋਂ ਦੂਸਰੀਆਂ ਸਾਰੀਆਂ ਬੁਰਾਈਆਂ ਤੇ ਸਮੱਸਿਆਵਾਂ ਤੋਂ ਵੀ ਆਜ਼ਾਦ ਹੋ ਜਾਵੇਗਾ ਜਿਨ੍ਹਾਂ ਕਰਕੇ ਉਹ ਇਸ ਭ੍ਰਿਸ਼ਟ ਦੁਨੀਆਂ ਵਿਚ ਕਸ਼ਟ ਭੁਗਤ ਰਿਹਾ ਹੈ!
[ਸਫ਼ਾ 9 ਉੱਤੇ ਡੱਬੀ/ਤਸਵੀਰ]
ਭੰਗ ਕਿੰਨੀ ਕੁ ਨੁਕਸਾਨ-ਰਹਿਤ ਹੈ?
ਬਹੁਤ ਸਾਰੇ ਦੇਸ਼ ਭੰਗ ਨੂੰ ਕਾਨੂੰਨੀ ਮਾਨਤਾ ਦੇਣ ਬਾਰੇ ਸੋਚ ਰਹੇ ਹਨ, ਖ਼ਾਸ ਕਰਕੇ ਇਲਾਜ ਵਿਚ ਇਸਤੇਮਾਲ ਕਰਨ ਲਈ। ਇਹ ਪਤਾ ਲੱਗਾ ਹੈ ਕਿ ਇਹ ਨਸ਼ੀਲਾ ਪਦਾਰਥ ਕੀਮੋਥੇਰੇਪੀ ਨਾਲ ਹੁੰਦੀ ਕਚਿਆਣ ਨੂੰ ਘੱਟ ਕਰਦਾ ਹੈ ਅਤੇ ਏਡਜ਼ ਦੇ ਮਰੀਜ਼ਾਂ ਵਿਚ ਭੁੱਖ ਪੈਦਾ ਕਰਦਾ ਹੈ। ਇਹ ਦਰਦ ਦੂਰ ਕਰਨ ਲਈ ਵੀ ਵਰਤੀ ਜਾਂਦੀ ਹੈ।
ਭਾਵੇਂ ਕਿ ਖੋਜਾਂ ਦੇ ਨਤੀਜਿਆਂ ਬਾਰੇ ਅਸਹਿਮਤੀ ਪਾਈ ਜਾਂਦੀ ਹੈ, ਪਰ ਨਿਊ ਸਾਇੰਟਿਸਟ ਰਸਾਲੇ ਵਿਚ ਰਿਪੋਰਟ ਕੀਤੇ ਗਏ ਟੈੱਸਟਾਂ ਨੇ ਭੰਗ ਦੇ ਕੁਝ ਹਾਨੀਕਾਰਕ ਪ੍ਰਭਾਵਾਂ ਨੂੰ ਸਿੱਧ ਕਰ ਦਿੱਤਾ ਹੈ।
ਹਾਰਵਡ ਯੂਨੀਵਰਸਿਟੀ ਨੇ ਰੋਜ਼ ਸੁੱਕੀ ਭੰਗ ਦੀਆਂ ਸਿਗਰਟਾਂ ਪੀਣ ਵਾਲਿਆਂ ਨੂੰ ਅਤੇ ਘੱਟ ਪੀਣ ਵਾਲਿਆਂ ਨੂੰ ਪਰਖਿਆ। ਆਮ ਦਿਮਾਗ਼ੀ ਟੈੱਸਟਾਂ ਵਿਚ ਪਤਾ ਚੱਲਿਆ ਕਿ ਦੋਵੇਂ ਵਰਗ ਦੀ ਦਿਮਾਗ਼ੀ ਯੋਗਤਾ ਵਿਚ ਜ਼ਿਆਦਾ ਅੰਤਰ ਨਹੀਂ ਸੀ। ਪਰ ਨਵੇਂ ਹਾਲਾਤਾਂ ਨਾਲ ਕਾਮਯਾਬੀ ਨਾਲ ਸਿੱਝਣ ਦੀ ਯੋਗਤਾ ਦੇ ਇਕ ਟੈੱਸਟ ਵਿਚ ਰੋਜ਼ਾਨਾ ਸੁੱਕੀ ਭੰਗ ਪੀਣ ਵਾਲਿਆਂ ਦੀ ਯੋਗਤਾ ਘੱਟ ਪੀਣ ਵਾਲਿਆਂ ਨਾਲੋਂ ਬਹੁਤ ਘੱਟ ਪਾਈ ਗਈ।
ਇਕ ਹੋਰ ਯੂਨੀਵਰਸਿਟੀ ਨੇ ਬਾਕਾਇਦਾ ਸੁੱਕੀ ਭੰਗ ਪੀਣ ਵਾਲਿਆਂ ਅਤੇ ਸਾਧਾਰਣ ਸਿਗਰਟ ਪੀਣ ਵਾਲਿਆਂ ਨੂੰ 15 ਸਾਲ ਤਕ ਪਰਖਿਆ। ਭੰਗ ਪੀਣ ਵਾਲਿਆਂ ਨੇ ਦਿਨ ਵਿਚ ਤਿੰਨ ਜਾਂ ਚਾਰ ਸੁੱਕੀ ਭੰਗ ਦੀਆਂ ਸਿਗਰਟਾਂ ਪੀਤੀਆਂ, ਜਦ ਕਿ ਆਮ ਸਿਗਰਟ ਪੀਣ ਵਾਲਿਆਂ ਨੇ ਦਿਨ ਵਿਚ 20 ਜਾਂ ਇਸ ਤੋਂ ਜ਼ਿਆਦਾ ਸਿਗਰਟਾਂ ਪੀਤੀਆਂ। ਦੋਵਾਂ ਗਰੁੱਪਾਂ ਵਿਚ ਸਮਾਨ ਗਿਣਤੀ ਨੂੰ ਖੰਘ ਤੇ ਬ੍ਰੌਨਕਾਈਟਸ ਹੋਇਆ। ਫੇਫੜਿਆਂ ਦੀ ਜਾਂਚ ਕਰਨ ਤੇ ਪਤਾ ਚੱਲਿਆ ਕਿ ਦੋਵੇਂ ਗਰੁੱਪਾਂ ਦੇ ਲੋਕਾਂ ਦੇ ਕੋਸ਼ਾਣੂਆਂ ਨੂੰ ਇੱਕੋ ਜਿਹਾ ਨੁਕਸਾਨ ਹੋਇਆ ਸੀ।
ਭਾਵੇਂ ਕਿ ਭੰਗ ਪੀਣ ਵਾਲੇ ਲੋਕਾਂ ਨੇ ਸਾਧਾਰਣ ਸਿਗਰਟ ਪੀਣ ਵਾਲਿਆਂ ਨਾਲੋਂ ਘੱਟ ਗਿਣਤੀ ਵਿਚ ਸੁੱਕੀ ਭੰਗ ਦੀਆਂ ਸਿਗਰਟਾਂ ਪੀਤੀਆਂ, ਪਰ ਇਹ ਪਤਾ ਲੱਗਿਆ ਹੈ ਕਿ ਸਾਧਾਰਣ ਸਿਗਰਟ ਨਾਲੋਂ ਸੁੱਕੀ ਭੰਗ ਦੀ ਇਕ ਸਿਗਰਟ ਵਿਚ ਤਿੰਨ ਗੁਣਾ ਜ਼ਿਆਦਾ ਟਾਰ ਹੁੰਦੀ ਹੈ। ਇਸ ਤੋਂ ਇਲਾਵਾ, ਨਿਊ ਸਾਇੰਟਿਸਟ ਨੇ ਰਿਪੋਰਟ ਕੀਤਾ: “ਭੰਗ ਪੀਣ ਵਾਲੇ ਜ਼ਿਆਦਾ ਲੰਬਾ ਸੂਟਾ ਲਾਉਂਦੇ ਹਨ ਤੇ ਜ਼ਿਆਦਾ ਦੇਰ ਤਕ ਆਪਣਾ ਸਾਹ ਰੋਕੀ ਰੱਖਦੇ ਹਨ।”
ਇਸ ਦੇ ਨਾਲ-ਨਾਲ, ਸਾਧਾਰਣ ਸਿਗਰਟ ਪੀਣ ਵਾਲਿਆਂ ਦੀ ਤੁਲਨਾ ਵਿਚ ਭੰਗ ਦੀਆਂ ਸਿਗਰਟਾਂ ਪੀਣ ਵਾਲਿਆਂ ਦੇ ਫੇਫੜਿਆਂ ਵਿਚ ਬੀਮਾਰੀਆਂ ਨਾਲ ਲੜਨ ਵਾਲੇ ਕੋਸ਼ਾਣੂ, ਕੀਟਾਣੂਆਂ ਨਾਲ ਲੜਨ ਵਿਚ 35 ਪ੍ਰਤਿਸ਼ਤ ਘੱਟ ਸਮਰਥ ਪਾਏ ਗਏ।
[ਕ੍ਰੈਡਿਟ ਲਾਈਨ]
U.S. Navy photo
[ਸਫ਼ਾ 11 ਉੱਤੇ ਡੱਬੀ]
ਮਾਪਿਆਂ ਦਾ “ਦੋਸ਼”
ਦੱਖਣੀ ਅਫ਼ਰੀਕਾ ਦੀ ਇਕ ਅਖ਼ਬਾਰ ਸ਼ੈਚਰਡੇ ਸਟਾਰ ਦੇ ਇਕ ਸੰਪਾਦਕੀ ਲੇਖ ਨੇ ਦੱਖਣੀ ਅਫ਼ਰੀਕਾ ਵਿਚ ਨੌਜਵਾਨਾਂ ਵਿਚ ਤੇਜ਼ੀ ਨਾਲ ਵਧ ਰਹੇ ਨਸ਼ੀਲੇ ਪਦਾਰਥਾਂ ਦੇ ਸੇਵਨ ਪ੍ਰਤੀ ਚਿੰਤਾ ਪ੍ਰਗਟਾਉਂਦੇ ਹੋਏ ਟਿੱਪਣੀ ਕੀਤੀ:
“ਸਾਡੇ ਬੱਚੇ ਇਸ ਤਰ੍ਹਾਂ [ਨਸ਼ੇ] ਕਰਦੇ ਹਨ, ਇਹ ਮਾਪਿਆਂ ਅਤੇ ਸਮਾਜ ਵਜੋਂ ਸਾਡਾ ਦੋਸ਼ ਹੈ। ਅਸੀਂ ਪੈਸੇ ਕਮਾਉਣ ਲਈ ਦਿਨ-ਰਾਤ ਟੁੱਟ-ਟੁੱਟ ਮਰਦੇ ਹਾਂ ਤੇ ਮਾਇਆ ਦੀ ਪੂਜਾ ਕਰਦੇ ਹਾਂ। ਸਾਡੇ ਬੱਚੇ ਸਾਡਾ ਦਿਮਾਗ਼ ਖਾਂਦੇ ਹਨ ਤੇ ਸਾਡੇ ਸਬਰ ਨੂੰ ਪਰਖਦੇ ਹਨ। ਤੇ ਉਨ੍ਹਾਂ ਨਾਲ ਲਾਹੇਵੰਦ ਢੰਗ ਨਾਲ ਸਮਾਂ ਬਿਤਾਉਣਾ? ਉਨ੍ਹਾਂ ਦੀ ਗੱਲ—ਉਨ੍ਹਾਂ ਦੀਆਂ ਚਿੰਤਾਵਾਂ, ਆਸਾਂ, ਸਮੱਸਿਆਵਾਂ—ਨੂੰ ਸੁਣਨ ਨਾਲੋਂ ਉਨ੍ਹਾਂ ਦੇ ਹੱਥਾਂ ਵਿਚ ਪੈਸੇ ਥਮਾ ਦੇਣੇ ਜ਼ਿਆਦਾ ਆਸਾਨ ਹਨ ਤਾਂਕਿ ਉਹ ਸਾਡਾ ਖਹਿੜਾ ਛੱਡਣ। ਪਰ ਅੱਜ ਰਾਤ, ਜਦੋਂ ਅਸੀਂ ਕਿਸੇ ਰੈਸਤੋਰਾਂ ਵਿਚ ਜਾਂ ਟੀ. ਵੀ. ਸਾਮ੍ਹਣੇ ਆਰਾਮ ਨਾਲ ਬੈਠੇ ਹੋਵਾਂਗੇ, ਤਾਂ ਕੀ ਸਾਨੂੰ ਪਤਾ ਹੋਵੇਗਾ ਕਿ ਸਾਡੇ ਬੱਚੇ ਉਸ ਵੇਲੇ ਕੀ ਕਰ ਰਹੇ ਹਨ?”
ਜਾਂ, ਉਹ ਕੀ ਸੋਚ ਰਹੇ ਹਨ?
[ਸਫ਼ਾ 10 ਉੱਤੇ ਤਸਵੀਰ]
ਬਹੁਤ ਸਾਰੇ ਲੋਕਾਂ ਨੂੰ ਨਸ਼ਿਆਂ ਨੂੰ ਛੱਡਣ ਦੀ ਪ੍ਰੇਰਣਾ ਮਿਲੀ ਹੈ