Skip to content

Skip to table of contents

ਨਸ਼ੀਲੇ ਪਦਾਰਥ—ਲੋਕ ਇਨ੍ਹਾਂ ਦੀ ਗ਼ਲਤ ਵਰਤੋਂ ਕਿਉਂ ਕਰਦੇ ਹਨ?

ਨਸ਼ੀਲੇ ਪਦਾਰਥ—ਲੋਕ ਇਨ੍ਹਾਂ ਦੀ ਗ਼ਲਤ ਵਰਤੋਂ ਕਿਉਂ ਕਰਦੇ ਹਨ?

ਨਸ਼ੀਲੇ ਪਦਾਰਥ​—ਲੋਕ ਇਨ੍ਹਾਂ ਦੀ ਗ਼ਲਤ ਵਰਤੋਂ ਕਿਉਂ ਕਰਦੇ ਹਨ?

“ਮੈਂ 13 ਸਾਲ ਦਾ ਸੀ ਜਦੋਂ ਇਕ ਸ਼ਾਮ ਨੂੰ ਮੇਰੇ ਸਭ ਤੋਂ ਪੱਕੇ ਦੋਸਤ ਦੀ ਭੈਣ ਨੇ ਸਾਨੂੰ ਆਪਣੇ ਘਰ ਬੁਲਾਇਆ। ਸਾਰਿਆਂ ਨੇ ਮਰੀਵਾਨਾ (ਸੁੱਕੀ ਭੰਗ) ਦੀ ਸਿਗਰਟ ਪੀਣੀ ਸ਼ੁਰੂ ਕਰ ਦਿੱਤੀ। ਪਹਿਲਾਂ ਤਾਂ ਮੈਂ ਪੀਣ ਤੋਂ ਇਨਕਾਰ ਕਰ ਦਿੱਤਾ, ਪਰ ਜਦੋਂ ਇਹ ਕਈ ਵਾਰੀ ਘੁੰਮ ਕੇ ਦੁਬਾਰਾ ਮੇਰੇ ਕੋਲ ਆਈ, ਤਾਂ ਮੈਂ ਅਖ਼ੀਰ ਪੀ ਹੀ ਲਈ।” ਦੱਖਣੀ ਅਫ਼ਰੀਕਾ ਦੇ ਰਹਿਣ ਵਾਲੇ ਮਾਈਕਲ ਨੇ ਇਸ ਤਰ੍ਹਾਂ ਨਸ਼ੇ ਕਰਨੇ ਸ਼ੁਰੂ ਕੀਤੇ ਸਨ।

“ਮੈਂ ਇਕ ਰੂੜ੍ਹੀਵਾਦੀ ਪਰਿਵਾਰ ਵਿਚ ਪੈਦਾ ਹੋਇਆ ਸੀ। ਸ਼ਾਸਤਰੀ ਸੰਗੀਤ ਸਾਡੇ ਪਰਿਵਾਰ ਦਾ ਕਿੱਤਾ ਸੀ। ਮੈਂ ਇਕ ਸੰਗੀਤ ਮੰਡਲੀ ਵਿਚ ਸਾਜ਼ ਵਜਾਉਂਦਾ ਹੁੰਦਾ ਸੀ ਜਿੱਥੇ ਇਕ ਸੰਗੀਤਕਾਰ ਇੰਟਰਵਲ ਦੌਰਾਨ ਹਮੇਸ਼ਾ ਸੁੱਕੀ ਭੰਗ ਪੀਂਦਾ ਸੀ। ਉਹ ਕਈ ਮਹੀਨਿਆਂ ਤਕ ਲਗਾਤਾਰ ਮੈਨੂੰ ਸੁੱਕੀ ਭੰਗ ਪੀਣ ਲਈ ਕਹਿੰਦਾ ਰਿਹਾ। ਅਖ਼ੀਰ ਮੈਂ ਇਕ ਦਿਨ ਪੀ ਲਈ ਤੇ ਉਸ ਤੋਂ ਬਾਅਦ ਲਗਾਤਾਰ ਪੀਣੀ ਸ਼ੁਰੂ ਕਰ ਦਿੱਤੀ।” ਕੈਨੇਡਾ ਵਿਚ ਰਹਿਣ ਵਾਲੇ ਡੇਰਨ ਨੇ ਇਸ ਤਰ੍ਹਾਂ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨਾ ਸ਼ੁਰੂ ਕੀਤਾ।

ਇਸ ਤੋਂ ਬਾਅਦ ਇਨ੍ਹਾਂ ਦੋਵਾਂ ਨੇ ਦੂਸਰੇ ਨਸ਼ੀਲੇ ਪਦਾਰਥ ਜਿਵੇਂ ਕਿ ਐੱਲ ਐੱਸ ਡੀ, ਅਫ਼ੀਮ ਅਤੇ ਸ਼ਕਤੀਵਰਧਕ ਦਵਾਈਆਂ ਖਾਣੀਆਂ ਸ਼ੁਰੂ ਕਰ ਦਿੱਤੀਆਂ। ਪਰ ਹੁਣ ਉਨ੍ਹਾਂ ਨੇ ਨਸ਼ੇ ਕਰਨੇ ਛੱਡ ਦਿੱਤੇ ਹਨ। ਬੀਤੇ ਸਮੇਂ ਨੂੰ ਯਾਦ ਕਰਦੇ ਹੋਏ ਉਹ ਦੋਵੇਂ ਇਸ ਗੱਲ ਨਾਲ ਸਹਿਮਤ ਹਨ ਕਿ ਸਾਥੀਆਂ ਦੇ ਦਬਾਅ ਵਿਚ ਆ ਕੇ ਹੀ ਉਨ੍ਹਾਂ ਨੇ ਨਸ਼ੇ ਕਰਨੇ ਸ਼ੁਰੂ ਕੀਤੇ ਸਨ। “ਮੈਂ ਕਦੇ ਇਹ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਮੈਂ ਕਦੀ ਨਸ਼ੇ ਕਰਾਂਗਾ,” ਮਾਈਕਲ ਕਹਿੰਦਾ ਹੈ, “ਪਰ ਮੇਰੇ ਸਿਰਫ਼ ਉਹੀ ਦੋਸਤ ਸਨ ਤੇ ਮੈਂ ਉਨ੍ਹਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ ਸੀ।”

ਮਨੋਰੰਜਨ ਦੀ ਦੁਨੀਆਂ

ਇਹ ਗੱਲ ਸਪੱਸ਼ਟ ਹੈ ਕਿ ਸਾਥੀਆਂ ਦੇ ਦਬਾਅ ਥੱਲੇ ਆ ਕੇ ਬਹੁਤ ਸਾਰੇ ਲੋਕ ਨਸ਼ੇ ਕਰਨੇ ਸ਼ੁਰੂ ਕਰ ਦਿੰਦੇ ਹਨ ਤੇ ਖ਼ਾਸ ਕਰਕੇ ਨੌਜਵਾਨ ਜ਼ਿਆਦਾ ਖ਼ਤਰੇ ਵਿਚ ਹਨ। ਇਸ ਤੋਂ ਇਲਾਵਾ, ਉਨ੍ਹਾਂ ਸਾਮ੍ਹਣੇ ਮਨੋਰੰਜਨ ਦੀ ਦੁਨੀਆਂ ਵਿਚ ਆਪਣੇ ਸਿਤਾਰਿਆਂ ਦੀਆਂ ਮਿਸਾਲਾਂ ਹਨ ਜਿਨ੍ਹਾਂ ਨੇ ਆਪਣੇ ਨੌਜਵਾਨ ਚਹੇਤਿਆਂ ਉੱਤੇ ਜਾਦੂ ਕੀਤਾ ਹੁੰਦਾ ਹੈ।

ਮਨੋਰੰਜਨ ਦੀ ਦੁਨੀਆਂ ਨੂੰ ਨਸ਼ੇ ਦੀ ਬੀਮਾਰੀ ਲੱਗੀ ਹੋਈ ਹੈ। ਸੰਗੀਤ ਦੀ ਦੁਨੀਆਂ ਦੇ ਵੱਡੇ-ਵੱਡੇ ਸੰਗੀਤਕਾਰ ਅਕਸਰ ਆਪਣੇ ਕੈਰੀਅਰ ਦੇ ਕਿਸੇ-ਨ-ਕਿਸੇ ਮੁਕਾਮ ਤੇ ਨਸ਼ੇ ਕਰਨੇ ਸ਼ੁਰੂ ਕਰ ਦਿੰਦੇ ਹਨ। ਬਹੁਤ ਸਾਰੇ ਫਿਲਮੀ ਸਿਤਾਰਿਆਂ ਨੂੰ ਵੀ ਨਸ਼ਿਆਂ ਦੀ ਲਤ ਲੱਗੀ ਹੋਈ ਹੈ।

ਮਨੋਰੰਜਨ ਦੀ ਦੁਨੀਆਂ ਦੇ ਸਿਤਾਰੇ ਨਸ਼ੀਲੇ ਪਦਾਰਥਾਂ ਦੀ ਇੰਨੀ ਮਨਮੋਹਕ ਤਸਵੀਰ ਪੇਸ਼ ਕਰ ਸਕਦੇ ਹਨ ਕਿ ਨੌਜਵਾਨ ਵੀ ਨਸ਼ੇ ਕਰਨ ਲੱਗ ਪੈਂਦੇ ਹਨ। ਨਿਊਜ਼ਵੀਕ ਨੇ 1996 ਵਿਚ ਰਿਪੋਰਟ ਦਿੱਤੀ: “ਸੀਐਟਲ ਦੀਆਂ ਸੜਕਾਂ ਉਨ੍ਹਾਂ ਨੌਜਵਾਨਾਂ ਨਾਲ ਭਰੀਆਂ ਹੋਈਆਂ ਹਨ ਜਿਹੜੇ ਹੀਰੋਇਨ ਦਾ ਨਸ਼ਾ ਕਰਨ ਲਈ ਉੱਥੇ ਆਏ ਹਨ ਕਿਉਂਕਿ [ਰਾਕ ਸੰਗੀਤਕਾਰ] ਕੋਬੇਨ ਨੇ ਵੀ ਉੱਥੇ ਨਸ਼ਾ ਕੀਤਾ ਸੀ।”

ਰਸਾਲਿਆਂ, ਫ਼ਿਲਮਾਂ ਅਤੇ ਟੀ. ਵੀ. ਵਿਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਨੂੰ ਬਹੁਤ ਮਨਮੋਹਕ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ। ਇਸੇ ਤਰ੍ਹਾਂ, ਫੈਸ਼ਨ ਦੀ ਦੁਨੀਆਂ ਦੇ ਕੁਝ ਪ੍ਰਸਿੱਧ ਡੀਜ਼ਾਈਨਕਾਰ ਵੀ ਨਸ਼ੇ ਕਰਨ ਵਾਲੀਆਂ ਔਰਤਾਂ ਵਰਗੀਆਂ ਪਤਲੀਆਂ ਅਤੇ ਮਾੜਚੂ ਮਾਡਲਾਂ ਨੂੰ ਪਸੰਦ ਕਰਦੇ ਹਨ।

ਕਿਉਂ ਕੁਝ ਲੋਕਾਂ ਨੂੰ ਨਸ਼ਿਆਂ ਦੀ ਲਤ ਲੱਗ ਜਾਂਦੀ ਹੈ?

ਹੋਰ ਕਈ ਦੂਸਰੇ ਕਾਰਨਾਂ ਕਰਕੇ ਵੀ ਲੋਕ ਨਸ਼ੇ ਕਰਨ ਲੱਗ ਪੈਂਦੇ ਹਨ। ਨਿਰਾਸ਼ਾ, ਡਿਪਰੈਸ਼ਨ ਤੇ ਜ਼ਿੰਦਗੀ ਵਿਚ ਮਕਸਦ ਦੀ ਕਮੀ ਵੀ ਇਸ ਦੇ ਕਾਰਨ ਹੋ ਸਕਦੇ ਹਨ। ਆਰਥਿਕ ਸਮੱਸਿਆਵਾਂ, ਬੇਰੋਜ਼ਗਾਰੀ ਅਤੇ ਮਾਪਿਆਂ ਦੀ ਮਾੜੀ ਮਿਸਾਲ ਕਰਕੇ ਵੀ ਨਸ਼ਿਆਂ ਦੀ ਲਤ ਲੱਗ ਜਾਂਦੀ ਹੈ।

ਕੁਝ ਲੋਕਾਂ ਲਈ ਦੂਸਰਿਆਂ ਨਾਲ ਮਿਲਣਾ-ਗਿਲਣਾ ਮੁਸ਼ਕਲ ਹੁੰਦਾ ਹੈ, ਇਸ ਲਈ ਉਹ ਸਮਾਜਕ ਇਕੱਠਾਂ ਵਿਚ ਇਸ ਮੁਸ਼ਕਲ ਨੂੰ ਦੂਰ ਕਰਨ ਲਈ ਨਸ਼ੇ ਕਰਦੇ ਹਨ। ਉਹ ਵਿਸ਼ਵਾਸ ਕਰਦੇ ਹਨ ਕਿ ਨਸ਼ਾ ਕਰਨ ਨਾਲ ਉਨ੍ਹਾਂ ਦਾ ਹੌਸਲਾ ਵਧ ਜਾਂਦਾ ਹੈ ਤੇ ਨਸ਼ੇ ਉਨ੍ਹਾਂ ਨੂੰ ਅਕਲਮੰਦ ਅਤੇ ਆਕਰਸ਼ਕ ਬਣਾਉਂਦੇ ਹਨ। ਕਈ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਨੂੰ ਸਵੀਕਾਰ ਕਰਨ ਦੀ ਬਜਾਇ ਨਸ਼ੇ ਕਰਨੇ ਜ਼ਿਆਦਾ ਆਸਾਨ ਪਾਉਂਦੇ ਹਨ।

ਬੋਰੀਅਤ ਇਕ ਹੋਰ ਕਾਰਨ ਹੈ ਜਿਸ ਕਰਕੇ ਨੌਜਵਾਨ ਨਸ਼ਿਆਂ ਵੱਲ ਮੂੰਹ ਕਰਦੇ ਹਨ। ਖ਼ਤਰਿਆਂ ਨਾਲ ਪਿਆਰ—ਕਿਸ਼ੋਰ ਅਜਿਹੇ ਕੰਮ ਕਿਉਂ ਕਰਦੇ ਹਨ ਨਾਮਕ ਕਿਤਾਬ ਬੋਰੀਅਤ ਅਤੇ ਮਾਪਿਆਂ ਦੀ ਲਾਪਰਵਾਹੀ ਬਾਰੇ ਟਿੱਪਣੀ ਕਰਦੀ ਹੈ: “ਜਦੋਂ ਮੁੰਡੇ-ਕੁੜੀਆਂ ਸਕੂਲ ਤੋਂ ਘਰ ਵਾਪਸ ਆਉਂਦੇ ਹਨ, ਤਾਂ ਘਰ ਖਾਲੀ ਹੁੰਦੇ ਹਨ। ਇਸ ਕਰਕੇ ਉਹ ਘਰ ਵਿਚ ਇਕੱਲੇ ਹੁੰਦੇ ਹਨ, ਪਰ ਉਹ ਇਕੱਲੇ ਨਹੀਂ ਰਹਿਣਾ ਚਾਹੁੰਦੇ। ਉਨ੍ਹਾਂ ਦੇ ਦੋਸਤ ਉਨ੍ਹਾਂ ਕੋਲ ਆ ਜਾਂਦੇ ਹਨ, ਪਰ ਉਹ ਇਕੱਠੇ ਵੀ ਅਕਸਰ ਬੋਰ ਹੋ ਜਾਂਦੇ ਹਨ। ਉਹ ਘੰਟਿਆਂ ਬੱਧੀ ਟੈਲੀਵਿਯਨ ਅਤੇ ਮਿਊਜ਼ਿਕ ਵਿਡਿਓ ਦੇਖਦੇ ਹਨ ਜਾਂ ਕੁਝ ਮਜ਼ੇਦਾਰ ਵੈੱਬਸਾਈਟ ਲੱਭਣ ਲਈ ਇੰਟਰਨੈੱਟ ਦਾ ਇਸਤੇਮਾਲ ਕਰਦੇ ਹਨ। ਇਸ ਹਾਲਤ ਵਿਚ ਸਿਗਰਟ, ਨਸ਼ੀਲੇ ਪਦਾਰਥ ਅਤੇ ਸ਼ਰਾਬ ਆਸਾਨੀ ਨਾਲ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਸਕਦੇ ਹਨ।”

ਮਾਈਕਲ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਨੇ ਘਰ ਵਿਚ ਮਾਪਿਆਂ ਦੀ ਨਿਗਰਾਨੀ ਦੀ ਘਾਟ ਬਾਰੇ ਕਿਹਾ: “ਸਾਡਾ ਪਰਿਵਾਰ ਖ਼ੁਸ਼ ਸੀ। ਅਸੀਂ ਪਰਿਵਾਰ ਦੇ ਸਾਰੇ ਜੀਅ ਇਕ-ਦੂਜੇ ਦੇ ਬਹੁਤ ਨੇੜੇ ਸੀ। ਪਰ ਮੇਰੇ ਮੰਮੀ-ਡੈਡੀ ਦੋਵੇਂ ਕੰਮ ਕਰਦੇ ਸਨ ਜਿਸ ਕਰਕੇ ਪੂਰਾ ਦਿਨ ਕੋਈ ਵੀ ਸਾਡੀ ਨਿਗਰਾਨੀ ਨਹੀਂ ਕਰਦਾ ਸੀ। ਤੇ ਸਾਡੇ ਮਾਪਿਆਂ ਨੇ ਸਾਨੂੰ ਪੂਰੀ ਖੁੱਲ੍ਹ ਦਿੱਤੀ ਹੋਈ ਸੀ। ਸਾਡੇ ਤੇ ਕੋਈ ਪਾਬੰਦੀ ਨਹੀਂ ਸੀ। ਮੇਰੇ ਮੰਮੀ-ਡੈਡੀ ਨੂੰ ਬਿਲਕੁਲ ਵੀ ਪਤਾ ਨਹੀਂ ਸੀ ਕਿ ਮੈਂ ਨਸ਼ੇ ਕਰਦਾ ਸੀ।”

ਬਹੁਤ ਸਾਰੇ ਲੋਕ ਜਦੋਂ ਇਕ ਵਾਰ ਨਸ਼ਿਆਂ ਦੇ ਆਦੀ ਹੋ ਜਾਂਦੇ ਹਨ, ਤਾਂ ਉਹ ਸਿਰਫ਼ ਇਕ ਸਾਧਾਰਣ ਕਾਰਨ ਕਰਕੇ ਨਸ਼ੇ ਕਰਦੇ ਰਹਿੰਦੇ ਹਨ: ਨਸ਼ਾ ਕਰਨ ਨਾਲ ਉਨ੍ਹਾਂ ਨੂੰ ਮਜ਼ਾ ਆਉਂਦਾ ਹੈ। ਮਾਈਕਲ, ਜਿਹੜਾ ਹਰ ਰੋਜ਼ ਨਸ਼ਾ ਕਰਦਾ ਸੀ, ਨੇ ਇਸ ਦੇ ਅਸਰ ਬਾਰੇ ਕਿਹਾ: “ਮੈਂ ਹਮੇਸ਼ਾ ਸੁਪਨਿਆਂ ਦੀ ਦੁਨੀਆਂ ਵਿਚ ਰਹਿੰਦਾ ਸੀ। ਮੈਂ ਹਰ ਚਿੰਤਾ ਤੋਂ ਛੁਟਕਾਰਾ ਪਾ ਸਕਦਾ ਸੀ। ਮੈਨੂੰ ਕਿਸੇ ਚੀਜ਼ ਤੋਂ ਡਰ ਨਹੀਂ ਲੱਗਦਾ ਸੀ। ਹਰ ਚੀਜ਼ ਬਹੁਤ ਖੂਬਸੂਰਤ ਲੱਗਦੀ ਸੀ।”

ਦੱਖਣੀ ਅਫ਼ਰੀਕਾ ਵਿਚ ਰਹਿਣ ਵਾਲਾ ਡਿੱਕ, ਜੋ ਪਹਿਲਾਂ ਨਸ਼ੇ ਕਰਦਾ ਸੀ, ਦੱਸਦਾ ਹੈ ਕਿ 13 ਸਾਲ ਦੀ ਉਮਰ ਤੇ ਸੁੱਕੀ ਭੰਗ ਪੀਣ ਨਾਲ ਉਸ ਦੇ ਉੱਤੇ ਕੀ ਅਸਰ ਹੁੰਦਾ ਸੀ: “ਮੈਂ ਹਰ ਚੁਟਕਲੇ ਤੇ ਹੱਸ ਪੈਂਦਾ ਸੀ। ਮੈਨੂੰ ਹਰ ਗੱਲ ਹਾਸੋ-ਹੀਣੀ ਲੱਗਦੀ ਸੀ।”

ਨਸ਼ਿਆਂ ਦੇ ਹਾਨੀਕਾਰਕ ਪ੍ਰਭਾਵਾਂ ਵਿਰੁੱਧ ਦਿੱਤੀਆਂ ਜਾਂਦੀਆਂ ਚੇਤਾਵਨੀਆਂ ਤੋਂ ਵੀ ਨੌਜਵਾਨਾਂ ਨੂੰ ਡਰ ਨਹੀਂ ਲੱਗਦਾ। ਉਹ ਬਸ ਇਹੀ ਸੋਚਦੇ ਹਨ ਕਿ “ਮੇਰੀ ਸਿਹਤ ਤੇ ਇਸ ਦਾ ਕੋਈ ਮਾੜਾ ਅਸਰ ਨਹੀਂ ਪਵੇਗਾ।” ਆਪਣੇ ਕਿਸ਼ੋਰ ਨਾਲ ਗੱਲ ਕਰੋ (ਅੰਗ੍ਰੇਜ਼ੀ) ਨਾਮਕ ਕਿਤਾਬ ਦੱਸਦੀ ਹੈ ਕਿ ਕਿਉਂ ਨੌਜਵਾਨ ਨਸ਼ੀਲੇ ਪਦਾਰਥਾਂ ਦੇ ਸਿਹਤ ਨੂੰ ਹੋਣ ਵਾਲੇ ਨੁਕਸਾਨਾਂ ਵਿਰੁੱਧ ਦਿੱਤੀਆਂ ਜਾਂਦੀਆਂ ਚੇਤਾਵਨੀ ਵੱਲ ਧਿਆਨ ਨਹੀਂ ਦਿੰਦੇ: “ਉਹ ਇੰਨੇ ਜੋਸ਼ ਤੇ ਤਾਕਤ ਨਾਲ ਭਰੇ ਹੋਏ ਹਨ ਕਿ ਉਹ ਇਸ ਗੱਲ ਨੂੰ ਮੰਨਦੇ ਹੀ ਨਹੀਂ ਕਿ ਉਨ੍ਹਾਂ ਦੀ ਸਿਹਤ ਤੇ ਇਸ ਦਾ ਮਾੜਾ ਅਸਰ ਪਵੇਗਾ। ਨੌਜਵਾਨ ਅਕਸਰ ਆਪਣੇ ਆਪ ਨੂੰ “ਮਹਿਫੂਜ਼” ਮਹਿਸੂਸ ਕਰਦੇ ਹਨ। ਕਿਸ਼ੋਰ ਸੋਚਦੇ ਹਨ ਕਿ ਫੇਫੜਿਆਂ ਦਾ ਕੈਂਸਰ, ਸ਼ਰਾਬੀਪੁਣਾ ਅਤੇ ਨਸ਼ਿਆਂ ਦੀ ਬਹੁਤ ਜ਼ਿਆਦਾ ਲਤ ਸਿਰਫ਼ ਵੱਡੀ ਉਮਰ ਦੇ ਲੋਕਾਂ ਨੂੰ ਹੀ ਲੱਗਦੀ ਹੈ, ਉਨ੍ਹਾਂ ਨੂੰ ਨਹੀਂ।” ਪਰ ਬਹੁਤ ਸਾਰੇ ਨੌਜਵਾਨ ਨਸ਼ੀਲੇ ਪਦਾਰਥਾਂ ਦੇ ਖ਼ਤਰਿਆਂ ਤੋਂ ਅਣਜਾਣ ਹੁੰਦੇ ਹਨ, ਜਿਵੇਂ ਕਿ ਐਕਸਟਸੀ ਨਾਮਕ ਨਸ਼ੀਲੀ ਦਵਾਈ ਦੀ ਲੋਕਪ੍ਰਿਯਤਾ ਤੋਂ ਪਤਾ ਚੱਲਦਾ ਹੈ। ਇਹ ਕੀ ਹੈ?

ਐਕਸਟਸੀ ਅਤੇ ਰੇਵ

ਐਮਫ਼ੈਟਮੀਨ ਤੋਂ ਬਣੀ ਨਸ਼ੀਲੀ ਦਵਾਈ ਐੱਮ. ਡੀ. ਐੱਮ. ਏ., ਜੋ ਐਕਸਟਸੀ ਦੇ ਨਾਂ ਨਾਲ ਜਾਣੀ ਜਾਂਦੀ ਹੈ, ਸਾਰੀ ਰਾਤ ਚੱਲਣ ਵਾਲੇ ਰੇਵ ਡਾਂਸਾਂ ਵਿਚ ਆਮ ਵਰਤੀ ਜਾਂਦੀ ਹੈ। ਇਸ ਦੇ ਵੇਚਣ ਵਾਲੇ ਇਹ ਯਕੀਨ ਦਿਵਾਉਂਦੇ ਹਨ ਕਿ ਐਕਸਟਸੀ ਨਾਲ ਸਿਹਤ ਨੂੰ ਕੋਈ ਨੁਕਸਾਨ ਨਹੀਂ ਹੁੰਦਾ, ਸਗੋਂ ਇਸ ਨੂੰ ਖਾਣ ਨਾਲ ਤੁਸੀਂ ਚੜ੍ਹਦੀ ਕਲਾ ਵਿਚ ਆ ਜਾਓਗੇ ਤੇ ਪੂਰੀ ਰਾਤ ਨੱਚਦੇ ਰਹਿਣ ਲਈ ਤੁਹਾਨੂੰ ਬੇਹੱਦ ਸ਼ਕਤੀ ਮਿਲੇਗੀ। ਇਹ ਗੋਲੀ ਖਾਣ ਨਾਲ ਨੌਜਵਾਨ ਘੰਟਿਆਂ ਬੱਧੀ ਨੱਚਦੇ ਰਹਿੰਦੇ ਹਨ ਜਦੋਂ ਤਕ, ਜਿਵੇਂ ਇਕ ਲੇਖਕ ਨੇ ਕਿਹਾ, “ਉਹ ਪੂਰੀ ਤਰ੍ਹਾਂ ਹੋਸ਼ੋ-ਹਵਾਸ ਨਹੀਂ ਗੁਆ ਬਹਿੰਦੇ।” ਇਕ ਨੌਜਵਾਨ ਨੇ ਐਕਸਟਸੀ ਦੀ ਖ਼ਾਸੀਅਤ ਬਾਰੇ ਦੱਸਿਆ: “ਪਹਿਲਾਂ ਇਕ ਅਜੀਬ ਜਿਹਾ ਨਿੱਘ ਤੁਹਾਡੇ ਪੈਰਾਂ ਦੀਆਂ ਉਂਗਲਾਂ ਤੋਂ ਉੱਠਦਾ ਹੈ ਤੇ ਜਿਉਂ-ਜਿਉਂ ਨਸ਼ਾ ਹੌਲੀ-ਹੌਲੀ ਤੁਹਾਡੇ ਸਿਰ ਨੂੰ ਚੜ੍ਹਦਾ ਹੈ, ਤਾਂ ਤੁਹਾਡੇ ਪੂਰੇ ਜਿਸਮ ਵਿਚ ਨਿੱਘ ਤੇ ਪਿਆਰ ਦੀ ਅਨੋਖੀ ਲਹਿਰ ਦੌੜ ਜਾਂਦੀ ਹੈ।”

ਬਾਕਾਇਦਾ ਐਕਸਟਸੀ ਖਾਣ ਵਾਲਿਆਂ ਦੇ ਦਿਮਾਗ਼ ਦੀ ਸਕੈਨਿੰਗ ਕਰਨ ਨਾਲ ਇਹ ਸਬੂਤ ਮਿਲੇ ਹਨ ਕਿ ਇਹ ਨੁਕਸਾਨ-ਰਹਿਤ ਨਸ਼ੀਲੀ ਦਵਾਈ ਨਹੀਂ ਹੈ ਜਿਵੇਂ ਇਸ ਦੇ ਵੇਚਣ ਵਾਲੇ ਦਾਅਵਾ ਕਰਦੇ ਹਨ। ਐਕਸਟਸੀ ਦਿਮਾਗ਼ ਦੀਆਂ ਨਸਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਸੀਰੋਟੋਨਿਨ ਨਾਮਕ ਰਸਾਇਣ ਘਟਾਉਂਦੀ ਹੈ। ਇਸ ਨੁਕਸਾਨ ਦਾ ਅਸਰ ਹਮੇਸ਼ਾ ਤਕ ਰਹਿ ਸਕਦਾ ਹੈ। ਇਸ ਨਾਲ ਡਿਪਰੈਸ਼ਨ ਹੋ ਸਕਦਾ ਹੈ ਅਤੇ ਯਾਦਾਸ਼ਤ ਘੱਟ ਸਕਦੀ ਹੈ। ਕੁਝ ਐਕਸਟਸੀ ਖਾਣ ਵਾਲਿਆਂ ਦੀਆਂ ਮੌਤਾਂ ਦੀਆਂ ਰਿਪੋਰਟਾਂ ਵੀ ਮਿਲੀਆਂ ਹਨ। ਇਸ ਤੋਂ ਇਲਾਵਾ ਨਸ਼ੀਲੇ ਪਦਾਰਥ ਵੇਚਣ ਵਾਲੇ ਕਈ ਲੋਕ ਐਕਸਟਸੀ ਵਿਚ ਹੀਰੋਇਨ ਵੀ ਮਿਲਾ ਦਿੰਦੇ ਹਨ ਤਾਂਕਿ ਨਸ਼ਾ ਕਰਨ ਵਾਲਿਆਂ ਨੂੰ ਇਸ ਦੀ ਲਤ ਲੱਗ ਜਾਵੇ।

ਨਸ਼ੀਲੇ ਪਦਾਰਥ ਕਿੰਨੀ ਕੁ ਆਸਾਨੀ ਨਾਲ ਮਿਲ ਜਾਂਦੇ ਹਨ?

ਬਹੁਤ ਸਾਰੇ ਦੇਸ਼ਾਂ ਵਿਚ ਨਸ਼ੀਲੇ ਪਦਾਰਥਾਂ ਦੀ ਮਾਤਰਾ ਵਧਣ ਨਾਲ ਇਨ੍ਹਾਂ ਦੀਆਂ ਕੀਮਤਾਂ ਵਿਚ ਕਮੀ ਆਈ ਹੈ। ਇਹ ਕਮੀ ਕੁਝ ਹੱਦ ਤਕ ਰਾਜਨੀਤਿਕ ਅਤੇ ਆਰਥਿਕ ਤਬਦੀਲੀਆਂ ਕਰਕੇ ਆਈ ਹੈ। ਦੱਖਣੀ ਅਫ਼ਰੀਕਾ ਇਸ ਦੀ ਇਕ ਵਧੀਆ ਉਦਾਹਰਣ ਹੈ ਜਿੱਥੇ ਰਾਜਨੀਤਿਕ ਤਬਦੀਲੀਆਂ ਹੋਣ ਕਰਕੇ ਦੂਸਰੇ ਦੇਸ਼ਾਂ ਨਾਲ ਵਪਾਰ ਤੇ ਲੈਣ-ਦੇਣ ਵਿਚ ਵਾਧਾ ਹੋਇਆ ਹੈ। ਦੇਸ਼ ਦੀਆਂ ਸਰਹੱਦਾਂ ਉੱਤੇ ਬਹੁਤ ਘੱਟ ਨਿਗਰਾਨੀ ਹੋਣ ਕਰਕੇ ਨਸ਼ੀਲੇ ਪਦਾਰਥਾਂ ਦੇ ਵਪਾਰ ਵਿਚ ਬਹੁਤ ਤੇਜ਼ੀ ਆਈ ਹੈ। ਲਗਾਤਾਰ ਬੇਰੋਜ਼ਗਾਰੀ ਦੇ ਵਧਣ ਕਰਕੇ ਵੀ ਹਜ਼ਾਰਾਂ ਲੋਕ ਪੈਸਾ ਕਮਾਉਣ ਲਈ ਗ਼ੈਰ-ਕਾਨੂੰਨੀ ਨਸ਼ੀਲੇ ਪਦਾਰਥ ਵੇਚਦੇ ਹਨ। ਜਿੱਥੇ ਨਸ਼ੀਲੇ ਪਦਾਰਥਾਂ ਦੀ ਭਰਮਾਰ ਹੈ, ਉੱਥੇ ਹਿੰਸਾ ਤੇ ਅਪਰਾਧ ਵੀ ਘੱਟ ਨਹੀਂ ਹੁੰਦੇ। ਇਕ ਅਖ਼ਬਾਰ ਦੀ ਰਿਪੋਰਟ ਅਨੁਸਾਰ ਖਾਉਟੰਗ, ਦੱਖਣੀ ਅਫ਼ਰੀਕਾ ਦੇ ਸਕੂਲਾਂ ਵਿਚ ਪੜ੍ਹਦੇ ਬੱਚੇ—ਜਿਨ੍ਹਾਂ ਵਿੱਚੋਂ ਕੁਝ ਸਿਰਫ਼ 13 ਸਾਲ ਦੀ ਉਮਰ ਦੇ ਹਨ—ਨਸ਼ੀਲੇ ਪਦਾਰਥ ਵੇਚਣ ਕਰਕੇ ਪੁਲਸ ਦੀ ਨਿਗਰਾਨੀ ਹੇਠ ਹਨ। ਕਈ ਸਕੂਲਾਂ ਵਿਚ ਵਿਦਿਆਰਥੀਆਂ ਦੇ ਸਰੀਰ ਵਿਚ ਨਸ਼ੀਲੇ ਪਦਾਰਥਾਂ ਦਾ ਪਤਾ ਲਗਾਉਣ ਲਈ ਮੈਡੀਕਲ ਟੈੱਸਟ ਕੀਤੇ ਜਾਂਦੇ ਹਨ।

ਇਸ ਸਮੱਸਿਆ ਦੀ ਜੜ੍ਹ ਕੀ ਹੈ?

ਸਪੱਸ਼ਟ ਤੌਰ ਤੇ, ਇਸ ਗੱਲ ਦੇ ਬਹੁਤ ਸਾਰੇ ਕਾਰਨ ਹਨ ਕਿ ਲੋਕ ਨਸ਼ੀਲੇ ਪਦਾਰਥਾਂ ਦਾ ਸੇਵਨ ਕਿਉਂ ਕਰਦੇ ਹਨ। ਪਰ ਇਹ ਸਾਰੇ ਕਾਰਨ ਇਕ ਹੋਰ ਵੱਡੀ ਸਮੱਸਿਆ ਦੇ ਲੱਛਣ ਹਨ। ਲੇਖਕ ਬੈੱਨ ਵਿਟੱਕਰ ਨੇ ਇਸ ਮੂਲ ਕਾਰਨ ਵੱਲ ਇਸ਼ਾਰਾ ਕਰਦੇ ਹੋਏ ਕਿਹਾ: “ਇਕੱਲੇਪਣ ਅਤੇ ਨਿਰਾਸ਼ਾ ਤੋਂ ਇਲਾਵਾ, ਅਜੋਕੇ ਸਮੇਂ ਵਿਚ ਨਸ਼ਿਆਂ ਦੀ ਵਰਤੋਂ ਵਿਚ ਵਾਧਾ ਸਾਡੇ ਸਮਾਜ ਦੀਆਂ ਕਮਜ਼ੋਰੀਆਂ ਅਤੇ ਊਣਤਾਈਆਂ ਦੇ ਲੱਛਣ ਹਨ: ਨਹੀਂ ਤਾਂ ਕਿਉਂ ਇੰਨੇ ਸਾਰੇ ਗੁਣਵਾਨ ਅਤੇ ਉੱਚੇ ਦਰਜੇ ਦੇ ਲੋਕ ਜ਼ਿੰਦਗੀ ਦੀ ਹਕੀਕਤ ਦਾ ਸਾਮ੍ਹਣਾ ਕਰਨ ਦੀ ਬਜਾਇ ਨਸ਼ਿਆਂ ਨੂੰ ਤਰਜੀਹ ਦਿੰਦੇ ਹਨ?”

ਇਹ ਬਹੁਤ ਵਧੀਆ ਸਵਾਲ ਹੈ ਜੋ ਸਾਨੂੰ ਅਹਿਸਾਸ ਕਰਾਉਂਦਾ ਹੈ ਕਿ ਸਾਡਾ ਭੌਤਿਕਵਾਦੀ ਅਤੇ ਕਾਮਯਾਬੀ ਲਈ ਭੁੱਖਾ ਸਮਾਜ ਅਕਸਰ ਸਾਡੀਆਂ ਭਾਵਾਤਮਕ ਅਤੇ ਅਧਿਆਤਮਿਕ ਲੋੜਾਂ ਨੂੰ ਪੂਰਾ ਨਹੀਂ ਕਰ ਪਾਉਂਦਾ। ਇੱਥੋਂ ਤਕ ਕਿ ਬਹੁਤ ਸਾਰੇ ਧਰਮ ਵੀ ਇਨ੍ਹਾਂ ਲੋੜਾਂ ਨੂੰ ਪੂਰਾ ਨਹੀਂ ਕਰ ਪਾਏ ਹਨ ਕਿਉਂਕਿ ਉਹ ਇਨਸਾਨ ਦੀਆਂ ਸਮੱਸਿਆਵਾਂ ਦੀ ਜੜ੍ਹ ਵੱਲ ਧਿਆਨ ਨਹੀਂ ਦਿੰਦੇ।

ਨਸ਼ਈਪੁਣੇ ਦੀ ਸਮੱਸਿਆ ਦਾ ਇੱਕੋ-ਇਕ ਪੱਕਾ ਹੱਲ ਲੱਭਣ ਤੋਂ ਪਹਿਲਾਂ ਇਸ ਸਮੱਸਿਆ ਦੀ ਜੜ੍ਹ ਦਾ ਪਤਾ ਲਗਾਉਣਾ ਚਾਹੀਦਾ ਹੈ ਤੇ ਇਸ ਦੀ ਹਕੀਕਤ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਇਸ ਬਾਰੇ ਅਗਲੇ ਲੇਖ ਵਿਚ ਚਰਚਾ ਕੀਤੀ ਜਾਵੇਗੀ।

[ਸਫ਼ਾ 7 ਉੱਤੇ ਤਸਵੀਰ]

ਕਈ ਵਾਰ ਨਾਮਵਰ ਹਸਤੀਆਂ ਨਸ਼ੀਲੇ ਪਦਾਰਥਾਂ ਦੀ ਬਹੁਤ ਹੀ ਮਨਮੋਹਕ ਤਸਵੀਰ ਪੇਸ਼ ਕਰਦੀਆਂ ਹਨ

[ਸਫ਼ਾ 7 ਉੱਤੇ ਤਸਵੀਰਾਂ]

ਆਧੁਨਿਕ ਸੰਗੀਤ ਦੀ ਦੁਨੀਆਂ ਵਿਚ ਨਸ਼ੀਲੇ ਪਦਾਰਥਾਂ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ

[ਸਫ਼ਾ 8 ਉੱਤੇ ਤਸਵੀਰਾਂ]

ਐਕਸਟਸੀ ਨਾਮਕ ਨਸ਼ੀਲੀ ਦਵਾਈ ਰੇਵ ਡਾਂਸ ਪਾਰਟੀਆਂ ਵਿਚ ਆਮ ਮਿਲ ਜਾਂਦੀ ਹੈ

[ਕ੍ਰੈਡਿਟ ਲਾਈਨਾਂ]

AP Photo/​Greg Smith

Gerald Nino/​U.S. Customs