Skip to content

Skip to table of contents

ਨਸ਼ੇ—ਕੌਣ ਕਰਦੇ ਹਨ?

ਨਸ਼ੇ—ਕੌਣ ਕਰਦੇ ਹਨ?

ਨਸ਼ੇ​—ਕੌਣ ਕਰਦੇ ਹਨ?

ਦੱਖਣੀ ਅਫ਼ਰੀਕਾ ਵਿਚ ਜਾਗਰੂਕ ਬਣੋ! ਦੇ ਪੱਤਰਕਾਰ ਦੁਆਰਾ

“ਸਾਰੇ ਲੋਕ ਨਸ਼ੇ ਕਰਦੇ ਹਨ।” ਸ਼ਾਇਦ ਇਹ ਕਹਿ ਕੇ ਭੋਲੇ-ਭਾਲੇ ਲੋਕਾਂ ਨੂੰ ਨਸ਼ਿਆਂ ਦਾ ਸੁਆਦ ਚਖਾਇਆ ਜਾਂਦਾ ਹੈ। ਪਰ “ਨਸ਼ੀਲੇ ਪਦਾਰਥਾਂ” ਦੀ ਆਮ ਪਰਿਭਾਸ਼ਾ ਅਨੁਸਾਰ ਇਹ ਸ਼ਬਦ ਕੁਝ ਹੱਦ ਤਕ ਸੱਚੇ ਹਨ।

“ਨਸ਼ੀਲੇ ਪਦਾਰਥ” ਦੀ ਪਰਿਭਾਸ਼ਾ ਇਸ ਤਰ੍ਹਾਂ ਦਿੱਤੀ ਗਈ ਹੈ: “ਕੁਦਰਤੀ ਤੌਰ ਤੇ ਪਾਇਆ ਜਾਂਦਾ ਜਾਂ ਇਨਸਾਨੀ ਹੱਥਾਂ ਦਾ ਬਣਿਆ ਹੋਇਆ ਕੋਈ ਵੀ ਰਸਾਇਣਕ ਪਦਾਰਥ, ਜਿਸ ਨੂੰ ਇਨਸਾਨ ਦੀ ਸੋਚਣ-ਸ਼ਕਤੀ, ਮੂਡ ਜਾਂ ਮਾਨਸਿਕ ਅਵਸਥਾ ਨੂੰ ਬਦਲਣ ਲਈ ਵਰਤਿਆ ਜਾ ਸਕਦਾ ਹੈ।” ਇਹ ਦਿਮਾਗ਼ ਜਾਂ ਰਵੱਈਏ ਤੇ ਅਸਰ ਕਰਨ ਵਾਲੇ ਨਸ਼ੀਲੇ ਪਦਾਰਥਾਂ ਦਾ ਸੌਖਾ ਤੇ ਵਧੀਆ ਵਰਣਨ ਹੈ, ਭਾਵੇਂ ਕਿ ਇਸ ਵਿਚ ਬੀਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਬਹੁਤ ਸਾਰੀਆਂ ਦਵਾਈਆਂ ਸ਼ਾਮਲ ਨਹੀਂ ਹਨ।

ਉੱਪਰ ਦਿੱਤੀ ਪਰਿਭਾਸ਼ਾ ਅਨੁਸਾਰ ਸ਼ਰਾਬ ਵੀ ਇਕ ਨਸ਼ੀਲਾ ਪਦਾਰਥ ਹੈ। ਹੱਦੋਂ ਵੱਧ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ ਤੇ ਅੱਜ ਲੋਕਾਂ ਵਿਚ ਬਹੁਤ ਜ਼ਿਆਦਾ ਸ਼ਰਾਬ ਪੀਣ ਦਾ ਰੁਝਾਨ ਵਧ ਰਿਹਾ ਹੈ। ਇਕ ਪੱਛਮੀ ਦੇਸ਼ ਵਿਚ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਸਰਵੇਖਣ ਕਰਨ ਤੇ ਪਾਇਆ ਗਿਆ ਕਿ “ਨਸ਼ਿਆਂ ਦੇ ਮਾਮਲੇ ਵਿਚ ਕਾਲਜ ਦੇ ਕੈਂਪਸਾਂ ਵਿਚ ਬਿਨਾਂ ਰੁੱਕੇ ਹੱਦੋਂ ਵਧ ਸ਼ਰਾਬ ਦਾ ਸੇਵਨ ਸਭ ਤੋਂ ਗੰਭੀਰ ਸਮੱਸਿਆ ਹੈ।” ਸਰਵੇਖਣ ਤੋਂ ਪਤਾ ਚੱਲਿਆ ਹੈ ਕਿ 44 ਪ੍ਰਤਿਸ਼ਤ ਵਿਦਿਆਰਥੀ ਅਕਸਰ ਹੱਦੋਂ ਵਧ ਸ਼ਰਾਬ ਪੀਂਦੇ ਸਨ। *

ਸ਼ਰਾਬ ਵਾਂਗ, ਤਮਾਖੂ ਵੀ ਕਾਨੂੰਨੀ ਤੌਰ ਤੇ ਉਪਲਬਧ ਹੈ, ਭਾਵੇਂ ਕਿ ਇਸ ਵਿਚ ਮਾਰੂ ਜ਼ਹਿਰ ਨਿਕੋਟੀਨ ਪਾਈ ਜਾਂਦੀ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ ਸਿਗਰਟਨੋਸ਼ੀ ਇਕ ਸਾਲ ਵਿਚ ਤਕਰੀਬਨ 40 ਲੱਖ ਲੋਕਾਂ ਦੀ ਜਾਨ ਲੈਂਦੀ ਹੈ। ਪਰ ਫਿਰ ਵੀ ਤਮਾਖੂ ਕੰਪਨੀਆਂ ਦੇ ਮਾਲਕ ਅਮੀਰ ਤੇ ਸਮਾਜ ਦੇ ਇੱਜ਼ਤਦਾਰ ਮੈਂਬਰ ਹਨ। ਸਿਗਰਟਨੋਸ਼ੀ ਦੀ ਲਤ ਬਹੁਤ ਭੈੜੀ ਹੈ, ਸ਼ਾਇਦ ਦੂਸਰੇ ਸਾਰੇ ਗ਼ੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਨਾਲੋਂ ਕਿਤੇ ਜ਼ਿਆਦਾ।

ਹਾਲ ਹੀ ਦੇ ਸਾਲਾਂ ਵਿਚ ਅਨੇਕ ਦੇਸ਼ਾਂ ਨੇ ਤਮਾਖੂ ਦੀ ਇਸ਼ਤਿਹਾਰਬਾਜ਼ੀ ਉੱਤੇ ਰੋਕ ਲਾਈ ਹੈ ਤੇ ਹੋਰ ਕਈ ਦੂਸਰੀਆਂ ਪਾਬੰਦੀਆਂ ਵੀ ਲਾਈਆਂ ਹਨ। ਫਿਰ ਵੀ ਬਹੁਤ ਸਾਰੇ ਲੋਕ ਅਜੇ ਵੀ ਸਿਗਰਟਨੋਸ਼ੀ ਨੂੰ ਸਮਾਜ ਦਾ ਪ੍ਰਵਾਨਿਤ ਰਿਵਾਜ ਸਮਝਦੇ ਹਨ। ਫ਼ਿਲਮਾਂ ਵਿਚ ਸਿਗਰਟਨੋਸ਼ੀ ਨੂੰ ਬਹੁਤ ਹੀ ਮਨਮੋਹਕ ਦਿਖਾਇਆ ਜਾਂਦਾ ਹੈ। ਸਾਨ ਫ਼ਰਾਂਸਿਸਕੋ ਵਿਚ ਯੂਨੀਵਰਸਿਟੀ ਆਫ਼ ਕੈਲੇਫ਼ੋਰਨੀਆ ਨੇ 1991 ਤੋਂ 1996 ਦੌਰਾਨ ਬਣੀਆਂ ਅਤੇ ਸਭ ਤੋਂ ਜ਼ਿਆਦਾ ਮੁਨਾਫ਼ਾ ਕਰਨ ਵਾਲੀਆਂ ਹਿੱਟ ਫਿਲਮਾਂ ਦਾ ਸਰਵੇਖਣ ਕਰਨ ਤੇ ਪਾਇਆ ਕਿ ਫ਼ਿਲਮਾਂ ਦੇ ਮੁੱਖ ਕਿਰਦਾਰਾਂ ਵਿੱਚੋਂ 80 ਪ੍ਰਤਿਸ਼ਤ ਨੂੰ ਸਿਗਰਟ ਪੀਂਦੇ ਦਿਖਾਇਆ ਗਿਆ ਸੀ।

“ਸੁਰੱਖਿਅਤ” ਦਵਾਈਆਂ ਬਾਰੇ ਕੀ?

ਇਲਾਜ ਲਈ ਵਰਤੀਆਂ ਜਾਂਦੀਆਂ ਦਵਾਈਆਂ ਦਾ ਬਹੁਤ ਸਾਰੇ ਲੋਕਾਂ ਨੂੰ ਫ਼ਾਇਦਾ ਹੋਇਆ ਹੈ, ਪਰ ਲੋਕ ਇਨ੍ਹਾਂ ਦਾ ਵੀ ਗ਼ਲਤ ਇਸਤੇਮਾਲ ਕਰ ਸਕਦੇ ਹਨ। ਬਹੁਤ ਵਾਰ ਡਾਕਟਰ ਖ਼ੁਦ-ਬ-ਖ਼ੁਦ ਜਾਂ ਮਰੀਜ਼ ਦੇ ਜ਼ੋਰ ਦੇਣ ਤੇ ਉਨ੍ਹਾਂ ਦਵਾਈਆਂ ਦੀ ਪਰਚੀ ਕੱਟ ਕੇ ਦੇ ਦਿੰਦੇ ਹਨ ਜੋ ਮਰੀਜ਼ ਨੂੰ ਅਸਲ ਵਿਚ ਖਾਣ ਦੀ ਲੋੜ ਨਹੀਂ ਹੁੰਦੀ। ਇਕ ਡਾਕਟਰ ਨੇ ਕਿਹਾ: “ਡਾਕਟਰ ਅਕਸਰ ਮਰੀਜ਼ ਦੀ ਬੀਮਾਰੀ ਦਾ ਕਾਰਨ ਜਾਣਨ ਲਈ ਉਸ ਨਾਲ ਗੱਲ ਕਰਨ ਵਾਸਤੇ ਸਮਾਂ ਨਹੀਂ ਕੱਢਦੇ। ਇਸ ਦੀ ਬਜਾਇ, ਇਹ ਕਹਿਣਾ ਜ਼ਿਆਦਾ ਆਸਾਨ ਹੈ ਕਿ ‘ਇਹ ਗੋਲੀ ਖਾ ਲਓ।’ ਪਰ ਬੀਮਾਰੀ ਦੇ ਅਸਲ ਕਾਰਨ ਵੱਲ ਧਿਆਨ ਨਹੀਂ ਦਿੱਤਾ ਜਾਂਦਾ।”

ਡਾਕਟਰ ਦੀ ਪਰਚੀ ਤੋਂ ਬਿਨਾਂ ਖ਼ਰੀਦੀਆਂ ਜਾ ਸਕਣ ਵਾਲੀਆਂ ਦਵਾਈਆਂ, ਜਿਵੇਂ ਕਿ ਐਸਪਰਿਨ ਅਤੇ ਪੈਰਾਸਿਟਾਮੋਲ (ਟਾਈਲੇਨੋਲ, ਪੈਨਾਡੋਲ) ਦਾ ਵੀ ਜੇ ਗ਼ਲਤ ਇਸਤੇਮਾਲ ਕੀਤਾ ਜਾਵੇ, ਤਾਂ ਇਸ ਨਾਲ ਸਿਹਤ ਲਈ ਗੰਭੀਰ ਖ਼ਤਰੇ ਪੈਦਾ ਹੋ ਸਕਦੇ ਹਨ। ਹਰ ਸਾਲ ਦੁਨੀਆਂ ਵਿਚ ਹੱਦੋਂ ਵੱਧ ਪੈਰਾਸਿਟਾਮੋਲ ਖਾਣ ਕਰਕੇ 2,000 ਤੋਂ ਵੱਧ ਲੋਕਾਂ ਦੀ ਜਾਨ ਜਾਂਦੀ ਹੈ।

ਪਹਿਲਾਂ ਦਿੱਤੀ ਪਰਿਭਾਸ਼ਾ ਅਨੁਸਾਰ, ਚਾਹ ਅਤੇ ਕੌਫ਼ੀ ਵਿਚ ਕੈਫੀਨ ਵੀ ਇਕ ਨਸ਼ੀਲਾ ਪਦਾਰਥ ਹੈ, ਭਾਵੇਂ ਕਿ ਸਵੇਰੇ-ਸਵੇਰੇ ਚਾਹ ਜਾਂ ਕੌਫ਼ੀ ਪੀਣ ਵੇਲੇ ਅਸੀਂ ਇਸ ਨੂੰ ਨਸ਼ਾ ਨਹੀਂ ਸਮਝਦੇ। ਤੇ ਸਮਾਜ ਵਿਚ ਆਮ ਪੀਤੀ ਜਾਂਦੀ ਚਾਹ ਜਾਂ ਕੌਫ਼ੀ ਦੀ ਬਰਾਬਰੀ ਹੀਰੋਇਨ ਵਰਗੇ ਖ਼ਤਰਨਾਕ ਨਸ਼ਿਆਂ ਨਾਲ ਕਰਨੀ ਬੇਤੁਕੀ ਗੱਲ ਹੋਵੇਗੀ। ਇਹ ਇਕ ਪਾਲਤੂ ਬਲੂੰਗੜੇ ਦੀ ਤੁਲਨਾ ਵਹਿਸ਼ੀ ਸ਼ੇਰ ਨਾਲ ਕਰਨ ਦੇ ਬਰਾਬਰ ਹੈ। ਫਿਰ ਵੀ, ਕੁਝ ਸਿਹਤ ਮਾਹਰਾਂ ਅਨੁਸਾਰ ਜੇ ਤੁਸੀਂ ਦਿਨ ਵਿਚ ਆਦਤਨ ਕੌਫ਼ੀ ਦੇ ਪੰਜ ਤੋਂ ਜ਼ਿਆਦਾ ਅਤੇ ਚਾਹ ਦੇ ਨੌਂ ਤੋਂ ਜ਼ਿਆਦਾ ਕੱਪ ਪੀਂਦੇ ਹੋ, ਤਾਂ ਇਹ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ। ਇਸ ਤੋਂ ਇਲਾਵਾ ਜੇ ਤੁਸੀਂ ਇਕਦਮ ਬਹੁਤ ਜ਼ਿਆਦਾ ਚਾਹ ਜਾਂ ਕੌਫ਼ੀ ਪੀਣੀ ਛੱਡ ਦਿੰਦੇ ਹੋ, ਤਾਂ ਤੁਸੀਂ ਇਸ ਦੇ ਉਲਟ ਪ੍ਰਭਾਵ ਅਨੁਭਵ ਕਰ ਸਕਦੇ ਹੋ ਜਿਵੇਂ ਕਿ ਇਕ ਚਾਹ ਦੀ ਸ਼ੁਕੀਨ ਤੀਵੀਂ ਨੇ ਅਨੁਭਵ ਕੀਤਾ ਸੀ। ਚਾਹ ਘੱਟ ਕਰਨ ਤੇ ਉਸ ਨੂੰ ਉਲਟੀਆਂ ਆਉਂਦੀਆਂ ਸਨ, ਬਹੁਤ ਸਿਰਦਰਦ ਰਹਿੰਦਾ ਸੀ ਤੇ ਉਸ ਦੀਆਂ ਅੱਖਾਂ ਰੌਸ਼ਨੀ ਸਹਿਣ ਨਹੀਂ ਕਰ ਪਾਉਂਦੀਆਂ ਸਨ।

ਦਵਾਈਆਂ ਦੇ ਗ਼ੈਰ-ਕਾਨੂੰਨੀ ਇਸਤੇਮਾਲ ਬਾਰੇ ਕੀ?

ਖੇਡ ਮੁਕਾਬਲਿਆਂ ਵਿਚ ਦਵਾਈਆਂ ਦੀ ਵਰਤੋਂ ਇਕ ਵਿਵਾਦਮਈ ਮਸਲਾ ਹੈ। ਇਹ ਮਸਲਾ 1998 ਵਿਚ ਹੋਏ ਟੂਰ ਡ ਫ਼ਰਾਂਸ ਮੁਕਾਬਲੇ ਵਿਚ ਜ਼ਿਆਦਾ ਭਖਿਆ ਜਦੋਂ ਚੋਟੀ ਦੀ ਟੀਮ ਦੇ ਨੌਂ ਸਾਈਕਲ ਖਿਡਾਰੀਆਂ ਨੂੰ ਸ਼ਕਤੀਵਰਧਕ ਦਵਾਈਆਂ ਖਾਣ ਕਰਕੇ ਮੁਕਾਬਲੇ ਤੋਂ ਬਾਹਰ ਕੱਢ ਦਿੱਤਾ ਗਿਆ ਸੀ। ਖਿਡਾਰੀਆਂ ਨੇ ਨਸ਼ੀਲੀਆਂ ਦਵਾਈਆਂ ਦੇ ਟੈੱਸਟਾਂ ਨੂੰ ਨਕਾਰਾ ਕਰਨ ਦੇ ਬਹੁਤ ਸਾਰੇ ਤਰੀਕੇ ਕੱਢੇ ਹਨ। ਟਾਈਮ ਰਸਾਲਾ ਰਿਪੋਰਟ ਕਰਦਾ ਹੈ ਕਿ ਕੁਝ ਖਿਡਾਰੀਆਂ ਨੇ “ਦੂਸਰਿਆਂ ਦੇ ‘ਸਾਫ਼’ ਪਿਸ਼ਾਬ ਨੂੰ ਇਕ ਨਲੀ ਰਾਹੀਂ ਆਪਣੀ ਪਿਸ਼ਾਬ ਦੀ ਥੈਲੀ ਵਿਚ ਪੁਆਉਣ ਦੇ ਹੱਦ ਦਰਜੇ ਦੇ ਤਰੀਕੇ ਅਪਣਾਏ ਹਨ ਜੋ ਕਿ ਅਕਸਰ ਬਹੁਤ ਦੁਖਦਾਈ ਹੁੰਦੇ ਹਨ।”

ਅਸੀਂ ਅਜੇ ਤਕ “ਮਨੋਰੰਜਨ” ਲਈ ਵਰਤੇ ਜਾਂਦੇ ਬਹੁਤ ਸਾਰੇ ਨਸ਼ੀਲੇ ਪਦਾਰਥਾਂ ਬਾਰੇ ਗੱਲ ਨਹੀਂ ਕੀਤੀ ਹੈ। ਇਨ੍ਹਾਂ ਵਿਚ ਸੁੱਕੀ ਭੰਗ, ਐਕਸਟਸੀ (ਮੈਥਲੀਨੀਡਾਇਓਕਸੀ-ਮੈਥਮਫ਼ੈਟਮੀਨ ਜਾਂ ਐੱਮ. ਡੀ. ਐੱਮ. ਏ.), ਐੱਲ. ਐੱਸ. ਡੀ. (ਲਸਰਜਿਕ ਐਸਿਡ ਡਾਇਥਲਾਮਾਈਡ), ਅਪਰ (ਕੋਕੀਨ ਅਤੇ ਐਮਫ਼ੈਟਮੀਨ ਵਰਗੇ ਉਤੇਜਕ ਪਦਾਰਥ), ਡਾਊਨਰ (ਨੀਂਦ ਦੀਆਂ ਗੋਲੀਆਂ ਵਰਗੀ ਸ਼ਾਂਤਕਾਰਕ ਦਵਾਈ) ਅਤੇ ਹੀਰੋਇਨ। ਸੁੰਘ ਕੇ ਕੀਤੇ ਜਾਣ ਵਾਲੇ ਨਸ਼ਿਆਂ ਨੂੰ ਵੀ ਨਹੀਂ ਭੁੱਲਣਾ ਚਾਹੀਦਾ ਜਿਹੜੇ ਕਿ ਨੌਜਵਾਨਾਂ ਵਿਚ ਬੜੇ ਹਰਮਨਪਿਆਰੇ ਹਨ ਜਿਵੇਂ ਕਿ ਗੂੰਦ ਅਤੇ ਪੈਟਰੋਲ। ਇਨ੍ਹਾਂ ਚੀਜ਼ਾਂ ਤੇ ਕੋਈ ਪਾਬੰਦੀ ਨਹੀਂ ਹੈ ਤੇ ਇਹ ਆਸਾਨੀ ਨਾਲ ਮਿਲ ਜਾਂਦੀਆਂ ਹਨ।

ਇਹ ਜ਼ਰੂਰੀ ਨਹੀਂ ਕਿ ਹਰ ਅਮਲੀ ਮਾੜਚੂ ਹੋਵੇ ਤੇ ਕਿਸੇ ਗੰਦੇ-ਹਨੇਰੇ ਕਮਰੇ ਵਿਚ ਬੈਠ ਕੇ ਨਸ਼ੇ ਦਾ ਟੀਕਾ ਲਾਉਂਦਾ ਹੋਵੇ। ਨਸ਼ੇ ਕਰਨ ਵਾਲੇ ਬਹੁਤ ਸਾਰੇ ਲੋਕ ਦੂਜਿਆਂ ਵਾਂਗ ਆਮ ਜ਼ਿੰਦਗੀ ਜੀਉਂਦੇ ਹਨ, ਭਾਵੇਂ ਕਿ ਉਨ੍ਹਾਂ ਦੀ ਨਸ਼ਾ ਕਰਨ ਦੀ ਆਦਤ ਦਾ ਉਨ੍ਹਾਂ ਦੀ ਜ਼ਿੰਦਗੀ ਉੱਤੇ ਥੋੜ੍ਹਾ-ਬਹੁਤਾ ਅਸਰ ਤਾਂ ਜ਼ਰੂਰ ਪੈਂਦਾ ਹੋਣਾ। ਪਰ ਅਸੀਂ ਨਸ਼ੇ ਦੀ ਦੁਨੀਆਂ ਦੇ ਭਿਆਨਕ ਪੱਖ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਇਕ ਲੇਖਕ ਦੱਸਦਾ ਹੈ ਕਿ ਕੋਕੀਨ ਦਾ ਨਸ਼ਾ ਕਰਨ ਵਾਲੇ ਕੁਝ ਲੋਕ ਕਿਵੇਂ “ਥੋੜ੍ਹੇ ਹੀ ਸਮੇਂ ਵਿਚ ‘ਕਈ ਵਾਰ’ ਨਸ਼ੇ ਦੇ ਟੀਕੇ ਲਾਉਂਦੇ ਹਨ ਜਿਸ ਕਰਕੇ ਉਹ ਆਪਣੇ ਸਰੀਰ ਨੂੰ ਸੂਈਆਂ ਚੁਭੋ-ਚੁਭੋ ਕੇ ਛਲਣੀ ਅਤੇ ਲਹੂ-ਲੂਹਾਣ ਕਰ ਲੈਂਦੇ ਹਨ।”

ਉੱਨੀ ਸੌ ਅੱਸੀ ਦੇ ਦਹਾਕੇ ਦੇ ਅਖ਼ੀਰਲੇ ਸਾਲਾਂ ਵਿਚ ਗ਼ੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਸੇਵਨ ਵਿਚ ਕਾਫ਼ੀ ਹੱਦ ਤਕ ਕਮੀ ਆਈ ਸੀ, ਪਰ ਹੁਣ ਪੂਰੀ ਦੁਨੀਆਂ ਵਿਚ ਇਨ੍ਹਾਂ ਦਾ ਸੇਵਨ ਫਿਰ ਤੋਂ ਵਧ ਰਿਹਾ ਹੈ। ਨਿਊਜ਼ਵੀਕ ਰਸਾਲੇ ਨੇ ਟਿੱਪਣੀ ਕੀਤੀ: “ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਅਤੇ ਹਰ ਕਿਸਮ ਦੇ ਨਸ਼ਿਆਂ ਦੇ ਸੇਵਨ ਵਿਚ ਬਹੁਤ ਜ਼ਿਆਦਾ ਵਾਧੇ ਕਰਕੇ ਅਤੇ ਲੋੜੀਂਦੇ ਪੈਸਿਆਂ ਤੇ ਜਾਣਕਾਰੀ ਦੀ ਕਮੀ ਕਰਕੇ ਸਰਕਾਰ ਇਸ ਨੂੰ ਰੋਕਣ ਵਿਚ ਨਾਕਾਮਯਾਬ ਰਹੀ ਹੈ।” ਦੱਖਣੀ ਅਫ਼ਰੀਕਾ ਦੇ ਜੋਹਾਨਸਬਰਗ ਵਿਚ ਛਪਣ ਵਾਲੀ ਅਖ਼ਬਾਰ ਦ ਸਟਾਰ ਨੇ ਕਿਹਾ ਕਿ ਸਰਕਾਰੀ ਅੰਕੜਿਆਂ ਅਨੁਸਾਰ “ਦੱਖਣੀ ਅਫ਼ਰੀਕਾ ਵਿਚ ਰਹਿਣ ਵਾਲੇ ਹਰ ਚਾਰ ਲੋਕਾਂ ਵਿੱਚੋਂ ਇਕ ਜਣਾ ਸ਼ਰਾਬ ਜਾਂ ਨਸ਼ੀਲੇ ਪਦਾਰਥਾਂ ਦਾ ਆਦੀ ਹੈ।”

ਸਮਾਜਕ ਉੱਨਤੀ ਲਈ ਯੂ. ਐੱਨ. ਰਿਸਰਚ ਸੰਸਥਾ ਨੇ ਕਿਹਾ ਕਿ “ਨਸ਼ੀਲੇ ਪਦਾਰਥ ਬਣਾਉਣ ਵਾਲਿਆਂ ਨੇ ਅਤੇ ਵੇਚਣ ਵਾਲਿਆਂ ਨੇ . . . ਪੂਰੀ ਦੁਨੀਆਂ ਵਿਚ ਆਪਣਾ ਜਾਲ ਫੈਲਾਇਆ ਹੋਇਆ ਹੈ ਅਤੇ ਨਸ਼ੀਲੇ ਪਦਾਰਥਾਂ ਦੀ ਵਿੱਕਰੀ ਤੋਂ ਹੋਣ ਵਾਲੇ ਮੁਨਾਫ਼ੇ ਦਾ ਬਹੁਤ ਸਾਰਾ ਹਿੱਸਾ ਅਜਿਹੀਆਂ ਵਿੱਤੀ ਸੰਸਥਾਵਾਂ ਵਿਚ ਲਗਾਉਂਦੇ ਹਨ ਜਿਹੜੀਆਂ ਪੂਰੀ ਰਾਜ਼ਦਾਰੀ ਅਤੇ ਆਕਰਸ਼ਕ ਨਫ਼ਾ ਪੇਸ਼ ਕਰਦੀਆਂ ਹਨ। . . . ਨਸ਼ੀਲੇ ਪਦਾਰਥ ਵੇਚਣ ਵਾਲੇ ਆਪਣੇ ਕਾਲੇ ਧਨ ਨੂੰ ਜਾਇਜ਼ ਬਣਾਉਣ ਲਈ ਕੰਪਿਊਟਰ ਨੈੱਟਵਰਕ ਰਾਹੀਂ ਬਿਨਾਂ ਕਿਸੇ ਰਾਸ਼ਟਰੀ ਰੋਕ-ਟੋਕ ਦੇ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਪਹੁੰਚਾ ਸਕਦੇ ਹਨ।”

ਇਸ ਤਰ੍ਹਾਂ ਲੱਗਦਾ ਹੈ ਕਿ ਬਹੁਤ ਸਾਰੇ ਅਮਰੀਕੀ ਲੋਕ ਰੋਜ਼ਾਨਾ ਕੋਕੀਨ ਨੂੰ ਅਣਜਾਣੇ ਵਿਚ ਹੱਥ ਲਾਉਂਦੇ ਹਨ। ਡਿਸਕਵਰ ਨਾਮਕ ਰਸਾਲੇ ਦੇ ਇਕ ਲੇਖ ਨੇ ਦੱਸਿਆ ਕਿ ਜ਼ਿਆਦਾਤਰ ਅਮਰੀਕੀ ਡਾਲਰਾਂ ਉੱਤੇ ਕੋਕੀਨ ਲੱਗੀ ਹੁੰਦੀ ਹੈ।

ਹਕੀਕਤ ਤਾਂ ਇਹ ਹੈ ਕਿ ਅੱਜ ਇਲਾਜ ਵਿਚ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਦਵਾਈਆਂ ਅਤੇ ਗ਼ੈਰ-ਕਾਨੂੰਨੀ ਨਸ਼ੀਲੀਆਂ ਦਵਾਈਆਂ ਦਾ ਸੇਵਨ ਬਹੁਤ ਆਮ ਹੋ ਗਿਆ ਹੈ ਅਤੇ ਬਹੁਤ ਸਾਰੇ ਲੋਕ ਇਨ੍ਹਾਂ ਨੂੰ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਮੰਨਦੇ ਹਨ। ਪਰ ਇੱਥੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਜਦ ਕਿ ਗ਼ੈਰ-ਕਾਨੂੰਨੀ ਨਸ਼ੀਲੀਆਂ ਦਵਾਈਆਂ, ਤਮਾਖੂ ਅਤੇ ਸ਼ਰਾਬ ਦੁਆਰਾ ਹੋਣ ਵਾਲੇ ਨੁਕਸਾਨਾਂ ਬਾਰੇ ਇੰਨੇ ਵਿਆਪਕ ਤੌਰ ਤੇ ਪ੍ਰਚਾਰ ਕੀਤਾ ਜਾ ਰਿਹਾ ਹੈ, ਤਾਂ ਫਿਰ ਲੋਕ ਕਿਉਂ ਇਨ੍ਹਾਂ ਦਾ ਸੇਵਨ ਕਰਦੇ ਹਨ? ਇਸ ਸਵਾਲ ਤੇ ਚਰਚਾ ਕਰਦੇ ਸਮੇਂ ਚੰਗਾ ਹੋਵੇਗਾ ਜੇ ਅਸੀਂ ਇਸ ਗੱਲ ਤੇ ਵੀ ਵਿਚਾਰ ਕਰੀਏ ਕਿ ਨਸ਼ੀਲੇ ਪਦਾਰਥਾਂ ਦੇ ਬਾਰੇ ਸਾਡੀ ਆਪਣੀ ਕੀ ਰਾਇ ਹੈ।

[ਫੁਟਨੋਟ]

^ ਪੈਰਾ 5 ਬਿਨਾਂ ਰੁੱਕੇ ਹੱਦੋਂ ਵਧ ਸ਼ਰਾਬ ਪੀਣ ਦਾ ਮਤਲਬ ਹੈ ਕਿ ‘ਮੁੰਡੇ ਇਕ ਤੋਂ ਬਾਅਦ ਇਕ ਪੰਜ ਜਾਂ ਉਸ ਤੋਂ ਜ਼ਿਆਦਾ ਪੈੱਗ ਜਾਂ ਬੀਅਰ ਦੀਆਂ ਬੋਤਲਾਂ ਪੀਂਦੇ ਹਨ ਤੇ ਕੁੜੀਆਂ ਚਾਰ ਜਾਂ ਇਸ ਤੋਂ ਜ਼ਿਆਦਾ।’

[ਸਫ਼ਾ 3 ਉੱਤੇ ਤਸਵੀਰ]

ਬਹੁਤ ਸਾਰੇ ਕਾਲਜ ਕੈਂਪਸਾਂ ਵਿਚ ਬਿਨਾਂ ਰੁੱਕੇ ਹੱਦੋਂ ਵੱਧ ਸ਼ਰਾਬ ਪੀਣੀ ਇਕ ਗੰਭੀਰ ਸਮੱਸਿਆ ਹੈ

[ਸਫ਼ਾ 5 ਉੱਤੇ ਤਸਵੀਰ]

ਬਹੁਤ ਸਾਰੇ ਲੋਕ ਸਿਗਰਟਾਂ ਅਤੇ “ਮਨੋਰੰਜਨ” ਲਈ ਖਾਧੀਆਂ ਜਾਂਦੀਆਂ ਨਸ਼ੀਲੀਆਂ ਦਵਾਈਆਂ ਨੂੰ ਨੁਕਸਾਨ-ਰਹਿਤ ਸਮਝਦੇ ਹਨ