Skip to content

Skip to table of contents

ਸਿਆਣਿਆਂ ਲੋਕਾਂ ਬਾਰੇ ਸਹੀ ਅਤੇ ਗ਼ਲਤ ਵਿਚਾਰ

ਸਿਆਣਿਆਂ ਲੋਕਾਂ ਬਾਰੇ ਸਹੀ ਅਤੇ ਗ਼ਲਤ ਵਿਚਾਰ

ਸਿਆਣਿਆਂ ਲੋਕਾਂ ਬਾਰੇ ਸਹੀ ਅਤੇ ਗ਼ਲਤ ਵਿਚਾਰ

ਬਿਰਧ ਲੋਕਾਂ ਬਾਰੇ ਬਹੁਤ ਸਾਰੇ ਗ਼ਲਤ ਵਿਚਾਰ ਪਾਏ ਜਾਂਦੇ ਹਨ। ਇਸ ਲਈ ਵਿਸ਼ਵ ਸਿਹਤ ਸੰਗਠਨ ਦੇ ਬੁਢਾਪਾ ਅਤੇ ਸਿਹਤ-ਸੰਭਾਲ ਪ੍ਰੋਗ੍ਰਾਮ ਨੇ ਇਕ ਪੁਸਤਕ ਛਾਪੀ ਹੈ ਜਿਸ ਵਿਚ ਇਨ੍ਹਾਂ ਵਿਚਾਰਾਂ ਨੂੰ ਗ਼ਲਤ ਸਾਬਤ ਕੀਤਾ ਗਿਆ ਹੈ। ਇਸ ਪੁਸਤਕ ਵਿੱਚੋਂ ਕੁਝ ਗੱਲਾਂ ਉੱਤੇ ਗੌਰ ਕਰੋ।

ਗ਼ਲਤ: ਜ਼ਿਆਦਾ ਬਿਰਧ ਲੋਕ ਅਮੀਰ ਦੇਸ਼ਾਂ ਵਿਚ ਰਹਿੰਦੇ ਹਨ।

ਸਹੀ: ਦੁਨੀਆਂ ਭਰ ਵਿਚ 58 ਕਰੋੜ ਬਿਰਧ ਲੋਕ ਹਨ ਅਤੇ ਇਨ੍ਹਾਂ ਵਿੱਚੋਂ 60 ਫੀ ਸਦੀ ਤੋਂ ਜ਼ਿਆਦਾ ਗ਼ਰੀਬ ਦੇਸ਼ਾਂ ਵਿਚ ਰਹਿੰਦੇ ਹਨ। ਇਨ੍ਹਾਂ ਦੇਸ਼ਾਂ ਵਿਚ ਹੁਣ ਬਿਹਤਰ ਸਿਹਤ ਸੰਭਾਲ, ਜ਼ਿਆਦਾ ਸਫ਼ਾਈ, ਬਿਹਤਰ ਘਰਬਾਰ, ਅਤੇ ਚੰਗਾ ਖਾਣਾ ਮਿਲਣ ਕਰਕੇ ਲੋਕ ਜ਼ਿਆਦਾ ਚਿਰ ਜੀ ਰਹੇ ਹਨ।

ਗ਼ਲਤ: ਸਿਆਣੇ ਲੋਕ ਦੂਸਰਿਆਂ ਦੀ ਮਦਦ ਕਰਨ ਲਈ ਕੁਝ ਵੀ ਨਹੀਂ ਕਰ ਸਕਦੇ।

ਸਹੀ: ਸਿਆਣੇ ਲੋਕ ਸਾਡੀ ਬਹੁਤ ਮਦਦ ਕਰਦੇ ਹਨ। ਕੁਝ ਕੰਮਾਂ ਲਈ ਤਾਂ ਉਨ੍ਹਾਂ ਨੂੰ ਕੋਈ ਪੈਸਾ ਵੀ ਨਹੀਂ ਮਿਲਦਾ। ਉਦਾਹਰਣ ਲਈ, ਅੰਦਾਜ਼ਾ ਲਾਇਆ ਗਿਆ ਹੈ ਕਿ ਅਮਰੀਕਾ ਵਿਚ ਕੁਝ 20 ਲੱਖ ਬੱਚਿਆਂ ਦੀ ਦੇਖ-ਭਾਲ ਉਨ੍ਹਾਂ ਦੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਕਰਦੇ ਹਨ। ਇਸ ਗਿਣਤੀ ਵਿੱਚੋਂ 12 ਲੱਖ ਆਪਣੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਦੇ ਨਾਲ ਰਹਿੰਦੇ ਹਨ। ਇਸ ਦਾ ਮਤਲਬ ਹੈ ਕਿ ਉਹ ਇਨ੍ਹਾਂ ਬੱਚਿਆਂ ਨੂੰ ਖਿਲਾਉਂਦੇ-ਪਿਲਾਉਂਦੇ ਹਨ, ਸਭਿਆਚਾਰ ਬਾਰੇ ਅਤੇ ਹੋਰ ਚੰਗੀਆਂ ਗੱਲਾਂ ਸਿਖਾਉਂਦੇ ਹਨ, ਯਾਨੀ ਉਹ ਉਨ੍ਹਾਂ ਦੀ ਪੂਰੀ ਦੇਖ-ਭਾਲ ਕਰਦੇ ਹਨ ਜਦ ਕਿ ਬੱਚਿਆਂ ਦੇ ਮਾਪੇ ਕੰਮ ਤੇ ਜਾਂਦੇ ਹਨ। ਅਮੀਰ ਦੇਸ਼ਾਂ ਵਿਚ ਕਈ ਵਲੰਟੀਅਰ ਸੰਸਥਾਵਾਂ ਸਿਰਫ਼ ਬਿਰਧ ਲੋਕਾਂ ਦੀ ਮਦਦ ਨਾਲ ਹੀ ਚੱਲਦੀਆਂ ਹਨ। ਇਸ ਤੋਂ ਇਲਾਵਾ ਸਿਆਣੇ ਲੋਕ ਹੋਰਨਾਂ ਨੂੰ ਵੀ ਬਹੁਤ ਦਿਲਾਸਾ ਅਤੇ ਸਹਾਰਾ ਦਿੰਦੇ ਹਨ। ਕਈ ਗ਼ਰੀਬ ਦੇਸ਼ਾਂ ਵਿਚ ਕੁਝ 30 ਫੀ ਸਦੀ ਲੋਕਾਂ ਨੂੰ ਏਡਜ਼ ਦੀ ਬੀਮਾਰੀ ਲੱਗੀ ਹੋਈ ਹੈ। ਇਨ੍ਹਾਂ ਲੋਕਾਂ ਦੇ ਬਿਰਧ ਮਾਪੇ ਇਨ੍ਹਾਂ ਦੀ ਦੇਖ-ਭਾਲ ਕਰਦੇ ਹਨ। ਬੀਮਾਰੀ ਕਰਕੇ ਜਦੋਂ ਇਹ ਮਰ ਜਾਂਦੇ ਹਨ ਤਾਂ ਬਿਰਧ ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਦੀ ਪਰਵਰਿਸ਼ ਕਰਨੀ ਪੈਂਦੀ ਹੈ।

ਗ਼ਲਤ: ਸਿਆਣੇ ਲੋਕ ਇਸ ਲਈ ਨੌਕਰੀ ਛੱਡ ਦਿੰਦੇ ਹਨ ਕਿਉਂਕਿ ਉਨ੍ਹਾਂ ਕੋਲੋਂ ਹੁਣ ਕੰਮ ਨਹੀਂ ਹੁੰਦਾ।

ਸਹੀ: ਅਕਸਰ ਥੋੜ੍ਹੀ ਪੜ੍ਹਾਈ ਜਾਂ ਸਿੱਖਿਆ ਮਿਲਣ ਕਰਕੇ ਉਨ੍ਹਾਂ ਨੂੰ ਕੰਮ ਛੱਡਣਾ ਪੈਂਦਾ ਹੈ। ਜਾਂ ਫਿਰ ਕਈ ਸੋਚਦੇ ਹਨ ਕਿ ਬਿਰਧ ਲੋਕ ਇਹ ਕੰਮ ਨਹੀਂ ਕਰ ਸਕਦੇ ਜਾਂ ਉਨ੍ਹਾਂ ਨੂੰ ਨੌਕਰੀ ਦੇਣੀ ਨਹੀਂ ਚਾਹੁੰਦੇ।

ਗ਼ਲਤ: ਸਿਆਣੇ ਲੋਕ ਕੰਮ ਨਹੀਂ ਕਰਨਾ ਚਾਹੁੰਦੇ।

ਸਹੀ: ਸਿਆਣਿਆਂ ਨੂੰ ਕੰਮ ਦਿੱਤਾ ਨਹੀਂ ਜਾਂਦਾ ਭਾਵੇਂ ਉਹ ਆਪ ਚਾਹੁੰਦੇ ਹੋਣ ਕਿ ਉਨ੍ਹਾਂ ਨੂੰ ਨੌਕਰੀ ਮਿਲੇ। ਖ਼ਾਸ ਕਰਕੇ ਜਦ ਨੌਕਰੀਆਂ ਦੀ ਘਾਟ ਹੁੰਦੀ ਹੈ, ਤਾਂ ਸਿਆਣਿਆਂ ਨੂੰ ਕਿਹਾ ਜਾਂਦਾ ਹੈ ਕਿ ਉਹ ਨੌਕਰੀ ਛੱਡ ਦੇਣ ਤਾਂਕਿ ਜਵਾਨ ਲੋਕਾਂ ਨੂੰ ਨੌਕਰੀ ਦਿੱਤੀ ਜਾ ਸਕੇ। ਪਰ ਇਸ ਦਾ ਇਹ ਮਤਲਬ ਨਹੀਂ ਕਿ ਨੌਜਵਾਨਾਂ ਨੂੰ ਉਹ ਨੌਕਰੀ ਮਿਲ ਜਾਂਦੀ ਹੈ। ਨੌਕਰੀ ਭਾਲਦੇ ਹੋਏ ਇਕ ਜਵਾਨ ਕੋਲ ਸ਼ਾਇਦ ਇੰਨੀ ਜਾਣਕਾਰੀ ਨਾ ਹੋਵੇ ਜਿੰਨੀ ਸਿਆਣੇ ਵਿਅਕਤੀ ਕੋਲ ਹੁੰਦੀ ਹੈ ਜਿਸ ਨੇ ਕਈ ਸਾਲਾਂ ਤੋਂ ਉਹ ਨੌਕਰੀ ਕੀਤੀ ਹੋਵੇ। ਸਿਆਣੇ ਕਾਮੇ ਬਹੁਤ ਹੀ ਮਿਹਨਤੀ ਹੁੰਦੇ ਹਨ ਅਤੇ ਉਨ੍ਹਾਂ ਕਰਕੇ ਕੰਮ ਚੱਲਦਾ ਰਹਿੰਦਾ ਹੈ।

ਵਿਸ਼ਵ ਸਿਹਤ ਸੰਗਠਨ ਕਹਿੰਦਾ ਹੈ ਕਿ ਇਨ੍ਹਾਂ ਗੱਲਾਂ ਨੂੰ ਚੇਤੇ ਰੱਖਦੇ ਹੋਏ ਸਾਰਿਆਂ ਨੂੰ ਸਿਆਣਿਆਂ ਦੀ ਕਦਰ ਕਰਨੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਦੇ ਤਜਰਬੇ ਤੋਂ ਕਾਫ਼ੀ ਕੁਝ ਸਿੱਖਿਆ ਜਾ ਸਕਦਾ ਹੈ। ਇਸ ਪ੍ਰੋਗ੍ਰਾਮ ਦਾ ਮੋਹਰੀ ਅਲੈੱਕਸੰਡਰ ਕਾਲਾਸ਼ ਕਹਿੰਦਾ ਹੈ ਕਿ ‘ਦੁਨੀਆਂ ਭਰ ਵਿਚ ਸਿਆਣਿਆਂ ਨੂੰ ਇਕ ਸਮੱਸਿਆ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ ਲੇਕਿਨ ਸਮੱਸਿਆ ਦਾ ਹੱਲ ਕਰਨ ਵਿਚ ਉਨ੍ਹਾਂ ਨੂੰ ਮਦਦਗਾਰਾਂ ਵਜੋਂ ਸਮਝਣਾ ਚਾਹੀਦਾ ਹੈ।’ ਇਹ ਇਕ ਅਸਲੀਅਤ ਹੈ।