ਇਕ ਅਫ਼ਰੀਕੀ ਸ਼ਹਿਰ ਜਿੱਥੇ ਪੂਰਬ ਤੇ ਪੱਛਮ ਦਾ ਮੇਲ ਹੁੰਦਾ ਹੈ
ਇਕ ਅਫ਼ਰੀਕੀ ਸ਼ਹਿਰ ਜਿੱਥੇ ਪੂਰਬ ਤੇ ਪੱਛਮ ਦਾ ਮੇਲ ਹੁੰਦਾ ਹੈ
ਦੱਖਣੀ ਅਫ਼ਰੀਕਾ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ
ਡਰਬਨ ਸ਼ਹਿਰ ਦੀਆਂ ਸੜਕਾਂ ਕਿੰਨਾ ਰੰਗ-ਬਰੰਗਾ ਨਜ਼ਾਰਾ ਪੇਸ਼ ਕਰਦੀਆਂ ਹਨ! ਤੁਸੀਂ ਕਈਆਂ ਨੂੰ, ਖ਼ਾਸਕਰ ਨੌਜਵਾਨਾਂ ਨੂੰ ਪੱਛਮੀ ਪਹਿਰਾਵਾ ਪਹਿਨੇ ਹੋਏ ਦੇਖੋਗੇ। ਪਰ ਤੁਸੀਂ ਕਈ ਅੱਧਖੜ ਉਮਰ ਦੀਆਂ ਜ਼ੂਲੂ ਔਰਤਾਂ ਨੂੰ ਲੰਮੇ-ਲੰਮੇ ਸੋਹਣੇ ਲਿਬਾਸ ਪਹਿਨੇ ਅਤੇ ਆਪਣੇ ਸਿਰਾਂ ਉੱਤੇ ਰੰਗ-ਬਰੰਗੇ ਸਕਾਰਫ਼ ਬੰਨ੍ਹੇ ਵੀ ਦੇਖੋਗੇ। ਇਸ ਤੋਂ ਇਲਾਵਾ, ਤੁਹਾਨੂੰ ਸਾੜੀਆਂ ਜਾਂ ਸਲਵਾਰ-ਕਮੀਜ਼ ਵਿਚ ਭਾਰਤੀ ਔਰਤਾਂ ਵੀ ਨਜ਼ਰ ਆਉਣਗੀਆਂ। ਸਮੁੰਦਰੀ ਕਿਨਾਰਿਆਂ ਤੇ ਤੁਹਾਨੂੰ ਰਿਕਸ਼ਾ ਖਿੱਚਦੇ ਜ਼ੂਲੂ ਆਦਮੀ ਮਿਲਣਗੇ ਜਿਨ੍ਹਾਂ ਨੇ ਬਹੁਤ ਹੀ ਰੰਗ-ਬਰੰਗੇ ਤੇ ਅਨੋਖੇ ਕੱਪੜੇ ਪਾਏ ਹੋਏ ਹਨ। ਜੀ ਹਾਂ, ਡਰਬਨ ਸੱਚ-ਮੁੱਚ ਇਕ ਅਨੋਖਾ ਅਫ਼ਰੀਕੀ ਸ਼ਹਿਰ ਹੈ ਜਿੱਥੇ ਪੂਰਬ ਅਤੇ ਪੱਛਮ ਦਾ ਮੇਲ ਹੁੰਦਾ ਹੈ। ਇਸ ਦਿਲਚਸਪ ਸ਼ਹਿਰ ਦਾ ਇਤਿਹਾਸ ਕੀ ਹੈ?
ਦੱਖਣੀ ਅਫ਼ਰੀਕਾ ਦੇ ਇਸ ਸ਼ਹਿਰ ਡਰਬਨ ਨੂੰ ਵਸੇ ਅਜੇ ਦੋ ਸਦੀਆਂ ਵੀ ਨਹੀਂ ਹੋਈਆਂ ਹਨ। ਸਾਲ 1824 ਵਿਚ ਯੂਰਪੀ ਮੂਲ ਦੇ ਕਰੀਬ 40 ਲੋਕ ਇੱਥੇ ਆ ਕੇ ਵੱਸ ਗਏ ਸਨ। ਉਸ ਸਮੇਂ ਸ਼ਾਕਾ ਨਾਮਕ ਯੋਧਾ ਰਾਜੇ ਦੇ ਸ਼ਕਤੀਸ਼ਾਲੀ ਜ਼ੂਲੂ ਰਾਜ ਦੀ ਰਾਜਧਾਨੀ ਡਰਬਨ ਸ਼ਹਿਰ ਦੇ ਉੱਤਰ ਵਿਚ ਸਥਿਤ ਸੀ। ਦੋ ਦਹਾਕਿਆਂ ਬਾਅਦ, ਬਰਤਾਨਵੀਆਂ ਨੇ ਡਰਬਨ ਅਤੇ ਇਸ ਦੇ ਨੇੜੇ-ਤੇੜੇ ਦੇ ਅੰਦਰੂਨੀ ਇਲਾਕਿਆਂ ਉੱਤੇ ਆਪਣਾ ਕਬਜ਼ਾ ਜਮਾ ਲਿਆ। ਇਨ੍ਹਾਂ ਨਵੇਂ ਆਏ ਪਰਦੇਸੀਆਂ ਅਤੇ ਜ਼ੂਲੂਆਂ ਵਿਚਕਾਰ 19ਵੀਂ ਸਦੀ ਦੌਰਾਨ ਕਈ ਲੜਾਈਆਂ ਹੋਈਆਂ।
ਇਸ ਸਮੇਂ ਦੌਰਾਨ, ਇੱਥੇ ਆ ਕੇ ਵਸੇ ਅੰਗ੍ਰੇਜ਼ਾਂ ਨੇ ਦੇਖਿਆ ਕਿ ਤਟਵਰਤੀ ਇਲਾਕੇ ਵਿਚ ਕਮਾਦ ਦੀ ਫ਼ਸਲ ਬਹੁਤ ਹੁੰਦੀ ਸੀ। ਇਸ ਲਈ, ਉਨ੍ਹਾਂ ਨੇ ਕਮਾਦ ਦੇ ਖੇਤਾਂ ਵਿਚ ਕੰਮ ਕਰਨ ਲਈ ਭਾਰਤ ਤੋਂ ਕਾਮੇ ਮੰਗਵਾਏ ਜੋ ਉਦੋਂ ਇਕ ਬਰਤਾਨਵੀ ਬਸਤੀ ਸੀ। ਸਾਲ 1860 ਅਤੇ 1911 ਦੌਰਾਨ, ਤਕਰੀਬਨ 1,50,000 ਭਾਰਤੀ ਡਰਬਨ ਆਏ। ਸਿੱਟੇ ਵਜੋਂ, ਅੱਜ ਮਹਾਂਨਗਰ ਡਰਬਨ ਦੀ ਆਬਾਦੀ 30 ਲੱਖ ਤੋਂ ਜ਼ਿਆਦਾ ਹੈ ਜਿਸ ਵਿਚ ਧਰਤੀ ਦੇ ਤਿੰਨ ਅਲੱਗ-ਅਲੱਗ ਭਾਗਾਂ ਦੇ ਲੋਕ ਸ਼ਾਮਲ ਹਨ—ਮੂਲ ਨਿਵਾਸੀ ਜ਼ੂਲੂ, ਭਾਰਤ ਤੋਂ ਆਏ ਏਸ਼ੀਆਈ ਲੋਕ ਅਤੇ ਬਰਤਾਨਵੀ ਤੇ ਪੱਛਮੀ-ਯੂਰਪੀ ਮੂਲ ਦੇ ਲੋਕ।
ਇਸ ਸ਼ਹਿਰ ਦੀਆਂ ਹੋਰ ਵੀ ਕਈ ਦਿਲਚਸਪ ਖ਼ਾਸੀਅਤਾਂ ਹਨ। ਇਸ ਲੇਖ ਵਿਚ ਦਿੱਤੀ ਤਸਵੀਰ ਤੋਂ ਤੁਸੀਂ ਦੇਖ ਸਕਦੇ
ਹੋ ਕਿ ਇੱਥੇ ਇਕ ਕੁਦਰਤੀ ਬੰਦਰਗਾਹ ਹੈ ਜਿਸ ਨੂੰ ਇਕ ਲੰਬੀ ਤੇ ਉੱਚੀ ਚਟਾਨ ਹਿੰਦ ਸਾਗਰ ਦੇ ਤੂਫ਼ਾਨਾਂ ਦੀ ਮਾਰ ਤੋਂ ਸੁਰੱਖਿਅਤ ਰੱਖਦੀ ਹੈ। ਇਹ ਸੋਹਣੀ ਚਟਾਨ 300 ਫੁੱਟ ਤੋਂ ਜ਼ਿਆਦਾ ਉੱਚੀ ਹੈ ਅਤੇ ਪੇੜ-ਪੌਦਿਆਂ ਨਾਲ ਢਕੀ ਹੋਈ ਹੈ। ਹਰ ਰੋਜ਼ ਵੱਡੇ-ਵੱਡੇ ਜਹਾਜ਼ ਇਸ ਸੁਰੱਖਿਅਤ ਕੁਦਰਤੀ ਬੰਦਰਗਾਹ ਤੇ ਆਉਂਦੇ ਹਨ। ਡਿਸਕਵਰੀ ਗਾਈਡ ਟੂ ਸਦਰਨ ਐਫ਼੍ਰੀਕਾ ਨਾਮਕ ਕਿਤਾਬ ਦੱਸਦੀ ਹੈ ਕਿ ਡਰਬਨ “ਅਫ਼ਰੀਕਾ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਜ਼ਿਆਦਾ ਆਵਾਜਾਈ ਵਾਲੀ ਬੰਦਰਗਾਹ ਹੈ ਅਤੇ ਇਹ ਦੁਨੀਆਂ ਦੀਆਂ ਬੰਦਰਗਾਹਾਂ ਵਿੱਚੋਂ ਨੌਵੇਂ ਨੰਬਰ ਤੇ ਹੈ।” ਸੈਲਾਨੀ ਸਮੁੰਦਰ ਦੇ ਤੱਤੇ ਪਾਣੀਆਂ ਦਾ ਆਨੰਦ ਮਾਣਨ ਲਈ ਡਰਬਨ ਦੇ ਸੋਹਣੇ ਤੱਟਾਂ ਵੱਲ ਖਿੱਚੇ ਚਲੇ ਆਉਂਦੇ ਹਨ। ਸਮੁੰਦਰ ਵਿਚ ਸ਼ਾਰਕ ਰੋਧਕ ਮਜ਼ਬੂਤ ਜਾਲ ਲੱਗੇ ਹੋਣ ਕਰਕੇ ਲੋਕ ਬਿਨਾਂ ਕਿਸੇ ਡਰ ਦੇ ਸਰਫ਼ਿੰਗ ਕਰ ਸਕਦੇ ਹਨ ਅਤੇ ਪਾਣੀ ਵਿਚ ਖੇਡ ਸਕਦੇ ਹਨ।ਪਰ ਬਾਈਬਲ ਦੇ ਪ੍ਰੇਮੀ ਇਕ ਹੋਰ ਕਾਰਨ ਕਰਕੇ ਵੀ ਇਸ ਸ਼ਹਿਰ ਵਿਚ ਦਿਲਚਸਪੀ ਰੱਖਦੇ ਹਨ। ਬਾਈਬਲ ਸਟੂਡੈਂਟਸ, ਜਿਨ੍ਹਾਂ ਨੂੰ ਹੁਣ ਯਹੋਵਾਹ ਦੇ ਗਵਾਹ ਕਿਹਾ ਜਾਂਦਾ ਹੈ, ਨੇ ਇੱਥੇ 1910 ਵਿਚ ਆਪਣਾ ਸ਼ਾਖ਼ਾ ਦਫ਼ਤਰ ਖੋਲ੍ਹਿਆ ਸੀ। ਫਿਰ ਉਨ੍ਹਾਂ ਨੇ ਅਪ੍ਰੈਲ 1914 ਵਿਚ ਡਰਬਨ ਵਿਚ ਅਫ਼ਰੀਕਾ ਦਾ ਪਹਿਲਾ ਸੰਮੇਲਨ ਆਯੋਜਿਤ ਕੀਤਾ। ਉਦੋਂ ਕੁਝ 50 ਲੋਕ ਹਾਜ਼ਰ ਹੋਏ ਸਨ ਜਿਨ੍ਹਾਂ ਵਿੱਚੋਂ ਕੁਝ ਲੋਕ ਦੱਖਣੀ ਅਫ਼ਰੀਕਾ ਦੇ ਦੂਰ-ਦੁਰਾਡੇ ਇਲਾਕਿਆਂ ਤੋਂ ਆਏ ਸਨ। ਉਸ ਮਹੱਤਵਪੂਰਣ ਸੰਮੇਲਨ ਵਿਚ 16 ਨਵੇਂ ਉਪਾਸਕਾਂ ਨੇ ਬਪਤਿਸਮਾ ਲਿਆ ਸੀ। ਹਾਜ਼ਰ ਹੋਏ ਲੋਕਾਂ ਵਿੱਚੋਂ ਕਈ ਮਸਹ ਕੀਤੇ ਹੋਏ ਮਸੀਹੀ ਵੀ ਸਨ ਜਿਹੜੇ ਆਪਣੀ ਮੌਤ ਤਕ ਵਫ਼ਾਦਾਰ ਰਹੇ। ਇਨ੍ਹਾਂ ਵਿੱਚੋਂ ਇਕ ਸੀ ਵਿਲਿਅਮ ਡਬਲਯੂ. ਜੌਂਸਟਨ, ਜਿਹੜੇ ਅਫ਼ਰੀਕਾ ਵਿਚ ਪਹਿਲੇ ਸ਼ਾਖ਼ਾ ਦਫ਼ਤਰ ਦੇ ਓਵਰਸੀਅਰ ਸਨ।
ਸਾਲ 1914 ਤੋਂ ਲੈ ਕੇ ਹੁਣ ਤਕ ਯਹੋਵਾਹ ਦੇ ਗਵਾਹਾਂ ਨੇ ਡਰਬਨ ਵਿਚ ਬਹੁਤ ਸਾਰੇ ਸੰਮੇਲਨ ਆਯੋਜਿਤ ਕੀਤੇ ਹਨ। ਦਸੰਬਰ 2000 ਵਿਚ ਇੱਥੇ “ਪਰਮੇਸ਼ੁਰ ਦੇ ਬਚਨ ਉੱਤੇ ਅਮਲ ਕਰਨ ਵਾਲੇ” ਦੋ ਸੰਮੇਲਨਾਂ ਵਿਚ ਲਗਭਗ 14,848 ਲੋਕ ਹਾਜ਼ਰ ਹੋਏ ਸਨ ਅਤੇ 278 ਨਵੇਂ ਵਿਅਕਤੀਆਂ ਨੇ ਬਪਤਿਸਮਾ ਲਿਆ ਸੀ। ਉਸ ਸੰਮੇਲਨ ਵਿਚ ਆਏ ਕਈ ਭਾਰਤੀ ਪਰਿਵਾਰਾਂ ਵਿੱਚੋਂ ਇਕ ਪਰਿਵਾਰ ਉੱਤੇ ਗੌਰ ਕਰੋ। ਦਸ ਸਾਲ ਪਹਿਲਾਂ ਐਲਨ ਆਪਣੀ ਕੁੜੀ ਸੋਮਾਸ਼ੀਨੀ ਦੀ ਬਦੌਲਤ ਪਹਿਲੀ ਵਾਰ ਬਾਈਬਲ ਸੱਚਾਈ ਦੇ ਸੰਪਰਕ ਵਿਚ ਆਇਆ ਸੀ। ਐਲਨ ਉਦੋਂ ਸ਼ਰਾਬ ਛੱਡਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਜ਼ਿੰਦਗੀ ਦਾ ਮਕਸਦ ਭਾਲ ਰਿਹਾ ਸੀ। ਸੋਮਾਸ਼ੀਨੀ, ਜੋ ਉਦੋਂ ਸਿਰਫ਼ ਤਿੰਨਾਂ ਸਾਲਾਂ ਦੀ ਸੀ, ਆਪਣੇ ਗੁਆਂਢੀ ਦੇ ਘਰੋਂ ਇਕ ਕਿਤਾਬ ਚੁੱਕ ਲਿਆਈ ਤੇ ਆਪਣੇ ਪਿਤਾ ਜੀ ਨੂੰ ਦੇ ਦਿੱਤੀ। ਇਸ ਦਾ ਵਿਸ਼ਾ ਸੀ ਸੱਚੀ ਸ਼ਾਂਤੀ ਅਤੇ ਸੁਰੱਖਿਆ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ? (ਅੰਗ੍ਰੇਜ਼ੀ)। ਇਸ ਵਿਸ਼ੇ ਨੂੰ ਪੜ੍ਹ ਕੇ ਐਲਨ ਦੀ ਇਕਦਮ ਦਿਲਚਸਪੀ ਜਾਗ ਉੱਠੀ। ਉਸ ਨੂੰ ਕਿਤਾਬ ਪੜ੍ਹ ਕੇ ਬੜਾ ਆਨੰਦ ਮਿਲਿਆ ਅਤੇ ਉਹ ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਜਾਣ ਲੱਗ ਪਿਆ। ਬਾਈਬਲ ਦੀ ਸਿੱਖਿਆ ਮੁਤਾਬਕ ਚੱਲਦੇ ਹੋਏ, ਉਸ ਨੇ ਸੋਮਾਸ਼ੀਨੀ ਦੀ ਮਾਂ ਨਾਲ ਵਿਆਹ ਕਰਾ ਲਿਆ ਜਿਸ ਨਾਲ ਉਹ ਪਹਿਲਾਂ ਬਿਨਾਂ ਵਿਆਹ ਕੀਤੇ ਹੀ ਰਹਿ ਰਿਹਾ ਸੀ। ਜਲਦੀ ਹੀ ਉਸ ਦੀ ਪਤਨੀ ਰਾਣੀ ਵੀ ਬਾਈਬਲ ਵਿਚ ਦਿਲਚਸਪੀ ਲੈਣ ਲੱਗ ਪਈ ਅਤੇ ਉਹ ਵੀ ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਜਾਣ ਲੱਗ ਪਈ। ਉਸ ਸਮੇਂ, ਉਹ ਰਾਣੀ ਦੇ ਮਾਪਿਆਂ ਨਾਲ ਰਹਿ ਰਹੇ ਸਨ ਜਿਹੜੇ ਈਸਾਈ-ਜਗਤ ਦੇ ਇਕ ਗਿਰਜੇ ਦੇ ਮੈਂਬਰ ਸਨ। ਉਨ੍ਹਾਂ ਨੇ ਰਾਣੀ ਤੇ ਐਲਨ ਦੇ ਨਵੇਂ ਧਰਮ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਨੂੰ ਫ਼ੈਸਲਾ ਕਰਨ ਲਈ ਕਿਹਾ: “ਗਵਾਹਾਂ ਦੇ ਧਰਮ ਨੂੰ ਛੱਡੋ, ਨਹੀਂ ਤਾਂ ਸਾਡੇ ਘਰੋਂ ਨਿਕਲ ਜਾਓ!”
ਐਲਨ ਤੇ ਰਾਣੀ ਨੇ ਘਰ ਛੱਡਣ ਦਾ ਫ਼ੈਸਲਾ ਕੀਤਾ, ਹਾਲਾਂਕਿ ਮਕਾਨ ਮਿਲਣਾ ਸੌਖਾ ਨਹੀਂ ਸੀ। ਪਰ ਉਨ੍ਹਾਂ ਦੇ ਗਵਾਹ ਦੋਸਤਾਂ ਨੇ ਉਨ੍ਹਾਂ ਦੀ ਇਕ ਚੰਗਾ ਘਰ ਲੱਭਣ ਵਿਚ ਮਦਦ ਕੀਤੀ। ਸਾਲ 1992 ਵਿਚ ਐਲਨ ਤੇ ਰਾਣੀ ਬਪਤਿਸਮਾ ਲੈ ਕੇ ਯਹੋਵਾਹ ਦੇ ਗਵਾਹ ਬਣ ਗਏ। ਉਹ ਲਗਾਤਾਰ ਤਰੱਕੀ ਕਰਦੇ ਰਹੇ ਅਤੇ ਅੱਜ ਐਲਨ ਇਕ ਮਸੀਹੀ ਕਲੀਸਿਯਾ ਵਿਚ ਬਜ਼ੁਰਗ ਵਜੋਂ ਸੇਵਾ ਕਰਦਾ ਹੈ।
ਅੱਜ ਮਹਾਂਨਗਰ ਡਰਬਨ ਵਿਚ ਯਹੋਵਾਹ ਦੇ ਗਵਾਹਾਂ ਦੀਆਂ 50 ਤੋਂ ਵੀ ਜ਼ਿਆਦਾ ਕਲੀਸਿਯਾਵਾਂ ਹਨ। ਜ਼ਿਆਦਾਤਰ ਕਲੀਸਿਯਾਵਾਂ ਜ਼ੂਲੂ ਲੋਕਾਂ ਦੀਆਂ ਬਣੀਆਂ ਹੋਈਆਂ ਹਨ। ਪਰੰਤੂ ਕੁਝ ਕਲੀਸਿਯਾਵਾਂ ਵਿਚ, ਖ਼ਾਸਕਰ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਦੀਆਂ ਕਲੀਸਿਯਾਵਾਂ ਵਿਚ ਜ਼ੂਲੂ, ਭਾਰਤੀ ਅਤੇ ਯੂਰਪੀ ਲੋਕ ਵੀ ਹਨ। ਜੇ ਤੁਸੀਂ ਇਨ੍ਹਾਂ ਕਲੀਸਿਯਾਵਾਂ ਦੀਆਂ ਸਭਾਵਾਂ ਵਿਚ ਜਾਓ, ਤਾਂ ਤੁਸੀਂ ਉੱਥੇ ਨਾ ਸਿਰਫ਼ ਪੂਰਬ ਅਤੇ ਪੱਛਮ ਦਾ ਮੇਲ ਦੇਖੋਗੇ ਬਲਕਿ ਇਸ ਤੋਂ ਵੀ ਜ਼ਿਆਦਾ ਕੁਝ ਦੇਖੋਗੇ। ਤੁਸੀਂ ਸ਼ਾਇਦ ਸਭਾਵਾਂ ਵਿਚ ਵਧੀਆ ਕੱਪੜੇ ਪਾਏ ਹੋਏ ਇਕ ਅਫ਼ਰੀਕੀ ਗਵਾਹ ਨੂੰ ਜਾਂ ਇਕ ਭਾਰਤੀ ਗਵਾਹ ਨੂੰ ਜਾਂ ਯੂਰਪੀ ਮੂਲ ਦੇ ਇਕ ਗਵਾਹ ਨੂੰ ਅਗਵਾਈ ਲੈਂਦੇ ਦੇਖੋਗੇ। ਇਕ ਗੱਲ ਪੱਕੀ ਹੈ: ਉੱਥੇ ਮੌਜੂਦ ਲੋਕਾਂ ਵਿਚ ਤੁਹਾਨੂੰ ਇਸ ਗੱਲ ਦਾ ਜੀਉਂਦਾ-ਜਾਗਦਾ ਸਬੂਤ ਮਿਲੇਗਾ ਕਿ ਬਾਈਬਲ ਵਿਚ ਸੱਚ-ਮੁੱਚ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਪੱਕੀ ਤੇ ਨਿੱਘੀ ਦੋਸਤੀ ਦੇ ਬੰਧਨ ਵਿਚ ਬੰਨ੍ਹਣ ਦੀ ਤਾਕਤ ਹੈ।
[ਸਫ਼ਾ 17 ਉੱਤੇ ਤਸਵੀਰ]
ਐਲਨ, ਰਾਣੀ ਅਤੇ ਉਨ੍ਹਾਂ ਦੇ ਬੱਚੇ
[ਸਫ਼ਾ 17 ਉੱਤੇ ਤਸਵੀਰ]
ਕਲੀਸਿਯਾ ਸਭਾਵਾਂ ਸਾਰੀਆਂ ਨਸਲਾਂ ਦੇ ਲੋਕਾਂ ਨੂੰ ਇਕ ਕਰਦੀਆਂ ਹਨ
[ਸਫ਼ਾ 17 ਉੱਤੇ ਤਸਵੀਰ]
ਡਰਬਨ ਦਾ ਸਿਟੀ ਹਾਲ
[ਸਫ਼ਾ 16 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Photos: Courtesy Gonsul Pillay