Skip to content

Skip to table of contents

ਇਤਿਹਾਸਕ ਜੇਲ੍ਹ ਤੋਂ ਨਿਹਚਾ ਦੀਆਂ ਕਹਾਣੀਆਂ

ਇਤਿਹਾਸਕ ਜੇਲ੍ਹ ਤੋਂ ਨਿਹਚਾ ਦੀਆਂ ਕਹਾਣੀਆਂ

ਇਤਿਹਾਸਕ ਜੇਲ੍ਹ ਤੋਂ ਨਿਹਚਾ ਦੀਆਂ ਕਹਾਣੀਆਂ

ਸੰਸਾਰ ਭਰ ਵਿਚ ਕਈ ਸਵੈ-ਸੇਵੀ ਯਹੋਵਾਹ ਦੇ ਗਵਾਹ ਜੇਲ੍ਹਾਂ ਵਿਚ ਉਨ੍ਹਾਂ ਕੈਦੀਆਂ ਦੀ ਮਦਦ ਕਰਦੇ ਹਨ ਜਿਹੜੇ ਪਰਮੇਸ਼ੁਰ ਦੇ ਨੇੜੇ ਜਾਣ ਦੀ ਦਿਲੀ ਇੱਛਾ ਰੱਖਦੇ ਹਨ। ਵੀਹ ਤੋਂ ਜ਼ਿਆਦਾ ਸਾਲਾਂ ਤੋਂ ਅਸੀਂ ਐਟਲਾਂਟਾ, ਜਾਰਜੀਆ, ਯੂ. ਐੱਸ. ਏ. ਦੀ ਜੇਲ੍ਹ ਵਿਚ ਬਾਈਬਲ ਸਿੱਖਿਆ ਪ੍ਰੋਗ੍ਰਾਮ ਚਲਾਉਣ ਵਿਚ ਕਾਫ਼ੀ ਸਫ਼ਲਤਾ ਹਾਸਲ ਕੀਤੀ ਹੈ। ਜੇਲ੍ਹ ਦੇ ਮਾਹੌਲ ਵਿਚ ਬਾਈਬਲ ਸਟੱਡੀ ਕਰਾਉਣੀ ਕੋਈ ਆਸਾਨ ਕੰਮ ਨਹੀਂ ਹੈ। ਸਵੈ-ਸੇਵਕ ਹੋਣ ਦੇ ਨਾਤੇ, ਅਸੀਂ ਬੈਂਕ ਡਕੈਤਾਂ, ਲੁਟੇਰਿਆਂ, ਖ਼ੂਨੀਆਂ, ਨਸ਼ੀਲੇ ਪਦਾਰਥਾਂ ਦੇ ਵਪਾਰੀਆਂ, ਜ਼ਾਅਲਸਾਜ਼ਾਂ ਅਤੇ ਲਿੰਗੀ ਅਪਰਾਧ ਕਰਨ ਵਾਲਿਆਂ ਦੇ ਸੰਪਰਕ ਵਿਚ ਆਏ ਹਾਂ। ਇਹੋ ਜਿਹੇ ਲੋਕਾਂ ਦੀ ਕਿੱਦਾਂ ਮਦਦ ਕੀਤੀ ਜਾਂਦੀ ਹੈ?

ਪਹਿਲਾਂ ਤੁਹਾਨੂੰ ਸ਼ਾਇਦ ਇਹ ਜਾਣਨ ਵਿਚ ਦਿਲਚਸਪੀ ਹੋਵੇਗੀ ਕਿ ਯਹੋਵਾਹ ਦੇ ਗਵਾਹ ਇਸ ਜੇਲ੍ਹ ਵਿਚ ਪਹਿਲੀ ਵਾਰ ਕਦੋਂ ਅਤੇ ਕਿਵੇਂ ਆਏ ਸਨ। ਇਹ 4 ਜੁਲਾਈ 1918 ਦਾ ਦਿਨ ਸੀ। ਅੱਠ ਉੱਘੇ ਮਸੀਹੀ ਪੁਲਸ ਦੀ ਹਿਰਾਸਤ ਵਿਚ ਇਸੇ ਜੇਲ੍ਹ ਦੀਆਂ ਗ੍ਰੇਨਾਈਟ ਦੀਆਂ ਬਣੀਆਂ 15 ਪੌੜੀਆਂ ਚੜ੍ਹੇ ਸਨ। ਆਮ ਮੁਜਰਮਾਂ ਵਾਂਗ ਸ਼ਾਇਦ ਉਨ੍ਹਾਂ ਦੇ ਵੀ ਹੱਥਕੜੀਆਂ ਪਾਈਆਂ ਹੋਈਆਂ ਸਨ ਜਿਹੜੀਆਂ ਕਿ “ਲੱਕ ਨਾਲ ਬੱਝੀਆਂ ਜ਼ੰਜੀਰਾਂ” ਨਾਲ ਜੁੜੀਆਂ ਹੋਈਆਂ ਸਨ। ਸ਼ਾਇਦ ਉਨ੍ਹਾਂ ਦੇ ਪੈਰਾਂ ਵਿਚ ਵੀ ਬੇੜੀਆਂ ਪਾਈਆਂ ਹੋਈਆਂ ਸਨ। ਉਹ ਅਧਿਆਤਮਿਕ ਤੌਰ ਤੇ ਪਰਿਪੱਕ ਵਿਅਕਤੀ ਸਨ ਜੋ ਇੰਟਰਨੈਸ਼ਨਲ ਬਾਈਬਲ ਸਟੂਡੈਂਟਸ, ਜਿਨ੍ਹਾਂ ਨੂੰ ਹੁਣ ਯਹੋਵਾਹ ਦੇ ਗਵਾਹ ਕਿਹਾ ਜਾਂਦਾ ਹੈ, ਦੇ ਕੰਮਾਂ ਵਿਚ ਮੋਹਰੀ ਸਨ। ਉਨ੍ਹਾਂ ਨੂੰ ਬਿਲਕੁਲ ਵੀ ਆਸ ਨਹੀਂ ਸੀ ਕਿ ਉਨ੍ਹਾਂ ਨਾਲ ਹੋਈ ਘੋਰ ਬੇਇਨਸਾਫ਼ੀ ਨੂੰ ਸਿੱਧ ਕਰਨ ਲਈ ਇਕ ਸਾਲ ਤੋਂ ਵੀ ਘੱਟ ਸਮਾਂ ਲੱਗਣਾ ਸੀ। ਮਾਰਚ 1919 ਵਿਚ ਇਹੋ ਅੱਠ ਗਵਾਹ ਜੇਲ੍ਹ ਤੋਂ ਰਿਹਾਅ ਹੋਏ ਅਤੇ ਬਿਨਾਂ ਹੱਥਕੜੀਆਂ ਦੇ ਉਸੇ ਜੇਲ੍ਹ ਦੀਆਂ ਪੌੜੀਆਂ ਤੋਂ ਉੱਤਰੇ ਸਨ। ਬਾਅਦ ਵਿਚ ਜਦੋਂ ਸਰਕਾਰੀ ਅਧਿਕਾਰੀਆਂ ਨੇ ਆਪਣਾ ਮੁਕੱਦਮਾ ਵਾਪਸ ਲੈ ਲਿਆ, ਤਾਂ ਉਨ੍ਹਾਂ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ। *

ਐਟਲਾਂਟਾ ਵਿਚ ਆਪਣੀ ਕੈਦ ਦੌਰਾਨ ਉਨ੍ਹਾਂ ਨੇ ਜੇਲ੍ਹ ਵਿਚ ਬਾਈਬਲ ਅਧਿਐਨ ਕਲਾਸਾਂ ਚਲਾਈਆਂ ਸਨ। ਉਨ੍ਹਾਂ ਅੱਠਾਂ ਵਿੱਚੋਂ ਇਕ ਮਸੀਹੀ, ਏ. ਐੱਚ. ਮਕਮਿਲਨ ਨੇ ਬਾਅਦ ਵਿਚ ਦੱਸਿਆ ਕਿ ਉੱਥੇ ਦਾ ਡਿਪਟੀ ਜੇਲ੍ਹਰ ਪਹਿਲਾਂ-ਪਹਿਲ ਤਾਂ ਉਨ੍ਹਾਂ ਦੇ ਬਹੁਤ ਖ਼ਿਲਾਫ਼ ਸੀ, ਪਰ ਬਾਅਦ ਵਿਚ ਉਹ ਸਾਡੇ ਕੰਮ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਖ਼ੁਸ਼ ਹੋ ਕੇ ਕਿਹਾ: “[ਕੈਦੀਆਂ ਲਈ ਚਲਾਈਆਂ] ਤੁਹਾਡੀਆਂ ਕਲਾਸਾਂ ਤਾਂ ਬਹੁਤ ਕਾਰੀਗਰ ਹਨ!”

ਅੱਜ, 80 ਸਾਲਾਂ ਮਗਰੋਂ ਵੀ ਉਸ ਜੇਲ੍ਹ ਵਿਚ ਚਲਾਈਆਂ ਜਾ ਰਹੀਆਂ ਸਫ਼ਲ ਬਾਈਬਲ ਅਧਿਐਨ ਕਲਾਸਾਂ ਤੋਂ ਲੋਕ ਕਾਫ਼ੀ ਪ੍ਰਭਾਵਿਤ ਹੁੰਦੇ ਹਨ। ਕਈ ਵਾਰ ਜੇਲ੍ਹ ਦੇ ਅਧਿਕਾਰੀਆਂ ਨੇ ਸਾਡੀ ਟੀਮ ਦੇ ਕੁਝ ਮੈਂਬਰਾਂ ਨੂੰ ਸਨਮਾਨਿਤ ਕੀਤਾ ਅਤੇ ਇਨਾਮ ਵੀ ਦਿੱਤਾ। ਅਮਰੀਕੀ ਨਿਆਂ ਵਿਭਾਗ ਦੇ ਫੈਡਰਲ ਬਿਓਰੋ ਆਫ਼ ਪ੍ਰਿਜ਼ੰਸ ਦੇ ਕੌਮੀ ਅਖ਼ਬਾਰ ਵਾਲੰਟੀਅਰ ਟੂਡੇ ਵਿਚ ਵੀ ਯਹੋਵਾਹ ਦੇ ਗਵਾਹਾਂ ਦੇ ਅਸਰਦਾਰ ਸਿੱਖਿਆ ਪ੍ਰੋਗ੍ਰਾਮਾਂ ਬਾਰੇ ਲੇਖ ਛਾਪਿਆ ਗਿਆ ਸੀ।

ਕੈਦੀਆਂ ਨੂੰ ਬਾਈਬਲ ਅਧਿਐਨ ਕਰਾਉਣ ਦਾ ਇਕ ਫ਼ਾਇਦਾ ਇਹ ਹੈ ਕਿ ਉਨ੍ਹਾਂ ਦੇ ਚਾਲ-ਚਲਣ ਵਿਚ ਬਹੁਤ ਸੁਧਾਰ ਹੁੰਦਾ ਹੈ। ਸਿੱਟੇ ਵਜੋਂ ਕਈਆਂ ਨੂੰ ਜੇਲ੍ਹ ਤੋਂ ਜਲਦੀ ਰਿਹਾਅ ਕੀਤਾ ਗਿਆ ਹੈ। ਆਲੋਚਕ ਸ਼ਾਇਦ ਕਹਿਣਗੇ ਕਿ ਮੁਜਰਮ ਸਿਰਫ਼ ਇਸੇ ਕਰਕੇ ਬਾਈਬਲ ਦਾ ਅਧਿਐਨ ਕਰਦੇ ਹਨ। ਹਾਲਾਂਕਿ ਕੁਝ ਕੈਦੀਆਂ ਨੇ ਇਸ ਤਰ੍ਹਾਂ ਕੀਤਾ ਹੈ, ਪਰ ਸਾਡਾ ਤਜਰਬਾ ਦਿਖਾਉਂਦਾ ਹੈ ਕਿ ਜ਼ਿਆਦਾਤਰ ਕੈਦੀ ਸੱਚੇ ਦਿਲੋਂ ਅਧਿਐਨ ਕਰਦੇ ਹਨ। ਸਾਨੂੰ ਅਕਸਰ ਇਹ ਜਾਣ ਕੇ ਬੜੀ ਖ਼ੁਸ਼ੀ ਹੁੰਦੀ ਹੈ ਕਿ ਸਾਡੇ ਵਿਦਿਆਰਥੀ ਜੇਲ੍ਹ ਤੋਂ ਛੁੱਟਣ ਦੇ ਕਈ ਸਾਲਾਂ ਬਾਅਦ ਵੀ ਚੰਗੀ ਮਸੀਹੀ ਜ਼ਿੰਦਗੀ ਜੀ ਰਹੇ ਹਨ। ਇਸ ਇਤਿਹਾਸਕ ਜੇਲ੍ਹ ਦੀ ਉੱਚੀ ਚਾਰ-ਦੀਵਾਰੀ ਵਿਚ ਬੰਦ ਅਜਿਹੇ ਕੁਝ ਕੈਦੀਆਂ ਦੀਆਂ ਕਹਾਣੀਆਂ ਅਸੀਂ ਤੁਹਾਨੂੰ ਸੁਣਾਉਣੀਆਂ ਚਾਹੁੰਦੇ ਹਾਂ।

ਪਰਵਾਸੀ ਕੈਦੀਆਂ ਲਈ ਆਸ਼ਾ ਦੀ ਕਿਰਨ

ਐਟਲਾਂਟਾ ਜੇਲ੍ਹ ਵਿਚ ਪ੍ਰਚਾਰ ਕਰਦੇ ਸਮੇਂ, ਸਾਨੂੰ 1980 ਦੇ ਦਹਾਕੇ ਦੇ ਮੁਢਲੇ ਸਾਲਾਂ ਦੌਰਾਨ ਕਈ ਪਰਵਾਸੀ ਕੈਦੀਆਂ ਦੀ ਮਦਦ ਕਰਨ ਦਾ ਮੌਕਾ ਮਿਲਿਆ ਹੈ। ਕਈਆਂ ਨੇ ਆਪਣੇ ਅੰਦਰ ਹੈਰਾਨੀਜਨਕ ਤਬਦੀਲੀਆਂ ਲਿਆਂਦੀਆਂ।

ਰਾਊਲ * ਇਕ ਬਹੁਤ ਹੀ ਖ਼ਤਰਨਾਕ ਕੈਦੀ ਸੀ। ਉਹ ਤੇ ਉਸ ਦਾ ਦੋਸਤ ਛਟੇ ਬਦਮਾਸ਼ ਸਨ ਅਤੇ ਕਤਲ ਦੇ ਦੋਸ਼ ਵਿਚ ਜੇਲ੍ਹ ਵਿਚ ਸਨ। ਉਨ੍ਹਾਂ ਦੀ ਮਦਦ ਕਰਨ ਵਾਲੇ ਕਲੀਸਿਯਾ ਦੇ ਬਜ਼ੁਰਗ ਦੱਸਦੇ ਹਨ ਕਿ ਉਹ ਦੋਵੇਂ ਬਹੁਤ ਹੀ ਹਿੰਸਕ ਸੁਭਾਅ ਦੇ ਸਨ। ਰਾਊਲ ਦੇ ਕਈ ਖ਼ਤਰਨਾਕ ਦੁਸ਼ਮਣ ਸਨ। ਉਨ੍ਹਾਂ ਵਿੱਚੋਂ ਇਕ ਬੰਦੇ ਨੇ ਰਾਊਲ ਨੂੰ ਜਾਨੋਂ ਮਾਰਨ ਦੀ ਕਸਮ ਖਾਧੀ ਸੀ ਅਤੇ ਰਾਊਲ ਨੇ ਵੀ ਉਸ ਦਾ ਇਹੋ ਹਸ਼ਰ ਕਰਨ ਦੀ ਸਹੁੰ ਖਾਧੀ ਸੀ। ਇਸ ਲਈ, ਜਦੋਂ ਰਾਊਲ ਨੂੰ ਪਤਾ ਲੱਗਾ ਕਿ ਉਸ ਦੇ ਜਾਨੀ ਦੁਸ਼ਮਣ ਨੂੰ ਐਟਲਾਂਟਾ ਦੀ ਹੀ ਜੇਲ੍ਹ ਵਿਚ ਲਿਆਂਦਾ ਗਿਆ ਹੈ, ਤਾਂ ਉਸ ਦਾ ਸਾਹ ਹੀ ਸੁੱਕ ਗਿਆ, ਕਿਉਂਕਿ ਜੇਲ੍ਹ ਦੇ ਮੈਦਾਨ ਵਿਚ, ਕੈਨਟੀਨ ਵਿਚ ਜਾਂ ਕਿਤੇ-ਨ-ਕਿਤੇ ਇਨ੍ਹਾਂ ਦੋਨਾਂ ਨੇ ਇਕ ਦੂਸਰੇ ਨੂੰ ਟੱਕਰਨਾ ਹੀ ਸੀ। ਪਰ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦਾ ਅਧਿਐਨ ਕਰਨ ਤੋਂ ਬਾਅਦ, ਰਾਊਲ ਦੀ ਸੋਚਣੀ, ਰਵੱਈਏ ਅਤੇ ਬਾਹਰੀ ਦਿੱਖ ਵਿਚ ਇੰਨੀ ਜ਼ਿਆਦਾ ਤਬਦੀਲੀ ਆ ਗਈ ਕਿ ਜਦੋਂ ਦੋਨੋਂ ਬੰਦੇ ਇਕ ਦਿਨ ਆਮ੍ਹੋ-ਸਾਮ੍ਹਣਿਓਂ ਲੰਘੇ, ਤਾਂ ਰਾਊਲ ਦਾ ਜਾਨੀ ਦੁਸ਼ਮਣ ਉਸ ਨੂੰ ਪਛਾਣ ਹੀ ਨਾ ਸਕਿਆ! ਤੇ ਉਨ੍ਹਾਂ ਦੇ ਸਿੰਗ ਕਦੇ ਨਹੀਂ ਭਿੜੇ।

ਜਦੋਂ ਰਾਊਲ ਨੇ ਪਰਮੇਸ਼ੁਰ ਨੂੰ ਕੀਤੇ ਆਪਣੇ ਸਮਰਪਣ ਦੇ ਸਬੂਤ ਵਜੋਂ ਬਪਤਿਸਮਾ ਲੈਣ ਦਾ ਫ਼ੈਸਲਾ ਕੀਤਾ, ਤਾਂ ਸਾਨੂੰ ਇਸ ਦੇ ਲਈ ਇਕ ਢੁਕਵੇਂ ਹੌਜ਼ ਦੀ ਲੋੜ ਪਈ। ਜੇਲ੍ਹ ਦੇ ਇਕ ਪਾਦਰੀ ਨੇ ਸਾਡੀ ਸਮੱਸਿਆ ਹੱਲ ਕੀਤੀ ਅਤੇ ਬਪਤਿਸਮੇ ਲਈ ਸਾਨੂੰ ਇਕ ਕਾਲਾ ਤਾਬੂਤ ਦੇ ਦਿੱਤਾ। ਅਸੀਂ ਤਾਬੂਤ ਨੂੰ ਉੱਪਰ ਤਕ ਪਾਣੀ ਨਾਲ ਭਰ ਦਿੱਤਾ। ਪਰ ਰਾਊਲ ਦੇ ਕੱਦ-ਕਾਠ ਨੂੰ ਦੇਖਦੇ ਹੋਏ ਸਾਨੂੰ ਤਾਬੂਤ ਛੋਟਾ ਲੱਗਿਆ। ਇਸ ਲਈ ਬਾਈਬਲ ਮੁਤਾਬਕ ਰਾਊਲ ਨੂੰ ਪਾਣੀ ਵਿਚ ਪੂਰੀ ਤਰ੍ਹਾਂ ਡੁਬੋਣ ਲਈ ਦੋ ਬਜ਼ੁਰਗਾਂ ਨੂੰ ਮਿਲ ਕੇ ਕੰਮ ਕਰਨਾ ਪਿਆ। (ਲੂਕਾ 3:21, ਨਿ ਵ, ਫੁਟਨੋਟ) ਅੱਜ ਰਾਊਲ ਇਕ ਆਜ਼ਾਦ ਨਾਗਰਿਕ ਹੈ ਅਤੇ ਉਹ ਅਜੇ ਵੀ ਪੂਰੇ ਜੋਸ਼ ਨਾਲ ਮਸੀਹੀ ਸੇਵਕਾਈ ਵਿਚ ਹਿੱਸਾ ਲੈਂਦਾ ਹੈ।

ਸਾਲ 1987 ਵਿਚ ਬਹੁਤ ਸਾਰੇ ਪਰਵਾਸੀ ਕੈਦੀਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ਦਾ ਆਦੇਸ਼ ਦਿੱਤਾ ਗਿਆ ਸੀ। ਇਸ ਕਰਕੇ ਕਈ ਕੈਦੀਆਂ ਨੇ ਭਿਆਨਕ ਤਰੀਕੇ ਨਾਲ ਜੇਲ੍ਹ ਵਿਚ ਊਧਮ ਮਚਾਇਆ ਅਤੇ ਇਸ ਦੀਆਂ ਖ਼ਬਰਾਂ ਪੂਰੀ ਦੁਨੀਆਂ ਵਿਚ ਸੁਣੀਆਂ ਤੇ ਦੇਖੀਆਂ ਗਈਆਂ ਸਨ। ਕੈਦੀਆਂ ਨੇ ਆਪਣੀ ਗੱਲ ਮੰਨਵਾਉਣ ਲਈ ਕਈ ਵਿਅਕਤੀਆਂ ਨੂੰ ਬੰਧੀ ਬਣਾ ਲਿਆ ਸੀ। ਪਰ ਬਹੁਤ ਘੱਟ ਲੋਕ ਉਨ੍ਹਾਂ ਕੁਝ ਬਹਾਦਰ ਪਰਵਾਸੀ ਕੈਦੀਆਂ ਬਾਰੇ ਜਾਣਦੇ ਹਨ ਜਿਨ੍ਹਾਂ ਨੇ ਉਸ ਹਿੰਸਕ ਬਗਾਵਤ ਵਿਚ ਹਿੱਸਾ ਲੈਣ ਤੋਂ ਇਨਕਾਰ ਕਰ ਕੇ ਆਪਣੀਆਂ ਜਾਨਾਂ ਨੂੰ ਖ਼ਤਰੇ ਵਿਚ ਪਾਇਆ ਸੀ। ਉਹ ਸਾਡੀਆਂ ਬਾਈਬਲ ਅਧਿਐਨ ਕਲਾਸਾਂ ਦੇ ਵਿਦਿਆਰਥੀ ਸਨ। ਇਹ ਬੰਦੇ ਜਿਹੜੇ ਪਹਿਲਾਂ ਮਰਨ-ਮਾਰਨ ਨੂੰ ਹਰ ਵੇਲੇ ਤਿਆਰ ਰਹਿੰਦੇ ਸਨ, ਉਨ੍ਹਾਂ ਨੇ ਨਿਰਪੱਖ ਰਹਿੰਦੇ ਹੋਏ ਉਸ ਹਿੰਸਾ ਤੇ ਤੋੜ-ਫੋੜ ਵਿਚ ਕੋਈ ਹਿੱਸਾ ਨਹੀਂ ਲਿਆ। ਉਹ ਇਸ ਗੱਲ ਦੇ ਜੀਉਂਦੇ-ਜਾਗਦੇ ਸਬੂਤ ਸਨ ਕਿ ਬਾਈਬਲ ਵਿਚ ਵਹਿਸ਼ੀ ਮੁਜਰਮਾਂ ਨੂੰ ਸ਼ਾਂਤੀ-ਪਸੰਦ ਮਸੀਹੀਆਂ ਵਿਚ ਬਦਲਣ ਦੀ ਤਾਕਤ ਹੈ!​—ਇਬਰਾਨੀਆਂ 4:12.

ਉਸ ਨੂੰ ਮਾਫ਼ੀ ਮਿਲੀ

ਜੇਮਜ਼ ਦੀ ਕਹਾਣੀ ਵੀ ਬੜੀ ਦਿਲਚਸਪ ਹੈ। ਉਹ ਪਹਿਲਾਂ ਇਕ ਯਹੋਵਾਹ ਦਾ ਗਵਾਹ ਸੀ ਪਰ ਫਿਰ ਉਹ ਅਧਿਆਤਮਿਕ ਤੌਰ ਤੇ ਕਮਜ਼ੋਰ ਹੋ ਗਿਆ। ਉਸ ਨੇ ਲਾਲਚ ਵਿਚ ਆ ਕੇ ਬੈਂਕ ਦਾ ਪੈਸਾ ਗਬਨ ਕਰ ਲਿਆ ਜਿਸ ਕਰਕੇ ਉਸ ਨੂੰ ਮਸੀਹੀ ਕਲੀਸਿਯਾ ਵਿੱਚੋਂ ਛੇਕਿਆ ਗਿਆ ਅਤੇ ਉਸ ਨੂੰ ਐਟਲਾਂਟਾ ਜੇਲ੍ਹ ਵਿਚ ਕੈਦ ਕੀਤਾ ਗਿਆ। ਉਸ ਨੇ ਬਾਅਦ ਵਿਚ ਸਾਨੂੰ ਦੱਸਿਆ: “ਉਹ ਮੇਰੀ ਜ਼ਿੰਦਗੀ ਦਾ ਸਭ ਤੋਂ ਭੈੜਾ ਸਮਾਂ ਸੀ।”

ਜੇਲ੍ਹ ਵਿਚ ਦਿਨ ਕੱਟਣੇ ਬਹੁਤ ਔਖੇ ਸਨ। ਜੇਮਜ਼ ਯਾਦ ਕਰਦਾ ਹੈ: “ਮੈਂ ਆਪਣੇ ਆਪ ਨੂੰ ਬਹੁਤ ਹੀ ਇਕੱਲਾ ਤੇ ਨਿਰਾਸ਼ ਮਹਿਸੂਸ ਕੀਤਾ।” ਪਰ ਜੇਲ੍ਹ ਦੀ ਤੰਗ ਕੋਠੜੀ ਵਿਚ ਉਸ ਨੂੰ ਆਪਣੇ ਅੰਦਰ ਝਾਤੀ ਮਾਰਨ ਦਾ ਮੌਕਾ ਮਿਲਿਆ। ਉਹ ਦੱਸਦਾ ਹੈ: “ਮੈਨੂੰ ਜੇਲ੍ਹ ਦੀ ਔਖੀ ਜ਼ਿੰਦਗੀ ਨਾਲੋਂ ਜ਼ਿਆਦਾ ਦੁੱਖ ਇਸ ਗੱਲ ਦਾ ਸੀ ਕਿ ਮੈਂ ਆਪਣੇ ਸਵਰਗੀ ਪਿਤਾ ਨਾਲ ਵਿਸ਼ਵਾਸਘਾਤ ਕੀਤਾ ਹੈ।” ਕਈ ਮਹੀਨਿਆਂ ਮਗਰੋਂ, ਗਵਾਹਾਂ ਨਾਲ ਬਾਈਬਲ ਅਧਿਐਨ ਕਰ ਰਹੇ ਇਕ ਕੈਦੀ ਨੇ ਜੇਮਜ਼ ਨੂੰ ਬਾਈਬਲ ਅਧਿਐਨ ਕਲਾਸਾਂ ਵਿਚ ਆਉਣ ਦਾ ਸੱਦਾ ਦਿੱਤਾ। ਸ਼ਰਮਿੰਦਗੀ ਮਹਿਸੂਸ ਕਰਨ ਕਰਕੇ ਜੇਮਜ਼ ਨੇ ਜਾਣ ਤੋਂ ਇਨਕਾਰ ਕਰ ਦਿੱਤਾ। ਪਰ ਉਹ ਨੌਜਵਾਨ ਕੈਦੀ ਉਸ ਨੂੰ ਵਾਰ-ਵਾਰ ਆਉਣ ਲਈ ਕਹਿੰਦਾ ਰਿਹਾ ਅਤੇ ਅਖ਼ੀਰ ਜੇਮਜ਼ ਐਤਵਾਰ ਦੀ ਇਕ ਸਭਾ ਵਿਚ ਚਲੇ ਗਿਆ।

ਜੇਮਜ਼ ਇਹ ਦੇਖ ਕੇ ਬੜਾ ਪ੍ਰਭਾਵਿਤ ਹੋਇਆ ਕਿ ਕਲਾਸ ਲੈ ਰਹੇ ਗਵਾਹ ਆਪਣੇ ਵਿਦਿਆਰਥੀਆਂ ਦੀ ਕਿੰਨੀ ਚਿੰਤਾ ਕਰਦੇ ਸਨ। ਬਾਅਦ ਵਿਚ ਇਕ ਹੋਰ ਗੱਲ ਨੇ ਵੀ ਉਸ ਉੱਤੇ ਡੂੰਘਾ ਅਸਰ ਪਾਇਆ। ਪਿੱਛਲਿਆਂ ਤਜਰਬਿਆਂ ਦੇ ਕਾਰਨ ਜੇਮਜ਼ ਸੋਚਦਾ ਸੀ ਕਿ ਜੇਲ੍ਹ ਵਿਚ ਇਨ੍ਹਾਂ ਧਾਰਮਿਕ ਸੇਵਾਵਾਂ ਲਈ ਸਵੈ-ਸੇਵਕਾਂ ਨੂੰ ਚੰਗੀ-ਖਾਸੀ ਤਨਖ਼ਾਹ ਮਿਲਦੀ ਹੋਣੀ। ਪਰ ਉਸ ਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਈ ਕਿ ਆਪਣੀਆਂ ਸੇਵਾਵਾਂ ਲਈ ਗਵਾਹ ਨਾ ਤਾਂ ਕੋਈ ਬਿਲ ਦਿੰਦੇ ਹਨ ਤੇ ਨਾ ਹੀ ਪੈਸਾ ਵਸੂਲ ਕਰਦੇ ਹਨ।​—ਮੱਤੀ 10:8.

ਜੇਮਜ਼ ਬੜੀ ਚਾਹ ਨਾਲ ਸਭਾਵਾਂ ਦੀ ਉਡੀਕ ਕਰਨ ਲੱਗ ਪਿਆ। ਉਸ ਨੇ ਦੇਖਿਆ ਕਿ ਸਭਾਵਾਂ ਚਲਾਉਣ ਵਾਲੇ ਭਰਾ ਬੜੇ ਹੀ ਪਿਆਰ ਨਾਲ ਤੇ ਹੌਸਲਾਦਾਇਕ ਤਰੀਕੇ ਨਾਲ ਵਿਦਿਆਰਥੀਆਂ ਨਾਲ ਪੇਸ਼ ਆਉਂਦੇ ਸਨ। ਜੇਮਜ਼ ਖ਼ਾਸਕਰ ਇਕ ਬਜ਼ੁਰਗ ਤੋਂ ਬੜਾ ਪ੍ਰਭਾਵਿਤ ਹੋਇਆ। “ਮੈਂ ਉਡੀਕ ਕਰਿਆ ਕਰਦਾ ਸੀ ਕਿ ਉਹ ਅਗਲੀ ਵਾਰ ਕਦੋਂ ਆਵੇਗਾ,” ਜੇਮਜ਼ ਯਾਦ ਕਰਦਾ ਹੈ, “ਕਿਉਂਕਿ ਉਹ ਪਰਮੇਸ਼ੁਰ ਦੇ ਬਚਨ ਦੀਆਂ ਗੱਲਾਂ ਨੂੰ ਬਹੁਤ ਹੀ ਜੋਸ਼ੀਲੇ ਢੰਗ ਨਾਲ ਸਮਝਾਉਂਦਾ ਹੁੰਦਾ ਸੀ; ਉਸ ਦੇ ਜੋਸ਼ ਨੂੰ ਦੇਖ ਕੇ ਸਾਡੇ ਵਿਚ ਵੀ ਜੋਸ਼ ਆ ਜਾਂਦਾ ਸੀ। ਇਸੇ ਭਰਾ ਨੇ ਮੇਰੀ ਇਹ ਸਮਝਣ ਵਿਚ ਮਦਦ ਕੀਤੀ ਕਿ ਬਾਈਬਲ ਦੀਆਂ ਗੱਲਾਂ ਨੂੰ ਸਹੀ-ਸਹੀ ਸਮਝਣ ਲਈ ਮੈਨੂੰ ਇਸ ਦਾ ਡੂੰਘਾ ਅਧਿਐਨ ਕਰਨਾ ਚਾਹੀਦਾ ਸੀ ਤਾਂਕਿ ਸੱਚਾਈ ਮੇਰੇ ਦਿਲ-ਦਿਮਾਗ਼ ਵਿਚ ਬੈਠ ਜਾਵੇ ਅਤੇ ਮੇਰੇ ਵਿਚ ਮਸੀਹ ਵਰਗਾ ਮਨ ਪੈਦਾ ਹੋਵੇ।”

ਜੇਮਜ਼ ਲਈ ਇਹ ਯਕੀਨ ਕਰਨਾ ਬੜਾ ਮੁਸ਼ਕਲ ਸੀ ਕਿ ਉਸ ਨੂੰ ਆਪਣੀਆਂ ਗ਼ਲਤੀਆਂ ਲਈ ਪਰਮੇਸ਼ੁਰ ਤੋਂ ਮਾਫ਼ੀ ਮਿਲ ਸਕਦੀ ਸੀ। ਕਿਸ ਗੱਲ ਨੇ ਆਖ਼ਰ ਉਸ ਦੀ ਮਦਦ ਕੀਤੀ? “ਮੈਂ ਇਨ੍ਹਾਂ ਵਫ਼ਾਦਾਰ ਤੇ ਆਤਮ-ਤਿਆਗੀ ਭਰਾਵਾਂ ਦੇ ਰਵੱਈਏ ਵਿਚ ਪਰਮੇਸ਼ੁਰ ਦੀ ਦਇਆ ਦੀ ਝਲਕ ਦੇਖੀ। * ਇਕ ਗੱਲ ਸਾਫ਼ ਸੀ: ਮੇਰੇ ਘੋਰ ਪਾਪਾਂ ਦੇ ਬਾਵਜੂਦ ਇਨ੍ਹਾਂ ਭਰਾਵਾਂ ਨੇ ਕਦੇ ਵੀ ਇਸ ਤਰ੍ਹਾਂ ਦਾ ਕੋਈ ਇਸ਼ਾਰਾ ਨਹੀਂ ਕੀਤਾ ਕਿ ਪਰਮੇਸ਼ੁਰ ਮੈਨੂੰ ਕਦੇ ਮਾਫ਼ ਨਹੀਂ ਕਰੇਗਾ। ਯਹੋਵਾਹ ਨੇ ਮੈਨੂੰ ਕਦੇ ਨਹੀਂ ਤਿਆਗਿਆ। ਉਸ ਨੇ ਦੇਖਿਆ ਕਿ ਮੈਂ ਸੱਚੇ ਦਿਲੋਂ ਤੋਬਾ ਕੀਤੀ ਹੈ ਤੇ ਮੈਂ ਮੂਰਖਪੁਣੇ ਅਤੇ ਧੋਖੇਬਾਜ਼ੀ ਦਾ ਰਾਹ ਤਿਆਗ ਦਿੱਤਾ ਹੈ; ਅਤੇ ਉਸ ਨੇ ਮੈਨੂੰ ਬਹੁਤ ਸਾਰੀਆਂ ਬਰਕਤਾਂ ਦਿੱਤੀਆਂ।” ਹਾਂ, ਜੇਮਜ਼ ਨੂੰ ਮਸੀਹੀ ਕਲੀਸਿਯਾ ਵਿਚ ਮੁੜ ਬਹਾਲ ਕੀਤਾ ਗਿਆ। ਕਰੀਬ ਦਸ ਸਾਲ ਪਹਿਲਾਂ ਉਹ ਜੇਲ੍ਹ ਤੋਂ ਰਿਹਾਅ ਹੋਇਆ ਸੀ ਤੇ ਉਹ ਅੱਜ ਵੀ ਇਕ ਸਰਗਰਮ ਤੇ ਜੋਸ਼ੀਲਾ ਪ੍ਰਚਾਰਕ ਹੈ। ਉਸ ਨੂੰ ਇਕ ਸਹਾਇਕ ਸੇਵਕ ਬਣਦੇ ਹੋਏ ਅਤੇ ਹਾਲ ਹੀ ਵਿਚ ਆਪਣਾ ਪਹਿਲਾ ਜਨਤਕ ਭਾਸ਼ਣ ਦਿੰਦੇ ਦੇਖ ਕੇ ਉਸ ਦੀ ਪਤਨੀ ਤੇ ਪਰਿਵਾਰ ਨੂੰ ਬਹੁਤ ਖ਼ੁਸ਼ੀ ਹੋਈ।

ਉਸ ਨੂੰ ਰਾਹ ਲੱਭਿਆ

ਅਸੀਂ 1990 ਦੇ ਦਹਾਕੇ ਦੇ ਮੁਢਲੇ ਸਾਲਾਂ ਦੌਰਾਨ ਜੌਨੀ ਨੂੰ ਮਿਲੇ ਸਾਂ। ਭਾਵੇਂ ਉਸ ਦੇ ਪਰਿਵਾਰ ਦਾ ਕੁਝ ਹੱਦ ਤਕ ਯਹੋਵਾਹ ਦੇ ਗਵਾਹਾਂ ਨਾਲ ਮਿਲਣਾ-ਗਿਲਣਾ ਸੀ, ਪਰ ਜੌਨੀ ਦੇ ਬਚਪਨ ਦੇ ਅਹਿਮ ਸਾਲਾਂ ਦੌਰਾਨ ਜਦੋਂ ਉਸ ਨੂੰ ਅਧਿਆਤਮਿਕ ਤੇ ਨੈਤਿਕ ਸੇਧ ਦੀ ਬਹੁਤ ਜ਼ਰੂਰਤ ਸੀ, ਉਦੋਂ ਉਸ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ ਅਧਿਆਤਮਿਕ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ। ਜੌਨੀ ਅਪਰਾਧ ਦੀ ਦੁਨੀਆਂ ਵਿਚ ਚਲਾ ਗਿਆ। ਉਹ ਐਟਲਾਂਟਾ ਜੇਲ੍ਹ ਨਾਲ ਲੱਗਦੇ ਜੇਲ੍ਹ ਕੈਂਪ ਵਿਚ ਸਜ਼ਾ ਕੱਟ ਰਿਹਾ ਸੀ। ਕੈਂਪ ਵਿਚ ਉਸ ਨੂੰ ਸਾਡੀਆਂ ਬਾਈਬਲ ਅਧਿਐਨ ਕਲਾਸਾਂ ਦਾ ਪਤਾ ਲੱਗਾ ਅਤੇ ਉਸ ਨੇ ਇਨ੍ਹਾਂ ਕਲਾਸਾਂ ਵਿਚ ਆਉਣ ਦਾ ਇਰਾਦਾ ਕੀਤਾ।

ਸ਼ੁਰੂ-ਸ਼ੁਰੂ ਵਿਚ ਜੌਨੀ ਨੂੰ ਜ਼ਿਆਦਾ ਪੜ੍ਹਨਾ ਨਹੀਂ ਆਉਂਦਾ ਸੀ। ਪਰ ਉਹ ਯਹੋਵਾਹ ਅਤੇ ਯਿਸੂ ਮਸੀਹ ਦਾ ਗਿਆਨ ਲੈਣ ਲਈ ਇੰਨਾ ਉਤਸੁਕ ਸੀ ਕਿ ਉਸ ਨੇ ਠਾਣ ਲਿਆ ਕਿ ਉਹ ਚੰਗੀ ਤਰ੍ਹਾਂ ਪੜ੍ਹਨਾ ਸਿੱਖੇਗਾ। (ਯੂਹੰਨਾ 17:3) ਅਸਲ ਵਿਚ ਸਾਡੀਆਂ ਕਲਾਸਾਂ ਵਿਚ ਕਈ ਕੈਦੀਆਂ ਨੇ ਚੰਗੀ ਤਰ੍ਹਾਂ ਪੜ੍ਹਨਾ ਸਿੱਖਿਆ ਹੈ ਜਿਸ ਨਾਲ ਉਨ੍ਹਾਂ ਵਿਚ ਲੋਕਾਂ ਸਾਮ੍ਹਣੇ ਪੜ੍ਹਨ ਦਾ ਹੌਸਲਾ ਪੈਦਾ ਹੋਇਆ ਹੈ। ਜੌਨੀ ਨੇ ਇਕ ਗੰਭੀਰ ਬਾਈਬਲ ਵਿਦਿਆਰਥੀ ਵਜੋਂ ਆਪਣੀ ਪੜ੍ਹਾਈ ਵਿਚ ਇੰਨੀ ਮਿਹਨਤ ਕੀਤੀ ਕਿ ਦੂਸਰੇ ਵਿਦਿਆਰਥੀ ਉਸ ਦੀ ਵਧੀਆ ਮਿਸਾਲ ਉੱਤੇ ਚੱਲਣ ਦੀ ਕੋਸ਼ਿਸ਼ ਕਰਦੇ ਸਨ।

ਕਈ ਮਹੀਨਿਆਂ ਬਾਅਦ ਜੌਨੀ ਨੂੰ ਟੈਲਾਡੀਗਾ, ਐਲਬਾਮਾ ਦੀ ਜੇਲ੍ਹ ਵਿਚ ਭੇਜ ਦਿੱਤਾ ਗਿਆ ਤਾਂਕਿ ਉਹ ਉੱਥੇ ਨਸ਼ਿਆਂ ਸੰਬੰਧੀ ਆਯੋਜਿਤ ਕੀਤੇ ਗਏ ਸਿੱਖਿਆਦਾਇਕ ਪ੍ਰੋਗ੍ਰਾਮ ਵਿਚ ਸ਼ਾਮਲ ਹੋ ਸਕੇ। ਉੱਥੇ ਪਹੁੰਚਦੇ ਹੀ ਉਸ ਨੇ ਜੇਲ੍ਹ ਵਿਚ ਯਹੋਵਾਹ ਦੇ ਗਵਾਹਾਂ ਦੁਆਰਾ ਚਲਾਈਆਂ ਜਾ ਰਹੀਆਂ ਮਸੀਹੀ ਸਭਾਵਾਂ ਵਿਚ ਜਾਣਾ ਸ਼ੁਰੂ ਕਰ ਦਿੱਤਾ। ਉਹ ਰਿਹਾਅ ਹੋਣ ਤਕ ਸਰਗਰਮ ਰਿਹਾ। ਜੇਲ੍ਹ ਤੋਂ ਛੁੱਟਦੇ ਹੀ ਉਸ ਨੇ ਆਪਣੇ ਛੋਟੇ ਜਿਹੇ ਸ਼ਹਿਰ ਵਿਚ ਗਵਾਹਾਂ ਦੀਆਂ ਸਭਾਵਾਂ ਵਿਚ ਜਾਣਾ ਸ਼ੁਰੂ ਕਰ ਦਿੱਤਾ। ਉੱਥੇ ਉਸ ਦਾ ਨਿੱਘਾ ਸੁਆਗਤ ਕੀਤਾ ਗਿਆ ਅਤੇ ਉਸ ਨੇ ਅਧਿਐਨ ਜਾਰੀ ਰੱਖਦੇ ਹੋਏ ਚੰਗੀ ਤਰੱਕੀ ਕੀਤੀ।

ਬਾਈਬਲ ਦੀ ਸੱਚਾਈ ਪ੍ਰਤੀ ਜੌਨੀ ਦਾ ਜੋਸ਼ ਅਤੇ ਪਿਆਰ ਦੇਖ ਕੇ ਉਸ ਦੀ ਮਾਂ ਨੂੰ ਵੀ ਕਲੀਸਿਯਾ ਵਿਚ ਸਰਗਰਮ ਹੋਣ ਦੀ ਪ੍ਰੇਰਣਾ ਮਿਲੀ। ਜੌਨੀ ਆਪਣੀ ਮਾਂ ਨੂੰ ਬਹੁਤ ਹੌਸਲਾ ਤੇ ਮਦਦ ਦਿੰਦਾ ਹੈ। ਹਾਲ ਹੀ ਵਿਚ ਉਸ ਨੇ ਯਹੋਵਾਹ ਪਰਮੇਸ਼ੁਰ ਨੂੰ ਆਪਣਾ ਸਮਰਪਣ ਕਰ ਕੇ ਬਪਤਿਸਮਾ ਲਿਆ ਹੈ। ਉਹ ਅਜੇ ਵੀ ਮਸੀਹੀ ਸੇਵਕਾਈ ਵਿਚ ਸਰਗਰਮ ਹੈ।

ਮਿਹਨਤ ਦਾ ਵੱਡਾ ਫਲ

ਪਿਛਲੇ 20 ਕੁ ਸਾਲਾਂ ਦੌਰਾਨ, ਐਟਲਾਂਟਾ ਜੇਲ੍ਹ ਦੇ 40 ਤੋਂ ਜ਼ਿਆਦਾ ਕੈਦੀਆਂ ਨੂੰ ਯਹੋਵਾਹ ਦੇ ਬਪਤਿਸਮਾ-ਪ੍ਰਾਪਤ ਗਵਾਹ ਬਣਨ ਵਿਚ ਮਦਦ ਦਿੱਤੀ ਗਈ ਹੈ; 90 ਤੋਂ ਜ਼ਿਆਦਾ ਹੋਰ ਕੈਦੀਆਂ ਨੇ ਗਵਾਹਾਂ ਦੇ ਹਫ਼ਤਾਵਾਰ ਬਾਈਬਲ ਅਧਿਐਨਾਂ ਤੋਂ ਲਾਭ ਹਾਸਲ ਕੀਤਾ ਹੈ। ਕਈ ਦੂਸਰੇ ਕੈਦੀਆਂ ਨੇ ਵੀ ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਜਾਂ ਕਿਸੇ ਦੂਸਰੀ ਜੇਲ੍ਹ ਵਿਚ ਬਦਲੀ ਹੋਣ ਮਗਰੋਂ ਬਪਤਿਸਮਾ ਲਿਆ।

ਅਸੀਂ ਬਹੁਤ ਧੰਨਵਾਦੀ ਹਾਂ ਕਿ ਸਾਨੂੰ ਇਸ ਇਤਿਹਾਸਕ ਜੇਲ੍ਹ ਵਿਚ ਸੇਵਾ ਕਰਨ ਅਤੇ ਸੱਚੇ ਪਸ਼ਚਾਤਾਪੀ ਵਿਅਕਤੀਆਂ ਦੀ ਮਦਦ ਕਰਨ ਦਾ ਮੌਕਾ ਮਿਲਿਆ ਹੈ। (ਰਸੂਲਾਂ ਦੇ ਕਰਤੱਬ 3:19; 2 ਕੁਰਿੰਥੀਆਂ 7:8-13) ਬੰਦੂਕਧਾਰੀ ਗਾਰਡਾਂ, ਇਲੈਕਟ੍ਰਿਕ ਗੇਟਾਂ ਅਤੇ ਚਮਕੀਲੀਆਂ, ਤਿੱਖੀਆਂ ਕੁੰਡਲਦਾਰ ਤਾਰਾਂ ਨਾਲ ਘਿਰੀ ਜੇਲ੍ਹ ਦੇ ਨਿਰਾਸ਼ਾਜਨਕ ਮਾਹੌਲ ਵਿਚ ਵੀ ਅਸੀਂ ਬਹੁਤ ਖ਼ੁਸ਼ੀ ਤੇ ਹੈਰਾਨੀ ਮਹਿਸੂਸ ਕਰਦੇ ਹਾਂ ਜਦੋਂ ਅਸੀਂ ਮੁਜਰਮਾਂ ਨੂੰ ਈਮਾਨਦਾਰ ਨਾਗਰਿਕ ਅਤੇ ਪਰਮੇਸ਼ੁਰ ਦੇ ਵਫ਼ਾਦਾਰ ਉਪਾਸਕ ਬਣਦੇ ਦੇਖਦੇ ਹਾਂ।​—1 ਕੁਰਿੰਥੀਆਂ 6:9-11​—ਭੇਜਿਆ ਗਿਆ ਲੇਖ।

[ਫੁਟਨੋਟ]

^ ਪੈਰਾ 3 ਇਸ ਮੁਕੱਦਮੇ ਦੀ ਪੂਰੀ ਜਾਣਕਾਰੀ ਲਈ, ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਯਹੋਵਾਹ ਦੇ ਗਵਾਹ​—ਪਰਮੇਸ਼ੁਰ ਦੇ ਰਾਜ ਦੇ ਘੋਸ਼ਕ (ਅੰਗ੍ਰੇਜ਼ੀ), ਸਫ਼ੇ 647-56 ਦੇਖੋ।

^ ਪੈਰਾ 9 ਕੈਦੀਆਂ ਦੇ ਨਾਂ ਬਦਲ ਦਿੱਤੇ ਗਏ ਹਨ।

^ ਪੈਰਾ 17 ਪਹਿਰਾਬੁਰਜ (ਅੰਗ੍ਰੇਜ਼ੀ) ਦੇ 15 ਅਪ੍ਰੈਲ 1991 ਦੇ ਅੰਕ ਵਿਚ ਮਸੀਹੀ ਬਜ਼ੁਰਗਾਂ ਨੂੰ ਉਤਸ਼ਾਹਿਤ ਕੀਤਾ ਗਿਆ ਸੀ ਕਿ ਉਹ ਮਸੀਹੀ ਕਲੀਸਿਯਾ ਵਿੱਚੋਂ ਛੇਕੇ ਗਏ ਵਿਅਕਤੀਆਂ ਨੂੰ ਸਮੇਂ-ਸਮੇਂ ਤੇ ਮਿਲਣ। ਉਨ੍ਹਾਂ ਦਾ ਟੀਚਾ ਇਨ੍ਹਾਂ ਵਿਅਕਤੀਆਂ ਨੂੰ ਯਹੋਵਾਹ ਵੱਲ ਮੁੜ ਆਉਣ ਲਈ ਉਤਸ਼ਾਹਿਤ ਕਰਨਾ ਹੁੰਦਾ ਹੈ।​—2 ਕੁਰਿੰਥੀਆਂ 2:6-8.

[ਸਫ਼ੇ 22, 23 ਉੱਤੇ ਡੱਬੀ/ਤਸਵੀਰਾਂ]

“ਤੁਸੀਂ ਮੇਰੇ ਕੁਝ ਜਿਗਰੀ ਦੋਸਤਾਂ ਦੀ ਖਾਤਰਦਾਰੀ ਕੀਤੀ ਹੈ”

ਅਪ੍ਰੈਲ 1983 ਵਿਚ ਫਰੈਡਰਿਕ ਡਬਲਯੂ. ਫ਼੍ਰਾਂਜ਼ ਜੋ ਉਸ ਸਮੇਂ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਮੈਂਬਰ ਸਨ, ਅਮਰੀਕਾ ਵਿਚ ਐਟਲਾਂਟਾ ਦੀ ਜੇਲ੍ਹ ਵਿਚ ਗਏ। ਉਨ੍ਹਾਂ ਨੂੰ ਇਸ ਖ਼ਾਸ ਜੇਲ੍ਹ ਦਾ ਦੌਰਾ ਕਰਨ ਦੀ ਬੜੀ ਇੱਛਾ ਸੀ। ਜੇਲ੍ਹ ਦੀ ਇਮਾਰਤ ਵਿਚ ਵੜਦੇ ਹੀ ਉਨ੍ਹਾਂ ਨੇ ਰਿਸੈਪਸ਼ਨ ਤੇ ਬੈਠੇ ਗਾਰਡ ਨੂੰ ਉੱਚੀ ਆਵਾਜ਼ ਵਿਚ ਕਿਹਾ: “ਤੁਹਾਨੂੰ ਸ਼ਾਇਦ ਪਤਾ ਨਹੀਂ ਕਿ ਇੱਥੇ ਤੁਸੀਂ ਮੇਰੇ ਕੁਝ ਜਿਗਰੀ ਦੋਸਤਾਂ ਦੀ ਖਾਤਰਦਾਰੀ ਕੀਤੀ ਹੈ!” ਉਹ ਗਾਰਡ ਹੱਕਾ-ਬੱਕਾ ਰਹਿ ਗਿਆ। ਪਰ ਭਰਾ ਫ਼੍ਰਾਂਜ਼ ਕਿਸ ਬਾਰੇ ਗੱਲ ਕਰ ਰਹੇ ਸਨ?

ਉਹ ਉਸ ਸਮੇਂ ਦੀ ਗੱਲ ਕਰ ਰਹੇ ਸਨ ਜਦੋਂ 64 ਸਾਲ ਪਹਿਲਾਂ ਜੋਸਫ਼ ਐੱਫ਼. ਰਦਰਫ਼ਰਡ ਤੇ ਉਨ੍ਹਾਂ ਦੇ ਸੱਤ ਸਾਥੀਆਂ ਉੱਤੇ ਦੇਸ਼-ਧਰੋਹੀ ਹੋਣ ਦਾ ਝੂਠਾ ਦੋਸ਼ ਲਾਇਆ ਗਿਆ ਸੀ। ਬਾਅਦ ਵਿਚ ਰਦਰਫ਼ਰਡ ਤੇ ਫ਼੍ਰਾਂਜ਼ ਜਿਗਰੀ ਦੋਸਤ ਅਤੇ ਸਹਿਕਰਮੀ ਬਣ ਗਏ ਸਨ। ਹੁਣ, ਭਰਾ ਰਦਰਫ਼ਰਡ ਦੀ ਮੌਤ ਤੋਂ ਲਗਭਗ 40 ਸਾਲਾਂ ਬਾਅਦ, ਭਰਾ ਫ਼੍ਰਾਂਜ਼ 90 ਸਾਲ ਦੀ ਉਮਰ ਤੇ ਉਸ ਜੇਲ੍ਹ ਦਾ ਦੌਰਾ ਕਰ ਕੇ ਬੜੇ ਖ਼ੁਸ਼ ਸਨ ਜਿੱਥੇ ਉਨ੍ਹਾਂ ਦੇ ਦੋਸਤ ਨੂੰ ਬਹੁਤ ਸਾਲ ਪਹਿਲਾਂ ਬੰਦ ਕੀਤਾ ਗਿਆ ਸੀ। ਉਨ੍ਹਾਂ ਨੂੰ ਭਰਾ ਰਦਰਫ਼ਰਡ ਤੇ ਉਨ੍ਹਾਂ ਦੇ ਸਾਥੀਆਂ ਦੁਆਰਾ ਇਸ ਚਾਰ-ਦੀਵਾਰੀ ਵਿਚ ਕੀਤੇ ਕੰਮ ਦੀ ਜ਼ਰੂਰ ਯਾਦ ਆਈ ਹੋਣੀ। ਉਨ੍ਹਾਂ ਨੇ ਕਿਹੜਾ ਕੰਮ ਕੀਤਾ ਸੀ?

ਭਰਾ ਰਦਰਫ਼ਰਡ ਤੇ ਉਨ੍ਹਾਂ ਦੇ ਸਾਥੀਆਂ ਨੂੰ ਜੇਲ੍ਹ ਵਿਚ ਲਿਆਂਦੇ ਜਾਣ ਤੋਂ ਕੁਝ ਸਮੇਂ ਬਾਅਦ ਉੱਥੇ ਦੇ ਡਿਪਟੀ ਜੇਲ੍ਹਰ ਨੇ ਕਿਹਾ ਸੀ: “ਅਸੀਂ ਤੁਹਾਨੂੰ ਕੋਈ ਕੰਮ ਦੇਣਾ ਹੈ। ਤੁਹਾਨੂੰ ਕਿਹੜਾ ਕੰਮ ਆਉਂਦਾ ਹੈ?”

“ਡਿਪਟੀ ਸਾਹਿਬ,” ਉਨ੍ਹਾਂ ਅੱਠਾਂ ਭਰਾਵਾਂ ਵਿੱਚੋਂ ਇਕ ਭਰਾ ਏ. ਐੱਚ. ਮਕਮਿਲਨ ਨੇ ਜਵਾਬ ਦਿੱਤਾ, “ਮੈਂ ਤਾਂ ਆਪਣੀ ਜ਼ਿੰਦਗੀ ਵਿਚ ਸਿਵਾਇ ਪ੍ਰਚਾਰ ਕਰਨ ਦੇ ਹੋਰ ਕੋਈ ਕੰਮ ਹੀ ਨਹੀਂ ਕੀਤਾ। ਕੀ ਤੁਸੀਂ ਸਾਨੂੰ ਇਸ ਤਰ੍ਹਾਂ ਦਾ ਕੋਈ ਕੰਮ ਦੇ ਸਕਦੇ ਹੋ?”

“ਹਰਗਿਜ਼ ਨਹੀਂ! ਆਪਣੇ ਪ੍ਰਚਾਰ ਕੰਮ ਕਰਕੇ ਹੀ ਤਾਂ ਤੁਸੀਂ ਜੇਲ੍ਹ ਵਿਚ ਹੋ। ਖ਼ਬਰਦਾਰ ਜੇ ਤੁਸੀਂ ਇੱਥੇ ਕੋਈ ਪ੍ਰਚਾਰ ਕੀਤਾ।”

ਕਈ ਹਫ਼ਤੇ ਬੀਤ ਗਏ। ਸਾਰੇ ਕੈਦੀਆਂ ਲਈ ਜ਼ਰੂਰੀ ਸੀ ਕਿ ਉਹ ਐਤਵਾਰ ਨੂੰ ਚਰਚ ਜਾਣ ਅਤੇ ਜੇ ਉਹ ਚਾਹੁਣ, ਤਾਂ ਉਹ ਬਾਅਦ ਵਿਚ ਸੰਡੇ ਸਕੂਲ ਵਿਚ ਵੀ ਹਾਜ਼ਰ ਹੋ ਸਕਦੇ ਸਨ। ਉਨ੍ਹਾਂ ਅੱਠ ਭਰਾਵਾਂ ਨੇ ਖ਼ੁਦ ਆਪਣੀ ਬਾਈਬਲ ਅਧਿਐਨ ਕਲਾਸ ਚਲਾਉਣ ਦਾ ਫ਼ੈਸਲਾ ਕੀਤਾ ਜਿਹੜੀ ਕਿ ਉਹ ਵਾਰੋ-ਵਾਰੀ ਚਲਾਉਂਦੇ ਸਨ। “ਕੁਝ ਉਤਸੁਕ ਵਿਅਕਤੀਆਂ ਨੇ ਆਉਣਾ ਸ਼ੁਰੂ ਕਰ ਦਿੱਤਾ ਅਤੇ ਇਨ੍ਹਾਂ ਦੀ ਗਿਣਤੀ ਵਧਦੀ ਗਈ,” ਭਰਾ ਰਦਰਫ਼ਰਡ ਨੇ ਬਾਅਦ ਵਿਚ ਦੱਸਿਆ। ਕੁਝ ਹੀ ਸਮੇਂ ਵਿਚ 8 ਜਣਿਆਂ ਦੀ ਬਜਾਇ 90 ਲੋਕ ਇਸ ਕਲਾਸ ਵਿਚ ਆਉਣ ਲੱਗ ਪਏ ਸਨ!

ਕੈਦੀਆਂ ਨੂੰ ਇਹ ਬਾਈਬਲ ਅਧਿਐਨ ਕਲਾਸ ਕਿੱਦਾਂ ਦੀ ਲੱਗੀ? ਇਕ ਕੈਦੀ ਨੇ ਕਿਹਾ: “ਮੈਂ ਬਹੱਤਰ ਸਾਲਾਂ ਦਾ ਹਾਂ ਅਤੇ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਜੇਲ੍ਹ ਦੀਆਂ ਸਲਾਖਾਂ ਪਿੱਛੇ ਮੈਨੂੰ ਸੱਚਾਈ ਬਾਰੇ ਪਤਾ ਲੱਗਾ। ਇਸੇ ਇਕ ਗੱਲ ਕਰਕੇ ਮੈਂ ਖ਼ੁਸ਼ ਹਾਂ ਕਿ ਮੈਂ ਇਸ ਜੇਲ੍ਹ ਵਿਚ ਬੰਦ ਕੀਤਾ ਗਿਆ।” ਇਕ ਦੂਸਰੇ ਕੈਦੀ ਨੇ ਕਿਹਾ: “ਮੈਂ ਜਲਦੀ ਹੀ ਰਿਹਾਅ ਹੋਣ ਵਾਲਾ ਹਾਂ; ਪਰ ਮੈਂ ਰਿਹਾਅ ਨਹੀਂ ਹੋਣਾ ਚਾਹੁੰਦਾ . . . ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਰਿਹਾਅ ਹੋਣ ਮਗਰੋਂ ਮੈਨੂੰ ਤੁਹਾਡੇ ਵਰਗੇ ਲੋਕ ਕਿੱਥੇ ਮਿਲਣਗੇ?”

ਉਨ੍ਹਾਂ ਅੱਠਾਂ ਭਰਾਵਾਂ ਦੀ ਰਿਹਾਈ ਤੋਂ ਪਹਿਲਾਂ ਦੀ ਰਾਤ ਉਨ੍ਹਾਂ ਨੂੰ ਇਕ ਨੌਜਵਾਨ ਕੈਦੀ ਨੇ ਇਕ ਦਿਲ-ਟੁੰਬਵੀਂ ਚਿੱਠੀ ਲਿਖੀ। ਇਹ ਆਦਮੀ ਉਨ੍ਹਾਂ ਦੀ ਕਲਾਸ ਵਿਚ ਆਉਂਦਾ ਹੁੰਦਾ ਸੀ। ਉਸ ਨੇ ਲਿਖਿਆ: “ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਅੰਦਰ ਇਕ ਬਿਹਤਰ ਇਨਸਾਨ ਬਣਨ ਦੀ ਇੱਛਾ ਪੈਦਾ ਕੀਤੀ ਹੈ। ਮੈਂ ਇਸ ਦੁਨੀਆਂ ਦੀ ਗੰਦਗੀ ਵਿਚ ਰੁੱਲ-ਰੁੱਲ ਕੇ ਅਤੇ ਇਸ ਦੇ ਥਪੇੜੇ ਖਾ-ਖਾ ਕੇ ਇਕ ਜ਼ਿੰਦਾ ਲਾਸ਼ ਹੀ ਰਹਿ ਗਿਆ ਹਾਂ। . . . ਮੈਂ ਕਮਜ਼ੋਰ ਹਾਂ, ਬਹੁਤ ਹੀ ਕਮਜ਼ੋਰ ਅਤੇ ਇਹ ਗੱਲ ਮੇਰੇ ਨਾਲੋਂ ਜ਼ਿਆਦਾ ਚੰਗੀ ਤਰ੍ਹਾਂ ਹੋਰ ਕੋਈ ਨਹੀਂ ਜਾਣਦਾ। ਪਰ ਮੈਂ ਕੋਸ਼ਿਸ਼ ਕਰਾਂਗਾ ਅਤੇ ਲੋੜ ਪੈਣ ਤੇ ਖ਼ੁਦ ਨਾਲ ਲੜਾਂਗਾ ਵੀ ਤਾਂਕਿ ਮੈਂ ਤੁਹਾਡੇ ਬੀਜੇ ਇਸ ਬੀ ਨੂੰ ਫਲਦਾਰ ਬਣਾਵਾਂ ਅਤੇ ਨਾ ਸਿਰਫ਼ ਆਪਣੇ ਆਪ ਦੀ ਪਰ ਦੂਸਰਿਆਂ ਦੀ ਵੀ ਮਦਦ ਕਰ ਸਕਾਂ। ਤੁਹਾਨੂੰ ਸ਼ਾਇਦ ਮੇਰੀ ਇਹ ਚਿੱਠੀ ਪੜ੍ਹ ਕੇ ਬਹੁਤ ਹੈਰਾਨੀ ਹੋ ਰਹੀ ਹੋਵੇਗੀ, ਪਰ ਇਸ ਦਾ ਇਕ-ਇਕ ਲਫ਼ਜ਼ ਸੱਚ ਹੈ ਕਿਉਂਕਿ ਇਹ ਲਫ਼ਜ਼ ਮੇਰੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਨਿਕਲੇ ਹਨ।”

ਅੱਜ ਤਕਰੀਬਨ 80 ਸਾਲਾਂ ਬਾਅਦ ਵੀ ਯਹੋਵਾਹ ਦੇ ਗਵਾਹ ਐਟਲਾਂਟਾ ਦੀ ਜੇਲ੍ਹ ਵਿਚ ਅਤੇ ਕਈ ਦੂਸਰੀਆਂ ਜੇਲ੍ਹਾਂ ਵਿਚ ਬਾਈਬਲ ਸੱਚਾਈ ਦੇ ਬੀ ਬੀਜ ਰਹੇ ਹਨ।​—1 ਕੁਰਿੰਥੀਆਂ 3:6, 7.