Skip to content

Skip to table of contents

ਮਤਾਤੂ—ਕੀਨੀਆ ਦੀ ਰੰਗ-ਬਰੰਗੀ ਗੱਡੀ

ਮਤਾਤੂ—ਕੀਨੀਆ ਦੀ ਰੰਗ-ਬਰੰਗੀ ਗੱਡੀ

ਮਤਾਤੂ​—ਕੀਨੀਆ ਦੀ ਰੰਗ-ਬਰੰਗੀ ਗੱਡੀ

ਕੀਨੀਆ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

ਕੀਨੀਆ ਗਿਆ ਕੋਈ ਵੀ ਸੈਲਾਨੀ ਉੱਥੇ ਆਪਣੀ ਸੈਰ ਦੀਆਂ ਤਾਰੀਫ਼ਾਂ ਕਰਦਾ ਕਦੇ ਨਹੀਂ ਥੱਕਦਾ। ਝੁੰਡ ਦੀ ਪ੍ਰਧਾਨ ਹਥਣੀ, ਤਾਕਤਵਰ ਸ਼ੇਰ ਅਤੇ ਸੂਰਜ ਡੁੱਬਣ ਵੇਲੇ ਆਸਮਾਨ ਦਾ ਰੰਗ-ਬਰੰਗਾ ਨਜ਼ਾਰਾ ਉਹ ਕਦੇ ਨਹੀਂ ਭੁੱਲਦਾ। ਇੱਥੇ ਕੁਦਰਤ ਦੇ ਵੰਨ-ਸੁਵੰਨੇ ਨਜ਼ਾਰਿਆਂ ਦੀ ਕੋਈ ਘਾਟ ਨਹੀਂ ਹੈ। ਪਰ ਇਸ ਇਲਾਕੇ ਦੀਆਂ ਸੜਕਾਂ ਉੱਤੇ ਇਕ ਆਪਣੀ ਹੀ ਕਿਸਮ ਦਾ ਆਕਰਸ਼ਣ ਹੈ—ਮਤਾਤੂ। ਇਹ ਨਾਂ ਉਨ੍ਹਾਂ ਗੱਡੀਆਂ ਨੂੰ ਦਿੱਤਾ ਗਿਆ ਹੈ ਜਿਨ੍ਹਾਂ ਵਿਚ ਲੋਕ ਆਮ ਹੀ ਸਫ਼ਰ ਕਰਦੇ ਹਨ। ਕੀਨੀਆ ਵਿਚ ਲੋਕ ਇਨ੍ਹਾਂ ਦੀਆਂ ਕਈ ਖੂਬੀਆਂ ਕਰਕੇ ਇਨ੍ਹਾਂ ਵਿਚ ਸਫ਼ਰ ਕਰਨਾ ਬਹੁਤ ਪਸੰਦ ਕਰਦੇ ਹਨ।

ਮਤਾਤੂ ਦੇ ਜਨਮ ਦੀ ਕਹਾਣੀ ਉੱਨੀ ਹੀ ਦਿਲਚਸਪ ਹੈ ਜਿੰਨੀ ਕਿ ਇਸ ਦੇ ਸੜਕਾਂ ਉੱਤੇ ਦੌੜਨ ਦੀ ਕਹਾਣੀ। ਇਸ ਕਿਸਮ ਦੀ ਪਹਿਲੀ ਗੱਡੀ ਇਕ ਖਟਾਰਾ ਫੋਰਡ ਥੇਮਜ਼ ਮਾਡਲ ਸੀ ਜਿਸ ਨੂੰ ਅੰਗ੍ਰੇਜ਼ ਫ਼ੌਜੀ ਛੱਡ ਗਏ ਸਨ। ਉਹ ਇਨ੍ਹਾਂ ਨੂੰ ਇਥੋਪੀਆ ਵਿਚ ਦੂਸਰੇ ਵਿਸ਼ਵ ਯੁੱਧ ਦੌਰਾਨ ਵਰਤਦੇ ਹੁੰਦੇ ਸਨ। ਫਿਰ 1960 ਦੇ ਦਹਾਕੇ ਦੀ ਸ਼ੁਰੂਆਤ ਵਿਚ ਨੈਰੋਬੀ ਦਾ ਰਹਿਣ ਵਾਲਾ ਇਕ ਆਦਮੀ ਆਪਣੇ ਕੁਝ ਦੋਸਤਾਂ ਨੂੰ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਵਿਚ ਲਿਜਾਣ ਲਈ ਇਸ ਗੱਡੀ ਨੂੰ ਵਰਤਦਾ ਹੁੰਦਾ ਸੀ। ਇਸ ਦੇ ਬਦਲੇ ਉਹ ਹਰ ਵਿਅਕਤੀ ਕੋਲੋਂ ਪੈਟਰੋਲ ਲਈ ਸਿਰਫ਼ 30 ਸੈਂਟ ਲੈਂਦਾ ਹੁੰਦਾ ਸੀ। * ਫਿਰ ਜਲਦੀ ਹੀ ਦੂਸਰਿਆਂ ਨੇ ਦੇਖਿਆ ਕਿ ਇਨ੍ਹਾਂ ਪੁਰਾਣੀਆਂ ਗੱਡੀਆਂ ਤੋਂ ਚੰਗਾ ਮੁਨਾਫ਼ਾ ਹੋ ਸਕਦਾ ਸੀ। ਇਸ ਤਰ੍ਹਾਂ ਅਜਿਹੀਆਂ ਬਹੁਤ ਸਾਰੀਆਂ ਗੱਡੀਆਂ ਨੂੰ ਸਵਾਰੀਆਂ ਢੋਣ ਲਈ ਵਰਤਣਾ ਸ਼ੁਰੂ ਕਰ ਦਿੱਤਾ ਗਿਆ। ਹਰ ਗੱਡੀ ਵਿਚ ਲੱਕੜੀ ਦੇ ਤਿੰਨ ਬੈਂਚ ਲਾਏ ਗਏ ਜਿਨ੍ਹਾਂ ਉੱਤੇ 21 ਸਵਾਰੀਆਂ ਬੈਠ ਸਕਦੀਆਂ ਸਨ। ਇਸ ਦੀ ਬਣਤਰ ਨਾਈਜੀਰੀਆ ਦੀ ਪੁਰਾਣੀ ਬੌਲਕੇਜਾਸ ਗੱਡੀ ਵਰਗੀ ਹੈ। ਪਹਿਲਾਂ-ਪਹਿਲ ਹਰ ਸਵਾਰੀ ਇਕ ਪਾਸੇ ਦੇ ਸਫ਼ਰ ਲਈ 10 ਸੈਂਟ ਦੇ ਤਿੰਨ ਸਿੱਕੇ ਦਿੰਦੀ ਹੁੰਦੀ ਸੀ। ਸ਼ਾਇਦ ਇਸੇ ਕਰਕੇ ਇਸ ਗੱਡੀ ਦਾ ਨਾਂ ਮਤਾਤੂ ਪਿਆ ਕਿਉਂਕਿ ਸਹੇਲੀ ਭਾਸ਼ਾ ਵਿਚ ਸ਼ਬਦ ਤਾਤੂ ਦਾ ਮਤਲਬ ਹੈ “ਤਿੰਨ।” ਅੱਜ ਮਤਾਤੂ ਦਾ ਰੂਪ ਪੂਰੀ ਤਰ੍ਹਾਂ ਬਦਲ ਚੁੱਕਾ ਹੈ। ਪੁਰਾਣੀਆਂ ਖਟਾਰਾ ਗੱਡੀਆਂ ਦੀ ਬਜਾਇ ਅੱਜ ਨਵੇਂ ਮਾਡਲ ਵਰਤੇ ਜਾਂਦੇ ਹਨ। ਜੀ ਹਾਂ, ਅੱਜ ਦਾ ਮਤਾਤੂ ਇਕ ਲਿਸ਼ਕਾਂ ਮਾਰਦੀ ਗੱਡੀ ਹੈ। ਇਸ ਬਾਰੇ ਕੀਨੀਆ ਦੀ ਇਕ ਦੈਨਿਕ ਅਖ਼ਬਾਰ ਨੇ ਕਿਹਾ ਕਿ ਇਹ ਇਕ “ਜੈੱਟ ਵਰਗੀ ਰੰਗ-ਬਰੰਗੀ ਫਰਾਟਾ ਗੱਡੀ ਹੈ।” ਇਹ ਸੱਚ-ਮੁੱਚ 1960 ਦੇ ਦਹਾਕੇ ਦੀ ਗੱਡੀ ਤੋਂ ਬਿਲਕੁਲ ਵੱਖਰੀ ਹੈ!

ਮਤਾਤੂ ਵਿਚ ਸਫ਼ਰ ਕਰਨਾ ਬਹੁਤ ਦਿਲਚਸਪ ਹੋ ਸਕਦਾ ਹੈ, ਖ਼ਾਸ ਕਰਕੇ ਜਦੋਂ ਡਰਾਈਵਰ ਸ਼ਹਿਰ ਦੇ ਭਾਰੀ ਟ੍ਰੈਫਿਕ ਵਿੱਚੋਂ ਦੀ ਇਸ ਨੂੰ ਤੇਜ਼ੀ ਨਾਲ ਕੱਢ ਕੇ ਲੈ ਜਾਂਦਾ ਹੈ! ਆਓ ਆਪਾਂ ਮਤਾਤੂ ਵਿਚ ਚੜ੍ਹ ਕੇ ਥੋੜ੍ਹਾ ਜਿਹਾ ਨੈਰੋਬੀ ਸ਼ਹਿਰ ਘੁੰਮੀਏ ਤੇ ਇਸ ਦੇ ਦਿਲਚਸਪ ਸਫ਼ਰ ਦਾ ਆਨੰਦ ਮਾਣੀਏ।

ਅਨੋਖਾ ਆਕਰਸ਼ਣ

ਸਾਡਾ ਸਫ਼ਰ ਮਤਾਤੂ ਦੇ ਅੱਡੇ ਤੋਂ ਸ਼ੁਰੂ ਹੁੰਦਾ ਹੈ ਜਿੱਥੇ ਦਰਜਨਾਂ ਮਤਾਤੂ ਵੱਖਰੀਆਂ-ਵੱਖਰੀਆਂ ਥਾਵਾਂ ਤੇ ਜਾਣ ਲਈ ਖੜ੍ਹੇ ਹਨ। ਦੁਪਹਿਰ ਦਾ ਇਕ ਵੱਜਾ ਹੈ ਤੇ ਅੱਡੇ ਤੇ ਬੜੀ ਗਹਿਮਾ-ਗਹਿਮੀ ਹੈ। ਲੋਕ ਆਪਣੀਆਂ-ਆਪਣੀਆਂ ਥਾਵਾਂ ਤੇ ਜਾਣ ਵਾਲੇ ਮਤਾਤੂ ਲੱਭ ਰਹੇ ਹਨ। ਕਈ ਸਵਾਰੀਆਂ ਦੂਸਰੇ ਕਸਬਿਆਂ ਨੂੰ ਜਾ ਰਹੀਆਂ ਹਨ ਜਿੱਥੇ ਜਾਣ ਲਈ ਕੁਝ ਘੰਟੇ ਲੱਗਣਗੇ। ਦੂਸਰੇ ਲੋਕ ਸ਼ਹਿਰ ਦੇ ਕਾਰੋਬਾਰੀ ਇਲਾਕੇ ਤੋਂ ਕੁਝ ਕਿਲੋਮੀਟਰ ਦੂਰ ਸ਼ਹਿਰ ਦੇ ਦੂਸਰੇ ਹਿੱਸਿਆਂ ਵਿਚ ਜਾ ਰਹੇ ਹਨ, ਸ਼ਾਇਦ ਦੁਪਹਿਰ ਦੀ ਰੋਟੀ ਖਾਣ ਲਈ। ਉਨ੍ਹਾਂ ਲਈ ਮਤਾਤੂ ਬਹੁਤ ਹੀ ਫ਼ਾਇਦੇਮੰਦ ਸਾਬਤ ਹੁੰਦਾ ਹੈ।

ਕੀ ਤੁਸੀਂ ਧਿਆਨ ਦਿੱਤਾ ਹੈ ਕਿ ਜ਼ਿਆਦਾਤਰ ਗੱਡੀਆਂ ਕਈ ਚਮਕੀਲੇ ਰੰਗਾਂ ਦੀਆਂ ਹਨ? ਇਹ ਰੰਗ ਸਿਰਫ਼ ਇਨ੍ਹਾਂ ਨੂੰ ਹੋਰ ਸੋਹਣਾ ਬਣਾਉਣ ਲਈ ਨਹੀਂ ਹਨ। ਕਈ ਮੁਸਾਫ਼ਰ ਸਭ ਤੋਂ ਸੋਹਣੇ ਮਤਾਤੂ ਵਿਚ ਸਫ਼ਰ ਕਰਨਾ ਜ਼ਿਆਦਾ ਪਸੰਦ ਕਰਦੇ ਹਨ। ਇਨ੍ਹਾਂ ਗੱਡੀਆਂ ਨੂੰ ਜ਼ਰਾ ਨੇੜਿਓਂ ਦੇਖਣ ਤੇ ਪਤਾ ਚੱਲਦਾ ਹੈ ਕਿ ਇਨ੍ਹਾਂ ਦੇ ਦੋਵੇਂ ਪਾਸੇ ਇਨ੍ਹਾਂ ਦੇ ਨਾਂ ਲਿਖੇ ਹੋਏ ਹਨ। ਕੁਝ ਨਾਂ ਹਾਲ ਹੀ ਦੀਆਂ ਘਟਨਾਵਾਂ ਜਾਂ ਪ੍ਰਚਲਿਤ ਚੀਜ਼ਾਂ ਨੂੰ ਦਰਸਾਉਂਦੇ ਹਨ, ਉਦਾਹਰਣ ਲਈ “ਐੱਲ ਨੀਨਯੋ,” “ਮਿਲੇਨੀਅਮ,” “ਦ ਵੈੱਬਸਾਈਟ,” “ਇੰਟਰਨੈੱਟ” ਅਤੇ “ਡਾਟ ਕਾਮ।” ਕਈਆਂ ਉੱਤੇ “ਨਿਮਰ” ਅਤੇ “ਮਿਸ਼ਨਰੀ’ ਲਿਖਿਆ ਹੋਇਆ ਹੈ ਜੋ ਚੰਗੇ ਮਨੁੱਖੀ ਗੁਣਾਂ ਜਾਂ ਪ੍ਰਾਪਤੀਆਂ ਨੂੰ ਦਰਸਾਉਂਦੇ ਹਨ। ਮਤਾਤੂ ਦੀ ਲਿਸ਼ਕਵੀਂ ਦਿੱਖ ਨਾਲ ਮਿਲਦੀ-ਜੁਲਦੀ ਇਕ ਹੋਰ ਗੱਡੀ ਹੈ ਫ਼ਿਲਪੀਨ ਦੀ ਜੀਪਨੀ। ਇਹ ਬੜੀ ਦਿਲਚਸਪੀ ਦੀ ਗੱਲ ਹੈ ਕਿ ਜੀਪਨੀ ਵੀ ਦੂਸਰੇ ਵਿਸ਼ਵ ਯੁੱਧ ਦੀ ਹੀ ਦੇਣ ਹੈ।

ਕੰਡਕਟਰਾਂ ਨੂੰ ਸਵਾਰੀਆਂ ਨੂੰ ਬੁਲਾਉਂਦੇ ਦੇਖ ਕੇ ਬਹੁਤ ਮਜ਼ਾ ਆਉਂਦਾ ਹੈ। ਭਾਵੇਂ ਕਿ ਸਾਰੀਆਂ ਗੱਡੀਆਂ ਦੇ ਅਗਲੇ ਸ਼ੀਸ਼ਿਆਂ ਉੱਤੇ ਬੋਰਡ ਲੱਗੇ ਹੁੰਦੇ ਹਨ ਕਿ ਉਹ ਕਿੱਥੇ-ਕਿੱਥੇ ਜਾਣਗੀਆਂ, ਪਰ ਫਿਰ ਵੀ ਕੰਡਕਟਰ ਆਪਣੇ ਗਲੇ ਪਾੜ-ਪਾੜ ਕੇ ਸਵਾਰੀਆਂ ਨੂੰ ਸੱਦਾ ਦਿੰਦੇ ਹਨ ਤੇ ਡਰਾਈਵਰ ਸੰਗੀਤਮਈ ਹਾਰਨ ਵਜਾਉਂਦੇ ਹਨ। ਕਈ ਮਤਾਤੂ ਗੱਡੀਆਂ ਉੱਤੇ “ਯਰੂਸ਼ਲਮ” ਜਾਂ “ਯਰੀਹੋ” ਨਾਂ ਪੜ੍ਹ ਕੇ ਹੈਰਾਨ ਨਾ ਹੋਇਓ। ਜੇ ਤੁਸੀਂ “ਯਰੂਸ਼ਲਮ” ਜਾਂ “ਯਰੀਹੋ” ਜਾਣ ਵਾਲੇ ਮਤਾਤੂ ਤੇ ਚੜ੍ਹੋਗੇ, ਤਾਂ ਤੁਸੀਂ ਮੱਧ ਪੂਰਬ ਵਿਚ ਨਹੀਂ, ਸਗੋਂ ਨੈਰੋਬੀ ਸ਼ਹਿਰ ਦੇ ਬਾਹਰੀ ਪੂਰਬੀ ਇਲਾਕਿਆਂ ਵਿਚ ਪਹੁੰਚੋਗੇ ਜਿਹੜੇ ਇਹੋ ਬਾਈਬਲੀ ਨਾਵਾਂ ਤੋਂ ਜਾਣੇ ਜਾਂਦੇ ਹਨ। ਸਾਰੇ ਕੰਡਕਟਰ ਸਵਾਰੀਆਂ ਨੂੰ ਆਪਣੇ-ਆਪਣੇ ਮਤਾਤੂ ਵਿਚ ਚੜ੍ਹਾਉਣ ਦੀ ਕੋਸ਼ਿਸ਼ ਕਰਦੇ ਹਨ, ਇਸ ਕਰਕੇ ਬਹੁਤ ਸਾਰੀਆਂ ਸਵਾਰੀਆਂ ਲਈ ਇਹ ਫ਼ੈਸਲਾ ਕਰਨਾ ਮੁਸ਼ਕਲ ਹੈ ਕਿ ਉਹ ਕਿਹੜੇ ਮਤਾਤੂ ਵਿਚ ਚੜ੍ਹਨ!

ਚਲੋ ਆਪਾਂ ਸਟ੍ਰਾਬੇਰੀ ਨਾਂ ਦੇ ਮਤਾਤੂ ਵਿਚ ਚੜ੍ਹਦੇ ਹਾਂ! ਆਸ਼ਾ ਕਰਦੇ ਹਾਂ ਕਿ ਇਸ ਵਿਚ ਕੀਤਾ ਸਫ਼ਰ ਸਟ੍ਰਾਬੇਰੀ ਫਲ ਜਿੰਨਾ ਹੀ ਮਿੱਠਾ ਹੋਵੇਗਾ। ਇੱਦਾਂ ਲੱਗਦਾ ਹੈ ਕਿ ਜ਼ਿਆਦਾ ਲੋਕ ਇਸ ਮਤਾਤੂ ਵਿਚ ਸਫ਼ਰ ਕਰਨਾ ਪਸੰਦ ਕਰਦੇ ਹਨ ਕਿਉਂਕਿ ਇਸ ਨੂੰ ਭਰਨ ਵਿਚ ਕੁਝ ਹੀ ਮਿੰਟ ਲੱਗੇ। ਇਸ ਦੀ ਛੱਤ ਤੇ ਲੱਗੇ ਛੋਟੇ-ਛੋਟੇ ਸਪੀਕਰਾਂ ਵਿੱਚੋਂ ਹੌਲੀ ਆਵਾਜ਼ ਵਿਚ ਚੱਲਦੇ ਗਾਣਿਆਂ ਦਾ ਮੁਸਾਫ਼ਰ ਮਜ਼ਾ ਲੈ ਰਹੇ ਹਨ। ਪਰ ਸਾਰੇ ਮਤਾਤੂਆਂ ਵਿਚ ਇਸ ਤਰ੍ਹਾਂ ਨਹੀਂ ਹੁੰਦਾ। ਕਈ ਮਤਾਤੂਆਂ ਦੀਆਂ ਸੀਟਾਂ ਥੱਲੇ ਵੱਡੇ-ਵੱਡੇ ਸਪੀਕਰ ਲੱਗੇ ਹੁੰਦੇ ਹਨ ਜਿਨ੍ਹਾਂ ਵਿੱਚੋਂ ਕੰਨ-ਪਾੜਵੇਂ ਗਾਣਿਆਂ ਦੀਆਂ ਆਵਾਜ਼ਾਂ ਆਉਂਦੀਆਂ ਹਨ। ਖ਼ੈਰ, ਦਸ ਮਿੰਟ ਪਹਿਲਾਂ ਹੀ ਸਾਰੀਆਂ ਸੀਟਾਂ ਭਰ ਚੁੱਕੀਆਂ ਸਨ, ਪਰ ਸਾਡਾ ਮਤਾਤੂ ਅਜੇ ਇਕ ਇੰਚ ਵੀ ਅੱਗੇ ਨਹੀਂ ਵਧਿਆ। ਡਰਾਈਵਰ ਹੁਣ ਕਿਹਦੀ ਉਡੀਕ ਕਰ ਰਿਹਾ ਹੈ? ਸੀਟਾਂ ਦੇ ਵਿਚਕਾਰ ਲਾਂਘਾ ਅਜੇ ਖਾਲੀ ਪਿਆ ਹੈ, ਜਿੱਥੇ ਹੋਰ ਸਵਾਰੀਆਂ ਖੜ੍ਹੀਆਂ ਹੋ ਸਕਦੀਆਂ ਹਨ। ਜਲਦੀ ਹੀ ਮਤਾਤੂ ਖਚਾਖਚ ਭਰ ਜਾਂਦਾ ਹੈ ਕਿ ਤਿਲ ਸੁੱਟਣ ਲਈ ਵੀ ਜਗ੍ਹਾ ਨਹੀਂ ਬਚੀ। ਅਸਲ ਵਿਚ ਮਤਾਤੂ ਸ਼ਾਇਦ ਰਾਹ ਵਿਚ ਹੋਰ ਸਵਾਰੀਆਂ ਚੜ੍ਹਾਉਣ ਲਈ ਕਈ ਜਗ੍ਹਾ ਰੁਕੇਗਾ।

ਅਖ਼ੀਰ ਸਾਡਾ ਮਤਾਤੂ ਤੁਰ ਪਿਆ ਹੈ। ਭਾਵੇਂ ਮੁਸਾਫ਼ਰ ਇਕ ਦੂਸਰੇ ਨੂੰ ਨਹੀਂ ਜਾਣਦੇ ਹਨ ਪਰ ਉਹ ਆਪਸ ਵਿਚ ਬੜੇ ਜੋਸ਼ ਨਾਲ ਗੱਲਬਾਤ ਕਰ ਰਹੇ ਹਨ। ਉਹ ਜ਼ਿਆਦਾਤਰ ਰੋਜ਼-ਮੱਰਾ ਦੀਆਂ ਚਿੰਤਾਵਾਂ ਬਾਰੇ ਗੱਲਾਂ ਕਰ ਰਹੇ ਹਨ। ਪੂਰਾ ਨਜ਼ਾਰਾ ਮੱਛੀ ਬਾਜ਼ਾਰ ਵਰਗਾ ਹੈ। ਪਰ ਉਨ੍ਹਾਂ ਦੀ ਗੱਲਬਾਤ ਵੱਲ ਜ਼ਿਆਦਾ ਧਿਆਨ ਨਾ ਦਿਓ। ਕਈ ਸਵਾਰੀਆਂ ਗੱਲਬਾਤ ਵਿਚ ਇੰਨੀਆਂ ਮਗਨ ਹੋ ਜਾਂਦੀਆਂ ਹਨ ਕਿ ਉਨ੍ਹਾਂ ਨੇ ਜਿਸ ਜਗ੍ਹਾ ਉਤਰਨਾ ਹੁੰਦਾ ਹੈ ਉਹ ਪਿੱਛੇ ਲੰਘ ਜਾਂਦੀ ਹੈ।

ਮਤਾਤੂ ਸਿਰਫ਼ ਇੱਕੋ ਰਾਹ ਨਹੀਂ ਫੜਦਾ। ਆਪਣੇ ਖ਼ੁਦ ਦੇ ਮਿੱਥੇ ਸਮੇਂ ਵਿਚ ਸਫ਼ਰ ਪੂਰਾ ਕਰਨ ਲਈ ਡਰਾਈਵਰ ਸੜਕ ਉੱਤੇ ਜਿੱਥੋਂ ਦੀ ਜਗ੍ਹਾ ਮਿਲਦੀ ਹੈ ਉੱਥੇ ਦੀ ਉਹ ਗੱਡੀ ਲੰਘਾ ਲੈਂਦਾ ਹੈ। ਡਰਾਈਵਰ ਫੁਟਪਾਥ ਤੇ ਵੀ ਚੜ੍ਹ ਜਾਂਦੇ ਹਨ ਅਤੇ ਕਈ ਵਾਰੀ ਤਾਂ ਰਾਹ ਜਾਂਦੇ ਲੋਕ ਗੱਡੀ ਥੱਲੇ ਆਉਣ ਤੋਂ ਮਸਾਂ ਹੀ ਬਚਦੇ ਹਨ। ਇਸ ਦੌਰਾਨ ਕੰਡਕਟਰ ਦਾ ਕੰਮ ਕੋਈ ਸੌਖਾ ਕੰਮ ਨਹੀਂ ਹੈ। ਉਹ ਉੱਚੀ-ਉੱਚੀ ਗੱਲਾਂ ਕਰ ਰਹੀਆਂ ਸਵਾਰੀਆਂ ਤੋਂ ਕਿਰਾਇਆ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ, ਕੁਝ ਸਵਾਰੀਆਂ ਕਿਰਾਇਆ ਦੇਣ ਵਿਚ ਆਨਾਕਾਨੀ ਕਰ ਰਹੀਆਂ ਹਨ। ਪਰ ਉਹ ਇੱਦਾਂ ਦੇ ਛੋਟੇ-ਮੋਟੇ ਲੜਾਈ-ਝਗੜਿਆਂ ਦੀ ਪਰਵਾਹ ਨਹੀਂ ਕਰਦਾ। ਸਵਾਰੀ ਜਾਂ ਤੇ ਕਿਰਾਇਆ ਦੇਵੇ ਜਾਂ ਫਿਰ ਮਤਾਤੂ ਉਸੇ ਵੇਲੇ ਰੁਕ ਜਾਵੇਗਾ ਤੇ ਉਸ ਨੂੰ ਉਤਰਨ ਲਈ ਕਿਹਾ ਜਾਂਦਾ ਹੈ ਜਾਂ ਉਸ ਨੂੰ ਧੱਕੇ ਮਾਰ ਕੇ ਉਤਾਰਿਆ ਜਾਂਦਾ ਹੈ! ਕੰਡਕਟਰ ਡਰਾਈਵਰ ਨੂੰ ਦੱਸਦਾ ਹੈ ਕਿ ਸਵਾਰੀ ਨੂੰ ਕਿੱਥੇ ਉਤਾਰਨਾ ਹੈ ਤੇ ਨਾਲ-ਨਾਲ ਮਤਾਤੂ ਦੀ ਉਡੀਕ ਵਿਚ ਖੜ੍ਹੀਆਂ ਸਵਾਰੀਆਂ ਦਾ ਵੀ ਧਿਆਨ ਰੱਖਦਾ ਹੈ। ਉਹ ਸੀਟੀ ਮਾਰ ਕੇ, ਛੱਤ ਤੇ ਠੱਕ-ਠੱਕ ਕਰ ਕੇ ਜਾਂ ਦਰਵਾਜ਼ੇ ਲਾਗੇ ਲੱਗੀ ਘੰਟੀ ਵਜਾ ਕੇ ਡਰਾਈਵਰ ਨੂੰ ਮਤਾਤੂ ਨੂੰ ਰੋਕਣ ਲਈ ਕਹਿੰਦਾ ਹੈ। ਭਾਵੇਂ ਕਿ ਜਨਤਕ ਵਾਹਨਾਂ ਦੇ ਰੁਕਣ ਲਈ ਨਿਸ਼ਚਿਤ ਥਾਵਾਂ ਹੁੰਦੀਆਂ ਹਨ, ਪਰ ਮਤਾਤੂ ਸਵਾਰੀਆਂ ਚੜ੍ਹਾਉਣ ਜਾਂ ਉਤਾਰਨ ਲਈ ਕਿਤੇ ਵੀ ਕਿਸੇ ਵੀ ਸਮੇਂ ਤੇ ਰੁਕ ਜਾਂਦਾ ਹੈ।

ਸ਼ਹਿਰ ਦੇ ਅੰਦਰੂਨੀ ਹਿੱਸਿਆਂ ਵਿੱਚੋਂ ਨਿਕਲ ਕੇ ਅਸੀਂ ਹੁਣ ਸ਼ਹਿਰ ਦੇ ਛੋਟੇ ਜਿਹੇ ਬਾਹਰੀ ਇਲਾਕੇ ਵਿਚ ਆ ਗਏ ਹਾਂ ਜਿੱਥੇ ਜ਼ਿਆਦਾ ਸਵਾਰੀਆਂ ਉੱਤਰ ਰਹੀਆਂ ਹਨ। ਹੁਣ ਮਤਾਤੂ ਸ਼ਹਿਰ ਨੂੰ ਆਪਣਾ ਵਾਪਸੀ ਸਫ਼ਰ ਸ਼ੁਰੂ ਕਰੇਗਾ। ਉਹ ਰਾਹ ਵਿਚ ਹੋਰ ਸਵਾਰੀਆਂ ਨੂੰ ਚੜ੍ਹਾਉਂਦਾ ਜਾਵੇਗਾ। ਉਨ੍ਹਾਂ ਦਾ ਸਫ਼ਰ ਵੀ ਸਾਡੇ ਵਰਗਾ ਹੀ ਹੋਵੇਗਾ। ਬਿਨਾਂ ਸ਼ੱਕ, ਭਾਵੇਂ ਸਾਡਾ ਸਫ਼ਰ ਹਿਚਕੋਲੇਦਾਰ ਸੀ, ਪਰ ਸਾਨੂੰ ਸਟ੍ਰਾਬੇਰੀ ਵਿਚ ਮਜ਼ਾ ਆਇਆ।

ਮਤਾਤੂ ਚੱਲਦਾ ਰਹੇਗਾ

ਇਸ ਵੇਲੇ ਕੀਨੀਆ ਵਿਚ ਤਕਰੀਬਨ 30,000 ਮਤਾਤੂ ਚੱਲ ਰਹੇ ਹਨ। ਕਈ ਦਹਾਕੇ ਪਹਿਲਾਂ ਯੁੱਧ ਦੇ ਸਮੇਂ ਦੀਆਂ ਖਟਾਰਾ ਗੱਡੀਆਂ ਤੋਂ ਸ਼ੁਰੂ ਹੁੰਦੇ ਹੋਏ ਅੱਜ ਮਤਾਤੂ ਟ੍ਰਾਂਸਪੋਰਟ ਉਦਯੋਗ ਤੇਜ਼ੀ ਨਾਲ ਵਧ ਕੇ ਲੱਖਾਂ ਡਾਲਰਾਂ ਦਾ ਕਾਰੋਬਾਰ ਬਣ ਗਿਆ ਹੈ। ਪਰ ਮਤਾਤੂ ਨਾਲ ਕਈ ਮੁਸ਼ਕਲਾਂ ਵੀ ਖੜ੍ਹੀਆਂ ਹੋਈਆਂ ਹਨ। ਉਦਾਹਰਣ ਲਈ, ਲੋਕ ਸ਼ਿਕਾਇਤ ਕਰਦੇ ਹਨ ਕਿ ਮਤਾਤੂ ਦੇ ਡਰਾਈਵਰ ਟ੍ਰੈਫਿਕ ਨਿਯਮਾਂ ਅਤੇ ਇਸ ਉਦਯੋਗ ਨੂੰ ਕੰਟ੍ਰੋਲ ਵਿਚ ਰੱਖਣ ਲਈ ਬਣਾਏ ਸਰਕਾਰੀ ਕਾਨੂੰਨਾਂ ਦੀ ਪਾਲਣਾ ਨਹੀਂ ਕਰਦੇ। ਕਈ ਵਾਰ ਮਤਾਤੂ ਚਲਾਉਣ ਵਾਲਿਆਂ ਨੇ ਅਜਿਹੇ ਕਾਨੂੰਨਾਂ ਦੇ ਵਿਰੋਧ ਵਿਚ ਹੜਤਾਲ ਵੀ ਕੀਤੀ ਹੈ ਜਿਸ ਕਰਕੇ ਰੋਜ਼ ਮਤਾਤੂ ਵਿਚ ਸਫ਼ਰ ਕਰਨ ਵਾਲੇ ਹਜ਼ਾਰਾਂ ਲੋਕਾਂ ਨੂੰ ਪਰੇਸ਼ਾਨੀ ਦਾ ਸਾਮ੍ਹਣਾ ਕਰਨਾ ਪਿਆ। ਜਦ ਕਿ ਸਾਰੇ ਲੋਕਾਂ ਨੂੰ ਸ਼ਾਇਦ ਮਤਾਤੂ ਦੇ ਡਰਾਈਵਰਾਂ ਦਾ ਗੱਡੀ ਚਲਾਉਣ ਦਾ ਤਰੀਕਾ ਪਸੰਦ ਨਾ ਹੋਵੇ, ਪਰ ਇਹ ਕੀਨੀਆ ਦੇ ਗ਼ਰੀਬ ਨੌਕਰੀ-ਪੇਸ਼ਾ ਲੋਕਾਂ ਲਈ ਬਹੁਤ ਹੀ ਫ਼ਾਇਦੇਮੰਦ ਹਨ।

[ਫੁਟਨੋਟ]

^ ਪੈਰਾ 4 ਕੀਨੀਆ ਦੀ ਕਰੰਸੀ ਦੀ ਇਕਾਈ ਸ਼ਲਿੰਗ ਹੈ। ਇਕ ਸ਼ਲਿੰਗ 100 ਸੈਂਟਾਂ ਵਿਚ ਵੰਡਿਆ ਜਾਂਦਾ ਹੈ। ਕੀਨੀਆ ਵਿਚ ਇਕ ਅਮਰੀਕੀ ਡਾਲਰ ਦੀ ਕੀਮਤ ਲਗਭਗ 78 ਸ਼ਲਿੰਗ ਦੇ ਬਰਾਬਰ ਹੈ।

[ਸਫ਼ੇ 24, 25 ਉੱਤੇ ਤਸਵੀਰ]

ਇਕ ਫੋਰਡ ਥੇਮਜ਼ ਮਾਡਲ

[ਕ੍ਰੈਡਿਟ ਲਾਈਨ]

Noor Khamis/​The People Daily