Skip to content

Skip to table of contents

ਮਰਦ ਔਰਤਾਂ ਨੂੰ ਕਿਉਂ ਮਾਰਦੇ-ਕੁੱਟਦੇ ਹਨ?

ਮਰਦ ਔਰਤਾਂ ਨੂੰ ਕਿਉਂ ਮਾਰਦੇ-ਕੁੱਟਦੇ ਹਨ?

ਮਰਦ ਔਰਤਾਂ ਨੂੰ ਕਿਉਂ ਮਾਰਦੇ-ਕੁੱਟਦੇ ਹਨ?

ਕੁਝ ਵਿਦਵਾਨ ਕਹਿੰਦੇ ਹਨ ਕਿ ਔਰਤ ਨੂੰ ਕਿਸੇ ਹੋਰ ਦੇ ਹੱਥੋਂ ਮਾਰੇ ਜਾਣ ਨਾਲੋਂ ਆਪਣੇ ਸਾਥੀ ਦੇ ਹੱਥੋਂ ਮਾਰੇ ਜਾਣ ਦਾ ਜ਼ਿਆਦਾ ਖ਼ਤਰਾ ਹੈ। ਮਾਰ-ਕੁਟਾਈ ਦੀ ਆਦਤ ਨੂੰ ਰੋਕਣ ਵਾਸਤੇ ਕਈਆਂ ਤਰ੍ਹਾਂ ਦੀ ਜਾਂਚ-ਪੜਤਾਲ ਕੀਤੀ ਗਈ ਹੈ। ਕਿਸ ਤਰ੍ਹਾਂ ਦਾ ਮਰਦ ਆਪਣੀ ਤੀਵੀਂ ਨੂੰ ਮਾਰਦਾ-ਕੁੱਟਦਾ ਹੈ? ਉਸ ਦਾ ਬਚਪਨ ਕਿਹੋ ਜਿਹਾ ਸੀ? ਕੀ ਵਿਆਹ ਤੋਂ ਪਹਿਲਾਂ ਵੀ ਉਹ ਹਿੰਸਕ ਸੀ? ਮੁੱਕੇਬਾਜ਼ ਮਰਦ ਉੱਤੇ ਡਾਕਟਰੀ ਇਲਾਜ ਦਾ ਕੀ ਅਸਰ ਹੁੰਦਾ ਹੈ?

ਵਿਦਵਾਨਾਂ ਨੇ ਇਕ ਗੱਲ ਸਿੱਖੀ ਹੈ ਕਿ ਮਾਰ-ਕੁਟਾਈ ਕਰਨ ਵਾਲੇ ਸਾਰੇ ਮਰਦ ਇੱਕੋ ਜਿਹੇ ਨਹੀਂ ਹੁੰਦੇ। ਕੁਝ ਤਾਂ ਕਦੇ ਕਦਾਈਂ ਮਾਰ-ਕੁਟਾਈ ਕਰਦੇ ਹਨ। ਅਜਿਹਾ ਮਰਦ ਮਾਰਨ ਲਈ ਕੋਈ ਹਥਿਆਰ ਨਹੀਂ ਵਰਤਦਾ ਅਤੇ ਨਾ ਹੀ ਉਸ ਨੂੰ ਮਾਰ-ਕੁਟਾਈ ਕਰਨ ਦੀ ਆਦਤ ਹੁੰਦੀ ਹੈ। ਉਸ ਲਈ ਇਸ ਤਰ੍ਹਾਂ ਹਿੰਸਕ ਹੋਣਾ ਆਮ ਨਹੀਂ ਹੈ ਅਤੇ ਇਸ ਤਰ੍ਹਾਂ ਲੱਗਦਾ ਹੈ ਕਿ ਆਲੇ-ਦੁਆਲੇ ਦੀਆਂ ਹਾਲਤਾਂ ਕਰਕੇ ਉਸ ਨੇ ਭੈੜਾ ਸਲੂਕ ਕੀਤਾ ਹੈ। ਪਰ ਇਸ ਤਰ੍ਹਾਂ ਦੇ ਮਰਦ ਵੀ ਹਨ ਜਿਨ੍ਹਾਂ ਨੇ ਮਾਰ-ਕੁਟਾਈ ਕਰਨ ਦੀ ਆਦਤ ਪਾਈ ਹੋਈ ਹੈ। ਉਹ ਨਾ ਤਾਂ ਸੁਧਰਦੇ ਹਨ ਅਤੇ ਨਾ ਹੀ ਮਾਰ-ਕੁਟਾਈ ਕਰਨ ਤੋਂ ਬਾਅਦ ਪਛਤਾਉਂਦੇ ਹਨ।

ਖ਼ੈਰ ਯਾਦ ਰੱਖਣ ਵਾਲੀ ਗੱਲ ਹੈ ਕਿ ਭਾਵੇਂ ਕੁਝ ਮਰਦਾਂ ਨੂੰ ਮਾਰਨ ਦੀ ਆਦਤ ਹੈ ਅਤੇ ਕੁਝ ਮਰਦਾਂ ਨੂੰ ਨਹੀਂ, ਇਸ ਦਾ ਇਹ ਮਤਲਬ ਨਹੀਂ ਕਿ ਘੱਟ ਮਾਰਨ ਵਾਲੇ ਗ਼ਲਤ ਨਹੀਂ ਹਨ। ਸੱਚ ਤਾਂ ਇਹ ਹੈ ਕਿ ਹਰ ਕਿਸਮ ਦਾ ਭੈੜਾ ਸਲੂਕ ਜ਼ਖ਼ਮੀ ਕਰ ਸਕਦਾ ਹੈ ਅਤੇ ਜਾਨ ਵੀ ਲੈ ਸਕਦਾ ਹੈ। ਇਹ ਅਸਲੀਅਤ ਕਿ ਇਕ ਮਰਦ ਦੂਸਰੇ ਮਰਦ ਦੀ ਤੁਲਨਾ ਵਿਚ ਘੱਟ ਜਾਂ ਕਦੇ ਕਦਾਈਂ ਮਾਰਦਾ ਹੈ ਉਸ ਨੂੰ ਸਹੀ ਨਹੀਂ ਸਾਬਤ ਕਰਦਾ। ਕਿਸੇ ਵੀ ਕਿਸਮ ਦੀ ਮਾਰ ਕੁਟਾਈ ਠੀਕ ਨਹੀਂ ਹੈ। ਪਰ ਇਕ ਮਰਦ ਆਪਣੀ ਪਤਨੀ ਨੂੰ ਮਾਰਨਾ-ਕੁੱਟਣਾ ਕਿਉਂ ਸ਼ੁਰੂ ਕਰਦਾ ਹੈ ਜਿਸ ਨਾਲ ਉਸ ਨੇ ਜ਼ਿੰਦਗੀ ਭਰ ਪਿਆਰ ਕਰਨ ਦਾ ਵਾਅਦਾ ਕੀਤਾ ਸੀ?

ਹਿੰਸਕ ਮਾਹੌਲ ਵਿਚ ਪਲਨਾ

ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਬਹੁਤ ਸਾਰੇ ਮੁੱਕੇਬਾਜ਼ ਮਰਦ ਖ਼ੁਦ ਅਜਿਹੇ ਘਰਾਂ ਵਿਚ ਪਲੇ ਸਨ ਜਿੱਥੇ ਲੜਾਈ-ਝਗੜੇ ਹੁੰਦੇ ਸਨ। ਵੀਹਾਂ ਸਾਲਾਂ ਤੋਂ ਜ਼ਿਆਦਾ ਸਮੇਂ ਲਈ ਪਤੀ-ਪਤਨੀਆਂ ਦੇ ਭੈੜੇ ਸਲੂਕ ਦੀ ਜਾਂਚ-ਪੜਤਾਲ ਕਰਨ ਵਾਲੇ ਇਕ ਬੰਦੇ ਨੇ ਲਿਖਿਆ: “ਮਾਰ ਕੁਟਾਈ ਕਰਨ ਵਾਲੇ ਜ਼ਿਆਦਾਤਰ ਮਰਦਾਂ ਦਾ ਬਚਪਨ ਮਾਨੋ ਮੈਦਾਨੇ-ਜੰਗ ਵਿਚ ਗੁਜ਼ਰਿਆ ਹੈ। ਛੋਟੀ ਉਮਰ ਤੋਂ ਉਹ ਅਜਿਹੇ ਪਰਿਵਾਰ ਵਿਚ ਪਲੇ ਸਨ ਜਿੱਥੇ ਲੜਾਈ-ਝਗੜੇ ਹੁੰਦੇ ਰਹਿੰਦੇ ਸਨ ਅਤੇ ਜਿੱਥੇ ਮਾਨਸਿਕ ਤੇ ਸਰੀਰਕ ਤੌਰ ਤੇ ਸੱਟ ਲਾਉਣੀ ਆਮ ਸੀ।” ਇਕ ਵਿਦਵਾਨ ਦੇ ਮੁਤਾਬਕ ਇਕ ਆਦਮੀ ਜਿਸ ਦੀ ਪਰਵਰਿਸ਼ ਅਜਿਹੇ ਮਾਹੌਲ ਵਿਚ ਹੋਈ ਹੋਵੇ “ਛੋਟੇ ਹੁੰਦਿਆਂ ਹੀ ਆਪਣੇ ਪਿਤਾ ਵਾਂਗ ਔਰਤਾਂ ਨਾਲ ਨਫ਼ਰਤ ਕਰਨ ਲੱਗ ਸਕਦਾ ਹੈ। ਉਹ ਮੁੰਡਾ ਸਿੱਖਦਾ ਹੈ ਕਿ ਔਰਤ ਨੂੰ ਹਮੇਸ਼ਾ ਵੱਸ ਵਿਚ ਰੱਖਿਆ ਜਾਣਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਕਰਨ ਲਈ ਔਰਤ ਨੂੰ ਡਰਾ ਕੇ ਰੱਖਣਾ, ਉਸ ਨੂੰ ਦੁੱਖ ਪਹੁੰਚਾਉਣਾ, ਅਤੇ ਉਸ ਦੀ ਬੇਇੱਜ਼ਤੀ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ-ਨਾਲ ਮੁੰਡਾ ਇਹ ਜਾਣ ਜਾਂਦਾ ਹੈ ਕਿ ਆਪਣੇ ਪਿਤਾ ਦੀ ਨਕਲ ਕਰਨ ਦੁਆਰਾ ਉਹ ਉਸ ਨੂੰ ਖ਼ੁਸ਼ ਕਰ ਸਕਦਾ ਹੈ।”

ਬਾਈਬਲ ਸਾਫ਼-ਸਾਫ਼ ਕਹਿੰਦੀ ਹੈ ਕਿ ਬੱਚਿਆਂ ਉੱਤੇ ਮਾਪਿਆਂ ਦੇ ਚਾਲ-ਚਲਣ ਦਾ ਵੱਡਾ ਅਸਰ ਪੈਂਦਾ ਹੈ, ਭਾਵੇਂ ਚੰਗਾ ਭਾਵੇਂ ਮਾੜਾ। (ਕਹਾਉਤਾਂ 22:6; ਕੁਲੁੱਸੀਆਂ 3:21) ਸੱਚ ਹੈ ਕਿ ਭੈੜੇ ਮਾਹੌਲ ਵਿਚ ਪਲਣ ਕਰਕੇ ਜੇਕਰ ਆਦਮੀ ਆਪਣੀ ਪਤਨੀ ਨੂੰ ਮਾਰਦਾ ਹੈ, ਇਹ ਉਸ ਦੇ ਵਤੀਰੇ ਨੂੰ ਠੀਕ ਨਹੀਂ ਬਣਾ ਦਿੰਦਾ। ਪਰ ਇਹ ਸਾਨੂੰ ਇਕ ਗੱਲ ਸਮਝਣ ਵਿਚ ਮਦਦ ਦਿੰਦਾ ਹੈ ਕਿ ਆਦਮੀ ਦਾ ਗਰਮ ਸੁਭਾਅ ਕਿੱਥੋਂ ਸ਼ੁਰੂ ਹੋਇਆ ਸੀ।

ਬਰਾਦਰੀ ਦਾ ਪ੍ਰਭਾਵ

ਕੁਝ ਮੁਲਕਾਂ ਵਿਚ ਤੀਵੀਂ ਨੂੰ ਕੁੱਟਣਾ-ਮਾਰਨਾ ਠੀਕ ਸਮਝਿਆ ਜਾਂਦਾ ਹੈ। ਸੰਯੁਕਤ ਰਾਸ਼ਟਰ-ਸੰਘ ਦੀ ਇਕ ਰਿਪੋਰਟ ਕਹਿੰਦੀ ਹੈ ਕਿ “ਬਹੁਤ ਸਾਰੀਆਂ ਬਰਾਦਰੀਆਂ ਵਿਚ ਮੰਨਿਆ ਜਾਂਦਾ ਹੈ ਕਿ ਪਤੀ ਆਪਣੀ ਪਤਨੀ ਨੂੰ ਕੁੱਟਣ-ਮਾਰਨ ਅਤੇ ਦਬਕਾਉਣ ਦਾ ਹੱਕ ਰੱਖਦਾ ਹੈ।”

ਉਨ੍ਹਾਂ ਮੁਲਕਾਂ ਵਿਚ ਵੀ ਜਿੱਥੇ ਅਜਿਹੇ ਸਲੂਕ ਨੂੰ ਠੀਕ ਨਹੀਂ ਸਮਝਿਆ ਜਾਂਦਾ, ਕਈ ਆਦਮੀ ਮਾਰਨ-ਕੁੱਟਣ ਦੀ ਆਦਤ ਪਾ ਲੈਂਦੇ ਹਨ। ਇਸ ਸੰਬੰਧ ਵਿਚ ਕੁਝ ਆਦਮੀਆਂ ਦੀ ਸੋਚਣੀ ਬਹੁਤ ਹੀ ਗ਼ਲਤ ਹੈ। ਦੱਖਣੀ ਅਫ਼ਰੀਕਾ ਦੇ ਅਖ਼ਬਾਰ ਵੀਕਲੀ ਮੇਲ ਐਂਡ ਗਾਰਡੀਅਨ ਵਿਚ ਕੇਪ ਟਾਊਨ ਤੋਂ ਲੈ ਕੇ ਕੇਪ ਆਫ਼ ਗੁਡ ਹੋਪ ਦੇ ਇਲਾਕੇ ਵਿਚ ਕੀਤੀ ਗਈ ਜਾਂਚ-ਪੜਤਾਲ ਬਾਰੇ ਇਕ ਰਿਪੋਰਟ ਸੀ। ਇਸ ਵਿਚ ਦੱਸਿਆ ਗਿਆ ਕਿ ਜਿਹੜੇ ਆਦਮੀ ਦਾਅਵਾ ਕਰਦੇ ਸਨ ਕਿ ਉਹ ਆਪਣੀਆਂ ਪਤਨੀਆਂ ਨੂੰ ਨਹੀਂ ਕੁੱਟਦੇ-ਮਾਰਦੇ, ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਦੇ ਅਨੁਸਾਰ ਔਰਤ ਨੂੰ ਮਾਰਨਾ ਠੀਕ ਹੈ ਅਤੇ ਇਸ ਤਰ੍ਹਾਂ ਕਰਨਾ ਉਨ੍ਹਾਂ ਦੇ ਭਾਣੇ ਹਿੰਸਕ ਨਹੀਂ ਹੈ।

ਇਸ ਤਰ੍ਹਾਂ ਦੀ ਵਿਗੜੀ ਹੋਈ ਸੋਚਣੀ ਅਕਸਰ ਬਚਪਨ ਵਿਚ ਸ਼ੁਰੂ ਹੁੰਦੀ ਹੈ। ਉਦਾਹਰਣ ਵਜੋਂ ਬਰਤਾਨੀਆ ਵਿਚ ਇਕ ਸਰਵੇਖਣ ਨੇ ਜ਼ਾਹਰ ਕੀਤਾ ਕਿ 11 ਅਤੇ 12 ਸਾਲ ਦੀ ਉਮਰ ਦੇ ਮੁੰਡਿਆਂ ਵਿੱਚੋਂ 75 ਫੀ ਸਦੀ ਮੰਨਦੇ ਹਨ ਕਿ ਜੇਕਰ ਇਕ ਔਰਤ ਆਦਮੀ ਦੇ ਗੁੱਸੇ ਨੂੰ ਭੜਕਾਵੇ ਤਾਂ ਆਦਮੀ ਦਾ ਉਸ ਨੂੰ ਮਾਰਨਾ ਬਿਲਕੁਲ ਠੀਕ ਹੈ।

ਕੁੱਟਣਾ-ਮਾਰਨਾ ਮਾਮੂਲੀ ਗੱਲ ਨਹੀਂ ਹੈ

ਇਹ ਸਾਰੀਆਂ ਗੱਲਾਂ ਸਾਨੂੰ ਪਤਨੀਆਂ ਨਾਲ ਕੀਤੇ ਗਏ ਭੈੜੇ ਸਲੂਕ ਨੂੰ ਸਮਝਣ ਦਿੰਦੀਆਂ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਇਸ ਤਰ੍ਹਾਂ ਦਾ ਸਲੂਕ ਕਰਨਾ ਸਹੀ ਹੈ। ਸੱਚ ਤਾਂ ਇਹ ਹੈ ਕਿ ਆਪਣੀ ਪਤਨੀ ਨੂੰ ਕੁੱਟਣਾ ਰੱਬ ਦੀ ਨਜ਼ਰ ਵਿਚ ਵੱਡਾ ਪਾਪ ਹੈ। ਉਸ ਦੇ ਬਚਨ ਬਾਈਬਲ ਵਿਚ ਅਸੀਂ ਪੜ੍ਹਦੇ ਹਾਂ: “ਪਤੀਆਂ ਨੂੰ ਭੀ ਚਾਹੀਦਾ ਹੈ ਜੋ ਆਪਣੀਆਂ ਪਤਨੀਆਂ ਨਾਲ ਅਜਿਹਾ ਪ੍ਰੇਮ ਕਰਨ ਜਿਵੇਂ ਆਪਣੇ ਸਰੀਰਾਂ ਨਾਲ ਕਰਦੇ ਹਨ। ਜਿਹੜਾ ਆਪਣੀ ਪਤਨੀ ਨਾਲ ਪ੍ਰੇਮ ਕਰਦਾ ਹੈ ਉਹ ਆਪਣੇ ਹੀ ਨਾਲ ਪ੍ਰੇਮ ਕਰਦਾ ਹੈ। ਕਿਉਂ ਜੋ ਕਿਸੇ ਨੇ ਆਪਣੇ ਸਰੀਰ ਨਾਲ ਕਦੇ ਵੈਰ ਨਹੀਂ ਕੀਤਾ ਸਗੋਂ ਉਹ ਉਸ ਨੂੰ ਪਾਲਦਾ ਪਲੋਸਦਾ ਹੈ ਜਿਵੇਂ ਮਸੀਹ ਵੀ ਕਲੀਸਿਯਾ ਨੂੰ।”​—ਅਫ਼ਸੀਆਂ 5:28, 29.

ਬਾਈਬਲ ਨੇ ਬਹੁਤ ਚਿਰ ਪਹਿਲਾਂ ਦੱਸਿਆ ਸੀ ਕਿ ਇਸ ਸੰਸਾਰ ਦੇ “ਅੰਤ ਦਿਆਂ ਦਿਨਾਂ” ਵਿਚ ਬਹੁਤ ਸਾਰੇ ਮਨੁੱਖ ‘ਕੁਫ਼ਰ ਬਕਣ ਵਾਲੇ, ਨਿਰਮੋਹ ਅਤੇ ਕਰੜੇ’ ਹੋਣਗੇ। (2 ਤਿਮੋਥਿਉਸ 3:1-3) ਅਸੀਂ ਅੱਜ ਇਸ ਤਰ੍ਹਾਂ ਦਾ ਵਤੀਰਾ ਦੇਖਦੇ ਹਾਂ ਜਿਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਭਵਿੱਖਬਾਣੀ ਵਿਚ ਦੱਸੇ ਗਏ ਅੰਤਿਮ ਸਮੇਂ ਵਿਚ ਜੀ ਰਹੇ ਹਾਂ। ਪਰ ਅਸੀਂ ਉਨ੍ਹਾਂ ਔਰਤਾਂ ਦੀ ਮਦਦ ਕਿਸ ਤਰ੍ਹਾਂ ਕਰ ਸਕਦੇ ਹਾਂ ਜਿਹੜੀਆਂ ਇਸ ਤਰ੍ਹਾਂ ਦਾ ਭੈੜਾ ਸਲੂਕ ਸਹਿ ਰਹੀਆਂ ਹਨ? ਕੀ ਕੋਈ ਉਮੀਦ ਹੈ ਕਿ ਮੁੱਕੇਬਾਜ਼ ਮਰਦ ਆਪਣਾ ਚਾਲ-ਚਲਣ ਬਦਲ ਸਕਦੇ ਹਨ?

[ਸਫ਼ਾ 5 ਉੱਤੇ ਸੁਰਖੀ]

“ਇਕ ਆਦਮੀ ਜੋ ਆਪਣੀ ਪਤਨੀ ਨੂੰ ਕੁੱਟਦਾ-ਮਾਰਦਾ ਹੈ ਉੱਨਾ ਹੀ ਗੁਨਾਹਗਾਰ ਹੈ ਜਿੰਨਾ ਕਿ ਕਿਸੇ ਅਜਨਬੀ ਨੂੰ ਮਾਰਨ ਵਾਲਾ ਹੈ।”​—ਜਦੋਂ ਮਰਦ ਔਰਤਾਂ ਨੂੰ ਕੁੱਟਦੇ-ਮਾਰਦੇ ਹਨ

[ਸਫ਼ਾ 6 ਉੱਤੇ ਡੱਬੀ]

ਘਰੇਲੂ ਹਿੰਸਾ ਹਰ ਦੇਸ਼ ਵਿਚ ਹੈ

ਹਰ ਦੇਸ਼ ਵਿਚ ਅਜਿਹੇ ਘਮੰਡੀ ਆਦਮੀ ਹਨ ਜੋ ਆਪਣਾ ਮਰਦਊਪਣਾ ਸਿੱਧ ਕਰਨ ਵਾਸਤੇ ਔਰਤਾਂ ਨਾਲ ਭੈੜਾ ਸਲੂਕ ਕਰਦੇ ਹਨ। ਅਗਲੀਆਂ ਰਿਪੋਰਟਾਂ ਇਸ ਗੱਲ ਨੂੰ ਜ਼ਾਹਰ ਕਰਦੀਆਂ ਹਨ।

ਮਿਸਰ: ਐਲੇਕਜ਼ਾਨਡ੍ਰਿਆ ਸ਼ਹਿਰ ਵਿਚ ਇਕ ਤਿੰਨ ਮਹੀਨੇ ਦੀ ਜਾਂਚ-ਪੜਤਾਲ ਨੇ ਦਿਖਾਇਆ ਕਿ ਔਰਤਾਂ ਦੇ ਜ਼ਖ਼ਮੀ ਹੋਣ ਦਾ ਸਭ ਤੋਂ ਵੱਡਾ ਕਾਰਨ ਘਰੇਲੂ ਹਿੰਸਾ ਹੈ। ਫੱਟੜ ਹੋ ਕੇ ਹਸਪਤਾਲ ਜਾਣ ਵਾਲੀਆਂ ਔਰਤਾਂ ਵਿੱਚੋਂ 27.9 ਫੀ ਸਦੀ ਇਸੇ ਕਾਰਨ ਕਰਕੇ ਉੱਥੇ ਜਾਂਦੀਆਂ ਹਨ।​—ਔਰਤਾਂ ਸੰਬੰਧੀ ਚੌਥੀ ਵਿਸ਼ਵ ਕਾਨਫ਼ਰੰਸ ਦਾ 5ਵਾਂ ਮੁੱਦਾ।

ਥਾਈਲੈਂਡ: ਬੈਂਕਾਕ ਸ਼ਹਿਰ ਦੇ ਬਾਹਰ ਸਭ ਤੋਂ ਵੱਡੀ ਬਸਤੀ ਵਿਚ ਸ਼ਾਦੀ-ਸ਼ੁਦਾ ਔਰਤਾਂ ਵਿੱਚੋਂ 50 ਫੀ ਸਦੀ ਬਾਕਾਇਦਾ ਮਾਰੀਆਂ-ਕੁੱਟੀਆਂ ਜਾਂਦੀਆਂ ਹਨ।​—ਔਰਤਾਂ ਦੀ ਸਿਹਤ ਸੰਬੰਧੀ ਸ਼ਾਂਤ ਮਹਾਂਸਾਗਰ ਸੰਸਥਾ।

ਹਾਂਗ ਕਾਂਗ: “ਉਨ੍ਹਾਂ ਔਰਤਾਂ ਦੀ ਗਿਣਤੀ ਜੋ ਕਹਿੰਦੀਆਂ ਹਨ ਕਿ ਉਨ੍ਹਾਂ ਦੇ ਸਾਥੀਆਂ ਨੇ ਉਨ੍ਹਾਂ ਨੂੰ ਕੁੱਟਿਆ ਹੈ ਪਿੱਛਲੇ ਸਾਲ ਨਾਲੋਂ 40 ਫੀ ਸਦੀ ਤੋਂ ਜ਼ਿਆਦਾ ਵੱਧ ਗਈ ਹੈ।”​—ਸਾਉਥ ਚਾਈਨਾ ਮੌਰਨਿੰਗ ਪੋਸਟ, 21 ਜੁਲਾਈ 2000.

ਜਪਾਨ: ਪਨਾਹ ਭਾਲਣ ਵਾਲੀਆਂ ਔਰਤਾਂ ਦੀ ਗਿਣਤੀ 1995 ਵਿਚ 4,843 ਤੋਂ 1998 ਵਿਚ 6,340 ਤਕ ਵੱਧ ਗਈ। “ਉਨ੍ਹਾਂ ਵਿੱਚੋਂ ਇਕ ਤਿਹਾਈ ਨੇ ਕਿਹਾ ਕਿ ਉਹ ਆਪਣੇ ਪਤੀ ਦੇ ਭੈੜੇ ਸਲੂਕ ਕਰਕੇ ਪਨਾਹ ਭਾਲ ਰਹੀਆਂ ਸਨ।”​—ਦ ਜਪਾਨ ਟਾਈਮਜ਼, 10 ਸਤੰਬਰ 2000.

ਬਰਤਾਨੀਆ: “ਹਰ ਛੇ ਸਕਿੰਟ ਬਰਤਾਨੀਆ ਵਿਚ ਕਿਸੇ-ਨ-ਕਿਸੇ ਘਰ ਵਿਚ ਬਲਾਤਕਾਰ, ਮਾਰ-ਕੁਟਾਪਾ, ਜਾਂ ਛੁਰਾ ਮਾਰਿਆ ਜਾਂਦਾ ਹੈ। ਸਕਾਟਲੈਂਡ ਯਾਰਡ ਦੀ ਇਕ ਰਿਪੋਰਟ ਅਨੁਸਾਰ “ਘਰੇਲੂ ਹਿੰਸਾ ਸਹਿ ਰਹੇ ਲੋਕਾਂ ਤੋਂ ਹਰ ਰੋਜ਼ ਪੁਲਸ ਨੂੰ 1,300 ਟੈਲੀਫ਼ੋਨ ਕਾਲ ਆਉਂਦੇ ਹਨ। ਇਸ ਦਾ ਮਤਲਬ ਹੈ ਕਿ ਹਰ ਸਾਲ 5,70,000 ਕਾਲ ਆਉਂਦੇ ਹਨ। ਇਨ੍ਹਾਂ ਵਿੱਚੋਂ 81 ਫੀ ਸਦੀ ਉਨ੍ਹਾਂ ਔਰਤਾਂ ਤੋਂ ਹਨ ਜਿਨ੍ਹਾਂ ਨੂੰ ਮਰਦ ਮਾਰ-ਕੁੱਟ ਰਹੇ ਹੁੰਦੇ ਹਨ।”​—ਦ ਟਾਈਮਜ਼, 25 ਅਕਤੂਬਰ 2000.

ਪੀਰੂ: ਪੁਲਸ ਨੂੰ ਰਿਪੋਰਟ ਕੀਤੇ ਗਏ ਅਪਰਾਧਾਂ ਵਿੱਚੋਂ 70 ਫੀ ਸਦੀ ਅਪਰਾਧ ਪਤੀਆਂ ਦੇ ਹੱਥੀਂ ਔਰਤਾਂ ਦਾ ਕੁਟਾਪਾ ਹੈ।​—ਔਰਤਾਂ ਦੀ ਸਿਹਤ ਸੰਬੰਧੀ ਸ਼ਾਂਤ ਮਹਾਂਸਾਗਰ ਸੰਸਥਾ।

ਰੂਸ: “ਇਕ ਹੀ ਸਾਲ ਵਿਚ 14,500 ਰੂਸੀ ਔਰਤਾਂ ਆਪਣੇ ਪਤੀਆਂ ਦੇ ਹੱਥੀਂ ਕਤਲ ਕੀਤੀਆਂ ਗਈਆਂ ਸਨ, ਅਤੇ 56,400 ਹੋਰ ਔਰਤਾਂ ਘਰੇਲੂ ਹਿੰਸਾ ਵਿਚ ਅਪਾਹਜ ਬਣਾਈਆਂ ਗਈਆਂ ਜਾਂ ਬੁਰੀ ਤਰ੍ਹਾਂ ਜ਼ਖ਼ਮੀ ਕੀਤੀਆਂ ਗਈਆਂ ਸਨ।”​—ਦ ਗਾਰਡੀਅਨ।

ਚੀਨ: ਜਿੰਗਲੁਨ ਪਰਿਵਾਰਕ ਕੇਂਦਰ ਦੀ ਡਾਇਰੈਕਟਰ, ਪ੍ਰੋਫ਼ੈਸਰਨੀ ਚਨ ਯੀਯੁਨ ਕਹਿੰਦੀ ਹੈ ਕਿ ‘ਇੱਥੇ ਇਹ ਮਸਲਾ ਨਵਾਂ ਹੈ। ਖ਼ਾਸ ਕਰਕੇ ਇਹ ਸ਼ਹਿਰਾਂ ਵਿਚ ਬਹੁਤ ਵੱਧ ਰਿਹਾ ਹੈ। ਗੁਆਂਢੀਆਂ ਦਾ ਡਰ ਅੱਜਕਲ੍ਹ ਘਰੇਲੂ ਹਿੰਸਾ ਨੂੰ ਟਾਲਦਾ ਨਹੀਂ ਹੈ।’​—ਦ ਗਾਰਡੀਅਨ।

ਨਿਕਾਰਾਗੁਆ: “ਔਰਤਾਂ ਖ਼ਿਲਾਫ਼ ਹਿੰਸਾ ਨਿਕਾਰਾਗੁਆ ਵਿਚ ਬਹੁਤ ਜ਼ਿਆਦਾ ਵੱਧ ਰਹੀ ਹੈ। ਇਕ ਸਰਵੇਖਣ ਦਾ ਦਾਅਵਾ ਹੈ ਕਿ ਪਿੱਛਲੇ ਸਾਲ ਵਿਚ ਹੀ ਨਿਕਾਰਾਗੁਆ ਦੀਆਂ 52 ਫੀ ਸਦੀ ਔਰਤਾਂ ਨੇ ਮਰਦਾਂ ਦੇ ਹੱਥੀਂ ਕਿਸੇ-ਨ-ਕਿਸੇ ਕਿਸਮ ਦੀ ਘਰੇਲੂ ਹਿੰਸਾ ਸਹੀ ਸੀ।”​—ਬੀ.ਬੀ.ਸੀ. ਨਿਊਜ਼।

[ਸਫ਼ਾ 7 ਉੱਤੇ ਡੱਬੀ]

ਖ਼ਤਰੇ ਦੇ ਚਿੰਨ੍ਹ

ਅਮਰੀਕਾ ਵਿਚ ਰ੍ਹੋਡ ਟਾਪੂ ਦੀ ਯੂਨੀਵਰਸਿਟੀ ਵਿਖੇ ਰਿਚਰਡ ਜੇ. ਜੈਲਜ਼ ਦੇ ਨਿਰਦੇਸ਼ਨ ਅਧੀਨ ਇਕ ਜਾਂਚ-ਪੜਤਾਲ ਕੀਤੀ ਗਈ ਸੀ। ਇਸ ਦੇ ਮੁਤਾਬਕ ਘਰ ਵਿਚ ਸਰੀਰਕ ਅਤੇ ਮਾਨਸਿਕ ਦੁਰਵਿਹਾਰ ਦੇ ਖ਼ਤਰੇ ਦੇ ਚਿੰਨ੍ਹ ਹੇਠਾਂ ਦਿੱਤੇ ਗਏ ਹਨ:

1. ਮਰਦ ਘਰੇਲੂ ਹਿੰਸਾ ਵਿਚ ਪਹਿਲਾਂ ਹਿੱਸਾ ਲੈ ਚੁੱਕਾ ਹੈ।

2. ਉਹ ਬੇਰੋਜ਼ਗਾਰ ਹੈ।

3. ਉਹ ਸਾਲ ਵਿਚ ਘੱਟੋ-ਘੱਟ ਇਕ ਵਾਰ ਨਸ਼ਾ ਕਰਦਾ ਹੈ।

4. ਛੋਟੇ ਹੁੰਦੇ ਉਸ ਨੇ ਆਪਣੇ ਪਿਤਾ ਨੂੰ ਉਸ ਦੀ ਮਾਂ ਨੂੰ ਕੁੱਟਦੇ ਦੇਖਿਆ ਸੀ।

5. ਤੀਵੀਂ-ਆਦਮੀ ਸ਼ਾਦੀ ਕਰਾਉਣ ਤੋਂ ਬਿਨਾਂ ਇਕੱਠੇ ਰਹਿੰਦੇ ਹਨ।

6. ਜੇ ਤਾਂ ਉਹ ਨੌਕਰੀ ਕਰਦਾ ਹੈ, ਤਾਂ ਉਸ ਨੂੰ ਥੋੜ੍ਹੀ ਜਿਹੀ ਤਨਖ਼ਾਹ ਮਿਲਦੀ ਹੈ।

7. ਉਸ ਨੇ ਸਕੂਲ ਦੀ ਪੜ੍ਹਾਈ ਪੂਰੀ ਨਹੀਂ ਕੀਤੀ ਸੀ।

8. ਉਸ ਦੀ ਉਮਰ 18 ਤੋਂ 30 ਸਾਲ ਦੇ ਦਰਮਿਆਨ ਹੈ।

9. ਇਕ ਜਾਂ ਦੋਵੇਂ ਮਾਂ-ਬਾਪ ਘਰ ਵਿਚ ਆਪਣੇ ਬੱਚਿਆਂ ਨੂੰ ਕੁੱਟਦੇ-ਮਾਰਦੇ ਹਨ।

10. ਉਹ ਗ਼ਰੀਬ ਹਨ ਅਤੇ ਉਨ੍ਹਾਂ ਦਾ ਗੁਜ਼ਾਰਾ ਮਸਾਂ ਹੀ ਹੁੰਦਾ ਹੈ।

11. ਤੀਵੀਂ-ਆਦਮੀ ਵੱਖਰੀਆਂ-ਵੱਖਰੀਆਂ ਬਰਾਦਰੀਆਂ ਅਤੇ ਪਿਛੋਕੜਾਂ ਤੋਂ ਹਨ।

[ਸਫ਼ਾ 7 ਉੱਤੇ ਤਸਵੀਰ]

ਘਰੇਲੂ ਹਿੰਸਾ ਬੱਚਿਆਂ ਉੱਤੇ ਬੁਰਾ ਅਸਰ ਪਾ ਸਕਦੀ ਹੈ