Skip to content

Skip to table of contents

“ਸ਼ਾਇਦ ਇਸ ਵਾਰ ਉਹ ਬਦਲ ਜਾਊਗਾ”

“ਸ਼ਾਇਦ ਇਸ ਵਾਰ ਉਹ ਬਦਲ ਜਾਊਗਾ”

“ਸ਼ਾਇਦ ਇਸ ਵਾਰ ਉਹ ਬਦਲ ਜਾਊਗਾ”

ਰੌਕਸਾਨਾ * ਦੱਖਣੀ ਅਮਰੀਕਾ ਵਿਚ ਰਹਿਣ ਵਾਲੀ ਇਕ ਚੁਲਬੁਲੀ ਅਤੇ ਸੁੰਦਰ ਤੀਵੀਂ ਹੈ। ਉਸ ਦਾ ਪਤੀ ਇਕ ਮੰਨਿਆ-ਪ੍ਰਮੰਨਿਆ ਡਾਕਟਰ ਹੈ ਅਤੇ ਉਨ੍ਹਾਂ ਦੇ ਚਾਰ ਬੱਚੇ ਹਨ। ਉਹ ਦੱਸਦੀ ਹੈ ਕਿ “ਮੇਰੇ ਪਤੀ ਦੂਸਰਿਆਂ ਨਾਲ ਬੜੀ ਚੰਗੀ ਤਰ੍ਹਾਂ ਪੇਸ਼ ਆਉਂਦੇ ਹਨ। ਅਤੇ ਸਾਰੇ ਉਨ੍ਹਾਂ ਨੂੰ ਬਹੁਤ ਪਸੰਦ ਕਰਦੇ ਹਨ।” ਪਰ ਰੌਕਸਾਨਾ ਦੇ ਪਤੀ ਦਾ ਇਕ ਹੋਰ ਰੂਪ ਵੀ ਹੈ ਜਿਸ ਬਾਰੇ ਉਨ੍ਹਾਂ ਦੇ ਨਜ਼ਦੀਕੀ ਦੋਸਤ ਵੀ ਨਹੀਂ ਜਾਣਦੇ। “ਘਰ ਵਿਚ ਉਹ ਇਕ ਰਾਖ਼ਸ਼ ਵਰਗੇ ਹਨ। ਉਹ ਖਾਰ ਬਹੁਤ ਖਾਂਦੇ ਹਨ।”

ਰੌਕਸਾਨਾ ਦੇ ਚਿਹਰੇ ਤੋਂ ਚਿੰਤਾ ਨਜ਼ਰ ਆਉਂਦੀ ਹੈ ਜਿਉਂ-ਜਿਉਂ ਉਹ ਆਪਣੀ ਕਹਾਣੀ ਅੱਗੇ ਦੱਸਦੀ ਹੈ। “ਸਾਡੇ ਵਿਆਹ ਨੂੰ ਅਜੇ ਕੁਝ ਹੀ ਹਫ਼ਤੇ ਹੋਏ ਸਨ ਜਦ ਮਸਲਾ ਖੜ੍ਹਾ ਹੋਇਆ। ਮੇਰੀ ਮੰਮੀ ਅਤੇ ਮੇਰੇ ਭਰਾ ਮੈਨੂੰ ਮਿਲਣ ਆਏ ਸਨ ਅਤੇ ਅਸੀਂ ਬੜੀ ਖ਼ੁਸ਼ੀ ਨਾਲ ਮਿਲੇ ਅਤੇ ਆਪਸ ਵਿਚ ਬਹੁਤ ਹੀ ਹੱਸੇ। ਪਰ ਉਨ੍ਹਾਂ ਦੇ ਜਾਣ ਤੋਂ ਬਾਅਦ ਮੇਰੇ ਪਤੀ ਨੇ ਮੈਨੂੰ ਜ਼ੋਰ ਨਾਲ ਧੱਕਾ ਦੇ ਕੇ ਸੋਫ਼ੇ ਤੇ ਸੁੱਟਿਆ। ਉਹ ਗੁੱਸੇ ਨਾਲ ਲਾਲ-ਪੀਲ਼ੇ ਹੋ ਰਹੇ ਸਨ। ਮੈਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਕੀ ਹੋ ਰਿਹਾ ਹੈ।”

ਦੁੱਖ ਦੀ ਗੱਲ ਹੈ ਕਿ ਇਹ ਤਾਂ ਰੌਕਸਾਨਾ ਦੀ ਤਕਲੀਫ਼ ਦੀ ਸ਼ੁਰੂਆਤ ਹੀ ਸੀ ਕਿਉਂ ਜੋ ਉਹ ਕਈਆਂ ਸਾਲਾਂ ਤੋਂ ਵਾਰ-ਵਾਰ ਕੁੱਟੀ-ਮਾਰੀ ਗਈ ਹੈ। ਹਰ ਵਾਰ ਇੱਕੋ ਗੱਲ ਹੁੰਦੀ ਹੈ। ਪਹਿਲਾਂ ਰੌਕਸਾਨਾ ਦਾ ਪਤੀ ਉਸ ਨੂੰ ਕੁੱਟਦਾ-ਮਾਰਦਾ ਹੈ, ਫਿਰ ਵਾਰ-ਵਾਰ ਮਾਫ਼ੀ ਮੰਗਦਾ ਹੈ ਅਤੇ ਵਾਅਦਾ ਕਰਦਾ ਹੈ ਕਿ ਉਹ ਉਸ ਨੂੰ ਦੁਬਾਰਾ ਕਦੇ ਨਹੀਂ ਮਾਰੇਗਾ। ਥੋੜ੍ਹੇ ਕੁ ਚਿਰ ਲਈ ਉਹ ਸੁਧਰ ਜਾਂਦਾ ਹੈ। ਪਰ ਫਿਰ ਸਾਰਾ ਭੈੜਾ ਸਲੂਕ ਨਵੇਂ ਸਿਰਿਓਂ ਸ਼ੁਰੂ ਹੋ ਜਾਂਦਾ ਹੈ। “ਮੈਂ ਸੋਚਦੀ ਰਹਿੰਦੀ ਹਾਂ ਕਿ ਸ਼ਾਇਦ ਇਸ ਵਾਰ ਉਹ ਬਦਲ ਜਾਊਗਾ,” ਰੌਕਸਾਨਾ ਕਹਿੰਦੀ ਹੈ। “ਜਦੋਂ ਮੈਂ ਘਰ ਛੱਡ ਕੇ ਚਲੀ ਵੀ ਜਾਂਦੀ ਹਾਂ, ਤਾਂ ਮੈਂ ਹਮੇਸ਼ਾ ਉਸ ਕੋਲ ਵਾਪਸ ਆ ਜਾਂਦੀ ਹਾਂ।”

ਰੌਕਸਾਨਾ ਨੂੰ ਡਰ ਹੈ ਕਿ ਇਕ ਦਿਨ ਉਸ ਦੇ ਪਤੀ ਦਾ ਗੁੱਸਾ ਹੱਦ ਪਾਰ ਕਰ ਜਾਵੇਗਾ। ਉਹ ਦੱਸਦੀ ਹੈ ਕਿ “ਉਸ ਨੇ ਮੈਨੂੰ, ਬੱਚਿਆਂ ਨੂੰ, ਅਤੇ ਆਪਣੇ ਆਪ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਇਕ ਵਾਰ ਉਸ ਨੇ ਮੇਰੇ ਗਲ਼ੇ ਤੇ ਕੈਂਚੀ ਰੱਖੀ। ਇਕ ਹੋਰ ਵਾਰ ਉਸ ਨੇ ਬੰਦੂਕ ਕੱਢ ਲਈ ਅਤੇ ਮੇਰੇ ਕੰਨ ਦਾ ਨਿਸ਼ਾਨਾ ਬਣਾ ਕੇ ਚਲਾ ਦਿੱਤੀ! ਚੰਗਾ ਹੋਇਆ ਕਿ ਉਸ ਵਿਚ ਗੋਲ਼ੀ ਨਹੀਂ ਸੀ, ਪਰ ਮੈਂ ਤਾਂ ਡਰ ਦੇ ਮਾਰੇ ਹੀ ਮਰ ਗਈ।”

ਔਰਤਾਂ ਚੁੱਪ ਕਿਉਂ ਰਹਿੰਦੀਆਂ ਹਨ?

ਰੌਕਸਾਨਾ ਦੀ ਤਰ੍ਹਾਂ ਦੁਨੀਆਂ ਭਰ ਵਿਚ ਲੱਖਾਂ ਹੀ ਔਰਤਾਂ ਨਿਰਦਈ ਮਰਦਾਂ ਦੇ ਹੱਥੋਂ ਭੈੜਾ ਸਲੂਕ ਜਰਦੀਆਂ ਹਨ। * ਬਹੁਤ ਸਾਰੀਆਂ ਸਭ ਕੁਝ ਚੁਪ-ਚਾਪ ਸਹਿ ਲੈਂਦੀਆਂ ਹਨ। ਉਹ ਕਹਿੰਦੀਆਂ ਹਨ ਕਿ ਜੇ ਅਸੀਂ ਪੁਲਸ ਕੋਲ ਰਿਪੋਰਟ ਵੀ ਕੀਤੀ ਤਾਂ ਕਿਹੜਾ ਕਿਸੇ ਨੇ ਸਾਡੀ ਸੁਣਨੀ ਹੈ। ਆਖ਼ਰਕਾਰ ਕਈ ਪਤੀ ਗਾਲ਼ਾਂ-ਗੁਲ਼ਾਂ ਕੱਢਣ ਅਤੇ ਮਾਰ-ਕੁੱਟਣ ਤੋਂ ਬਾਅਦ ਮੁੱਕਰ ਜਾਂਦੇ ਹਨ ਅਤੇ ਕਹਿੰਦੇ ਹਨ ਕਿ “ਮੇਰੀ ਪਤਨੀ ਛੇਤੀਂ ਭੜਕ ਉੱਠਦੀ ਹੈ” ਜਾਂ “ਮੇਰੀ ਪਤਨੀ ਤਾਂ ਐਵੇਂ ਬੋਲਦੀ ਰਹਿੰਦੀ ਹੈ।”

ਅਫ਼ਸੋਸ ਦੀ ਗੱਲ ਹੈ ਕਿ ਕਈਆਂ ਔਰਤਾਂ ਨੂੰ ਆਪਣੇ ਘਰ ਵਿਚ ਸੁਖੀ ਹੋਣ ਦੀ ਬਜਾਇ ਡਰ ਕੇ ਰਹਿਣਾ ਪੈਂਦਾ ਹੈ। ਪਰ ਸਭ ਤੋਂ ਬੁਰੀ ਗੱਲ ਤਾਂ ਇਹ ਹੈ ਕਿ ਅਕਸਰ ਔਰਤ ਉੱਤੇ ਤਰਸ ਖਾਣ ਦੀ ਬਜਾਇ ਉਸ ਦੇ ਮਰਦ ਉੱਤੇ ਤਰਸ ਖਾਧਾ ਜਾਂਦਾ ਹੈ। ਦਰਅਸਲ ਕਈ ਲੋਕ ਮੰਨ ਹੀ ਨਹੀਂ ਸਕਦੇ ਕਿ ਜੋ ਆਦਮੀ ਇੰਨਾ ਇਮਾਨਦਾਰ ਨਜ਼ਰ ਆਉਂਦਾ ਹੈ ਉਹ ਆਪਣੀ ਬੀਵੀ ਨੂੰ ਕੁੱਟਦਾ-ਮਾਰਦਾ ਵੀ ਹੋਵੇਗਾ। ਜ਼ਰਾ ਅਨੀਟਾ ਦੀ ਕਹਾਣੀ ਸੁਣੋ। ਉਸ ਦਾ ਪਤੀ ਬੜਾ ਜਾਣਿਆ-ਪਛਾਣਿਆ ਬੰਦਾ ਸੀ। ਧਿਆਨ ਦਿਓ ਕਿ ਕੀ ਹੋਇਆ ਜਦ ਅਨੀਟਾ ਨੇ ਸਾਫ਼-ਸਾਫ਼ ਦੱਸਿਆ ਕਿ ਉਸ ਦਾ ਆਦਮੀ ਉਸ ਨੂੰ ਕੁੱਟਦਾ-ਮਾਰਦਾ ਹੈ। “ਸਾਡੇ ਇਕ ਵਾਕਫ਼ ਨੇ ਮੈਨੂੰ ਕਿਹਾ: ‘ਤੂੰ ਇੰਨੇ ਚੰਗੇ ਆਦਮੀ ਉੱਤੇ ਇਸ ਤਰ੍ਹਾਂ ਦਾ ਦੋਸ਼ ਕਿੱਦਾਂ ਲੱਗਾ ਸਕਦੀ ਹੈ?’ ਇਕ ਹੋਰ ਨੇ ਕਿਹਾ ਕਿ ਮੇਰਾ ਹੀ ਕਸੂਰ ਹੋਣਾ ਹੈ ਅਤੇ ਮੈਂ ਕਿਸੇ-ਨ-ਕਿਸੇ ਤਰ੍ਹਾਂ ਉਸ ਨੂੰ ਭੜਕਾ ਰਹੀ ਹੋਵਾਂਗੀ! ਮੇਰੇ ਪਤੀ ਦੀਆਂ ਕਰਤੂਤਾਂ ਦਾ ਭੇਤ ਖੋਲ੍ਹੇ ਜਾਣ ਤੋਂ ਬਾਅਦ ਵੀ ਮੇਰੇ ਕਈ ਵਾਕਫ਼ ਮੇਰੇ ਤੋਂ ਪਰੇ ਹੋਣ ਲੱਗ ਪਏ। ਉਨ੍ਹਾਂ ਦੇ ਭਾਣੇ ਮੈਨੂੰ ਸਭ ਕੁਝ ਚੁਪ-ਚਾਪ ਜਰ ਲੈਣਾ ਚਾਹੀਦਾ ਸੀ ਕਿਉਂਕਿ ‘ਆਦਮੀਆਂ ਦਾ ਕੰਮ ਹੀ ਇਹੋ ਹੁੰਦਾ ਹੈ।’”

ਅਨੀਟਾ ਦੀ ਕਹਾਣੀ ਤੋਂ ਜ਼ਾਹਰ ਹੁੰਦਾ ਹੈ ਕਿ ਬਹੁਤ ਸਾਰੇ ਲੋਕ ਘਰਾਂ ਵਿਚ ਹੋ ਰਹੀ ਮਾਰ-ਕੁਟਾਈ ਨੂੰ ਨਹੀਂ ਸਮਝਦੇ ਹਨ। ਇਕ ਆਦਮੀ ਉਸ ਔਰਤ ਨਾਲ ਇੰਨਾ ਨਿਰਦਈ ਕਿਸ ਤਰ੍ਹਾਂ ਹੋ ਸਕਦਾ ਹੈ ਜਿਸ ਨਾਲ ਉਹ ਪਿਆਰ ਕਰਨ ਦਾ ਦਾਅਵਾ ਕਰਦਾ ਹੈ? ਅਜਿਹੀਆਂ ਔਰਤਾਂ ਦੀ ਮਦਦ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ?

[ਫੁਟਨੋਟ]

^ ਪੈਰਾ 2 ਇਸ ਲੇਖ-ਮਾਲਾ ਵਿਚ ਨਾਂ ਬਦਲੇ ਗਏ ਹਨ।

^ ਪੈਰਾ 7 ਅਸੀਂ ਮੰਨਦੇ ਹਾਂ ਕਿ ਕਈਆਂ ਆਦਮੀਆਂ ਨਾਲ ਵੀ ਭੈੜਾ ਸਲੂਕ ਕੀਤਾ ਜਾਂਦਾ ਹੈ। ਪਰ ਜਾਂਚ-ਪੜਤਾਲ ਤੋਂ ਪਤਾ ਲੱਗਦਾ ਹੈ ਕਿ ਆਮ ਤੌਰ ਤੇ ਔਰਤਾਂ ਨੂੰ ਜ਼ਿਆਦਾ ਸੱਟਾਂ ਲੱਗਦੀਆਂ ਹਨ ਜੋ ਜ਼ਿਆਦਾ ਗੰਭੀਰ ਹੁੰਦੀਆਂ ਹਨ। ਇਸ ਕਰਕੇ ਇਸ ਲੇਖ-ਮਾਲਾ ਵਿਚ ਔਰਤਾਂ ਨਾਲ ਕੀਤੇ ਗਏ ਭੈੜੇ ਸਲੂਕ ਉੱਤੇ ਚਰਚਾ ਕੀਤੀ ਗਈ ਹੈ।

[ਸਫ਼ਾ 4 ਉੱਤੇ ਡੱਬੀ/​ਤਸਵੀਰ]

ਘਰੇਲੂ ਹਿੰਸਾ ਵਿਚ ਕੀ ਸ਼ਾਮਲ ਹੈ?

ਸੰਯੁਕਤ ਰਾਸ਼ਟਰ ਸੰਘ ਦੀ ਔਰਤਾਂ ਖ਼ਿਲਾਫ਼ ਹਿੰਸਾ ਨੂੰ ਖ਼ਤਮ ਕਰਨ ਦੀ ਅਰਜ਼ੀ ਅਨੁਸਾਰ “ਔਰਤਾਂ ਖ਼ਿਲਾਫ਼ ਹਿੰਸਾ” ਬਹੁਤ ਤਰ੍ਹਾਂ ਕੀਤੀ ਜਾ ਸਕਦੀ ਹੈ। “ਇਹ ਅਜਿਹੀ ਹਿੰਸਾ ਹੈ ਜਿਸ ਤੋਂ ਸਰੀਰਕ, ਜਿਨਸੀ, ਜਾਂ ਮਾਨਸਿਕ ਤੌਰ ਤੇ ਔਰਤਾਂ ਨੂੰ ਕਸ਼ਟ ਹੋ ਸਕਦਾ ਹੈ ਜਾਂ ਹੁੰਦਾ ਹੈ। ਇਸ ਵਿਚ ਦੁੱਖ ਪਹੁੰਚਾਉਣ ਦੀਆਂ ਧਮਕੀਆਂ, ਜ਼ਬਰਦਸਤੀ, ਔਰਤ ਦਾ ਅੰਦਰ-ਬਾਹਰ ਆਉਣਾ-ਜਾਣਾ ਬੰਦ ਕਰਨ ਵਰਗੀਆਂ ਚੀਜ਼ਾਂ ਵੀ ਸ਼ਾਮਲ ਹੋ ਸਕਦੀਆਂ ਹਨ। ਇਹ ਚੀਜ਼ਾਂ ਘਰ ਵਿਚ ਜਾਂ ਬਾਹਰ ਕੀਤੀਆਂ ਜਾ ਸਕਦੀਆਂ ਹਨ।” ਇਸ ਹਿੰਸਾ ਦੇ ਕਈ ਰੂਪ ਹੋ ਸਕਦੇ ਹਨ ਜਿਵੇਂ ਕਿ “ਘਰ ਅਤੇ ਆਮ ਬਰਾਦਰੀ ਵਿਚ ਔਰਤ ਦੀ ਮਾਰ-ਕੁੱਟ ਅਤੇ ਬੇਇੱਜ਼ਤੀ, ਕੁੜੀਆਂ ਦਾ ਬਲਾਤਕਾਰ, ਦਾਜ ਸੰਬੰਧੀ ਹਿੰਸਾ, ਪਤਨੀਆਂ ਦਾ ਬਲਾਤਕਾਰ, ਕੁੜੀਆਂ ਦੇ ਜਣਨ ਅੰਗਾਂ ਦੀ ਭੰਗਤਾ ਅਤੇ ਹੋਰ ਰਵਾਇਤੀ ਚੀਜ਼ਾਂ ਜਿਨ੍ਹਾਂ ਤੋਂ ਨਾਰੀਆਂ ਨੂੰ ਹਾਨੀ ਪਹੁੰਚ ਸਕਦੀ ਹੈ।”