ਸੋਚ-ਸਮਝ ਕੇ ਦਵਾਈਆਂ ਵਰਤਣੀਆਂ
ਸੋਚ-ਸਮਝ ਕੇ ਦਵਾਈਆਂ ਵਰਤਣੀਆਂ
ਦੱਖਣੀ ਅਫ਼ਰੀਕਾ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ
ਜਦੋਂ ਤਹਾਡਾ ਡਾਕਟਰ ਤੁਹਾਨੂੰ ਦਵਾਈਆਂ ਦਿੰਦਾ ਹੈ, ਤਾਂ ਉਹ ਤੁਹਾਡੇ ਭਲੇ ਲਈ ਇਵੇਂ ਕਰਦਾ ਹੈ। ਉਹ ਬੀਮਾਰੀ ਦੀ ਛਾਣ-ਬੀਣ ਕਰ ਕੇ, ਆਪਣੇ ਡਾਕਟਰੀ ਗਿਆਨ ਅਤੇ ਤਜਰਬੇ ਨਾਲ ਦਵਾਈਆਂ ਦਿੰਦਾ ਹੈ। ਫਿਰ ਵੀ, ਮਰੀਜ਼ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਸ ਦੀ ਸਿਹਤ ਦੀ ਪੂਰੀ ਜ਼ਿੰਮੇਵਾਰੀ ਡਾਕਟਰ ਦੀ ਹੈ। ਭਾਵੇਂ ਡਾਕਟਰ ਦਵਾਈ ਲਿਖ ਕੇ ਦਿੰਦਾ ਹੈ, ਫਿਰ ਵੀ ਮਰੀਜ਼ ਖ਼ੁਦ ਇਸ ਨੂੰ ਵਰਤਣ ਲਈ ਜ਼ਿੰਮੇਵਾਰ ਹੈ।
ਡਾਕਟਰ ਵੱਲੋਂ ਮਿਲੀਆਂ ਦਵਾਈਆਂ-ਗੋਲੀਆਂ ਖਾਂਦੇ ਸਮੇਂ ਇਸ ਲਾਭਦਾਇਕ ਸਲਾਹ ਵੱਲ ਧਿਆਨ ਦਿਓ, ਜੋ ਇਕ ਡਾਕਟਰ ਨੇ ਦਿੱਤੀ:
● ਚੰਗੇ ਅਸਰ ਤੋਂ ਇਲਾਵਾ ਸਾਰੀਆਂ ਦਵਾਈਆਂ ਦੇ ਬੁਰੇ ਅਸਰ ਵੀ ਹੁੰਦੇ ਹਨ। ਤੁਹਾਡੇ ਕੋਲ ਇਹ ਜਾਣਨ ਦਾ ਹੱਕ ਹੈ ਕਿ ਤੁਹਾਨੂੰ ਕਿਹੜੀ ਦਵਾਈ ਦਿੱਤੀ ਜਾ ਰਹੀ ਹੈ ਅਤੇ ਉਸ ਦੇ ਕਿਹੜੇ ਬੁਰੇ ਅਸਰ ਹਨ। ਜੇਕਰ ਤੁਹਾਡੇ ਡਾਕਟਰ ਨੇ ਇਨ੍ਹਾਂ ਗੱਲਾਂ ਬਾਰੇ ਤੁਹਾਨੂੰ ਨਹੀਂ ਦੱਸਿਆ ਤਾਂ ਉਸ ਨੂੰ ਜ਼ਰੂਰ ਪੁੱਛੋ। ਭਾਵੇਂ ਕਿ ਦਵਾਈ ਦੇ ਕੁਝ ਬੁਰੇ ਅਸਰ ਹੋ ਸਕਦੇ ਹਨ, ਅਕਸਰ ਇਸ ਦੇ ਲਾਭ ਜ਼ਿਆਦਾ ਹੁੰਦੇ ਹਨ। ਪਰ ਇਨ੍ਹਾਂ ਗੱਲਾਂ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ ਤਾਂਕਿ ਤੁਸੀਂ ਚੰਗਾ ਫ਼ੈਸਲਾ ਕਰ ਸਕੋ।
● ਹਰੇਕ ਵਿਅਕਤੀ ਉੱਤੇ ਦਵਾਈਆਂ ਦਾ ਵੱਖਰਾ ਅਸਰ ਹੁੰਦਾ ਹੈ। ਤੁਹਾਡਾ ਡਾਕਟਰ ਪੱਕੀ ਤਰ੍ਹਾਂ ਨਹੀਂ ਕਹਿ ਸਕਦਾ ਕਿ ਦਵਾਈ ਦਾ ਤੁਹਾਡੇ ਉੱਤੇ ਕਿਹੋ ਜਿਹਾ ਅਸਰ ਪਵੇਗਾ। ਜੇਕਰ ਤੁਸੀਂ ਦਵਾਈ ਦੇ ਬੁਰੇ ਅਸਰ ਕਾਰਨ ਘਬਰਾ ਜਾਂਦੇ ਹੋ ਤਾਂ ਆਪਣੇ ਡਾਕਟਰ ਨਾਲ ਗੱਲ ਕਰੋ।
● ਪਤਾ ਕਰੋ ਕਿ ਤੁਹਾਨੂੰ ਕਿੰਨੇ ਚਿਰ ਲਈ ਦਵਾਈ ਖਾਣੀ ਪਵੇਗੀ ਅਤੇ ਕੀ ਇਸ ਦਵਾਈ ਦੀ ਲੱਤ ਲੱਗਣ ਦਾ ਖ਼ਤਰਾ ਹੈ।
● ਦਵਾਈ ਬੰਦ ਕਰਨ ਦਾ ਆਪਣੇ ਆਪ ਫ਼ੈਸਲਾ ਨਾ ਕਰਿਓ ਇਹ ਸੋਚਦੇ ਹੋਏ ਕਿ ਤੁਸੀਂ ਠੀਕ ਹੋ ਰਹੇ ਹੋ। ਅੱਧ ਵਿਚ ਦਵਾਈ ਬੰਦ ਕਰਨ ਕਰਕੇ ਤੁਹਾਡੀ ਹਾਲਤ ਹੋਰ ਵੀ ਵਿਗੜ ਸਕਦੀ ਹੈ। ਇਸ ਤਰ੍ਹਾਂ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਗੱਲ ਕਰੋ।
● ਦਵਾਈਆਂ ਹਮੇਸ਼ਾ ਡਾਕਟਰ ਦੀ ਸਲਾਹ ਨਾਲ ਖਾਓ।