ਸੰਸਾਰ ਉੱਤੇ ਨਜ਼ਰ
ਸੰਸਾਰ ਉੱਤੇ ਨਜ਼ਰ
ਘਰ ਦੇ ਬਜ਼ੁਰਗਾਂ ਨਾਲ ਜ਼ਬਰਦਸਤੀ
ਔ ਏਸਟਾਡੌ ਡੇ ਸਾਓ ਪੌਲੇ ਨੇ ਰਿਪੋਰਟ ਕੀਤਾ ਕਿ “ਜਾਇਦਾਦ ਬਾਰੇ ਝਗੜਿਆਂ ਕਰਕੇ ਘਰ ਦੇ ਬਜ਼ੁਰਗਾਂ ਨਾਲ ਜ਼ਬਰਦਸਤੀ ਕੀਤੀ ਜਾਂਦੀ ਹੈ।” ਸਾਓ ਪੌਲੋ, ਬ੍ਰਾਜ਼ੀਲ ਵਿਚ 1991 ਤੋਂ ਲੈ ਕੇ 1998 ਤਕ ਪੁਲਸ ਤੋਂ ਲਿਖਵਾਈਆਂ ਰਿਪੋਰਟਾਂ ਦੀ ਜਾਂਚ ਕੀਤੀ ਗਈ। ਇਨ੍ਹਾਂ ਤੋਂ ਪਤਾ ਲੱਗਾ ਕਿ 47 ਫੀ ਸਦੀ ਕੇਸਾਂ ਵਿਚ ਰਿਸ਼ਤੇਦਾਰ ਸ਼ਾਮਲ ਸਨ, ਚਾਹੇ ਇਹ ਉਨ੍ਹਾਂ ਦੇ ਬੱਚੇ, ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ, ਇਨ੍ਹਾਂ ਦੇ ਪਤੀ-ਪਤਨੀ, ਜਾਂ ਹੋਰ ਰਿਸ਼ਤੇਦਾਰ ਹੋਣ। ਇਕ ਸਰਕਾਰੀ ਵਕੀਲ ਨੇ ਕਿਹਾ ਕਿ “ਜ਼ਬਰਦਸਤੀ ਉਦੋਂ ਹੁੰਦੀ ਹੈ ਜਦੋਂ ਘਰ ਦੇ ਬਜ਼ੁਰਗ ਦੇ ਜੀਉਂਦੇ ਜੀ ਹੀ ਰਿਸ਼ਤੇਦਾਰ ਜਾਇਦਾਦ ਅਤੇ ਧਨ-ਦੌਲਤ ਨੂੰ ਵੰਡਣ ਲਈ ਉਨ੍ਹਾਂ ਉੱਤੇ ਜ਼ੋਰ ਪਾਉਣ ਦੀ ਕੋਸ਼ਿਸ਼ ਕਰਦੇ ਹਨ।” ਕਈ ਵਾਰ ਪੈਸਿਆਂ ਦੀ ਖ਼ਾਤਰ ਬਜ਼ੁਰਗ ਨੂੰ ਸਰਕਾਰੀ ਹਸਪਤਾਲ ਜਾਂ ਬਜ਼ੁਰਗਾਂ ਦੇ ਘਰਾਂ ਵਿਚ ਛੱਡ ਦਿੱਤਾ ਜਾਂਦਾ ਹੈ। ਇਸ ਵਕੀਲ ਨੇ ਅੱਗੇ ਕਿਹਾ ਕਿ “ਗ਼ਰੀਬੀ ਦੇ ਕਾਰਨ ਬਜ਼ੁਰਗ ਲੋਕ ਇਕ ਬੋਝ ਬਣ ਜਾਂਦੇ ਹਨ, ਇਸ ਲਈ ਪਰਿਵਾਰ ਵਿਚ ਤਣਾਅ ਰਹਿੰਦਾ ਹੈ।”
ਬਹੁਤ ਸਾਰੇ ਖਿਡੌਣੇ
ਲੰਡਨ ਦੇ ਸੰਡੇ ਟਾਈਮਜ਼ ਅਖ਼ਬਾਰ ਨੇ ਰਿਪੋਰਟ ਕੀਤਾ ਕਿ “ਨਵੀਂ ਰਿਸਰਚ ਦੇ ਅਨੁਸਾਰ ਬੱਚੇ ਚੰਗੀ ਤਰ੍ਹਾਂ ਖੇਡਣਾ ਨਹੀਂ ਜਾਣਦੇ ਕਿਉਂਕਿ ਉਨ੍ਹਾਂ ਨੂੰ ਜ਼ਿਆਦਾ ਖਿਡੌਣੇ ਅਤੇ ਗੇਮਾਂ ਦਿੱਤੀਆਂ ਜਾਂਦੀਆਂ ਹਨ।” ਰਿਸਰਚ ਕਰਨ ਦਾ ਇਕ ਕਾਰਨ ਇਹ ਸੀ ਕਿ ਬਰਤਾਨੀਆ ਵਿਚ ਚਿੰਤਾ ਹੈ ਕਿ “ਬਚਪਨ ਹਮੇਸ਼ਾ ਲਈ ਬਦਲ ਰਿਹਾ ਹੈ ਕਿਉਂਕਿ ਮਾਪੇ ਆਪਣੇ ਬੱਚਿਆਂ ਨਾਲ ਸਮਾਂ ਬਿਤਾਉਣ ਦੀ ਬਜਾਇ ਉਨ੍ਹਾਂ ਨੂੰ ਖਿਡੌਣੇ ਦੇ ਰਹੇ ਹਨ, ਉਨ੍ਹਾਂ ਨੂੰ ਕੰਪਿਊਟਰ ਤੇ ਖੇਡਣ ਦਿੰਦੇ ਹਨ, ਅਤੇ ਟੈਲੀਵਿਯਨ ਦੇਖਣ ਦਿੰਦੇ ਹਨ।” ਤਿੰਨ ਤੋਂ ਪੰਜ ਸਾਲ ਦੇ 3,000 ਬੱਚਿਆਂ ਦੀ ਸਟੱਡੀ ਕਰਨ ਤੋਂ ਬਾਅਦ ਆਕਸਫ਼ੋਰਡ ਯੂਨੀਵਰਸਿਟੀ ਦੀ ਪ੍ਰੋਫ਼ੈਸਰਨੀ ਕੈਥੀ ਸਿਲਵਾ ਨੇ ਕਿਹਾ: “ਜਦੋਂ ਬੱਚਿਆਂ ਕੋਲ ਬਹੁਤ ਸਾਰੇ ਖਿਡੌਣੇ ਹੁੰਦੇ ਹਨ ਤਾਂ ਉਨ੍ਹਾਂ ਦਾ ਧਿਆਨ ਇਕ ਪਾਸੇ ਨਹੀਂ ਟਿਕਿਆ ਰਹਿੰਦਾ, ਅਤੇ ਜਦੋਂ ਬੱਚਿਆਂ ਦਾ ਧਿਆਨ ਇੱਧਰ-ਉੱਧਰ ਹੁੰਦਾ ਹੈ ਤਾਂ ਉਹ ਚੰਗੀ ਤਰ੍ਹਾਂ ਸਿੱਖਦੇ ਜਾਂ ਖੇਡਦੇ ਨਹੀਂ ਹਨ।”
ਖਾਣਾ ਸੁੱਟਣਾ
ਜਪਾਨ ਦੇ ਮਾਏਨੀਚੀ ਡੇਲੀ ਨਿਊਜ਼ ਨੇ ਕਿਹਾ ਕਿ “ਵਿਆਹ ਦੀਆਂ ਅਤੇ ਹੋਰ ਵੱਡੀਆਂ-ਵੱਡੀਆਂ ਪਾਰਟੀਆਂ ਤੇ ਬਹੁਤ ਸਾਰਾ ਬਚਿਆ-ਖੁਚਿਆ ਖਾਣਾ ਸੁੱਟਿਆ ਜਾਂਦਾ ਹੁੰਦਾ ਹੈ।” ਇਕ ਸਰਕਾਰੀ ਸਰਵੇਖਣ ਨੇ ਦਿਖਾਇਆ ਕਿ ਘਰਾਂ ਵਿਚ ਔਸਤ 7.7 ਫੀ ਸਦੀ, ਦੁਕਾਨਾਂ ਵਿਚ 1.1 ਫੀ ਸਦੀ, ਅਤੇ ਰੈਸਤੋਰਾਂ ਵਿਚ 5.1 ਫੀ ਸਦੀ ਖਾਣਾ ਸੁੱਟਿਆ ਜਾਂਦਾ ਹੈ। ਲੇਕਿਨ ਅਖ਼ਬਾਰ ਨੇ ਕਿਹਾ ਕਿ “ਵੱਡੀਆਂ-ਵੱਡੀਆਂ ਪਾਰਟੀਆਂ ਵਿਚ 15.7 ਫੀ ਸਦੀ ਖਾਣਾ ਸੁੱਟਿਆ ਜਾਂਦਾ ਹੈ” ਅਤੇ ਵਿਆਹਾਂ ਲਈ ਤਿਆਰ ਕੀਤੇ ਗਏ ਭੋਜਨ ਵਿੱਚੋਂ ਤਕਰੀਬਨ 24 ਫੀ ਸਦੀ ਖਾਣਾ “ਬਚ ਜਾਂਦਾ ਹੈ ਜਾਂ ਸੁੱਟਿਆ ਜਾਂਦਾ ਹੈ।” ਸਿਰਫ਼ ਖਾਣਾ ਬਣਾਉਣ ਵਾਲੀਆਂ ਕੰਪਨੀਆਂ ਹੀ “ਲਗਭਗ ਕੋਈ ਖਾਣਾ ਨਹੀਂ ਸੁੱਟਦੀਆਂ।”
ਕਾਗਜ਼ ਅਜੇ ਵੀ ਪਸੰਦ ਹੈ
ਕੁਝ 25 ਸਾਲ ਪਹਿਲਾਂ ਇਹ ਕਿਹਾ ਗਿਆ ਸੀ ਕਿ ਕਾਗਜ਼ ਦੀ ਲੋੜ ਘੱਟ ਜਾਵੇਗੀ ਕਿਉਂਕਿ ਦਫ਼ਤਰਾਂ ਵਿਚ ਕੰਪਿਊਟਰ ਹੋਣਗੇ ਅਤੇ ਜਾਣਕਾਰੀ ਇਨ੍ਹਾਂ ਵਿਚ ਰੱਖੀ ਜਾਵੇਗੀ। ਪਰ ਕਾਗਜ਼ ਦੀ ਲੋੜ ਹੋਰ ਵੀ ਵਧਦੀ ਜਾ ਰਹੀ ਹੈ। ਵੈਨਕੂਵਰ ਸਨ ਅਖ਼ਬਾਰ ਦੇ ਅਨੁਸਾਰ ਕਾਪੀ ਕਰਨ ਵਾਲੀਆਂ ਅਤੇ ਫ਼ੈਕਸ ਮਸ਼ੀਨਾਂ ਵਿਚ ਜਿਸ ਕਿਸਮ ਦੇ ਕਾਗਜ਼ ਦੀ ਲੋੜ ਪੈਂਦੀ ਹੈ ਉਸ ਵਿਚ ਕਾਫ਼ੀ ਵਾਧਾ ਹੋਇਆ ਹੈ। ਕੈਨੇਡਾ ਦੇ ਲੋਕਾਂ ਨੇ ਇਸ ਤਰ੍ਹਾਂ ਦੇ ਕਾਗਜ਼ ਨੂੰ 1999 ਵਿਚ, 1992 ਨਾਲੋਂ 25 ਫੀ ਸਦੀ ਜ਼ਿਆਦਾ ਵਰਤਿਆ ਸੀ। ਇਸ ਦਾ ਮਤਲਬ ਹੈ ਕਿ “ਬੱਚਿਆਂ ਸਮੇਤ ਹਰ ਸਾਲ ਕੈਨੇਡਾ ਦੇ ਹਰ ਵਾਸੀ ਨੇ 66 ਪੌਂਡ (30 ਕਿਲੋਗ੍ਰਾਮ) ਭਾਰ ਦਾ ਕਾਗਜ਼ ਵਰਤਿਆ ਸੀ।” ਇਕ ਸਰਵੇਖਣ ਨੇ ਦਿਖਾਇਆ ਕਿ ਭਾਵੇਂ ਦਫ਼ਤਰ ਵਿਚ ਕੰਮ ਕਰਨ ਵਾਲੇ ਲੋਕ ਕੰਪਿਊਟਰ ਉੱਤੇ ਜਾਣਕਾਰੀ ਪੜ੍ਹਦੇ ਹਨ ਉਹ ਉਸ ਨੂੰ ਛਾਪ ਕੇ ਵੀ ਦੇਖਣਾ ਚਾਹੁੰਦੇ ਹਨ। ਸਨ ਅਖ਼ਬਾਰ ਨੇ ਕਿਹਾ ਕਿ ਇਹ ਘਰ ਵਿਚ ਕੰਪਿਊਟਰ ਰੱਖਣ ਵਾਲਿਆਂ ਬਾਰੇ ਵੀ ਸੱਚ ਹੈ। ਬੱਚੇ ਵੀ “ਬਹੁਤ ਸਾਰਾ ਕਾਗਜ਼ ਵਰਤਣ ਵਾਲੇ” ਬਣ ਗਏ ਹਨ ਕਿਉਂਕਿ ਉਹ ਜੋ ਕੁਝ ਕੰਪਿਊਟਰ ਤੇ ਦੇਖਦੇ ਹਨ ਉਹ ਉਸ ਨੂੰ ਕਾਗਜ਼ ਤੇ ਵੀ ਦੇਖਣਾ ਚਾਹੁੰਦੇ ਹਨ।
ਡਾਕਟਰੀ ਰਿਕਾਰਡ ਅਤੇ ਟੈਲੀਵਿਯਨ ਦੇਖਣ ਦੀ ਆਦਤ
ਸਪੇਨ ਵਿਚ ਬੱਚਿਆਂ ਦੇ ਡਾਕਟਰਾਂ ਦੇ ਇਕ ਸਮੂਹ ਨੇ ਸਲਾਹ ਦਿੱਤੀ ਹੈ ਕਿ ਇਕ ਬੱਚੇ ਦੇ ਡਾਕਟਰੀ ਰਿਕਾਰਡ ਵਿਚ ਉਸ ਦੇ ਟੈਲੀਵਿਯਨ ਦੇਖਣ ਦੀਆਂ ਆਦਤਾਂ ਬਾਰੇ ਜਾਣਕਾਰੀ ਵੀ ਹੋਣੀ ਚਾਹੀਦੀ ਹੈ। ਸਪੇਨ ਵਿਚ ਡਿਆਰਿਓ ਮੇਡੀਕੋ ਅਖ਼ਬਾਰ ਦੇ ਅਨੁਸਾਰ ਇਹ ਡਾਕਟਰ ਮੰਨਦੇ ਹਨ ਕਿ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਕ ਮਰੀਜ਼ ਬੱਚਾ ਹਰ ਰੋਜ਼ ਕਿੰਨੇ ਘੰਟੇ ਟੀ. ਵੀ. ਦੇਖਦਾ ਹੈ, ਕਿਹੋ ਜਿਹੇ ਪ੍ਰੋਗ੍ਰਾਮ ਦੇਖਦਾ ਹੈ, ਅਤੇ ਕਿਸ ਦੇ ਨਾਲ ਬੈਠ ਕੇ ਦੇਖਦਾ ਹੈ। ਇਹ ਕਿਉਂ? ਕਿਉਂਕਿ ਇਨ੍ਹਾਂ ਡਾਕਟਰਾਂ ਦੀ ਜਾਂਚ ਅਨੁਸਾਰ ਟੀ. ਵੀ. ਦੇਖਣ ਨਾਲ ਬੱਚੇ ਸਿਰਫ਼ ਬੈਠੇ ਰਹਿਣਾ ਚਾਹੁੰਦੇ ਹਨ, ਉਹ ਬਹੁਤ ਲੜਾਕੇ ਬਣ ਜਾਂਦੇ ਹਨ, ਉਹ ਬਹੁਤ ਸਾਰੀਆਂ ਚੀਜ਼ਾਂ ਖ਼ਰੀਦਣੀਆਂ ਚਾਹੁੰਦੇ ਹਨ, ਸਕੂਲ ਵਿਚ ਚੰਗੀ ਤਰ੍ਹਾਂ ਪੜ੍ਹਦੇ ਨਹੀਂ, ਅਤੇ ਉਹ ਟੀ. ਵੀ. ਦੇਖਣ ਦੇ ਆਦੀ ਬਣ ਜਾਂਦੇ ਹਨ। ਰਿਪੋਰਟ ਨੇ ਕਿਹਾ: “ਇਹ ਡਾਕਟਰ ਸਲਾਹ ਦਿੰਦੇ ਹਨ ਕਿ ਮਾਪੇ ਆਪਣੇ ਬੱਚਿਆਂ ਦੇ ਸੌਣ ਦੇ ਕਮਰੇ ਵਿਚ ਟੈਲੀਵਿਯਨ ਨਾ ਰੱਖਣ ਅਤੇ ਨਾ ਹੀ ਅਜਿਹੀ ਕਿਸੇ ਜਗ੍ਹਾ ਵਿਚ ਜਿੱਥੇ [ਬੱਚੇ] ਪ੍ਰੋਗ੍ਰਾਮ ਕੰਟ੍ਰੋਲ ਕਰ ਸਕਦੇ ਹਨ। ਇਸ ਤੋਂ ਇਲਾਵਾ, ਰੋਟੀ ਖਾਣ ਦੇ ਵੇਲੇ ਟੈਲੀਵਿਯਨ ਨਹੀਂ ਦੇਖਿਆ ਜਾਣਾ ਚਾਹੀਦਾ ਅਤੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਹਰ ਰੋਜ਼ 2 ਘੰਟਿਆਂ ਤੋਂ ਜ਼ਿਆਦਾ ਸਮੇਂ ਲਈ ਟੈਲੀਵਿਯਨ ਨਹੀਂ ਦੇਖਣ ਦੇਣਾ ਚਾਹੀਦਾ ਹੈ। ਦਰਅਸਲ, ਜੇ ਹਰ ਰੋਜ਼ ਸਿਰਫ਼ ਇਕ ਘੰਟੇ ਲਈ ਟੈਲੀਵਿਯਨ ਦੇਖਿਆ ਜਾਵੇ ਤਾਂ ਇਹ ਬਿਹਤਰ ਹੈ।”