Skip to content

Skip to table of contents

ਕੀ ਸੋਗ ਕਰਨਾ ਗ਼ਲਤ ਹੈ?

ਕੀ ਸੋਗ ਕਰਨਾ ਗ਼ਲਤ ਹੈ?

ਬਾਈਬਲ ਦਾ ਦ੍ਰਿਸ਼ਟੀਕੋਣ

ਕੀ ਸੋਗ ਕਰਨਾ ਗ਼ਲਤ ਹੈ?

“ਹੇ ਭਰਾਵੋ, ਅਸੀਂ ਨਹੀਂ ਚਾਹੁੰਦੇ ਜੋ ਤੁਸੀਂ ਉਨ੍ਹਾਂ ਦੀ ਵਿਥਿਆ ਤੋਂ ਜਿਹੜੇ [ਮੌਤ ਦੀ ਨੀਂਦ] ਸੁੱਤੇ ਪਏ ਹਨ ਅਣਜਾਣ ਰਹੋ ਭਈ ਤੁਸੀਂ ਹੋਰਨਾਂ ਵਾਂਙੁ ਜਿਨ੍ਹਾਂ ਨੂੰ ਕੋਈ ਆਸ ਨਹੀਂ ਸੋਗ ਨਾ ਕਰੋ।”​—1 ਥੱਸਲੁਨੀਕੀਆਂ 4:13.

ਬਾਈਬਲ ਵਿਚ ਮਰੇ ਹੋਇਆਂ ਲਈ ਉਮੀਦ ਹੈ। ਯਿਸੂ ਨੇ ਖ਼ੁਦ ਲੋਕਾਂ ਨੂੰ ਦੁਬਾਰਾ ਜ਼ਿੰਦਾ ਕੀਤਾ ਸੀ। ਇਸ ਤੋਂ ਅਤੇ ਉਸ ਦੀਆਂ ਸਿੱਖਿਆਵਾਂ ਤੋਂ ਪਤਾ ਲੱਗਦਾ ਹੈ ਕਿ ਇਕ ਸਮਾਂ ਆਵੇਗਾ ਜਦ ਮੁਰਦਿਆਂ ਨੂੰ ਦੁਬਾਰਾ ਜੀਵਨ ਬਖ਼ਸ਼ਿਆ ਜਾਵੇਗਾ। (ਮੱਤੀ 22:23-33; ਮਰਕੁਸ 5:35, 36, 41, 42; ਲੂਕਾ 7:12-16) ਇਸ ਦਾ ਸਾਡੇ ਉੱਤੇ ਕਿਹੋ ਜਿਹਾ ਅਸਰ ਹੋਣਾ ਚਾਹੀਦਾ ਹੈ? ਉੱਪਰ ਦਰਜ ਪੌਲੁਸ ਰਸੂਲ ਦੇ ਸ਼ਬਦ ਦਿਖਾਉਂਦੇ ਹਨ ਕਿ ਜਦ ਸਾਡਾ ਕੋਈ ਪਿਆਰਾ ਮਰ ਜਾਂਦਾ ਹੈ ਤਾਂ ਅਸੀਂ ਇਸ ਉਮੀਦ ਤੋਂ ਦਿਲਾਸਾ ਪਾ ਸਕਦੇ ਹਾਂ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਤੁਸੀਂ ਜ਼ਰੂਰ ਆਪਣੇ ਕਿਸੇ ਪਿਆਰੇ ਦੀ ਮੌਤ ਕਾਰਨ ਬਹੁਤ ਹੀ ਦਰਦ ਮਹਿਸੂਸ ਕੀਤਾ ਹੋਵੇਗਾ। ਟਰੀਸਾ ਦਾ ਪਤੀ 42 ਸਾਲਾਂ ਦਾ ਸੀ ਜਦ ਉਹ ਦਿਲ ਦੇ ਓਪਰੇਸ਼ਨ ਤੋਂ ਕੁਝ ਹੀ ਸਮੇਂ ਬਾਅਦ ਪੂਰਾ ਹੋ ਗਿਆ। ਟਰੀਸਾ ਕਹਿੰਦੀ ਹੈ: “ਇਹ ਮੇਰੇ ਲਈ ਇਕ ਬਹੁਤ ਹੀ ਵੱਡਾ ਸਦਮਾ ਸੀ! ਪਹਿਲਾਂ ਤਾਂ ਮੈਂ ਬਹੁਤ ਹੀ ਡਰ ਗਈ ਸੀ। ਫਿਰ ਮੈਂ ਗਹਿਰਾ ਦਰਦ ਮਹਿਸੂਸ ਕੀਤਾ ਜੋ ਸਮੇਂ ਦੇ ਬੀਤਣ ਨਾਲ ਵਧਦਾ ਗਿਆ। ਮੈਂ ਬਹੁਤ ਹੀ ਰੋਈ।” ਕੀ ਇਸ ਤਰ੍ਹਾਂ ਮਹਿਸੂਸ ਕਰਨਾ ਇਹ ਸੰਕੇਤ ਕਰਦਾ ਹੈ ਕਿ ਅਸੀਂ ਯਹੋਵਾਹ ਦੇ ਵਾਅਦੇ ਵਿਚ ਪੂਰਾ ਵਿਸ਼ਵਾਸ ਨਹੀਂ ਕਰਦੇ ਕਿ ਉਹ ਮੁਰਦਿਆਂ ਨੂੰ ਦੁਬਾਰਾ ਜ਼ਿੰਦਾ ਕਰੇਗਾ? ਕੀ ਪੌਲੁਸ ਦਾ ਮਤਲਬ ਇਹ ਸੀ ਕਿ ਸੋਗ ਕਰਨਾ ਗ਼ਲਤ ਹੈ?

ਬਾਈਬਲ ਵਿਚ ਸੋਗ ਕਰਨ ਵਾਲਿਆਂ ਦੀਆਂ ਉਦਾਹਰਣਾਂ

ਬਾਈਬਲ ਵਿਚ ਸੋਗ ਕਰਨ ਵਾਲਿਆਂ ਦੀਆਂ ਉਦਾਹਰਣਾਂ ਵੱਲ ਧਿਆਨ ਦੇਣ ਦੁਆਰਾ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਪਾ ਸਕਦੇ ਹਾਂ। ਕਈ ਬਿਰਤਾਂਤਾਂ ਵਿਚ ਅਸੀਂ ਦੇਖਦੇ ਹਾਂ ਕਿ ਪਰਿਵਾਰ ਦੇ ਕਿਸੇ ਜੀਅ ਦੀ ਮੌਤ ਤੋਂ ਬਾਅਦ ਕੁਝ ਸਮੇਂ ਲਈ ਸੋਗ ਕੀਤਾ ਜਾਂਦਾ ਸੀ। (ਉਤਪਤ 27:41; 50:7-10; ਜ਼ਬੂਰ 35:14) ਇਨ੍ਹਾਂ ਸਮਿਆਂ ਤੇ ਸੋਗ ਕਰਨ ਵਾਲਿਆਂ ਨੇ ਅਕਸਰ ਬਹੁਤ ਹੀ ਗਹਿਰੇ ਜਜ਼ਬਾਤ ਪ੍ਰਗਟ ਕੀਤੇ ਸਨ।

ਧਿਆਨ ਦਿਓ ਕਿ ਪਰਮੇਸ਼ੁਰ ਦੇ ਕੁਝ ਵਫ਼ਾਦਾਰ ਸੇਵਕਾਂ ਨੇ ਆਪਣੇ ਪਿਆਰਿਆਂ ਦੀ ਮੌਤ ਕਾਰਨ ਕਿਵੇਂ ਸੋਗ ਕੀਤਾ ਸੀ। ਅਬਰਾਹਾਮ ਪੱਕਾ ਵਿਸ਼ਵਾਸ ਕਰਦਾ ਸੀ ਕਿ ਪਰਮੇਸ਼ੁਰ ਮੁਰਦਿਆਂ ਨੂੰ ਫਿਰ ਜ਼ਿੰਦਾ ਕਰ ਸਕਦਾ ਹੈ। (ਇਬਰਾਨੀਆਂ 11:19) ਪਰ ਉਸ ਦੇ ਇਸ ਵਿਸ਼ਵਾਸ ਦੇ ਬਾਵਜੂਦ ਵੀ ਜਦੋਂ ਉਸ ਦੀ ਪਤਨੀ ਸਾਰਾਹ ਮਰੀ ਤਾਂ ਉਹ “ਸਾਰਾਹ ਦੀ ਮੁਕਾਣ ਦੇਣ ਲਈ ਅਰ ਰੋਣ ਲਈ ਆਇਆ।” (ਉਤਪਤ 23:1, 2) ਜਦੋਂ ਯਾਕੂਬ ਦੇ ਪੁੱਤਰਾਂ ਨੇ ਝੂਠ ਬੋਲ ਕੇ ਯਾਕੂਬ ਨੂੰ ਦੱਸਿਆ ਕਿ ਉਸ ਦਾ ਪਿਆਰਾ ਪੁੱਤਰ ਯੂਸੁਫ਼ ਮਰ ਗਿਆ ਸੀ, ਤਾਂ ਯਾਕੂਬ ਨੇ ‘ਆਪਣੇ ਬਸਤਰ ਪਾੜੇ ਅਤੇ ਉਹ ਦੇ ਲਈ ਰੋਂਦਾ ਰਿਹਾ।’ (ਉਤਪਤ 37:34, 35) ਕਈ ਸਾਲ ਬਾਅਦ ਵੀ ਯਾਕੂਬ ਆਪਣੇ ਪਿਆਰੇ ਪੁੱਤਰ ਦੀ ਮੌਤ ਬਾਰੇ ਸੋਚ ਕੇ ਬਹੁਤ ਹੀ ਉਦਾਸ ਹੁੰਦਾ ਸੀ! (ਉਤਪਤ 42:36-38) ਰਾਜਾ ਦਾਊਦ ਨੇ ਵੀ ਆਪਣੇ ਪੁੱਤਰਾਂ ਅਮਨੋਨ ਅਤੇ ਅਬਸ਼ਾਲੋਮ ਦੀਆਂ ਮੌਤਾਂ ਕਾਰਨ ਸਾਰਿਆਂ ਦੇ ਸਾਮ੍ਹਣੇ ਦਿਲੋਂ ਸੋਗ ਕੀਤਾ। ਭਾਵੇਂ ਕਿ ਉਨ੍ਹਾਂ ਦੋਹਾਂ ਨੇ ਦਾਊਦ ਅਤੇ ਉਸ ਦੇ ਪਰਿਵਾਰ ਨੂੰ ਦੁਖੀ ਕੀਤਾ ਸੀ, ਫਿਰ ਵੀ ਉਹ ਦਾਊਦ ਦੇ ਪੁੱਤਰ ਸਨ, ਅਤੇ ਉਨ੍ਹਾਂ ਦੀ ਮੌਤ ਕਾਰਨ ਉਹ ਬਹੁਤ ਹੀ ਉਦਾਸ ਹੋਇਆ ਸੀ।​—2 ਸਮੂਏਲ 13:28-39; 18:33.

ਕਦੀ-ਕਦੀ ਇਸਰਾਏਲ ਦੀ ਪੂਰੀ ਕੌਮ ਨੇ ਸੋਗ ਕੀਤਾ ਸੀ। ਉਦਾਹਰਣ ਲਈ ਬਿਵਸਥਾ ਸਾਰ 34:8 ਵਿਚ ਦੱਸਿਆ ਗਿਆ ਹੈ ਕਿ ਮੂਸਾ ਦੀ ਮੌਤ ਹੋਣ ਤੇ ਇਸਰਾਏਲੀ 30 ਦਿਨਾਂ ਲਈ ਸੋਗ ਮਨਾਉਂਦੇ ਰਹੇ।

ਅਖ਼ੀਰ ਵਿਚ, ਯਿਸੂ ਦੀ ਉਦਾਹਰਣ ਵੱਲ ਧਿਆਨ ਦਿਓ। ਯਿਸੂ ਦਾ ਜਿਗਰੀ ਦੋਸਤ ਲਾਜ਼ਰ ਮਰ ਗਿਆ ਸੀ। ਜਦੋਂ ਯਿਸੂ ਨੇ ਲਾਜ਼ਰ ਦੀਆਂ ਭੈਣਾਂ, ਮਾਰਥਾ ਅਤੇ ਮਰਿਯਮ, ਅਤੇ ਉਨ੍ਹਾਂ ਦੇ ਦੋਸਤ-ਮਿੱਤਰਾਂ ਨੂੰ ਸੋਗ ਕਰਦੇ ਹੋਏ ਦੇਖਿਆ, ਉਹ “ਆਤਮਾ ਵਿੱਚ ਕਲਪਿਆ ਅਤੇ ਘਬਰਾਇਆ।” ਭਾਵੇਂ ਕਿ ਯਿਸੂ ਜਾਣਦਾ ਸੀ ਕਿ ਕੁਝ ਹੀ ਮਿੰਟਾਂ ਵਿਚ ਉਹ ਆਪਣੇ ਦੋਸਤ ਨੂੰ ਦੁਬਾਰਾ ਜ਼ਿੰਦਾ ਕਰੇਗਾ, ਫਿਰ ਵੀ ਉਹ “ਰੋਇਆ।” ਯਿਸੂ ਮਾਰਥਾ ਅਤੇ ਮਰਿਯਮ ਨਾਲ ਆਪਣੀਆਂ ਭੈਣਾਂ ਵਾਂਗ ਪਿਆਰ ਕਰਦਾ ਸੀ। ਇਸ ਲਈ ਉਹ ਬਹੁਤ ਹੀ ਉਦਾਸ ਹੋਇਆ ਸੀ ਜਦੋਂ ਉਸ ਨੇ ਉਨ੍ਹਾਂ ਦੇ ਭਰਾ ਦੀ ਮੌਤ ਕਾਰਨ ਉਨ੍ਹਾਂ ਦਾ ਦੁੱਖ ਦੇਖਿਆ ਸੀ।​—ਯੂਹੰਨਾ 11:33-36.

ਅਬਰਾਹਾਮ, ਯਾਕੂਬ, ਦਾਊਦ, ਅਤੇ ਯਿਸੂ ਸਾਰੇ ਹੀ ਯਹੋਵਾਹ ਅਤੇ ਉਸ ਦੇ ਵਾਅਦਿਆਂ ਵਿਚ ਪੂਰਾ ਵਿਸ਼ਵਾਸ ਕਰਦੇ ਸਨ, ਲੇਕਿਨ ਫਿਰ ਵੀ ਉਨ੍ਹਾਂ ਨੇ ਸੋਗ ਕੀਤਾ। ਕੀ ਉਨ੍ਹਾਂ ਦਾ ਸੋਗ ਕਰਨਾ ਇਹ ਦਿਖਾਉਂਦਾ ਸੀ ਕਿ ਰੂਹਾਨੀ ਤੌਰ ਤੇ ਉਹ ਕਮਜ਼ੋਰ ਸਨ? ਕੀ ਉਨ੍ਹਾਂ ਦਾ ਸੋਗ ਕਰਨਾ ਇਹ ਸੰਕੇਤ ਕਰਦਾ ਸੀ ਕਿ ਪੁਨਰ-ਉਥਾਨ ਵਿਚ ਉਨ੍ਹਾਂ ਦੀ ਨਿਹਚਾ ਪੱਕੀ ਨਹੀਂ ਸੀ? ਬਿਲਕੁਲ ਨਹੀਂ! ਜਦੋਂ ਸਾਡਾ ਕੋਈ ਪਿਆਰਾ ਮਰ ਜਾਂਦਾ ਹੈ ਤਾਂ ਸੋਗ ਕਰਨਾ ਕੁਦਰਤੀ ਹੁੰਦਾ ਹੈ।

ਅਸੀਂ ਸੋਗ ਕਿਉਂ ਕਰਦੇ ਹਾਂ

ਪਰਮੇਸ਼ੁਰ ਕਦੇ ਨਹੀਂ ਸੀ ਚਾਹੁੰਦਾ ਕਿ ਇਨਸਾਨ ਮਰਨ। ਜਿਵੇਂ ਯਹੋਵਾਹ ਨੇ ਆਦਮ ਅਤੇ ਹੱਵਾਹ ਨੂੰ ਦੱਸਿਆ ਸੀ, ਉਸ ਦਾ ਮੁਢਲਾ ਮਕਸਦ ਇਹ ਸੀ ਕਿ ਧਰਤੀ ਇਕ ਸੁੰਦਰ ਬਾਗ਼ ਬਣਾਈ ਜਾਵੇ ਅਤੇ ਇਕ ਪਿਆਰ ਕਰਨ ਵਾਲੇ ਸੁਖੀ ਪਰਿਵਾਰ ਨਾਲ ਭਰੀ ਜਾਵੇ। ਮੌਤ ਸਿਰਫ਼ ਉਦੋਂ ਹੀ ਆਉਣੀ ਸੀ ਜੇਕਰ ਉਹ ਪਹਿਲੀ ਜੋੜੀ ਯਹੋਵਾਹ ਦੀ ਆਗਿਆ ਦੀ ਪਾਲਣਾ ਨਾ ਕਰਦੀ। (ਉਤਪਤ 1:28; 2:17) ਦੁੱਖ ਦੀ ਗੱਲ ਹੈ ਕਿ ਆਦਮ ਅਤੇ ਹੱਵਾਹ ਨੇ ਪਰਮੇਸ਼ੁਰ ਦਾ ਕਹਿਣਾ ਨਹੀਂ ਮੰਨਿਆ, ਅਤੇ ਇਸ ਕਾਰਨ “ਮੌਤ ਸਭਨਾਂ ਮਨੁੱਖਾਂ ਵਿੱਚ ਫੈਲਰ ਗਈ।” (ਰੋਮੀਆਂ 5:12; 6:23) ਮੌਤ ਇਕ ਜ਼ਾਲਮ ਵੈਰੀ ਹੈ ਅਤੇ ਇਸ ਦਾ ਪਰਮੇਸ਼ੁਰ ਦੇ ਮਕਸਦ ਵਿਚ ਕੋਈ ਹਿੱਸਾ ਨਹੀਂ।​—1 ਕੁਰਿੰਥੀਆਂ 15:26.

ਇਸ ਲਈ ਕਿ ਮੌਤ ਕੁਦਰਤੀ ਨਹੀਂ ਹੁੰਦੀ, ਅਸੀਂ ਸਮਝ ਸਕਦੇ ਹਾਂ ਕਿ ਕਿਸੇ ਪਿਆਰੇ ਦੀ ਮੌਤ ਹੋਣ ਤੇ ਲੋਕ ਇੰਨਾ ਦੁੱਖ ਕਿਉਂ ਮਹਿਸੂਸ ਕਰਦੇ ਹਨ। ਉਨ੍ਹਾਂ ਦਾ ਜੀਵਨ ਖਾਲੀ-ਖਾਲੀ ਰਹਿ ਜਾਂਦਾ ਹੈ। ਵਿਧਵਾ ਟਰੀਸਾ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਆਪਣੇ ਪਤੀ ਬਾਰੇ ਦੱਸਦੀ ਹੈ: “ਮੈਂ ਪੂਰਾ ਵਿਸ਼ਵਾਸ ਕਰਦੀ ਹਾਂ ਕਿ ਉਸ ਦੇ ਜੀ ਉਠਾਏ ਜਾਣ ਤੇ ਮੈਂ ਉਸ ਨੂੰ ਦੁਬਾਰਾ ਮਿਲਾਂਗੀ, ਪਰ ਮੈਂ ਹੁਣ ਉਸ ਦੀ ਕਮੀ ਬਹੁਤ ਹੀ ਮਹਿਸੂਸ ਕਰਦੀ ਹਾਂ। ਇਸ ਗੱਲ ਦਾ ਮੈਨੂੰ ਦੁੱਖ ਹੁੰਦਾ ਹੈ।” ਮਾਪਿਆਂ ਦੀ ਮੌਤ ਸ਼ਾਇਦ ਸਾਨੂੰ ਯਾਦ ਦਿਲਾਏ ਕਿ ਇਕ ਦਿਨ ਅਸੀਂ ਵੀ ਮਰਨਾ ਹੈ। ਅਤੇ ਕਿਸੇ ਜਵਾਨ ਦੀ ਮੌਤ ਕਾਰਨ ਸਾਡਾ ਗਮ ਹੋਰ ਵੀ ਵਧਦਾ ਹੈ ਕਿਉਂਕਿ ਉਨ੍ਹਾਂ ਦੀ ਮੌਤ ਕੁਵੇਲੀ ਹੁੰਦੀ ਹੈ ਅਤੇ ਉਨ੍ਹਾਂ ਦਾ ਜੀਵਨ ਅਧੂਰਾ ਰਹਿ ਜਾਂਦਾ ਹੈ।​—ਯਸਾਯਾਹ 38:10.

ਜੀ ਹਾਂ, ਮੌਤ ਕੁਦਰਤੀ ਨਹੀਂ ਹੈ। ਇਸ ਕਾਰਨ ਜੋ ਦਰਦ ਜਾਂ ਗਮ ਕਿਸੇ ਦੀ ਮੌਤ ਕਾਰਨ ਹੁੰਦਾ ਹੈ ਇਹ ਕੁਦਰਤੀ ਹੈ। ਜਦੋਂ ਅਸੀਂ ਸੋਗ ਕਰਦੇ ਹਾਂ, ਯਹੋਵਾਹ ਇਹ ਨਹੀਂ ਸਮਝਦਾ ਕਿ ਪੁਨਰ-ਉਥਾਨ ਵਿਚ ਸਾਡੀ ਨਿਹਚਾ ਪੱਕੀ ਨਹੀਂ ਹੈ। ਜਿਵੇਂ ਅਸੀਂ ਅਬਰਾਹਾਮ, ਯਾਕੂਬ, ਦਾਊਦ, ਇਸਰਾਏਲ ਦੀ ਕੌਮ, ਅਤੇ ਯਿਸੂ ਦੀਆਂ ਉਦਾਹਰਣਾਂ ਤੋਂ ਦੇਖ ਚੁੱਕੇ ਹਾਂ, ਖੁੱਲ੍ਹ ਕੇ ਦਿਲੋਂ ਸੋਗ ਕਰਨਾ ਇਹ ਸੰਕੇਤ ਨਹੀਂ ਕਰਦਾ ਕਿ ਅਸੀਂ ਰੂਹਾਨੀ ਤੌਰ ਤੇ ਕਮਜ਼ੋਰ ਹਾਂ। *

ਭਾਵੇਂ ਕਿ ਮਸੀਹੀਆਂ ਵਜੋਂ ਅਸੀਂ ਮੌਤ ਦੇ ਕਾਰਨ ਸੋਗ ਜ਼ਰੂਰ ਕਰਦੇ ਹਾਂ, ਫਿਰ ਵੀ ਅਸੀਂ ‘ਉਨ੍ਹਾਂ ਵਾਂਙੁ ਸੋਗ ਨਹੀਂ ਕਰਦੇ ਜਿਨ੍ਹਾਂ ਨੂੰ ਕੋਈ ਆਸ ਨਹੀਂ ਹੈ।’ (1 ਥੱਸਲੁਨੀਕੀਆਂ 4:13) ਅਸੀਂ ਸੋਗ ਕਰ-ਕਰ ਕੇ ਪਾਗਲ ਨਹੀਂ ਹੁੰਦੇ ਕਿਉਂਕਿ ਸਾਨੂੰ ਪਤਾ ਹੈ ਕਿ ਮੁਰਦਿਆਂ ਦੀ ਸਥਿਤੀ ਕਿਹੋ ਜਿਹੀ ਹੈ। ਅਸੀਂ ਜਾਣਦੇ ਹਾਂ ਕਿ ਉਨ੍ਹਾਂ ਨੂੰ ਕੋਈ ਦੁੱਖ ਜਾਂ ਤੰਗੀ ਨਹੀਂ ਹੈ ਪਰ ਉਹ ਮਾਨੋ ਇਕ ਗਹਿਰੀ ਨੀਂਦ ਵਿਚ ਆਰਾਮ ਕਰ ਰਹੇ ਹਨ। (ਉਪਦੇਸ਼ਕ ਦੀ ਪੋਥੀ 9:5; ਮਰਕੁਸ 5:39; ਯੂਹੰਨਾ 11:11-14) ਸਾਨੂੰ ਇਹ ਵੀ ਪੂਰਾ ਯਕੀਨ ਹੈ ਕਿ ਯਿਸੂ ਆਪਣਾ ਵਾਅਦਾ ਪੂਰਾ ਕਰ ਕੇ “ਸਭ ਜਿਹੜੇ ਕਬਰਾਂ ਵਿੱਚ ਹਨ” ਉਨ੍ਹਾਂ ਨੂੰ ਮੁੜ ਜ਼ਿੰਦਾ ਕਰੇਗਾ। ਜੀ ਹਾਂ, ਯਿਸੂ ਮੁਰਦਿਆਂ ਨੂੰ ਜੀਵਨ ਦੇਣ ਵਾਲਾ ਹੈ, ਅਰਥਾਤ ਉਹ “ਪੁਨਰ ਉੱਥਾਨ ਅਤੇ ਜੀਵਣ” ਹੈ।​—ਯੂਹੰਨਾ 5:28, 29; 11:24, 25, ਪਵਿੱਤਰ ਬਾਈਬਲ ਨਵਾਂ ਅਨੁਵਾਦ।

ਇਸ ਲਈ, ਜੇ ਤੁਸੀਂ ਸੋਗ ਕਰ ਰਹੇ ਹੋ ਤਾਂ ਇਸ ਗੱਲ ਤੋਂ ਦਿਲਾਸਾ ਪਾਓ ਕਿ ਯਹੋਵਾਹ ਤੁਹਾਡਾ ਦਰਦ ਸਮਝਦਾ ਹੈ। ਉਮੀਦ ਹੈ ਕਿ ਇਸ ਜਾਣਕਾਰੀ ਤੋਂ ਅਤੇ ਤੁਹਾਡੀ ਆਪਣੀ ਉਮੀਦ ਤੋਂ, ਕਿ ਮਰੇ ਹੋਇਆਂ ਨੂੰ ਦੁਬਾਰਾ ਜ਼ਿੰਦਾ ਕੀਤਾ ਜਾਵੇਗਾ, ਗਮ ਸਹਾਰਨ ਵਿਚ ਤੁਹਾਨੂੰ ਮਦਦ ਮਿਲੇਗੀ।

[ਫੁਟਨੋਟ]

^ ਪੈਰਾ 15 ਗਮ ਸਹਾਰਨ ਵਿਚ ਮਦਦ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ, ਮੌਤ ਦਾ ਗਮ ਕਿੱਦਾਂ ਸਹੀਏ? ਨਾਂ ਦੇ ਬ੍ਰੋਸ਼ਰ ਦੇ ਸਫ਼ੇ 14-19 ਦੇਖੋ।