ਜ਼ੈਬਰਾ ਅਫ਼ਰੀਕਾ ਦਾ ਜੰਗਲੀ ਘੋੜਾ
ਜ਼ੈਬਰਾ ਅਫ਼ਰੀਕਾ ਦਾ ਜੰਗਲੀ ਘੋੜਾ
ਅਫ਼ਰੀਕਾ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ
ਜ਼ਰਾ ਦੇਖੋ ਤਾਂ ਇਕ ਹਜ਼ਾਰ ਜ਼ੈਬਰੇ ਅਫ਼ਰੀਕਾ ਦੇ ਮੈਦਾਨ ਵਿਚ ਪੂਰੀ ਆਜ਼ਾਦੀ ਨਾਲ ਦੌੜ ਰਹੇ ਹਨ। ਉਨ੍ਹਾਂ ਦੀ ਤਾਕਤਵਰ ਚਾਲ ਕਾਰਨ ਉਨ੍ਹਾਂ ਦੀਆਂ ਧਾਰੀਦਾਰ ਵੱਖੀਆਂ ਉੱਪਰ-ਥੱਲੇ ਅਤੇ ਅਯਾਲ ਵਾਲੀਆਂ ਗਰਦਨਾਂ ਅੱਗੇ-ਪਿੱਛੇ ਹਿਲਦੀਆਂ ਹਨ। ਸੁੱਕੀ ਜ਼ਮੀਨ ਉੱਤੇ ਉਨ੍ਹਾਂ ਦੇ ਖੁਰ ਟਾਪਾਂ ਮਾਰਦੇ ਸੁਣਾਈ ਦਿੰਦੇ ਹਨ। ਉਨ੍ਹਾਂ ਦੇ ਪਿੱਛੇ ਲਾਲ ਮਿੱਟੀ ਦਾ ਬੱਦਲ ਧੂੰਏ ਵਾਂਗ ਉੱਡਦਾ ਦੂਰੋਂ ਦਿੱਸਦਾ ਹੈ। ਉਹ ਹਵਾ ਦੀ ਤਰ੍ਹਾਂ ਦੌੜਦੇ ਹਨ।
ਫਿਰ ਜਿਵੇਂ ਕਿਸੇ ਇਸ਼ਾਰੇ ਤੇ ਉਹ ਆਪਣੀ ਰਫ਼ਤਾਰ ਘਟਾਉਂਦੇ-ਘਟਾਉਂਦੇ ਰੁਕ ਜਾਂਦੇ ਹਨ। ਆਪਣੇ ਮਜ਼ਬੂਤ ਅਤੇ ਚੌੜਿਆਂ ਦੰਦਾਂ ਨਾਲ ਉਹ ਸੁੱਕੇ ਘਾਹ ਨੂੰ ਜ਼ੋਰ ਨਾਲ ਖਿੱਚਦੇ ਹਨ। ਸਾਰਾ ਝੁੰਡ ਚੌਕਸ ਹੈ, ਉਹ ਸਮੇਂ-ਸਮੇਂ ਤੇ ਸਿਰ ਉੱਪਰ ਕਰ ਕੇ ਦੇਖਦੇ, ਸੁਣਦੇ, ਅਤੇ ਹਵਾ ਨੂੰ ਸੁੰਘਦੇ ਹਨ। ਦੂਰ ਤੋਂ ਸ਼ੇਰ ਦੀ ਗਰਜ ਉਨ੍ਹਾਂ ਦੇ ਕੰਨਾਂ ਤਕ ਪਹੁੰਚਦੀ ਹੈ ਅਤੇ ਉਹ ਆਕੜ ਜਾਂਦੇ ਹਨ। ਉਹ ਇਸ ਆਵਾਜ਼ ਨੂੰ ਚੰਗੀ ਤਰ੍ਹਾਂ ਪਛਾਣਦੇ ਹਨ। ਘਾਹ ਉਨ੍ਹਾਂ ਦੇ ਮੂੰਹਾਂ ਵਿੱਚੋਂ ਲਟਕਦਾ ਹੋਇਆ, ਜ਼ੈਬਰੇ ਕੰਨ ਚੁੱਕ ਕੇ ਉਸ ਪਾਸੇ ਦੇਖਦੇ ਹਨ ਜਿੱਥੋਂ ਇਹ ਆਵਾਜ਼ ਆਉਂਦੀ ਹੈ। ਖ਼ਤਰਾ ਅਜੇ ਦੂਰ ਹੋਣ ਕਾਰਨ ਉਹ ਫਿਰ ਤੋਂ ਗਰਦਨ ਝੁਕਾ ਕੇ ਚਰਨ ਲੱਗਦੇ ਹਨ।
ਜਦੋਂ ਧੁੱਪ ਤਿੱਖੀ ਹੋਣ ਲੱਗਦੀ ਹੈ, ਤਾਂ ਉਹ ਅਗਲੀ ਜਗ੍ਹਾ ਵੱਲ ਵਧਦੇ ਹਨ। ਦੇਖੋ ਤਾਂ ਇਸ ਵਾਰ ਪਾਣੀ ਦੀ ਮਹਿਕ ਇਨ੍ਹਾਂ ਜੰਗਲੀ ਘੋੜਿਆਂ ਨੂੰ ਨਦੀ ਵੱਲ ਲੈ ਜਾਂਦੀ ਹੈ। ਉਹ ਉੱਚੇ ਬੰਨ੍ਹੇ ਤੇ ਨਦੀ ਤੋਂ ਕੁਝ ਫ਼ਾਸਲੇ ਤੇ ਰੁਕ ਕੇ ਹਿਣਕਣ ਲੱਗਦੇ ਅਤੇ ਸੁੱਕੀ ਮਿੱਟੀ ਤੇ ਆਪਣੇ ਖੁਰ ਮਾਰਦੇ ਹੋਏ ਭੂਰੇ ਰੰਗ ਦੇ ਸ਼ਾਂਤ ਪਾਣੀ ਵੱਲ ਤੱਕਦੇ ਹਨ। ਉਹ ਝਿਜਕਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਨਦੀ ਦੇ ਸ਼ਾਂਤ ਪਾਣੀ ਵਿਚ ਕੋਈ ਖ਼ਤਰਾ ਛੁਪਿਆ ਹੋ ਸਕਦਾ ਹੈ। ਪਰ ਉਹ ਬੜੇ ਪਿਆਸੇ ਹਨ ਅਤੇ ਕਈ ਅੱਗੇ ਹੋਣ ਲਈ ਧੱਕਾ ਲਾਉਂਦੇ ਹਨ। ਫਿਰ ਆਖ਼ਰੀ ਛਲਾਂਗ ਨਾਲ ਉਹ ਨਦੀ ਦੇ ਕਿਨਾਰੇ ਪਹੁੰਚਦੇ ਹਨ। ਵਾਰੋ-ਵਾਰੀ ਉਹ ਰੱਜ ਕੇ ਪਾਣੀ ਪੀਂਦੇ ਹਨ, ਅਤੇ ਫਿਰ ਖੁੱਲ੍ਹੇ ਮੈਦਾਨ ਵੱਲ ਮੁੜਦੇ ਹਨ।
ਸ਼ਾਮ ਤਕ ਝੁੰਡ ਹੌਲੀ-ਹੌਲੀ ਉੱਚੇ-ਉੱਚੇ ਘਾਹ ਵਿਚ ਤੁਰਦਾ ਹੈ। ਉਨ੍ਹਾਂ ਦੀ ਸ਼ਾਨਦਾਰ ਛਾਇਆ ਡੁੱਬਦੇ ਸੂਰਜ ਦੀ ਲਾਲੀ ਅੱਗੇ ਇਕ ਜੜੀ ਤਸਵੀਰ
ਦੀ ਤਰ੍ਹਾਂ ਦਿੱਸਦੀ ਹੈ ਅਤੇ ਉਨ੍ਹਾਂ ਦੇ ਆਲੇ-ਦੁਆਲੇ ਸੁੰਦਰ ਮੈਦਾਨ ਹੀ ਮੈਦਾਨ ਹਨ।ਧਾਰੀਦਾਰ ਅਤੇ ਸਮੂਹਕ
ਜ਼ੈਬਰਿਆਂ ਦਾ ਸਾਰੀ ਦਿਹਾੜੀ ਬੱਸ ਇੱਕੋ ਹੀ ਕੰਮ ਹੁੰਦਾ ਹੈ। ਉਹ ਖਾਣੇ ਅਤੇ ਪਾਣੀ ਦੀ ਭਾਲ ਵਿਚ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਰਹਿੰਦੇ ਹਨ। ਖੁੱਲ੍ਹੇ ਮੈਦਾਨਾਂ ਵਿਚ ਚਰਦੇ ਹੋਏ ਜ਼ੈਬਰੇ ਸਾਫ਼ ਅਤੇ ਹੱਟੇ-ਕੱਟੇ ਲੱਗਦੇ ਹਨ ਅਤੇ ਉਨ੍ਹਾਂ ਦੀ ਧਾਰੀਦਾਰ ਖੱਲ ਇਵੇਂ ਲੱਗਦੀ ਹੈ ਜਿਵੇਂ ਉਨ੍ਹਾਂ ਦੇ ਸਰੀਰ ਉੱਤੇ ਕਸ ਕੇ ਖਿੱਚੀ ਹੋਈ ਹੋਵੇ। ਜ਼ੈਬਰੇ ਦੀਆਂ ਧਾਰੀਆਂ ਨਿਰਾਲੀਆਂ ਹਨ ਅਤੇ ਕੁਝ ਲੋਕਾਂ ਅਨੁਸਾਰ ਇਕ ਜ਼ੈਬਰੇ ਦੀਆਂ ਧਾਰੀਆਂ ਕਦੇ ਵੀ ਦੂਜੇ ਜ਼ੈਬਰੇ ਦੀਆਂ ਧਾਰੀਆਂ ਨਾਲ ਨਹੀਂ ਮਿਲਦੀਆਂ। ਉਨ੍ਹਾਂ ਦੀਆਂ ਵਿਸ਼ੇਸ਼ ਕਾਲੀਆਂ ਤੇ ਚਿੱਟੀਆਂ ਧਾਰੀਆਂ ਇਸ ਮੈਦਾਨ ਵਿਚ ਰਹਿਣ ਵਾਲਿਆਂ ਬਾਕੀ ਜਾਨਵਰਾਂ ਤੋਂ ਬਹੁਤ ਹੀ ਅਜੀਬ ਲੱਗਦੀਆਂ ਹਨ। ਪਰ ਉਨ੍ਹਾਂ ਦੀ ਭੋਲੀ ਸ਼ਕਲ ਸੋਹਣੀ ਲੱਗਦੀ ਹੈ। ਜੀ ਹਾਂ, ਉਹ ਸੱਚ-ਮੁੱਚ ਅਫ਼ਰੀਕਾ ਦਾ ਖ਼ਾਸ ਹਿੱਸਾ ਹਨ।
ਜ਼ੈਬਰੇ ਸੁਭਾਵਕ ਤੌਰ ਤੇ ਇਕੱਠੇ ਰਹਿਣ ਵਾਲੇ ਜਾਨਵਰ ਹਨ। ਉਹ ਇਕ-ਦੂਜੇ ਨਾਲ ਉਮਰ-ਭਰ ਲਈ ਰਿਸ਼ਤਾ ਬੰਨ੍ਹ ਸਕਦੇ ਹਨ। ਭਾਵੇਂ ਕਿ ਇਕ ਵੱਡੇ ਝੁੰਡ ਵਿਚ ਹਜ਼ਾਰਾਂ ਹੀ ਜਾਨਵਰ ਹੋ ਸਕਦੇ ਹਨ, ਇਸ ਵਿਚ ਸਾਨ੍ਹ-ਘੋੜਾ ਅਤੇ ਉਸ ਦੀਆਂ ਘੋੜੀਆਂ ਦੇ ਬਣੇ ਹੋਏ ਕਈ ਛੋਟੇ-ਛੋਟੇ ਪਰਿਵਾਰ ਹੁੰਦੇ ਹਨ। ਹਰ ਛੋਟਾ ਜਿਹਾ ਪਰਿਵਾਰ ਆਪੋ ਆਪਣੀ ਜਗ੍ਹਾ ਅਨੁਸਾਰ ਚੱਲਦਾ ਹੈ। ਸਭ ਤੋਂ ਰੋਅਬਦਾਰ ਘੋੜੀ ਫ਼ੈਸਲਾ ਕਰਦੀ ਹੈ ਕਿ ਪਰਿਵਾਰ ਕਿੱਥੇ ਜਾਵੇਗਾ। ਉਹੀ ਅਗਵਾਈ ਕਰਦੀ ਹੈ ਅਤੇ ਦੂਸਰੀਆਂ ਘੋੜੀਆਂ ਅਤੇ ਉਨ੍ਹਾਂ ਦੇ ਵਛੇਰੇ ਆਪੋ-ਆਪਣੀ ਜਗ੍ਹਾ ਅਨੁਸਾਰ ਇੱਕੋ ਲਾਈਨ ਵਿਚ ਉਸ ਦੇ ਮਗਰ-ਮਗਰ ਚੱਲਦੇ ਹਨ। ਪਰ ਅੰਤ ਵਿਚ ਸਾਨ੍ਹ-ਘੋੜੇ ਦਾ ਵੱਸ ਚੱਲਦਾ ਹੈ। ਜੇ ਉਹ ਚਾਹੇ ਕਿ ਪਰਿਵਾਰ ਆਪਣਾ ਰਸਤਾ ਬਦਲੇ ਤਾਂ ਉਹ ਅਗਵਾਈ ਕਰਨ ਵਾਲੀ ਘੋੜੀ ਕੋਲ ਜਾ ਕੇ ਨਵੀਂ ਦਿਸ਼ਾ ਵੱਲ ਧਿਆਨ ਖਿੱਚਣ ਲਈ ਉਸ ਨੂੰ ਹੁੱਝ ਮਾਰੇਗਾ।
ਜ਼ੈਬਰੇ ਆਪਣੀ ਖੱਲ ਨੂੰ ਸਾਫ਼ ਰੱਖਣਾ ਪਸੰਦ ਕਰਦੇ ਹਨ ਅਤੇ ਇਹ ਆਮ ਗੱਲ ਹੈ ਕਿ ਉਹ ਇਕ ਦੂਜੇ ਦੀਆਂ ਵੱਖੀਆਂ, ਮੋਢੇ, ਅਤੇ ਪਿੱਠ ਰਗੜਦੇ ਅਤੇ ਉਨ੍ਹਾਂ ਨੂੰ ਦੰਦੀਆਂ ਵੱਢਦੇ ਹਨ। ਆਪਸ ਵਿਚ ਇਸ ਤਰ੍ਹਾਂ ਕਰਨ ਨਾਲ ਇਕ ਦੂਜੇ ਨਾਲ ਉਨ੍ਹਾਂ ਦੇ ਬੰਧਨ ਹੋਰ ਵੀ ਪੱਕੇ ਹੁੰਦੇ ਹਨ ਅਤੇ ਵਛੇਰੇ ਕੁਝ ਹੀ ਦਿਨਾਂ ਦੇ ਹੁੰਦੇ ਹਨ ਜਦੋਂ ਉਹ ਇਸ ਤਰ੍ਹਾਂ ਕਰਨ ਲੱਗ ਪੈਂਦੇ ਹਨ। ਜੇ ਪਰਿਵਾਰ ਦਾ ਕੋਈ ਮੈਂਬਰ ਇਹ ਕੰਮ ਕਰਨ ਲਈ ਨਹੀਂ ਮਿਲਦਾ, ਤਾਂ ਜ਼ੈਬਰੇ ਧੂੜ ਵਿਚ ਲੇਟ ਕੇ ਜਾਂ ਕਿਸੇ ਦਰਖ਼ਤ, ਭੌਣ, ਜਾਂ ਹੋਰ ਕਿਸੇ ਚੀਜ਼ ਤੇ ਆਪਣਾ ਸਰੀਰ ਰਗੜ ਕੇ ਖਾਰਸ਼ ਤੋਂ ਆਰਾਮ ਪਾਉਂਦੇ ਹਨ।
ਜੀਉਂਦੇ ਰਹਿਣ ਦਾ ਸੰਘਰਸ਼
ਜ਼ੈਬਰਿਆਂ ਦੀ ਜਾਨ ਹਰ ਵੇਲੇ ਖ਼ਤਰੇ ਵਿਚ ਰਹਿੰਦੀ ਹੈ। ਸ਼ੇਰ, ਸ਼ਿਕਾਰੀ ਕੁੱਤੇ, ਲਕੜਬੱਗੇ, ਚੀਤੇ, ਅਤੇ ਮਗਰਮੱਛ ਇਸ 550 ਪੌਂਡ ਵਜ਼ਨ ਵਾਲੇ ਜਾਨਵਰ ਨੂੰ ਚੰਗਾ ਸ਼ਿਕਾਰ ਸਮਝਦੇ ਹਨ। ਜ਼ੈਬਰਾ ਇਕ ਘੰਟੇ ਵਿਚ 35 ਮੀਲ ਦੀ ਦੂਰੀ ਤਕ ਭੱਜ ਸਕਦਾ ਹੈ, ਪਰ ਕਈ ਵਾਰ ਸ਼ਿਕਾਰੀ ਜਾਨਵਰ ਚੋਰੀ-ਚੋਰੀ ਇਨ੍ਹਾਂ ਨੂੰ ਫੜ ਲੈਂਦੇ ਹਨ। ਸ਼ੇਰ ਘਾਤ ਲਾ ਕੇ ਬੈਠਦੇ ਹਨ, ਮਗਰਮੱਛ ਚਿੱਕੜ ਭਰੇ ਪਾਣੀਆਂ ਵਿਚ ਛੁਪਦੇ ਹਨ, ਅਤੇ ਚੀਤੇ ਹਨੇਰੇ ਵਿਚ ਤਾਕ ਰੱਖਦੇ ਹਨ।
ਜ਼ੈਬਰਿਆਂ ਦਾ ਬਚਾਅ ਇਸ ਵਿਚ ਹੈ ਕਿ ਸਾਰਾ ਝੁੰਡ ਸਾਵਧਾਨ ਰਹੇ ਅਤੇ ਏਕਤਾ ਨਾਲ ਕੰਮ ਕਰੇ। ਰਾਤ ਨੂੰ ਜਦ ਜ਼ੈਬਰੇ ਸੌਂਦੇ ਹਨ, ਹਮੇਸ਼ਾ ਕੁਝ ਜਾਗਦੇ ਰਹਿ ਕੇ ਸੁਣਦੇ ਅਤੇ ਨਿਗਰਾਨੀ ਰੱਖਦੇ ਹਨ। ਜੇ ਕੋਈ ਜ਼ੈਬਰਾ ਕਿਸੇ ਸ਼ਿਕਾਰੀ ਜਾਨਵਰ ਨੂੰ ਆਉਂਦਾ ਦੇਖ ਲੈਂਦਾ ਹੈ, ਤਾਂ ਉਹ ਹਿਣਕ ਕੇ ਸਾਰੇ ਝੁੰਡ ਨੂੰ ਜਗਾ ਦਿੰਦਾ ਹੈ। ਕਈ ਵਾਰ ਜਦੋਂ ਇਕ ਜ਼ੈਬਰਾ ਬੀਮਾਰ ਜਾਂ ਬੁੱਢਾ ਹੁੰਦਾ ਹੈ ਅਤੇ ਬਾਕੀਆਂ ਨਾਲ ਜਲਦੀ ਤੁਰ ਨਹੀਂ ਸਕਦਾ ਤਾਂ ਦੂਸਰੇ ਜ਼ੈਬਰੇ
ਜਾਣ-ਬੁੱਝ ਕੇ ਹੌਲੀ-ਹੌਲੀ ਚੱਲਦੇ ਹਨ ਜਾਂ ਉਸ ਦੀ ਉਡੀਕ ਕਰਦੇ ਹਨ। ਜਦੋਂ ਕੋਈ ਖ਼ਤਰਾ ਹੁੰਦਾ ਹੈ ਤਾਂ ਸਾਨ੍ਹ-ਘੋੜਾ ਸ਼ਿਕਾਰੀ ਜਾਨਵਰ ਅਤੇ ਘੋੜੀਆਂ ਦੇ ਵਿਚਾਲੇ ਖੜ੍ਹਾ ਹੋ ਜਾਂਦਾ ਹੈ ਅਤੇ ਉਸ ਨੂੰ ਦੰਦੀਆਂ ਵੱਢਦਾ ਅਤੇ ਠੁੱਡਾਂ ਮਾਰਦਾ ਹੈ। ਇਸ ਤਰ੍ਹਾਂ ਬਾਕੀ ਦੇ ਜ਼ੈਬਰਿਆਂ ਨੂੰ ਬਚ ਨਿਕਲਣ ਦਾ ਸਮਾਂ ਮਿਲਦਾ ਹੈ।ਅਜਿਹੀ ਪਰਿਵਾਰਕ ਏਕਤਾ ਦੀ ਇਕ ਮਿਸਾਲ ਉਸ ਘਟਨਾ ਤੋਂ ਮਿਲਦੀ ਹੈ ਜੋ ਅਫ਼ਰੀਕਾ ਦੇ ਸੇਰਿਨਗੈਟੀ ਮੈਦਾਨ ਤੇ ਵਾਪਰੀ ਸੀ। ਇਸ ਘਟਨਾ ਨੂੰ ਵੌਨ ਲੋਵਿਕ ਹੂਗੋ ਨਾਂ ਦੇ ਜੀਵ-ਵਿਗਿਆਨੀ ਨੇ ਅੱਖੀਂ ਦੇਖਿਆ ਸੀ। ਉਹ ਦੱਸਦਾ ਹੈ ਕਿ ਸ਼ਿਕਾਰੀ ਕੁੱਤਿਆਂ ਦਾ ਇਕ ਝੁੰਡ ਜ਼ੈਬਰਿਆਂ ਦਾ ਪਿੱਛਾ ਕਰਨ ਲੱਗਾ। ਕੁੱਤਿਆਂ ਨੇ ਇਕ ਘੋੜੀ, ਉਸ ਦੇ ਛੋਟੇ ਵਛੇਰੇ, ਅਤੇ ਇਕ ਸਾਲ ਦੇ ਹੋਰ ਵਛੇਰੇ ਨੂੰ ਬਾਕੀ ਦੇ ਝੁੰਡ ਤੋਂ ਜੁਦਾ ਕਰ ਲਿਆ। ਬਾਕੀ ਦੇ ਜ਼ੈਬਰੇ ਜਲਦੀ-ਜਲਦੀ ਦੌੜ ਗਏ ਅਤੇ ਘੋੜੀ ਤੇ ਸਾਲ ਦਾ ਵਛੇਰਾ ਬਹਾਦਰੀ ਨਾਲ ਕੁੱਤਿਆਂ ਨਾਲ ਲੜੇ। ਥੋੜ੍ਹੀ ਦੇਰ ਬਾਅਦ ਕੁੱਤੇ ਹੋਰ ਵੀ ਵਹਿਸ਼ੀ ਬਣ ਗਏ ਅਤੇ ਘੋੜੀ ਅਤੇ ਬੱਚਾ ਥੱਕ ਰਹੇ ਸਨ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਨ੍ਹਾਂ ਦਾ ਅੰਤ ਆ ਗਿਆ ਸੀ। ਵੌਨ ਲੋਵਿਕ ਇਸ ਦ੍ਰਿਸ਼ ਨੂੰ ਯਾਦ ਕਰ ਕੇ ਦੱਸਦਾ ਹੈ: “ਅਚਾਨਕ ਧਰਤੀ ਕੰਬਣ ਲੱਗ ਪਈ ਅਤੇ ਜਦੋਂ ਮੈਂ ਪਿੱਛੇ ਨੂੰ ਦੇਖਿਆ ਮੈਂ ਹੈਰਾਨ ਹੋਇਆ ਕਿ ਦਸ ਜ਼ੈਬਰੇ ਤੇਜ਼ੀ ਨਾਲ ਦੌੜੇ ਆਉਂਦੇ ਸਨ। ਇਕ ਹੀ ਪਲ ਵਿਚ ਇਨ੍ਹਾਂ ਜ਼ੈਬਰਿਆਂ ਨੇ ਘੋੜੀ ਅਤੇ ਉਸ ਦੇ ਦੋ ਵਛੇਰਿਆਂ ਦੇ ਆਲੇ-ਦੁਆਲੇ ਘੇਰਾ ਪਾ ਲਿਆ। ਫਿਰ ਉਨ੍ਹਾਂ ਨੇ ਚੱਕਰ ਕੱਟਿਆ ਅਤੇ ਇਹ ਝੁੰਡ ਉਸ ਤਰਫ਼ ਭੱਜ ਗਿਆ ਜਿੱਥੋਂ ਉਹ ਦਸ ਜ਼ੈਬਰੇ ਆਏ ਸਨ। ਕੁੱਤਿਆਂ ਨੇ 50 ਕੁ ਗਜ਼ ਉਨ੍ਹਾਂ ਦਾ ਪਿੱਛਾ ਕੀਤਾ ਪਰ ਉਹ ਇਕ ਨੂੰ ਜੁਦਾ ਨਹੀਂ ਕਰ ਸਕੇ ਤਾਂ ਉਹ ਹਾਰ ਕੇ ਰੁਕ ਗਏ।”
ਪਰਿਵਾਰ ਦੀ ਪਰਵਰਿਸ਼
ਜ਼ੈਬਰਾ ਘੋੜੀ ਆਪਣੇ ਨਵੇਂ ਜੰਮੇ ਵਛੇਰੇ ਦੀ ਬੜੇ ਧਿਆਨ ਨਾਲ ਰੱਖਿਆ ਕਰਦੀ ਹੈ ਅਤੇ ਪਹਿਲਾਂ-ਪਹਿਲਾਂ ਉਸ ਨੂੰ ਬਾਕੀ ਦੇ ਝੁੰਡ ਤੋਂ ਅਲੱਗ
ਰੱਖਦੀ ਹੈ। ਇਸ ਇਕਾਂਤ ਵਿਚ ਆਪਣੀ ਮਾਂ ਨਾਲ ਵਛੇਰੇ ਦਾ ਬੰਧਨ ਗੂੜ੍ਹਾ ਹੁੰਦਾ ਹੈ। ਵਛੇਰਾ ਆਪਣੀ ਮਾਂ ਦੀਆਂ ਕਾਲੀਆਂ ਤੇ ਚਿੱਟੀਆਂ ਧਾਰੀਆਂ ਦੇ ਰੂਪ ਨੂੰ ਯਾਦ ਰੱਖਦਾ ਹੈ ਜੋ ਬਾਕੀ ਦੇ ਜ਼ੈਬਰਿਆਂ ਤੋਂ ਬਿਲਕੁਲ ਨਿਰਾਲੀਆਂ ਹੁੰਦੀਆਂ ਹਨ। ਇਸ ਤੋਂ ਬਾਅਦ ਉਹ ਆਪਣੀ ਮਾਂ ਦੀ ਆਵਾਜ਼, ਮਹਿਕ, ਅਤੇ ਧਾਰੀਦਾਰ ਰੂਪ ਨੂੰ ਪਛਾਣ ਲਵੇਗਾ ਅਤੇ ਹੋਰ ਕਿਸੇ ਨਾਰੀ ਕੋਲ ਨਹੀਂ ਜਾਵੇਗਾ।ਨਵੇਂ ਜੰਮੇ ਵੱਛਿਆਂ ਦੀਆਂ ਧਾਰੀਆਂ ਉਨ੍ਹਾਂ ਦੇ ਮਾਪਿਆਂ ਵਾਂਗ ਕਾਲੀਆਂ ਤੇ ਚਿੱਟੀਆਂ ਨਹੀਂ ਹੁੰਦੀਆਂ। ਸਗੋਂ ਉਹ ਭੂਰੀਆਂ ਹੁੰਦੀਆਂ ਹਨ ਅਤੇ ਉਹ ਸਿਰਫ਼ ਉਮਰ ਨਾਲ ਕਾਲੀਆਂ ਹੋ ਜਾਂਦੀਆਂ ਹਨ। ਵੱਡਿਆਂ ਝੁੰਡਾਂ ਵਿਚ ਕਈਆਂ ਪਰਿਵਾਰਾਂ ਦੇ ਵਛੇਰੇ ਇਕ ਦੂਜੇ ਨਾਲ ਖੇਡਣ ਲਈ ਇਕੱਠੇ ਹੁੰਦੇ ਹਨ। ਉਹ ਦੌੜਾਂ ਲਾਉਂਦੇ ਹਨ, ਇਕ ਦੂਜੇ ਦੇ ਪਿੱਛੇ ਨੱਠਦੇ ਹਨ, ਠੁੱਡਾਂ ਮਾਰਦੇ ਹਨ, ਅਤੇ ਵੱਡੇ ਜ਼ੈਬਰਿਆਂ ਵਿਚਕਾਰ ਭੱਜਦੇ ਹਨ, ਜੋ ਕਦੀ-ਕਦੀ ਖ਼ੁਦ ਉਨ੍ਹਾਂ ਨਾਲ ਖੇਡਣ ਲੱਗਦੇ ਹਨ। ਜ਼ੈਬਰਿਆਂ ਦੇ ਵਛੇਰੇ ਬਹੁਤ ਸੁੰਦਰ ਹੁੰਦੇ ਹਨ। ਉਨ੍ਹਾਂ ਦੀਆਂ ਲੱਤਾਂ ਲੰਬੀਆਂ ਅਤੇ ਪਤਲੀਆਂ ਹੁੰਦੀਆਂ ਹਨ, ਤਾਂ ਉਹ ਟਪੂਸੀਆਂ ਮਾਰਦੇ ਹੋਏ ਚਿੜੀਆਂ ਅਤੇ ਹੋਰਨਾਂ ਛੋਟਿਆਂ-ਛੋਟਿਆਂ ਜਾਨਵਰਾਂ ਦੇ ਮਗਰ ਦੌੜਦੇ ਹਨ। ਵੱਛਿਆਂ ਦੀਆਂ ਵੱਡੀਆਂ-ਵੱਡੀਆਂ ਕਾਲੀਆਂ ਅੱਖਾਂ ਹੁੰਦੀਆਂ ਹਨ, ਅਤੇ ਉਨ੍ਹਾਂ ਦੀ ਖੱਲ ਚਮਕਦਾਰ ਅਤੇ ਨਰਮ ਹੁੰਦੀ ਹੈ। ਉਨ੍ਹਾਂ ਨੂੰ ਦੇਖ ਕੇ ਦਿਲ ਬਹੁਤ ਖ਼ੁਸ਼ ਹੁੰਦਾ ਹੈ।
ਜੰਗਲੀ ਅਤੇ ਸ਼ਾਨਦਾਰ
ਅੱਜ ਵੀ ਜ਼ੈਬਰਿਆਂ ਦੇ ਵੱਡੇ-ਵੱਡੇ ਝੁੰਡ ਅਫ਼ਰੀਕਾ ਵਿਚ ਘਾਹ ਦੇ ਸੁਨਹਿਰੇ ਮੈਦਾਨਾਂ ਵਿਚ ਪੂਰੀ ਆਜ਼ਾਦੀ ਨਾਲ ਦੌੜਦੇ ਦੇਖੇ ਜਾ ਸਕਦੇ ਹਨ। ਇਹ ਇਕ ਸ਼ਾਨਦਾਰ ਨਜ਼ਾਰਾ ਹੈ।
ਕੌਣ ਇਨਕਾਰ ਕਰ ਸਕਦਾ ਹੈ ਕਿ ਜੰਗਲੀ ਅਤੇ ਆਜ਼ਾਦ, ਕਾਲੀਆਂ ਅਤੇ ਚਿੱਟੀਆਂ ਧਾਰੀਆਂ ਵਾਲਾ ਜ਼ੈਬਰਾ, ਜੋ ਪਰਿਵਾਰ ਵਿਚ ਬਹੁਤ ਹੀ ਵਫ਼ਾਦਾਰ ਹੈ, ਇਕ ਸੁੰਦਰ ਅਤੇ ਸ਼ਾਨਦਾਰ ਜਾਨਵਰ ਹੈ? ਅਜਿਹੇ ਜਾਨਵਰ ਬਾਰੇ ਸਿੱਖ ਕੇ ਸਾਨੂੰ ਇਸ ਸਵਾਲ ਦਾ ਜਵਾਬ ਮਿਲਦਾ ਹੈ ਜੋ ਹਜ਼ਾਰਾਂ ਸਾਲ ਪਹਿਲਾਂ ਪੁੱਛਿਆ ਗਿਆ ਸੀ: “ਕਿਹ ਨੇ ਜੰਗਲੀ ਖੋਤੇ [ਜ਼ੈਬਰੇ] ਨੂੰ ਖੁਲ੍ਹਾ ਛੱਡਿਆ”? (ਅੱਯੂਬ 39:5) ਇਸ ਦਾ ਜਵਾਬ ਹੈ ਯਹੋਵਾਹ ਪਰਮੇਸ਼ੁਰ, ਜੋ ਹਰ ਜੀਵ-ਜੰਤੂ ਦਾ ਬਣਾਉਣ ਵਾਲਾ ਹੈ।
[ਸਫ਼ਾ 14 ਉੱਤੇ ਡੱਬੀ]
ਜ਼ੈਬਰੇ ਧਾਰੀਦਾਰ ਕਿਉਂ ਹਨ?
ਜੋ ਲੋਕ ਨਹੀਂ ਮੰਨਦੇ ਕਿ ਰੱਬ ਨੇ ਸਭ ਕੁਝ ਬਣਾਇਆ ਹੈ ਉਨ੍ਹਾਂ ਲਈ ਇਹ ਸਮਝਾਉਣਾ ਔਖਾ ਹੈ ਕਿ ਜ਼ੈਬਰੇ ਧਾਰੀਦਾਰ ਕਿਉਂ ਹੁੰਦੇ ਹਨ। ਕਈ ਮੰਨਦੇ ਹਨ ਕਿ ਇਹ ਧਾਰੀਆਂ ਸ਼ਾਇਦ ਚੇਤਾਵਨੀ ਦੇਣ ਦਾ ਕੰਮ ਕਰਦੀਆਂ ਹਨ। ਪਰ ਸਬੂਤ ਦਿਖਾਉਂਦਾ ਹੈ ਕਿ ਸ਼ੇਰ ਅਤੇ ਹੋਰ ਵੱਡੇ-ਵੱਡੇ ਸ਼ਿਕਾਰੀ ਜਾਨਵਰ ਜ਼ੈਬਰੇ ਦੀਆਂ ਧਾਰੀਆਂ ਤੋਂ ਬਿਲਕੁਲ ਨਹੀਂ ਡਰਦੇ।
ਦੂਸਰਿਆਂ ਨੇ ਕਿਹਾ ਹੈ ਕਿ ਧਾਰੀਆਂ ਨਰ-ਨਾਰੀ ਵਿਚ ਖਿੱਚ ਪੈਦਾ ਕਰਦੀਆਂ ਹਨ। ਪਰ ਸਾਰਿਆਂ ਜ਼ੈਬਰਿਆਂ ਦੀਆਂ ਧਾਰੀਆਂ ਇੱਕੋ ਜਿਹੀਆਂ ਹੁੰਦੀਆਂ ਹਨ ਅਤੇ ਇਕ ਲਿੰਗ ਲਈ ਖ਼ਾਸ ਨਹੀਂ ਹਨ ਇਸ ਲਈ ਇਹ ਗੱਲ ਸੰਭਵ ਨਹੀਂ ਲੱਗਦੀ।
ਇਕ ਹੋਰ ਖ਼ਿਆਲ ਇਹ ਹੈ ਕਿ ਕਾਲਾ ਅਤੇ ਚਿੱਟਾ ਡੀਜ਼ਾਈਨ ਅਫ਼ਰੀਕਾ ਦੀ ਗਰਮੀ ਮਿਟਾਉਣ ਵਿਚ ਮਦਦ ਦੇਣ ਲਈ ਪੈਦਾ ਹੋਇਆ ਹੈ। ਪਰ ਜੇ ਇਹ ਸੱਚ ਹੈ ਤਾਂ ਦੂਸਰਿਆਂ ਜਾਨਵਰਾਂ ਦੀਆਂ ਇਸ ਤਰ੍ਹਾਂ ਦੀਆਂ ਧਾਰੀਆਂ ਕਿਉਂ ਨਹੀਂ ਹਨ?
ਇਹ ਵੀ ਕਿਹਾ ਗਿਆ ਹੈ ਕਿ ਜ਼ੈਬਰੇ ਨੇ ਆਪਣੇ ਆਪ ਨੂੰ ਖ਼ਤਰੇ ਤੋਂ ਲੁਕਾਉਣ ਲਈ ਧਾਰੀਆਂ ਪੈਦਾ ਕੀਤੀਆਂ ਹਨ। ਵਿਗਿਆਨੀਆਂ ਨੂੰ ਪਤਾ ਲੱਗਾ ਹੈ ਕਿ ਅਫ਼ਰੀਕਾ ਵਿਚ ਜਦੋਂ ਧਰਤੀ ਦੀ ਭੜਾਸ ਉੱਠਦੀ ਹੈ ਤਾਂ ਜ਼ੈਬਰਾ ਠੀਕ ਤਰ੍ਹਾਂ ਨਹੀਂ ਦਿੱਸਦਾ ਅਤੇ ਉਸ ਦਾ ਰੂਪ ਧੁੰਦਲਾ-ਧੁੰਦਲਾ ਲੱਗਦਾ ਹੈ ਜਿਸ ਕਾਰਨ ਉਸ ਨੂੰ ਦੂਰੋਂ ਦੇਖਣਾ ਮੁਸ਼ਕਲ ਹੁੰਦਾ ਹੈ। ਪਰ ਦੂਰੋਂ ਨਾ ਦਿੱਸਣ ਦਾ ਕੋਈ ਫ਼ਾਇਦਾ ਨਹੀਂ ਹੈ ਕਿਉਂਕਿ ਜ਼ੈਬਰਿਆਂ ਦਾ ਮੁੱਖ ਸ਼ਿਕਾਰੀ ਸ਼ੇਰ ਹੈ ਅਤੇ ਉਹ ਉਨ੍ਹਾਂ ਉੱਤੇ ਨੇੜਿਓਂ ਹੀ ਹਮਲਾ ਕਰਦਾ ਹੈ।
ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਭਾਜੜ ਵਿਚ ਬਹੁਤ ਸਾਰੇ ਧਾਰੀਦਾਰ ਸਰੀਰ ਸ਼ਿਕਾਰ ਕਰਨ ਵਾਲਿਆਂ ਸ਼ੇਰਾਂ ਨੂੰ ਉਲਝਣ ਵਿਚ ਪਾ ਦਿੰਦੇ ਹਨ ਅਤੇ ਉਹ ਇਕ ਜ਼ੈਬਰੇ ਉੱਤੇ ਧਿਆਨ ਨਹੀਂ ਦੇ ਸਕਦੇ। ਪਰ ਜੰਗਲੀ ਜਾਨਵਰਾਂ ਦੇ ਅਧਿਐਨ ਦੇ ਅਨੁਸਾਰ ਸੱਚ ਤਾਂ ਇਹ ਹੈ ਕਿ ਸ਼ੇਰ ਜ਼ੈਬਰਿਆਂ ਦਾ ਸ਼ਿਕਾਰ ਕਰਨ ਵਿਚ ਉੱਨੇ ਹੀ ਸਫ਼ਲ ਹਨ ਜਿੰਨੇ ਕਿ ਉਹ ਹੋਰਨਾਂ ਜਾਨਵਰਾਂ ਦਾ ਸ਼ਿਕਾਰ ਕਰਨ ਵਿਚ ਹਨ।
ਇਸ ਸਵਾਲ ਦਾ ਜਵਾਬ ਲੱਭਣਾ ਹੋਰ ਵੀ ਔਖਾ ਹੈ ਕਿਉਂਕਿ ਇਸ ਤਰ੍ਹਾਂ ਲੱਗਦਾ ਹੈ ਕਿ ਜ਼ੈਬਰੇ ਦੀਆਂ ਧਾਰੀਆਂ ਕਦੇ-ਕਦੇ ਉਸ ਦੇ ਨੁਕਸਾਨ ਦਾ ਕਾਰਨ ਵੀ ਬਣ ਸਕਦੀਆਂ ਹਨ। ਚਾਂਦਨੀ ਰਾਤ ਵਿਚ ਜ਼ੈਬਰੇ ਦੀਆਂ ਕਾਲੀਆਂ ਅਤੇ ਚਿੱਟੀਆਂ ਧਾਰੀਆਂ ਕਾਰਨ ਉਹ ਬਾਕੀ ਜਾਨਵਰਾਂ ਨਾਲੋਂ ਹੋਰ ਵੀ ਸਾਫ਼ ਨਜ਼ਰ ਆਉਂਦਾ ਹੈ। ਇਹ ਜ਼ੈਬਰਿਆਂ ਲਈ ਇਕ ਖ਼ਤਰਾ ਪੇਸ਼ ਕਰ ਸਕਦਾ ਹੈ ਇਸ ਲਈ ਕਿ ਸ਼ੇਰ ਆਮ ਤੌਰ ਤੇ ਰਾਤ ਨੂੰ ਸ਼ਿਕਾਰ ਕਰਦੇ ਹਨ।
ਤਾਂ ਫਿਰ ਜ਼ੈਬਰਿਆਂ ਦੀਆਂ ਧਾਰੀਆਂ ਕਿੱਥੋਂ ਆਈਆਂ ਸਨ? ਇਸ ਦਾ ਜਵਾਬ ਬਹੁਤ ਹੀ ਸਿੱਧਾ ਹੈ ਕਿ “ਯਹੋਵਾਹ ਦੇ ਹੱਥ ਨੇ ਏਹ ਕੀਤਾ ਹੈ।” (ਅੱਯੂਬ 12:9) ਜੀ ਹਾਂ, ਸਾਡੇ ਕਰਤਾਰ ਨੇ ਧਰਤੀ ਉੱਤੇ ਰਹਿਣ ਵਾਲੇ ਜੀਵ-ਜੰਤੂਆਂ ਨੂੰ ਖ਼ਾਸ ਵਿਸ਼ੇਸ਼ਤਾਵਾਂ ਅਤੇ ਗੁਣਾਂ ਨਾਲ ਡੀਜ਼ਾਈਨ ਕੀਤਾ ਹੈ ਜੋ ਉਨ੍ਹਾਂ ਨੂੰ ਜ਼ਿੰਦਗੀ ਲਈ ਚੰਗੀ ਤਰ੍ਹਾਂ ਤਿਆਰ ਕਰਦੇ ਹਨ, ਭਾਵੇਂ ਇਨਸਾਨ ਇਨ੍ਹਾਂ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕਦੇ। ਜੀਉਂਦੀਆਂ ਚੀਜ਼ਾਂ ਦੇ ਅਨੋਖੇ ਡੀਜ਼ਾਈਨਾਂ ਦਾ ਇਕ ਹੋਰ ਵੀ ਕਾਰਨ ਹੈ। ਇਨ੍ਹਾਂ ਨੂੰ ਦੇਖ ਕੇ ਇਨਸਾਨ ਬਹੁਤ ਖ਼ੁਸ਼ ਹੁੰਦੇ ਹਨ। ਵਾਕਈ ਸ੍ਰਿਸ਼ਟੀ ਦੀ ਸੁੰਦਰਤਾ ਕਾਰਨ ਕਈ ਲੋਕ ਦਾਊਦ ਦੀ ਤਰ੍ਹਾਂ ਮਹਿਸੂਸ ਕਰਦੇ ਹਨ: “ਹੇ ਯਹੋਵਾਹ, ਤੇਰੇ ਕੰਮ ਕੇਡੇ ਢੇਰ ਸਾਰੇ ਹਨ! ਤੈਂ ਇਨ੍ਹਾਂ ਸਾਰਿਆਂ ਨੂੰ ਬੁੱਧੀ ਨਾਲ ਸਾਜਿਆ ਹੈ, ਧਰਤੀ ਤੇਰੀਆਂ ਰਚਨਾਂ ਨਾਲ ਭਰੀ ਹੋਈ ਹੈ!”—ਜ਼ਬੂਰ 104:24.