ਨੌਕਰੀ ਤੇ ਕਿਹੜੇ ਖ਼ਤਰੇ ਹਨ
ਨੌਕਰੀ ਤੇ ਕਿਹੜੇ ਖ਼ਤਰੇ ਹਨ
“ਮੋਟਰ-ਗੱਡੀਆਂ ਦੇ ਹਾਦਸਿਆਂ ਵਿਚ ਮਰਨ ਵਾਲਿਆਂ ਲੋਕਾਂ ਨਾਲੋਂ ਜ਼ਿਆਦਾ ਲੋਕ ਆਪਣੀਆਂ ਨੌਕਰੀਆਂ ਤੇ ਮਰਦੇ ਹਨ।” ਆਸਟ੍ਰੇਲੀਆ ਵਿਚ ਨਿਊ ਸਾਉਥ ਵੇਲਜ਼ ਦੀ ਵਰਕਕਵਰ ਨਾਂ ਦੀ ਸੁਰੱਖਿਆ ਸੰਸਥਾ ਨੇ ਇਕ ਇਸ਼ਤਿਹਾਰ ਵਜੋਂ ਇਨ੍ਹਾਂ ਸ਼ਬਦਾਂ ਨੂੰ ਮੋਟੇ-ਮੋਟੇ ਅੱਖਰਾਂ ਵਿਚ ਵਰਤਿਆ।
ਲੇਕਿਨ ਨੌਕਰੀਆਂ ਤੇ ਜਾਨਲੇਵਾ ਹਾਦਸੇ ਹੀ ਨਹੀਂ ਹੁੰਦੇ। ਹਰ ਸਾਲ ਲੱਖਾਂ ਹੀ ਲੋਕਾਂ ਨੂੰ ਆਪਣੀਆਂ ਨੌਕਰੀਆਂ ਤੇ ਗੰਭੀਰ ਸੱਟਾਂ ਲੱਗਦੀਆਂ ਹਨ, ਅਤੇ ਉਹ ਸ਼ਾਇਦ ਅਜਿਹੇ ਨੁਕਸਾਨ ਵੀ ਸਹਿੰਦੇ ਹਨ ਜੋ ਉਨ੍ਹਾਂ ਦੀਆਂ ਜ਼ਿੰਦਗੀਆਂ ਬਦਲ ਦਿੰਦੇ ਹਨ। ਖ਼ਤਰਨਾਕ ਪਦਾਰਥਾਂ ਨਾਲ ਕੰਮ ਕਰਨ ਕਰਕੇ ਵੀ ਕਈਆਂ ਲੋਕਾਂ ਦੀ ਮੌਤ ਹੋ ਜਾਂਦੀ ਹੈ। ਕਈਆਂ ਉੱਤੇ ਕੰਮ ਤੇ ਇੰਨਾ ਬੋਝ ਪੈਂਦਾ ਹੈ ਕਿ ਉਹ ਛੋਟੀ ਉਮਰ ਵਿਚ ਹੀ ਮਰ ਜਾਂਦੇ ਹਨ।
ਕੰਮ-ਸੰਬੰਧੀ ਮੌਤਾਂ ਅਤੇ ਗੰਭੀਰ ਸੱਟਾਂ ਉਦਯੋਗ ਅਤੇ ਵਪਾਰ ਦੇ ਤਕਰੀਬਨ ਹਰੇਕ ਭਾਗ ਦਾ ਹਿੱਸਾ ਹਨ। ਇਸ ਲਈ ਇਹ ਸਵਾਲ ਪੁੱਛਣੇ ਉਚਿਤ ਹਨ ਕਿ ਤੁਸੀਂ ਆਪਣੀ ਨੌਕਰੀ ਤੇ ਕਿੰਨੇ ਕੁ ਸੁਰੱਖਿਅਤ ਹੋ? ਤੁਹਾਡੀ ਨੌਕਰੀ ਤੇ ਕਿਹੜੀਆਂ ਗੱਲਾਂ ਤੁਹਾਡੀ ਸਿਹਤ ਜਾਂ ਜਾਨ ਨੂੰ ਖ਼ਤਰੇ ਵਿਚ ਪਾ ਸਕਦੀਆਂ ਹਨ?
ਦਬਾਅ-ਭਰਿਆ ਮਾਹੌਲ
ਅਕਸਰ ਕਾਮਿਆਂ ਉੱਤੇ ਵੱਧ ਤੋਂ ਵੱਧ ਕੰਮ ਕਰਨ ਦੀ ਆਸ ਰੱਖੀ ਜਾਂਦੀ ਹੈ ਜਿਸ ਕਰਕੇ ਉਨ੍ਹਾਂ ਤੇ ਬਹੁਤ ਸਾਰਾ ਦਬਾਅ ਪੈਂਦਾ ਹੈ। ਜਪਾਨ ਵਿਚ ਜ਼ਿਆਦਾ ਕੰਮ ਕਰਨ ਕਰਕੇ ਹੋਣ ਵਾਲੀ ਮੌਤ ਨੂੰ ਕਾਰੋਸ਼ੀ ਸੱਦਿਆ ਜਾਂਦਾ ਹੈ। ਇਹ ਸ਼ਬਦ ਪਹਿਲਾਂ ਉਦੋਂ ਵਰਤਿਆ ਗਿਆ ਸੀ ਜਦੋਂ ਕੁਝ ਲੋਕਾਂ ਨੇ ਆਪਣੇ ਰਿਸ਼ਤੇਦਾਰਾਂ ਦੀ ਮੌਤ ਤੋਂ ਬਾਅਦ ਹਰਜਾਨਾ ਪਾਉਣ ਲਈ ਕਲੇਮ ਦਰਜ ਕੀਤੇ ਸਨ। ਕੁਝ ਸਾਲ ਪਹਿਲਾਂ ਜਪਾਨ ਦੇ ਇਕ ਸਰਵੇਖਣ ਅਨੁਸਾਰ 40 ਫੀ ਸਦੀ ਲੋਕ ਹੱਦੋਂ ਵੱਧ ਕੰਮ ਕਰਨ ਕਰਕੇ ਆਪਣੀ ਜਾਨ ਗੁਆਉਣ ਤੋਂ ਡਰਦੇ ਸਨ। ਅਜਿਹੇ ਕਲੇਮਾਂ ਨਾਲ ਕੰਮ ਕਰਨ ਵਾਲੇ ਇਕ ਵਕੀਲ ਨੇ ਅੰਦਾਜ਼ਾ ਲਗਾਇਆ ਕਿ “ਹਰੇਕ ਸਾਲ ਜਪਾਨ ਵਿਚ ਘੱਟ ਤੋਂ ਘੱਟ 30,000 ਲੋਕ ਕਾਰੋਸ਼ੀ ਦੇ ਸ਼ਿਕਾਰ ਬਣਦੇ ਹਨ।”
ਜਪਾਨ ਦੀ ਪੁਲਸ ਅਨੁਸਾਰ 50 ਤੋਂ 59 ਸਾਲਾਂ ਦੀ ਉਮਰ ਦੇ ਲੋਕਾਂ ਵਿਚਕਾਰ ਆਤਮ-ਹੱਤਿਆ ਦੀ ਵਧਦੀ ਗਿਣਤੀ ਦਾ ਮੁੱਖ ਕਾਰਨ ਸ਼ਾਇਦ ਨੌਕਰੀ-ਸੰਬੰਧੀ ਸਮੱਸਿਆਵਾਂ ਹਨ। ਹਿੰਸਾ ਭੜਕਾਉਣ ਵਾਲਾ ਕੰਮ-ਸਥਾਨ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਦੇ ਅਨੁਸਾਰ ਇਕ ਅਦਾਲਤ ਨੇ ਇਕ ਮਾਲਕ ਨੂੰ ਆਪਣੇ ਕਾਮੇ ਦੀ ਆਤਮ-ਹੱਤਿਆ ਲਈ ਜ਼ਿੰਮੇਵਾਰ ਠਹਿਰਾਇਆ ਕਿਉਂਕਿ ਉਹ ਨੌਕਰੀ-ਸੰਬੰਧੀ ਚਿੰਤਾਵਾਂ ਕਾਰਨ ਬੋਝ ਹੇਠ ਦੱਬਿਆ ਹੋਇਆ ਸੀ।
ਆਸਟ੍ਰੇਲੀਆ ਦਾ ਅਖ਼ਬਾਰ ਦ ਕੈਨਬਰਾ ਟਾਈਮਜ਼ ਕਹਿੰਦਾ ਹੈ ਕਿ ‘ਅਮਰੀਕੀ ਲੋਕ ਸੰਸਾਰ ਭਰ ਵਿਚ ਸਭ ਤੋਂ ਜ਼ਿਆਦਾ ਘੰਟੇ ਕੰਮ ਕਰਨ ਵਿਚ ਜਪਾਨੀ ਲੋਕਾਂ ਨਾਲੋਂ ਵੀ ਅੱਗੇ ਨਿਕਲ ਗਏ ਹਨ।’ ਇਸ ਲਈ, ਖ਼ਬਰਾਂ ਦੇ ਅਜਿਹੇ ਸਿਰਲੇਖ ਛਪਦੇ ਹਨ ਜਿਵੇਂ ਕਿ “ਨੌਕਰੀਆਂ ਤੇ ਲੰਬਿਆਂ ਘੰਟਿਆਂ ਕਾਰਨ ਮੌਤਾਂ।” ਇਨ੍ਹਾਂ ਖ਼ਬਰਾਂ ਵਿਚ ਕੰਮ ਕਰਨ ਵਾਲਿਆਂ, ਜਿਵੇਂ ਕਿ ਐਂਬੂਲੈਂਸ ਡ੍ਰਾਈਵਰਾਂ, ਜਹਾਜ਼ ਚਲਾਉਣ ਵਾਲਿਆਂ, ਉਸਾਰੀਏ, ਟ੍ਰਾਂਸਪੋਰਟ ਦਾ ਕੰਮ ਕਰਨ ਵਾਲਿਆਂ, ਅਤੇ ਰਾਤ ਨੂੰ ਕੰਮ ਕਰਨ ਵਾਲਿਆਂ, ਦੀਆਂ ਕਹਾਣੀਆਂ ਹਨ ਜੋ ਥਕਾਵਟ ਕਾਰਨ ਕੰਮ ਤੇ ਮਰ ਗਏ ਸਨ।
ਜਦੋਂ ਕੰਪਨੀਆਂ ਆਪਣੇ ਨਫ਼ੇ ਲਈ ਹੀ ਤਬਦੀਲੀਆਂ ਕਰਦੀਆਂ ਅਤੇ ਕਾਮਿਆਂ ਦੀ ਗਿਣਤੀ ਘਟਾ ਦਿੰਦੀਆਂ ਹਨ ਤਾਂ ਬਾਕੀ ਦੇ ਕਾਮਿਆਂ ਉੱਤੇ ਜ਼ਿਆਦਾ ਬੋਝ ਪੈ ਜਾਂਦਾ ਹੈ। ਦ ਬ੍ਰਿਟਿਸ਼ ਮੈਡੀਕਲ ਜਰਨਲ ਰਿਪੋਰਟ ਕਰਦਾ ਹੈ ਕਿ ਕਾਮਿਆਂ ਦੀ ਗਿਣਤੀ ਘਟਾਉਣ ਕਾਰਨ ਬਾਕੀ ਦੇ ਕਾਮਿਆਂ ਦੀ ਸਿਹਤ ਉੱਤੇ ਬੁਰਾ ਅਸਰ ਪੈਂਦਾ ਹੈ।
ਨੌਕਰੀਆਂ ਤੇ ਹਿੰਸਾ
ਥੱਕੇ-ਟੁੱਟੇ ਅਤੇ ਦਬਾਅ ਹੇਠਾਂ ਦੱਬੇ ਹੋਏ ਮਜ਼ਦੂਰ ਸਿਰਫ਼ ਆਪਣੇ ਆਪ ਲਈ ਹੀ ਖ਼ਤਰਾ ਨਹੀਂ ਹੁੰਦੇ। ਬਰਤਾਨੀਆ ਵਿਚ ਇਕ ਸਰਵੇਖਣ ਨੇ ਦਿਖਾਇਆ ਕਿ ਦਫ਼ਤਰਾਂ ਵਿਚ ਕੰਮ ਕਰਨ ਵਾਲੇ ਕਈ ਲੋਕ ਤਕਰੀਬਨ ਸਾਰਾ ਦਿਨ ਆਪਣੇ ਸੰਗੀ ਕਾਮਿਆਂ ਨਾਲ ਖਿਝੇ ਰਹਿੰਦੇ ਹਨ ਅਤੇ ਅਜਿਹਾ ਵੈਰਭਾਵ ਅਕਸਰ ਹਿੰਸਾ ਵਿਚ ਬਦਲ ਜਾਂਦਾ ਹੈ।
ਬਿਜ਼ਨਿਸ ਵੀਕ ਰਸਾਲੇ ਅਨੁਸਾਰ “ਹਰ ਹਫ਼ਤੇ ਲਗਭਗ 15 ਅਮਰੀਕੀ ਲੋਕਾਂ ਦਾ ਆਪਣੀ ਨੌਕਰੀ ਤੇ ਕਤਲ ਹੁੰਦਾ ਹੈ।” ਹਾਵਰਡ ਬਿਜ਼ਨਿਸ ਰਿਵਿਊ ਅਨੁਸਾਰ “ਕੋਈ ਵੀ ਮੈਨੇਜਰ ਆਪਣੇ ਕੰਮ ਤੇ ਹੁੰਦੀ ਹਿੰਸਾ ਬਾਰੇ ਗੱਲ ਕਰਨੀ ਪਸੰਦ ਨਹੀਂ ਕਰਦਾ। ਪਰ ਅਸਲੀਅਤ ਤਾਂ ਇਹ ਹੈ ਕਿ ਹਰ ਸਾਲ ਸੈਂਕੜੇ ਕਾਮੇ ਆਪਣੇ ਸੰਗੀ ਕਾਮਿਆਂ ਉੱਤੇ ਹਮਲਾ ਕਰਦੇ ਹਨ ਜਾਂ ਉਨ੍ਹਾਂ ਦਾ ਕਤਲ ਵੀ ਕਰ ਦਿੰਦੇ ਹਨ।”
ਦੂਸਰੇ ਪਾਸੇ, ਕਈਆਂ ਲੋਕਾਂ ਨੂੰ ਕੰਮ ਤੇ ਆਪਣੇ ਗਾਹਕਾਂ, ਜਾਂ ਉਨ੍ਹਾਂ ਵੱਲੋਂ ਹਿੰਸਾ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਜਿਨ੍ਹਾਂ ਦੀ ਉਹ ਸੇਵਾ ਕਰਦੇ ਹਨ। ਆਸਟ੍ਰੇਲੀਆ ਵਿਚ ਅਪਰਾਧ ਬਾਰੇ ਇਕ ਰਿਪੋਰਟ ਨੇ ਦੱਸਿਆ ਕਿ ਕੁਝ ਡਾਕਟਰ ਹਿੰਸਕ ਹਮਲਿਆਂ ਤੋਂ ਇੰਨਾ ਡਰਦੇ ਹਨ ਕਿ ਉਹ ਮਰੀਜ਼ਾਂ ਨੂੰ ਘਰ ਮਿਲਣ ਜਾਂਦੇ ਸਮੇਂ ਕਿਸੇ ਰਖਵਾਲੇ ਨੂੰ ਆਪਣੇ ਨਾਲ ਲੈ ਕੇ ਜਾਂਦੇ ਹਨ। ਪੁਲਸ ਅਫ਼ਸਰਾਂ ਅਤੇ ਸਕੂਲ ਦੇ ਅਧਿਆਪਕਾਂ ਨੂੰ ਵੀ ਇਸ ਤਰ੍ਹਾਂ ਦੇ ਖ਼ਤਰੇ ਹਨ।
ਨੌਕਰੀਆਂ ਤੇ ਦੂਸਰੇ ਲੋਕਾਂ ਨੂੰ ਬੁਰਾ-ਭਲਾ ਕਹਿਣਾ ਇਕ ਹੋਰ ਤਰ੍ਹਾਂ ਦੀ ਹਿੰਸਾ ਹੈ। ਅੰਤਰਰਾਸ਼ਟਰੀ ਮਜ਼ਦੂਰੀ ਸੰਗਠਨ ਇਸ ਤਰ੍ਹਾਂ ਦੇ ਸਲੂਕ ਨੂੰ ਮਾਨਸਿਕ ਹਿੰਸਾ ਸੱਦਦਾ ਹੈ। ਇਸ ਤਰ੍ਹਾਂ ਦੀ ਬਦਸਲੂਕੀ ਦਾ ਮੁੱਖ ਹਿੱਸਾ ਹੈ ਧੱਕੇਸ਼ਾਹੀ ਕਰਨੀ।
ਅਮਰੀਕਾ ਵਿਚ ਮਿਨੀਸੋਟਾ ਦੀ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਰੌਬਰਟ ਐੱਲ. ਵਨਿੰਗਾ ਨੇ ਰਿਪੋਰਟ ਦਿੱਤੀ ਕਿ “ਦਬਾਅ ਅਤੇ ਉਸ ਕਰਕੇ ਸ਼ੁਰੂ ਹੁੰਦੀਆਂ ਬੀਮਾਰੀਆਂ ਦਾ ਅਸਰ ਧਰਤੀ ਭਰ ਵਿਚ ਕਾਮਿਆਂ ਉੱਤੇ ਪੈਂਦਾ ਹੈ। ਉਸ ਨੇ ਕਿਹਾ ਕਿ “ਸੰਯੁਕਤ ਰਾਸ਼ਟਰ-ਸੰਘ ਦੇ ਅੰਤਰਰਾਸ਼ਟਰੀ ਮਜ਼ਦੂਰੀ ਸੰਗਠਨ ਦੀ 1993 ਦੀ ਸੰਸਾਰ ਦੀ ਮਜ਼ਦੂਰੀ ਰਿਪੋਰਟ ਅਨੁਸਾਰ ਤਣਾਅ ਦੇ ਵਧਣ ਦਾ ਮੁੱਖ ਕਾਰਨ ਹੈ ਅਜਿਹੀ ਨੌਕਰੀ ਜਿੱਥੇ ਲੋਕ ਰੁੱਖੇ-ਰੁੱਖੇ ਹਨ, ਜਿੱਥੇ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਹਨ, ਅਤੇ ਜਿੱਥੇ ਅਕਸਰ ਵੈਰ-ਭਰਿਆ ਮਾਹੌਲ ਹੁੰਦਾ ਹੈ।”
ਤਾਂ ਫਿਰ ਸਵਾਲ ਇਹ ਹੈ ਕਿ ਨੌਕਰੀਆਂ ਸੁਰੱਖਿਅਤ ਬਣਾਉਣ ਲਈ ਮਾਲਕ ਅਤੇ ਕਾਮੇ ਕੀ ਕਰ ਸਕਦੇ ਹਨ? ਇਸ ਗੱਲ ਦੀ ਚਰਚਾ ਅਗਲੇ ਲੇਖ ਵਿਚ ਕੀਤੀ ਜਾਵੇਗੀ।