Skip to content

Skip to table of contents

ਬੁਢਾਪੇ ਬਾਰੇ ਬਦਲ ਰਹੇ ਵਿਚਾਰ

ਬੁਢਾਪੇ ਬਾਰੇ ਬਦਲ ਰਹੇ ਵਿਚਾਰ

ਬੁਢਾਪੇ ਬਾਰੇ ਬਦਲ ਰਹੇ ਵਿਚਾਰ

ਅਸੀਂ ਕਿਸ ਉਮਰ ਤੇ ਬੁੱਢੇ ਹੁੰਦੇ ਹਾਂ? ਇਸ ਦਾ ਜਵਾਬ ਉਸ ਵਿਅਕਤੀ ਉੱਤੇ ਨਿਰਭਰ ਕਰਦਾ ਹੈ ਜਿਸ ਨੂੰ ਤੁਸੀਂ ਇਹ ਸਵਾਲ ਪੁੱਛਦੇ ਹੋ। ਕਿਸ਼ੋਰ ਤਾਂ 25 ਸਾਲਾਂ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਬੁੱਢੇ ਸਮਝਦੇ ਹਨ।

ਦੂਜੇ ਪਾਸੇ ਓਪੇਰਾ ਦੇ ਗਾਇਕ ਆਪਣੀ ਸਿਖਰ ਤੇ ਇਸ ਤੋਂ ਬਹੁਤ ਸਾਲ ਬਾਅਦ ਪਹੁੰਚਦੇ ਹਨ। ਆਸਟ੍ਰੇਲੀਆ ਦੇ ਅਖ਼ਬਾਰ ਦੀ ਇਕ ਰਿਪੋਰਟ ਨੇ ਉਨ੍ਹਾਂ ਲੋਕਾਂ ਬਾਰੇ ਜੋ ਨੌਕਰੀ ਵਿਚ ਕਾਮਯਾਬ ਹੋਣਾ ਚਾਹੁੰਦੇ ਹਨ ਇਹ ਕਿਹਾ: “ਅੱਜ ਸੱਚਾਈ ਇਹ ਹੈ ਕਿ ਜੇ ਤੁਸੀਂ 40 ਸਾਲਾਂ ਦੀ ਉਮਰ ਤਕ ਕਾਮਯਾਬੀ ਨਹੀਂ ਪਾਈ ਤਾਂ ਤੁਸੀਂ ਕਦੀ ਵੀ ਨਹੀਂ ਪਾਓਗੇ।”

ਆਮ ਗ਼ਲਤਫ਼ਹਿਮੀਆਂ

ਕੁਝ ਲੋਕ ਸ਼ਾਇਦ ਸੋਚਣ ਕਿ ਬਜ਼ੁਰਗ ਲੋਕਾਂ ਦੇ ਜ਼ਿਆਦਾ ਸੱਟਾਂ ਲੱਗਦੀਆਂ ਹਨ, ਸਿੱਖਣ ਵਿਚ ਉਹ ਧੀਮੇ ਹਨ, ਅਤੇ ਉਨ੍ਹਾਂ ਦੀ ਸਿਹਤ ਵਿਗੜਦੀ ਰਹਿੰਦੀ ਹੈ। ਕੀ ਇਸ ਤਰ੍ਹਾਂ ਸੋਚਣਾ ਠੀਕ ਹੈ? ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਪੂਰੇ ਯੂਰਪ ਵਿਚ “ਮੋਟਰ-ਗੱਡੀਆਂ ਦੇ ਹਾਦਸਿਆਂ ਕਾਰਨ ਤਿੰਨ ਮੌਤਾਂ ਵਿੱਚੋਂ ਇਕ ਮੌਤ 25 ਸਾਲਾਂ ਤੋਂ ਘੱਟ ਉਮਰ ਦੇ ਨੌਜਵਾਨ ਦੀ ਹੁੰਦੀ ਹੈ।” ਇਸ ਤੋਂ ਇਲਾਵਾ 30 ਤੋਂ 40 ਸਾਲਾਂ ਦੀ ਉਮਰ ਦੇ ਲੋਕਾਂ ਦੀ ਸਿਹਤ ਸਭ ਤੋਂ ਜ਼ਿਆਦਾ ਵਿਗੜਦੀ ਹੈ, ਅਤੇ ਇਸ ਗੱਲ ਦਾ ਵੀ ਕੋਈ ਸਬੂਤ ਨਹੀਂ ਕਿ ਤੰਦਰੁਸਤ ਵਿਅਕਤੀ ਦੀ ਦਿਮਾਗ਼ੀ ਯੋਗਤਾ ਉਮਰ ਨਾਲ ਘੱਟਦੀ ਹੈ।

ਉਸ ਦਾਅਵੇ ਬਾਰੇ ਕੀ ਕਿ ਸਿਆਣੇ ਲੋਕ ਬੀਮਾਰ ਰਹਿੰਦੇ ਹਨ? ਅੰਗ੍ਰੇਜ਼ੀ ਵਿਚ ਲਿਖਿਆ ਗਿਆ ਆਸਟ੍ਰੇਲੀਆ ਦਾ ਡਾਕਟਰੀ ਜਰਨਲ ਕਹਿੰਦਾ ਹੈ ਕਿ “ਇਹ ਇਕ ਵੱਡੀ ਗ਼ਲਤਫ਼ਹਿਮੀ ਹੈ ਕਿ ਉਮਰ ਵਧਣ ਦੇ ਨਾਲ-ਨਾਲ ਲੋਕ ਬੀਮਾਰ ਹੁੰਦੇ ਹਨ।” ਸੱਚ ਤਾਂ ਇਹ ਹੈ ਕਿ ਕਈਆਂ ਸਿਆਣਿਆਂ ਲੋਕਾਂ ਦੀ ਸਿਹਤ ਠੀਕ ਹੈ ਅਤੇ ਉਹ ਆਪਣੇ ਆਪ ਨੂੰ ਬੁੱਢੇ ਨਹੀਂ ਸਮਝਦੇ। ਕੁਝ ਲੋਕ ਅਮਰੀਕਾ ਦੇ ਸਿਆਸਤਦਾਨ ਬਰਨਾਰਡ ਬਾਰੁਕ ਨਾਲ ਸਹਿਮਤ ਹਨ ਜਿਸ ਨੇ ਕਿਹਾ: “ਮੇਰੇ ਖ਼ਿਆਲ ਵਿਚ ਬੁੱਢੇ ਲੋਕ ਮੇਰੇ ਨਾਲੋਂ ਹਮੇਸ਼ਾ 15 ਸਾਲ ਵੱਡੇ ਹੁੰਦੇ ਹਨ।”

ਤਾਂ ਫਿਰ ਬਜ਼ੁਰਗ ਲੋਕਾਂ ਨਾਲ ਬੁਰਾ ਸਲੂਕ ਅਤੇ ਪੱਖਪਾਤ ਕਿਉਂ ਕੀਤਾ ਜਾਂਦਾ ਹੈ? ਇਸ ਦਾ ਜਵਾਬ ਖ਼ਾਸ ਕਰਕੇ ਬੁਢਾਪੇ ਬਾਰੇ ਲੋਕਾਂ ਦੇ ਵਿਚਾਰਾਂ ਉੱਤੇ ਆਧਾਰਿਤ ਹੈ।

ਬੁਢਾਪੇ ਬਾਰੇ ਵਿਚਾਰ

ਦ ਨਿਊਯਾਰਕ ਟਾਈਮਜ਼ ਮਾਗਾਜ਼ੀਨ ਦੇ ਇਕ ਲਿਖਾਰੀ ਨੇ ਕਿਹਾ ਕਿ “ਅਮਰੀਕੀ ਲੋਕ ਨੌਜਵਾਨਾਂ ਨੂੰ ਸਭ ਕੁਝ ਸਮਝਦੇ ਹਨ ਅਤੇ ਬੁੱਢੇ ਲੋਕਾਂ ਨੂੰ ਮੀਡੀਆ ਦੀਆਂ ਨਜ਼ਰਾਂ ਵਿਚ ਗ਼ਲਤ ਪੇਸ਼ ਕਰਦੇ ਹਨ।” ਉਸ ਨੇ ਅੱਗੇ ਕਿਹਾ ਕਿ “ਬਿਰਧ ਲੋਕਾਂ ਨੂੰ ਟੈਲੀਵਿਯਨ, ਰੇਡੀਓ, ਅਤੇ ਅਖ਼ਬਾਰਾਂ ਵਿਚ ਬਹੁਤ ਘੱਟ ਨੌਕਰੀਆਂ ਦਿੱਤੀਆਂ ਜਾਂਦੀਆਂ ਹਨ।” ਇਹ ਸ਼ਾਇਦ ਇਸ ਗੱਲ ਨੂੰ ਸਮਝਣ ਵਿਚ ਸਾਡੀ ਮਦਦ ਕਰੇ ਜੋ ਦ ਯੂਨੈਸਕੋ ਕੋਰੀਅਰ ਵਿਚ ਬਿਆਨ ਕੀਤੀ ਗਈ ਸੀ: ‘ਸਮਾਜ ਨੇ ਪਹਿਲਾਂ ਕਦੀ ਵੀ ਆਪਣੇ ਸਭ ਤੋਂ ਬਜ਼ੁਰਗ ਮੈਂਬਰਾਂ ਲਈ ਇੰਨਾ ਕੁਝ ਨਹੀਂ ਕੀਤਾ। ਬਿਰਧ ਲੋਕਾਂ ਨੂੰ ਸਿਹਤ-ਸੰਬੰਧੀ ਦੇਖ-ਭਾਲ ਅਤੇ ਸਰਕਾਰ ਵੱਲੋਂ ਪੈਸੇ ਮਿਲਦੇ ਹਨ, ਪਰ ਫਿਰ ਵੀ ਉਨ੍ਹਾਂ ਬਾਰੇ ਸਮਾਜ ਦਾ ਵਿਚਾਰ ਬਹੁਤ ਹੀ ਗ਼ਲਤ ਹੈ।’

ਡਾਕਟਰ ਵੀ ਇਸ ਪੱਖਪਾਤ ਤੋਂ ਮੁਕਤ ਨਹੀਂ ਹਨ। ਆਸਟ੍ਰੇਲੀਆ ਦੇ ਡਾਕਟਰੀ ਜਰਨਲ ਅਨੁਸਾਰ ‘ਆਮ ਜਨਤਾ ਦੀ ਤਰ੍ਹਾਂ ਕਈ ਡਾਕਟਰ ਮੰਨਦੇ ਹਨ ਕਿ 65 ਸਾਲਾਂ ਤੋਂ ਵੱਧ ਉਮਰ ਦੇ ਲੋਕਾਂ ਨੂੰ ਬੀਮਾਰੀਆਂ ਤੋਂ ਬਚਾਇਆ ਨਹੀਂ ਜਾ ਸਕਦਾ। ਇਸ ਬੁਰੇ ਰਵੱਈਏ ਕਾਰਨ ਸਿਆਣਿਆਂ ਲੋਕਾਂ ਨੂੰ ਮਹੱਤਵਪੂਰਣ ਰੀਸਰਚ ਵਿਚ ਸ਼ਾਮਲ ਨਹੀਂ ਕੀਤਾ ਜਾਂਦਾ।’

ਇਸੇ ਰਸਾਲੇ ਨੇ ਇਹ ਵੀ ਕਿਹਾ: “ਬਜ਼ੁਰਗ ਲੋਕਾਂ ਬਾਰੇ ਗ਼ਲਤ ਵਿਚਾਰ ਅਤੇ ਉਨ੍ਹਾਂ ਨੂੰ ‘ਬੁੱਢੇ’ ਕਹਿਣਾ, ਉਨ੍ਹਾਂ ਦੀ ਸਿਹਤ ਦੀ ਚੰਗੀ ਤਰ੍ਹਾਂ ਦੇਖ-ਭਾਲ ਨਾ ਕਰਨ ਦਾ ਇਕ ਬਹਾਨਾ ਬਣ ਸਕਦਾ ਹੈ। ਨਿਗਾਹ ਘੱਟਣ ਜਾਂ ਘੱਟ ਸੁਣਾਈ ਦੇਣ ਵਰਗੀਆਂ ਸਿਹਤ ਦੀਆਂ ਆਮ ਪਰ ਛੋਟੀਆਂ ਮੁਸੀਬਤਾਂ ਬਾਰੇ ਕੁਝ ਨਹੀਂ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਉਮਰ ਵਧਣ ਦਾ ਹਿੱਸਾ ਸਮਝਿਆ ਜਾਂਦਾ ਹੈ। . . . ਸਿਹਤ ਦੀ ਚੰਗੀ ਅਤੇ ਪੂਰੀ ਦੇਖ-ਭਾਲ ਕਰਨ ਲਈ ਬਜ਼ੁਰਗ ਲੋਕਾਂ ਬਾਰੇ ਇਹ ਵਿਚਾਰ ਬਦਲਣਾ ਬਹੁਤ ਜ਼ਰੂਰੀ ਹੈ।”

ਇਕ ਬਰਤਾਨਵੀ ਡਾਕਟਰੀ ਰਸਾਲੇ ਨੇ ਸਲਾਹ ਦਿੱਤੀ ਕਿ “ਘੱਟੋ-ਘੱਟ ਅਮੀਰ ਦੇਸ਼ਾਂ ਵਿਚ ਰਿਵਾਜ ਅਨੁਸਾਰ ਬੁਢਾਪੇ ਬਾਰੇ ਲੋਕਾਂ ਦੇ ਵਿਚਾਰ ਬਦਲਣ ਦਾ ਸਮਾਂ ਸ਼ਾਇਦ ਆ ਗਿਆ ਹੈ।” ਇਹ ਤਬਦੀਲੀ ਕਿਉਂ ਜ਼ਰੂਰੀ ਹੈ? ਰਸਾਲੇ ਨੇ ਅੱਗੇ ਕਿਹਾ: ‘ਬੁਢਾਪੇ ਦਾ ਅਰਥ ਬਦਲ ਕੇ ਸ਼ਾਇਦ ਉਹ ਨਿਰਾਸ਼ਾ, ਭਵਿੱਖ ਬਾਰੇ ਬੁਰੇ ਨਤੀਜਿਆਂ ਦਾ ਖ਼ਿਆਲ, ਅਤੇ ਇਹ ਗ਼ਲਤ ਵਿਚਾਰ ਦੂਰ ਕੀਤੇ ਜਾਣ ਕਿ ਸਿਹਤ-ਸੰਬੰਧੀ ਦੇਖ-ਭਾਲ ਦੇ ਥੋੜ੍ਹੇ-ਬਹੁਤੇ ਪ੍ਰਬੰਧ ਖ਼ਾਸ ਕਰਕੇ ਬਜ਼ੁਰਗ ਲੋਕਾਂ ਦੀ ਵਧਦੀ ਗਿਣਤੀ ਲਈ ਵਰਤੇ ਜਾ ਰਹੇ ਹਨ।’

ਬਜ਼ੁਰਗ ਲੋਕਾਂ ਦੀ ਵੱਧ ਰਹੀ ਗਿਣਤੀ

ਸੱਚ ਤਾਂ ਇਹ ਹੈ ਕਿ ਬਜ਼ੁਰਗ ਲੋਕਾਂ ਦੀ ਗਿਣਤੀ ਵੱਧ ਚੁੱਕੀ ਹੈ ਅਤੇ ਹੋਰ ਵੀ ਵੱਧ ਰਹੀ ਹੈ। ਦ ਯੂਨੈਸਕੋ ਕੋਰੀਅਰ ਦੀ ਇਕ ਰਿਪੋਰਟ ਅਨੁਸਾਰ “ਸੰਸਾਰ ਭਰ ਵਿਚ 65 ਸਾਲਾਂ ਅਤੇ ਇਸ ਤੋਂ ਜ਼ਿਆਦਾ ਉਮਰ ਦਿਆਂ ਲੋਕਾਂ ਦੀ ਗਿਣਤੀ 1955 ਅਤੇ 2025 ਦੇ ਸਾਲਾਂ ਵਿਚਕਾਰ ਚਾਰ ਗੁਣਾ ਵੱਧ ਜਾਵੇਗੀ, ਅਤੇ ਆਬਾਦੀ ਦੀ ਕੁੱਲ ਗਿਣਤੀ ਵਿੱਚੋਂ ਉਨ੍ਹਾਂ ਦੀ ਗਿਣਤੀ ਦੁਗਣੀ ਹੋ ਜਾਵੇਗੀ।”

ਭਾਰਤ ਵਿਚ ਬਜ਼ੁਰਗ ਲੋਕਾਂ ਦੀ ਗਿਣਤੀ ਪਹਿਲਾਂ ਹੀ ਫਰਾਂਸ ਦੀ ਕੁੱਲ ਆਬਾਦੀ ਨਾਲੋਂ ਵੱਡੀ ਹੈ। ਅਤੇ ਕਿਹਾ ਗਿਆ ਹੈ ਕਿ ਅਮਰੀਕਾ ਵਿਚ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦਿਆਂ 18 ਸਾਲਾਂ ਦੇ ਵਿਚ ਪੈਦਾ ਹੋਣ ਵਾਲੇ 7 ਕਰੋੜ, 60 ਲੱਖ ਲੋਕ ਆਉਣ ਵਾਲੇ ਪੰਜਾਹਾਂ ਸਾਲਾਂ ਦੌਰਾਨ ਰਿਟਾਇਰ ਹੋਣਗੇ। ਜਦ ਕਿ ਬਜ਼ੁਰਗ ਲੋਕਾਂ ਦੀ ਵੱਧ ਰਹੀ ਗਿਣਤੀ ਕਈਆਂ ਵਿਗਿਆਨੀਆਂ ਅਤੇ ਸਹਿਤ-ਸੰਭਾਲ ਕਰਨ ਵਾਲਿਆਂ ਵਿਚ ਚਿੰਤਾ ਪੈਦਾ ਕਰ ਰਹੀ ਹੈ, ਇਹ ਸਾਨੂੰ ਬੁਢਾਪੇ ਬਾਰੇ ਸਾਡੇ ਵਿਚਾਰਾਂ ਨੂੰ ਬਦਲਣ ਲਈ ਵੀ ਪ੍ਰੇਰਿਤ ਕਰਦੀ ਹੈ।

ਕਹਾਣੀ ਦੁਬਾਰਾ ਲਿਖੋ

ਕੁਝ ਲੋਕ ਸ਼ਾਇਦ ਜ਼ਿੰਦਗੀ ਨੂੰ ਤਿੰਨ ਹਿੱਸਿਆਂ ਦੇ ਨਾਟਕ ਨਾਲ ਦਰਸਾਉਣ। ਪਹਿਲੇ ਹਿੱਸੇ ਵਿਚ ਜਵਾਨੀ ਦਾ ਜੋਸ਼ ਅਤੇ ਪੜ੍ਹਾਈ-ਲਿਖਾਈ ਦੀ ਆਸ ਰੱਖੀ ਜਾਂਦੀ ਹੈ। ਫਿਰ ਦੂਜੇ ਹਿੱਸੇ ਵਿਚ ਇਨਸਾਨ ਪਰਿਵਾਰ ਅਤੇ ਨੌਕਰੀ ਕਰਨ ਦੀ ਭਾਰੀ ਜ਼ਿੰਮੇਵਾਰੀ ਨਿਭਾਉਂਦਾ ਹੈ। ਪਰ ਤੀਜੇ ਹਿੱਸੇ ਵਿਚ ਉਮੀਦ ਰੱਖੀ ਜਾਂਦੀ ਹੈ ਕਿ ਉਹ ਰਿਟਾਇਰ ਹੋ ਕੇ ਸਟੇਜ ਦੇ ਇਕ ਪਾਸੇ ਕੁਰਸੀ ਤੇ ਬੈਠਣ ਅਤੇ ਮਾਯੂਸੀ ਨਾਲ ਆਖ਼ਰੀ ਪਰਦੇ ਦੇ ਡਿੱਗਣ ਦੀ ਉਡੀਕ ਕਰਨ।

ਲੇਕਿਨ, ਹੋਰ ਕਾਰਨਾਂ ਦੇ ਨਾਲ-ਨਾਲ 20ਵੀਂ ਸਦੀ ਦੌਰਾਨ ਸਿਹਤ-ਸੰਭਾਲ ਅਤੇ ਸਫ਼ਾਈ ਦੀ ਤਰੱਕੀ ਕਾਰਨ ਨਾਟਕ ਦੇ “ਤੀਜੇ ਹਿੱਸੇ” ਵਿਚ ਇਨਸਾਨ ਸਟੇਜ ਦੇ ਇਕ ਪਾਸੇ ਬੈਠ ਕੇ ਕੁਝ 25 ਸਾਲ ਜ਼ਿਆਦਾ ਜੀਉਂਦੇ ਰਹਿੰਦੇ ਹਨ। ਕਈ ਲੋਕ ਇਹ ਨਹੀਂ ਚਾਹੁੰਦੇ ਕਿ ਉਹ ਰਿਟਾਇਰ ਹੋ ਕੇ ਵਿਹਲੇ ਬੈਠੇ ਰਹਿਣ। ਆਪਣੇ ਕੰਮਾਂ-ਕਾਰਾਂ ਵਿਚ ਲੱਗੇ ਰਹਿਣ ਵਾਲੇ ਬਜ਼ੁਰਗ ਲੋਕਾਂ ਦੀ ਵੱਧ ਰਹੀ ਗਿਣਤੀ ਮੰਗ ਕਰ ਰਹੀ ਹੈ ਕਿ ਕਹਾਣੀ ਦੁਬਾਰਾ ਲਿਖੀ ਜਾਵੇ।

ਬਿਰਧ ਲੋਕ ਚੰਗਾ ਪ੍ਰਭਾਵ ਪਾਉਂਦੇ ਹਨ

ਇਹ ਆਮ ਵਿਚਾਰ ਕਿ ਬਹੁਤ ਸਾਰੇ ਬਜ਼ੁਰਗ ਲੋਕ ਦੂਸਰਿਆਂ ਦੇ ਸਹਾਰੇ ਜੀਉਂਦੇ ਹਨ ਸੱਚ ਨਹੀਂ ਹੈ। ਦ ਨਿਊਯਾਰਕ ਟਾਈਮਜ਼ ਮਾਗਾਜ਼ੀਨ ਨੇ ਰਿਪੋਰਟ ਕੀਤਾ ਕਿ ਅਮਰੀਕਾ ਵਿਚ ‘ਬਹੁਤ ਸਾਰੇ ਬਿਰਧ ਲੋਕ ਖ਼ੁਦ ਆਪਣੀ ਦੇਖ-ਭਾਲ ਕਰ ਸਕਦੇ ਹਨ, ਉਨ੍ਹਾਂ ਕੋਲ ਜਵਾਨ ਵਿਆਹੇ ਜੋੜਿਆਂ ਨਾਲੋਂ ਜ਼ਿਆਦਾ ਪੈਸੇ ਹਨ, ਅਤੇ ਸਮਾਜ-ਵਿਗਿਆਨੀ ਕਹਿੰਦੇ ਹਨ ਕਿ ਉਹ ਇਕ ਦੌਲਤਮੰਦ ਅਤੇ ਸ਼ਕਤੀਸ਼ਾਲੀ ਸਮੂਹ ਵਜੋਂ ਅੱਗੇ ਵੱਧ ਰਹੇ ਹਨ।’ ਅਮਰੀਕਾ ਵਿਚ ਨੋਰਥਵੇਸਟਨ ਯੂਨੀਵਰਸਿਟੀ ਦੇ ਇਕ ਪ੍ਰੋਫ਼ੈਸਰ ਨੇ ਇਸ ਬਾਰੇ ਇਹ ਕਿਹਾ: “ਚੀਜ਼ਾਂ ਵੇਚਣ ਅਤੇ ਉਨ੍ਹਾਂ ਦੀ ਮਸ਼ਹੂਰੀ ਕਰਨ ਵਾਲੇ ਲੋਕ ਬਹੁਤ ਜਲਦੀ ਸਮਝਣਗੇ ਕਿ ਉਨ੍ਹਾਂ ਨੂੰ 55 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਅਮੀਰ ਵਿਅਕਤੀਆਂ ਨੂੰ ਆਪਣਾ ਨਿਸ਼ਾਨਾ ਬਣਾਉਣ ਦੀ ਲੋੜ ਹੈ।”

ਸਮਾਜ ਵਿਚ ਵੱਡੀ ਉਮਰ ਦੇ ਲੋਕਾਂ ਦਾ ਸਿਰਫ਼ ਇਹ ਫ਼ਾਇਦਾ ਨਹੀਂ ਕਿ ਉਨ੍ਹਾਂ ਕੋਲ ਪੈਸੇ ਹਨ। ਸਿਡਨੀ ਦੇ ਇਕ ਅਖ਼ਬਾਰ ਨੇ ਧਿਆਨ ਦਿੱਤਾ ਕਿ ਆਸਟ੍ਰੇਲੀਆ ਵਿਚ “ਜਦੋਂ ਦੋਵੇਂ ਮਾਪੇ ਨੌਕਰੀ ਕਰਦੇ ਹਨ ਤਾਂ ਬੱਚਿਆਂ ਦੀ 50 ਫੀ ਸਦੀ ਦੇਖ-ਭਾਲ ਨਾਨੀਆਂ-ਦਾਦੀਆਂ ਕਰਦੀਆਂ ਹਨ। ਨੌਕਰੀ ਕਰਨ ਵਾਲੀਆਂ ਔਰਤਾਂ ਦੇ ਤੀਜੇ ਹਿੱਸੇ ਵਿਚ ਨਾਨੀ ਜਾਂ ਦਾਦੀ ਉਨ੍ਹਾਂ ਦੇ ਬੱਚਿਆਂ ਦੀ ਦੇਖ-ਭਾਲ ਕਰਦੀ ਹੈ।”

ਫਰਾਂਸ ਦੇ ਟ੍ਰਵਾ ਸ਼ਹਿਰ ਵਰਗੇ ਥਾਵਾਂ ਵਿਚ ਬਜ਼ੁਰਗ ਲੋਕਾਂ ਦੀ ਬੁੱਧ ਦੀ ਬਹੁਤ ਕਦਰ ਕੀਤੀ ਜਾਂਦੀ ਹੈ। ਇਸ ਬੁੱਧ ਦਾ ਫ਼ਾਇਦਾ ਉਠਾਉਣ ਲਈ ਬਜ਼ੁਰਗ ਲੋਕਾਂ ਨੂੰ ਸਕੂਲ ਤੋਂ ਬਾਅਦ ਬੱਚਿਆਂ ਨੂੰ ਲੱਕੜੀ, ਕੱਚ, ਪੱਥਰ, ਉਸਾਰੀ, ਅਤੇ ਨਲਸਾਜ਼ੀ ਦਾ ਕੰਮ ਸਿਖਾਉਣ ਲਈ ਵਰਤਿਆ ਜਾ ਰਿਹਾ ਹੈ। ਸਿੱਖਿਆ ਦੇਣ ਤੋਂ ਇਲਾਵਾ ਬਹੁਤ ਸਾਰੇ ਬਜ਼ੁਰਗ ਆਪ ਸਕੂਲ ਜਾ ਕੇ ਕਈਆਂ ਤਰ੍ਹਾਂ ਦੇ ਕੰਮ ਸਿੱਖ ਰਹੇ ਹਨ।

ਜਨਵਰੀ 1999 ਦੇ ਦ ਯੂਨੈਸਕੋ ਕੋਰੀਅਰ ਅਨੁਸਾਰ ‘ਪੈਰਿਸ ਵਿਚ ਬਜ਼ੁਰਗ ਲੋਕਾਂ ਲਈ ਯੂਨੀਵਰਸਿਟੀਆਂ ਦੀ ਅੰਤਰਰਾਸ਼ਟਰੀ ਐਸੋਸੀਏਸ਼ਨ’ ਨੇ ਕਿਹਾ ਕਿ “ਬਜ਼ੁਰਗਾਂ ਲਈ ਸੰਸਾਰ ਭਰ ਵਿਚ 1,700 ਯੂਨੀਵਰਸਿਟੀਆਂ ਹਨ।” ਇਨ੍ਹਾਂ ਯੂਨੀਵਰਸਿਟੀਆਂ ਬਾਰੇ ਇਸ ਰਸਾਲੇ ਨੇ ਅੱਗੇ ਰਿਪੋਰਟ ਕੀਤਾ: “ਭਾਵੇਂ ਕਿ ਇਨ੍ਹਾਂ ਦਾ ਪ੍ਰਬੰਧ ਅਤੇ ਚਲਾਉਣ ਦਾ ਢੰਗ ਹਰੇਕ ਮੁਲਕ ਵਿਚ ਵੱਖੋ-ਵੱਖਰਾ ਹੈ, ਬਜ਼ੁਰਗਾਂ ਲਈ ਯੂਨੀਵਰਸਿਟੀਆਂ ਦਾ ਟੀਚਾ ਇਹ ਹੈ ਕਿ ਸਮਾਜਕ ਅਤੇ ਸਭਿਆਚਾਰਕ ਕੰਮਾਂ ਵਿਚ ਵੱਡਾ ਹਿੱਸਾ ਲੈਣ ਵਾਸਤੇ ਬਜ਼ੁਰਗਾਂ ਦੀ ਮਦਦ ਕੀਤੀ ਜਾਵੇ।” ਜਪਾਨ ਦੀ ਅਜਿਹੀ ਇਕ ਯੂਨੀਵਰਸਿਟੀ ਵਿਚ 2,500 ਵਿਦਿਆਰਥੀ ਸਨ!

ਵਿਸ਼ਵ ਸਿਹਤ ਸੰਗਠਨ ਦੇ ਉਮਰ ਅਤੇ ਸਿਹਤ ਦੇ ਪ੍ਰੋਗ੍ਰਾਮ ਦੇ ਮੁੱਖ ਸੰਚਾਲਕ ਨੇ ਕਿਹਾ: “ਬਜ਼ੁਰਗ ਆਪਣੇ ਪਰਿਵਾਰਾਂ ਅਤੇ ਸਮਾਜ ਵਿਚ ਕਾਫ਼ੀ ਕੁਝ ਕਰ ਸਕਦੇ ਹਨ, ਪਰ ਇਸ ਨੂੰ ਮਾਪਣਾ ਮੁਸ਼ਕਲ ਹੈ ਕਿਉਂਕਿ ਹਰੇਕ ਕੰਮ ਨੂੰ ਗਿਣ ਕੇ ਨਹੀਂ ਦੱਸਿਆ ਜਾਂਦਾ।” ਉਸ ਦਾ ਕਹਿਣਾ ਹੈ ਕਿ ‘ਦੇਸ਼ਾਂ ਨੂੰ ਸਿਆਣਿਆਂ ਲੋਕਾਂ ਨੂੰ ਇਕ ਮੁਸੀਬਤ ਵਜੋਂ ਨਹੀਂ ਸਗੋਂ ਇਕ ਹੱਲ ਵਜੋਂ ਵਿਚਾਰਨਾ ਚਾਹੀਦਾ ਹੈ। ਸਭ ਤੋਂ ਵੱਧ ਉਨ੍ਹਾਂ ਨੂੰ ਇਕ ਸਹਾਇਕ ਵਜੋਂ ਵਿਚਾਰ ਕੇ ਵਰਤਿਆ ਜਾਣਾ ਚਾਹੀਦਾ ਹੈ।’

ਦੂਸਰਿਆਂ ਦੇ ਵਿਚਾਰ ਅਤੇ ਪੱਖਪਾਤ, ਅਤੇ ਜ਼ਿੰਦਗੀ ਬਾਰੇ ਇਨਸਾਨ ਦਾ ਆਪਣਾ ਰਵੱਈਆ ਬੁਢਾਪੇ ਦਾ ਆਨੰਦ ਲੈਣ ਉੱਤੇ ਕਾਫ਼ੀ ਅਸਰ ਪਾ ਸਕਦੇ ਹਨ। ਤੁਸੀਂ ਮਾਨਸਿਕ ਅਤੇ ਸਰੀਰਕ ਤੌਰ ਤੇ ਵਿਅਸਤ ਰਹਿਣ ਲਈ ਕੀ ਕਰ ਸਕਦੇ ਹੋ ਭਾਵੇਂ ਕਿ ਤੁਹਾਡਾ ਸਰੀਰ ਬੁੱਢਾ ਹੁੰਦਾ ਜਾ ਰਿਹਾ ਹੈ? ਕਿਰਪਾ ਕਰ ਕੇ 12ਵੇਂ ਅਤੇ 13ਵੇਂ ਸਫ਼ਿਆਂ ਉੱਤੇ ਡੱਬੀ ਪੜ੍ਹੋ ਅਤੇ ਇਸ ਵੱਲ ਧਿਆਨ ਦਿਓ ਕਿ ਕੁਝ ਬਜ਼ੁਰਗ ਲੋਕ ਵਿਅਸਤ ਰਹਿਣ ਅਤੇ ਜ਼ਿੰਦਗੀ ਦਾ ਮਜ਼ਾ ਲੈਣ ਬਾਰੇ ਕੀ ਕਹਿੰਦੇ ਹਨ।

ਕੰਮ-ਕਾਰ ਕਰਦੇ ਰਹਿਣ ਦੀ ਕੋਸ਼ਿਸ਼ ਕਰੋ

ਤੁਸੀਂ ਦੇਖਿਆ ਹੋਵੇਗਾ ਕਿ ਇਨ੍ਹਾਂ ਸਾਰਿਆਂ ਬਜ਼ੁਰਗਾਂ ਬਾਰੇ ਇਕ ਗੱਲ ਸੱਚ ਹੈ ਕਿ ਉਹ ਨੌਕਰੀ ਜਾਂ ਹੋਰ ਕੰਮ ਲਗਾਤਾਰ ਕਰਦੇ ਰਹੇ ਹਨ। ਇਸ ਦੇ ਨਾਲ-ਨਾਲ ਉਹ ਨਿਯਮਿਤ ਤੌਰ ਤੇ ਕਸਰਤ ਵੀ ਕਰਦੇ ਹਨ, ਹਰ ਉਮਰ ਦੇ ਲੋਕਾਂ ਵਿਚ ਦਿਲਚਸਪੀ ਲੈਂਦੇ ਹਨ, ਅਤੇ ਆਪਣੀਆਂ ਰੂਹਾਨੀ ਲੋੜਾਂ ਪੂਰੀਆਂ ਕਰਦੇ ਹਨ। ਤੁਸੀਂ ਸ਼ਾਇਦ ਗੌਰ ਕੀਤਾ ਹੋਵੇ ਕਿ ਜ਼ਿੰਦਗੀ ਨੂੰ ਖ਼ੁਸ਼ ਅਤੇ ਵਿਅਸਤ ਰੱਖਣ ਲਈ ਇਹ ਸਲਾਹ ਸਿਰਫ਼ ਸਿਆਣਿਆਂ ਲਈ ਹੀ ਨਹੀਂ ਪਰ ਸਾਰਿਆਂ ਦੇ ਫ਼ਾਇਦੇ ਲਈ ਹੈ।

ਸੱਚ ਤਾਂ ਇਹ ਹੈ ਕਿ ਇਸ ਲੇਖ ਨੂੰ ਪੜ੍ਹਦੇ ਹੋਏ ਵੀ ਤੁਹਾਡੀ ਉਮਰ ਵੱਧ ਰਹੀ ਹੈ। (ਉਪਦੇਸ਼ਕ ਦੀ ਪੋਥੀ 12:1) ਪਰ ਬੁੱਧੀਮਤਾ ਦੀ ਗੱਲ ਹੋਵੇਗੀ ਜੇ ਤੁਸੀਂ ਇਸ ਗੱਲ ਵੱਲ ਧਿਆਨ ਦਿਓ ਜੋ ਵਿਸ਼ਵ ਸਿਹਤ ਸੰਗਠਨ ਦੇ ਸੂਚਨਾ-ਪੱਤਰ ਵਿਚ ਲਿਖੀ ਗਈ ਸੀ: “ਠੀਕ ਜਿਵੇਂ ਚੰਗੀ ਸਿਹਤ ਕਰਕੇ ਅਸੀਂ ਕੰਮ ਕਰ ਸਕਦੇ ਹਾਂ, ਤਾਂ ਕੰਮ ਵਿਚ ਰੁੱਝੇ ਰਹਿਣ ਨਾਲ ਸਾਡੀ ਸਿਹਤ ਵੀ ਚੰਗੀ ਰਹੇਗੀ।”

[ਸਫ਼ੇ 20, 21 ਉੱਤੇ ਡੱਬੀ/​ਤਸਵੀਰਾਂ]

ਉਹ ਵਿਅਸਤ ਰਹਿੰਦੇ ਅਤੇ ਜ਼ਿੰਦਗੀ ਦਾ ਮਜ਼ਾ ਲੈਂਦੇ ਹਨ

ਦੱਖਣੀ ਅਫ਼ਰੀਕਾ: 77 ਸਾਲਾਂ ਦਾ ਪੀਟ ਵੰਟਸਲ ਪੂਰਣ-ਕਾਲੀ ਵਾਲੰਟੀਅਰ ਹੈ।

“ਮੈਨੂੰ ਪਤਾ ਹੈ ਕਿ ਤੰਦਰੁਸਤ ਰਹਿਣ ਲਈ ਲਗਾਤਾਰ ਕਸਰਤ ਕਰਨੀ ਜ਼ਰੂਰੀ ਹੈ। ਪਿਛਲੇ ਕਈਆਂ ਸਾਲਾਂ ਤੋਂ ਮੈਂ ਆਪਣੇ ਛੋਟੇ ਜਿਹੇ ਬਾਗ਼ ਵਿਚ ਕੰਮ ਕਰਦਾ ਆਇਆ ਹਾਂ। ਅਜਿਹੇ ਕੰਮ ਕਰਨ ਤੋਂ ਬਾਅਦ ਮੇਰਾ ਮਿਜ਼ਾਜ ਬਦਲ ਜਾਂਦਾ ਹੈ। ਜਦੋਂ ਕੰਮ ਕਰਨ ਨੂੰ ਮੇਰਾ ਜੀਅ ਨਹੀਂ ਕਰਦਾ, ਮੈਂ ਇਸ ਗੱਲ ਨੂੰ ਯਾਦ ਕਰਦਾ ਹਾਂ ਕਿ ‘ਟਾਲ-ਮਟੋਲ ਕਰਨਾ ਸਮੇਂ ਦਾ ਚੋਰ ਹੈ ਅਤੇ ਢਿੱਲ-ਮੱਠ ਉਸ ਦਾ ਜੋੜੀਦਾਰ ਹੈ।’”

[ਤਸਵੀਰ]

“ਮੈਂ ਜਾਣਦਾ ਹਾਂ ਕਿ ਲਗਾਤਾਰ ਕਸਰਤ ਕਰਨੀ ਜ਼ਰੂਰੀ ਹੈ।”​—ਪੀਟ

ਜਪਾਨ: 73 ਸਾਲਾਂ ਦਾ ਯੋਸ਼ੀਹਾਰੁ ਸ਼ੀਓਜ਼ਾਕੀ ਜਾਇਦਾਦ ਵੇਚਣ ਦਾ ਕੰਮ ਕਰਦਾ ਹੈ।

“ਮੈਨੂੰ ਕਮਰ-ਦਰਦ, ਬਲੱਡ-ਪ੍ਰੈਸ਼ਰ, ਅਤੇ ਕੰਨਾਂ ਵਿਚ ਨੁਕਸ ਕਰਕੇ ਚਕਰਾਉਣ ਦੀ ਤਕਲੀਫ਼ ਰਹਿੰਦੀ ਹੈ। ਹਫ਼ਤੇ ਵਿਚ ਚਾਰ ਦਿਨ ਮੈਂ ਘਰੋਂ ਸਾਈਕਲ ਉੱਤੇ ਦਫ਼ਤਰ ਨੂੰ ਜਾਂਦਾ ਹਾਂ, ਹਰ ਗੇੜਾ 7 ਮੀਲ ਲੰਬਾ ਹੈ। ਇਹ ਮੇਰੇ ਲਈ ਚੰਗੀ ਕਸਰਤ ਹੈ ਕਿਉਂਕਿ ਇਸ ਨਾਲ ਮੇਰੀ ਕਮਰ ਉੱਤੇ ਬੋਝ ਨਹੀਂ ਪੈਂਦਾ ਅਤੇ ਮੇਰੀਆਂ ਲੱਤਾਂ ਵੀ ਮਜ਼ਬੂਤ ਬਣਦੀਆਂ ਹਨ। ਮੈਂ ਆਪਣੇ ਗੁਆਂਢੀਆਂ ਅਤੇ ਦੂਸਰਿਆਂ ਨਾਲ ਸ਼ਾਂਤੀ ਰੱਖਣ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਜਤਨ ਕਰਦਾ ਹਾਂ ਕਿ ਦੂਸਰਿਆਂ ਦੀਆਂ ਕਮੀਆਂ ਅਤੇ ਗ਼ਲਤੀਆਂ ਉੱਤੇ ਧਿਆਨ ਨਾ ਦੇਵਾਂ। ਮੈਂ ਇਹ ਸਿੱਖਿਆ ਹੈ ਕਿ ਨੁਕਸ ਕੱਢਣ ਦੀ ਬਜਾਇ ਲੋਕਾਂ ਉੱਤੇ ਉਤਸ਼ਾਹ ਦਾ ਚੰਗਾ ਪ੍ਰਭਾਵ ਪੈਂਦਾ ਹੈ।”

[ਤਸਵੀਰ]

“ਮੈਂ ਜਤਨ ਕਰਦਾ ਹਾਂ ਕਿ ਦੂਸਰਿਆਂ ਦੀਆਂ ਕਮੀਆਂ ਉੱਤੇ ਧਿਆਨ ਨਾ ਦੇਵਾਂ।”​—ਯੋਸ਼ੀਹਾਰੁ

◼ ਫਰਾਂਸ: 84 ਸਾਲਾਂ ਦੀ ਲੇਔਨ ਸ਼ਲੌਨੀ ਪੂਰਣ-ਕਾਲੀ ਪ੍ਰਚਾਰਕ ਹੈ।

“ਜਦੋਂ ਮੈਂ 1982 ਵਿਚ ਰਿਟਾਇਰ ਹੋਈ ਇਹ ਮੇਰੇ ਲਈ ਔਖਾ ਸੀ ਕਿਉਂਕਿ ਮੈਨੂੰ ਵਾਲ-ਸ਼ਿੰਗਾਰਨ ਦਾ ਕੰਮ ਬਹੁਤ ਪਸੰਦ ਸੀ। ਮੇਰੀਆਂ ਕੋਈ ਖ਼ਾਸ ਜ਼ਿੰਮੇਵਾਰੀਆਂ ਨਹੀਂ ਸਨ, ਇਸ ਲਈ ਮੈਂ ਆਪਣਾ ਪੂਰਾ ਸਮਾਂ ਪ੍ਰਚਾਰ ਕਰਨ ਵਿਚ ਲਾਉਣ ਦਾ ਫ਼ੈਸਲਾ ਕੀਤਾ। ਮੈਂ ਕਈਆਂ ਲੋਕਾਂ ਨੂੰ ਬਾਈਬਲ ਬਾਰੇ ਸਿਖਾ ਰਹੀ ਹਾਂ ਜਿਸ ਕਰਕੇ ਮੇਰਾ ਮਨ ਤੇਜ਼ ਰਹਿੰਦਾ ਹੈ। ਮੇਰੇ ਕੋਲ ਕਾਰ ਨਹੀਂ ਹੈ, ਸੋ ਮੈਨੂੰ ਪੈਦਲ ਚੱਲਣ ਦੀ ਆਦਤ ਪੈ ਗਈ ਹੈ। ਇਸ ਨਾਲ ਮੈਂ ਤੰਦਰੁਸਤ ਰਹਿੰਦੀ ਹਾਂ।”

[ਤਸਵੀਰ]

“ਕਈਆਂ ਲੋਕਾਂ ਨੂੰ ਬਾਈਬਲ ਬਾਰੇ ਸਿਖਾਉਣ ਕਰਕੇ ਮੇਰਾ ਮਨ ਤੇਜ਼ ਰਹਿੰਦਾ ਹੈ।”​—ਲੇਔਨ

ਬ੍ਰਾਜ਼ੀਲ: 78 ਸਾਲਾਂ ਦਾ ਫਰਾਂਸਿਸਕੋ ਲਾਪਾਸਟਿਨਾ ਪੂਰਣ-ਕਾਲੀ ਵਾਲੰਟੀਅਰ ਹੈ।

“ਜਦੋਂ ਕੋਈ ਜਣਾ ਮੈਨੂੰ ਬੁਲਾਉਂਦਾ ਨਹੀਂ ਤਾਂ ਮੈਂ ਗੁੱਸੇ ਨਹੀਂ ਹੁੰਦਾ। ਹੋ ਸਕਦਾ ਹੈ ਕਿ ਉਹ ਕਿਸੇ ਬੋਝ ਜਾਂ ਮੁਸ਼ਕਲ ਦਾ ਸਾਮ੍ਹਣਾ ਕਰਦਾ ਹੋਵੇ। ਅਜਿਹਾ ਸਾਰਿਆਂ ਦੇ ਨਾਲ ਹੁੰਦਾ ਹੈ। ਮੈਂ ਨਾਰਾਜ਼ ਹੋਣ ਦੀ ਬਜਾਇ ਯਾਦ ਰੱਖਦਾ ਹਾਂ ਕਿ ਲੋਕਾਂ ਨੂੰ ਮੈਨੂੰ ਬਰਦਾਸ਼ਤ ਕਰਨਾ ਪੈਂਦਾ ਹੈ। ਇਸ ਕਰਕੇ ਮੇਰੇ ਕਈ ਪੱਕੇ ਦੋਸਤ ਹਨ।”

[ਤਸਵੀਰ]

“ਮੈਂ ਕੋਸ਼ਿਸ਼ ਕਰਦਾ ਹਾਂ ਕਿ ਮੈਂ ਰੋਸ ਨਾ ਕਰਾਂ।”​—ਫਰਾਂਸਿਸਕੋ

ਆਸਟ੍ਰੇਲੀਆ: 77 ਸਾਲਾਂ ਦਾ ਡੋਨ ਮੈਕਲੇਨ ਅਜੇ ਹਫ਼ਤੇ ਵਿਚ 40 ਘੰਟੇ ਕੰਮ ਕਰਦਾ ਹੈ।

“ਦਿਲ ਦੇ ਓਪਰੇਸ਼ਨ ਤੋਂ ਚਾਰ ਸਾਲ ਬਾਅਦ ਮੇਰੀ ਸਿਹਤ ਹਾਲੇ ਵੀ ਵਧੀਆ ਹੈ। ਮੈਂ ਇਸ ਤਰ੍ਹਾਂ ਨਹੀਂ ਸਮਝਿਆ ਕਿ ਇਸ ਓਪਰੇਸ਼ਨ ਨੇ ਮੈਨੂੰ ਹਮੇਸ਼ਾ ਲਈ ਅਪਾਹਜ ਬਣਾ ਦਿੱਤਾ। ਮੈਂ ਪਹਿਲਾਂ ਵਾਂਗ ਹਰ ਰੋਜ਼ ਸੈਰ ਕਰਨ ਜਾਂਦਾ ਹਾਂ। ਜਦੋਂ ਮੈਂ ਜਵਾਨ ਸੀ ਅਤੇ ਕੁਝ ਲੋਕਾਂ ਨੂੰ ਸਮੇਂ ਤੋਂ ਪਹਿਲਾਂ ਬੁੱਢੇ ਹੁੰਦੇ ਦੇਖਦਾ ਸੀ, ਤਾਂ ਮੈਂ ਇਰਾਦਾ ਬਣਾਇਆ ਕਿ ਮੈਂ ਆਪਣੇ ਆਪ ਨੂੰ ਇਸ ਤਰ੍ਹਾਂ ਨਹੀਂ ਹੋਣ ਦੇਵਾਂਗਾ। ਲੋਕਾਂ ਨੂੰ ਮਿਲ ਕੇ ਅਤੇ ਉਨ੍ਹਾਂ ਨਾਲ ਗੱਲਬਾਤ ਕਰ ਕੇ ਮੈਨੂੰ ਬੜੀ ਖ਼ੁਸ਼ੀ ਮਿਲਦੀ ਹੈ। ਜੇ ਅਸੀਂ ਰੂਹਾਨੀ ਗੱਲਾਂ ਵਿਚ ਦਿਲਚਸਪੀ ਲੈਂਦੇ ਹਾਂ, ਤਾਂ ਅਸੀਂ ਜ਼ਬੂਰ 103:5 ਦੇ ਸ਼ਬਦਾਂ ਦੀ ਪੂਰਤੀ ਅਨੁਭਵ ਕਰਾਂਗੇ: “[ਯਹੋਵਾਹ] ਭਲਿਆਈ ਨਾਲ ਤੇਰੇ ਮੂੰਹ ਨੂੰ ਰਜਾਉਂਦਾ ਹੈ, ਤੂੰ ਉਕਾਬ ਵਾਂਙੁ ਆਪਣੀ ਜੁਆਨੀ ਨੂੰ ਨਵਾਂ ਕਰਦਾ ਹੈਂ।”

[ਤਸਵੀਰ]

“ਸਮੇਂ ਤੋਂ ਪਹਿਲਾਂ ਬੁੱਢੇ ਨਾ ਬਣੋ।”​—ਡੋਨ

◼ ਜਪਾਨ: 68 ਸਾਲਾਂ ਦੀ ਚਿਯੋਕੋ ਚੋਨਾਨ ਪੂਰਣ-ਕਾਲੀ ਪ੍ਰਚਾਰਕ ਹੈ।

“ਚੰਗੀ ਸਿਹਤ ਕਾਇਮ ਰੱਖਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਜ਼ਿਆਦਾ ਤਣਾਅ ਨਾ ਪੈਦਾ ਹੋਵੇ ਅਤੇ ਤੁਸੀਂ ਜ਼ਿਆਦਾ ਥੱਕ ਨਾ ਜਾਓ। ਮੈਂ ਜ਼ਿੰਦਗੀ ਬਾਰੇ ਬੇਹੱਦ ਚਿੰਤਾ ਨਹੀਂ ਕਰਦੀ ਹਾਂ ਅਤੇ ਕਦੀ-ਕਦੀ ਰੁਟੀਨ ਬਦਲਣ ਨਾਲ ਮੇਰੀ ਮਦਦ ਹੁੰਦੀ ਹੈ। ਪਿੱਛੇ ਜਿਹੇ ਮੈਂ ਗਿਣਤਾਰ ਸਿੱਖਣ ਲੱਗੀ ਤਾਂਕਿ ਮੈਂ ਆਪਣੀਆਂ ਉਂਗਲੀਆਂ ਅਤੇ ਮਨ ਨੂੰ ਵਰਤ ਸਕਾਂ। ਮੇਰੇ ਖ਼ਿਆਲ ਵਿਚ ਨਵੇਂ-ਨਵੇਂ ਕੰਮ ਕਰਨੇ ਚੰਗੇ ਹਨ।”

[ਤਸਵੀਰ]

“ਮੇਰੇ ਖ਼ਿਆਲ ਵਿਚ ਨਵੇਂ-ਨਵੇਂ ਕੰਮ ਕਰਨੇ ਚੰਗੇ ਹਨ।”​—ਚਿਯੋਕੋ

◼ ਫਰਾਂਸ: 73 ਸਾਲਾਂ ਦਾ ਜੋਸਿਫ ਕੈਰਡੂਡੋ ਪੂਰਣ-ਕਾਲੀ ਵਾਲੰਟੀਅਰ ਹੈ।

“ਜਲਦੀ ਬੁੱਢੇ ਨਾ ਹੋਣ ਲਈ ਤੁਹਾਨੂੰ ਵਿਅਸਤ ਰਹਿਣ ਦੀ ਲੋੜ ਹੈ। ਕੰਮ ਕਰਨ ਤੋਂ ਤੁਹਾਨੂੰ ਸੰਤੁਸ਼ਟੀ ਮਿਲਦੀ ਹੈ। ਤੁਹਾਨੂੰ ਖਾਣ-ਪੀਣ ਵਿਚ ਵੀ ਖ਼ਿਆਲ ਰੱਖਣਾ ਚਾਹੀਦਾ ਹੈ ਅਤੇ ਕਦੀ-ਕਦੀ ਤੁਹਾਨੂੰ ਪਰਹੇਜ਼ ਕਰਨਾ ਪੈਂਦਾ ਹੈ। ਮੈਨੂੰ ਲੱਗਦਾ ਹੈ ਕਿ ਜਦੋਂ ਤੁਹਾਡੇ ਕੋਲ ਜੀਉਣ ਦਾ ਕੋਈ ਕਾਰਨ ਹੁੰਦਾ ਹੈ ਤਾਂ ਤੁਸੀਂ ਬਦਲ ਜਾਂਦੇ ਹੋ। ਮੇਰੇ ਖ਼ਿਆਲ ਵਿਚ ਚੰਗੀ ਸਿਹਤ ਹੋਣ ਲਈ ਪਰਮੇਸ਼ੁਰ ਦੀ ਸੇਵਾ ਕਰਨੀ ਬਹੁਤ ਜ਼ਰੂਰੀ ਹੈ। ਯਹੋਵਾਹ ਦਾ ਗਵਾਹ ਬਣਨ ਤੋਂ ਪਹਿਲਾਂ ਮੈਂ ਆਪਣਾ ਮਨ ਜਲਦੀ ਨਹੀਂ ਬਣਾ ਸਕਦਾ ਸੀ ਅਤੇ ਨਿਰਾਸ਼ ਰਹਿੰਦਾ ਸੀ। ਬਾਈਬਲ ਦੀ ਸੱਚਾਈ ਜਾਣ ਕੇ ਇਕ ਵੱਡੀ ਸ਼ਕਤੀ ਮਿਲਦੀ ਹੈ ਜੋ ਇਨਸਾਨ ਨੂੰ ਹਰ ਮਾਮਲੇ ਦਾ ਸਾਮ੍ਹਣਾ ਕਰਨ ਲਈ ਬਲ ਦਿੰਦੀ ਹੈ।”

[ਤਸਵੀਰ]

“ਪਰਮੇਸ਼ੁਰ ਦੀ ਸੇਵਾ ਕਰਨੀ ਬਹੁਤ ਜ਼ਰੂਰੀ ਹੈ।”​—ਜੋਸਿਫ