ਸਾਡੇ ਪਾਠਕਾਂ ਵੱਲੋਂ
ਸਾਡੇ ਪਾਠਕਾਂ ਵੱਲੋਂ
ਸਾਇਬੇਰੀਆ ਵਿਚ ਜਲਾਵਤਨੀ ਸਟੇਪਾਨ ਅਤੇ ਉਨ੍ਹਾਂ ਦੂਸਰਿਆਂ ਭਰਾਵਾਂ ਦੀ ਨਿਹਚਾ ਬਾਰੇ ਪੜ੍ਹ ਕੇ, ਜਿਨ੍ਹਾਂ ਦਾ ਜ਼ਿਕਰ ਔਲੇਕਸੀ ਡਾਵਿਡਯੁਕ ਦੀ ਕਹਾਣੀ “ਵਫ਼ਾਦਾਰ ਰਹਿਣਾ ਮੇਰੀ ਮੁੱਖ ਚਿੰਤਾ ਹੈ” ਵਿਚ ਕੀਤਾ ਗਿਆ ਸੀ, ਮੈਨੂੰ ਬਹੁਤ ਹੌਸਲਾ ਮਿਲਿਆ। (ਜਨਵਰੀ-ਮਾਰਚ 2001) ਇਸ ਵਿਚ ਇਕ ਭਰਾ ਬਾਰੇ ਦੱਸਿਆ ਗਿਆ ਸੀ ਜਿਸ ਨੇ ਇਸ ਕਾਰਨ ਬੇਵਫ਼ਾਈ ਕੀਤੀ “ਕਿਉਂਕਿ ਉਸ ਨੇ ਬਾਈਬਲ ਪੜ੍ਹਨੀ ਅਤੇ ਉਸ ਵਿਚ ਵਿਸ਼ਵਾਸ ਕਰਨਾ ਛੱਡ ਦਿੱਤਾ ਸੀ।” ਇਸ ਗੱਲ ਨੇ ਮੇਰੇ ਉੱਤੇ ਬਹੁਤ ਪ੍ਰਭਾਵ ਪਾਇਆ ਅਤੇ ਇਸ ਨੇ ਮੈਨੂੰ ਹੋਰ ਹੌਸਲਾ ਦਿੱਤਾ ਹੈ ਕਿ ਮੈਂ ਬਾਈਬਲ ਦੀ ਲਗਾਤਾਰ ਸਟੱਡੀ ਕਰਦਾ ਰਹਾਂ।
ਏ. ਵੀ., ਜਾਰਜੀਆ
ਨੌਜਵਾਨ ਪੁੱਛਦੇ ਹਨ ਮੈਂ ਜਾਗਰੂਕ ਬਣੋ! ਰਸਾਲਾ ਉਦੋਂ ਤੋਂ ਪੜ੍ਹਦੀ ਆਈ ਹਾਂ ਜਦੋਂ ਤੋਂ ਇਸ ਦਾ ਨਾਂ ਦਿਲਾਸਾ (ਅੰਗ੍ਰੇਜ਼ੀ) ਹੁੰਦਾ ਸੀ। ਭਾਵੇਂ ਮੈਂ ਕਾਫ਼ੀ ਸਿਆਣੀ ਹਾਂ, ਮੈਂ “ਨੌਜਵਾਨ ਪੁੱਛਦੇ ਹਨ . . .” ਲੇਖਾਂ ਨੂੰ ਪੜ੍ਹਨਾ ਪਸੰਦ ਕਰਦੀ ਹਾਂ। ਇਨ੍ਹਾਂ ਵਿਚਲੀਆਂ ਗੱਲਾਂ ਨੂੰ ਸਿਆਣਿਆਂ ਉੱਤੇ ਲਾਗੂ ਕਰ ਕੇ ਮੈਂ ਕਾਫ਼ੀ ਜਾਣਕਾਰੀ ਹਾਸਲ ਕਰਦੀ ਹਾਂ ਅਤੇ ਮੈਨੂੰ ਚੰਗੀ ਸਲਾਹ ਵੀ ਮਿਲਦੀ ਹੈ। ਇਹ ਲੇਖ ਮੇਰੇ ਵਰਗੇ ਸਿਆਣਿਆਂ ਨੂੰ ਵੀ ਸਿਖਲਾ ਰਹੇ ਹਨ।
ਆਰ. ਐੱਸ., ਅਮਰੀਕਾ
ਬੇਮੁਹੱਬਤੇ ਵਿਆਹ-ਬੰਧਨ ਅਸੀਂ ਪਤੀ-ਪਤਨੀ ਵਜੋਂ ਆਪਣੇ ਰਿਸ਼ਤੇ ਵਿਚ ਅੱਗੇ ਨਹੀਂ ਵੱਧ ਰਹੇ ਸੀ। ਇੱਦਾਂ ਲੱਗਦਾ ਸੀ ਕਿ ਅਸੀਂ ਇਕ ਦੂਜੇ ਨੂੰ ਪਿਆਰ ਕਰਨ ਦੀ ਬਜਾਇ ਸਿਰਫ਼ ਇਕ ਦੂਜੇ ਨੂੰ ਬਰਦਾਸ਼ਤ ਕਰ ਰਹੇ ਸੀ। ਕਦੀ-ਕਦੀ ਮੈਂ ਤਲਾਕ ਲੈਣ ਬਾਰੇ ਸੋਚਦੀ ਹੁੰਦੀ ਸੀ। ਪਰ ਇਨ੍ਹਾਂ ਲੇਖਾਂ ਦੇ ਸਦਕਾ, ਜਿਨ੍ਹਾਂ ਦਾ ਵਿਸ਼ਾ ਸੀ “ਕੀ ਅਸੀਂ ਆਪਣੇ ਵਿਆਹੁਤਾ ਰਿਸ਼ਤੇ ਨੂੰ ਬਚਾ ਸਕਦੇ ਹਾਂ?” (ਜਨਵਰੀ-ਮਾਰਚ 2001), ਸਾਡਾ ਪਿਆਰ ਵਧਣ-ਫੁੱਲਣ ਲੱਗ ਪਿਆ ਹੈ।
ਈ. ਆਰ., ਸਪੇਨ
ਮੈਂ ਇਕ ਮਸੀਹੀ ਪਤਨੀ ਹਾਂ, ਪਰ ਏਸ ਸਾਲ ਸਾਡੇ ਵਿਆਹ-ਬੰਧਨ ਵਿਚ ਬਹੁਤ ਤਣਾਅ ਪਿਆ ਹੈ। ਅਸੀਂ ਦੋਹਾਂ ਨੇ ਇਕ ਦੂਸਰੇ ਨੂੰ ਇੰਨਾ ਦੁੱਖ ਪਹੁੰਚਾਇਆ ਹੈ ਕਿ ਇੱਦਾਂ ਲੱਗਦਾ ਸੀ ਕਿ ਅਸੀਂ ਆਪਣੇ ਪਿਆਰ ਨੂੰ ਦੁਬਾਰਾ ਨਹੀਂ ਜਗਾ ਸਕਦੇ ਸੀ। ਲੇਕਿਨ ਜਦੋਂ ਮੈਂ ਇਨ੍ਹਾਂ ਲੇਖਾਂ ਨੂੰ ਪੜ੍ਹਿਆ ਤਾਂ ਮੈਨੂੰ ਲੱਗਾ ਕਿ ਯਹੋਵਾਹ ਮੈਨੂੰ ਇੱਦਾਂ ਕਹਿ ਰਿਹਾ ਸੀ ਕਿ ‘ਤੂੰ ਹਾਰ ਨਾ ਮੰਨੀ!’ ਮੈਨੂੰ ਖ਼ੁਦ ਖ਼ਾਸ ਕਦਮ ਚੁੱਕਣ ਲਈ ਹੌਸਲਾ ਮਿਲਿਆ ਤਾਂਕਿ ਸਾਡਾ ਆਪਸ ਵਿਚ ਪਹਿਲਾਂ ਵਾਲਾ ਪਿਆਰ ਜਾਗ ਉੱਠੇ। ਮੈਂ ਇਨ੍ਹਾਂ ਗੱਲਾਂ ਨੂੰ ਲਾਗੂ ਕਰਨ ਤੋਂ ਫ਼ਰਕ ਦੇਖ ਰਹੀ ਹਾਂ। ਮੈਂ ਇਨ੍ਹਾਂ ਲੇਖਾਂ ਨੂੰ ਵਾਰ-ਵਾਰ ਪੜ੍ਹਾਂਗੀ।
ਐੱਨ. ਐੱਚ., ਜਪਾਨ
ਮੇਰਾ ਬਪਤਿਸਮਾ ਥੋੜ੍ਹੇ ਹੀ ਚਿਰ ਪਹਿਲਾਂ ਹੋਇਆ ਹੈ ਅਤੇ ਮੇਰੀ ਪਤਨੀ ਨੇ ਮੇਰੇ ਵਿਸ਼ਵਾਸਾਂ ਕਰਕੇ ਮੈਨੂੰ ਸਤਾਇਆ ਹੈ। ਤੁਹਾਡੇ ਲੇਖਾਂ ਨੇ ਮੈਨੂੰ ਦਿਖਾਇਆ ਹੈ ਕਿ ਮੈਂ ਆਪਣੇ ਵਿਆਹ-ਰਿਸ਼ਤੇ ਵਿਚ ਕਿੱਦਾਂ ਤਬਦੀਲੀ ਲਿਆ ਸਕਦਾ ਹਾਂ। ਇਹ ਲੇਖ ਸਮੇਂ ਸਿਰ ਆਏ।
ਡਬਲਯੂ. ਐੱਸ., ਆਸਟ੍ਰੇਲੀਆ
ਮੈਂ ਅਤੇ ਮੇਰੇ ਪਤੀ ਬਹੁਤ ਖ਼ੁਸ਼ ਹਨ, ਇਸ ਲਈ ਜਦੋਂ ਮੈਂ ਇਨ੍ਹਾਂ ਲੇਖਾਂ ਨੂੰ ਪੜ੍ਹਨਾ ਸ਼ੁਰੂ ਕੀਤਾ ਤਾਂ ਮੈਂ ਸੋਚਿਆ ਕਿ ਇਨ੍ਹਾਂ ਵਿਚ ਦੂਸਰਿਆਂ ਦੀ ਮਦਦ ਕਰਨ ਲਈ ਚੰਗੀ ਸਲਾਹ ਹੋਵੇਗੀ। ਪਰ ਇਨ੍ਹਾਂ ਲੇਖਾਂ ਦੇ ਪਹਿਲਿਆਂ ਹੀ ਸ਼ਬਦਾਂ ਤੋਂ ਮੈਂ ਦੇਖਿਆ ਕਿ ਆਪਣੇ ਵਿਆਹ-ਬੰਧਨ ਨੂੰ ਮਜ਼ਬੂਤ ਕਰਨ ਲਈ ਕੁਝ ਵਧੀਆ ਗੱਲਾਂ ਦੱਸੀਆਂ ਗਈਆਂ ਸਨ।
ਐੱਮ. ਡੀ., ਇਟਲੀ
ਸਾਡੀ ਕਲੀਸਿਯਾ ਵਿਚ ਇਕ ਮਸੀਹੀ ਭੈਣ ਨੇ ਮੈਨੂੰ ਦੱਸਿਆ ਕਿ ਉਸ ਅਤੇ ਉਸ ਦੇ ਪਤੀ, ਜੋ ਸੱਚਾਈ ਵਿਚ ਨਹੀਂ ਹੈ, ਦਾ ਝਗੜਾ ਹੋ ਗਿਆ। ਇਸ ਕਰਕੇ ਉਹ ਜੁਦੇ ਰਹਿਣ ਲੱਗ ਪਏ ਸਨ। ਕੁਝ ਸਮੇਂ ਬਾਅਦ ਉਸ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਵਿਚਕਾਰ ਮੁਸ਼ਕਲ ਕੁਝ ਹੱਦ ਤਕ ਸੁਧਰ ਗਈ। ਉਸ ਨੇ ਇਨ੍ਹਾਂ ਲੇਖਾਂ ਨੂੰ ਇਕਦਮ ਪੜ੍ਹ ਕੇ ਲਾਗੂ ਕਰਨਾ ਸ਼ੁਰੂ ਕੀਤਾ ਸੀ, ਅਤੇ ਇਨ੍ਹਾਂ ਨੇ ਮੁਸ਼ਕਲ ਦਾ ਹੱਲ ਕਰਨ ਵਿਚ ਉਸ ਦੀ ਮਦਦ ਕੀਤੀ ਸੀ। ਉਸ ਨੇ ਕਿਹਾ ਕਿ ਉਸ ਨੂੰ ਗੱਲਬਾਤ ਕਰਨ ਦੇ ਸੰਬੰਧ ਵਿਚ ਸਲਾਹ ਤੋਂ ਖ਼ਾਸ ਕਰਕੇ ਫ਼ਾਇਦਾ ਮਿਲਿਆ। ਉਹ ਹੁਣ ਆਪਣੇ ਪਤੀ ਦੇ ਸਾਥ ਰਹਿ ਰਹੀ ਹੈ।
ਐੱਨ. ਐੱਸ., ਕੈਨੇਡਾ