Skip to content

Skip to table of contents

ਸੰਸਾਰ ਉੱਤੇ ਨਜ਼ਰ

ਸੰਸਾਰ ਉੱਤੇ ਨਜ਼ਰ

ਸੰਸਾਰ ਉੱਤੇ ਨਜ਼ਰ

ਖ਼ੁਸ਼ ਹੋਣਾ

ਮਨੋਵਿਗਿਆਨੀਆਂ ਦੁਆਰਾ ਕੀਤੀ ਇਕ ਨਵੀਂ ਖੋਜ ਅਨੁਸਾਰ “ਬੈਂਕ ਵਿਚ ਢੇਰ ਸਾਰੇ ਪੈਸੇ ਹੋਣੇ ਖ਼ੁਸ਼ੀ ਦਾ ਰਾਜ਼ ਨਹੀਂ ਹੈ। ਦਰਅਸਲ ਅਮੀਰ ਹੋਣ, ਮਸ਼ਹੂਰ ਹੋਣ ਅਤੇ ਦੂਸਰਿਆਂ ਤੇ ਪ੍ਰਭਾਵ ਪਾਉਣ ਨਾਲ ਤੁਹਾਨੂੰ ਸ਼ਾਇਦ ਖ਼ੁਸ਼ੀ ਨਾ ਹੀ ਮਿਲੇ।” ਅਮਰੀਕਾ ਵਿਚ ਮਿਸੂਰੀ-ਕਲੰਬੀਆ ਦੀ ਯੂਨੀਵਰਸਿਟੀ ਵਿਚ ਕੰਮ ਕਰਦੇ ਕੇਨਨ ਸ਼ੇਲਡਨ ਨੇ ਕਿਹਾ: “ਪੱਛਮੀ ਦੇਸ਼ਾਂ ਵਿਚ ਇਸ਼ਤਿਹਾਰਾਂ ਦੁਆਰਾ ਇਹ ਦਿਖਾਇਆ ਗਿਆ ਹੈ ਕਿ ਸਾਨੂੰ ਸੁੰਦਰ, ਮਸ਼ਹੂਰ ਅਤੇ ਅਮੀਰ ਹੋਣਾ ਚਾਹੀਦਾ ਹੈ। ਇਨ੍ਹਾਂ ਨਾਲ ਸ਼ਾਇਦ ਕੰਪਨੀਆਂ ਨੂੰ ਫ਼ਾਇਦਾ ਮਿਲੇਗਾ, ਪਰ ਜਿਹੜੇ ਲੋਕ ਇਨ੍ਹਾਂ ਗੱਲਾਂ ਦੇ ਮਗਰ ਲੱਗਦੇ ਹਨ ਉਹ ਖ਼ੁਸ਼ ਨਹੀਂ ਹਨ।” ਲੰਡਨ ਦੇ ਇੰਡੀਪੇਨਡੰਟ ਅਖ਼ਬਾਰ ਵਿਚ ਇਕ ਰਿਪੋਰਟ ਦਿੱਤੀ ਗਈ ਸੀ ਜਿਸ ਵਿਚ 700 ਵਿਦਿਆਰਥੀਆਂ ਕੋਲੋਂ ਇਸੇ ਗੱਲ ਬਾਰੇ ਸਵਾਲ ਪੁੱਛੇ ਗਏ ਸਨ। ਇਨ੍ਹਾਂ ਵਿਦਿਆਰਥੀਆਂ ਦੇ ਅਨੁਸਾਰ ਖ਼ੁਸ਼ੀ ਲਈ ਸਭ ਤੋਂ ਜ਼ਰੂਰੀ ਗੱਲਾਂ ਸੀ “ਆਪਣਾ ਮਾਣ ਕਰਨਾ” ਅਤੇ “ਦੂਸਰਿਆਂ ਨਾਲ ਗੂੜ੍ਹੇ ਰਿਸ਼ਤੇ ਬੰਨ੍ਹਣੇ।” ਖ਼ੁਸ਼ੀ ਦੇ ਸੰਬੰਧ ਵਿਚ ਪੈਸਿਆਂ ਦਾ ਘੱਟ ਹੀ ਜ਼ਿਕਰ ਕੀਤਾ ਗਿਆ ਸੀ। ਅਖ਼ਬਾਰ ਨੇ ਕਿਹਾ ਕਿ ਇਹ ਵਿਚਾਰ “ਮਿਟ ਗਿਆ ਹੈ ਕਿ ‘ਜਿਹੜੇ ਲੋਕ ਸੋਚਦੇ ਹਨ ਕਿ ਉਹ ਖ਼ੁਸ਼ੀ ਨਹੀਂ ਖ਼ਰੀਦ ਸਕਦੇ ਉਹ ਖ਼ਰੀਦਾਰੀ ਕਰਨੀ ਹੀ ਨਹੀਂ ਜਾਣਦੇ।’”

ਗੰਦੇ ਪੈਸੇ

ਕੈਨੇਡਾ ਦੇ ਗਲੋਬ ਐਂਡ ਮੇਲ ਅਖ਼ਬਾਰ ਨੇ ਕਿਹਾ ਕਿ “ਬੈਂਕ-ਨੋਟ ਬੈਕਟੀਰੀਆ ਨਾਲ ਭਰੇ ਹੋਏ ਹਨ।” ਅਮਰੀਕਾ ਵਿਚ ਹਾਲ ਹੀ ਦੀ ਰਿਸਰਚ ਤੋਂ ਪਤਾ ਲੱਗਾ ਕਿ ਵਰਤੋਂ ਵਿਚ ਤਕਰੀਬਨ ਸਾਰੇ ਬੈਂਕ-ਨੋਟ ਸਟ੍ਰੈਪਟੋਕੋਕਸ, ਐਂਟੇਰੋਬੈਕਟਰ, ਸੂਡੋਮੋਨਸ, ਅਤੇ ਹੋਰ ਜੀਵਾਣੂਆਂ ਦੇ ਨਾਲ ਮਲੀਨ ਹਨ। ਦ ਗਲੋਬ ਕਹਿੰਦਾ ਹੈ ਕਿ ਇਹ ਬੈਕਟੀਰੀਆ “ਉਨ੍ਹਾਂ ਲਈ ਖ਼ਤਰਾ ਪੇਸ਼ ਕਰ ਸਕਦੇ ਹਨ ਜਿਨ੍ਹਾਂ ਦਾ ਇਮਯੂਨ ਸਿਸਟਮ ਠੀਕ ਤਰ੍ਹਾਂ ਨਹੀਂ ਚੱਲਦਾ, ਜਿਵੇਂ ਕਿ ਕਮਜ਼ੋਰ ਬਿਰਧ ਲੋਕ ਜਾਂ ਐੱਚ. ਆਈ. ਵੀ. ਏਡਜ਼ ਦੇ ਰੋਗੀ।” ਕੁਝ ਨੋਟਾਂ ਤੇ ਇਨ੍ਹਾਂ ਬੈਕਟੀਰੀਆ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਬੈਕਟੀਰੀਆ ਹੁੰਦੇ ਹਨ। ਰਿਸਰਚ ਕਰਨ ਵਾਲੇ ਕਹਿੰਦੇ ਹਨ ਕਿ ਸ਼ਾਇਦ ਪੈਸਿਆਂ ਨੂੰ ਅਸਲ ਵਿਚ “ਧੋਣ” ਦੀ ਲੋੜ ਹੈ। ਜਪਾਨ ਵਿਚ ਲੋਕ ਹੁਣ “ਸਾਫ਼ ਏ. ਟੀ. ਐੱਮ.” ਮਸ਼ੀਨਾਂ ਤੋਂ ਪੈਸੇ ਕੱਢ ਸਕਦੇ ਹਨ। ਇਨ੍ਹਾਂ ਮਸ਼ੀਨਾਂ ਤੋਂ “392 ਫਾਰਨਹੀਟ ਤਕ ਸੇਕੇ ਜਾ ਚੁੱਕੇ ਨੋਟ ਮਿਲਦੇ ਹਨ—ਇੰਨਾ ਸੇਕ ਕਈ ਤਰ੍ਹਾਂ ਦੇ ਬੈਕਟੀਰੀਆ ਖ਼ਤਮ ਕਰਨ ਲਈ ਕਾਫ਼ੀ ਹੈ ਪਰ ਪੈਸਿਆਂ ਨੂੰ ਨਹੀਂ ਜਾਲਦਾ।” ਦ ਗਲੋਬ ਨੇ ਸਲਾਹ ਦਿੱਤੀ ਕਿ ਪੈਸਿਆਂ ਨੂੰ ਹੱਥ ਲਾਉਣ ਤੋਂ ਬਾਅਦ “ਆਪਣੇ ਹੱਥ ਧੋਵੋਂ!”

ਬੋਤਲ ਦਾ ਪਾਣੀ ਜਾਂ ਟੂਟੀ ਦਾ ਪਾਣੀ?

ਦ ਨਿਊਯਾਰਕ ਟਾਈਮਜ਼ ਨੇ ਕਿਹਾ ਕਿ ਲੋਕਾਂ ਨੂੰ “ਬੋਤਲ ਦਾ ਪਾਣੀ ਇੰਨਾ ਪਸੰਦ ਹੈ ਕਿ ਸੰਸਾਰ ਭਰ ਵਿਚ ਪਾਣੀ ਦੇ 700 ਨਾਲੋਂ ਜ਼ਿਆਦਾ ਬ੍ਰੈਂਡ ਮਿਲ ਸਕਦੇ ਹਨ।” ਲੇਕਿਨ, “ਕਈ ਵਾਰ ਬੋਤਲ ਦੇ ਮਹਿੰਗੇ ਪਾਣੀ ਅਤੇ ਟੂਟੀ ਵਿੱਚੋਂ ਪਾਣੀ ਵਿਚ ਇੱਕੋ ਹੀ ਫ਼ਰਕ ਹੁੰਦਾ ਹੈ। ਬੋਤਲ!” ਜਿਵੇਂ ਕੁਦਰਤ ਲਈ ਵਿਸ਼ਵ ਵਿਆਪੀ ਫ਼ੰਡ ਨੇ ਕਿਹਾ, “ਭਾਵੇਂ ਬੋਤਲਾਂ ਦਾ ਪਾਣੀ ਸ਼ਾਇਦ ਟੂਟੀ ਦੇ ਪਾਣੀ ਨਾਲੋਂ ਜ਼ਿਆਦਾ ਸਾਫ਼ ਅਤੇ ਸੁਆਦ ਨਾ ਹੋਵੇ, ਇਸ ਦੀ ਕੀਮਤ ਸ਼ਾਇਦ 1,000 ਗੁਣਾ ਜ਼ਿਆਦਾ ਹੋਵੇ।” ਟੂਟੀ ਦਾ ਪਾਣੀ ਵਰਤਣ ਨਾਲ ਪੈਸਾ ਬਚਦਾ ਅਤੇ ਇਸ ਨਾਲ ਵਾਤਾਵਰਣ ਦੀ ਦੇਖ-ਭਾਲ ਵੀ ਹੁੰਦੀ ਹੈ। ਇਹ ਇਸ ਲਈ ਹੈ ਕਿਉਂਕਿ ਹਰ ਸਾਲ ਬੋਤਲਾਂ ਬਣਾਉਣ ਲਈ ਪਲਾਸਟਿਕ ਦੇ 15 ਲੱਖ ਟਨ ਇਸਤੇਮਾਲ ਕੀਤੇ ਜਾਂਦੇ ਹਨ, ਅਤੇ ਅਜਿਹੀਆਂ ਬੋਤਲਾਂ “ਨੂੰ ਬਣਾਉਣ ਅਤੇ ਨਸ਼ਟ ਕਰਨ ਨਾਲ ਅਜਿਹੇ ਗੈਸ ਪੈਦਾ ਹੋ ਸਕਦੇ ਹਨ ਜੋ ਮੌਸਮ ਨੂੰ ਬਦਲ ਸਕਦੇ ਹਨ।” ਵਿਸ਼ਵ ਵਿਆਪੀ ਫ਼ੰਡ ਦੇ ਅੰਤਰਰਾਸ਼ਟਰੀ ਖਰਾ ਪਾਣੀ ਪ੍ਰੋਗ੍ਰਾਮ ਦੇ ਮੁਖੀ ਡਾ. ਬਿਕਸ਼ਮ ਗੁੱਜਾ ਦੇ ਅਨੁਸਾਰ “ਸਫ਼ਾਈ-ਸੰਬੰਧੀ ਜਿੰਨੇ ਕਾਨੂੰਨ ਬੋਤਲਾਂ ਦੇ ਪਾਣੀ ਦੀਆਂ ਕੰਪਨੀਆਂ ਉੱਤੇ ਲਾਗੂ ਕੀਤੇ ਜਾਂਦੇ ਹਨ, ਉਸ ਨਾਲੋਂ ਜ਼ਿਆਦਾ ਕਾਨੂੰਨ ਯੂਰਪ ਅਤੇ ਅਮਰੀਕਾ ਵਿਚ ਟੂਟੀ ਵਿੱਚੋਂ ਨਿਕਲਦੇ ਪਾਣੀ ਉੱਤੇ ਲਾਗੂ ਕੀਤੇ ਜਾਂਦੇ ਹਨ।”

ਕੀ 49 ਸਾਲਾਂ ਦੇ ਹੋਣਾ ਖ਼ਤਰਨਾਕ ਹੈ?

ਅਸਾਹੀ ਸ਼ਿੱਮਬੁਨ ਨਾਂ ਦੇ ਅਖ਼ਬਾਰ ਨੇ ਚੇਤਾਵਨੀ ਦਿੱਤੀ: ‘49 ਸਾਲਾਂ ਦੀ ਉਮਰ ਵਾਲਿਓਂ, ਖ਼ਬਰਦਾਰ।’ ਜਪਾਨ ਵਿਚ ਹੋਰ ਕਿਸੇ ਵੀ ਉਮਰ ਨਾਲੋਂ ਜ਼ਿਆਦਾ 49 ਸਾਲਾਂ ਦੀ ਉਮਰ ਦੇ ਬੰਦਿਆਂ ਨੂੰ ਕਤਲ ਕਰਨ ਅਤੇ ਕਤਲ ਕਰਨ ਦੀ ਕੋਸ਼ਿਸ਼ ਲਈ ਗਿਰਫ਼ਤਾਰ ਕੀਤਾ ਜਾ ਰਿਹਾ ਹੈ। ਇਸੇ ਉਮਰ ਦੇ ਮਰਦ ਦੂਸਰਿਆਂ ਨੂੰ ਜ਼ਖ਼ਮੀ ਕਰਨ ਲਈ ਵੀ ਖ਼ਾਸ ਕਰਕੇ ਜ਼ਿੰਮੇਵਾਰ ਹਨ। ਇਨ੍ਹਾਂ ਤੋਂ ਬਾਅਦ 47 ਸਾਲਾਂ, 48 ਸਾਲਾਂ, ਅਤੇ 45 ਸਾਲਾਂ ਦੀ ਉਮਰ ਦੇ ਬੰਦੇ ਅਜਿਹੇ ਜ਼ੁਲਮਾਂ ਲਈ ਜ਼ਿੰਮੇਵਾਰ ਹਨ। ਇਨ੍ਹਾਂ ਉਮਰਾਂ ਦੇ ਇੰਨੇ ਆਦਮੀ ਇਸ ਤਰ੍ਹਾਂ ਕਿਉਂ ਕਰਦੇ ਹਨ? ਟੋਕੀਓ ਵਿਚ ਇਕ ਮਨੋ-ਚਿਕਿਤਸਕ ਦੇ ਅਨੁਸਾਰ 50 ਸਾਲਾਂ ਤਕ ਪਹੁੰਚਣ ਵਾਲੇ ਆਦਮੀ ਜ਼ਿੰਦਗੀ ਦੇ ਸਫ਼ਰ ਵਿਚ ਇਕ ਮੋੜ ਤੇ ਆ ਪਹੁੰਚੇ ਹਨ। ਉਸ ਨੇ ਕਿਹਾ ਕਿ “ਉਨ੍ਹਾਂ ਦੇ ਬੱਚੇ ਘਰ ਛੱਡ ਚੁੱਕੇ ਹਨ, ਉਨ੍ਹਾਂ ਨੂੰ ਆਪਣੇ ਸਿਆਣੇ ਮਾਪਿਆਂ ਦੀ ਦੇਖ-ਭਾਲ ਕਰਨੀ ਪੈਂਦੀ ਹੈ, ਅਤੇ ਆਪਣੇ ਵਿਆਹੁਤਾ ਸਾਥੀ ਨਾਲ ਉਨ੍ਹਾਂ ਦੇ ਰਿਸ਼ਤੇ ਵਿਚ ਮੁਸ਼ਕਲਾਂ ਪੈ ਜਾਂਦੀਆਂ ਹਨ। ਉਹ ਹੁਣ ਆਪਣਿਆਂ ਜਜ਼ਬਾਤਾਂ ਉੱਤੇ ਪਹਿਲਾਂ ਜਿੰਨਾ ਕਾਬੂ ਨਹੀਂ ਰੱਖ ਸਕਦੇ, ਅਤੇ ਕਈ ਖ਼ਤਰਾ ਦੇਖ ਕੇ ਇਕਦਮ ਭੜਕ ਉੱਠਦੇ ਹਨ।” ਅਖ਼ਬਾਰ ਦੇ ਅਨੁਸਾਰ ਘਰ ਦੇ ਕਰਜ਼ੇ ਚੁੱਕਣੇ, ਸਿੱਖਿਆ ਦੀ ਫੀਸ ਦੇਣੀ, ਨੌਕਰੀ ਤੇ ਦਬਾਅ, ਅਤੇ ਨੌਕਰੀ ਗੁਆਉਣ ਦਾ ਖ਼ਤਰਾ ਪੰਤਾਲੀ-ਪੰਜਾਹ ਉਮਰ ਦੇ ਆਦਮੀਆਂ ਦੇ ਤਣਾਅ ਨੂੰ ਵਧਾਉਂਦਾ ਹੈ।