Skip to content

Skip to table of contents

ਬਲੱਡ ਪ੍ਰੈਸ਼ਰ—ਨੂੰ ਕੰਟ੍ਰੋਲ ਕਰੋ

ਬਲੱਡ ਪ੍ਰੈਸ਼ਰ—ਨੂੰ ਕੰਟ੍ਰੋਲ ਕਰੋ

ਬਲੱਡ ਪ੍ਰੈਸ਼ਰ​—ਨੂੰ ਕੰਟ੍ਰੋਲ ਕਰੋ

ਬ੍ਰਾਜ਼ੀਲ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

ਮੈਰੀਅਨ ਘਬਰਾ ਗਈ! ਅਚਾਨਕ ਹੀ ਉਸ ਦੇ ਨੱਕ ਵਿੱਚੋਂ ਲਹੂ ਵਹਿਣ ਲੱਗ ਪਿਆ। ਉਸ ਨੇ ਕਿਹਾ ਕਿ “ਮੈਨੂੰ ਲੱਗਾ ਕਿ ਮੈਂ ਮਰ ਜਾਣਾ ਸੀ।” ਡਾਕਟਰਨੀ ਨੇ ਮੈਰੀਅਨ ਨੂੰ ਦੱਸਿਆ ਕਿ ਜ਼ਿਆਦਾ ਬਲੱਡ ਪ੍ਰੈਸ਼ਰ ਕਰਕੇ ਉਸ ਦੀ ਨਕਸੀਰ ਫੁੱਟ ਗਈ ਸੀ। ਮੈਰੀਅਨ ਨੇ ਉਸ ਨੂੰ ਕਿਹਾ ਕਿ “ਮੈਂ ਤਾਂ ਬਿਲਕੁਲ ਠੀਕ ਮਹਿਸੂਸ ਕਰਦੀ ਹਾਂ।” ਡਾਕਟਰਨੀ ਨੇ ਜਵਾਬ ਵਿਚ ਕਿਹਾ ਕਿ “ਕਈਆਂ ਲੋਕਾਂ ਨੂੰ ਤਾਂ ਪਤਾ ਨਹੀਂ ਹੁੰਦਾ ਜਦੋਂ ਉਨ੍ਹਾਂ ਨੂੰ ਬਲੱਡ ਪ੍ਰੈਸ਼ਰ ਹੁੰਦਾ ਹੈ ਕਿਉਂਕਿ ਇਸ ਦੀਆਂ ਕੋਈ ਅਲਾਮਤਾਂ ਨਹੀਂ ਹੁੰਦੀਆਂ।”

ਤੁਹਾਡਾ ਬਲੱਡ ਪ੍ਰੈਸ਼ਰ ਕਿਹੋ ਜਿਹਾ ਹੈ? ਕੀ ਤੁਹਾਡੀ ਜੀਵਨ-ਸ਼ੈਲੀ ਕਰਕੇ ਭਵਿੱਖ ਵਿਚ ਤੁਹਾਨੂੰ ਬਲੱਡ ਪ੍ਰੈਸ਼ਰ ਹੋਵੇਗਾ? ਤੁਸੀਂ ਆਪਣੇ ਬਲੱਡ ਪ੍ਰੈਸ਼ਰ ਤੇ ਕਾਬੂ ਰੱਖਣ ਲਈ ਕੀ ਕਰ ਸਕਦੇ ਹੋ? *

ਬਲੱਡ ਪ੍ਰੈਸ਼ਰ ਕੀ ਹੈ? ਇਹ ਉਹ ਦਬਾਅ ਹੈ ਜੋ ਲਹੂ ਨਾੜੀਆਂ ਤੇ ਪਾਉਂਦਾ ਹੈ। ਇਸ ਦਾ ਅੰਦਾਜ਼ਾ ਇਕ ਖ਼ਾਸ ਯੰਤਰ ਨਾਲ ਲਾਇਆ ਜਾ ਸਕਦਾ ਹੈ। ਇਸ ਯੰਤਰ ਦੇ ਨਾਲ ਇਕ ਰਬੜ ਦੀ ਪੱਟੀ ਹੁੰਦੀ ਹੈ ਜਿਸ ਨੂੰ ਬਾਂਹ ਦੁਆਲੇ ਲਪੇਟਿਆ ਜਾਂਦਾ ਹੈ। ਇਸ ਤਰ੍ਹਾਂ ਬਲੱਡ ਪ੍ਰੈਸ਼ਰ ਲਿਆ ਜਾ ਸਕਦਾ ਹੈ। ਦੋ ਵੱਖਰੇ-ਵੱਖਰੇ ਨੰਬਰ ਦਿੱਤੇ ਜਾਂਦੇ ਹਨ। ਮਿਸਾਲ ਲਈ 120/80. ਪਹਿਲਾ ਨੰਬਰ ਉਸ ਪ੍ਰੈਸ਼ਰ ਨੂੰ ਦਰਸਾਉਂਦਾ ਹੈ ਜੋ ਦਿਲ-ਧੜਕਣ (ਸਿਸਟੌਲ) ਦੌਰਾਨ ਪੈਦਾ ਹੁੰਦਾ ਹੈ, ਅਤੇ ਦੂਸਰਾ ਨੰਬਰ ਉਸ ਪ੍ਰੈਸ਼ਰ ਨੂੰ ਦਰਸਾਉਂਦਾ ਹੈ ਜਦੋਂ ਦਿਲ ਨਹੀਂ ਧੜਕਦਾ (ਡਾਇਸਟੌਲ)। ਬਲੱਡ ਪ੍ਰੈਸ਼ਰ ਨੂੰ ਪਾਰੇ ਦੇ ਮਿਲੀਮੀਟਰਾਂ ਵਿਚ ਮਿਣਿਆ ਜਾਂਦਾ ਹੈ, ਅਤੇ ਜਦੋਂ ਕਿਸੇ ਮਰੀਜ਼ ਦਾ ਬਲੱਡ ਪ੍ਰੈਸ਼ਰ 140/90 ਤੋਂ ਉੱਚਾ ਹੁੰਦਾ ਹੈ ਤਾਂ ਡਾਕਟਰ ਕਹਿੰਦੇ ਹਨ ਕਿ ਉਸ ਨੂੰ ਹਾਈ ਬਲੱਡ ਪ੍ਰੈਸ਼ਰ ਹੈ।

ਲਹੂ ਦਾ ਪ੍ਰੈਸ਼ਰ ਕਿੱਦਾਂ ਵਧਦਾ ਹੈ? ਕਲਪਨਾ ਕਰੋ ਕਿ ਤੁਸੀਂ ਰਬੜ ਦੀ ਨਾਲੀ ਦੇ ਨਾਲ ਜ਼ਮੀਨ ਉੱਤੇ ਪਾਣੀ ਛਿੜਕ ਰਹੇ ਹੋ। ਜਦੋਂ ਤੁਸੀਂ ਟੂਟੀ ਨੂੰ ਖੋਲ੍ਹਦੇ ਹੋ ਜਾਂ ਨਾਲੀ ਨੂੰ ਸੁੰਗੜਾਉਂਦੇ ਹੋ ਤਾਂ ਪਾਣੀ ਦਾ ਪ੍ਰੈਸ਼ਰ ਵੱਧ ਜਾਂਦਾ ਹੈ। ਬਲੱਡ ਪ੍ਰੈਸ਼ਰ ਵੀ ਇਸੇ ਤਰ੍ਹਾਂ ਵਧਦਾ ਹੈ: ਲਹੂ ਦੇ ਵਹਾਅ ਦੇ ਵਧਣ ਕਰਕੇ ਜਾਂ ਨਾੜੀਆਂ ਸੁੰਗੜਨ ਕਰਕੇ ਲਹੂ ਦਾ ਪ੍ਰੈਸ਼ਰ ਜ਼ਿਆਦਾ ਹੋ ਜਾਂਦਾ ਹੈ। ਤਾਂ ਫਿਰ ਕਿਨ੍ਹਾਂ ਕਾਰਨਾਂ ਕਰਕੇ ਨਾੜੀਆਂ ਸੁੰਗੜਦੀਆਂ ਹਨ ਜਾਂ ਲਹੂ ਦਾ ਵਹਾਅ ਵਧਦਾ ਹੈ? ਇਸ ਦੇ ਕਈ ਕਾਰਨ ਹਨ।

ਕਾਰਨ ਜਿਨ੍ਹਾਂ ਬਾਰੇ ਅਸੀਂ ਕੁਝ ਨਹੀਂ ਕਰ ਸਕਦੇ

ਰਿਸਰਚ ਕਰਨ ਵਾਲਿਆਂ ਨੂੰ ਇਹ ਪਤਾ ਲੱਗਾ ਹੈ ਕਿ ਜੇ ਕਿਸੇ ਵਿਅਕਤੀ ਦੇ ਰਿਸ਼ਤੇਦਾਰਾਂ ਨੂੰ ਹਾਈ ਬਲੱਡ ਪ੍ਰੈਸ਼ਰ ਹੈ, ਤਾਂ ਉਸ ਨੂੰ ਵੀ ਇਸੇ ਹਾਲਤ ਦੀ ਜ਼ਿਆਦਾ ਸੰਭਾਵਨਾ ਹੈ। ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਜੌੜੇ ਬੱਚਿਆਂ ਵਿਚ ਹਾਈ ਬਲੱਡ ਪ੍ਰੈਸ਼ਰ ਦੀ ਜ਼ਿਆਦਾ ਗੁੰਜਾਇਸ਼ ਹੈ ਜਿਹੜੇ ਇੱਕੋ ਹੀ ਅੰਡਾਣੂ ਤੋਂ ਪੈਦਾ ਹੋਏ ਹਨ। ਜਿਹੜੇ ਜੌੜੇ ਬੱਚੇ ਦੋ ਅੰਡਾਣੂਆਂ ਤੋਂ ਪੈਦਾ ਹੋਏ ਉਨ੍ਹਾਂ ਵਿਚ ਪਹਿਲਿਆਂ ਨਾਲੋਂ ਹਾਈ ਬਲੱਡ ਪ੍ਰੈਸ਼ਰ ਦੀ ਘੱਟ ਸੰਭਾਵਨਾ ਹੈ। ਇਕ ਅਧਿਐਨ ਵਿਚ “ਉਨ੍ਹਾਂ ਜੀਨਾਂ” ਬਾਰੇ ਦੱਸਿਆ ਗਿਆ ਹੈ “ਜੋ ਨਾੜੀਆਂ ਵਿਚ ਹਾਈ ਬਲੱਡ ਪ੍ਰੈਸ਼ਰ ਲਈ ਜ਼ਿੰਮੇਵਾਰ ਹਨ।” ਇਸ ਤੋਂ ਸ਼ਾਇਦ ਸਬੂਤ ਮਿਲੇ ਕਿ ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਜਮਾਂਦਰੂ ਹੈ। ਇਹ ਵੀ ਜ਼ਾਹਰ ਹੈ ਕਿ ਬਲੱਡ ਪ੍ਰੈਸ਼ਰ ਦਾ ਖ਼ਤਰਾ ਵਧਦੀ ਉਮਰ ਨਾਲ ਵਧਦਾ ਹੈ ਅਤੇ ਇਹ ਕਾਲੀ ਨਸਲ ਦੇ ਮਰਦਾਂ ਵਿਚ ਵੀ ਜ਼ਿਆਦਾ ਦੇਖਿਆ ਜਾਂਦਾ ਹੈ।

ਕਾਰਨ ਜਿਨ੍ਹਾਂ ਬਾਰੇ ਅਸੀਂ ਕੁਝ ਕਰ ਸਕਦੇ ਹਾਂ

ਆਪਣੀ ਖ਼ੁਰਾਕ ਉੱਤੇ ਧਿਆਨ ਰੱਖੋ! ਕੁਝ ਲੋਕਾਂ ਵਿਚ ਲੂਣ (ਸੋਡੀਅਮ) ਬਲੱਡ ਪ੍ਰੈਸ਼ਰ ਨੂੰ ਵਧਾ ਸਕਦਾ ਹੈ। ਇਹ ਖ਼ਾਸ ਕਰਕੇ ਉਨ੍ਹਾਂ ਬਾਰੇ ਸੱਚ ਹੈ ਜਿਨ੍ਹਾਂ ਨੂੰ ਸ਼ੂਗਰ ਦੀ ਬੀਮਾਰੀ ਹੈ, ਜਿਹੜੇ ਸਿਆਣੇ ਹਨ, ਜਿਨ੍ਹਾਂ ਦਾ ਪਹਿਲਾਂ ਹੀ ਅਤਿ ਵੱਧ ਬਲੱਡ ਪ੍ਰੈਸ਼ਰ ਹੈ, ਅਤੇ ਇਹ ਕਾਲੀ ਨਸਲ ਦੇ ਕੁਝ ਲੋਕਾਂ ਬਾਰੇ ਵੀ ਸੱਚ ਹੈ। ਜਦੋਂ ਲਹੂ ਦੀ ਪ੍ਰਣਾਲੀ ਵਿਚ ਜ਼ਿਆਦਾ ਚਰਬੀ ਹੁੰਦੀ ਹੈ ਤਾਂ ਨਾੜੀਆਂ ਦੇ ਅੰਦਰਲੇ ਪਾਸੇ ਕਲੈਸਟਰੋਲ ਜਮ੍ਹਾ ਹੋ ਜਾਂਦਾ ਹੈ। ਇਸ ਹਾਲਤ ਨੂੰ ਅੰਗ੍ਰੇਜ਼ੀ ਵਿਚ ਐਥੇਰੋਸਕਲੇਰੋਸਿਸ (atherosclerosis) ਕਿਹਾ ਜਾਂਦਾ ਹੈ। ਇਸ ਕਲੈਸਟਰੋਲ ਕਰਕੇ ਨਾੜੀਆਂ ਸੁੰਗੜ ਜਾਂਦੀਆਂ ਹਨ ਅਤੇ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ। ਜਿਨ੍ਹਾਂ ਲੋਕਾਂ ਦਾ ਢੁਕਵੇਂ ਵਜ਼ਨ ਨਾਲੋਂ 30 ਫੀ ਸਦੀ ਜ਼ਿਆਦਾ ਭਾਰ ਹੈ ਉਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਦਾ ਖ਼ਤਰਾ ਹੈ। ਕੁਝ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਜ਼ਿਆਦਾ ਪੋਟਾਸੀਅਮ ਅਤੇ ਕੈਲਸੀਅਮ ਲੈਣ ਨਾਲ ਬਲੱਡ ਪ੍ਰੈਸ਼ਰ ਸ਼ਾਇਦ ਘਟਾਇਆ ਜਾ ਸਕਦਾ ਹੈ।

ਇਹ ਦੇਖਿਆ ਗਿਆ ਹੈ ਕਿ ਸਿਗਰਟਾਂ ਪੀਣ ਨਾਲ ਨਾੜੀਆਂ ਵਿਚ ਕਲੈਸਟਰੋਲ ਦੇ ਜਮ੍ਹਾ ਹੋਣ, ਸ਼ੂਗਰ ਦੀ ਬੀਮਾਰੀ, ਦਿਲ ਦੇ ਦੌਰਿਆਂ, ਅਤੇ ਸਟ੍ਰੋਕਾਂ ਦਾ ਜ਼ਿਆਦਾ ਖ਼ਤਰਾ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਸਿਗਰਟਾਂ ਅਤੇ ਹਾਈ ਬਲੱਡ ਪ੍ਰੈਸ਼ਰ ਇਕ ਖ਼ਤਰਨਾਕ ਜੋੜੀ ਹਨ ਜੋ ਦਿਲ ਅਤੇ ਲਹੂ ਦੀਆਂ ਨਾੜੀਆਂ ਨੂੰ ਤਬਾਹ ਕਰ ਸਕਦੀ ਹੈ। ਜੇ ਵਿਅਕਤੀ ਦੇ ਮਨ ਅਤੇ ਸਰੀਰ ਉੱਤੇ ਕਿਸੇ ਤਰ੍ਹਾਂ ਦਾ ਬੋਝ ਹੈ ਤਾਂ ਇਸ ਨਾਲ ਵੀ ਬਲੱਡ ਪ੍ਰੈਸ਼ਰ ਤੇ ਅਸਰ ਪੈ ਸਕਦਾ ਹੈ। ਭਾਵੇਂ ਕਿ ਕੈਫੀਨ ਦੇ ਅਸਰਾਂ ਬਾਰੇ ਸਬੂਤ ਅਸਹਿਮਤ ਹਨ ਇਹ ਚੀਜ਼, ਜੋ ਕਾਫ਼ੀ, ਚਾਹ, ਅਤੇ ਕੋਲਾ ਵਰਗਿਆਂ ਡ੍ਰਿੰਕਾਂ ਵਿਚ ਹੈ, ਸ਼ਾਇਦ ਬਲੱਡ ਪ੍ਰੈਸ਼ਰ ਉੱਤੇ ਅਸਰ ਪਾਉਂਦੀ ਹੈ। ਇਸ ਤੋਂ ਇਲਾਵਾ, ਵਿਗਿਆਨੀ ਜਾਣਦੇ ਹਨ ਕਿ ਹੱਦੋਂ ਵੱਧ ਜਾਂ ਲਗਾਤਾਰ ਸ਼ਰਾਬ ਪੀਣੀ ਅਤੇ ਘੱਟ ਕਸਰਤ ਕਰਨ ਕਰਕੇ ਵੀ ਬਲੱਡ ਪ੍ਰੈਸ਼ਰ ਵੱਧ ਸਕਦਾ ਹੈ।

ਸਿਹਤਮੰਦ ਜੀਵਨ-ਸ਼ੈਲੀ

ਇਹ ਸੋਚਣਾ ਗ਼ਲਤ ਹੋਵੇਗਾ ਕਿ ਜਦ ਤਕ ਮੇਰਾ ਬਲੱਡ ਪ੍ਰੈਸ਼ਰ ਨਹੀਂ ਵਧਦਾ ਮੈਨੂੰ ਕੁਝ ਕਰਨ ਦੀ ਲੋੜ ਨਹੀਂ। ਨਹੀਂ, ਛੋਟੀ ਉਮਰ ਤੋਂ ਹੀ ਸਿਹਤਮੰਦ ਤਰੀਕੇ ਵਿਚ ਜੀਉਣਾ ਫ਼ਾਇਦੇਮੰਦ ਹੋਵੇਗਾ। ਹੁਣ ਆਪਣਾ ਖ਼ਿਆਲ ਰੱਖਣ ਨਾਲ ਭਵਿੱਖ ਵਿਚ ਤੁਹਾਡੀ ਜ਼ਿੰਦਗੀ ਬਿਹਤਰ ਹੋਵੇਗੀ।

ਬ੍ਰਾਜ਼ੀਲ ਵਿਚ ਹੋਣ ਵਾਲੇ ਬਲੱਡ ਪ੍ਰੈਸ਼ਰ ਸੰਬੰਧੀ ਤੀਸਰੇ ਸੰਮੇਲਨ ਵਿਚ ਸਮਝਾਇਆ ਗਿਆ ਸੀ ਕਿ ਜੀਵਨ-ਸ਼ੈਲੀ ਵਿਚ ਕਿਹੜੀਆਂ ਤਬਦੀਲੀਆਂ ਬਲੱਡ ਪ੍ਰੈਸ਼ਰ ਨੂੰ ਘਟਾ ਸਕਦੀਆਂ ਹਨ। ਇਨ੍ਹਾਂ ਤਬਦੀਲੀਆਂ ਤੋਂ ਸਾਰੇ ਲਾਭ ਹਾਸਲ ਕਰ ਸਕਦੇ ਹਨ ਚਾਹੇ ਉਨ੍ਹਾਂ ਨੂੰ ਬਲੱਡ ਪ੍ਰੈਸ਼ਰ ਹੈ ਜਾਂ ਨਹੀਂ।

ਖੋਜਕਾਰਾਂ ਨੇ ਮੋਟੇ ਵਿਅਕਤੀਆਂ ਨੂੰ ਸਲਾਹ ਦਿੱਤੀ ਕਿ ਉਹ ਘੱਟ-ਕੈਲਰੀ ਵਾਲੀ ਖ਼ੁਰਾਕ ਖਾਣ, ਅਤੇ ਜੇ ਉਨ੍ਹਾਂ ਨੇ ਡਾਇਟਿੰਗ ਕਰਨੀ ਹੈ ਤਾਂ ਉਹ ਜਲਦੀ ਵਿਚ ਭਾਰ ਨਾ ਘਟਾਉਣ, ਅਤੇ ਕਿ ਉਹ ਸੰਜਮ ਨਾਲ ਕਸਰਤ ਦਾ ਪ੍ਰੋਗ੍ਰਾਮ ਜਾਰੀ ਰੱਖਣ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਲੋਕ ਹਰ ਰੋਜ਼ ਇਕ ਚਮਚੇ, ਯਾਨੀ ਛੇ ਗ੍ਰਾਮ ਤੋਂ ਜ਼ਿਆਦਾ ਲੂਣ ਨਾ ਖਾਣ। * ਇਸ ਦਾ ਮਤਲਬ ਹੈ ਕਿ ਖਾਣਾ ਤਿਆਰ ਕਰਨ ਸਮੇਂ ਸਭ ਤੋਂ ਘੱਟ ਮਾਤਰਾ ਵਿਚ ਲੂਣ ਇਸਤੇਮਾਲ ਕਰਨਾ, ਇਸ ਦੇ ਨਾਲ-ਨਾਲ ਟੀਨ ਦੇ ਡੱਬਿਆਂ ਦਾ ਖਾਣਾ, ਸਲਾਮੀ, ਹਾਮ, ਸੋਸੇ ਵਰਗੇ ਠੰਢੇ ਮੀਟ, ਅਤੇ ਧੂੰਏਂ ਨਾਲ ਤਿਆਰ ਕੀਤੇ ਹੋਏ ਖਾਣੇ ਨੂੰ ਘਟਾਉਣਾ ਵੀ ਜ਼ਰੂਰੀ ਹੈ। ਤੁਸੀਂ ਖਾਣਾ ਖਾਂਦੇ ਸਮੇਂ ਭੋਜਨ ਉੱਤੇ ਹੋਰ ਲੂਣ ਪਾਉਣ ਤੋਂ ਪਰਹੇਜ਼ ਵੀ ਕਰ ਸਕਦੇ ਹੋ। ਅਤੇ ਤੁਸੀਂ ਡੱਬਿਆਂ ਵਿਚ ਬਣੇ-ਬਣਾਏ ਖਾਣੇ ਦੇ ਲੇਬਲ ਦੇਖ ਸਕਦੇ ਹੋ ਕਿ ਇਸ ਵਿਚ ਕਿੰਨਾ ਲੂਣ ਪਾਇਆ ਗਿਆ ਹੈ। ਇਨ੍ਹਾਂ ਤਰੀਕਿਆਂ ਵਿਚ ਵੀ ਤੁਸੀਂ ਲੂਣ ਘਟਾ ਸਕਦੇ ਹੋ।

ਬ੍ਰਾਜ਼ੀਲ ਵਿਚ ਸੰਮੇਲਨ ਦੌਰਾਨ ਇਹ ਸੁਝਾਅ ਵੀ ਦਿੱਤਾ ਗਿਆ ਸੀ ਕਿ ਵਿਅਕਤੀ ਜ਼ਿਆਦਾ ਪੋਟਾਸੀਅਮ ਲੈਣ ਕਿਉਂਕਿ ਇਸ ਦਾ ਸ਼ਾਇਦ “ਬਲੱਡ ਪ੍ਰੈਸ਼ਰ ਨੂੰ ਘਟਾਉਣ ਦਾ ਅਸਰ” ਹੋਵੇ। ਇਸ ਲਈ, ਸਿਹਤਮੰਦ ਖ਼ੁਰਾਕ ਵਿਚ “ਅਜਿਹੇ ਖਾਣੇ ਹੋਣੇ ਚਾਹੀਦੇ ਹਨ ਜਿਨ੍ਹਾਂ ਵਿਚ ਘੱਟ ਸੋਡੀਅਮ ਅਤੇ ਬਥੇਰਾ ਪੋਟਾਸੀਅਮ ਹੋਵੇ,” ਜਿਵੇਂ ਕਿ ਫਲੀਆਂ ਦੇ ਦਾਣੇ, ਗੂੜ੍ਹੇ ਹਰੇ ਰੰਗ ਦੀਆਂ ਸਬਜ਼ੀਆਂ, ਕੇਲੇ, ਖਰਬੂਜੇ, ਚਕੰਦਰ, ਗਾਜਰਾਂ, ਟਮਾਟਰ, ਅਤੇ ਸੰਤਰੇ। ਜੇ ਸ਼ਰਾਬ ਪੀਣੀ ਹੈ ਤਾਂ ਸੰਜਮ ਨਾਲ ਪੀਣਾ ਅੱਛਾ ਹੋਵੇਗਾ। ਕੁਝ ਖੋਜਕਾਰ ਕਹਿੰਦੇ ਹਨ ਕਿ ਜਿਨ੍ਹਾਂ ਮਰਦਾਂ ਨੂੰ ਬਲੱਡ ਪ੍ਰੈਸ਼ਰ ਹੈ ਉਨ੍ਹਾਂ ਨੂੰ ਹਰ ਰੋਜ਼ ਇਕ ਔਂਸ ਤੋਂ ਜ਼ਿਆਦਾ ਸ਼ਰਾਬ ਨਹੀਂ ਪੀਣੀ ਚਾਹੀਦੀ; ਅਤੇ ਇਸਤਰੀਆਂ ਜਾਂ ਜਿਨ੍ਹਾਂ ਦਾ ਆਮ ਨਾਲੋਂ ਥੋੜ੍ਹਾ ਭਾਰ ਹੈ ਉਨ੍ਹਾਂ ਨੂੰ ਅੱਧੇ ਔਂਸ ਨਾਲੋਂ ਜ਼ਿਆਦਾ ਨਹੀਂ ਪੀਣੀ ਚਾਹੀਦੀ। *

ਬ੍ਰਾਜ਼ੀਲ ਵਿਚ ਸੰਮੇਲਨ ਨੇ ਸਿੱਟਾ ਕੱਢਿਆ ਕਿ ਬਾਕਾਇਦਾ ਕਸਰਤ ਕਰਨ ਨਾਲ ਹਾਈ ਬਲੱਡ ਪ੍ਰੈਸ਼ਰ ਘਟਾਇਆ ਜਾਂਦਾ ਹੈ ਅਤੇ ਇਸ ਨੂੰ ਪਹਿਲਾਂ ਤੋਂ ਹੀ ਸ਼ੁਰੂ ਹੋਣ ਦਾ ਖ਼ਤਰਾ ਵੀ ਘਟਾਇਆ ਜਾਂਦਾ ਹੈ। ਲਹੂ ਅਤੇ ਸਾਹ ਪ੍ਰਣਾਲੀਆਂ ਤੇ ਅਸਰ ਪਾਉਣ ਵਾਲੀ ਕਸਰਤ ਵੀ ਸੰਜਮ ਨਾਲ ਕੀਤੀ ਜਾ ਸਕਦੀ ਹੈ। ਮਿਸਾਲ ਲਈ ਜੇ ਅਸੀਂ ਹਰ ਹਫ਼ਤੇ ਤਿੰਨ ਤੋਂ ਪੰਜ ਵਾਰੀ 30 ਤੋਂ 45 ਮਿੰਟਾਂ ਲਈ ਤੁਰ ਕੇ, ਸਾਈਕਲ ਚਲਾ ਕੇ, ਜਾਂ ਤੈਰ ਕੇ ਕਸਰਤ ਕਰਾਂਗੇ ਤਾਂ ਇਸ ਦਾ ਸਾਨੂੰ ਲਾਭ ਹੋਵੇਗਾ। * ਹੋਰ ਤਰੀਕਿਆਂ ਵਿਚ ਵੀ ਜੀਵਨ-ਸ਼ੈਲੀ ਸੁਧਾਰੀ ਜਾ ਸਕਦੀ ਹੈ, ਜਿਵੇਂ ਕਿ ਸਿਗਰਟ ਪੀਣੀ ਛੱਡਣੀ, ਲਹੂ ਵਿਚ ਚਰਬੀਦਾਰ ਪਦਾਰਥਾਂ (ਕਲੈਸਟਰੋਲ ਅਤੇ ਟ੍ਰਾਈਗਲਿਸਰਾਈਡ) ਨੂੰ ਘਟਾਉਣਾ ਅਤੇ ਸ਼ੂਗਰ ਦੀ ਬੀਮਾਰੀ ਤੇ ਕਾਬੂ ਰੱਖਣਾ, ਬਥੇਰਾ ਕੈਲਸੀਅਮ ਅਤੇ ਮੈਗਨੀਜ਼ੀਅਮ ਲੈਣਾ, ਅਤੇ ਸਰੀਰਕ ਤੇ ਮਾਨਸਿਕ ਤਣਾਅ ਤੇ ਕਾਬੂ ਰੱਖਣਾ। ਕੁਝ ਦਵਾਈਆਂ ਬਲੱਡ ਪ੍ਰੈਸ਼ਰ ਨੂੰ ਵਧਾਉਂਦੀਆਂ ਹਨ ਜਿਵੇਂ ਕਿ ਸਾਹ ਖੋਲ੍ਹਣ ਵਾਲੀ ਸਪ੍ਰੇ ਜੋ ਨੱਕ ਵਿਚ ਪਾਈ ਜਾਂਦੀ ਹੈ, ਜ਼ਿਆਦਾ ਸੋਡੀਅਮ ਵਾਲੇ ਖਟਾਸਮਾਰ, ਭੁੱਖ ਮਾਰਨ ਜਾਂ ਲਗਵਾਉਣ ਵਾਲੀਆਂ ਦਵਾਈਆਂ, ਅਤੇ ਸਿਰਦਰਦ ਨੂੰ ਮਿਟਾਉਣ ਵਾਲੀਆਂ ਗੋਲੀਆਂ ਜਿਨ੍ਹਾਂ ਵਿਚ ਕੈਫੀਨ ਹੁੰਦੀ ਹੈ।

ਜੇ ਤੁਹਾਨੂੰ ਬਲੱਡ ਪ੍ਰੈਸ਼ਰ ਹੈ ਤਾਂ ਆਪਣੇ ਡਾਕਟਰ ਨਾਲ ਗੱਲ ਕਰਨੀ ਚੰਗੀ ਹੋਵੇਗੀ। ਉਹ ਤੁਹਾਡੀ ਖ਼ੁਰਾਕ ਅਤੇ ਤੁਹਾਡੀਆਂ ਆਦਤਾਂ ਦੇ ਸੰਬੰਧ ਵਿਚ ਤੁਹਾਨੂੰ ਤੁਹਾਡੀਆਂ ਹੀ ਲੋੜਾਂ ਦੇ ਅਨੁਸਾਰ ਸਭ ਤੋਂ ਬਿਹਤਰ ਸਲਾਹ ਦੇ ਸਕਦਾ ਹੈ। ਲੇਕਿਨ ਤੁਹਾਡੀ ਹਾਲਤ ਜੋ ਮਰਜ਼ੀ ਹੋਵੇ, ਛੋਟੀ ਉਮਰ ਤੋਂ ਹੀ ਸਿਹਤਮੰਦ ਤਰੀਕੇ ਵਿਚ ਜ਼ਿੰਦਗੀ ਗੁਜ਼ਾਰਨੀ ਚੰਗੀ ਹੈ। ਅਤੇ ਇਹ ਸਿਰਫ਼ ਬਲੱਡ ਪ੍ਰੈਸ਼ਰ ਦੇ ਰੋਗੀਆਂ ਲਈ ਹੀ ਨਹੀਂ ਪਰ ਪਰਿਵਾਰ ਦੇ ਸਾਰੇ ਮੈਂਬਰਾਂ ਲਈ ਸੱਚ ਹੈ। ਮੈਰੀਅਨ, ਜਿਸ ਦਾ ਇਸ ਲੇਖ ਦੇ ਸ਼ੁਰੂ ਵਿਚ ਜ਼ਿਕਰ ਕੀਤਾ ਗਿਆ ਸੀ, ਨੂੰ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕਰਨੀਆਂ ਪਈਆਂ ਸਨ। ਹੁਣ ਆਪਣੀ ਬੀਮਾਰੀ ਦੇ ਬਾਵਜੂਦ ਉਹ ਦਵਾਈਆਂ ਲੈ ਕੇ ਆਮ ਲੋਕਾਂ ਵਾਂਗ ਜ਼ਿੰਦਗੀ ਗੁਜ਼ਾਰਦੀ ਹੈ। ਤੁਹਾਡੇ ਬਾਰੇ ਕੀ? ਉਸ ਸਮੇਂ ਦੀ ਉਡੀਕ ਕਰਦੇ ਹੋਏ ਜਦੋਂ ਸਾਰੇ ਲੋਕ ਸਿਹਤਮੰਦ ਹੋਣਗੇ ਅਤੇ “ਕੋਈ ਵਾਸੀ ਨਾ ਆਖੇਗਾ, ਮੈਂ ਬੀਮਾਰ ਹਾਂ,” ਤੁਸੀਂ ਆਪਣੇ ਬਲੱਡ ਪ੍ਰੈਸ਼ਰ ਤੇ ਕਾਬੂ ਰੱਖੋ।​—ਯਸਾਯਾਹ 33:24.

[ਫੁਟਨੋਟ]

^ ਪੈਰਾ 4 ਜਾਗਰੂਕ ਬਣੋ! ਕਿਸੇ ਵੀ ਤਰ੍ਹਾਂ ਦੇ ਇਲਾਜ ਦੀ ਪੁਸ਼ਟੀ ਨਹੀਂ ਕਰਦਾ ਕਿਉਂਕਿ ਇਹ ਗੱਲ ਹਰ ਇਕ ਦਾ ਨਿੱਜੀ ਫ਼ੈਸਲਾ ਹੈ।

^ ਪੈਰਾ 15 ਜੇ ਤੁਹਾਨੂੰ ਬਲੱਡ ਪ੍ਰੈਸ਼ਰ, ਜਾਂ ਦਿਲ, ਜਿਗਰ, ਜਾਂ ਗੁਰਦੇ ਦੀ ਬੀਮਾਰੀ ਹੈ ਅਤੇ ਤੁਸੀਂ ਇਨ੍ਹਾਂ ਕਰਕੇ ਦਵਾਈ-ਦਾਰੂ ਲੈ ਰਹੇ ਹੋ ਤਾਂ ਆਪਣੇ ਡਾਕਟਰ ਨਾਲ ਗੱਲ ਕਰੋ ਕਿ ਤੁਹਾਨੂੰ ਹਰ ਰੋਜ਼ ਕਿੰਨੀ ਮਾਤਰਾ ਵਿਚ ਸੋਡੀਅਮ (ਲੂਣ) ਅਤੇ ਪੋਟਾਸੀਅਮ ਦੀ ਲੋੜ ਹੈ।

^ ਪੈਰਾ 16 ਵਿਸਕੀ ਅਤੇ ਵੋਡਕਾ ਵਰਗੇ ਡਿਸਟਿਲ ਕੀਤੇ ਹੋਏ ਦਾਰੂਆਂ ਦੇ 2 ਔਂਸ ਵਿਚ, ਵਾਇਨ ਦੇ 8 ਔਂਸ ਵਿਚ, ਜਾਂ ਬੀਅਰ ਦੇ 24 ਔਂਸ ਵਿਚ 1 ਔਂਸ ਦਾ ਅਲਕੋਹਲ ਹੁੰਦਾ ਹੈ।

^ ਪੈਰਾ 17 ਕਸਰਤ ਦਾ ਪ੍ਰੋਗ੍ਰਾਮ ਸ਼ੁਰੂ ਕਰਨ ਬਾਰੇ ਆਪਣੇ ਡਾਕਟਰ ਨਾਲ ਗੱਲ ਕਰੋ।

[ਸਫ਼ਾ 14 ਉੱਤੇ ਡੱਬੀ]

ਬਲੱਡ ਪ੍ਰੈਸ਼ਰ ਘਟਾਉਣਾ

1. ਕੁਝ ਤਰੀਕੇ ਜੋ ਬਲੱਡ ਪ੍ਰੈਸ਼ਰ ਕੰਟ੍ਰੋਲ ਕਰਨ ਵਿਚ ਮਦਦ ਕਰ ਸਕਦੇ ਹਨ

• ਭਾਰ ਘਟਾਓ

• ਲੂਣ ਘਟਾਓ

• ਜ਼ਿਆਦਾ ਪੋਟਾਸੀਅਮ ਵਾਲੀ ਖ਼ੁਰਾਕ ਖਾਓ

• ਸ਼ਰਾਬ ਪੀਣੀ ਘਟਾਓ

• ਬਾਕਾਇਦਾ ਕਸਰਤ ਕਰੋ

2. ਹੋਰ ਤਰੀਕੇ ਜੋ ਬਲੱਡ ਪ੍ਰੈਸ਼ਰ ਘਟਾਉਣ ਵਿਚ ਸ਼ਾਇਦ ਮਦਦ ਕਰ ਸਕਦੇ ਹਨ

• ਕੈਲਸੀਅਮ ਅਤੇ ਮੈਗਨੀਜ਼ੀਅਮ ਦੀ ਲੋੜ ਪੂਰੀ ਕਰਨ ਲਈ ਦਵਾਈ-ਗੋਲੀਆਂ

• ਸਬਜ਼ੀਆਂ ਦੀ ਹਾਈ-ਫਾਈਬਰ ਡਾਇਟ

• ਤਣਾਅ ਘਟਾਉਣ ਵਾਲਾ ਇਲਾਜ

3. ਇਸ ਨਾਲ ਸੰਬੰਧ ਰੱਖਣ ਵਾਲੇ ਦੂਸਰੇ ਤਰੀਕੇ

• ਸਿਗਰਟ ਪੀਣੀ ਛੱਡੋ

• ਕਲੈਸਟਰੋਲ ਲੈਵਲ ਤੇ ਕਾਬੂ ਰੱਖੋ

• ਸ਼ੂਗਰ ਦੀ ਬੀਮਾਰੀ ਤੇ ਕਾਬੂ ਰੱਖੋ

• ਅਜਿਹੇ ਦਵਾਈ-ਦਾਰੂ ਤੋਂ ਪਰਹੇਜ਼ ਕਰੋ ਜਿਸ ਨਾਲ ਬਲੱਡ ਪ੍ਰੈਸ਼ਰ ਵੱਧ ਸਕਦਾ ਹੈ

[ਕ੍ਰੈਡਿਟ ਲਾਈਨ]

ਬ੍ਰਾਜ਼ੀਲ ਵਿਚ ਹੋਣ ਵਾਲੇ ਬਲੱਡ ਪ੍ਰੈਸ਼ਰ ਸੰਬੰਧੀ ਤੀਸਰੇ ਸੰਮੇਲਨ ਵੱਲੋਂ ਜਾਣਕਾਰੀ ਤੇ ਆਧਾਰਿਤ​—ਕਲਿਨਿਕ ਅਤੇ ਬ੍ਰਾਜ਼ੀਲ ਦੇ ਰਵੀਸਟਾ ਬ੍ਰਾਜ਼ੀਲੇਰਾ ਡ ਕਲੀਨਿਕਾ ਅਤੇ ਟੇਰਾਪਿਊਟੀਕਾ।

[ਸਫ਼ਾ 15 ਉੱਤੇ ਤਸਵੀਰਾਂ]

ਬਾਕਾਇਦਾ ਕਸਰਤ ਕਰਨ ਅਤੇ ਸਿਹਤਮੰਦ ਖ਼ੁਰਾਕ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਰੋਕਿਆ ਜਾ ਸਕਦਾ ਹੈ ਅਤੇ ਇਸ ਉੱਤੇ ਕਾਬੂ ਪਾਇਆ ਜਾ ਸਕਦਾ ਹੈ