ਭਿਆਨਕ ਨਜ਼ਾਰਿਆਂ ਵਿਚ ਆਸ਼ਾ ਦੀਆਂ ਕਿਰਨਾਂ
ਭਿਆਨਕ ਨਜ਼ਾਰਿਆਂ ਵਿਚ ਆਸ਼ਾ ਦੀਆਂ ਕਿਰਨਾਂ
“ਚਾਰੇ ਪਾਸੇ ਇਮਾਰਤਾਂ ਝੂਲ ਰਹੀਆਂ ਸਨ ਅਤੇ ਥਾਂ-ਥਾਂ ਅੱਗ ਲੱਗੀ ਹੋਈ ਸੀ। ਮੈਂ ਆਪਣੀ ਜਾਨ ਬਚਾਉਣ ਲਈ ਭੱਜਿਆ। ਹਰ ਪਾਸੇ ਲੋਕੀ ਚੀਕਾਂ ਮਾਰ ਰਹੇ ਸਨ, ਰੱਬ ਨੂੰ ਦੁਹਾਈ ਦੇ ਰਹੇ ਸਨ ਅਤੇ ਮਦਦ ਲਈ ਪੁਕਾਰ ਰਹੇ ਸਨ। ਮੈਨੂੰ ਲੱਗਾ ਕਿ ਦੁਨੀਆਂ ਖ਼ਤਮ ਹੋਣ ਵਾਲੀ ਸੀ।”—ਜੀ. ਆਰ., ਭੁਚਾਲ ਵਿੱਚੋਂ ਬਚਣ ਵਾਲਾ ਆਦਮੀ।
ਹਰ ਸਾਲ ਸਾਡੀ ਧਰਤੀ ਦੇ ਗਰਭ ਵਿਚ ਹੋ ਰਹੀ ਉਥਲ-ਪੁਥਲ ਕਰਕੇ ਲੱਖਾਂ ਹੀ ਭੁਚਾਲ ਆਉਂਦੇ ਹਨ। ਬੇਸ਼ੱਕ ਇਨ੍ਹਾਂ ਵਿੱਚੋਂ ਜ਼ਿਆਦਾਤਰ ਝਟਕੇ ਸਾਨੂੰ ਮਹਿਸੂਸ ਨਹੀਂ ਹੁੰਦੇ, * ਪਰ ਫਿਰ ਵੀ ਹਰ ਸਾਲ ਲਗਭਗ 140 ਭੁਚਾਲ ਇੰਨੇ ਭਾਰੀ ਹੁੰਦੇ ਹਨ ਕਿ ਉਨ੍ਹਾਂ ਨੂੰ “ਜ਼ਬਰਦਸਤ,” “ਭਿਆਨਕ” ਜਾਂ “ਤਬਾਹਕੁੰਨ” ਕਿਹਾ ਜਾਂਦਾ ਹੈ। ਸਦੀਆਂ ਤੋਂ ਇਨ੍ਹਾਂ ਭੁਚਾਲਾਂ ਵਿਚ ਲੱਖਾਂ ਹੀ ਲੋਕਾਂ ਦੀਆਂ ਜਾਨਾਂ ਗਈਆਂ ਹਨ ਅਤੇ ਬੇਹਿਸਾਬਾ ਮਾਲੀ ਨੁਕਸਾਨ ਹੋਇਆ ਹੈ।
ਭੁਚਾਲ ਦੇ ਸ਼ਿਕਾਰ ਹੋਏ ਲੋਕਾਂ ਨੂੰ ਵੱਡਾ ਭਾਵਾਤਮਕ ਸਦਮਾ ਵੀ ਲੱਗਦਾ ਹੈ। ਮਿਸਾਲ ਲਈ, ਸਾਲ 2001 ਦੇ ਸ਼ੁਰੂ ਵਿਚ ਐਲ ਸੈਲਵੇਡਾਰ ਵਿਚ ਤਬਾਹੀ ਮਚਾਉਣ ਵਾਲੇ ਦੋ ਭੁਚਾਲਾਂ ਮਗਰੋਂ, ਉਸ ਦੇਸ਼ ਦੇ ਸਿਹਤ ਮੰਤਰਾਲੇ ਦੀ ਮਾਨਸਿਕ-ਸਿਹਤ ਸਲਾਹਕਾਰ ਕਮੇਟੀ ਦੇ ਕੋਆਰਡੀਨੇਟਰ ਨੇ ਕਿਹਾ: “ਲੋਕ ਹੁਣ ਮਾਨਸਿਕ ਸਮੱਸਿਆਵਾਂ ਦੇ ਸ਼ਿਕਾਰ ਹੋ ਰਹੇ ਹਨ ਜਿਨ੍ਹਾਂ ਦੇ ਲੱਛਣ ਹਨ ਉਦਾਸੀ, ਨਿਰਾਸ਼ਾ ਅਤੇ ਕ੍ਰੋਧ।” ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਐਲ ਸੈਲਵੇਡਾਰ ਵਿਚ ਸਿਹਤ-ਸੰਭਾਲ ਮੁਲਾਜ਼ਮਾਂ ਨੇ ਦੱਸਿਆ ਕਿ ਡਿਪਰੈਸ਼ਨ ਅਤੇ ਚਿੰਤਾ-ਰੋਗ ਤੋਂ ਪੀੜਿਤ ਮਰੀਜ਼ਾਂ ਵਿਚ 73 ਪ੍ਰਤਿਸ਼ਤ ਵਾਧਾ ਹੋਇਆ ਹੈ। ਦਰਅਸਲ, ਸਰਵੇਖਣਾਂ ਤੋਂ ਪਤਾ ਲੱਗਿਆ ਕਿ ਰਾਹਤ ਕੈਂਪਾਂ ਵਿਚ ਲੋਕਾਂ ਦੀ ਪਾਣੀ ਦੀ ਜ਼ਰੂਰਤ ਪੂਰੀ ਕਰਨ ਮਗਰੋਂ ਉਨ੍ਹਾਂ ਦੀਆਂ ਮਾਨਸਿਕ ਸਮੱਸਿਆਵਾਂ ਵੱਲ ਵੀ ਧਿਆਨ ਦੇਣ ਦੀ ਲੋੜ ਪਈ।
ਪਰ ਭੁਚਾਲ ਸਿਰਫ਼ ਮੌਤ, ਤਬਾਹੀ ਅਤੇ ਨਿਰਾਸ਼ਾ ਦੀ ਕਹਾਣੀ ਹੀ ਨਹੀਂ ਹੁੰਦੇ। ਇਨ੍ਹਾਂ ਆਫ਼ਤਾਂ ਨੇ ਅਕਸਰ ਲੋਕਾਂ ਨੂੰ ਆਤਮ-ਬਲੀਦਾਨ ਦੀ ਭਾਵਨਾ ਨਾਲ ਇਕ ਦੂਸਰੇ ਦੀ ਮਦਦ ਕਰਨ ਲਈ ਉਕਸਾਇਆ ਹੈ। ਕਈਆਂ ਨੇ ਨੁਕਸਾਨੇ ਗਏ ਘਰਾਂ ਅਤੇ ਉਜੜੀਆਂ ਜ਼ਿੰਦਗੀਆਂ ਨੂੰ ਮੁੜ ਆਬਾਦ ਕਰਨ ਲਈ ਅਣਥੱਕ ਮਿਹਨਤ ਕੀਤੀ ਹੈ। ਤਬਾਹੀ ਦੇ ਇਨ੍ਹਾਂ ਭਿਆਨਕ ਨਜ਼ਾਰਿਆਂ ਵਿਚ ਵੀ ਆਸ਼ਾ ਦੀਆਂ ਅਜਿਹੀਆਂ ਕਿਰਨਾਂ ਨਜ਼ਰ ਆਉਂਦੀਆਂ ਹਨ ਜਿਨ੍ਹਾਂ ਬਾਰੇ ਅਸੀਂ ਅੱਗੇ ਦੇਖਾਂਗੇ।
[ਫੁਟਨੋਟ]
^ ਪੈਰਾ 3 ਇਨ੍ਹਾਂ ਵਿਚ ਬਹੁਤ ਹਲਕੇ ਭੁਚਾਲ ਵੀ ਸ਼ਾਮਲ ਹਨ ਅਤੇ ਹਰ ਰੋਜ਼ ਅਜਿਹੇ ਹਜ਼ਾਰਾਂ ਭੁਚਾਲ ਆਉਂਦੇ ਹਨ।
[ਸਫ਼ੇ 2, 3 ਉੱਤੇ ਤਸਵੀਰਾਂ]
ਸਫ਼ੇ 2 ਅਤੇ 3: ਯੂਨਾਨ ਦੇ ਐਥਿਨਜ਼ ਸ਼ਹਿਰ ਵਿਚ ਇਕ ਬਹੁਤ ਹੀ ਦੁਖੀ ਤੀਵੀਂ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਮਾਂ ਢਹਿ-ਢੇਰੀ ਹੋਈ ਇਮਾਰਤ ਦੇ ਮਲਬੇ ਹੇਠਾਂ ਦੱਬੀ ਹੋਈ ਹੈ। ਦੂਜੇ ਪਾਸੇ, ਇਕ ਪਿਤਾ ਬਹੁਤ ਹੀ ਖ਼ੁਸ਼ ਹੈ ਕਿ ਉਸ ਦੀ ਪੰਜ ਸਾਲ ਦੀ ਧੀ ਨੂੰ ਬਚਾ ਲਿਆ ਗਿਆ ਹੈ
[ਕ੍ਰੈਡਿਟ ਲਾਈਨ]
AP Photos/Dimitri Messinis