ਭੁਚਾਲ ਕਿਉਂ ਆਉਂਦੇ ਹਨ
ਭੁਚਾਲ ਕਿਉਂ ਆਉਂਦੇ ਹਨ
“ਅਸੀਂ ਅਡੋਲ ਧਰਤੀ ਉੱਤੇ ਜੀਉਣ ਦੇ ਇੰਨੇ ਆਦੀ ਹੋ ਚੁੱਕੇ ਹਾਂ ਕਿ ਜਦੋਂ ਇਹ ਡੋਲਣ ਲੱਗਦੀ ਹੈ, ਤਾਂ ਸਾਡੇ ਮਨਾਂ ਨੂੰ ਵੱਡਾ ਸਦਮਾ ਪਹੁੰਚਦਾ ਹੈ।”—“ਧਰਤੀ ਵਿਚ ਉਥਲ-ਪੁਥਲ।”
“ਭੁਚਾਲ ਕੁਦਰਤ ਦੀਆਂ ਸਭ ਤੋਂ ਤਬਾਹਕੁੰਨ ਤੇ ਤਾਕਤਵਰ ਸ਼ਕਤੀਆਂ ਵਿੱਚੋਂ ਇਕ ਹਨ,” ਦ ਵਰਲਡ ਬੁੱਕ ਐਨਸਾਈਕਲੋਪੀਡੀਆ ਕਹਿੰਦਾ ਹੈ। ਇਹ ਗੱਲ ਸੋਲਾਂ ਆਨੇ ਸੱਚ ਹੈ ਕਿਉਂਕਿ ਇਕ ਭਿਆਨਕ ਭੁਚਾਲ ਤੋਂ ਪੈਦਾ ਹੋਣ ਵਾਲੀ ਊਰਜਾ ਪਹਿਲੇ ਐਟਮ ਬੰਬ ਤੋਂ ਪੈਦਾ ਹੋਈ ਊਰਜਾ ਨਾਲੋਂ 10,000 ਗੁਣਾ ਜ਼ਿਆਦਾ ਹੋ ਸਕਦੀ ਹੈ! ਇਸ ਤੋਂ ਇਲਾਵਾ, ਇਕ ਹੋਰ ਡਰਾਉਣੀ ਗੱਲ ਇਹ ਹੈ ਕਿ ਭੁਚਾਲ ਕਿਸੇ ਵੀ ਜਗ੍ਹਾ ਤੇ, ਕਿਸੇ ਵੀ ਮੌਸਮ ਵਿਚ ਅਤੇ ਦਿਨ ਦੇ ਕਿਸੇ ਵੀ ਸਮੇਂ ਆ ਸਕਦਾ ਹੈ। ਭਾਵੇਂ ਵਿਗਿਆਨੀ ਕੁਝ ਹੱਦ ਤਕ ਪਤਾ ਲਗਾ ਸਕਦੇ ਹਨ ਕਿ ਕਿੱਥੇ ਜ਼ੋਰਦਾਰ ਭੁਚਾਲ ਆਉਣ ਦੀ ਸੰਭਾਵਨਾ ਹੈ, ਪਰ ਉਹ ਇਹ ਨਹੀਂ ਦੱਸ ਸਕਦੇ ਕਿ ਇਹ ਕਦੋਂ ਆਉਣਗੇ।
ਧਰਤੀ ਦੇ ਗਰਭ ਵਿਚ ਚਟਾਨਾਂ ਦੇ ਖਿਸਕਣ ਨਾਲ ਭੁਚਾਲ ਆਉਂਦੇ ਹਨ। ਇਹ ਚਟਾਨਾਂ ਹਮੇਸ਼ਾ ਖਿਸਕਦੀਆਂ ਰਹਿੰਦੀਆਂ ਹਨ। ਅਕਸਰ ਇਸ ਤੋਂ ਪੈਦਾ ਹੋਣ ਵਾਲੇ ਝਟਕੇ ਇੰਨੇ ਕਮਜ਼ੋਰ ਹੁੰਦੇ ਹਨ ਕਿ ਇਨ੍ਹਾਂ ਨੂੰ ਧਰਤੀ ਦੇ ਉੱਪਰ ਮਹਿਸੂਸ ਨਹੀਂ ਕੀਤਾ ਜਾ ਸਕਦਾ, ਪਰ ਇਹ ਸੀਸਮੋਗ੍ਰਾਫ਼ ਉਪਕਰਣ ਉੱਤੇ ਦਰਜ ਹੋ ਜਾਂਦੇ ਹਨ। * ਕਈ ਵਾਰ ਇਹ ਚਟਾਨਾਂ ਇੰਨੇ ਜ਼ੋਰ ਨਾਲ ਟੁੱਟ ਕੇ ਖਿਸਕ ਜਾਂਦੀਆਂ ਹਨ ਕਿ ਇਹ ਧਰਤੀ ਦੀ ਬਾਹਰੀ ਪਰਤ ਨੂੰ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੰਦੀਆਂ ਹਨ।
ਪਰ ਧਰਤੀ ਦੇ ਗਰਭ ਵਿਚ ਹਰ ਵੇਲੇ ਹਲਚਲ ਕਿਉਂ ਹੁੰਦੀ ਰਹਿੰਦੀ ਹੈ? “ਇਸ ਦੇ ਜਵਾਬ ਲਈ ਸਾਨੂੰ ਪਲੇਟ ਟੈਕਟਾਨਿਕ ਸਿਧਾਂਤ ਨੂੰ ਸਮਝਣਾ ਪਵੇਗਾ। ਇਸ ਸਿਧਾਂਤ ਨੇ ਭੂ-ਵਿਗਿਆਨੀਆਂ ਦੀ ਸਮਝ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ,” ਕੌਮੀ ਭੁਚਾਲ ਸੂਚਨਾ ਕੇਂਦਰ (NEIC) ਕਹਿੰਦਾ ਹੈ। ਉਹ ਅੱਗੇ ਦੱਸਦਾ ਹੈ: “ਹੁਣ ਅਸੀਂ ਜਾਣਦੇ ਹਾਂ ਕਿ ਧਰਤੀ ਹੇਠਾਂ ਸੱਤ ਮੁੱਖ ਪਰਤਾਂ ਹਨ ਜਿਹੜੀਆਂ ਅੱਗੋਂ ਕਈ ਉਪ-ਪਰਤਾਂ ਵਿਚ ਵੰਡੀਆਂ ਹੋਈਆਂ ਹਨ। ਇਹ 10 ਤੋਂ 130 ਮਿਲੀਮੀਟਰ [ਇਕ ਇੰਚ ਦੇ 3/8 ਹਿੱਸੇ ਤੋਂ ਲੈ ਕੇ ਪੰਜ ਇੰਚ ਤਕ] ਪ੍ਰਤੀ ਸਾਲ ਦੀ ਰਫ਼ਤਾਰ ਨਾਲ ਲਗਾਤਾਰ ਇਕ ਦੂਸਰੇ ਦੇ ਨੇੜਿਓਂ ਦੀ ਖਿਸਕਦੀਆਂ ਰਹਿੰਦੀਆਂ ਹਨ।” ਇਸ ਕੇਂਦਰ ਦਾ ਕਹਿਣਾ ਹੈ ਕਿ ਜ਼ਿਆਦਾਤਰ ਭੁਚਾਲ ਉਨ੍ਹਾਂ ਥਾਵਾਂ ਤੇ ਆਉਂਦੇ ਹਨ ਜਿੱਥੇ ਪਰਤਾਂ ਇਕ ਦੂਸਰੇ ਨਾਲ ਮਿਲਦੀਆਂ ਹਨ। ਲਗਭਗ 90 ਪ੍ਰਤਿਸ਼ਤ ਜ਼ੋਰਦਾਰ ਭੁਚਾਲ ਇਨ੍ਹਾਂ ਇਲਾਕਿਆਂ ਵਿਚ ਹੀ ਆਉਣ ਦੀ ਸੰਭਾਵਨਾ ਰਹਿੰਦੀ ਹੈ।
ਰਫ਼ਤਾਰ ਅਤੇ ਤੀਬਰਤਾ
ਭੁਚਾਲ ਦੀ ਪ੍ਰਚੰਡਤਾ ਇਸ ਦੀ ਰਫ਼ਤਾਰ ਜਾਂ ਇਸ ਦੀ ਤੀਬਰਤਾ ਤੋਂ ਮਾਪੀ ਜਾ ਸਕਦੀ ਹੈ। ਚਾਰਲਸ ਰਿਕਟਰ ਨੇ ਭੁਚਾਲਾਂ ਦੀ ਰਫ਼ਤਾਰ ਨੂੰ ਮਾਪਣ ਲਈ 1930 ਦੇ ਦਹਾਕੇ ਵਿਚ ਇਕ ਮਸ਼ੀਨ ਦੀ ਕਾਢ ਕੱਢੀ ਸੀ। ਜਿਉਂ-ਜਿਉਂ ਦੁਨੀਆਂ ਭਰ ਵਿਚ ਸੀਸਮੋਗ੍ਰਾਫ਼ ਸਟੇਸ਼ਨਾਂ ਦੀ ਗਿਣਤੀ ਵਧਦੀ ਗਈ, ਤਿਉਂ-ਤਿਉਂ ਰਿਕਟਰ ਦੇ ਸਿਧਾਂਤ ਉੱਤੇ ਆਧਾਰਿਤ ਹੋਰ ਕਈ ਨਵੀਆਂ ਮਸ਼ੀਨਾਂ
ਬਣਾਈਆਂ ਗਈਆਂ। ਮਿਸਾਲ ਲਈ, ਬਲ ਦੀ ਗਤੀ ਯੋਗਤਾ ਮਾਪਣ ਵਾਲੀ ਮਸ਼ੀਨ (moment magnitude scale) ਇਹ ਦਿਖਾਉਂਦੀ ਹੈ ਕਿ ਭੁਚਾਲ ਦੇ ਸੋਮੇ ਤੋਂ ਕਿੰਨੀ ਊਰਜਾ ਪੈਦਾ ਹੁੰਦੀ ਹੈ।ਪਰ ਇਨ੍ਹਾਂ ਮਸ਼ੀਨਾਂ ਤੋਂ ਹਮੇਸ਼ਾ ਇਹ ਪਤਾ ਨਹੀਂ ਲੱਗਦਾ ਕਿ ਭੁਚਾਲ ਨਾਲ ਕਿੰਨਾ ਕੁ ਨੁਕਸਾਨ ਹੋਇਆ। ਜੂਨ 1994 ਵਿਚ ਬੋਲੀਵੀਆ ਦੇ ਉੱਤਰੀ ਇਲਾਕੇ ਵਿਚ ਆਏ ਭੁਚਾਲ ਦੀ ਹੀ ਮਿਸਾਲ ਲਓ। ਇਸ ਦੀ ਰਫ਼ਤਾਰ 8.2 ਮਾਪੀ ਗਈ ਸੀ ਅਤੇ ਰਿਪੋਰਟ ਅਨੁਸਾਰ ਇਸ ਵਿਚ ਸਿਰਫ਼ ਪੰਜ ਬੰਦੇ ਮਾਰੇ ਗਏ ਸਨ। ਪਰ 1976 ਵਿਚ ਚੀਨ ਦੇ ਤੈਂਗਸ਼ਾਨ ਇਲਾਕੇ ਵਿਚ ਆਏ ਭੁਚਾਲ—ਜਿਸ ਦੀ ਰਫ਼ਤਾਰ 8.0 ਸੀ—ਵਿਚ ਲੱਖਾਂ ਜਾਨਾਂ ਗਈਆਂ!
ਰਫ਼ਤਾਰ ਦੇ ਉਲਟ, ਭੁਚਾਲ ਦੀ ਤੀਬਰਤਾ ਇਹ ਦੱਸਦੀ ਹੈ ਕਿ ਭੁਚਾਲ ਦਾ ਲੋਕਾਂ, ਇਮਾਰਤਾਂ ਅਤੇ ਵਾਤਾਵਰਣ ਉੱਤੇ ਕੀ ਅਸਰ ਪੈਂਦਾ ਹੈ। ਇਹ ਇਨਸਾਨਾਂ ਉੱਤੇ ਭੁਚਾਲ ਦੇ ਅਸਰ ਦਾ ਜ਼ਿਆਦਾ ਸਹੀ ਅਨੁਮਾਨ ਲਗਾਉਂਦੀ ਹੈ। ਅਸਲ ਵਿਚ, ਭੁਚਾਲ ਦੇ ਝਟਕੇ ਲੋਕਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ, ਸਗੋਂ ਇਮਾਰਤਾਂ ਡਿੱਗਣ ਨਾਲ, ਗੈਸ ਪਾਈਪ ਫੱਟਣ ਨਾਲ, ਬਿਜਲੀ ਦੀਆਂ ਤਾਰਾਂ ਟੁੱਟਣ ਨਾਲ, ਡਿੱਗਦੀਆਂ ਚੀਜ਼ਾਂ ਨਾਲ ਅਤੇ ਇਸ ਤਰ੍ਹਾਂ ਦੀਆਂ ਹੋਰ ਕਈ ਦੁਰਘਟਨਾਵਾਂ ਕਾਰਨ ਜ਼ਿਆਦਾ ਲੋਕ ਫੱਟੜ ਹੁੰਦੇ ਹਨ ਜਾਂ ਮਾਰੇ ਜਾਂਦੇ ਹਨ।
ਭੁਚਾਲ-ਵਿਗਿਆਨੀਆਂ ਦਾ ਇਕ ਟੀਚਾ ਲੋਕਾਂ ਨੂੰ ਭੁਚਾਲ ਦੇ ਆਉਣ ਤੋਂ ਪਹਿਲਾਂ ਹੀ ਚੇਤਾਵਨੀ ਦੇ ਦੇਣਾ ਹੁੰਦਾ ਹੈ। ਇਸ ਵੇਲੇ ਇਕ ਡਿਜੀਟਲ ਪ੍ਰੋਗ੍ਰਾਮ ਤਿਆਰ ਕੀਤਾ ਜਾ ਰਿਹਾ ਹੈ ਜਿਸ ਨੂੰ “ਅਗਾਊਂ ਭੁਚਾਲ ਰੀਸਰਚ ਅਤੇ ਨਿਰੀਖਣ ਪ੍ਰਣਾਲੀ” ਕਿਹਾ ਜਾਂਦਾ ਹੈ। ਸੀ. ਐੱਨ. ਐੱਨ. ਦੀ ਇਕ ਰਿਪੋਰਟ ਮੁਤਾਬਕ, ਇਸ ਪ੍ਰਣਾਲੀ—ਜਿਸ ਵਿਚ ਕੰਪਿਊਟਰ ਤੋਂ ਤੁਰੰਤ ਜਾਣਕਾਰੀ ਹਾਸਲ ਕਰਨ ਦੀ ਸੁਵਿਧਾ ਅਤੇ ਜ਼ਿਆਦਾ ਅਸਰਦਾਰ ਸਾਫ਼ਟਵੇਅਰ ਪ੍ਰੋਗ੍ਰਾਮ ਵੀ ਸ਼ਾਮਲ ਹੈ—ਦੀ ਮਦਦ ਨਾਲ ਸਰਕਾਰੀ ਅਧਿਕਾਰੀ “ਫਟਾਫਟ ਦੱਸ ਸਕਣਗੇ ਕਿ ਕਿਹੜੇ ਇਲਾਕਿਆਂ ਵਿਚ ਭੁਚਾਲ ਦੇ ਤਬਾਹਕੁੰਨ ਝਟਕੇ ਲੱਗੇ ਹਨ।” ਇਸ ਤਰ੍ਹਾਂ, ਉਨ੍ਹਾਂ ਲਈ ਪ੍ਰਭਾਵਿਤ ਇਲਾਕਿਆਂ ਵਿਚ ਮਦਦ ਘੱਲਣੀ ਜ਼ਿਆਦਾ ਸੌਖੀ ਹੋ ਜਾਵੇਗੀ।
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਭੁਚਾਲ ਲਈ ਤਿਆਰੀ ਕਰਨ ਨਾਲ ਘੱਟ ਲੋਕ ਫੱਟੜ ਹੁੰਦੇ ਹਨ ਅਤੇ ਜਾਨ-ਮਾਲ ਦਾ ਵੀ ਘੱਟ ਨੁਕਸਾਨ ਹੁੰਦਾ ਹੈ। ਪਰ ਭੁਚਾਲ ਤਾਂ ਆਉਂਦੇ ਹੀ ਰਹਿੰਦੇ ਹਨ। ਇਸ ਲਈ ਸਵਾਲ ਇਹ ਉੱਠਦਾ ਹੈ: ਭੁਚਾਲ ਨਾਲ ਉਜੜੀਆਂ ਜ਼ਿੰਦਗੀਆਂ ਨੂੰ ਮੁੜ ਆਬਾਦ ਕਰਨ ਲਈ ਲੋਕਾਂ ਦੀ ਕਿੱਦਾਂ ਮਦਦ ਕੀਤੀ ਗਈ ਹੈ?
[ਫੁਟਨੋਟ]
^ ਪੈਰਾ 4 ਸੀਸਮੋਗ੍ਰਾਫ਼ ਅਜਿਹਾ ਉਪਕਰਣ ਹੈ ਜੋ ਭੁਚਾਲ ਦੌਰਾਨ ਜ਼ਮੀਨ ਦੀ ਹਲਚਲ ਨੂੰ ਰਿਕਾਰਡ ਕਰਦਾ ਹੈ। ਇਸ ਉਪਕਰਣ ਦੀ ਕਾਢ ਸਭ ਤੋਂ ਪਹਿਲਾਂ 1890 ਵਿਚ ਕੱਢੀ ਗਈ ਸੀ। ਅੱਜ ਪੂਰੀ ਦੁਨੀਆਂ ਵਿਚ 4,000 ਤੋਂ ਜ਼ਿਆਦਾ ਸੀਸਮੋਗ੍ਰਾਫ਼ ਸਟੇਸ਼ਨ ਹਨ।
[ਸਫ਼ਾ 5 ਉੱਤੇ ਚਾਰਟ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਕਿੰਨੇ ਭੁਚਾਲ?
ਦਰਜਾ ਰਫ਼ਤਾਰ ਸਾਲ ਵਿਚ ਔਸਤਨ ਗਿਣਤੀ
ਤਬਾਹਕੁੰਨ 8 ਅਤੇ ਉਸ ਤੋਂ ਵੱਧ 1
ਭਿਆਨਕ 7-7.9 18
ਜ਼ਬਰਦਸਤ 6-6.9 120
ਦਰਮਿਆਨਾ 5-5.9 800
ਸਾਧਾਰਣ 4-4.9 6,200*
ਹਲਕਾ 3-3.9 49,000*
ਬਹੁਤ ਹਲਕਾ <3.0 ਰਫ਼ਤਾਰ 2-3:
ਲਗਭਗ 1,000 ਪ੍ਰਤੀ ਦਿਨ
ਰਫ਼ਤਾਰ 1-2:
ਲਗਭਗ 8,000 ਪ੍ਰਤੀ ਦਿਨ
*ਅੰਦਾਜ਼ਨ।
[ਕ੍ਰੈਡਿਟ ਲਾਈਨ]
ਸੋਮਾ: National Earthquake Information Center USGS/National Earthquake Information Center, USA, ਦੀ ਇਜਾਜ਼ਤ ਨਾਲ
[ਸਫ਼ਾ 5 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Seismogram on pages 4 and 5: Figure courtesy of the Berkeley Seismological Laboratory